ਵਿਦਵਾਨ ਕਵੀ ਹਰਿਭਜਨ ਸਿੰਘ ਨੂੰ ਚੇਤੇ ਕਰਦਿਆਂ

ਗੁਲਜ਼ਾਰ ਸਿੰਘ ਸੰਧੂ
ਲੰਘੀ 18 ਅਗਸਤ ਨੂੰ ਪੰਜਾਬੀ ਕਵੀ, ਵਿਦਵਾਨ ਤੇ ਚਿੰਤਕ ਡਾ. ਹਰਿਭਜਨ ਸਿੰਘ ਨੇ ਸੌ ਵਰ੍ਹੇ ਦਾ ਹੋ ਜਾਣਾ ਸੀ। ਉਸ ਦੀ ਬਹੁਪੱਖੀ ਸ਼ਖਸੀਅਤ ਤੋਂ ਪੰਜਾਬੀ ਜਗਤ ਹੀ ਨਹੀਂ ਉਰਦੂ, ਫਾਰਸੀ ਤੇ ਹਿੰਦੀ ਦੇ ਮਾਹਿਰ ਵੀ ਪ੍ਰਭਾਵਿਤ ਸਨ। ਮੈਨੂੰ ਦਿੱਲੀ ਰਹਿੰਦਿਆਂ ਤਿੰਨ ਦਹਾਕੇ ਉਸ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ। ਮੈਂ 1980 ਵਿਚ ਬਰਤਾਨੀਆਂ ਵਿਚ ਹੋਈ ਇੱਕ ਘਟਨਾ ਦਾ ਜ਼ਿਕਰ ਕਰਕੇ ਹੋਰ ਗੱਲਾਂ ਕਰਾਂਗਾ। ਉਸ ਵਰ੍ਹੇ ਦੇ ਜੂਨ ਮਹੀਨੇ ਰਣਜੀਤ ਧੀਰ ਤੇ ਉਸ ਦੇ ਸਾਥੀਆਂ ਨੇ ਬਰਤਾਨੀਆ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਦਾ ਪ੍ਰਬੰਧ ਕੀਤਾ ਸੀ। ਹਰਿਭਜਨ ਸਿੰਘ ਭਾਰਤ ਤੋਂ ਜਾਣ ਵਾਲੇ ਉਸ ਟੋਲੇ ਦਾ ਮੈਂਬਰ ਸੀ, ਜਿਸ ਵਿਚ ਹੋਰਨਾਂ ਤੋਂ ਬਿਨਾ ਸੋਹਣ ਸਿੰਘ ਜੋਸ਼, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਦਲੀਪ ਕੌਰ ਟਿਵਾਣਾ ਤੇ ਸੋਹਣ ਸਿੰਘ ਮੀਸ਼ਾ ਵੀ ਸ਼ਾਮਲ ਸਨ। ਮੈਂ ਆਪਣੀ ਅਮਰੀਕਾ ਫੇਰੀ ਤੋਂ ਵਾਪਸੀ ਸਮੇਂ ਉਨ੍ਹਾਂ ਵਿਚ ਆ ਰਲਿਆ ਸਾਂ। ਉਦੋਂ ਅਸੀਂ ਸਾਰੇ ਹੀ ਪਹਿਲੀ ਵਾਰ ਬਰਤਾਨੀਆ ਗਏ ਸਾਂ।

ਉਹ ਕਾਨਫਰੰਸ ਪੂਰੇ ਦੋ ਹਫਤੇ ਚੱਲੀ। ਉਨ੍ਹਾਂ ਨੇ ਸਾਨੂੰ ਉਥੋਂ ਦੇ ਸ਼ਹਿਰ ਤੇ ਕਸਬੇ ਹੀ ਨਹੀਂ ਵਿਖਾਏ, ਅੰਗਰੇਜ਼ੀ ਸਾਹਿਤਕਾਰਾਂ ਤੇ ਸ਼ੇਕਸਪੀਅਰ, ਚਾਰਲਸ ਡਿਕਨਜ, ਬਰਾਇਨ, ਕੀਟਸ ਤੇ ਥਾਮਸ ਹਾਰਡੀ ਦੇ ਘਰ ਘਾਟ ਤੇ ਟਿਕਾਣੇ ਵੀ ਦਿਖਾਏ, ਜਿੱਥੇ ਉਹ ਵਿਚਰਦੇ ਰਹੇ ਸਨ।
ਪ੍ਰਬੰਧਕਾਂ ਨੇ ਸਾਡੇ ਲਈ ਇੱਕ ਬੱਸ ਕਿਰਾਏ ਉਤੇ ਲੈ ਰੱਖੀ ਸੀ ਤੇ ਖੁਦ ਆਪੋ ਆਪਣੀਆਂ ਗੱਡੀਆਂ ਵਿਚ ਮਿਥੇ ਸਥਾਨ ਉਤੇ ਪਹੁੰਚ ਜਾਂਦੇ ਸਨ। ਇੱਕ ਸ਼ਹਿਰ ਵਿਚ ਦੋ ਦਿਨ ਰਹਿ ਕੇ ਤੀਜੇ ਦਿਨ ਅਗਲੇ ਸ਼ਹਿਰ ਨੂੰ ਤੁਰਨਾ ਆਮ ਸੀ। ਰਹਿਣ ਦਾ ਪ੍ਰਬੰਧ ਨਿਜੀ ਘਰਾਂ ਤੇ ਹੋਟਲਾਂ ਤੋਂ ਬਿਨਾ ਗੁਰਦੁਆਰਿਆਂ ਵਿਚ ਕੀਤਾ ਹੋਇਆ ਸੀ-ਰਾਮਗੜ੍ਹੀਆ, ਨਾਮਧਾਰੀ ਤੇ ਸਿੰਘ ਸਭਾ ਗੁਰਦੁਆਰਿਆਂ ਸਮੇਤ। ਦਿਨ ਵੇਲੇ ਸਾਹਿਤਕ ਗੋਸ਼ਟੀਆਂ ਹੁੰਦੀਆਂ ਤੇ ਰਾਤ ਨੂੰ ਕਵੀ ਦਰਬਾਰ ਜਾਂ ਗੀਤ ਸੰਗੀਤ।
ਇੱਕ ਦਿਨ ਸੂਫੀ ਕਵੀਆਂ ਦੀ ਦੇਣ ਉਤੇ ਚਰਚਾ ਹੋਈ। ਇਸ ਦਾ ਪ੍ਰਬੰਧ ਮਾਨਚੈਸਟਰ ਸ਼ਹਿਰ ਦੀ ਵੱਡੀ ਮਸਜਿਦ ਵਿਚ ਉਥੋਂ ਦੀ ਮੁਸਲਿਮ ਵਸੋਂ ਵੱਲੋਂ ਕੀਤਾ ਗਿਆ ਸੀ। ਨਿਸ਼ਚੇ ਹੀ ਸ਼ਿਰਕਤ ਕਰਨ ਵਾਲਿਆਂ ਵਿਚ ਉਰਦੂ ਫਾਰਸੀ ਦੇ ਮੁਸਲਿਮ ਆਲਮ ਫਾਜ਼ਲ ਵੀ ਸ਼ਾਮਲ ਸਨ।
ਉਨ੍ਹਾਂ ਨੇ ਸੂਫੀ ਕਵੀਆਂ ਤੇ ਸੂਫੀ ਮੱਤ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰਨ ਤੋਂ ਪਿੱਛੋਂ ਸਾਡੇ ਕੋਲੋਂ ਮੰਗ ਕੀਤੀ, ਅਸੀਂ ਵੀ ਕੁਝ ਕਹੀਏ। ਸੰਤ ਸਿੰਘ ਸੇਖੋਂ ਨੇ ਮੌਕਾ ਸੰਭਾਲਦਿਆਂ ਹਰਿਭਜਨ ਸਿੰਘ ਨੂੰ ਬੋਲਣ ਲਈ ਕਿਹਾ। ਮੈਨੂੰ ਕੱਲ ਵਾਂਗ ਚੇਤੇ ਹੈ ਕਿ ਹਰਿਭਜਨ ਸਿੰਘ ਨੇ ਸੰਸਾਰ ਸੂਫੀ ਮੱਤ ਦੀਆਂ ਮੁੱਖ ਧਾਰਨਾਵਾਂ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਦੇ ਕਲਾਮ ਦੀਆਂ ਟੂਕਾਂ ਨਾਲ ਸ਼ਿੰਗਾਰ ਕੇ ਏਦਾਂ ਪੇਸ਼ ਕੀਤਾ ਕਿ ਮੁਸਲਿਮ ਬੁਲਾਰੇ ਤੇ ਵਿਦਵਾਨ ਵੀ ਵਾਹ ਵਾਹ ਕਰਨੋਂ ਨਾ ਰਹਿ ਸਕੇ।
ਹਰਿਭਜਨ ਸਿੰਘ ਦਾ ਉਰਦੂ ਉਚਾਰਨ ਤੇ ਪੇਸ਼ਕਾਰੀ ਏਨੀ ਪ੍ਰਭਾਵੀ ਸੀ ਕਿ ਸੰਤ ਸਿੰਘ ਸੇਖੋਂ ਦੇ ਮੂੰਹੋਂ ਸੁੱਤੇ ਸਿੱਧ ਹੀ ‘ਦੇਖਿਆ ਸਾਡਾ ਹਰਿਭਜਨ ਸਿੰਘ’ ਨਿਕਲ ਗਿਆ ਸੀ ਅਤੇ ਸਾਰੇ ਦਾ ਸਾਰਾ ਮਾਹੌਲ ਤਾਲੀਆਂ ਨਾਲ ਗੂੰਜ ਉਠਿਆ, ਮਸਜਿਦ ਦੇ ਗੁੰਬਦਾਂ ਸਮੇਤ।
ਅੱਜ ਇਹ ਸਤਰਾਂ ਲਿਖਦੇ ਸਮੇਂ ਮੇਰੇ ਸਾਹਮਣੇ ਹਰਿਭਜਨ ਸਿੰਘ ਦੀ ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਦੇਣ ਬਾਰੇ ਲਿਖੀ ‘ਅਲਵਿਦਾ ਤੋਂ ਬਾਅਦ’ ਰਵੀ ਸਾਹਿਤ ਪ੍ਰਕਾਸ਼ਨ, ਪੰਨੇ 280, ਮੁੱਲ 400 ਰੁਪਏ ਨਾਂ ਦੀ ਪੁਸਤਕ ਪਈ ਹੈ। ਇਸ ਦੇ ਲੇਖਕ ਜਗਤਾਰਜੀਤ ਸਿੰਘ ਨੇ ਹਰਿਭਜਨ ਸਿੰਘ ਨਾਲ ਹੋਈਆਂ ਰਸਮੀ ਤੇ ਗੈਰ-ਰਸਮੀ ਮੁਲਾਕਾਤਾਂ, ਗੱਲਾਂ ਤੇ ਘਟਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕੀਤਾ ਹੈ। ਹਾਲ ਹੀ ਵਿਚ ਛਪੀ ਇਸ ਪੁਸਤਕ ਵਿਚ ਹਰਿਭਜਨ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਦੇ 70 ਪੰਨਿਆਂ ਤੋਂ ਬਿਨਾ ‘ਮੋਹਨ ਤੇਰੇ ਉਚੇ ਮੰਦਰ ਮਹਲ ਅਪਾਰਾ’, ‘ਓਮੀ ਸਾਧੁ ਨਾ ਮਾਰੀਐ’, ‘ਹਰਿ ਜੀਓ ਅਹੰਕਾਰ ਨਾ ਭਾਵਈ’, ‘ਰਾਜ ਦਾ ਸਿੱਖ ਸੰਕਲਪ’ ਅਤੇ ‘ਨਮੋ ਵੇਦ ਵੇ ਦੇ ਨਾਂ’ ਲੇਖ ਵੀ ਹਨ ਤੇ ਹਰਿਭਜਨ ਸਿੰਘ ਦੀ ਮੁਢਲੀ ਸਾਹਿਤਕ ਯਾਤਰਾ, ਵਿਦਿਆਰਥੀ ਕਾਲ, ਖੋਜ ਕਾਰਜ, ਸਾਹਿਤ ਅਕਾਦਮੀ ਦੀ ਫੈਲੋਸ਼ਿਪ ਸਮੇਤ ਰਾਜ ਸਭਾ ਦੀ ਮੈਂਬਰਸ਼ਿਪ ਵਾਲੇ ਨਾਲ ਸਬੰਧਤ ਉਹ ਲੇਖ ਤੇ ਟਿੱਪਣੀਆਂ ਵੀ, ਜਿਨ੍ਹਾਂ ਨੂੰ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਇਨ੍ਹਾਂ ਵਿਚ ਗਿਆਨ ਵਿਗਿਆਨ ਵੀ ਹੈ, ਹਰਿਭਜਨ ਸਿੰਘ ਦੇ ਜੀਵਨ ਦਾ ਘਟਨਾਕ੍ਰਮ ਵੀ ਅਤੇ ਉਸ ਦੇ ਧੁਰ ਅੰਦਰ ਵਸੀ ਹੋਈ ਵਿਦਵਤਾ ਤੇ ਚਿੰਤਨ ਦਾ ਅਕਸ ਵੀ।
ਜਗਤਾਰਜੀਤ ਆਪਣਾ ਖਿਰਾਜ-ਏ-ਅਕੀਦਤ ਹਰਿਭਜਨ ਸਿੰਘ ਨਾਲ ਹੋਈ ਉਸ ਮੁਲਾਕਾਤ ਨਾਲ ਖਤਮ ਕਰਦਾ ਹੈ, ਜੋ ਉਸ ਨੇ ਹਰਿਭਜਨ ਸਿੰਘ ਦੇ ਅਕਾਲ ਚਲਾਣੇ ਤੋਂ ਇਕ ਦਿਨ ਪਹਿਲਾਂ ਕੀਤਾ ਸੀ। ਉਦੋਂ ਜਦ ਹਰਿਭਜਨ ਸਿੰਘ ਕੋਲ ਕੁਝ ਕਹਿਣ ਦੀ ਹਿੰਮਤ ਨਹੀਂ ਸੀ।
ਜਗਤਾਰਜੀਤ ਸਿੰਘ ਲਿਖਦਾ ਹੈ ਕਿ ਜਿਹੜੇ ਪੰਦਰਾਂ ਕੁ ਮਿੰਟ ਉਹ ਆਪਣੇ ਗੁਰੂ ਕੋਲ ਬੈਠਿਆ, ਮਾਹੌਲ ਦੀ ਸ਼ਾਂਤੀ ਤੇ ਚੁੱਪ ਦੀ ਖਾਨਾਪੂਰਤੀ ਸਿਰਫ ਘੜੀ ਦੀ ਟਿਕ ਟਿਕ ਨੇ ਹੀ ਕੀਤੀ। ਜਦੋਂ ਹਰਿਭਜਨ ਸਿੰਘ ਨੇ ਪਾਸਾ ਪਰਤ ਕੇ ਅੱਖਾਂ ਖੋਲ੍ਹੀਆਂ ਤਾਂ ਜਗਤਾਰਜੀਤ ਨੇ ਵਿਦਾ ਮੰਗਣ ਦਾ ਇਸ਼ਾਰਾ ਕੀਤਾ। ਹਰਿਭਜਨ ਸਿੰਘ ਨੇ ਸਿਰਹਾਣੇ ਟਿਕੇ ਸਿਰ ਨੂੰ ਕੂਹਣੀ ਦਾ ਸਹਾਰਾ ਦੇ ਕੇ ਹਾਂ ਦੀ ਮੁਦਰਾ ਬਣਾਈ ਤੇ ਆਪਣਾ ਹੱਥ ਵੀ ਏਸ ਹੀ ਮੁਦਰਾ ਵਿਚ ਹਲਕਾ ਜਿਹਾ ਹਿਲਾਇਆ। ਜਗਤਾਰਜੀਤ ਹਿਲਦੇ ਹੱਥ ਦੀ ਮੁਦਰਾ ਦੇਖਦੇ ਦੇਖਦੇ ਘਰੋਂ ਬਾਹਰ ਹੋ ਗਿਆ। ‘ਅਲਵਿਦਾ ਤੋਂ ਬਾਅਦ’ ਉਹਦੇ ਵਲੋਂ ਆਪਣੇ ਗੁਰੂ ਨੂੰ ਸ਼ਰਧਾਂਜਲੀ ਹੈ। ਵਧੀਆ!
ਮਿੱਤਰਾਂ ਦਾ ਮਿੱਤਰ ਪ੍ਰਣਬ ਮੁਖਰਜੀ: ਤਿੰਨ ਦਹਾਕੇ ਤੋਂ ਵੱਧ ਦਿੱਲੀ ਰਿਹਾ ਹੋਣ ਸਦਕਾ ਮੇਰੀ ਗਿਆਨੀ ਜੈਲ ਸਿੰਘ, ਇੰਦਰ ਕੁਮਾਰ ਗੁਜਰਾਲ, ਡਾ. ਮਨਮੋਹਨ ਸਿੰਘ ਜਿਹੀਆਂ ਹਸਤੀਆਂ ਨਾਲ ਥੋੜ੍ਹੀ-ਬਹੁਤ ਨੇੜਤਾ ਰਹੀ ਹੈ। ਜਿਨ੍ਹਾਂ ਦੋ ਨੇਤਾਵਾਂ ਨੂੰ ਸਭ ਤੋਂ ਵੱਧ ਦੇਖਿਆ, ਪਰ ਸਾਬ੍ਹ-ਸਲਾਮ ਤੋਂ ਅੱਗੇ ਨਹੀਂ ਰਮਿਆ, ਉਹ ਚੌਧਰੀ ਚਰਨ ਸਿੰਘ ਤੇ ਪ੍ਰਣਬ ਮੁਖਰਜੀ ਸਨ। ਚੌਧਰੀ ਸਾਹਿਬ ਲੋਧੀ ਗਾਰਡਨ ਵਿਚ ਸੈਰ ਕਰਦਿਆਂ ਹਥਲੀ ਖੂੰਡੀ ਵਾਲਾ ਹੱਥ ਉਚਾ ਕਰਕੇ ਨਿਵਾਜਦੇ ਸਨ ਤੇ ਪ੍ਰਣਬ ਮੁਖਰਜੀ ਭਾਰਤੀ ਨਗਰ ਵਿਚ ਰਹਿੰਦੇ ਭਾਸਕਰ ਘੋਸ਼ ਆਈ. ਏ. ਐਸ਼ ਨੂੰ ਮਿਲਣ ਆਇਆਂ ਮੁਸਕਰਾ ਕੇ ਸਲਾਮ ਕਬੂਲ ਕਰਦੇ ਸਨ। ਭਾਸਕਰ ਤੇ ਉਨ੍ਹਾਂ ਦੀ ਪਤਨੀ ਚਿਤਰਾ ਦੇ ਘਰ ਦਾ ਪ੍ਰਮੁੱਖ ਦਰਵਾਜਾ ਸਾਡੇ ਦਰਵਾਜੇ ਦੇ ਸਾਹਮਣੇ ਵਾਲਾ ਸੀ। ਹੁਣ 35 ਵਰ੍ਹਿਆਂ ਪਿੱਛੋਂ ਪ੍ਰਣਬ ਮੁਖਰਜੀ ਦੀ ਸਿਹਤ ਨੇ ਸਾਨੂੰ ਮੁੜ ਭਾਸਕਰ ਪਰਿਵਾਰ ਨਾਲ ਮਿਲਾ ਦਿੱਤਾ ਹੈ। ਪ੍ਰਣਬ ਮੁਖਰਜੀ ਦੇ ਚਲਾਣੇ ‘ਤੇ ਬੇਹਦ ਅਫਸੋਸ ਹੈ।
ਅੰਤਿਕਾ: ਹਰਿਭਜਨ ਸਿੰਘ
ਆਪਣੇ ਘਰ ਵਿਚ ਬੇਘਰ ਹੋ ਕੇ ਰਹਿਣਾ ਹੈ
ਦੇਸ਼ਾਂ ਵਿਚ ਪਰਦੇਸਾਂ ਦਾ ਦੁੱਖ ਸਹਿਣਾ ਹੈ।
ਆਪਣੇ ਮੂੰਹ ‘ਤੇ ਆਪੇ ਤਾਲਾ ਜੜ’ਲਾਂਗੇ
ਕੀ ਕਰੀਏ ਜੇ ਖਾਮੋਸ਼ੀ ਕੁਝ ਕਹਿਣਾ ਹੈ।
ਕੱਖ ਕਾਣ ਰੁੜ੍ਹ ਜਾਣਾ ਹੈ, ਰੁੜ੍ਹ ਜਾਵੇਗਾ
ਦਰਿਆ ਨੇ ਤਾਂ ਦਰਿਆ ਵਾਂਗੂ ਵਹਿਣਾ ਹੈ।