ਰਵਿੰਦਰ ਸਹਿਰਾਅ
ਫੋਨ: 717-575-7529
ਪੰਜਾਬ ਵਿਚ ਕਿੰਨੀਆਂ ਹੀ ਸਾਹਿਤ ਸਭਾਵਾਂ ਸਰਗਰਮ ਹਨ ਜਾਂ ਸਰਗਰਮ ਹੋਣ ਦਾ ਭਰਮ ਪਾਲ ਰਹੀਆਂ ਹਨ। ਕਦੇ ਕਦਾਈਂ ਕੋਈ ਸਮਾਗਮ ਰਚਾ ਕੇ ਅਖਬਾਰਾਂ ਦੀਆਂ ਖਬਰਾਂ ਤੀਕ ਸੀਮਤ ਹੋ ਕੇ ਰਹਿ ਜਾਂਦੀਆਂ ਹਨ, ਪਰ ‘ਅੱਖਰ ਮੰਚ’ ਕਪੂਰਥਲਾ ਦੀ ਉਮਰ ਭਾਵੇਂ ਥੋੜ੍ਹੀ ਹੈ ਅਤੇ ਮੈਂਬਰ ਵੀ ਬਹੁਤੇ ਨਹੀਂ ਜਾਂ ਕਹਿ ਲਓ ਕਿ ਉਨ੍ਹਾਂ ਨੇ ਮੈਂਬਰ ਭਰਤੀ ਨਹੀਂ ਕੀਤੇ। ਪਰ ਉਨ੍ਹਾਂ ਮੈਂਬਰਾਂ ਦੇ ਟੇਬਲਾਂ ‘ਤੇ ਕੋਰੇ ਕਾਗਜ਼ ਹਨ ਅਤੇ ਹੱਥ ਵਿਚ ਕਲਮ। ਗਾਹੇ-ਬਗਾਹੇ ਉਹ ਆਪਣੇ ਅਹਿਸਾਸ ਕਾਗਜ਼ਾਂ ਦੀ ਹਿੱਕ ‘ਤੇ ਉਲੀਕਦੇ ਰਹਿੰਦੇ ਹਨ। ਇਸੇ ਉਦਮ ਦੀ ਸੱਜਰੀ ਮਿਸਾਲ ਹੈ,
ਡਾ. ਸਰਦੂਲ ਸਿੰਘ ਔਜਲਾ ਦੀ ਸੰਪਾਦਨਾ ਹੇਠ ਉਨ੍ਹਾਂ ਮੈਂਬਰਾਂ ਦੀਆਂ ਚੋਣਵੀਆਂ ਕਿਰਤਾਂ ਦਾ ਕਾਵਿ-ਸੰਗ੍ਰਿਹ, “ਅੱਖਰ ਵੇਲ।” ਇਸ ਵੇਲ ਵਿਚ ਰੰਗ-ਬਿਰੰਗੇ ਅੱਖਰ-ਪੱਤੇ ਹਨ। ਦਸ ਰੰਗਾਂ ਦੇ ਇਨ੍ਹਾਂ ਪੱਤਿਆਂ ਦੀ ਆਪਣੀ ਆਪਣੀ ਮਹਿਕ ਤੇ ਖੂਬਸੂਰਤੀ ਹੈ।
ਸਰਵਣ ਸਿੰਘ ਔਜਲਾ ਮੂਲ ਰੂਪ ਵਿਚ ਗਜ਼ਲ/ਗੀਤ ਕਾਵਿ ਵਿਧਾ ਚੁਣਦਾ ਹੈ, ਭਾਵੇਂ ਉਸ ਨੇ ਖੁੱਲ੍ਹੀ ਕਵਿਤਾ ਵੀ ਲਿਖੀ ਹੈ। ਉਸ ਦੀ ਮੁੱਖ ਸੁਰ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ।
ਮਾਨਵਤਾ ਦੀ ਕੁੱਖੋਂ ਫੁੱਟਣ ਸਦਾ ਮੁਹੱਬਤ ਦੇ ਚਸ਼ਮੇ
ਹਰ ਦਿਨ ਦੇ ਹਿੱਸੇ ਸੂਹੀ ਤੇ ਸੱਜਰੀ ਪ੍ਰਭਾਤ ਆਵੇ।
ਨਾ ਦੌਲਤ, ਨਾ ਸ਼ੋਹਰਤ, ਨਾ ਜਾਇਦਾਦ ਮੰਗਾਂ ਤੇਰੇ ਕੋਲੋਂ
ਮੇਰੇ ਹਿੱਸੇ ਸਿਰਫ ਤੇ ਸਿਰਫ ਮਾਂ ਦੀ ਸਬਾਤ ਆਵੇ।
ਡਾ. ਸਰਦੂਲ ਸਿੰਘ ਔਜਲਾ ਦੀ ਕਵਿਤਾ ਵਿਚ ਮਾਂ ਦੀ ਮਮਤਾ ਤੇ ਪੰਜਾਬ ਦੇ ਫਿਕਰ ਦਾ ਜ਼ਿਕਰ ਹੈ। ਕਵੀ ਚੇਤੰਨ ਹੈ ਅਤੇ ਸਮਾਜਕ ਸਰੋਕਾਰਾਂ ਦੀ ਬਾਤ ਪਾਉਂਦਾ ਹੈ। ਬੇਰੁਜ਼ਗਾਰੀ ਦਾ ਘੁਣ, ਜੋ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ, ਉਸ ਦੀ ਚਿੰਤਾ ਹੈ। ਉਸ ਦੀ ਕਲਮ ਨਸ਼ਿਆਂ ਦੇ ਕੋਹੜ ਦੀ ਵੀ ਬਾਤ ਪਾਉਂਦੀ ਹੈ।
ਕੈਸਾ ਸੂਰਜ ਰੋਜ਼ ਉਸ ਦੇ ਲਈ ਚੜ੍ਹਦਾ ਹੈ।
ਫਾਇਲ ਡਿਗਰੀਆਂ ਵਾਲੀ ਹੱਥ ਵਿਚ ਫੜਦਾ ਹੈ।
—
ਅੱਛਾ ਜੀ, ਚੰਗਾ ਜੀ, ਚਿੱਠੀ ਪਾਵਾਂਗਾ,
ਏਹੀ ਬੋਲ ਅਖੀਰੀ ਕੰਨੀਂ ਵੜਦਾ ਹੈ।
ਜਾਂ
ਮੇਰੇ ਪੰਜਾਬ ਤੂੰ ਉਦਾਸ ਨਾ ਹੋ
ਮੁੜ ਪਰਤਣਗੇ ਦਿਨ ਖੁਸ਼ੀ ਭਰੇ।
ਸੁਖਵਿੰਦਰ ਮੋਹਨ ਸਿੰਘ ਕੋਲ ਇਕ ਵਿਜ਼ਨ ਹੈ, ਇਕ ਸੋਚ ਹੈ। ਉਸ ਨੇ ਆਪਣਾ ਸਵੈ ਵਿਸ਼ਲੇਸ਼ਣ ਵੀ ਕੀਤਾ ਹੈ। ਉਸ ਦੀ ਕਲਮ ਕੁਦਰਤ ਦੀ ਗੱਲ ਛੇੜਦੀ ਹੈ। ਪੰਜਾਬ ‘ਚੋਂ ਆਲੋਪ ਹੋ ਰਹੀਆਂ ਚਿੜੀਆਂ ਦੀ ਵੀ ਚਿੰਤਾ ਹੈ ਉਸ ਨੂੰ।
ਹਰੇ ਭਰੇ ਰੁੱਖ ਜਦ ਟਾਹਣੀਆਂ ਨਾ ਰਹੀਆਂ।
ਚਿੜੀਆਂ ਕੀ ਕਰਨ ਉਡਾਰੀ ਮਾਰ ਗਈਆਂ।
ਹਰਵਿੰਦਰ ਭੰਡਾਲ ਇਸ ਸੰਗ੍ਰਿਹ ਦਾ ਸਮਰੱਥ ਸ਼ਾਇਰ ਹੈ। ਉਹ ਹਰ ਬੁਰਾਈ ਪ੍ਰਤੀ ਚੇਤੰਨ ਹੈ। ਉਸ ਕੋਲ ਵਿਚਾਰ ਵੀ ਹੈ ਤੇ ਫਿਕਰ ਵੀ। ਉਸ ਦੀ ਕਲਮ ਮੁਹੱਬਤੀ ਬੋਲ ਵੀ ਸਿਰਜਦੀ ਹੈ ਅਤੇ ਸਮਾਜਕ ਸਰੋਕਾਰਾਂ ਨੂੰ ਵੀ ਉਸੇ ਸ਼ਿਦਤ ਨਾਲ ਬਿਆਨ ਕਰਦੀ ਹੈ। ਰਾਜਨੀਤਕ ਤੇ ਆਰਥਕ ਪਾੜੇ ਕਾਰਨ ਲੋਕਾਈ ਦਾ ਜੋ ਘਾਣ ਹੋਇਆ ਹੈ, ਉਸ ਦਾ ਉਸ ਨੂੰ ਡੂੰਘਾ ਗਿਆਨ ਹੈ। ਉਸ ਨੇ ਜੋ ਲਿਖਿਆ ਹੈ, ਉਸ ਨੂੰ ਹੰਢਾਇਆ ਵੀ ਹੈ।
ਮੇਰੀ ਬੇਟੀ ਜੰਗਲ ਤੋਂ ਨਹੀਂ ਡਰਦੀ
ਪਰ ਡਰ ਕੇ ਮਰ ਗਈ ਹੈ
ਬੰਦੇ, ਘੋੜੇ ਤੇ ਝੰਡੇ ਤੋਂ।
ਉਹ ਕਵੀਆਂ ਨੂੰ ਲਲਕਾਰਦਾ ਹੈ,
ਚਲੋ ਕਵਿਤਾ ਦੇ ਰੇਸ਼ਮੀ ਪਰਦਿਆਂ ‘ਚੋਂ ਬਾਹਰ ਨਿੱਕਲੀਏ
ਜਾਂ
ਇਨ੍ਹਾਂ ਦਿਨਾਂ ‘ਚ ਮੁਹੱਬਤ ਸੰਭਵ ਨਹੀਂ ਹੈ ਦੋਸਤੋ
ਮੁਹੱਬਤ ਕਰਦਿਆਂ ਬੁੱਤ ਸ਼ਿਕਨ ਹੋਣਾ ਪੈਂਦਾ ਹੈ
ਮੁਹੱਬਤ ਕਰਦਿਆਂ ਬਸ ਮੁਹੱਬਤ ਹੋਣਾ ਪੈਂਦਾ ਹੈ।
ਪ੍ਰੋ. ਕੁਲਵੰਤ ਸਿੰਘ ਔਜਲਾ ਹੰਢਿਆ ਹੋਇਆ ਕਵੀ ਹੈ। ਪ੍ਰਗੀਤ-ਕਾਵਿ ਦਾ ਮਾਹਰ ਕਵੀ ਹੈ। ਰਿਸ਼ਤਿਆਂ ਦੀ ਮਹਿਕ ਨੂੰ ਉਹ ਬੜੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਪਾਠਕ ਖੁਦ ਕਵਿਤਾ ਬਣ ਜਾਂਦਾ ਹੈ ਤੇ ਉਸ ਦੀ ਉਂਗਲੀ ਫੜ ਕੇ ਨਾਲ ਤੁਰ ਪੈਂਦਾ ਹੈ, ਫਿਰ ਜਿਥੇ ਲੈ ਜਾਵੇ ਕੁਲਵੰਤ। ਪਾਠਕ ਪਿੱਛੇ ਮੁੜ ਕੇ ਨਹੀਂ ਦੇਖਦਾ,
ਘਰ, ਜ਼ਮੀਨ, ਟਰੈਕਟਰ, ਗੱਡੀਆਂ
ਸਾਰਾ ਕੁਝ ਹੀ ਵੰਡ ਲਿਆ
ਸਮਝ ਨਹੀਂ ਆਉਂਦਾ
ਕਿੱਦਾਂ ਵੰਡੀਏ ਬਾਪੂ ਦੀ ਗੰਡਾਸੀ ਨੂੰ।
ਜਾਂ
ਕੱਚੇ ਕੋਠੇ ਕੱਚੀਆਂ ਕੰਧਾਂ
ਤੇ ਕੱਚੀ ਹੀ ਹਰ ਥਾਂ ਹੁੰਦੀ ਸੀ।
ਕੱਚੇ ਘਰ ਵਿਚ ਸਭ ਤੋਂ ਪੱਕੀ
ਸਾਡੀ ਪਿਆਰੀ ਮਾਂ ਹੁੰਦੀ ਸੀ।
ਜਾਂ
ਨਿਗਲ ਲੈਣਾ ਹੈ ਪੌਂਡਾਂ ਡਾਲਰਾਂ
ਤੇਰਾ ਅੰਬਾਂ ਵਾਲਾ ਦੇਸ਼ ਨੀ ਮਾਏ।
ਵਿਚ ਸੰਦੂਕਾਂ ਰਹਿ ਜਾਣੇ
ਸਭ ਤੇਰੇ ਦਰੀਆਂ, ਖੇਸ ਨੀ ਮਾਏ।
ਡਾ. ਗਰੁਬਖਸ਼ ਸਿੰਘ ਭੰਡਾਲ ਇਸ ਕਾਵਿ-ਸੰਗ੍ਰਿਹ ਦਾ ਇਕ ਹੋਰ ਪ੍ਰਤਿਭਾਵਾਨ ਕਵੀ ਹੈ, ਜਿਸ ਕੋਲ ਗਲੋਬਲੀ ਚੇਤਨਾ ਹੈ। ਸ਼ਬਦਾਂ ਦਾ ਖਜਾਨਾ ਹੈ। ਕਵਿਤਾ ਕਿਵੇਂ ਬੁਣਨੀ ਹੈ, ਕੋਈ ਉਸ ਕੋਲੋਂ ਸਿੱਖੇ। ਕਾਵਿ-ਸਤਰਾਂ ਵਿਚ ਜੜੇ ਸ਼ਬਦ ਇਸ ਤਰ੍ਹਾਂ ਚਮਕਦੇ ਹਨ, ਜਿਵੇਂ ਨਗੀਨੇ ਹੋਣ। ਅੰਤਾਂ ਦੀ ਰਵਾਨੀ ਹੈ, ਉਸ ਦੀ ਕਵਿਤਾ ਵਿਚ। ਬੜੇ ਹੀ ਸਲੀਕੇ ਨਾਲ ਹੌਲੀ ਹੌਲੀ, ਮਿੱਠੀ ਜਿਹੀ ਸੰਗੀਤਕ ਧੁਨ ਵਜਾਉਂਦਾ, ਉਹ ਕਵਿਤਾ ਕਹਿੰਦਾ ਤੁਰਿਆ ਜਾਂਦਾ ਹੈ। ਤੁਹਾਨੂੰ ਨਿਹੋਰੇ ਵੀ ਮਾਰਦਾ ਹੈ ਅਤੇ ਅਨੰਦਿਤ ਵੀ ਕਰਦਾ ਹੈ। ਜਿਵੇਂ ਕੋਈ ਨਿੱਕਾ ਜਿਹਾ ਬੱਚਾ ਨਿੱਕੇ ਨਿੱਕੇ ਕਦਮਾਂ ਨਾਲ ਤੁਰਦਾ ਜਾ ਰਿਹਾ ਹੋਵੇ।
ਸਾਹ-ਸੁਰੰਗੀ ਵਜਦ ਵਿਚ ਆਵੇ
ਮਹਿਕਣ ਲੱਗ ਜਾਣ ਸਾਹਵਾਂ,
ਰੁੱਸੇ ਚਾਅ ਦੀ ਖਾਲੀ ਝੋਲੀ
ਲੱਪ ਸ਼ਗਨਾਂ ਦੀ ਪਾਵਾਂ।
ਜਾਂ
ਜਾਗ ਵੇ ਸੁੱਤਿਆ ਵੀਰਨਾ
ਦੱਸ ਤੂੰ ਬਹਿ ਕੇ ਕੋਲ,
ਕਬਰਾਂ ਵਰਗੀਆਂ ਮਾਂਵਾਂ ਦੇ
ਕੀਹਨੇ ਖੋਹ ਲਏ ਬੋਲ।
ਸਾਂਝੇ ਚੁੱਲੇ ਦਾ ਦਰਦ ਉਸ ਦੀ ਕਲਮ ਇਸ ਤਰ੍ਹਾਂ ਬਿਆਨ ਕਰਦੀ ਹੈ,
ਕੇਹੀ ਹਾਕ ਕਿ ਹਾਕ ਹੁੰਗਾਰਾ
ਹੂਕ ਤੋਂ ਹੌਲਾ ਹੋਇਆ,
ਚੌਂਕੇ ਬੈਠੀ ਚੁੱਪ ਦੇ ਗਲ ਲੱਗ
ਸਾਂਝਾ ਚੁੱਲਾ ਰੋਇਆ।
ਗੁਰਭਜਨ ਲਾਸਾਨੀ ਦੀਆਂ ਕਵਿਤਾਵਾਂ ਵੀ ਪਾਠਕ ਲਈ ਖਿੱਚ ਪੈਦਾ ਕਰਦੀਆਂ ਹਨ। ਛੁੱਟੀਆਂ ਤੋਂ ਬਾਅਦ ਸਕੂਲ ਜਾ ਕੇ ਮਾਲੀ ਨੂੰ ਫੁੱਲ, ਬੂਟੇ ਸਿੰਜਦਿਆਂ ਦੇਖ ਕੇ ਉਹ ਖੁਸ਼ ਹੁੰਦਾ ਹੈ। ਕਿਰਤੀ ਵਰਗ ਲਈ ਆਪਣੀਆਂ ਨਜ਼ਮਾਂ ‘ਚ ਥਾਂ ਦੇਣਾ ਸ਼ੁਭ ਸ਼ਗਨ ਹੈ।
ਜੂਨ ਮਾਹ ਦੀਆਂ ਛੁੱਟੀਆਂ ‘ਚ
ਚਿਰਾਂ ਬਾਅਦ ਆਇਆਂ ਹਾਂ, ਸਕੂਲ ਆਪਣੇ
ਬੂਟਿਆਂ ਨੂੰ ਪਾਣੀ ਪਾਉਂਦਾ
ਕੋਈ ਗੀਤ ਗੁਣਗੁਣਾਉਂਦਾ
ਬੜਾ ਖੁਸ਼ ਜਾਪਦੈ ਚੰਨਣ।
ਗੁਰਵਿੰਦਰ ਕੌਰ ਦੀ ਆਪਣੀ ਮਾਂ ਬੋਲੀ ਲਈ ਤੜਫ ਦੇਖਣ/ਪੜ੍ਹਨ ਯੋਗ ਹੈ,
ਮੈਂ ਹਾਂ ਪੰਜਾਬ ਦੀ ਪੰਜਾਬੀ ਬੋਲੀ
ਮੈਨੂੰ ਵਿਛੋੜੋ ਨਾ,
ਮੈਂ ਹਾਂ ਇਕ ਫੁੱਲ ਦੀ ਡਾਲੀ
ਵੇ ਮੈਨੂੰ ਤੋੜੋ ਨਾ।
ਜਸਵਿੰਦਰ ਕੋਟ ਕਰਾਰ ਖਾਂ ਦੀ ਕਵਿਤਾ ਪਰਵਾਸੀ ਚਿੜੀਆਂ ਵੱਲ ਧਿਆਨ ਖਿੱਚਦੀ ਹੈ,
ਦੇਖ ਦੇਖ ਜ਼ਹਿਰੀਲੇ ਹੋ ਰਹੇ ਮੌਸਮ ਨੂੰ
ਡਰੀਆਂ ਤੇ ਘਬਰਾਈਆਂ ਨੇ ਪਰਵਾਸੀ ਚਿੜੀਆਂ।
ਮੰਗਲ ਸਿੰਘ ਭੰਡਾਲ ਆਪਣੀਆਂ ਕਵਿਤਾਵਾਂ ਨੂੰ ਰਾਜਨੀਤਕ ਰੰਗਣ ਦਿੰਦਾ ਹੈ ਤੇ ਰਿਸ਼ਤਿਆਂ ਦੇ ਅਹਿਸਾਸ ਦੀ ਵੇਦਨਾ ਵੀ,
ਰਾਜਗੁਰੂ, ਸੁਖਦੇਵ, ਸਰਾਭੇ ਨੂੰ
ਦਿਲੋਂ ਭੁਲਾਇਆ ਭਗਤ ਸਿੰਘ ਬਾਬੇ ਨੂੰ,
ਜਿਨ੍ਹਾਂ ਦੇ ਕੇ ਕੁਰਬਾਨੀ ਆਪਣੀ
ਮੁਲਕ ਨੂੰ ਲੈ ਕੇ ਦਿਤੀ ਆਜ਼ਾਦੀ
ਵੇ ਲੋਕਾ! ਇਹ ਕੇਹੀ ਆਈ ਆਜ਼ਾਦੀ।
ਕੁਲ ਮਿਲਾ ਕੇ ਅੱਖਰ ਮੰਚ ਦਾ ਇਹ ਉਪਰਾਲਾ ਸਲਾਹੁਣਯੋਗ ਹੈ। ਇਸ ਅੱਖਰ ਵੇਲ ਦੇ ਨਵੇਂ ਪੱਤਿਆਂ ਨੂੰ ਹੋਰ ਪੜ੍ਹਨ ਤੇ ਮਿਹਨਤ ਦੀ ਲੋੜ ਹੈ ਤਾਂ ਜੋ ਪੰਜਾਬੀ ਕਵਿਤਾ ਉਲਾਹਮਿਆਂ ਤੋਂ ਬਚੀ ਰਹੇ ਅਤੇ ਉਹ ਨਵੀਆਂ ਪੈੜਾਂ ਪਾ ਸਕਣ।