‘ਭੱਪੋ ਭੂਆ’ ਦੀ ਕਹਾਣੀ ਅਸਲ ਵਿਚ ਘਰ-ਘਰ ਦੀ ਕਹਾਣੀ ਹੈ। ਇਸ ਕਹਾਣੀ ਵਿਚ ਸਮਾਜਕ ਵਿਹਾਰ ਦੀਆਂ ਉਹ ਰਮਜ਼ਾਂ ਗੁੰਦੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਅੱਖਾਂ ਅਕਸਰ ਨਮ ਹੋ ਜਾਂਦੀਆਂ ਹਨ। ਵਿਹਾਰ ਦੇ ਮਾਮਲੇ ਵਿਚ ਅਸੀਂ 21ਵੀਂ ਸਦੀ ਵਿਚ ਪਹੁੰਚ ਕੇ ਵੀ ਸਦੀਆਂ ਪੁਰਾਣੀਆਂ ਰੀਤਾਂ ਨਾਲ ਜੁੜੇ ਹੋਏ ਹਾਂ ਅਤੇ ਦੁਖਿਆਰਿਆਂ ਦੇ ਪੱਲੇ ਹੋਰ ਦੁੱਖ ਪਾਉਂਦੇ ਰਹਿੰਦੇ ਹਾਂ।
-ਸੰਪਾਦਕ
ਰਵੀ ਗਰੋਵਰ, ਨਵੀਂ ਦਿੱਲੀ
ਫੋਨ: 91-93126-35219
—
ਅਨੁਵਾਦ: ਤਰਲੋਚਨ ਸਿੰਘ ਗੁਲਾਟੀ
ਫੋਨ: 91-99103-73277
ਉਹ ਮੇਰੀ ਛੋਟੀ ਭੂਆ ਦੀ ਸਭ ਤੋਂ ਪੱਕੀ ਸਹੇਲੀ ਸੀ। ਬਿਲਕੁਲ ਇਕ ਜਾਨ। ਹਰ ਵੇਲੇ ਸਿਰ ਜੋੜੀਂ ਦੋਨੋਂ ਖੁਸਰ-ਫੁਸਰ ਵਿਚ ਮਸ਼ਗੂਲ। ਹਮੇਸ਼ਾ ਹਸਦੀਆਂ-ਸ਼ਰਾਰਤਾਂ ਕਰਦੀਆਂ ਰਹਿੰਦੀਆਂ। ਮੈਨੂੰ ਵੀ ਦੋਹਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਏ। ਖਾਸ ਤੌਰ ‘ਤੇ ਉਨ੍ਹਾਂ ਦਾ ਵਾਰ-ਵਾਰ ਮੇਰੀਆਂ ਗੱਲ੍ਹਾਂ ਪੁੱਟਣਾ, ਮੈਨੂੰ ਅੱਜ ਤਕ ਯਾਦ ਏ।
ਪਿਆਰ ਨਾਲ ਮੈਂ ਉਨ੍ਹਾਂ ਨੂੰ ਵੀ ਭੂਆ ਬੁਲਾਉਂਦਾ ਸਾਂ। ਮੇਰੀ ਕਮਲੇਸ਼ ਭੂਆ ਸੁਭਾਅ ਦੀ ਥੋੜ੍ਹੀ ਗੁੱਸੇ ਵਾਲੀ ਸੀ। ਕਈ ਵਾਰ ਮੈਂ ਉਸ ਨੂੰ ਭੱਪੋ ਭੂਆ ਨਾਲ ਲੜਦਿਆਂ, ਡਾਂਟ-ਫਟਕਾਰਦਿਆਂ ਵੀ ਵੇਖਿਆ; ਪਰ ਧਰਤੀ ਮਾਤਾ ਵਾਂਗ ਸ਼ਾਂਤ ਅਤੇ ਸਹਿਣਸ਼ੀਲ ਭੱਪੋ ਭੂਆ ਹਮੇਸ਼ਾ ਅੱਗੋਂ ਚੁਪ ਕਰ ਜਾਂਦੀ ਅਤੇ ਥੋੜ੍ਹੀ ਦੇਰ ਮਗਰੋਂ ਦੰਦੀਆਂ ਕੱਢਣ ਲਗਦੀ। ਫਿਰ ਗੱਲ ਖਤਮ!
ਸ਼ਾਇਦ ਉਨ੍ਹਾਂ ਦੀ ਕਿਸਮਤ ਵਿਚ ਇਹੀ ਬਚਿਆ ਸੀ। ਬਚਪਨ ‘ਚ ਹੀ ਮਾਂ ਮਰ ਗਈ। ਪਰਿਵਾਰ ਦੇ ਨਾਂ ‘ਤੇ ਕਾਫੀ ਬੁੱਢੇ ਹੋ ਚੁਕੇ ਪਿਤਾ ਅਤੇ ਉਮਰ ਤੋਂ ਕਾਫੀ ਵੱਡਾ, ਮੋਟਾ ਜਿਹਾ ਭਰਾ ਕੇਵਲ। ਉਸ ਦੀ ਹਮੇਸ਼ਾ ਬਿਮਾਰ ਰਹਿਣ ਵਾਲੀ ਮਰੀਅਲ ਜਿਹੀ ਚਿੜਚਿੜੀ ਵਹੁਟੀ ਆਪਣੇ ਪੰਜ-ਪੰਜ ਬੱਚਿਆਂ ਦੇ ਨਾਲ। ਸਾਰੇ ਹਮੇਸ਼ਾ ਕਿਸੇ ਨਾ ਕਿਸੇ ਕੰਮ ਲਈ ਉਸ ਨੂੰ ਆਵਾਜ਼ਾਂ ਮਾਰਦੇ ਰਹਿੰਦੇ। ਕੰਮ ਵੀ ਲੈਂਦੇ ਅਤੇ ਡਾਂਟਦੇ ਵੀ, ਉਹ ਅਲੱਗ। ਸਾਰਾ ਦਿਨ ਘਰ ਦੇ ਕੰਮਾਂ ਵਿਚ ਲੱਗੀ ਰਹਿੰਦੀ ਭੱਪੋ ਆਪਣੇ ਹੀ ਪਰਿਵਾਰ ਦੀ ਇਕ ਕੰਮ ਵਾਲੀ ਮਾਈ ਤੋਂ ਵੱਧ ਕੁਝ ਵੀ ਨਹੀਂ ਸੀ। ਆਪਣੀ ਨਾਸ਼ੁਕਰੀ ਭਰਜਾਈ ਲਈ ਤਾਂ ਉਹ ਇਕ ਬੋਝ, ਇਕ ਮੁਸੀਬਤ ਅਤੇ ਦਿਲ ਦੀ ਭੜਾਸ ਕੱਢਣ ਦਾ ਕੋਈ ਬਰਤਨ ਹੀ ਤਾਂ ਸੀ! ਇਸ ਲਈ ਸ਼ਾਇਦ ਭੱਪੋ ਭੂਆ ਨੇ ਸਭ ਕੁਝ ਚੁਪ-ਚਾਪ ਸੁਣਨਾ ਅਤੇ ਸਹਿਣਾ ਸਿੱਖ ਲਿਆ। ਸਭ ਤੋਂ ਕਮਾਲ ਦੀ ਗੱਲ ਤਾਂ ਇਹ ਕਿ ਸਭ ਦਾ ਜੂਠਾ ਖਾ ਕੇ, ਉਤਰਿਆ ਪਾ ਕੇ ਬਿਨਾ ਕਿਸੇ ਪ੍ਰਸ਼ੰਸਾ ਜਾਂ ਪਿਆਰ ਦੇ ਬਾਵਜੂਦ ਉਹ ਹਮੇਸ਼ਾ ਹੱਸਦੀ ਰਹਿਣ ਵਾਲੀ ਉਚੀ ਤਗੜੀ ਅਸਲ ਪੰਜਾਬਣ ਵੀਰਾਂਗਣਾ ਜਿਹੀ ਹੀ ਸੀ।
ਮੈਂ ਦਿਲ ਤੋਂ ਉਨ੍ਹਾਂ ਨੂੰ ਬਹੁਤ ਮਾਣ ਦਿੰਦਾ ਸਾਂ। ਕੋਈ ਉਨ੍ਹਾਂ ਨੂੰ ਡਾਂਟੇ ਤਾਂ ਮੈਨੂੰ ਚੰਗਾ ਨਹੀਂ ਸੀ ਲੱਗਦਾ। ਬਟਵਾਰੇ ਤੋਂ ਲੁਟ ਕੇ ਆਇਆ ਇਹ ਪਰਿਵਾਰ ਦੋ ਬਹੁਤ ਹੀ ਛੋਟੇ ਕੋਠੜੀ ਜਿਹੇ ਕਮਰਿਆਂ ਵਿਚ ਇਕ ਤਰ੍ਹਾਂ ਗੁਜ਼ਰ-ਬਸਰ ਹੀ ਕਰ ਰਿਹਾ ਸੀ। ਇੱਕੋ ਭਰਾ ਕਮਾਉਣ ਵਾਲਾ ਅਤੇ ਅੱਠ ਜੀਅ ਖਾਣ ਵਾਲੇ। ਬੜੀ ਹੀ ਮੁਸ਼ਕਿਲ ਸੀ। ਇਸ ਕਰ ਕੇ ਭੱਪੋ ਅਕਸਰ ਰਾਤ-ਰਾਤ ਜਾਗ ਕੇ ਗੁਆਂਢੀ ਦੁਕਾਨਦਾਰ ਵਲੋਂ ਲਿਆ ਕੇ ਦਿੱਤੀਆਂ ਗਈਆਂ ਖਾਲੀ ਲੂਣ ਦੀਆਂ ਥੈਲੀਆਂ ਦੀ ਹੱਥ ਨਾਲ ਸਿਲਾਈ ਦਾ ਕੰਮ ਵੀ ਕਰਦੀ ਰਹਿੰਦੀ ਸੀ। ਇਕ ਗੁਰਸ ਯਾਨਿ 144 ਥੈਲੀਆਂ ਹੱਥ ਨਾਲ ਸਿਲਦੀ ਸੀ। 6-8 ਘੰਟਿਆਂ ਦੀ ਕਮਰਤੋੜ ਮਿਹਨਤ ਤੋਂ ਬਾਅਦ ਮਿਲਦਾ ਇੱਕ ਰੁਪਿਆ, ਜੋ ਉਹ ਚੁਪ-ਚਾਪ ਕਦੀ ਨਾ ਖੁਸ਼ ਰਹਿਣ ਵਾਲੀ ਕੁਕਰਸ਼ਾ ਭਾਬੀ ਦੀ ਹਥੇਲੀ ਉਤੇ ਰੱਖ ਦਿੰਦੀ ਸੀ। ਕਦੇ-ਕਦੇ ਅੱਖ ਬਚਾ ਕੇ ਕਮਲੇਸ਼ ਭੂਆ ਚੋਰੀ-ਚੋਰੀ ਉਸ ਨੂੰ ਕੁਝ ਮਿੱਠਾ, ਕੁਝ ਨਮਕੀਨ ਖੁਆਉਂਦੀ ਰਹਿੰਦੀ ਸੀ। ਚਾਲੀ ਵਾਟ ਦੇ ਬੱਲਬ ਦੀ ਪੀਲੀ ਜਿਹੀ ਬਿਮਾਰ ਰੋਸ਼ਨੀ ਵਿਚ ਦੋਨੋਂ ਸਿਰ ਝੁਕਾਈ ਸਕੂਲ ਦਾ ਕੰਮ ਕਰਦੀਆਂ ਰਹਿੰਦੀਆਂ ਅਤੇ ਫਿਰ ਕਦੀ ਥੱਕ ਕੇ ਉਥੇ ਹੀ ਫਰਸ਼ ‘ਤੇ ਸੌਂ ਜਾਂਦੀਆਂ। ਇੰਨੇ ਵਿਚ ਗਾਲ੍ਹਾਂ ਭਰੀ ਆਵਾਜ਼ ਅਤੇ ਫਿਰ ਪਹਾੜ ਜਿੰਨੇ ਕੱਪੜਿਆਂ ਦਾ ਢੇਰ ਤੇ ਇੰਨੇ ਸਾਰੇ ਹੀ ਜੂਠੇ ਭਾਂਡੇ।
ਚੰਗੇ ਡੀਲ-ਡੌਲ ਵਾਲੀ ਭੱਪੋ ਭੂਆ 16 ਸਾਲ ਦੀ ਹੁੰਦਿਆਂ ਹੀ ਵਿਆਹ ਦੇ ਲਾਇਕ ਨਜ਼ਰ ਆਉਣ ਲੱਗੀ। ਇਕ ਦਿਨ ਮੈਂ ਵੇਖਿਆ ਕਿ ਪੰਜਾਬ ਤੋਂ ਚੰਦ ਲੋਕ ਉਹਨੂੰ ਦੇਖਣ ਆਏ। ਕਾਫੀ ਉਮਰ ਦਾ, ਦੇਖਣ ਵਿਚ ਬਿਲਕੁਲ ਨਾ ਅੱਛਾ ਉਹ ਆਦਮੀ, ਮੇਰੀ ਭੱਪੋ ਭੂਆ ਨੂੰ ਵਿਆਹ ਕੇ ਲੈ ਗਿਆ। ਨਾ ਕੋਈ ਟੈਂਟ ਲੱਗੇ ਤੇ ਨਾ ਕੋਈ ਦਾਅਵਤ ਹੋਈ, ਬੱਸ ਸਫੈਦਪੋਸ਼ ਗਰੀਬੀ ਦੀ ਚਾਦਰ ਵਿਚ ਲਿਪਟਾ ਕੇ ਚੁਪ-ਚਾਪ ਉਸ ਨੂੰ ਵਿਦਾ ਕਰ ਦਿੱਤਾ ਗਿਆ।
ਕੁਝ ਮਹੀਨਿਆਂ ਬਾਅਦ ਉਹ ਵਾਪਸ ਆਈ। ਕਮਲੇਸ਼ ਭੂਆ ਨਾਲ ਲਿਪਟ ਕੇ ਉਹ ਕਿਉਂ ਬਹੁਤ ਦੇਰ ਤੱਕ ਰੋਂਦੀ ਰਹੀ, ਮੈਨੂੰ ਵੇਖ ਕੇ ਵੀ ਕੁਝ ਸਮਝ ਨਾ ਆਇਆ। ਫਿਰ ਮੈਂ ਸੁਣਿਆ ਕਿ ਸਹੁਰਿਆਂ ਦੀ ਹਾਲਤ ਚੰਗੀ ਨਹੀਂ। ਨਿਕੰਮਾ ਪਤੀ ਅਤੇ ਡਰਾਉਣੀ ਜਿਹੀ ਸੱਸ। ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲਾ ਉਹ ਪੰਜਾਬੀ ਪਿੰਡ ਵਾਲਾ ਮਾਹੌਲ। ਭੱਪੋ ਦੀ ਕਿਸਮਤ ਵਿਚ ਸ਼ਾਇਦ ਸੁਖ ਹੈ ਹੀ ਨਹੀਂ ਸੀ! ਦੋ ਸਾਲ ਬੀਤੇ, ਖਬਰ ਮਿਲੀ ਕਿ ਕੱਚੀ ਸ਼ਰਾਬ ਪੀ ਕੇ ਭੱਪੋ ਭੂਆ ਦਾ ਘਰ ਵਾਲਾ ਚੱਲ ਵਸਿਆ। ਚੰਦ ਦਿਨਾਂ ਮਗਰੋਂ ਸਹੁਰਿਆਂ ਨੇ ਭੱਪੋ ਭੂਆ ਨੂੰ ਬਾਹਰ ਕੱਢ ਦਿੱਤਾ। ਲੁੱਟੀ-ਪੁੱਟੀ ਅਭਾਗਣ ਅਬਲਾ ਜਿਹੀ ਨਜ਼ਰ ਆਉਂਦੀ ਉਹ ਮੇਰੀ ਪਿਆਰੀ ਭੂਆ ਵਿਧਵਾ ਹੋ ਕੇ ਵਾਪਸ ਉਸੇ ਘਰ ਵਿਚ ਮੁੜ ਆਉਣ ‘ਤੇ ਮਜਬੂਰ ਹੋ ਗਈ, ਜਿੱਥੇ ਪਹਿਲਾਂ ਹੀ ਉਸ ਲਈ ਕੋਈ ਥਾਂ ਨਹੀਂ ਸੀ।
“ਮਨਹੂਸ ਜਿੱਥੇ ਜਾਂਦੀ ਹੈ, ਉਥੇ ਸਾਰੀ ਤਬਾਹੀ ਹੋ ਜਾਂਦੀ ਹੈ। ਡਾਇਣ! ਬਚਪਨ ਵਿਚ ਮਾਂ ਨੂੰ ਖਾ ਗਈ, ਹੁਣ ਪਤੀ ਨੂੰ। ਪਤਾ ਨ੍ਹੀਂ ਹੁਣ ਇੱਥੇ ਕੀ ਕਰੇਗੀ?” ਉਸ ਦੀ ਭਾਬੀ ਨੂੰ ਇਹੋ ਜਿਹੀਆਂ ਬੋਲੀਆਂ ਮਾਰਦਿਆਂ ਮੈਂ ਆਪ ਕੰਨੀਂ ਸੁਣਿਆ।
ਪਹਿਲੀ ਵਾਰ ਮੈਂ ਉਨ੍ਹਾਂ ਨੂੰ ਰੋਂਦਿਆ ਵੇਖਿਆ, ਪਰ ਬੁੱਲ ਸਿਲੇ ਹੀ ਰਹੇ। ਕਮਲੇਸ਼ ਭੂਆ ਅਤੇ ਮੈਂ ਵੀ ਉਨ੍ਹਾਂ ਦੇ ਨਾਲ ਰੁਆਂਸੂ ਹੋ ਗਏ। ਪਤਾ ਨਹੀਂ ਕਿਉਂ?
ਪੇਕੇ ਘਰ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। ਭਾਬੀ ਦੇ ਜ਼ੁਲਮ, ਗਾਲ੍ਹਾਂ, ਦੁਨੀਆਂ ਭਰ ਦੀਆਂ ਤੋਹਮਤਾਂ ਪਰ ਉਹ ਹਮੇਸ਼ਾ ਵਾਂਗ ਚੁੱਪ, ਸਿਰ ਝੁਕਾਈ ਕਦੇ ਨਾ ਖਤਮ ਹੋਣ ਵਾਲੇ ਘਰ ਦੇ ਕੰਮਾਂ ਵਿਚ ਲੱਗੀ ਰਹਿੰਦੀ।
ਹਰ ਐਤਵਾਰ ਦੋਵੇਂ ਭੂਆ ਮੈਨੂੰ ਲੈ ਕੇ ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਣ ਲੱਗੀਆਂ। ਉਥੋਂ ਦਾ ਸੁਆਦਲਾ ਖਾਲਸ ਘੀ ਦਾ ਕੜਾਹ ਪ੍ਰਸ਼ਾਦਿ ਅਤੇ ਲੰਗਰ ਮੈਨੂੰ ਬਹੁਤ ਹੀ ਭਾਉਂਦਾ ਸੀ ਅਤੇ ਨਾਲ ਹੀ ਵਾਹਿਗੁਰੂ ਜੀ ਨੂੰ ਮੱਥਾ ਟੇਕਣ ਵੇਲੇ ਮੈਂ ਚੁਪ-ਚਾਪ ਅਰਦਾਸ ਵੀ ਕਰਦਾ ਕਿ ਮੇਰੀ ਭੱਪੋ ਭੂਆ ਨੂੰ ਸੁਖ ਦੇ ਦਿਉ, ਹੇ ਸੱਚੇ ਪਾਤਸ਼ਾਹ ਜੀ!
ਉਸ ਰਾਤ ਬਹੁਤ ਠੰਢ ਸੀ। ਅਸੀਂ ਸਾਰੇ ਰਜ਼ਾਈਆਂ ਵਿਚ ਵੜੇ ਹੋਏ ਸਾਂ ਪਰ ਉਹ ਬਦਨਸੀਬ ਪੂਰੀ ਰਾਤ ਲੂਣ ਦੀਆਂ ਥੈਲੀਆਂ ਸੀਂਦੀ ਰਹੀ। ਜ਼ਰੂਰੀ ਆਰਡਰ ਸੀ। ਰਾਤ ਭਰ ਪਲਕ ਤਕ ਨਾ ਝਪਕਾ ਸਕੀ। ਤੜਕੇ ਸਵੇਰੇ ਉਹ ਦੁਕਾਨਦਾਰ ਆਇਆ, ਹਥੇਲੀ ‘ਤੇ ਇਕ ਰੁਪਿਆ ਰਖਿਆ ਅਤੇ ਤਿਆਰ ਮਾਲ ਲੈ ਕੇ ਚਲਾ ਗਿਆ। ਘਰ ਵਿਚ ਅਜੇ ਕੋਈ ਜਾਗਿਆ ਵੀ ਨਹੀਂ ਸੀ। ਬਾਹਰ ਦਰਵਾਜ਼ੇ ‘ਤੇ ਹੀ ਉਹ ਅਜੇ ਖੜ੍ਹੀ ਸੀ।
ਰੱਬ ਦੀ ਕਰਨੀ, ਬੜੇ ਭੈੜੇ ਹਾਲ ਕੋਈ ਮੰਗਤਾ ਉਸ ਦੇ ਸਾਹਮਣੇ ਆਣ ਖਲੋਤਾ। “ਪੁੱਤਰ ਤਿੰਨ ਦਿਨਾਂ ਤੋਂ ਭੁੱਖਾ ਹਾਂ, ਕੁਝ ਰਹਿਮ ਕਰ।” ਆਖਦਿਆਂ ਉਸ ਨੇ ਭੱਪੋ ਅੱਗੇ ਹਥੇਲੀ ਫੈਲਾ ਦਿੱਤੀ।
ਉਸ ਖੁਦ ਫਕੀਰਨੀ ਨੇ ਉਸ ਬੇਹਾਲ ਨੂੰ ਇਕ ਪਲ ਦੇਖਿਆ; ਫਿਰ ਪਤਾ ਨਹੀਂ ਦਿਲ ਵਿਚ ਕੀ ਆਇਆ, ਆਪਣੇ ਹੱਥ ਵਾਲਾ ਰੁਪਿਆ ਉਸ ਨੇ ਮੰਗਤੇ ਦੀ ਫੈਲੀ ਹੋਈ ਹਥੇਲੀ ‘ਤੇ ਰੱਖ ਦਿੱਤਾ। ਫਿਰ ਸਿਰ ਝੁਕਾ ਕੇ ਚੁਪ-ਚਾਪ ਅੰਦਰ ਚਲੀ ਗਈ।
ਹਮੇਸ਼ਾ ਖੂਨ ਦੀ ਪਿਆਸੀ ਭਾਬੀ ਨੇ ਸਿਰ ਪਿਟ ਲਿਆ। ਇੰਨੀਆਂ ਗਾਲ੍ਹਾਂ ਪਈਆਂ ਕਿ ਪੂਰਾ ਮੁਹੱਲਾ ਇਕੱਠਾ ਹੋ ਗਿਆ। ਸਾਰੇ ਭੱਪੋ ਨੂੰ ਘੂਰ ਰਹੇ ਸਨ। ਮਾਨੋ ਪੁੱਛ ਰਹੇ ਹੋਣ, ਤੇਰੇ ਤੋਂ ਵੱਡੀ ਪਾਗਲ ਕੌਣ? ਸਾਰੀ ਰਾਤ ਕਾਲੀ ਕਰ ਕੇ, ਕਮਰ ਤੁੜਵਾ ਕੇ ਤੂੰ ਇੱਕ ਰੁਪਿਆ ਕਮਾਇਆ, ਉਹ ਵੀ ਮੁਫਤ ਵਿਚ ਗੁਆ ਦਿੱਤਾ।
“ਹਾਏ ਵਿਚਾਰੇ ਦਾ ਬੁਰਾ ਹਾਲ ਸੀ, ਤਿੰਨ ਦਿਨਾਂ ਦਾ ਭੁੱਖਾ ਸੀ। ਸੋ ਮੇਰੇ ਦਿਲ ਵਿਚ ਆਈ, ਮੈਂ ਦੇ ਦਿੱਤਾ।” ਸਭ ਨੂੰ ਇਹੀ ਜਵਾਬ ਸੁਣਨ ਨੂੰ ਮਿਲਿਆ। ਸਾਹਮਣੇ ਕੱਲ੍ਹ ਰਾਤ ਦੇ ਜੂਠੇ ਭਾਂਡਿਆਂ ਦਾ ਢੇਰ ਪਿਆ ਸੀ। ਉਹ ਸਿਰ ਝੁਕਾ ਕੇ ਆਪਣੇ ਕੰਮ ਵਿਚ ਲੱਗ ਗਈ।
ਬਹੁਤ ਦਿਨਾਂ ਤਕ ਸਾਰੇ ਭੱਪੋ ਦੀ ਇਸ ਮਹਾ ਬੇਵਕੂਫੀ ਦਾ ਕਿੱਸਾ ਇਕ ਦੂਜੇ ਨੂੰ ਸੁਣਾਉਂਦੇ ਰਹੇ। ਉਨ੍ਹਾਂ ਦਿਨਾਂ ਵਿਚ ਇਕ ਰੁਪਿਆ ਬਹੁਤ ਵੱਡੀ ਚੀਜ਼ ਹੁੰਦੀ ਸੀ।
ਰੱਬ ਦੀ ਖੇਡ! ਅਜੇ ਕੁਝ ਹੀ ਦਿਨ ਬੀਤੇ, ਸਿਲੀਗੁੜੀ ਦੇ ਇਕ ਵਿਧੁਰ ਸਰਦਾਰ ਜੀ ਭੱਪੋ ਭੂਆ ਨੂੰ ਵਿਆਹ ਕੇ ਲੈ ਗਏ। ਪਰਿਵਾਰ ਨੇ ਉਨ੍ਹਾਂ ਨੂੰ ਗਲੋਂ ਜੋ ਲਾਹੁਣਾ ਸੀ, ਸੋ ਨਾ ਜ਼ਿਆਦਾ ਸੋਚ, ਨਾ ਖਿਆਲ- ਬਸ ਅੱਖਾਂ ਬੰਦ ਕਰ ਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ। “ਮੁਸੀਬਤ ਟਲੀ!” ਭਰਜਾਈ ਸਭ ਤੋਂ ਵੱਧ ਖੁਸ਼।
ਡੇਢ ਸਾਲ ਪਿਛੋਂ ਬੇਹਦ ਕੀਮਤੀ ਸੂਟ ਪਾਈ, ਜ਼ੇਵਰਾਂ ਨਾਲ ਲੱਦੀ, ਖੂਬ ਗਾੜ੍ਹਾ ਮੇਕਅਪ ਕੀਤਾ ਹੋਇਆ, ਬੜੀ ਹੀ ਖੁਸ਼ ਨਜ਼ਰ ਆਉਂਦੀ ਮੋਟੀ-ਤਗੜੀ, ਮੇਰੀ ਪਿਆਰੀ ਭੱਪੋ ਭੂਆ ਆਪਣੇ ਲਸ਼ਕਰ ਨਾਲ ਪੇਕੇ ਪਧਾਰੀ। ਬਾਊ ਜੀ, ਭਰਾ ਜੀ, ਭਰਜਾਈ ਅਤੇ ਉਨ੍ਹਾਂ ਦੇ ਅੱਧੀ ਦਰਜਨ ਬੱਚਿਆਂ ਲਈ ਢੇਰ ਸਾਰੀ ਮਠਿਆਈ, ਕੱਪੜੇ ਅਤੇ ਰੁਪਈਏ ਤੋਹਫੇ ਵਿਚ ਲੈ ਕੇ। ਮੇਰੇ ਲਈ ਵੀ ਵੱਡੀ ਟਾਮੀਗਨ ਲੈ ਕੇ ਆਈ। ਪੂਰੇ ਮੁਹੱਲੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਸਿਲੀਗੁੜੀ ਵਾਲੇ ਸਰਦਾਰ ਜੀ ਬੜੇ ਭਲੇਮਾਣਸ ਨਿਕਲੇ ਅਤੇ ਉਹ ਬਹੁਤ ਪੈਸੇ ਵਾਲੇ ਵੀ ਸਨ। ਪੂਰੇ ਆਸਾਮ ਤੇ ਨਾਰਥ-ਈਸਟ ਵਿਚ ਉਨ੍ਹਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਫੈਲਿਆ ਹੋਇਆ ਹੈ। ਮੇਰੀ ਭੱਪੋ ਭੂਆ ਉਥੇ ਸਾਰਿਆਂ ਦੀ ਚਹੇਤੀ ਹੋ ਗਈ। ਅੱਜ ਉਥੇ ਉਹ ਰਾਜ ਕਰ ਰਹੀ ਹੈ। ਰੱਬ ਦੀ ਮਿਹਰ, ਚਾਰੋ ਤਰਫ ਅਰਖਾ-ਬਰਖਾ ਹੈ। ਅਗਲੇ ਕੁਝ ਸਾਲਾਂ ਬਾਅਦ ਉਸ ਨੇ ਹਮੇਸ਼ਾ ਤੰਗਹਾਲੀ ਵਿਚ ਰਹਿੰਦੇ, ਇਕ ਛੋਟੀ ਜਿਹੀ ਪ੍ਰਾਈਵੇਟ ਨੌਕਰੀ ਵਿਚ ਫਸੇ ਭਰਾ ਜੀ ਅਤੇ ਉਨ੍ਹਾਂ ਦੇ ਦੋਨੋਂ ਵੱਡੇ ਪੁੱਤਰਾਂ ਨੂੰ ਆਪਣੇ ਕੋਲ ਸਿਲੀਗੁੜੀ ਬੁਲਾ ਕੇ ਫਰਨੀਚਰ ਦਾ ਬਿਜ਼ਨਸ ਸ਼ੁਰੂ ਕਰਵਾ ਦਿੱਤਾ।
ਅੱਜ ਪੂਰਾ ਪਰਿਵਾਰ ਬੇਹੱਦ ਖੁਸ਼ਹਾਲ ਹੈ। ਖੁੱਲ੍ਹ ਕੇ ਲੋਟਪੋਟ ਹੱਸਦਾ ਉਹ ਚਿਹਰਾ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਹੈ।