ਬਾਲੀਵੁੱਡ ਤੇ ਰਾਜਨੀਤੀ ਦਾ ਸਬੰਧ ਬੜਾ ਪੁਰਾਣਾ ਰਿਹਾ ਹੈ ਕਿਉਂਕਿ ਰਾਜਨੀਤੀ ਵੀ ਸਮਾਜ ਦਾ ਹੀ ਇਕ ਹਿੱਸਾ ਹੈ ਤੇ ਇਸ ਲਈ ਪਾਪੂਲਰ ਸਿਨੇਮਾ ਦਾ ਰਾਜਨੀਤੀ ਨਾਲ ਵੀ ਬੇਹੱਦ ਲੰਬਾ ਰਿਸ਼ਤਾ ਰਿਹਾ ਹੈ। ਇਹੀ ਕਾਰਨ ਹੈ ਕਿ ਰਾਜਨੀਤੀ ‘ਤੇ ਬਣੀਆਂ ਫ਼ਿਲਮਾਂ ਦੀ ਸੂਚੀ ਕਾਫੀ ਲੰਬੀ ਹੈ। ਜਦੋਂ ਕਦੇ ਇਸ ਵਿਸ਼ੇ ‘ਤੇ ਕੋਈ ਫ਼ਿਲਮ ਆਉਂਦੀ ਹੈ ਤਾਂ ਨਿਰਮਾਣ ਦੇ ਦੌਰ ਤੋਂ ਹੀ ਉਹ ਚਰਚਿਤ ਹੋ ਜਾਂਦੀ ਹੈ ਤੇ ਲੋਕਾਂ ਵਿਚ ਉਤਸੁਕਤਾ ਜਗਾ ਜਾਂਦੀ ਹੈ। ਸਾਲ 1975 ਵਿਚ ਆਈ ਗੁਲਜ਼ਾਰ ਦੀ ਫ਼ਿਲਮ ‘ਆਂਧੀ’ ਤੇ ਅੰਮ੍ਰਿਤ ਨਾਹਟਾ ਵੱਲੋਂ ਨਿਰਦੇਸ਼ਤ ‘ਕਿੱਸਾ ਕੁਰਸੀ ਕਾ’ ਅਜਿਹੀਆਂ ਹੀ ਫ਼ਿਲਮਾਂ ਹਨ।
ਰਾਜਨੀਤੀ ‘ਤੇ ਅਧਾਰਤ ਜਾਂ ਆਜ਼ਾਦੀ ਦਾ ਸੰਘਰਸ਼ ਜਾਂ ਉਸ ਨਾਲ ਸਬੰਧਤ ਫ਼ਿਲਮਾਂ ਦਾ ਸਵਾਲ ਹੈ ਤਾਂ ਇਸ ਦੀ ਸ਼ੁਰੂਆਤ ਕਾਫੀ ਪਹਿਲਾਂ ਹੀ ਹੋ ਗਈ ਸੀ। ਇਹ ਸਵੀਕਾਰ ਕਰਨ ਵਿਚ ਝਿਜਕ ਨਹੀਂ ਕਿ ਕੁਝ ਬਦਲਾਂ ਨੂੰ ਛੱਡ ਕੇ ਜ਼ਿਆਦਾਤਰ ਮੂਕ ਫ਼ਿਲਮਾਂ ਨੂੰ ਦੇਖਣ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਸੀ ਕਿ ਭਾਰਤ ਵਿਚ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ ਪਰ ਬੋਲਦੀਆਂ ਫ਼ਿਲਮਾਂ ਦੀ ਸ਼ੁਰੂਆਤ ਨਾਲ ਤਬਦੀਲੀ ਦੇ ਸੰਕੇਤ ਨਜ਼ਰ ਆਉਣ ਲੱਗੇ ਸਨ। ਫ਼ਿਲਮਾਂ ਵਿਚ ਜੋ ਨਵੀਂ ਪੀੜ੍ਹੀ ਆ ਰਹੀ ਹੈ, ਉਹ ਸਮਾਜਿਕ ਤੇ ਰਾਜਨੀਤਕ ਰੂਪ ਵਿਚ ਵਧੇਰੇ ਸੁਚੇਤ ਸੀ।
1930 ਦੇ ਦਹਾਕੇ ਵਿਚ ਵੀæ ਸ਼ਾਂਤਾ ਰਾਮ, ਐਸ ਫੱਤੇਵਾਲ, ਵੀæ ਦਾਮਲੇ, ਬਾਬੂਕਾਵ ਪੇਂਢੇਰਕਰ, ਨਿਤਿਨ ਬੋਸ, ਦੇਵਕੀ ਬੋਸ, ਪੀæਸੀæ ਬਰੂਆ, ਜਯੋਤੀਪ੍ਰਸਾਦ ਅਗਰਵਾਲ, ਅਮਿਯ ਚਕਰਵਰਤੀ, ਧੀਰੇਂਦਰ ਨਾਥ ਗਾਂਗੁਲੀ, ਸੋਹਰਾਬ ਮੋਦੀ, ਹਿਮਾਂਸ਼ੂ ਰਾਏ, ਗਿਆਨ ਮੁਖਰਜੀ, ਗਜਾਨਨ ਜਾਗੀਰਦਾਰ, ਪ੍ਰਿਥਵੀ ਰਾਜ ਕਪੂਰ, ਮਹਿਬੂਬ ਖਾਨ, ਖਵਾਜਾ ਅਹਿਮਦ ਅੱਬਾਸ, ਬੀæਐਨæ ਰੈਡੀ, ਐਚæਐਮæ ਰੈੱਡੀ, ਕੇਦਾਰ ਸ਼ਰਮਾ, ਜੀਆ ਸਰਹੱਦੀ, ਕੇæ ਸੁਬਰਮਨੀਅਮ ਆਦਿ ਕਈ ਫ਼ਿਲਮਕਾਰ ਉਭਰ ਕੇ ਆਏ।
1930 ਤੱਕ ਆਉਂਦੇ-ਆਉਂਦੇ ਆਜ਼ਾਦੀ ਦਾ ਸੰਘਰਸ਼ ਜਨਤਾ ਦੇ ਵਿਆਪਕ ਹਿੱਸਿਆਂ ਤੱਕ ਪਹੁੰਚ ਗਿਆ ਸੀ। ਅਜਿਹੇ ਵਿਚ ਇਹ ਸੰਭਵ ਨਹੀਂ ਸੀ ਕਿ ਫ਼ਿਲਮਾਂ ਵਿਚ ਇਸ ਦਾ ਅਸਰ ਨਾ ਹੋਵੇ। ਭਾਵੇਂਕਿ ਉਪਨਿਵੇਸ਼ਕ ਰਾਜਸੱਤਾ ਦੀ ਅਧੀਨਤਾ ਤੇ ਸੈਂਸਰ ਬੋਰਡ ਦੇ ਕੰਟਰੋਲ ਕਾਰਨ ਫ਼ਿਲਮਕਾਰ ਉਸ ਸਮੇਂ ਖੁੱਲ੍ਹ ਕੇ ਰਾਜਨੀਤਕ ਜਾਗਰੂਕਤਾ ਵਾਲੀਆਂ ਫ਼ਿਲਮਾਂ ਨਹੀਂ ਬਣਾ ਸਕਦੇ ਸਨ, ਇਸ ਲਈ ਉਨ੍ਹਾਂ ਨੇ ਆਪਣੀਆਂ ਰਾਸ਼ਟਰੀ ਤੇ ਜਨਮੁਖੀ ਭਾਵਨਾਵਾਂ ਨੂੰ ਸੰਕੇਤਕ ਰੂਪ ਵਿਚ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ।
ਸ਼ੁਰੂਆਤੀ ਦੌਰ ਦੀਆਂ ਅਜਿਹੀਆਂ ਫ਼ਿਲਮਾਂ ਵਿਚ ਆਜ਼ਾਦੀ ਤੋਂ ਪਹਿਲਾਂ ਦੀ ਸਥਿਤੀ ਨੂੰ ਦਰਸਾਉਂਦੀਆਂ ‘ਲਾਲ ਕਿਲਾ’ ਤੇ ‘ਸ਼ਾਹਜਹਾਂ’ ਵਰਗੀਆਂ ਫ਼ਿਲਮਾਂ ਦਾ ਨਾਂ ਲਿਆ ਜਾ ਸਕਦਾ ਹੈ। ਸੋਹਰਾਬ ਮੋਦੀ ਤੇ ਮਹਿਬੂਬ ਖਾਨ ਵੱਲੋਂ ਨਿਰਦੇਸ਼ਤ ਫ਼ਿਲਮ ‘ਪੁਕਾਰ’ ਤੇ ‘ਰੋਟੀ’, ‘ਮੁਗਲ-ਏ-ਆਜ਼ਮ’, ‘ਲੀਡਰ’ ਤੇ ‘ਪੈਗਾਮ’ ਦਾ ਨਾਂ ਵੀ ਲਿਆ ਜਾ ਸਕਦਾ ਹੈ।
ਪਿੱਛੋਂ ਉਭਰ ਕੇ ਸਾਹਮਣੇ ਆਏ ਅਦਾਕਾਰ-ਫ਼ਿਲਮਕਾਰ ਮਨੋਜ ਕੁਮਾਰ ਨੇ ‘ਸ਼ਹੀਦ’ ਤੇ ‘ਕ੍ਰਾਂਤੀ’ ਵਰਗੀਆਂ ਫਿਲਮਾਂ ਦਿੱਤੀਆਂ। ਇਸੇ ਦੌਰ ਵਿਚ ‘ਜੁਨੂਨ’, ‘ਸ਼ਤਰੰਜ ਕੇ ਖਿਲਾੜੀ’, ‘ਨਿਊ ਦੇਲਹੀ ਟਾਈਮਜ਼’ ਵਰਗੀਆਂ ਫ਼ਿਲਮਾਂ ਵੀ ਆਈਆਂ ਪਰ ਬਾਕਸ ਆਫਿਸ ‘ਤੇ ਕੋਈ ਕ੍ਰਿਸ਼ਮਾ ਨਾ ਦਿਖਾ ਸਕੀਆਂ। ਸ਼ਿਆਮ ਬੈਨੇਗਲ ਦੀ ‘ਤ੍ਰਿਕਾਲ’ ਵਿਚ ਗੋਆ ਦੀ ਆਜ਼ਾਦੀ ਦੀ ਪ੍ਰਕਿਰਿਆ ਤੇ ਸੰਘਰਸ਼ ਨਜ਼ਰ ਆਉਂਦਾ ਹੈ।
‘ਦਿ ਮੇਕਿੰਗ ਆਫ ਮਹਾਤਮਾ’ ਤੇ ਰਿਚਰਚ ਐਟਨਬਰੋ ਦੀ ‘ਗਾਂਧੀ’ ਵਿਚ ਵੀ ਰਾਜਨੀਤੀ ਤੇ ਆਜ਼ਾਦੀ ਦੇ ਸੰਘਰਸ਼ਾਂ ਦਾ ਬਿਆਨ ਹੈ। ਹਾਲਾਂਕਿ ਰਾਜਨੀਤੀ ਨੂੰ ਛੂਹ ਕੇ ਨਿਕਲਣ ਵਾਲੀਆਂ ਇਹ ਫ਼ਿਲਮਾਂ ਕਿਸੇ ਖਾਸ ਸਖਸ਼ੀਅਤ ‘ਤੇ ਹੀ ਕੇਂਦਰਤ ਰਹੀਆਂ। ਇਸੇ ਕੜੀ ਦੀਆਂ ਹੋਰ ਫ਼ਿਲਮਾਂ ‘ਚ ‘ਬੋਸ’ , ‘ਸਰਦਾਰ’, ‘ਮੈਂਨੇ ਗਾਂਧੀ ਕੋ ਨਹੀਂ ਮਾਰਾ’, ‘ਦਿ ਲੀਜੈਂਡ ਆਫ ਭਗਤ ਸਿੰਘ’, ‘ਨਿਸ਼ਾਂਤ’, ‘ਮੰਥਨ’, ‘ਦਾਮੁਲ’, ‘ਅਪਹਰਣ’, ‘ਗੰਗਾਜਲ’ ਵਰਗੀਆਂ ਫ਼ਿਲਮਾਂ ਦਾ ਨਾਂ ਵੀ ਲਿਆ ਜਾ ਸਕਦਾ ਹੈ। ਅੱਜ ਦੇ ਸਿਨੇਮਾ ਦੇ ਨਵੇਂ ਹਸਤਾਖਰਾਂ ਨੇ ਲੀਕ ਤੋਂ ਹਟਦਿਆਂ ‘ਹੁ ਤੂ ਤੂ’, ‘ਮਾਚਿਸ’, ‘ਗੌਡਫਾਦਰ’, ‘ਸਰਫਰੋਸ਼’, ‘ਧਰਮ’, ‘ਹੱਲਾ ਬੋਲ’, ‘ਸਰਕਾਰ ਰਾਜ’, ‘ਦੇਵ’, ‘ਮਿਸਟਰ ਐਂਡ ਮਿਸਿਜ਼ ਅਈਅਰ’ ਵਰਗੀਆਂ ਸਰਵੋਤਮ ਫ਼ਿਲਮਾਂ ਦਿੱਤੀਆਂ ਹਨ।
ਹਿੰਦੀ ਫ਼ਿਲਮਾਂ ਵਿਚ ਅੱਜ ਰਾਜਨੀਤੀ ‘ਤੇ ਆਧਾਰਤ ‘ਯੁਵਾ’, ‘ਰੰਗ ਦੇ ਬਸੰਤੀ’, ‘ਦਿ ਲੀਜੈਂਡ ਆਫ ਭਗਤ ਸਿੰਘ’, ‘ਪਾਰਟੀ’, ‘ਏ ਵੈੱਡਨੈੱਸਡੇ’ ਤੇ ‘ਬਲੈਕ ਫਰਾਈਡੇ’ ਵਰਗੀਆਂ ਫ਼ਿਲਮਾਂ ਦੀ ਵਧੇਰੇ ਮੰਗ ਹੈ ਕਿਉਂਕਿ ਸਮੱਸਿਆ ਇਹ ਨਹੀਂ ਹੈ ਕਿ ਰਾਜਨੀਤਕ ਫ਼ਿਲਮਾਂ ਕਿਵੇਂ ਬਣਾਈਆਂ ਜਾਣ, ਸਗੋਂ ਸਮੱਸਿਆ ਫ਼ਿਲਮਾਂ ਨੂੰ ਰਾਜਨੀਤਕ ਰੂਪ ਦੇਣ ਦੀ ਹੈ।
Leave a Reply