ਨਿਰੰਜਣ ਬੋਹਾ
ਫੋਨ: 91-98682-82700
ਸਾਡੇ ਅੰਦਰਲੇ ਗਿਆਨ ਦਾ ਭੰਡਾਰ ਵੇਖਣ ਸੁਣਨ ਅਤੇ ਪੜ੍ਹਨ ਦੀਆਂ ਸਹਿਜ ਪ੍ਰਕ੍ਰਿਆਵਾਂ ਰਾਹੀਂ ਹੀ ਵਿਕਸਿਤ ਹੁੰਦਾ ਤੇ ਅੱਗੇ ਤੁਰਦਾ ਹੈ। ਚਾਹੇ ਦੇਖ, ਸੁਣ ਤੇ ਪੜ੍ਹ ਕੇ ਹਾਸਲ ਕੀਤਾ ਸਾਰਾ ਗਿਆਨ ਸਥਾਈ ਤੌਰ ‘ਤੇ ਸਾਡੇ ਚੇਤਿਆਂ ਵਿਚ ਸੁਰੱਖਿਅਤ ਨਹੀਂ ਰਹਿੰਦਾ, ਪਰ ਇਸ ਗਿਆਨ ਦਾ ਹੱਡੀਂ ਹੰਢਾਇਆ ਤੇ ਪੜ੍ਹਿਆ ਵਿਚਾਰਿਆ ਚੇਤੰਨ ਹਿੱਸਾ ਸਾਡੀ ਸ਼ਖਸੀਅਤ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰਵਾਸੀ ਲੇਖਕ ਤਰਲੋਚਨ ਸਿੰਘ ਦੁਪਾਲਪੁਰ ਦੀ ਹੁਣੇ ਜਿਹੇ ਛਪ ਕੇ ਆਈ ਵਾਰਤਕ ਪੁਸਤਕ ‘ਪੜ੍ਹਿਆ ਸੁਣਿਆ ਦੇਖਿਆ’ ਉਸ ਦੀ ਸਾਰੀ ਉਮਰ ਦੇ ਉਸ ਵਿਚਾਰਧਾਰਕ ਗਿਆਨ ਦੀ ਪੁਸ਼ਟੀ ਕਰਦੀ ਹੈ, ਜੋ ਉਸ ਨੇ ਆਪਣੀਆਂ ਵੇਖਣ, ਸੁਣਨ ਤੇ ਪੜ੍ਹਨ ਵਿਚ ਸਹਾਇਕ ਬਣਦੀਆਂ ਗਿਆਨ ਇੰਦਰੀਆਂ ਰਾਹੀਂ ਹਾਸਲ ਕੀਤਾ ਹੈ। ਭਾਵੇਂ ਸਾਹਿਤ ਦੇ ਖੇਤਰ ਵਿਚ ਉਸ ਦੀ ਇਹ ਪਹਿਲੀ ਪੁਸਤਕ ਹੈ, ਪਰ ਇਸ ਵਿਚਲੀਆਂ ਲਿਖਤਾਂ ਪਿੱਛੇ ਉਸ ਦੀ ਪੈਂਹਠ ਸਾਲ ਦੀ ਪ੍ਰੋਢ ਉਮਰ ਦੇ ਅਨੁਭਵ ਤੇ ਤਜਰਬੇ ਕਾਰਜਸ਼ੀਲ ਹਨ।
ਤਰਲੋਚਨ ਸਿੰਘ ਦੁਪਾਲਪੁਰ ਦਾ ਸ਼ੁਮਾਰ ਉਨ੍ਹਾਂ ਲੇਖਕਾਂ ਵਿਚ ਹੈ, ਜੋ ਆਪਣੇ ਸਮਕਾਲੀ ਸਮਾਜਕ, ਆਰਥਕ ਤੇ ਰਾਜਨੀਤਕ ਵਰਤਾਰਿਆਂ ਨੂੰ ਮਨੁੱਖ ਦੀ ਹੋਣੀ ਜਾਂ ਕੁਦਰਤ ਦੀ ਖੇਡ ਨਾਲ ਜੋੜ ਕੇ ਆਪਣੀ ਮੂਕ ਸਹਿਮਤੀ ਨਹੀਂ ਦਿੰਦੇ, ਸਗੋਂ ਮਨੁੱਖਤਾ ਹਿੱਤੂ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਵਿਚ ਦਖਲਅੰਦਾਜ਼ੀ ਕਰਨਾ ਆਪਣਾ ਹੱਕ ਵੀ ਸਮਝਦੇ ਹਨ ਤੇ ਨੈਤਿਕ ਫਰਜ਼ ਵੀ। ਜਦੋਂ ਉਹ ਆਪਣੇ ਲੇਖ ‘ਰੋਟੀ ਹੱਕ ਦੀ ਖਾਈਏ ਜੀ’ ਰਾਹੀਂ ਗੁਰਬਾਣੀ ਦੇ ਹਵਾਲੇ ਨਾਲ ਹੱਕ ਹਲਾਲ ਦੀ ਕਮਾਈ ਦੀ ਵਡਿਆਈ ਕਰਦਾ ਹੈ ਜਾਂ ਫਿਰ ਆਪਣੇ ਇਕ ਹੋਰ ਲੇਖ “ਟੈਅ…ਰ…ਲੋ…ਕੈਨ” ਵਿਚ ਆਪਣੇ ਆਪ ਨੂੰ ਮਿਸਟਰ ਟੈਰੀ ਕਹਾਉਣ ਨਾਲੋਂ ਮਿਸਟਰ ਸਿੰਘ ਕਹਾਉਣ ਨੂੰ ਪਹਿਲ ਦਿੰਦਾ ਹੈ ਤਾਂ ਉਹ ਆਪਣੇ ਸਮਕਾਲ ਨੂੰ ਆਪਣੇ ਅਨੁਸਾਰ ਢਾਲਣ ਦਾ ਯਤਨ ਹੀ ਕਰ ਰਿਹਾ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿੰਦਿਆਂ ਵੀ ਉਹ ਕਿਸੇ ਸਿਆਸੀ ਧਿਰ ਦਾ ਪਿੱਛਲੱਗੂ ਬਣਨ ਦੀ ਥਾਂ ਆਪਣੇ ਫੈਸਲੇ ਆਪਣੀ ਜ਼ਮੀਰ ਦੀ ਅਵਾਜ਼ ਅਨੁਸਾਰ ਹੀ ਲੈਂਦਾ ਰਿਹਾ ਹੈ। ਭਾਵੇਂ ਮੂਲ ਰੂਪ ਵਿਚ ਉਹ ਧਾਰਮਿਕ ਵਿਚਾਰਾਂ ਵਾਲਾ ਮਨੁੱਖ ਹੈ, ਪਰ ਉਸ ਦਾ ਧਰਮ ਫਿਰਕੂ ਵੰਡੀਆਂ ਪਾਉਣ ਵਾਲਾ ਨਹੀਂ, ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ ਹੈ। ‘ਲਕੀਰ ਦੇ ਫਕੀਰ ਦਾ ਸਟੋਰ’ ਅਤੇ ‘ਅੱਧੀ ਰਾਤ ਨੂੰ ਬੋਹੜ ‘ਤੇ ਚੁੜੇਲਾਂ ਨੱਚੀਆਂ’ ਵਰਗੇ ਲੇਖ ਲਿਖ ਕੇ ਉਹ ਸਮਾਜ ਦੇ ਅੰਧ ਵਿਸ਼ਵਾਸੀ ਤੇ ਗੁੰਮਰਾਹਕੁਨ ਵਰਤਾਰਿਆਂ ਵਿਚ ਆਪਣੀ ਆਪਣੀ ਸਿੱਧੀ ਦਖਲਅੰਦਾਜ਼ੀ ਕਰਕੇ ਇਨ੍ਹਾਂ ਵਰਤਾਰਿਆਂ ‘ਤੇ ਰੋਕ ਲਾਏ ਜਾਣ ਦਾ ਹੋਕਾ ਦਿੰਦਾ ਹੈ।
ਕਹਾਣੀਆਂ ਜਿਹੇ ਉਸ ਦੇ ਵਾਰਤਕ ਲੇਖਾਂ ਦੀ ਇਸ ਪੁਸਤਕ ਵਿਚਲੇ ਵਧੇਰੇ ਲੇਖ ਉਸ ਦੇ ਜ਼ਿਹਨ ਵਿਚ ਪਈਆਂ ਉਨ੍ਹਾਂ ਸਿਮਰਤੀਆਂ ਦਾ ਹੀ ਬਾਹਰਮੁਖੀ ਪਰਤਾਓ ਹਨ, ਜੋ ਸਮੇਂ ਸਮੇਂ ਉਸ ਦੀ ਜੀਵਨ ਜਾਂਚ ਨੂੰ ਪ੍ਰਭਾਵਤ ਕਰ ਕੇ ਉਸ ਦੀਆਂ ਸਮਾਜਕ ਜ਼ਿੰਮੇਵਾਰੀਆਂ ਵਿਚ ਵਾਧਾ ਕਰਦੀਆਂ ਰਹੀਆਂ ਹਨ। ਜਦੋਂ ਉਹ ਅੱਜ ਦੇ ਵਿਅਕਤੀਵਾਦੀ ਜੁਗ ਵਿਚ ਚਾਰੇ ਪਾਸੇ ਬੇਈਮਾਨੀ, ਖੁਦਗਰਜ਼ੀ ਤੇ ਆਪੋ ਧਾਪੀ ਦਾ ਪਸਾਰਾ ਹੋਇਆ ਵੇਖਦਾ ਹੈ ਤਾਂ ਉਸ ਦੀਆਂ ਸਿਮਰਤੀਆਂ ਉਨ੍ਹਾਂ ਭਲੇ ਵੇਲਿਆਂ ਨਾਲ ਜਾ ਜੁੜਦੀਆਂ ਹਨ, ਜਦੋਂ ਲੋਕਾਂ ਦੇ ਸਾਰੇ ਦੁੱਖ-ਸੁੱਖ ਸਾਂਝੇ ਸਨ ਤੇ ਉਹ ਇੱਕ ਦੂਜੇ ਦਾ ਭਲਾ ਕਰਕੇ ਵਿਸ਼ੇਸ਼ ਰਾਹਤ ਮਹਿਸੂਸ ਕਰਦੇ ਸਨ। ਅਜਿਹੇ ਸਮੇਂ ਉਹ ‘ਪਿੰਡ ਗਏ ਨੂੰ ਲੈਣ ਨਾ ਆਇਉ ਪਲੀਜ਼’, ‘ਦਿਲਬਰ ਦੇ ਫੁੱਲ’, ‘ਵਿਸ਼ਵਾਸ ਦੀ ਡੋਰ’, ‘ਅਕਾਸ਼ਵਾਣੀ ਦੀਆਂ ਬਾਤਾਂ,’ ‘ਸਾਖੀਆਂ ਤੇ ਸਿੱਖੀ’ ਆਦਿ ਲੇਖ ਲਿਖ ਕੇ ਆਪਣੇ ਪਾਠਕਾਂ ਨੂੰ ਪੁਰਾਣੇ ਵੇਲਿਆਂ ਦੇ ਮੋਹ- ਮੁਹੱਬਤੀ ਸਮਿਆਂ ਵਿਚ ਲੈ ਜਾਂਦਾ ਹੈ। ਇਸ ਸਮੇਂ ਉਹ ਆਪਣੇ ਪਾਠਕਾਂ ਦੀ ਜਾਣ ਪਛਾਣ ਕਹਾਣੀ ‘ਸਾਈਕਲ ਵਾਲੇ ਸਰਵਣ ਦੀ ਅੜੀ’ ਵਿਚਲੇ ਸਰਵਣ ਜਿਹੇ ਉਨ੍ਹਾਂ ਲੋਕਾਂ ਨਾਲ ਕਰਵਾਉਂਦਾ ਹੈ, ਜੋ ਦੂਜੇ ਨੂੰ ਨੀਵਾਂ ਵਿਖਾਉਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਸੁੱਖ ਦੇਣ ਲਈ ਅੜੀ ਕਰਦੇ ਰਹੇ ਹਨ। ਲੇਖਕ ਆਪਣੇ ਲੇਖ ‘ਜਾਹ ਉਏ ਬੇ-ਗੁਰਿਆ’ ਰਾਹੀਂ ਇਕ ਹੋਰ ਅੜੀਖੋਰ ਤੇ ਜਿੰਦਾਦਿਲ ਮਨੁੱਖ ਤਰਸੇਮ ਉਰਫ ਸੇਮਾ ਨਾਲ ਵੀ ਪਾਠਕਾਂ ਨੂੰ ਮਿਲਵਾਉਂਦਾ ਹੈ। ਲੇਖ ‘ਜਾਨੀ ਦੁਸ਼ਮਣਾਂ ਦੀ ਦੋਸਤੀ ਦਾ ਗੁੱਝਾ ਰਾਜ’ ਰਾਹੀਂ ਉਹ ਬੀਤੇ ਸਮੇਂ ਦੀਆਂ ਉਨ੍ਹਾਂ ਮਾਨਵੀ ਕਦਰਾਂ ਕੀਮਤਾਂ ਨੂੰ ਰੂਪਮਾਨ ਕਰਦਾ ਹੈ, ਜਦੋਂ ਜਾਨ ਲੇਵਾ ਦੁਸ਼ਮਣ ਵੀ ਇੱਕ ਦੂਜੇ ਦੀ ਧੀ ਨੂੰ ਆਪਣੀ ਹੀ ਧੀ ਸਮਝਦੇ ਹੁੰਦੇ ਸਨ।
ਧਰਮ ਪ੍ਰਚਾਰਕ ਰਹੇ ਹੋਣ ਕਾਰਨ ਦੁਪਾਲਪੁਰ ਭਾਰਤੀ ਇਤਿਹਾਸ ਤੇ ਮਿਥਿਹਾਸ ਬਾਰੇ ਚੰਗੀ ਜਾਣਕਾਰੀ ਰੱਖਦਾ ਹੈ। ਉਸ ਕੋਲ ਪੀੜ੍ਹੀ ਦਰ ਪੀੜ੍ਹੀ ਚਲੀਆਂ ਆ ਰਹੀਆਂ ਉਨ੍ਹਾਂ ਲੋਕ ਕਥਾਵਾਂ ਦਾ ਵੀ ਵੱਡਾ ਭੰਡਾਰ ਹੈ, ਜੋ ਆਪਣੇ ਸਰੋਤਿਆਂ ਅੰਦਰ ਮਨੁੱਖੀ ਕਦਰਾਂ ਕੀਮਤਾਂ ਦੇ ਅਨੁਸਾਰੀ ਸੰਸਕਾਰ ਪੈਦਾ ਕਰਨ ਵਿਚ ਸਹਾਈ ਬਣ ਸਕਦੀਆਂ ਹੋਣ। ਇਕ ਲੇਖਕ ਵਜੋਂ ਵੀ ਉਸ ਨੇ ਆਪਣੀ ਇਸ ਭਾਸ਼ਣੀ ਕਲਾ ਜੁਗਤ ਦੀ ਸੁਚੱਜੀ ਵਰਤੋਂ ਕੀਤੀ ਹੈ। ਉਸ ਨੇ ਆਪਣੇ ਬਹੁਤ ਸਾਰੇ ਲੇਖਾਂ ਵਿਚ ਲੋਕ ਕਥਾਵਾਂ ਤੇ ਮਿਥਿਹਾਸਕ ਘਟਨਾਵਾਂ ਨੂੰ ਆਧੁਨਿਕ ਸਮੇਂ ਦੀ ਪ੍ਰਸੰਗਿਕਤਾ ਨਾਲ ਜੋੜ ਕੇ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਸ ਕੜੀ ਵਿਚ ਉਹ ਆਪਣੇ ਜੀਵਨ ਵਿਚ ਵਾਪਰੀਆਂ ਜਾਂ ਵੇਖੀਆਂ, ਸੁਣੀਆਂ ਘਟਨਾਵਾਂ ਨੂੰ ਵੀ ਲੇਖ ਵਿਚ ਸ਼ਾਮਿਲ ਕਰ ਲੈਂਦਾ ਹੈ।
ਆਪਣੀ ਗੱਲ ਨੂੰ ਹੋਰ ਅਸਰਦਾਰ ਬਣਾਉਣ ਲਈ ਉਸ ਨੇ ਕੁਝ ਲੇਖਾਂ ਰਾਹੀਂ ਵਿਅੰਗਮਈ ਚੋਭਾਂ ਦੀ ਵਰਤੋ ਵੀ ਕੀਤੀ ਹੈ। ‘ਔਖਾ ਵੀ ਕਰਦਾ ਹੈ ਲੰਬੜਦਾਰੀ ਦਾ ਛੱਜ’, ‘ਭਾਗੂ ਦਾ ਭੋਗ’, ‘ਜਥੇਦਾਰ ਘੁਮੱਕੜ ਸਿੰਘ ਦੀ ਆਤਮ ਬਿਆਨੀ’, ਅਤੇ ‘ਕਥਾ ਗਪੌੜ ਸੰਖ ਕੀ ਲਿਖਤੇ’, ‘ਰਾਜ-ਹੱਠ, ਬਾਲ-ਹੱਠ, ਤ੍ਰਿਆ-ਹੱਠ’, ‘ਸ੍ਰੀਮਾਨ ਮਹਾਨ ਕਿ ਸ੍ਰੀਮਤੀ’ ਆਦਿ ਲੇਖਾਂ ਰਾਹੀਂ ਲੇਖਕ ਨੇ ਅੱਜ ਦੇ ਮਨੁੱਖ ਦੇ ਦੋਗਲੇ ਕਿਰਦਾਰ ‘ਤੇ ਤਿੱਖੇ ਵਿਅੰਗਬਾਣ ਚਲਾਏ ਹਨ ਤੇ ਸਮਾਜਕ ਖੇਤਰ ਦੀਆਂ ਬਹੁਤ ਸਾਰੀਆਂ ਵਿਸੰਗਤੀਆਂ ਨੂੰ ਕਟਾਖਸ਼ੀ ਤੇ ਕੁਝ ਹੱਦ ਤਕ ਹਾਸਰਸੀ ਅੰਦਾਜ਼ ਵਿਚ ਵੀ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ‘ਭਾਗੂ ਦਾ ਭੋਗ’ ਅਤੇ ‘ਸੁੱਖ-ਸ਼ਾਂਤੀ ਨੂੰ ਮਾਰੋ ਗੋਲੀ’ ਆਦਿ ਲੇਖਾਂ ਰਾਹੀਂ ਉਸ ਨੇ ਮਰਗਤ ਦੇ ਭੋਗ ਸਮੇਂ ਹੋਣ ਵਾਲੀ ਉਸ ਅਡੰਬਰਬਾਜ਼ੀ ਦਾ ਪਰਦਾ ਫਾਸ਼ ਕੀਤਾ ਹੈ, ਜਿਸ ਵਿਚ ਸਿਆਸੀ ਤੇ ਸਮਾਜਕ ਖੇਤਰ ਦੇ ਲੋਕ ਹੀ ਨਹੀਂ, ਸਗੋ ਧਾਰਮਿਕ ਖੇਤਰ ਦੇ ਲੋਕ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਇਸ ਪੁਸਤਕ ਰਾਹੀਂ ਲੇਖਕ ਦੀ ਆਪਣੀ ਸ਼ਖਸੀਅਤ ਦੇ ਵੀ ਬਹੁਤ ਸਾਰੇ ਪਸਾਰ ਉਭਰ ਕੇ ਸਾਹਮਣੇ ਆਏ ਹਨ। ਪੁਸਤਕ ਵਿਚਲੇ ਸਾਰੇ ਲੇਖ ਛੋਟੇ ਅਕਾਰ ਦੇ ਹਨ। ਲੇਖਕ ਥੋੜ੍ਹੇ ਸਬਦਾਂ ਵਿਚ ਬਹੁਤਾ ਕਹਿਣ ਦੀ ਨੀਤੀ ਦਾ ਧਾਰਨੀ ਹੈ ਤੇ ਵਿਸ਼ੇ ਤੋਂ ਬਾਹਰ ਦੀਆਂ ਮਿਸਾਲਾਂ ਦਾ ਖਿਲਾਰਾ ਪਾਉਣਾ ਵਾਜਬ ਨਹੀਂ ਸਮਝਦਾ। ਜਿਨ੍ਹਾਂ ਵਿਸ਼ਿਆਂ ‘ਤੇ ਲੇਖਕ ਨੇ ਕਲਮ ਅਜ਼ਮਾਈ ਕੀਤੀ ਹੈ, ਉਹ ਵਿਸ਼ੇ ਸਾਡੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਨਾਲ ਸਬੰਧਤ ਹੋਣ ਕਾਰਨ ਇਨ੍ਹਾਂ ਵਿਚ ਸੁਭਾਵਿਕ ਰੂਪ ਵਿਚ ਹੀ ਪੂਰਵਲੇ ਵਿਚਾਰਾਂ ਤੇ ਧਾਰਨਾਵਾਂ ਦਾ ਦੁਹਰਾਅ ਸ਼ਾਮਿਲ ਹੋ ਗਿਆ ਹੈ, ਪਰ ਨਿਬੰਧਕਾਰ ਨੇ ਆਪਣੀ ਮੌਲਿਕ ਲਿਖਣ-ਸ਼ੈਲੀ ਰਾਹੀਂ ਇਨ੍ਹਾਂ ਵਿਚ ਕਾਫੀ ਤਾਜ਼ਗੀ ਪੈਦਾ ਕਰ ਦਿੱਤੀ ਹੈ। ਇਹ ਪੁਸਤਕ ਸੂਰਜਾਂ ਦੇ ਵਾਰਸ ਪ੍ਰਕਾਸ਼ਨ, ਪਟਿਆਲਾ ਨੇ ਛਾਪੀ ਹੈ, ਜਿਸ ਦੇ 224 ਪੰਨੇ ਅਤੇ ਮੁੱਲ 200 ਰੁਪਏ ਹੈ। ਨਿਬੰਧਕਾਰੀ ਖੇਤਰ ਦੀ ਇਸ ਪ੍ਰੋਢ ਕਲਮ ਦਾ ਹਾਰਦਿਕ ਸਵਾਗਤ ਹੈ।