ਡਾ. ਵਿਕਰਮ ਸੰਗਰੂਰ
ਫੋਨ: 91-98884-13836
ਡਾ. ਰਜੀਵ ਪੁਰੀ ਉਮਰ ਦੇ 62ਵੇਂ ਵਰ੍ਹੇ ਨੂੰ ਢੁੱਕਣ ਵਾਲੇ ਹਨ, ਪਰ ਵੇਖਣ ਨੂੰ ਇੰਜ ਜਾਪਦੇ ਨੇ, ਜਿਵੇਂ 42 ਦੇ ਹੋਣ! ਉਨ੍ਹਾਂ ਨੂੰ ਵੇਖਣ ਵਾਲਾ ਜ਼ਰੂਰ ਸੋਚਦਾ ਹੋਵੇਗਾ ਕਿ ਡਾ. ਸਾਹਿਬ ਸ਼ਾਇਦ ਕੋਈ ਅਜਿਹੀ ਦਵਾਈ ਦੀ ਪੁੜੀ ਨਿੱਤ ਖਾਂਦੇ ਹੋਣਗੇ, ਜੋ ਉਨ੍ਹਾਂ ਨੂੰ ਚੱਤੋ ਪਹਿਰ ਕਪਾਹ ਦੇ ਫੁੱਲ ਵਾਂਗ ਖਿੜਿਆ ਅਤੇ ਸਾਰੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ!
ਪਰ ਡਾ. ਪੁਰੀ ਆਪਣੀ ਇਸ ਨਰੋਈ ਸਿਹਤ ਲਈ ‘ਤੰਦਰੁਸਤੀ’ ਦੀਆਂ ਜੋ ਪੁੜੀਆਂ ਖਾਂਦੇ ਨੇ, ਉਹ ਸਿਰਫ ਖੁਦ ਹੀ ਨਹੀਂ ਖਾਂਦੇ, ਸਗੋਂ ਜਿੱਥੇ ਜਾਂਦੇ ਨੇ, ਇਹ ‘ਤੰਦਰੁਸਤੀ ਦੀਆਂ ਪੁੜੀਆਂ’ ਵੰਡਦੇ ਵੀ ਜਾਂਦੇ ਹਨ; ਪਰ ਇਨ੍ਹਾਂ ਪੁੜੀਆਂ ਨੂੰ ਖਾ ਅਤੇ ਪਚਾ ਉਹੀ ਵਿਰਲਾ ਸਕਦੈ, ਜਿਹਦਾ ਹਾਜ਼ਮਾ ਤੰਦਰੁਸਤ ਹੋਵੇ!
ਡਾ. ਪੁਰੀ ਨੇ ‘ਤੰਦਰੁਸਤੀ ਦੀਆਂ ਪੁੜੀਆਂ’ ਉਦੋਂ ਤੋਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਦੋਂ ਉਨ੍ਹਾਂ ਮੈਡੀਕਲ ਕਾਲਜ ਵਿਚ ਪੜ੍ਹਾਈ ਲਈ ਪਹਿਲਾ ਕਦਮ ਰੱਖਿਆ ਸੀ। ਆਪਣੀ ਪੜ੍ਹਾਈ ਦੌਰਾਨ ਜਿਸ ਜਗ੍ਹਾ ਉਨ੍ਹਾਂ ਨੂੰ ਟ੍ਰੇਨਿੰਗ ਕਰਨ ਦਾ ਮੌਕਾ ਮਿਲਿਆ, ਉਥੇ ਮਰੀਜ਼ਾਂ ਤੋਂ ਅਸਿੱਧੇ ਰੂਪ ਵਿਚ ਵਸੂਲੀ ਜਾਂਦੀ ‘ਫੀਸ’ ਨੂੰ ਲੈ ਕੇ ਡਾ. ਪੁਰੀ ਦੇ ਦਿਲ ਵਿਚ ਹਮੇਸ਼ਾ ਅੱਚਵੀ ਜਿਹੀ ਲੱਗੀ ਰਹਿੰਦੀ ਸੀ। ਕੁਝ ਸਮੇਂ ਬਾਅਦ ਆਪਣੇ ਦਿਲ ਦੀ ਇਹ ਅੱਚਵੀ ਜਦੋਂ ਡਾ. ਪੁਰੀ ਨੂੰ ਸਾਂਭਣੀ ਔਖੀ ਹੋ ਗਈ ਤਾਂ ਆਪਣੇ ਸਾਥੀਆਂ ਦੇ ਰੋਕਣ ਦੇ ਬਾਵਜੂਦ ਉਨ੍ਹਾਂ ਨੇ ਨਵੇਂ ਡਾਕਟਰਾਂ ਨੂੰ ਸਿਖਾਏ ਜਾ ਰਹੇ ਫੀਸ ਵਸੂਲਣ ਦੇ ਇਨ੍ਹਾਂ ‘ਗੁਰਾਂ’ ਦਾ ਵਿਰੋਧ ਕਰਦਿਆਂ ਸਿਸਟਮ ਨੂੰ ਇਹ ਸੁਣਾਉਣ ਦੀ ਜੁਰਅੱਤ ਕੀਤੀ ਕਿ “ਜਿਸ ਡਾਕਟਰ ਬੂਟੇ ਨੂੰ ਖੂਨ ਨਾਲ ਸਿੰਜੋਗੇ, ਉਹ ਬੂਟਾ ਵੱਡਾ ਹੋ ਕੇ ਪਾਣੀ ਨਹੀਂ ਖੂਨ ਹੀ ਮੰਗੇਗਾ!”
ਡਾ. ਪੁਰੀ ਦੀ ਇਸ ਅਜੀਬ ਹਰਕਤ ਪਿਛੋਂ ਉਨ੍ਹਾਂ ਦੇ ਸਾਥੀਆਂ ਨੇ ਡਾ. ਪੁਰੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਉਨ੍ਹਾਂ ਦੀ ਡਾਕਟਰੀ ਪਾਸ ਨਹੀਂ ਹੁੰਦੀ! ਪਰ ਡਾ. ਪੁਰੀ ਨੇ ਸਿਰਫ ਡਾਕਟਰੀ ਪਾਸ ਹੀ ਨਹੀਂ ਕੀਤੀ, ਸਗੋਂ ਇੱਕ ਕਾਬਲ ਸਰਜਨ ਡਾਕਟਰ ਬਣੇ ਅਤੇ ਵੱਡੇ ਸਰਕਾਰੀ ਅਹੁਦੇ ਤੋਂ ਸੇਵਾ ਮੁਕਤ ਹੋਏ।
ਡਾ. ਪੁਰੀ ਨੂੰ ਰਿਟਾਇਰਮੈਂਟ ਪਿਛੋਂ ਸਰਕਾਰੀ ਮੋਬਾਈਲ ਮੈਡੀਕਲ ਬੱਸ ਵਿਚ ਮੈਡੀਕਲ ਅਫਸਰ ਵਜੋਂ ਚੁਣਿਆ ਗਿਆ। ਇਸ ਮੈਡੀਕਲ ਬੱਸ ਰਾਹੀਂ ਡਾ. ਪੁਰੀ ਪਿੰਡ-ਪਿੰਡ ਜਾ ਕੇ ਲੋਕਾਂ ਦੇ ਇਲਾਜ ਦੀ ਸੇਵਾ ਕਰ ਰਹੇ ਹਨ। ਜਦੋਂ ਉਹ ਇਸ ਬੱਸ ਰਾਹੀਂ ਵਾਪਸ ਪਰਤਦੇ ਹਨ ਤਾਂ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਕਿ ਉਨ੍ਹਾਂ ਦੇ ਕੱਪੜੇ ਵੱਟਾਂ ਨਾਲ ਨਾ ਭਰੇ ਹੋਣ ਅਤੇ ਉਨ੍ਹਾਂ ਦੇ ਬੂਟਾਂ ਉਤੇ ਪਿੰਡਾਂ ਦੀਆਂ ਗਲੀਆਂ ਦੀ ਧੂੜ ਨਾ ਜੰਮੀ ਹੋਵੇ। ਇੱਕ ਵਾਰ ਡਾ. ਸਾਹਿਬ ਦੇ ਧੂੜ ਨਾਲ ਭਰੇ ਬੂਟਾਂ ਦੀ ਹਾਲਤ ਦੇਖ ਕੇ ਕਿਸੇ ਸੱਜਣ ਨੇ ਉਨ੍ਹਾਂ ਨੂੰ ਮਖੌਲ ਕਰਦਿਆਂ ਕਿਹਾ ਕਿ ਆਪਣੇ ਬੂਟਾਂ ਨੂੰ ‘ਗੰਦਗੀ’ ਤੋਂ ਤਾਂ ਸਾਫ ਰੱਖੋ ਡਾ. ਸਾਹਿਬ! ਉਸ ਸੱਜਣ ਦੀ ਇਹ ਗੱਲ ਸੁਣ ਕੇ ਡਾ. ਪੁਰੀ ਮੁਸਕਰਾਉਣ ਲੱਗੇ ਅਤੇ ਉਨ੍ਹਾਂ ਬਿਨਾ ਕੁਝ ਬੋਲੇ ਆਪਣੇ ਬੂਟਾਂ ਉਤੇ ਲੱਗੀ ਧੂੜ ਉਤੇ ਹੱਥ ਲਾਇਆ ਅਤੇ ਉਸ ਧੂੜ ਨੂੰ ਆਪਣੇ ਮੱਥੇ ਉਤੇ ਟਿੱਕੇ ਵਾਂਗ ਲਾ ਲਿਆ!
ਡਾ. ਪੁਰੀ ਦੀ ਇਸ ਬਿਨ ਬੋਲੇ ਬਹੁਤ ਕੁਝ ਆਖ ਸੁਣਾਉਣ ਵਾਲੀ ਅਦਾ ਦੇਖ ਕੇ ਮੈਨੂੰ ਇੱਕ ਘਟਨਾ ਯਾਦ ਆ ਗਈ, ਜਦੋਂ ਡਾ. ਸਾਹਿਬ ਨੂੰ ਇੱਕ ਵਾਰ ਕਿਸੇ ਨੇ ਲਿਫਾਫੇ ਉਤੇ ‘ਨਾਵਾਂ’ ਲਿਖ ਕੇ ਭੇਜਿਆ ਸੀ। ਜਦੋਂ ਡਾ. ਸਾਹਿਬ ਨੂੰ ਇਹ ਲਿਫਾਫਾ ਮਿਲਿਆ ਤਾਂ ਉਨ੍ਹਾਂ ਉਸ ਲਿਫਾਫੇ ਉਤੇ ਇਹ ਲਿਖ ਕੇ ਇਸ ਨੂੰ ਵਾਪਸ ਮੋੜ ਦਿੱਤਾ,
“ਨਾਵਾਂ ਭੇਜਣ ਲਈ ਤੁਹਾਡਾ ਸ਼ੁਕਰੀਆ ਜੀ। ਪਰ ਮੇਰੀ ਅਤੇ ਮੇਰੇ ਡਾਕਟਰੀ ਪੇਸ਼ੇ ਦੀ ਇਹ ਨੈਤਿਕਤਾ ਹੈ ਕਿ ਡਿਊਟੀ ਦੌਰਾਨ ਅਤੇ ਬਾਅਦ ਵਿਚ ਆਪਣੇ ਮਰੀਜ਼ ਜਾਂ ਉਸ ਨਾਲ ਸਬੰਧਤ ਕਿਸੇ ਤੋਂ ਵੀ, ਕਿਸੇ ਵੀ ਤਰੀਕੇ ਨਾਲ ਪੈਸੇ ਜਾਂ ਤੋਹਫੇ ਲੈਣਾ ਮੇਰੇ ਲਈ ਕਤਲ ਕਰਨ ਤੋਂ ਵੀ ਵੱਡਾ ਗੁਨਾਹ ਹੈ! ਮੇਰੇ ਲਈ ਮੇਰੇ ਮਰੀਜ਼ ‘ਰੱਬ’ ਹਨ। ਤੁਸੀਂ ਪੈਸਿਆਂ ਦਾ ਭਰਿਆ ਇਹ ਲਿਫਾਫਾ ਕਿਸੇ ਗਰੀਬ ਜਾਂ ਜ਼ਰੂਰਤਮੰਦ ਮਰੀਜ਼ ਨੂੰ ਦੇ ਦੇਣਾ ਜਾਂ ਫਿਰ ਮੇਰੇ ਉਸ ਮਰੀਜ਼ ਨੂੰ, ਜੋ ਤੁਹਾਡੇ ਕੋਲ ਅਗਲੀ ਵਾਰ ਆਵੇਗਾ!”
ਡਾ. ਸਾਹਿਬ ਕੋਲ ਇਸ ਲਿਫਾਫੇ ਤੋਂ ਬਾਅਦ ਅੱਜ ਤੱਕ ਕੋਈ ਅਜਿਹਾ ਲਿਫਾਫਾ ਨਹੀਂ ਆਇਆ, ਜਿਸ ਉਤੇ ਉਨ੍ਹਾਂ ਦੇ ਨਾਮ ਅੱਗੇ ‘ਨਾਵਾਂ’ ਲਿਖਿਆ ਹੋਵੇ, ਸਗੋਂ ਉਨ੍ਹਾਂ ਨੂੰ ਮਰੀਜ਼ਾਂ ਦੇ ਹਜ਼ਾਰਾਂ ਅਜਿਹੇ ਲਿਫਾਫੇ ਜ਼ਰੂਰ ਆਏ ਹਨ, ਜਿਨ੍ਹਾਂ ਉਤੇ ਉਨ੍ਹਾਂ ਦੇ ਨਾਮ ਅੱਗੇ ‘ਸਤਿਕਾਰਯੋਗ’ ਲਿਖਿਆ ਹੁੰਦਾ ਹੈ!
ਬੇਸ਼ੱਕ ਮਰੀਜ਼ ਡਾਕਟਰ ਨੂੰ ਰੱਬ ਆਖਦੇ ਨੇ, ਪਰ ਡਾ. ਰਜੀਵ ਪੁਰੀ ਦਾ ਆਪਣੇ ਮਰੀਜ਼ਾਂ ਨੂੰ ਰੱਬ ਕਹਿਣਾ, ਸਿਰਫ ਕਹਿਣਾ ਹੀ ਨਹੀਂ ਸਗੋਂ ਮੰਨਣਾ ਵੀ ਹੈ! ਕੁਝ ਦਿਨ ਪਹਿਲਾਂ ਜਦੋਂ ਮੈਂ ਸਿਵਲ ਹਸਪਤਾਲ ਸੰਗਰੂਰ ਵਿਖੇ ਡਾ. ਸਾਹਿਬ ਨੂੰ ਮਿਲਿਆ ਤਾਂ ਇੰਜ ਲੱਗ ਰਿਹਾ ਸੀ ਕਿ ਉਹ ਕਿਸੇ ਦੀ ਅੱਡੀਆਂ ਚੁੱਕ ਕੇ ਉਡੀਕ ਕਰ ਰਹੇ ਹੋਣ। ਡਾ. ਸਾਹਿਬ ਨੇ ਦੱਸਿਆ ਕਿ ਉਹ ਇੱਕ ਮਰੀਜ਼ ਦੀ ਉਡੀਕ ਕਰ ਰਹੇ ਹਨ। ਇੰਨਾ ਆਖ ਕੇ ਉਨ੍ਹਾਂ ਉਸ ਮਰੀਜ਼ ਦੇ ਬੇਟੇ ਨੂੰ ਫੋਨ ਕੀਤਾ ਅਤੇ ਕਿਹਾ, “ਮੈਂ ਤੁਹਾਡੀ ਉਡੀਕ ਕਰ ਰਿਹਾਂ, ਆ ਜਾਓ ਹਸਪਤਾਲ।”
ਡਾ. ਸਾਹਿਬ ਦੀ ਇਹ ਅਜੀਬ ਹਰਕਤ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ, ਕਿਉਂਕਿ ਮੈਂ ਹਮੇਸ਼ਾ ਇਹੀ ਦੇਖਿਆ ਸੀ ਕਿ ਮਰੀਜ਼ ਡਾਕਟਰ ਦੀ ਉਡੀਕ ਕਰਦੇ ਹਨ, ਪਰ ਕੋਈ ਡਾ. ਮਰੀਜ਼ ਦੀ ਉਡੀਕ ਕਰਦਾ ਹੋਵੇ, ਇਹ ਪਹਿਲੀ ਵਾਰ ਦੇਖਿਆ ਸੀ!
ਡਾ. ਸਾਹਿਬ ਨੇ ਜਦੋਂ ਫੋਨ ਕੱਟਿਆ ਦਾ ਉਹ ਦੱਸਣ ਲੱਗੇ ਕਿ ਇਹ ਮੁੰਡਾ ਮੈਨੂੰ ਕੱਲ੍ਹ ਮੰਦਿਰ ਵਿਚ ਮਿਲਿਆ ਸੀ, ਜੋ ਬਹੁਤ ਰੋ ਰਿਹਾ ਸੀ। ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਦੱਸਿਆ ਕਿ ਉਸ ਦੇ ਪਿਤਾ ਜੀ ਨੂੰ ਦਿਲ ਦੀ ਅਚਾਨਕ ਕੋਈ ਸਮੱਸਿਆ ਹੋ ਗਈ। ਜਦੋਂ ਉਹ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਲੱਖ ਰੁਪਏ ਜਮ੍ਹਾ ਕਰਵਾ, ਫਿਰ ਇਲਾਜ ਸ਼ੁਰੂ ਕਰਾਂਗੇ! ਉਸ ਮੁੰਡੇ ਨੇ ਕਿਹਾ, ਮੈਂ ਇੰਨੇ ਪੈਸੇ ਕਿੱਥੋਂ ਲਿਆਵਾਂਗਾ?
ਡਾ. ਸਾਹਿਬ ਮੈਨੂੰ ਇਹ ਗੱਲ ਸੁਣਾ ਹੀ ਰਹੇ ਸਨ ਕਿ ਇੰਨੇ ਨੂੰ ਉਹ ਮੁੰਡਾ ਸਾਡੇ ਕੋਲ ਪਹੁੰਚ ਗਿਆ। ਡਾ. ਪੁਰੀ ਕਹਿੰਦੇ, ਮੈਂ ਚੰਡੀਗੜ੍ਹ ਆਪਣੇ ਇੱਕ ਦੋਸਤ ਡਾਕਟਰ ਨਾਲ ਤੁਹਾਡੇ ਪਿਤਾ ਜੀ ਦੇ ਇਲਾਜ ਦੀ ਗੱਲ ਕੀਤੀ ਹੈ, ਤੁਸੀਂ ਜਲਦ ਉਨ੍ਹਾਂ ਨਾਲ ਗੱਲ ਕਰ ਲਓ। ਇੱਕ ਲੱਖ ਛੱਡੋ ਸਗੋਂ ਇਲਾਜ ਲਈ ਤੁਹਾਡਾ ਇੱਕ ਰੁਪਇਆ ਵੀ ਨਹੀਂ ਲੱਗਣਾ ਅਤੇ ਤੁਹਾਡੇ ਪਿਤਾ ਜੀ ਬਿਲਕੁਲ ਠੀਕ ਹੋ ਜਾਣਗੇ। ਡਾ. ਪੁਰੀ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਉਸ ਮੁੰਡੇ ਦਾ ਚਿਹਰਾ ਖੁਸ਼ੀ ਅਤੇ ਉਮੀਦ ਨਾਲ ਭਰ ਗਿਆ!
ਉਸ ਮੁੰਡੇ ਨੂੰ ਮਿਲ ਕੇ ਜਦੋਂ ਅਸੀਂ ਹਸਪਤਾਲ ਤੋਂ ਬਾਹਰ ਵੱਲ ਜਾਣ ਲੱਗੇ ਤਾਂ ਕੁਝ ਡਾਕਟਰ ਸਾਥੀਆਂ ਨੇ ਡਾ. ਪੁਰੀ ਨੂੰ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਡਾ. ਪੁਰੀ ਆਪਣੀ ਸਿਹਤ ਦਾ ਰਾਜ਼ ਤਾਂ ਦੱਸਦੇ ਜਾਓ!
ਡਾ. ਪੁਰੀ ਨੇ ਹੱਸਦਿਆਂ ਉਨ੍ਹਾਂ ਸਭ ਨੂੰ ਕਿਹਾ, ਮੈਂ ਆਪਣੀ ਸਿਹਤ ਦਾ ਰਾਜ਼ ਤੁਹਾਨੂੰ ਦੱਸ ਤਾਂ ਦੇਵਾਂ, ਪਰ ਤੁਹਾਡੇ ਤੋਂ ਇਸ ਦਾ ‘ਇਲਾਜ’ ਨਹੀਂ ਹੋਣਾ! ਜਦੋਂ ਉਹ ਡਾਕਟਰ ਮਜ਼ਾਕ ਕਰਨ ਤੋਂ ਨਾ ਮੁੜੇ ਤਾਂ ਫਿਰ ਡਾ. ਪੁਰੀ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਕੋਲ ਜਿੰਨੇ ਵੀ ਮੋਟਰ ਸਾਈਕਲ, ਕਾਰਾਂ, ਸਕੂਟਰ ਨੇ ਸਭ ਵੇਚ ਦਿਓ! ਪੈਦਲ ਆਇਆ ਕਰੋ ਡਿਊਟੀ ਕਰਨ…।”
ਡਾ. ਪੁਰੀ ਇੰਨਾ ਆਖ ਕੇ ਮੁੜ ‘ਪੈਦਲ’ ਤੁਰ ਪਏ! ਉਨ੍ਹਾਂ ਪਿੱਛੋਂ ਸਾਰੇ ਡਾਕਟਰਾਂ ਦੀ ਟੋਲੀ ਖਾਮੋਸ਼ ਸੀ ਤੇ ਡਾ. ਪੁਰੀ ਆਪਣੀ ਮਸਤੀ ਵਿਚ ਖੀਵੇ ਹੋ ਕੇ ਰਾਹ ਵਿਚ ਹਰ ਇੱਕ ਨੂੰ ਮਿਲਦੇ ਹੋਏ, ਹੱਸਦੇ ਹੋਏ ਘਰ ਪੈਦਲ ਤੁਰੇ ਜਾ ਰਹੇ ਸਨ!
ਪੈਦਲ ਤੁਰਦੇ-ਤੁਰਦੇ ਡਾ. ਪੁਰੀ ਨੇ ਹੌਲੀ ਜਿਹੇ ਮੇਰੇ ਕੰਨ ਵਿਚ ਹੱਸਦਿਆਂ ਅਚਾਨਕ ਕਿਹਾ, “ਹਾਲੇ ਮੈਂ ਇਨ੍ਹਾਂ ਡਾਕਟਰਾਂ ਨੂੰ ਆਪਣੀ ਸਿਹਤ ਦਾ ਪੂਰਾ ਰਾਜ਼ ਨਹੀਂ ਦੱਸਿਆ! ਮੇਰੀ ਸਿਹਤ ਦਾ ਅਸਲ ਰਾਜ਼ ਪਤਾ ਕੀ ਹੈ? ਮੇਰੀ ਸਿਹਤ ਦਾ ਅਸਲ ਰਾਜ਼ ਉਸ ਬਿਮਾਰ ਪਿਓ ਦੇ ਮੁੰਡੇ ਦੇ ਚਿਹਰੇ ਦੀ ਉਹ ਖੁਸ਼ੀ ਅਤੇ ਉਮੀਦ ਹੈ, ਜੋ ਹੁਣੇ-ਹੁਣੇ ਮੈਂ ਹਸਪਤਾਲ ਤੋਂ ਲੈ ਕੇ ਆਪਣੇ ਘਰ ਜਾ ਰਿਹਾਂ…!”