ਭੂਸ਼ਨ ਧਿਆਨਪੁਰੀ

ਹਰਪਾਲ ਸਿੰਘ ਪੰਨੂ
ਰੋਪੜ ਸ਼ਹਿਰ ਵਿਚ ਉਸ ਦਾ ਘਰ ਸੀ, ਉਥੇ ਹੀ ਸਰਕਾਰੀ ਕਾਲਜ ਵਿਚ ਅਧਿਆਪਕ। ਕੰਟਰੋਲਰ ਦਾ ਫੋਨ ਮੈਨੂੰ ਆਉਂਦਾ, “ਪ੍ਰੀਖਿਆ ਕੇਂਦਰ ਦੀ ਚੈਕਿੰਗ ਵਾਸਤੇ ਜਾਣਾ ਪਵੇਗਾ ਪੰਨੂ ਸਾਹਿਬ। ਕਿਧਰ ਭੇਜੀਏ?”

ਮੈਂ ਆਖ ਦਿੰਦਾ, “ਜੀ ਆਨੰਦਪੁਰ ਸਾਹਿਬ ਮੱਥਾ ਟੇਕ ਆਊਂਗਾ, ਨਾਲੇ ਭੂਸ਼ਨ ਨੂੰ ਮਿਲ ਆਊਂਗਾ, ਇਸ ਤਰ੍ਹਾਂ ਡਿਊਟੀ ਵੀ ਹੋ ਜਾਊ।”
ਭੂਸ਼ਨ ਨੂੰ ਮੈਂ ਫਲਾਇੰਗ ਸਕੂਐਡ ਦੇ ਮੈਂਬਰ ਵਜੋਂ ਟੀਮ ਵਿਚ ਪਾ ਲੈਂਦਾ। ਦੋ ਤਿੰਨ ਕਾਲਜ ਚੈਕ ਕਰ ਲੈਂਦੇ। ਉਹਦੀਆਂ ਗੱਲਾਂ ਸੁਣਦਾ ਸੁਣਦਾ ਅਕਸਰ ਮੈਂ ਸੋਚਦਾ, ਮੇਰੇ ਕੋਲੋਂ ਇਸ ਤਰ੍ਹਾਂ ਦੀ ਗੱਲ ਕਿਉਂ ਨਹੀਂ ਹੁੰਦੀ? ਉਹ ਨਹੀਂ ਰਿਹਾ, ਚਲੋ ਫੇਰ ਕੀ ਹੋਇਆ! ਉਸ ਦੀ ਮਹਿਕ ਭਰੀ ਤਾਜ਼ਗੀ ਮੇਰੇ ਆਲੇ-ਦੁਆਲੇ ਮੰਡਰਾ ਰਹੀ ਹੈ। ਗੱਲ ਕਰਨ ਦੀ ਹੀ ਨਹੀਂ, ਉਸ ਨੂੰ ਗੱਲ ਸੁਣਨ ਦੀ ਵੀ ਜਾਚ ਸੀ। ਮੈਂ ਉਸ ਨੂੰ ਜਨਮ ਸਾਖੀਆਂ ਸਣਾਉਂਦਾ। ਇੱਕ ਵਾਕ ਆਇਆ, ਭੈਣ ਦਾ ਸੁਨੇਹਾ ਮਿਲਿਆ ਤਾਂ ਮਿਲਣ ਵਾਸਤੇ ਬਾਬਾ ਜੀ ਮੋਦੀਖਾਨੇ ਤੋਂ ਘਰ ਵੱਲ ਤੁਰ ਪਏ। ਰਸਤੇ ਵਿਚ ਹੱਟੀ ਆਈ ਤਾ ਖਿਆਲ ਆਇਆ, ਭੈਣ ਘਰ ਚੱਲਿਆ ਹਾਂ, ਖਾਲੀ ਨਹੀਂ ਜਾਣਾ ਚਾਹੀਦਾ। ਝੋਲੀ ਵਿਚ ਪਤਾਸੇ ਪਵਾਏ। ਚੱਲ ਪਏ।
ਮੈਂ ਪੁੱਛਿਆ, “ਭੂਸ਼ਨ ਸਾਹਿਬ, ਅਸੀਂ ਮਲਵਈ, ਕਮੀਜ ਦੇ ਅਗਲੇ ਲਮਕਦੇ ਹਿੱਸੇ ਵਿਚ ਚੀਜ ਪਵਾਉਣ ਨੂੰ ਝੋਲੀ ਆਖਦੇ ਹਾਂ। ਕੀ ਮਹਾਰਾਜ ਕਮੀਜ ਦੀ ਝੋਲੀ ਵਿਚ ਪਤਾਸੇ ਪੁਆ ਕੇ ਗਏ ਸਨ?”
ਭੂਸ਼ਨ ਨੇ ਕਿਹਾ, “ਨਹੀਂ, ਮੋਢੇ ਉਪਰਲੇ ਪਰਨੇ ਵਿਚ ਚੀਜ ਵਸਤ ਪਵਾਈ ਜਾਏ, ਉਹ ਵੀ ਝੋਲੀ ਹੁੰਦੀ ਹੈ। ਭੱਠੀ ਤੇ ਦਾਣੇ ਭੁਨਾਉਣ ਵਾਸਤੇ ਇਹੋ ਪਰਨੇ ਦੀ ਝੋਲੀ ਲਿਜਾਈਦੀ ਹੈ। ਮਾਂ ਸੰਤਾਨ ਦੀ ਸਲਾਮਤੀ ਵਾਸਤੇ ਰੱਬ ਅੱਗੇ ਚੁੰਨੀ ਦਾ ਪੱਲਾ ਅੱਡਦੀ ਹੈ, ਉਹ ਉਸ ਦੀ ਝੋਲੀ ਹੈ।”
ਇੱਕ ਦਿਨ ਦੂਜੀ ਸਾਖੀ ਸੁਣਾਈ। ਪਹਿਲੀ ਉਦਾਸੀ ਬਾਅਦ ਜਦੋਂ ਵਾਪਸ ਸੁਲਤਾਨਪੁਰ ਪਰਤੇ ਤਾਂ ਬੇਬੇ ਨਾਨਕੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਆਪਣਾ ਬਾਬਾ ਤਾਂ ਅਤੀਤ ਪੁਰਖ ਆ। ਭਾਈ ਤੂੰ ਮੇਰੇ ਵਰਗਾ ਈ ਐਂ। ਬਾਬੇ ਨੂੰ ਪੀਣ ਦਾ, ਨਾ ਖਾਣ ਦਾ, ਨਾ ਪਹਿਨਣ ਦਾ ਸ਼ੌਕ। ਤੂੰ ਦੱਸ। ਏਡੀ ਮੁੱਦਤ ਬਾਹਰ ਬਿਤਾਈ, ਖਾਣਾ ਕੀ ਐ, ਪੀਣਾ ਕੀ ਐ, ਪਹਿਨਣਾ ਕੀ ਐ, ਮੈਨੂੰ ਦੱਸ, ਮੈ ਤੇਰੇ ਦਿਲ ਦੀ ਇੱਛਾ ਪੂਰੀ ਕਰਾਂਗੀ!
ਭਾਈ ਮਰਦਾਨੇ ਨੇ ਕਿਹਾ, ਜੇ ਮਿਹਰਬਾਨ ਹੋਈ ਹੈ ਭੈਣ ਤਾਂ ਨਵੀਂ ਰਬਾਬ ਖਰੀਦ ਕੇ ਦੇਹ, ਇਹ ਪੁਰਾਣੀ ਹੋ ਗਈ ਐ, ਮਹਾਰਾਜ ਦੀ ਅਵਾਜ਼ ਦਾ ਸਾਥ ਨਹੀਂ ਦਿੰਦੀ ਠੀਕ ਤਰ੍ਹਾਂ।
ਸੁਣ ਕੇ ਭੂਸ਼ਨ ਮੁਸਕਰਾਇਆ, ਕਹਿਣ ਲੱਗਾ, “ਪਤੈ ਭਾਈ ਮਰਦਾਨਾ ਜੀ ਦੇ ਇਸ ਵਾਕ ਦਾ ਅਰਥ? ਵੱਡੇ ਮਹਾਪੁਰਖ ਗੱਲ ਸਿੱਧੀ ਨਹੀਂ ਕਰਿਆ ਕਰਦੇ ਵੱਡਿਆਂ ਨਾਲ। ਇਸ਼ਾਰਿਆਂ ਨਾਲ ਸਮਝਾ ਦਿੰਦੇ ਹਨ। ਭਾਈ ਮਰਦਾਨਾ ਜੀ ਨੇ ਖਾਣ, ਪੀਣ, ਪਹਿਨਣ ਦੀ ਥਾਂ ਰਬਾਬ ਦੀ ਮੰਗ ਕੀਤੀ। ਬੀਬੀ ਸਮਝ ਗਈ, ਭਾਈ ਮਰਦਾਨਾ ਜੀ ਬਾਬਾ ਜੀ ਵਰਗੇ ਹੋ ਗਏ ਹਨ। ਸਮਝ ਗਈ ਕਿ ਇਹ ਫਿਰ ਜਾਣਗੇ, ਘਰ ਨਹੀਂ ਰਹਿਣਗੇ। ਇਸੇ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਦੇ ਹਨ, ਸੰਸਾਰ ਦੇ ਮਾਲਕ।”
ਮੇਰੇ ਘਰ ਆ ਗਏ, ਦੇਰ ਰਾਤ ਤੱਕ ਗੱਲਾਂ ਹੁੰਦੀਆ ਰਹੀਆਂ। ਮੇਰੀ ਬੀਵੀ ਸੌਂ ਕੇ ਜਾਗ ਪਈ। ਕਹਿੰਦੀ, ਸੋਇਆ ਨਹੀਂ ਜਾਂਦਾ ਤੁਹਾਡੇ ਤੋਂ ਹੁਣ? ਭੂਸ਼ਨ ਨੇ ਕਿਹਾ, “ਹਲਵਾਈ ਦੇ ਨੌਕਰ ਆਪਸ ਵਿਚ ਲੜ ਪਏ। ਇੱਕ ਨੇ ਦੂਜੇ ਉਪਰ ਜਲੇਬੀਆ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੂਜੇ ਨੇ ਲੱਡੂ ਮਾਰਨੇ ਸ਼ੁਰੂ ਕਰ ਦਿੱਤੇ। ਹਲਵਾਈ ਨੇ ਮਸਾਂ ਹਟਾਏ। ਲੜਾਈ ਨੌਕਰਾਂ ਦੀ, ਤਬਾਹੀ ਮਾਲਕਾਂ ਦੀ। ਠੀਕ ਐ ਭਾਈ! ਆਪਾਂ ਲੱਡੂ-ਜਲੇਬੀਆਂ ਮਾਰਨੋਂ ਹਟ ਕੇ ਸੌਂ ਜਾਈਏ ਹੁਣ।”
ਇੱਕ ਵਾਰ ਭੂਸ਼ਨ ਨੇ ਦੱਸਿਆ, “ਮੈਂ ਕਾਲਜ ਦੀ ਡਿਊਟੀ ਕਰਕੇ ਘਰ ਵੱਲ ਆ ਰਿਹਾ ਸਾਂ ਤਾਂ ਤਿੰਨ ਸਿੱਖ ਜੁਆਨ ਪਿੱਛੇ ਪਿੱਛੇ ਤੁਰੇ ਆਉਂਦੇ ਦੇਖੇ। ਦੋ ਤਿੰਨ ਵਾਰ ਗਰਦਨ ਘੁਮਾਈ, ਆ ਰਹੇ ਸਨ! ਅੰਦਰ ਲੰਘਿਆ, ਘਰ ਅੰਦਰ ਆ ਗਏ, ਇੱਕ ਨੇ ਕਿਹਾ, ਕੁਝ ਦਿਨ ਰਹਾਂਗੇ ਪ੍ਰੋਫੈਸਰ ਸਾਬ। ਚਿੰਤਾ ਨਾ ਕਰਿਉ! ਬਸ ਰਹਿਣਾ ਹੈ, ਜੋ ਸਾਦੀ ਦਾਲ-ਰੋਟੀ ਤੁਸੀ ਖਾਂਦੇ ਹੋ, ਉਹੀ ਅਸੀ ਖਾ ਲਿਆ ਕਰਾਂਗੇ। ਸਾਰਾ ਘਰ ਤਣਾਉ ਵਿਚ ਘਿਰ ਗਿਆ। ਲੰਗਰ ਪਾਣੀ ਛਕਾਇਆ। ਆਖਰ ਘਰ ਵਿਚ ਮੈਂ ਵੱਡਾ ਸਾਂ, ਸੋ ਚੁੱਪ ਦੀ ਖੜੋਤ ਤੋੜਨੀ ਸੀ, ਰਸਤਾ ਕੱਢਣਾ ਸੀ ਕੋਈ। ਛੱਡਣ ਭਾਵੇਂ ਮਾਰਨ, ਇਨ੍ਹਾਂ ਦੀ ਮਰਜੀ, ਫਿਰ ਵੀ ਗੱਲਬਾਤ ਤਾਂ ਤੋਰੀਏ।
ਉਨ੍ਹਾਂ ਕੋਲ ਜਾ ਕੇ ਬੈਠ ਗਿਆ, ਪੁੱਛਿਆ, ਸਾਡੇ ਘਰ ਚਰਨ ਪਾਏ, ਸੇਵਾ ਮਿਲੀ, ਇਹ ਠੀਕ ਪਰ ਬਾਬਿਓ ਮੇਰਾ ਘਰ ਹੀ ਤੁਸੀਂ ਕਿਉਂ ਚੁਣਿਆ, ਕੁਝ ਪਤਾ ਲੱਗੇ? ਇੱਕ ਨੇ ਕਿਹਾ, ਜੀ ਮੈਂ ਬੀ. ਏ. ਵਿਚ ਤੁਹਾਡੇ ਕੋਲੋ ਪੜ੍ਹਿਆ ਹਾਂ ਸਰ। ਮੇਰਾ ਨਾਮ ਇਹ ਹੈ। ਸਾਨੂੰ ਹੋਰ ਕਿਸੇ ‘ਤੇ ਇਤਬਾਰ ਨਹੀਂ ਸੀ, ਸੋ ਤੁਹਾਡੇ ਕੋਲ ਆ ਗਏ। ਘਰ ਵਿਚ ਸਹਿਜ ਵਰਤ ਗਿਆ। ਮੇਰੇ ਵਿਦਿਆਰਥੀ ਆਏ ਨੇ ਠੀਕ ਐ ਸਭ। ਗੱਲਾਂ ਕਰਦਿਆਂ ਅਗਲੇ ਦਿਨ ਮੈਂ ਪੁੱਛਿਆ, ਖਾਲਿਸਤਾਨ ਤਾਂ ਬਣਨਾ ਈ ਬਣਨਾ ਹੁਣ। ਇੱਕ ਗੱਲ ਦੱਸੋ, ਸਾਰੇ ਹਿੰਦੂਆਂ ਨੂੰ ਮਾਰ ਦਿਉਗੇ ਕਿ ਭੱਜ ਜਾਣ ਦੀ ਵੀ ਆਗਿਆ ਮਿਲੇਗੀ ਕਿਸੇ ਨੂੰ? ਉਤਰ ਮਿਲਿਆ, ਨਾ ਮਾਰਾਂਗੇ, ਨਾ ਭੱਜ ਕੇ ਜਾਣ ਦਿਆਂਗੇ। ਖਾਲਿਸਤਾਨ ਵਿਚ ਹਿੰਦੂ ਨਾ ਰਹੇ ਤਾਂ ਰਾਜ ਕੀਹਦੇ ‘ਤੇ ਕਰਾਂਗੇ ਅਸੀਂ?
ਕਵਿਤਾ ਦੀ ਇੱਕ ਟੁਕੜੀ ਜ਼ਬਾਨੀ ਯਾਦ ਹੈ। ਮੇਰੇ ਕੋਲ ਕਿਤਾਬ ਪਈ ਹੈ, ਉਸ ਦੀ। ਕਿਤਾਬ ਛੂਹਣ ਨੂੰ ਹਾਲੇ ਦਿਲ ਨਹੀ ਕਰਦਾ। ਕੁਝ ਦਿਨ ਲੱਗਣਗੇ ਫਿਰ ਕਿਤਾਬ ਚੁੱਕਾਂਗਾ,
ਚੋਰੀ ਕਰਦਿਆਂ ਆ ਗਿਆ ਚੋਰ ਕਾਬੂ,
ਕੰਮ ਰੋਜ ਦਾ ਸੀ, ਆਖਰ ਫਸਣਾ ਸੀ।
ਫੜ ਕੇ ਫੇਰਿਆ ਪੁਲਿਸ ਨੇ ਖੂਬ ਡੰਡਾ,
ਹਵਾਲਾਤ ਵਿਚੋਂ ਕਿੱਥੇ ਨੱਸਣਾ ਸੀ!
ਜੇ ਨਾ ਚੋਰ ਦੀ ਚੋਰ ਇਮਦਾਦ ਕਰਦੇ,
ਚੋਰ ਸਾਧ ਬਣ ਕੇ ਸੁਖੀ ਵੱਸਣਾ ਸੀ।
ਠਾਣੇਦਾਰ ਸਿਫਾਰਸ਼ਾਂ ਦੇਖ ਕਹਿੰਦਾ,
ਸਾਨੂੰ ਕਮਲਿਆ ਤੂੰ ਪਹਿਲਾਂ ਦੱਸਣਾ ਸੀ।
ਭੂਸ਼ਨ ਨੇ ਵਾਰਤਕ ਦੀ ਜੋ ਵਿਧੀ ਚਲਾਈ, ਉਹ ਮੈਨੂੰ ਪਸੰਦ ਨਹੀਂ ਆਈ। ਕਵਿਤਾ ਕਵਿਤਾ ਹੈ, ਵਾਰਤਕ ਵਾਰਤਕ। ਫੋਨ ‘ਤੇ ਕਦੀ ਗੱਲ ਹੁੰਦੀ, ਉਸ ਦੀ ਇੱਛਾ ਸੀ, ਮੈਂ ਉਸ ਦੀ ਵਾਰਤਕ ਸ਼ੈਲੀ ਉਪਰ ਟਿੱਪਣੀ ਕਰਾਂ। ਜੇ ਮੈਨੂੰ ਚੰਗੀ ਲੱਗੀ ਹੁੰਦੀ ਯਕੀਨਨ ਦਾਦ ਦਿੰਦਾ! ਮੈਂ ਉਸ ਵਿਚ ਦਰਜ ਘਟਨਾਵਾਂ ਦੀ ਦਾਦ ਦਿੰਦਾ ਹਾਂ। ਹੁਣ ਵੀ ਚੰਗੀਆਂ ਲਗਦੀਆਂ ਹਨ, ਭੂਸ਼ਨ ਹੈ ਈ ਜਦੋਂ ਚੰਗਾ ਸੀ। ਕਈ ਵਾਰ ਗੱਲ ਚੱਲੀ ਕਿ ਉਹ ਮੇਰੀ ਨਿਗਰਾਨੀ ਹੇਠ ਪੀਐਚ.ਡੀ. ਕਰੇ। ਮੈਂ ਉਸ ਵਾਸਤੇ ਫਾਰਮ ਖਰੀਦ ਲਿਆ। ਨਿਗਰਾਨੀ ਤਾਂ ਨਾਂ-ਮਾਤਰ ਸੀ, ਮੈਂ ਉਸ ਨੂੰ ਕੀ ਸਿਖਾਉਣਾ ਸੀ? ਉਸ ਨੇ ਫਾਰਮ ਲੈ ਲਿਆ, ਭਰਿਆ ਨਹੀਂ। ਕੰਮ ਸ਼ੁਰੂ ਨਹੀਂ ਕੀਤਾ! ਉਹ ਉਸਤਾਦ, ਮੈਂ ਉਸ ਦਾ ਪਾਠਕ ਹਾਂ, ਸਰੋਤਾ ਹਾਂ, ਉਸਤਾਦ ਨੂੰ ਪਾਠਕ ਦੀ ਨਿਗਰਾਨੀ ਵਿਚ ਕੰਮ ਕਰਨਾ ਮਨਜੂਰ ਨਹੀਂ; ਜੇ ਰਸਮੀ ਹੈ, ਨਾਂ-ਮਾਤਰ ਹੈ, ਤਾਂ ਵੀ ਨਹੀਂ।
ਇੱਕ ਵਾਰ ਉਸ ਨੇ ਦੱਸਿਆ, “ਘਰ ਵਿਚ ਗਰੀਬੀ ਸੀ। ਦਸਵੀਂ ਕਰ ਲਈ। ਮੈਨੂੰ ਕਾਗਜਾਂ ਉਤੇ ਮੂਰਤਾਂ ਵਾਹੁਣ ਦਾ ਸ਼ੌਕ ਸੀ, ਜਿਸ ਕਰਕੇ ਅਕਸਰ ਝਿੜਕਾਂ ਪੈਂਦੀਆਂ। ਪਿਤਾ ਜੀ ਨੇ ਦੇਖਿਆ, ਰਾਜਸਥਾਨ ਤੋਂ ਆਏ ਸ਼ਿਲਪਕਾਰ ਦੀ ਨਿਗਰਾਨੀ ਹੇਠ ਮੰਦਿਰ ਦੀ ਉਸਾਰੀ ਹੋ ਰਹੀ ਸੀ। ਮੂਰਤੀਆਂ ਤਿਆਰ ਹੋ ਰਹੀਆਂ ਸਨ। ਮੈਨੂੰ ਲੈ ਕੇ ਪਿਤਾ ਜੀ ਪਹਿਲਾਂ ਦੁਕਾਨਦਾਰ ਕੋਲ, ਫਿਰ ਉਸਤਾਦ ਕੋਲ ਗਏ। ਦੁਕਾਨਦਾਰ ਤੋਂ ਦਸਤਾਰ, ਸਵਾ ਰੁਪਇਆ ਅਤੇ ਪਤਾਸੇ ਉਧਾਰ ਲਏ। ਮੰਦਿਰ ਜਾ ਕੇ ਉਸਤਾਦ ਦੇ ਚਰਨ ਛੂਹੇ ਤੇ ਕਿਹਾ, ਬਾਬਾ ਇਸ ਮੁੰਡੇ ਨੂੰ ਕੰਮ ਸਿਖਾ ਦਿਉ, ਰੋਟੀ ਜੋਗਾ ਹੋ ਜਾਉਗਾ, ਨੌਕਰੀ ਤਾਂ ਕਿਧਰੇ ਮਿਲਣੀ ਨਈਂ। ਉਸਤਾਦ ਨੇ ਪੁੱਛਿਆ, ਚਿਤਰਕਾਰੀ ਬਾਰੇ ਜਾਣਦੈਂ ਥੋੜਾ ਬਹੁਤ? ਮੈਂ ਕਿਹਾ, ਹਾਂ ਜੀ, ਕਰ ਲੈਨਾਂ ਚਿਤਰਕਾਰੀ। ਉਸ ਨੇ ਇਕ ਪਿਆਲੀ ਫੜਾਈ, ਜਿਸ ਉਪਰ ਇੰਚ ਕੁ ਦੀ ਸ਼ਿਵ ਜੀ ਦੀ ਤਸਵੀਰ ਸੀ। ਇੱਕ ਵਰਕਾ 6 ਗੁਣਾ 8 ਇੰਚ ਦਾ ਦਿੱਤਾ, ਗਣੇਸ਼ ਦੀ ਤਸਵੀਰ ਵਾਲਾ, ਇੱਕ ਪੂਰਾ ਕੈਲੰਡਰ ਮਾਤਾ ਰਾਣੀ ਦਾ ਫੜਾ ਕੇ ਕਿਹਾ, ਇਨ੍ਹਾਂ ਤਿੰਨਾਂ ਨੂੰ 4 ਗੁਣਾ 6 ਕਰਕੇ ਲਿਆ, ਛੋਟੀ ਵੱਡੀ ਕਰਕੇ, ਵੱਡੀਆਂ ਛੋਟੀਆਂ ਕਰਕੇ। ਦੋ ਦਿਨਾਂ ਬਾਅਦ ਤਸਵੀਰਾਂ ਤਿਆਰ ਕਰਕੇ ਹਰੇਕ ਤਸਵੀਰ ਦੇ ਕੋਨੇ ਹੇਠ ਆਪਣਾ ਨਾਮ ਲਿਖ ਦਿੱਤਾ।
ਉਸ ਨੇ ਮੇਰੇ ਸਿਰ ‘ਤੇ ਹੱਥ ਰੱਖ ਕੇ ਦਾਦ ਦਿੱਤੀ, ਫਿਰ ਪੁੱਛਿਆ, ਆਹ ਸ਼ਿਵ ਜੀ ਦੀ ਤਸਵੀਰ ਹੇਠ ਕੀ ਲਿਖਿਆ ਹੈ? ਮੈ ਕਿਹਾ, ਜੀ ਲਿਖਿਆ ਜੈ ਸ੍ਰੀ ਭੋਲੇ ਨਾਥ। ਦੂਜੀ ਹੇਠ ਕੀ ਲਿਖਿਆ? ਮੈਂ ਕਿਹਾ, ਜੀ ਲਿਖਿਆ, ਜੈ ਸ੍ਰੀ ਗਣੇਸ਼! ਤੀਜੀ ਹੇਠ? ਜੈ ਮਾਂ ਦੁਰਗਾ।
ਉਸਤਾਦ ਜੀ ਬੋਲੇ, ਮੈਨੂੰ ਅਨਪੜ੍ਹ ਨੂੰ ਕੋਈ ਬੋਲੀ ਪੜ੍ਹਨੀ ਨਹੀਂ ਆਉਂਦੀ। ਇਹ ਤਿੰਨੇ ਗੱਲਾਂ ਤੂੰ ਕਿਸ ਬੋਲੀ ਵਿਚ ਲਿਖੀਆ ਨੇ? ਮੈਂ ਕਿਹਾ, ਜੀ ਪੰਜਾਬੀ ਦੀ ਗੁਰਮੁਖੀ ਲਿਪੀ ਵਿਚ। ਉਸਤਾਦ ਨੇ ਕਿਹਾ, ਮੈਂ ਗਜਬ ਦੀ ਦੇਖੀ ਤੇਰੀ ਗੁਰਮੁਖੀ ਲਿਪੀ! ਲਕੀਰਾਂ ਦੇ ਨਿਸ਼ਾਨ, ਤਿੰਨੇ ਥਾਂ ਇੱਕੋ ਜਿਹੇ ਨੇ, ਪਰ ਇਹ ਗੱਲਾਂ ਤਿੰਨ ਤਰਾਂ ਦੀਆਂ ਕਰ ਰਹੇ ਨੇ! ਤੂੰ ਮੈਨੂੰ ਇਹ ਲਿਪੀ ਸਿਖਾ ਯਾਰ! ਮੈਂ ਤੈਨੂੰ ਆਪਣੀ ਸਾਰੀ ਵਿਦਿਆ ਦੇ ਦਿਆਂਗਾ। ਮੈਂ ਸ਼ਰਮਿੰਦਾ ਹੋਇਆ, ਚਰਨੀਂ ਹੱਥ ਲਾਏ, ਕਿਹਾ, ਜੀ ਮੈਂ ਝੂਠ ਬੋਲਿਆ ਹੈ, ਬਾਬਾ ਜੀ ਖਿਮਾ ਕਰ ਦਿਉ, ਤਿੰਨੇ ਥਾਂਈਂ ਇਹ ਤਾਂ ਮੇਰਾ ਨਾਮ ਹੈ। ਹੱਸ ਕੇ ਬੋਲੇ, ਜੇ ਜੀਵਨ ਵਿਚ ਕੁਝ ਸਿੱਖਣਾ ਹੈ, ਆਪਣਾ ਨਾਮ ਭੁੱਲ ਜਾਹ ਪੁੱਤਰ। ਸਭ ਕੁਝ ਸਿੱਖ ਜਾਵੇਂਗਾ, ਜੇ ਆਪਣਾ ਨਾਮ ਭੁੱਲ ਜਾਵੇਂਗਾ। ਜੇ ਆਪਣਾ ਨਾਮ ਯਾਦ ਰੱਖੇਂਗਾ, ਇਸ ਤੋਂ ਬਾਅਦ ਹੋਰ ਕੁਝ ਯਾਦ ਨਹੀਂ ਕਰ ਸਕੇਂਗਾ ਤੂੰ।”
ਜਿਨ੍ਹਾਂ ਤੋਂ ਮੈਨੂੰ ਕਦੀ ਕਦਾਈਂ ਸ਼ਾਬਾਸ਼ ਮਿਲਦੀ, ਉਹ ਦੋਸਤ ਹੁਣ ਇੱਕ ਇੱਕ ਕਰਕੇ ਜਾਣ ਲੱਗੇ ਹਨ। ਪੰਜਾਬੀ ਪਿਆਰਿਆਂ ਦੀ ਨਜ਼ਰ ਇਸ ਵਕਤ ਟੈਗੋਰ ਦਾ ਗੀਤ ਭੇਟ ਕਰਦਾ ਹਾਂ,
ਮੇਰਾ ਘਰ ਛੋਟਾ ਹੈ ਨਾ ਮਾਲਕ,
ਜਿਹੜਾ ਮਹਿਮਾਨ ਚਲਾ ਜਾਂਦਾ ਹੈ,
ਮੁੜ ਕੇ ਨਹੀਂ ਆਉਦਾ।
ਤੇਰਾ ਘਰ ਵੱਡਾ, ਤੇਰਾ ਦਿਲ ਵੱਡਾ,
ਪਰਤ ਗਏ ਮਹਿਮਾਨਾਂ ਕੋਲ
ਆ ਰਿਹਾ ਹਾਂ ਮੈਂ ਵੀ।
ਮੈਨੂੰ ਦੁਬਾਰਾ ਇਸ
ਤੰਗ ਘਰ ਵਿਚ ਨਾ ਭੇਜੀਂ।

ਚੰਦਰਮਾ ਦੀਆਂ ਰਿਸ਼ਮਾਂ ਰਾਹੀਂ
ਅਸਮਾਨ ਧਰਤੀ ਕੋਲ
ਪ੍ਰੇਮ ਪੱਤਰ ਭੇਜਦਾ ਹੈ।
ਘਾਹ ਉਪਰ ਤਰੇਲ-ਬੂੰਦਾਂ ਦੇ
ਛੱਟੇ ਮਾਰ ਮਾਰ ਧਰਤੀ
ਖਤਾਂ ਦਾ ਜਵਾਬ ਦਿੰਦੀ ਹੈ।