ਕੈਬਨਿਟ ‘ਚ 17 ਨਵੇਂ ਚਿਹਰੇ ਸ਼ਾਮਲ
ਨਵੀਂ ਦਿੱਲੀ: ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯੂæਪੀæਏæ ਸਰਕਾਰ ਨੇ ਕੇਂਦਰੀ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਕਰਦਿਆਂ ਪਿਛਲੇ ਸਮੇਂ ਦੌਰਾਨ ਸਾਖ ‘ਤੇ ਲੱਗੇ ਦਾਗ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਯੂæਪੀæਏæ-2 ਦੇ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਕਰਕੇ 17 ਨਵੇਂ ਚਿਹਰੇ ਸ਼ਾਮਲ ਕਰਨ ਤੋਂ ਇਲਾਵਾ 10 ਨੂੰ ਤਰੱਕੀ ਦੇ ਕੇ ਕਈ ਮੰਤਰੀਆਂ ਦੇ ਵਿਭਾਗ ਬਦਲੇ ਹਨ।
ਇਸ ਵੱਡੇ ਫੇਰਬਦਲ ਵਿਚ ਸਲਮਾਨ ਖੁਰਸ਼ੀਦ ਨਵੇਂ ਵਿਦੇਸ਼ ਮੰਤਰੀ, ਅਸ਼ਵਨੀ ਕੁਮਾਰ ਕਾਨੂੰਨ, ਪਵਨ ਕੁਮਾਰ ਬਾਂਸਲ ਰੇਲ, ਵੀਰੱਪਾ ਮੋਇਲੀ ਪੈਟਰੋਲੀਅਮ, ਐਮæਐਮæਪੀæ ਰਾਜੂ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਬਣਾਏ ਗਏ ਹਨ ਜਦਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੂੰ ਰਾਜ ਮੰਤਰੀ ਬਣਾ ਕੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਸੁਤੰਤਰ ਚਾਰਜ ਦਿੱਤਾ ਗਿਆ ਹੈ।
ਮੰਤਰੀ ਪ੍ਰੀਸ਼ਦ ਦੀ ਗਿਣਤੀ ਹੁਣ 67 ਤੋਂ 78 ਹੋ ਗਈ ਹੈ। ਇਸ ਫੇਰਬਦਲ ਵਿਚ 11 ਮੰਤਰੀਆਂ ਦੇ ਸ਼ਾਮਲ ਹੋਣ ਜਾਂ ਤਰੱਕੀ ਹੋਣ ਨਾਲ ਹੀ ਆਂਧਰਾ ਪ੍ਰਦੇਸ਼ ਦੀ ਪ੍ਰਤੀਨਿਧਤਾ ਸਭ ਤੋਂ ਵਧ ਗਈ ਹੈ। ਇਸ ਮਾਮਲੇ ਵਿਚ ਇਸ ਰਾਜ ਨੇ ਉਤਰ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਤਾਮਿਲਨਾਡੂ ਤੇ ਰਾਜਸਥਾਨ ਨੂੰ ਪਛਾੜ ਦਿੱਤਾ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਵਿਚ ਸ਼ਾਮਲ ਔਰਤਾਂ ਦੀ ਗਿਣਤੀ 10 ਹੋ ਗਈ ਹੈ। ਕਾਂਗਰਸ ਕੋਲ 16 ਸਾਲਾਂ ਬਾਅਦ ਰੇਲ ਮੰਤਰਾਲਾ ਆਇਆ ਹੈ।
ਪਿਛਲੇ ਦਿਨੀਂ 19 ਮੰਤਰੀਆਂ ਵੱਲੋਂ ਅਸਤੀਫ਼ੇ ਦੇਣ ਕਾਰਨ ਕਈ ਅਹੁਦੇ ਖ਼ਾਲੀ ਸਨ। ਸ੍ਰੀ ਪਵਨ ਕੁਮਾਰ ਬਾਂਸਲ ਤੋਂ ਜਲ ਸਰੋਤਾਂ ਬਾਰੇ ਮਹਿਕਮਾ ਵਾਪਸ ਲੈ ਕੇ ਉਨ੍ਹਾਂ ਨੂੰ ਰੇਲ, ਐਸ਼ ਜੈਪਾਲ ਰੈਡੀ ਤੋਂ ਪੈਟਰੋਲੀਅਮ ਲੈ ਕੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦਿੱਤਾ ਗਿਆ ਹੈ। ਰਾਜ ਸਭਾ ਦੇ ਸਾਬਕਾ ਡਿਪਟੀ ਚੇਅਰਮੈਨ ਕੇæ ਰਹਿਮਾਨ ਖ਼ਾਨ ਦੀ ਸਰਕਾਰ ਵਿਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਵਜੋਂ ਵਾਪਸੀ ਹੋਈ ਹੈ। ਸਭ ਤੋਂ ਵੱਧ ਹੈਰਾਨੀ ਸਲਮਾਨ ਖੁਰਸ਼ੀਦ ਦੀ ਤਰੱਕੀ ਤੋਂ ਹੈ। ਉਨ੍ਹਾਂ ਤੋਂ ਕਾਨੂੰਨ ਮੰਤਰਾਲਾ ਲੈ ਕੇ ਵਿਦੇਸ਼ ਮੰਤਰਾਲਾ ਦਿੱਤਾ ਗਿਆ ਹੈ।
ਸਹੁੰ ਚੁੱਕਣ ਵਾਲੇ 22 ਮੰਤਰੀਆਂ ਵਿਚ ਕੈਬਨਿਟ ਮੰਤਰੀ ਕੇæਆਰæ ਖ਼ਾਨ ਘੱਟ ਗਿਣਤੀ ਮਾਮਲੇ, ਦਿਨਸਾ ਜੇ ਪਟੇਲ ਖਾਦ, ਅਜੈ ਮਾਕਨ ਮਕਾਨ ਤੇ ਐਮæਐਮæਪੀæ ਰਾਜੂ ਮਨੁੱਖੀ ਵਸੀਲਿਆਂ ਦੇ ਵਿਕਾਸ, ਅਸ਼ਵਨੀ ਕੁਮਾਰ ਕਾਨੂੰਨ, ਹਰੀਸ਼ ਰਾਵਤ ਜਲ ਸਰੋਤ, ਚੰਦਰੇਸ਼ ਕੁਮਾਰ ਕਟੋਚ ਸਭਿਆਚਾਰ ਮਾਮਲੇ ਸ਼ਾਮਲ ਹਨ। ਮਨੀਸ਼ ਤਿਵਾੜੀ ਸੂਚਨਾ ਤੇ ਪ੍ਰਸਾਰਨ ਤੇ ਕੇæ ਚਿਰੰਜੀਵੀ ਸੈਰ-ਸਪਾਟਾ ਮਾਮਲਿਆਂ ਦੇ ਰਾਜ ਮੰਤਰੀ ਹੋਣਗੇ।
ਇਨ੍ਹਾਂ ਦੋਹਾਂ ਕੋਲ ਮਹਿਕਮਿਆਂ ਦਾ ਸੁਤੰਤਰ ਚਾਰਜ ਰਹੇਗਾ। ਇਹ ਦੋਵੇਂ ਮਹਿਕਮੇ ਪਹਿਲਾਂ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਵਾਲੇ ਅੰਬਿਕਾ ਸੋਨੀ ਕੋਲ ਸਨ। ਖ਼ਾਸ ਗੱਲ ਇਹ ਰਹੀ ਕਿ ਸਹੁੰ ਚੁੱਕਣ ਵਾਲੇ ਮੰਤਰੀਆਂ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਤਾਰਿਕ ਅਨਵਰ ਨੂੰ ਛੱਡ ਕੇ ਸਾਰੇ ਕਾਂਗਰਸ ਦੇ ਮੈਂਬਰ ਹਨ। ਉਨ੍ਹਾਂ ਕੋਲ ਖੇਤੀ ਮਹਿਕਮਾ ਹੈ। ਸਹੁੰ ਚੁੱਕਣ ਵਾਲੇ ਰਾਜ ਮੰਤਰੀਆਂ ਵਿਚ ਸ਼ਸ਼ੀ ਥਰੂਰ ਦੀ ਦੋ ਸਾਲਾਂ ਮਗਰੋਂ ਵਾਪਸੀ ਹੋਈ ਹੈ। ਉਨ੍ਹਾਂ ਕੋਲ ਮਨੁੱਖੀ ਵਸੀਲਿਆਂ ਦੇ ਵਿਕਾਸ ਦਾ ਮਹਿਕਮਾ ਹੋਵੇਗਾ।
ਜਿਨ੍ਹਾਂ ਕੈਬਨਿਟ ਮੰਤਰੀਆਂ ਦੇ ਮਹਿਕਮੇ ਬਦਲੇ ਗਏ ਹਨ, ਉਨ੍ਹਾਂ ਵਿਚ ਵੀਰੱਪਾ ਮੋਇਲੀ ਤੋਂ ਕਾਰਪੋਰੇਟ ਮਾਮਲਿਆਂ ਦਾ ਮਹਿਕਮਾ ਵਾਪਸ ਲੈ ਕੇ ਪੈਟਰੋਲੀਅਮ ਦੇ ਦਿੱਤਾ ਗਿਆ ਹੈ। ਜੈਪਾਲ ਰੈਡੀ ਤੋਂ ਪੈਟਰੋਲੀਅਮ ਵਿਭਾਗ ਲੈ ਕੇ ਵਿਗਿਆਨ ਤੇ ਤਕਨੀਕੀ ਵਿਭਾਗ ਦਿੱਤਾ ਗਿਆ ਹੈ। ਕਮਲ ਨਾਥ ਨੂੰ ਸੰਸਦੀ ਮਾਮਲੇ ਤੇ ਸ਼ਹਿਰੀ ਵਿਕਾਸ, ਵਾਈæ ਰਵੀ ਨੂੰ ਪਰਵਾਸੀ ਭਾਰਤੀ ਮਾਮਲਿਆਂ, ਕਪਿਲ ਸਿੱਬਲ ਨੂੰ ਸੰਚਾਰ ਤੇ ਆਈæਟੀæ, ਸੀæਪੀæ ਜੋਸ਼ੀ ਨੂੰ ਸੜਕੀ ਆਵਾਜਾਈ ਤੇ ਹਾਈਵੇਅ, ਕੁਮਾਰੀ ਸ਼ੈਲਜਾ ਨੂੰ ਸਮਾਜਿਕ ਨਿਆਂ, ਪਵਨ ਕੁਮਾਰ ਬਾਂਸਲ ਨੂੰ ਰੇਲ, ਸਲਮਾਨ ਖੁਰਸ਼ੀਦ ਨੂੰ ਵਿਦੇਸ਼ ਤੇ ਜੈਰਾਮ ਰਮੇਸ਼ ਨੂੰ ਪੇਂਡੂ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ।
ਇਸੇ ਨਾਲ ਰਾਜ ਮੰਤਰੀਆਂ ਜੋਯਤਿਰਾਦਿਤਿਆ ਸਿੰਧੀਆ ਨੂੰ ਬਿਜਲੀ, ਕੇæਐਚæ ਮੁਨੀਅੱਪਾ ਨੂੰ ਲਘੂ ਤੇ ਦਰਮਿਆਨੇ ਉੱਦਮ, ਭਰਤ ਸਿੰਘ ਸੋਲੰਕੀ ਨੂੰ ਪੀਣ ਵਾਲੇ ਪਾਣੀ ਤੇ ਸਫ਼ਾਈ, ਸਚਿਨ ਪਾਇਲਟ ਨੂੰ ਕਾਰਪੋਰੇਟ ਤੇ ਜਤਿੰਦਰ ਸਿੰਘ ਨੂੰ ਖੇਡ ਤੇ ਯੁਵਕ ਮਾਮਲਿਆਂ ਦਾ ਸੁਤੰਤਰ ਚਾਰਜ ਦਿੱਤਾ ਗਿਆ ਹੈ। ਐਨæਸੀæਪੀæ ਦੇ ਸੀਨੀਅਰ ਆਗੂ ਤਾਰਿਕ ਅਨਵਰ ਨੇ ਆਪਣੇ ਸਿਆਸੀ ਜੀਵਨ ਦੇ ਚਾਰ ਦਹਾਕਿਆਂ ਵਿਚ ਪਹਿਲੀ ਵਾਰੀ ਮੰਤਰੀ ਮੰਡਲ ਵਿਚ ਥਾਂ ਲਈ ਹੈ। 61 ਸਾਲਾ ਅਨਵਰ 1999 ਤੱਕ ਕਾਂਗਰਸ ਵਿਚ ਰਹੇ ਤੇ ਬਾਅਦ ਵਿਚ ਸ਼ਰਦ ਪਵਾਰ ਦੀ ਅਗਵਾਈ ਹੇਠ ਐਨਸੀਪੀ ਵਿਚ ਚਲੇ ਗਏ। ਉਹ ਇਸ ਵੇਲੇ ਰਾਜ ਸਭਾ ਮੈਂਬਰ ਹਨ।
ਇਸ ਦੌਰਾਨ ਕਾਂਗਰਸ ਨੇ ਪੱਛਮੀ ਬੰਗਾਲ ਵਿਚੋਂ ਤਿੰਨ ਮੰਤਰੀ ਲਏ ਹਨ ਜਿਨ੍ਹਾਂ ਵਿਚੋਂ ਦੋ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਿੱਖੇ ਵਿਰੋਧੀ ਹਨ। ਅਧੀਰ ਰੰਜਨ ਚੌਧਰੀ ਤੇ ਦੀਪਾ ਦਾਸ ਮੁਨਸ਼ੀ ਮਮਤਾ ਨੂੰ ਤਾਨਾਸ਼ਾਹ ਤੱਕ ਆਖ ਚੁੱਕੇ ਹਨ। ਮੰਤਰੀ ਮੰਡਲ ਵਿਚ ਹੋਏ ਤਾਜ਼ਾ ਫੇਰ ਬਦਲ ਵਿਚ ਮੱਧ ਪ੍ਰਦੇਸ਼ ਵਿਚੋਂ ਕਿਸੇ ਨੂੰ ਥਾਂ ਨਾ ਮਿਲਣ ‘ਤੇ ਕਾਂਗਰਸ ਦੇ ਜਨਰਲ ਸਕੱਤਰ ਦਿੱਗਵਿਜੈ ਸਿੰਘ ਕਾਫੀ ਨਿਰਾਸ਼ ਹਨ।
Leave a Reply