ਮਨੁੱਖ ਨੂੰ ਜਦੋਂ ਸਮਾਜ ਵਿਚ ਹੋ ਰਹੇ ਵਿਤਕਰੇ, ਅਣਮਨੁੱਖੀ ਵਿਹਾਰ ਅਤੇ ਬੇਇਨਸਾਫੀਆਂ ਦੀ ਸਮਝ ਆਉਂਦੀ ਹੈ ਤਾਂ ਫਿਰ ਉਹ ਮੁਕਾਬਲਾ ਕਰਨ ਲਈ ਮਨੋਬਲ ਨੂੰ ਉੱਚਾ ਕਰਦਾ ਹੈ ਤੇ ਤੰਗੀਆਂ-ਤੁਰਸ਼ੀਆਂ ਸਾਹਮਣੇ ਗੋਡੇ ਟੇਕਣ ਦੀ ਥਾਂ ਸੰਘਰਸ਼ ਨੂੰ ਪਹਿਲ ਦਿੰਦਾ ਹੈ, ਫੌਲਾਦੀ ਜੁੱਸਾ ਤੇ ਸੋਚ ਪੈਦਾ ਕਰਦਾ ਹੈ। ਇਸ ਸਮਝ ਨੂੰ ਪ੍ਰਣਾਉਂਦੇ ਹੋਏ ਹੀ ਗਦਰ ਲਹਿਰ ਦਾ ਜਨਮ ਹੋਇਆ ਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਰ ਜੋਖਮ ਮੁੱਲ ਲੈਣ ਦਾ ਪ੍ਰਣ ਕੀਤਾ।
“ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ
ਸਾਡਾ ਪਰਦੇਸੀਆਂ ਦੇਸ ਕੋਈ ਨਾ।”
“ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨ
ਇਹੋ ਬਚਨ ਤੇ ਫੁਰਮਾਨ ਹੋ ਗਏ।”
ਅੰਗਰੇਜ਼ ਰਾਜ ਤੋਂ ਆਜ਼ਾਦੀ ਪ੍ਰਾਪਤ ਕਰਨ ਦੀ ਘਾਲਣਾ ਦਾ ਵਿਵਰਣ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਆਜ਼ਾਦੀ ਪ੍ਰਾਪਤ ਕਰਨ ਦੀ ਖਾਹਿਸ਼ ਨੇ ਅਣਗਿਣਤ ਸੰਗਰਾਮੀ ਪੈਦਾ ਕੀਤੇ, ਜਿਨ੍ਹਾਂ ਵਿਚੋਂ ਸੈਂਕੜੇ ਯੋਧੇ ਫਾਂਸੀ ਦੇ ਤਖਤੇ ‘ਤੇ ਚੜ੍ਹੇ, ਹਜ਼ਾਰਾਂ ਨੂੰ ਲੰਬੀਆਂ ਜੇਲ੍ਹਾਂ ਕੱਟਣੀਆਂ ਪਈਆਂ ਅਤੇ ਆਪਣੀਆਂ ਜ਼ਾਇਦਾਦਾਂ ਦੀਆਂ ਕੁਰਕੀਆਂ ਕਰਵਾ ਕੇ ਦੇਸ਼ ਨਿਕਾਲੇ ਦੀਆਂ ਸਜ਼ਾਵਾਂ ਤਨ ‘ਤੇ ਹੰਢਾਈਆਂ। ਅੰਗਰੇਜ਼ ਹਕੂਮਤ ਕੋਲੋਂ ਬੜੇ ਹੀ ਲੰਬੇ ਸੰਗਰਾਮ ਪਿਛੋਂ ਆਜ਼ਾਦੀ ਮਿਲੀ। ਆਜ਼ਾਦੀ ਦੇ ਪਰਵਾਨਿਆਂ ਦੀ ਸਮਝ ਸੀ ਕਿ ਅੰਗਰੇਜ਼ ਰਾਜ ਖਤਮ ਹੋ ਜਾਣ ਤੋਂ ਬਾਅਦ ਹਰੇਕ ਹਿੰਦੋਸਤਾਨੀ ਨੂੰ ਜੀਵਨ ਨਿਰਵਾਹ ਦੀਆਂ ਸੁੱਖ ਸਹੂਲਤਾਂ ਮਿਲਣਗੀਆਂ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋ ਜਾਵੇਗੀ।
ਗਦਰੀ ਬਾਬਿਆਂ ਦੀ ਸੋਚ ਸੀ ਕਿ ਆਜ਼ਾਦੀ ਦੀ ਲੜਾਈ ‘ਇੱਕ’ ਹੋ ਕੇ ਹੀ ਲੜੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵਿਚ ਮਜ਼ਹਬੀ ਵਾਦ-ਵਿਵਾਦ ਦੀ ਕੋਈ ਥਾਂ ਨਹੀਂ ਹੈ, ਧਰਮ ਹਰ ਇੱਕ ਦਾ ਨਿੱਜੀ ਮਾਮਲਾ ਹੈ।
ਭਾਈ ਮਹਾਰਾਜ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਖਾਤਮੇ ਤੋਂ ਤੁਰੰਤ ਬਾਅਦ ਹੀ ਅੰਗਰੇਜ਼ ਰਾਜ ਵਿਰੁੱਧ ਆਜ਼ਾਦੀ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ, 1857 ਦਾ ਗਦਰ, ਜਿਸ ਵਿਚ ਬਹਾਦਰ ਸ਼ਾਹ ਜਫਰ ਨੇ ਵੀ ਹਿੱਸਾ ਪਾਇਆ; ਕੂਕਾ ਲਹਿਰ, ਜਿਸ ਨੇ ਸਭ ਤੋਂ ਪਹਿਲਾਂ ਅੰਗਰੇਜ਼ ਰਾਜ ਦਾ ਬਾਈਕਾਟ ਕੀਤਾ ਤੇ 1870 ਵਿਆਂ ਵਿਚ ਨਾ-ਮਿਲਵਰਤਣ ਲਹਿਰ ਚਲਾਈ, ਜੋ 45-50 ਸਾਲ ਬਾਅਦ ਮਹਾਤਮਾ ਗਾਂਧੀ ਨੇ 1920 ਵਿਚ ਕਾਪੀ ਕੀਤੀ; ਰੇਸ਼ਮੀ ਰੁਮਾਲ ਲਹਿਰ, ਵਿਦਿਆਰਥੀ ਜਥੇਬੰਦੀਆਂ, ਨੌਜਵਾਨ ਭਾਰਤ ਸਭਾ, ਗੁਰਦੁਆਰਾ ਸੁਧਾਰ ਲਹਿਰ, ਬੰਗਾਲ ਦੀ ਮਹਾਨ ਖੁਫੀਆ ਸਭਾ ਅਨੁਸ਼ੀਲਨ ਸੰਪਤੀ, ਪਰਜਾ ਮੰਡਲ ਲਹਿਰ, ਹੋਰ ਸੰਸਥਾਵਾਂ ਤੇ ਮੋਰਚਿਆਂ ਆਦਿ ਅਤੇ ਹਿੰਦੋਸਤਾਨ ਦੀ ਜਨਤਾ ਨੇ ਬਿਨਾ ਕਿਸੇ ਰੰਗ-ਭੇਦ, ਜਾਤ-ਪਾਤ ਜਾਂ ਊਚ-ਨੀਚ ਦੇ ਵਿਤਕਰਿਆਂ ਤੋਂ ਉੱਪਰ ਉਠ ਕੇ ਅੰਗਰੇਜ਼ ਰਾਜ ਵਿਰੁੱਧ ਲੜਾਈ ‘ਚ ਹਿੱਸਾ ਪਾਇਆ।
ਆਜ਼ਾਦੀ ਦੇ ਸ਼ਹੀਦ ਅਤੇ ਸੰਗਰਾਮੀ ਯੋਧਿਆਂ ਦੇ ਅਣਖੀ ਵਿਰਸੇ ਨੂੰ ਯਾਦਾਂ ਦਾ ਹਿੱਸਾ ਬਣਾ ਕੇ ਰੱਖਣ ਲਈ ਸ਼ਰਧਾਂਜਲੀ ਵਜੋਂ ਜਾਣਕਾਰੀ ਪੇਸ਼ ਹੈ।
ਪਹਿਲੀ ਸਤੰਬਰ 1940 ਨੂੰ ਬੱਬਰ ਕਰਮ ਸਿੰਘ (ਦੌਲਤਪੁਰ, ਜਿਲਾ ਨਵਾਂਸ਼ਹਿਰ) ਬਬੇਲੀ ਪਿੰਡ ਦੇ ਪੁਲਿਸ ਮੁਕਾਬਲੇ ‘ਚ ਸ਼ਹੀਦੀ ਜਾਮ ਪੀ ਗਏ। ਉਹ ਗਦਰ ਪਾਰਟੀ ਦੇ ਮੈਂਬਰ ਸਨ ਤੇ ਕੈਨੇਡਾ ਦੀਆਂ ਸਭ ਸੁੱਖ ਸਹੂਲਤਾਂ ਛੱਡ ਕੇ ਦੇਸ਼ ਆਜ਼ਾਦ ਕਰਵਾਉਣ ਲਈ ਦੇਸ਼ ਵਾਪਿਸ ਪਰਤੇ ਸਨ। ਇਸ ਪੁਲਿਸ ਮੁਕਾਬਲੇ ਵਿਚ ਬੱਬਰ ਓਦੈ ਸਿੰਘ ਰਾਮਗੜ੍ਹ ਝੂੰਗੀਆਂ (ਹੁਸ਼ਿਆਰਪੁਰ), ਬੱਬਰ ਬਿਸ਼ਨ ਸਿੰਘ ਮਾਂਗਟ (ਜਲੰਧਰ), ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਹੁਸ਼ਿਆਰਪੁਰ ਸ਼ਹੀਦ ਹੋਏ। ਪਹਿਲੀ ਸਤੰਬਰ 1956 ਨੂੰ ਰਾਮ ਨਰਾਇਣ ਪੁੱਤਰ ਲਾਲ ਜੀ, ਮੱਲ ਜੀ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਨਾਨੂੰ ਕਲਾਂ, ਸਬ ਤਹਿਸੀਲ ਪਟੌਦੀ (ਗੁੜਗਾਓਂ) 1946 ਵਿਚ ਪਟੌਦੀ ਸਟੇਟ ਵਿਰੁੱਧ ਸਤਿਆਗ੍ਰਹਿ ‘ਚ ਬਹੁਤ ਬੁਰੀ ਹਾਲਤ ‘ਚ ਜਖਮੀ ਹੋ ਗਏ ਸਨ।
2 ਸਤੰਬਰ 1925 ਨੂੰ ਸਮੁੰਦ ਸਿੰਘ ਪੁੱਤਰ ਬੂਟਾ ਸਿੰਘ ਮਾਤਾ ਲਛਮਣ ਕੌਰ ਪਿੰਡ ਫੇਰੂਮਾਨ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-14 ਦੇ ਮੈਂਬਰ ਸਨ।
3 ਸਤੰਬਰ 1915 ਨੂੰ ਬੁੱਧ ਸਿੰਘ ਪੁੱਤਰ ਹੀਰਾ ਸਿੰਘ ਤੇ ਮਾਤਾ ਜੀਵਨ, ਪਿੰਡ ਢੋਟੀਆਂ (ਅੰਮ੍ਰਿਤਸਰ) ਵਹਾਵੱਲਪੁਰ ਬੰਬ ਕਾਂਡ ‘ਚ ਫਾਂਸੀ ਲੱਗੇ।
3 ਸਤੰਬਰ 1915 ਨੂੰ ਭਾਈ ਲਛਮਣ ਸਿੰਘ ਦਫੇਦਾਰ ਪੁੱਤਰ ਕੱਥਾ ਸਿੰਘ, ਮਾਤਾ ਬੀਬੀ ਈਸ਼ਰ ਕੌਰ, ਪਿੰਡ ਚੂਸੜੇਵਾਲ, ਤਰਨਤਾਰਨ (ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਤਹਿਸੀਲ ਕਸੂਰ ਵਿਚ ਸੀ); ਅਬਦੁੱਲਾ ਨਾਹਲ ਚੰਦ ਪੁੱਤਰ ਅੱਲਾਹ ਦੀਨ ਪਿੰਡ ਟਪਰਾਲ ਗੁਜਰਾਂਵਾਲਾ; ਸਵਾਰ ਬੂਟਾ ਸਿੰਘ ਪੁੱਤਰ ਚੈਂਚਲ ਸਿੰਘ, ਮਾਤਾ ਬੀਬੀ ਨੰਦ ਕੌਰ ਪਿੰਡ ਕਸੇਲ; ਇੰਦਰ ਸਿੰਘ ਪੁੱਤਰ ਭਗਤ ਸਿੰਘ, ਮਾਤਾ ਬੀਬੀ ਭਾਗਣ, ਉਮਰ 24 ਸਾਲ ਤੇ ਪਿੰਡ ਸ਼ਾਹਬਾਜ਼ਪੁਰ; ਗੁੱਜਰ ਸਿੰਘ ਪੁੱਤਰ ਨਿਹਾਲ ਸਿੰਘ ਪਿੰਡ ਲਹੁਕੇ; ਜੇਠਾ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਲਹੁਕੇ; ਤਾਰਾ ਸਿੰਘ ਪੁੱਤਰ ਸ਼ਾਮ ਸਿੰਘ ਪਿੰਡ ਰੂੜੀਵਾਲ; ਭਾਗ ਸਿੰਘ ਪੁੱਤਰ ਬੂੜ ਸਿੰਘ ਪਿੰਡ ਰੂੜੀਵਾਲ; ਮੋਤਾ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਰੂੜੀਵਾਲ; ਦਫੇਦਾਰ ਵਧਾਵਾ ਸਿੰਘ ਪੁੱਤਰ ਸੁਰੈਣ ਸਿੰਘ ਪਿੰਡ ਰੂੜੀਵਾਲ; ਇੰਦਰ ਸਿੰਘ ਪੁੱਤਰ ਦਫੇਦਾਰ ਜਵੰਦ ਸਿੰਘ, ਮਾਤਾ ਖੇਮੀ ਪਿੰਡ ਜੀਉਵਾਲਾ ਅਤੇ ਸਵਾਰ ਬੁੱਧ ਸਿੰਘ ਪੁੱਤਰ ਹੀਰਾ ਸਿੰਘ, ਮਾਤਾ ਜੀਵਨ ਕੌਰ ਪਿੰਡ ਢੋਟੀਆਂ (ਸਾਰੇ ਜਿਲਾ ਅੰਮ੍ਰਿਤਸਰ ਤੋਂ) 23 ਨੰਬਰ ਰਸਾਲਾ ਡਸ਼ਗਈ (ਹਿਮਾਚਲ) ਦੇ ਬਾਗੀ ਫੌਜੀ ਸਨ। ਅੰਬਾਲਾ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ।
3 ਸਤੰਬਰ 1922 ਨੂੰ ਤਾਰਾ ਸਿੰਘ ਪੁੱਤਰ ਭਗਤ ਸਿੰਘ ਪਿੰਡ ਤਰਦਾ ਖੁਰਦ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਕੇ ਬਾਗ ਮੋਰਚੇ ‘ਚ ਸ਼ਮੂਲੀਅਤ ਕੀਤੀ।
3 ਸਤੰਬਰ 1957 ਨੂੰ ਸੰਤ ਸਿੰਘ ਪੁੱਤਰ ਗੁਰਮੁੱਖ ਸਿੰਘ ਪਿੰਡ ਮਾਨਾ ਸਿੰਘ, ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਹ ਭਾਈ ਫੇਰੂ ਮੋਰਚੇ ਦੇ ਮੈਂਬਰ ਸਨ ਤੇ ਦੋ ਸਾਲ ਕੁਆਲਾਲੰਪਰ ‘ਚ ਜੇਲ੍ਹ ਕੱਟੀ।
4 ਸਤੰਬਰ 1922 ਨੂੰ ਭਗਤ ਸਿੰਘ ਪਿੰਡ ਤਾਰਾ (ਅੰਮ੍ਰਿਤਸਰ) ਪੁਲਿਸ ਦੀ ਕੁੱਟ ਦੀ ਤਾਬ ਨਾ ਝੱਲਦੇ ਹੋਏ ਸਦੀਵੀ ਵਿਛੋੜਾ ਦੇ ਗਏ। ਉਹ ਗੁਰੂ ਕੇ ਬਾਗ ਮੋਰਚੇ ‘ਚ ਸ਼ਮਲ ਸਨ।
4 ਸਤੰਬਰ 1924 ਨੂੰ ਸੋਭਾ ਸਿੰਘ ਪਿੰਡ ਰਾਣੀਆਂ, ਤਹਿਸੀਲ ਮੋਗਾ (ਫਿਰੋਜ਼ਪੁਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ ਅਤੇ ਨਾਭਾ ਜੇਲ੍ਹ ਯਾਤਰਾ ਕੀਤੀ।
5 ਸਤੰਬਰ 1924 ਨੂੰ ਗੋਪਾਲ ਸਿੰਘ ਪੁੱਤਰ ਬਹਾਦਰ ਸਿੰਘ, ਮਾਤਾ ਬੀਬੀ ਇੰਦਰ ਕੌਰ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਫੁਲਰਵਾਂ ਲਾਗੇ ਚੂਹੜ ਕਲਾਂ (ਲਾਇਲਪੁਰ) ਤੋਂ ਸਨ ਤੇ ਗੁਰੂ ਕੇ ਬਾਗ ਮੋਰਚੇ ‘ਚ ਸ਼ਮੂਲੀਅਤ ਕੀਤੀ।
5 ਸਤੰਬਰ 1947 ਨੂੰ ਫਤਿਹ ਚੰਦ ਪੁੱਤਰ ਸੁਖਦਿਆਲ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਕਲੇਰ ਕੋਟ, ਤਹਿਸੀਲ ਭਾਕਰ ਮੀਆਂਵਾਲੀ, ਸਿਵਲ ਨਾ-ਫੁਰਮਾਨੀ ਲਹਿਰ ਦੇ ਮੈਂਬਰ ਸਨ। ਸਰਕਾਰ ਵਿਰੁੱਧ ਸਪੀਚ ਕਰਨ ਦੇ ਦੋਸ਼ ਕਾਰਨ ਡੀ. ਆਈ. ਆਰ. ਕਾਨੂੰਨ ਤਹਿਤ ਸਾਢੇ ਤਿੰਨ ਸਾਲ ਜੇਲ੍ਹ ਯਾਤਰਾ ਕੀਤੀ।
5 ਸਤੰਬਰ 1950 ਨੂੰ ਨੰਦ ਸਿੰਘ ਕੈਲਾ (ਪੁੱਤਰ ਰਾਮ ਸਿੰਘ ਤੇ ਬੀਬੀ ਫੱਤੋ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਕਾਇਲਾ ਜਿਲਾ ਲੁਧਿਆਣਾ ਤੋਂ ਸਨ। 1907 ‘ਚ ਘਰ ਦੀ ਸੁਰੱਗੀ ਲਈ ਕੈਨੇਡਾ ਗਏ ਭਾਈ ਭਗਵਾਨ ਸਿੰਘ ਪ੍ਰੀਤਮ ਨਾਲ ਮੇਲ ਹੋਇਆ, ਗਦਰ ਪਾਰਟੀ ਦੇ ਮੈਂਬਰ ਬਣੇ। ਦੇਸ਼ ਆਜ਼ਾਦ ਕਰਾਉਣ ਲਈ ਵਾਪਿਸੀ, ਆਖਰੀ ਸਾਹ ਵੀ ਦੇਸ਼-ਹਿੱਤ ਲਈ ਲਿਆ ਤੇ 70 ਸਾਲ ਦੀ ਉਮਰ ਵਿਚ ਵੀ ਜੇਲ੍ਹ ਵਿਚ ਭੁੱਖ ਹੜਤਾਲ ਕੀਤੀ।
5 ਸਤੰਬਰ 1957 ਨੂੰ ਰਾਮ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਦਸੌਰ, ਮੋਗਾ (ਫਿਰੋਜ਼ਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਦੀ ਆਜ਼ਾਦ ਬ੍ਰਿਗੇਡ ‘ਚ ਸਨ।
6 ਸਤੰਬਰ 1940 ਨੂੰ ਬਿਸ਼ਨ ਸਿੰਘ ਬੁੱਟਰ, ਅਜੈਬ ਸਿੰਘ (ਨੰਦਪੁਰ, ਅੰਮ੍ਰਿਤਸਰ), ਸਾਧੂ ਸਿੰਘ (ਦਦੇਹਰ, ਅੰਮ੍ਰਿਤਸਰ) ਅਤੇ ਗੁਰਚਰਨ ਸਿੰਘ (ਚੁਗਾਵਾਂ, ਸਾਧਪੁਰ (ਅੰਮ੍ਰਿਤਸਰ) ਨੂੰ ਸਿਕੰਦਰਾਬਾਦ ਜੇਲ੍ਹ ‘ਚ ਫਾਂਸੀ ਹੋਈ। ਇਹ ਸਾਰੇ 21 ਨੰਬਰ ਰਸਾਲੇ ਦੇ ਬਾਗੀ ਫੌਜੀ ਸਨ।
6 ਸਤੰਬਰ 1946 ਨੂੰ ਬਚਨ ਸਿੰਘ (ਪੁੱਤਰ ਕੇਸਰ ਸਿੰਘ ਤੇ ਮਾਤਾ ਦਲੀਪ ਕੌਰ) ਸਦੀਵੀ ਵਿਛੋੜਾ ਦੇ ਗਏ। ਪਿੰਡ ਤੇਰਾ ਖੁਰਦ, ਅਜਨਾਲਾ ਜ਼ਿਲਾ ਅੰਮ੍ਰਿਤਸਰ ਤੋਂ ਸਨ ਤੇ ਗੁਰੂ ਕੇ ਮੋਰਚੇ ‘ਚ ਹਿੱਸਾ ਲਿਆ।
6 ਸਤੰਬਰ 1914 ਨੂੰ ਭਾਈ ਬਦਨ ਸਿੰਘ ਦਲੇਲਵਾਲਾ (ਮਾਨਸਾ) ਅਤੇ ਭਾਗ ਸਿੰਘ ਭਿੱਖੀ ਪਿੰਡ (ਅੰਮ੍ਰਿਤਸਰ) ਨੂੰ ਵੈਨਕੂਵਰ ਗੁਰਦੁਆਰੇ ਵਿਚ ਗੋਰੀ ਸਰਕਾਰ ਦੇ ਝੋਲੀ ਚੁੱਕ ਗੱਦਾਰ ਬੇਲਾ ਸਿੰਘ ਨੇ ਗੋਲੀਆਂ ਮਾਰੀਆਂ, ਦੋਵੇਂ ਹਸਪਤਾਲ ਜਾ ਕੇ ਦਮ ਤੋੜ ਗਏ।
6 ਸਤੰਬਰ 1947 ਨੂੰ ਰਣਜੀਤ ਸਿੰਘ ਪੁੱਤਰ ਜਸਵੰਤ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਪਟਵਾਰ, ਹਾਂਸੀ (ਹਿਸਾਰ) ਤੋਂ ਸਨ। ਗੋਰੀ ਸਰਕਾਰ ਦੀ ਨੌਕਰੀ ਕਰਦੇ ਸਨ। ਆਪਣੇ ਅੰਗਰੇਜ਼ ਅਫਸਰ ਦਾ ਕਹਿਣਾ ਮੰਨਣ ਤੋਂ ਇਨਕਾਰੀ ਦੇ ਦੋਸ਼ ਵਿਚ ਇੱਕ ਸਾਲ ਨੌਂ ਮਹੀਨੇ ਕੈਦ, 7900 ਰੁਪਿਆ ਜੁਰਮਾਨਾ ਅਤੇ ਡੀ. ਆਈ. ਆਰ. ਕਾਨੂੰਨ ਤਹਿਤ ਹਿਸਾਰ, ਅਟਕ ਅਤੇ ਹਿਸਾਰ ਜੇਲ੍ਹ ਯਾਤਰਾ।
7 ਸਤੰਬਰ 1950 ਨੂੰ ਦਰਿਆ ਸਿੰਘ ਪੁੱਤਰ ਚੰਦਗੀ ਰਾਮ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਚਰਖੀ (ਮੁਹਿੰਦਰਗੜ੍ਹ) ਤੋਂ ਆਈ. ਏ. ਅਤੇ ਆਈ. ਐਨ. ਏ. ਦੇ ਲੜਾਕੂ ਫੌਜੀ ਸਨ। ਚਿੱਟਾਚੌਂਗ, ਜਿੱਗਰ ਕੱਚਾ ਕੈਂਪ ਅਤੇ ਕਲਕੱਤਾ ਜੇਲ੍ਹ ਦੇ ਕੈਦੀ ਰਹੇ।
8 ਸਤੰਬਰ 1957 ਨੂੰ ਮਨਫੁੱਲ ਸਿੰਘ ਪੁੱਤਰ ਮੋਹਨ ਸਿੰਘ, ਪਿੰਡ ਜਸੌਰ (ਰੋਹਤਕ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ‘ਚ ਹਿੱਸਾ ਲਿਆ ਤੇ ਇੱਕ ਸਾਲ ਜੇਲ੍ਹ ਯਾਤਰਾ ਕੀਤੀ। ਰੋਹਤਕ, ਅੰਬਾਲਾ, ਮੁਲਤਾਨ ਅਤੇ ਲਾਇਲਪੁਰ ਜੇਲ੍ਹਾਂ ‘ਚ ਕੈਦ ਭੁਗਤੀ।
8 ਸਤੰਬਰ 1962 ਨੂੰ ਭਾਈ ਭਗਵਾਨ ਸਿੰਘ ਪ੍ਰੀਤਮ (ਪੁੱਤਰ ਸਰਮੁੱਖ ਸਿੰਘ ਤੇ ਮਾਤਾ ਹਰ ਕੌਰ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਸਰਹਾਲੀ ਨੇੜੇ ਵੜਿੰਗ (ਤਰਨ ਤਾਰਨ) ਤੋਂ ਸਨ। ਕੈਨੇਡਾ ਅਤੇ ਅਮਰੀਕਾ ਦੀ ਧਰਤੀ ਉੱਪਰ ਅੰਗਰੇਜ਼ ਵਿਰੁੱਧ ਗਦਰ ਪਾਰਟੀ ਬਣਾਈ ਤੇ ਬਤੌਰ ਪ੍ਰਧਾਨ ਦੀ ਜਿੰਮੇਵਾਰੀ ਨਿਭਾਈ। ਉਹ ਅਗਾਂਹਵਧੂ ਕਵਿਤਾਵਾਂ ਲਿਖਣ ਦੀ ਮੁਹਾਰਤ ਰੱਖਦੇ ਸਨ। ਇੱਕ ਤੋਂ ਵੱਧ ਅਗਾਂਹਵਧੂ ਕਿਤਾਬਾਂ ਦੇ ਰਚੈਤਾ ਸਨ। ਗਦਰ ਦੀ ਗੂੰਜ ਅੰਗਰੇਜ਼ ਦੇ ਕੰਨਾਂ ਤੱਕ ਪਹੁੰਚਾਉਣ ਲਈ ਆਗੂ ਰੋਲ ਕੀਤਾ।
8 ਸਤੰਬਰ 1975 ਨੂੰ ਗੁੱਜਰ ਸਿੰਘ ਪੁੱਤਰ ਸ਼ਾਮ ਸਿੰਘ, ਪਿੰਡ ਭਕਨਾ ਕਲਾਂ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਹ ਗਦਰ ਲਹਿਰ ‘ਚ ਹਿੱਸਾ ਲੈਣ ਲਈ 1914 ਨੂੰ ਸ਼ੰਘਾਈ (ਚੀਨ) ਪੁਲਿਸ ਦੀ ਨੌਕਰੀ ਛੱਡ ਕੇ ਦੇਸ਼ ਪਰਤੇ, ਖੱਬੀਆਂ ਪਾਰਟੀਆਂ ‘ਚ ਦੇਸ਼ ਆਜ਼ਾਦੀ ਲਈ ਕੰਮ ਕੀਤਾ, ਕਈ ਵਾਰ ਜੇਲ੍ਹ ਗਏ ਅਤੇ ਲੁੱਟ ਰਹਿਤ ਸਮਾਜ ਲਈ ਆਖਰੀ ਸਾਹ ਤੱਕ ਜੂਝੇ।
9 ਸਤੰਬਰ 1917 ਨੂੰ ਰੁਲੀਆ ਸਿੰਘ ਪੁੱਤਰ ਜਗਤ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਸਰਾਭਾ (ਲੁਧਿਆਣਾ) ਤੋਂ ਸਨ। ਅਮਰੀਕਾ ‘ਚ ਸ਼ਹੀਦ ਕਰਤਾਰ ਸਰਾਭਾ ਇਨ੍ਹਾਂ ਨੂੰ ਮਿਲੇ, ਗਦਰ ਪਾਰਟੀ ‘ਚ ਸ਼ਮੂਲੀਅਤ ਵਾਪਿਸ ਦੇਸ਼ ਪਰਤੇ ਲਾਹੌਰ ਸਾਜ਼ਿਸ਼ ਕੇਸ ‘ਚ ਫਾਂਸੀ ਦੀ ਸਜ਼ਾ ਹੋਈ, ਜੋ ਟੁੱਟ ਕੇ ਕਾਲੇ ਪਾਣੀ ਦੀ ਕੈਦ ਤਬਦੀਲ ਹੋਈ; ਜੇਲ੍ਹ ਦੇ ਤਸੀਹੇ ਨਾ ਝੱਲਦੇ ਹੋਏ ਦਮ ਤੋੜ ਗਏ।
9 ਸਤੰਬਰ 1924 ਨੂੰ ਹਰਨਾਮ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਚੱਕ ਨੰਬਰ 42, ਜਿਲਾ ਸ਼ੇਖੂਪੁਰਾ ਤੋਂ ਸਨ ਅਤੇ ਜੈਤੋਂ ਦੇ ਅੱਠਵੇਂ ਮੋਰਚੇ ‘ਚ ਸ਼ਾਮਲ ਹੋਏ। ਇਸੇ ਦਿਨ ਉੱਤਮ ਸਿੰਘ ਪੁੱਤਰ ਦੇਵਾ ਸਿੰਘ, ਮਾਤਾ ਰਾਜ ਕੌਰ, ਪਿੰਡ ਕੋਹਾਰ (ਗੁਰਦਾਸਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-2 ਦੇ ਮੈਂਬਰ ਸਨ ਤੇ ਨਾਭਾ ਬੀੜ ਜੇਲ੍ਹ ਯਾਤਰਾ ਕੀਤੀ।
9 ਸਤੰਬਰ 1933 ਨੂੰ ਚੂਹੜ ਸਿੰਘ ਪੁੱਤਰ ਬੂਟਾ ਸਿੰਘ, ਪਿੰਡ ਲੀਲ (ਲੁਧਿਆਣਾ) ਸਿਹਤ ਦੀ ਖਰਾਬੀ ਕਰਕੇ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਅੰਗਰੇਜ਼ ਦੀ ਫੌਜ ਦੀ ਨੌਕਰੀ ਛੱਡੀ, ਅਮਰੀਕਾ ਗਏ ਤੇ ਗਦਰ ਪਾਰਟੀ ‘ਚ ਸ਼ਮੂਲੀਅਤ ਕੀਤੀ। 15 ਸਾਲ ਵੱਖ ਵੱਖ ਜੇਲ੍ਹਾਂ ਦੀ ਯਾਤਰਾ ਕੀਤੀ ਅਤੇ ਬਾਬਾ ਜਵਾਲਾ ਸਿੰਘ ਨਾਲ ਮਦਰਾਸ ਮੀਟਿੰਗ ‘ਚ ਹਿੱਸਾ ਲਿਆ।
9 ਸਤੰਬਰ 1963 ਨੂੰ ਭਾਈ ਹਰਦਿੱਤ ਸਿੰਘ ਲੰਮੇ (ਪੁੱਤਰ ਭਗਵਾਨ ਸਿੰਘ ਟਾਟਲਾ, ਮਾਤਾ ਪ੍ਰਤਾਪ ਕੌਰ) ਪਿੰਡ ਲੰਮੇ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਹ ਹਾਂਗ ਕਾਂਗ ਵਿਚ ਪੁਲਿਸ ਦੀ ਨੌਕਰੀ ਕਰਦੇ ਸਨ, ਗਦਰ ਲਹਿਰ ‘ਚ ਸ਼ਾਮਲ ਹੋ ਗਏ।
10 ਸਤੰਬਰ 1925 ਨੂੰ ਗੰਡਾ ਸਿੰਘ ਸਿਹਤ ਦੀ ਖਰਾਬੀ ਕਰਕੇ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਜੈਤੋਂ ਮੋਰਚੇ ਦੇ ਬਤੌਰ ਮੈਂਬਰ ਰਾਵਲ ਪਿੰਡੀ ਜੇਲ੍ਹ ਯਾਤਰਾ ਕੀਤੀ। 10 ਸਤੰਬਰ 1947 ਨੂੰ ਨਰਸਿੰਗ ਦਾਸ (ਪੁੱਤਰ ਕ੍ਰਿਪਾ ਰਾਮ, ਮਾਤਾ ਧੰਨ ਦੇਵੀ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ 1907 ‘ਚ ਰਾਵਲ ਪਿੰਡੀ ਦੇ ਦੰਗਿਆ ‘ਚ ਸ਼ਮੂਲੀਅਤ ਦੇ ਦੋਸ਼ ਕਰਕੇ ਛੇ ਮਹੀਨੇ ਰਾਵਲ ਪਿੰਡੀ ਜੇਲ੍ਹ ਕੱਟੀ।
12 ਸਤੰਬਰ 1949 ਨੂੰ ਸਾਮਾ ਸਿੰਘ ਪੁੱਤਰ ਬੁੱਧ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਨੌਸ਼ਿਹਰਾ ਡੱਲਾ, ਤਰਨ ਤਾਰਨ (ਅੰਮ੍ਰਿਤਸਰ) ਤੋਂ ਸਨ। ਗੁਰੂ ਕੇ ਮੋਰਚੇ ‘ਚ ਸ਼ਮੂਲੀਅਤ ਕਰਕੇ ਇੱਕ ਸਾਲ ਮੁਲਤਾਨ ਅਤੇ ਅੱਟਕ ਜੇਲ੍ਹ ਦੀ ਯਾਤਰਾ ਕੀਤੀ।
13 ਸਤੰਬਰ 1924 ਨੂੰ ਪ੍ਰੀਤਮ ਸਿੰਘ (ਪੁੱਤਰ ਤਖਤ ਸਿੰਘ, ਮਾਤਾ ਹਰਨਾਮ ਕੌਰ) ਜੇਲ੍ਹ ‘ਚ ਹੀ ਸਦੀਵੀ ਵਿਛੋੜਾ ਦੇ ਗਏ। ਉਹ ਜਿਲਾ ਫਿਰੋਜ਼ਪੁਰ ਤੋਂ ਸਨ ਅਤੇ ਜੈਤੋਂ ਦੇ ਮੋਰਚੇ ਤੇ ਗੁਰੂ ਕੇ ਬਾਗ ਮੋਰਚੇ ‘ਚ ਸ਼ਾਮਲ ਹੋਏ।
13 ਸਤੰਬਰ 1929 ਨੂੰ ਜਤਿੰਦਰ ਨਾਥ ਦਾਸ ਪੁੱਤਰ ਬੰਕਿੰਮ ਬਿਹਾਰੀ ਦਾਸ 63 ਦਿਨ ਦੀ ਜੇਲ੍ਹ ਵਿਚ ਭੁੱਖ ਹੜਤਾਲ ਤੋਂ ਬਾਅਦ ਸ਼ਹਾਦਤ ਦਾ ਜਾਮ ਪੀ ਗਏ। ਉਹ ਸ਼ਹੀਦ ਭਗਤ ਸਿੰਘ ਦੇ ਯੁੱਧ ਸਾਥੀ ਸਨ। 13 ਸਤੰਬਰ 1960 ਨੂੰ ਲਿੱਧੀ ਰਾਮ ਪੁੱਤਰ ਊਦੀ ਪਿੰਡ ਨਰਵਾਣਾ (ਕਾਂਗੜਾ) ਹਿਮਾਚਲ ਸਦੀਵੀ ਵਿਛੋੜਾ ਦੇ ਗਏ। ਉਹ ਆਈ. ਏ. ਅਤੇ ਆਈ. ਐਨ. ਏ. ‘ਚ ਬਤੌਰ ਸਿਪਾਹੀ ਦੇਸ਼ ਹਿੱਤ ਲਈ ਲੜੇ।
14 ਸਤੰਬਰ 1944 ਨੂੰ ਭਗਤ ਸਿੰਘ ਪੁੱਤਰ ਪਿਆਰਾ ਸਿੰਘ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਦੇ ਬਰਮਾ ਫਰੰਟ ‘ਚ ਲੜੇ। ਜਿੱਗਰ ਕੱਚਾ ਕੈਂਪ ਦੀ ਜੇਲ੍ਹ ਕੱਟੀ।
15 ਸਤੰਬਰ 1871 ਨੂੰ ਸੰਤ ਲਹਿਣਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਾਕਮ ਸਿੰਘ ਪਟਵਾਰੀ ਅਤੇ ਸੰਤ ਬੀਹਲਾ ਸਿੰਘ ਬੇਰਹਿਮ ਫਰੰਗੀ ਅੰਗਰੇਜ਼ ਸਰਕਾਰ ਨੇ ਸ਼ੱਰੇਆਮ ਅੰਮ੍ਰਿਤਸਰ ਵਿਖੇ ਫਾਹੇ ਲਾਏ। ਇਹ ਚਾਰੇ ਨਾਮਧਾਰੀ ਕੂਕੇ ਸਿੰਘ ਸਨ। ਦੋਸ਼, ਦਰਬਾਰ ਸਾਹਿਬ ਲਾਗੇ ਬੁੱਚੜਾਂ ਦੀਆਂ ਦੁਕਾਨਾਂ ਬੰਦ ਕਰਾਉਣ ਲਈ ਬੁੱਚੜਾਂ ਦੇ ਕਤਲ ਕੀਤੇ, ਸਤੰਬਰ ਮਹੀਨੇ ਦੇ ਦੂਜੇ ਹਫਤੇ ‘ਚ ਕੂਕਾ ਸੰਤ ਬਿਸ਼ਨ ਸਿੰਘ ਸਰਾਫ ਨੂੰ ਵੀ ਝੂਠੇ ਮੁਕੱਦਮੇ ਤਹਿਤ ਲਾਹੌਰ ਵਿਚ ਫਾਂਸੀ ਦਿੱਤੀ। ਅਸਲ ਕਸੂਰ ਇਹ ਹੀ ਸੀ ਕਿ ਉਨ੍ਹਾਂ ਮਲਕਾਂ ਦਾ ਤਾਜ ਬਣਾਉਣ ਤੋਂ ਨਾਂਹ ਕੀਤੀ ਸੀ।
17 ਸਤੰਬਰ 1924 ਨੂੰ ਭਾਈ ਗਿਆਨ ਸਿੰਘ ਪੁੱਤਰ ਦੇਵਾ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਦੇ ਮੋਰਚੇ ਦੇ ਸਿਰੜੀ ਯੋਧੇ ਸਨ।
17 ਸਤੰਬਰ 1949 ਨੂੰ ਧਨੀ ਸਿੰਘ ਪੁੱਤਰ ਨਿਹਾਲਾ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਧਰਮਸਾਲਾ ਹਮੀਰਪੁਰ (ਕਾਂਗੜਾ) ਤੋਂ ਆਈ. ਏ. ਅਤੇ ਆਈ. ਐਨ. ਏ. ਦੇ ਸਿਪਾਹੀ ਸਨ; ਦੇਸ਼ ਹਿੱਤ ਲਈ ਲੜੇ।
18 ਸਤੰਬਰ 1951 ਨੂੰ ਦਲੀਪ ਸਿੰਘ (ਪੁੱਤਰ ਅਨੋਖ ਸਿੰਘ, ਬੀਬੀ ਰਾਜ ਕੌਰ) ਪਿੰਡ ਸਿੱਧਵਾਂ ਕਲਾਂ, ਜਗਰਾਉਂ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਹ ਆਈ. ਏ. ਅਤੇ ਆਈ. ਐਨ. ਏ. ਦੇ ਦੇਸ਼ ਹਿਤੈਸ਼ੀ ਸਿਪਾਹੀ ਸਨ। 18 ਸਤੰਬਰ 1962 ਨੂੰ ਹਰਨਾਮ ਸਿੰਘ ਟੁੰਡੀਲਾਟ ਪੁੱਤਰ ਗੁਰਦਿੱਤ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਤੋਂ ਸਨ ਤੇ 1906 ਵਿਚ ਕੈਨੇਡਾ ਪਹੁੰਚੇ। ਬਾਅਦ ‘ਚ ਅਮਰੀਕਾ ਗਏ। ਉਹ ਗਦਰ ਪਾਰਟੀ ਦੇ ਫਾਊਂਡਰ ਆਗੂ ਸਨ। ਲਿਖਾਰੀ ਅਤੇ ਕਵੀ ਸਨ। ਹਿੰਦੋਸਤਾਨ ਦੀ ਆਜ਼ਾਦੀ ਲਈ ਸਭ ਸੁੱਖ ਸਹੂਲਤਾਂ ਛੱਡ ਕੇ 1914 ਨੂੰ ਦੇਸ਼ ਪਰਤੇ ਤੇ ਆਖਰੀ ਸਾਹ ਤੱਕ ਦੇਸ਼ ਹਿੱਤ ਲਈ ਤਤਪਰ ਰਹੇ।
18 ਸਤੰਬਰ 1971 ਨੂੰ ਪਿਆਰਾ ਸਿੰਘ ਲੰਗੇਰੀ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਹ 1906 ‘ਚ ਅਮਰੀਕਾ ਪਹੁੰਚੇ, ਹਾਲਾਤ ਅਨੁਕੂਲ ਨਾ ਹੋਣ ਕਾਰਨ ਕੈਨੇਡਾ ਚਲੇ ਗਏ। ਵਿਕਟੋਰੀਆ ਗੁਰਦੁਆਰੇ ਦੇ ਗ੍ਰੰਥੀ ਰਹੇ ਤੇ ਗਦਰ ਪਾਰਟੀ ਦੇ ਮੈਂਬਰ ਵੀ। 1915 ‘ਚ ਦੇਸ਼ ਵਾਪਸੀ, ਆਜ਼ਾਦੀ ਦੀ ਜੰਗ ‘ਚ ਗੁਰਦੁਆਰਾ ਸੁਧਾਰ ਲਹਿਰ ਜੈਤੋਂ ਦੇ ਮੋਰਚੇ ‘ਚ ਦੋ ਸਾਲ ਜੇਲ੍ਹ ਯਾਤਰਾ ਕੀਤੀ ਅਤੇ 1921 ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ।
19 ਸਤੰਬਰ 1924 ਨੂੰ ਜੀਵਨ ਸਿੰਘ ਪਿੰਡ ਭੱਠਲ ਭਾਈਕੇ ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਦੇ ਮੋਰਚੇ ‘ਚ ਗ੍ਰਿਫਤਾਰ ਹੋਏ ਸਨ।
20 ਸਤੰਬਰ 1924 ਨੂੰ ਰਣਯੋਧ ਸਿੰਘ ਪਿੰਡ ਭਾਗਲੇਵਾਲਾ, ਮੋਗਾ (ਫਿਰੋਜ਼ਪੁਰ) ਨਾਭਾ ਬੀੜ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਦੇ ਮੋਰਚੇ ਦੀ ਸ਼ਾਮਲ ਹੋਏ ਸਨ।
20 ਸਤੰਬਰ 1928 ਨੂੰ ਨਰਾਇਣਾ ਗੁਰੂ ਪਿੰਡ ਚਿੰਪਾ ਝਾਂਤੀ, ਤ੍ਰਿਵੇਂਦ੍ਰਮ (ਕੇਰਲ) ਸਦੀਵੀ ਵਿਛੋੜਾ ਦੇ ਗਏ। ਉਹ ਸਮਾਜ ਦੀਆਂ ਅਣਮਨੁੱਖੀ ਧਾਰਨਾਵਾਂ ਦੇ ਵਿਰੋਧ ‘ਚ ਲੜੇ। ਉਨ੍ਹਾਂ ਦਾ ਨਾਹਰਾ ਸੀ, ‘ਸੰਗਠਨ ਦੁਆਰਾ ਸ਼ਕਤੀ, ਸਿਖਿਆ ਦੁਆਰਾ ਸੁਤੰਤਰਤਾ।’ ਜੋ ਅੰਗਰੇਜ਼ ਵਿਰੁੱਧ ਚੁਣੌਤੀ ਸੀ।
20 ਸਤੰਬਰ 1942 ਨੂੰ ਭੈਣ ਕਾਂਤਾ ਲਤਾ ਬਰੂਆ ‘ਭਾਰਤ ਛੱਡੋ ਅੰਦੋਲਨ’ ਦੌਰਾਨ ਪੁਲਿਸ ਸਟੇਸ਼ਨ ‘ਤੇ ਤਿਰੰਗਾ ਝੰਡਾ ਲਹਿਰਾਉਂਦੇ ਸਮੇਂ ਪੁਲਿਸ ਫਾਇਰਿੰਗ ਨਾਲ ਸ਼ਹੀਦ ਹੋ ਗਏ।
20 ਸਤੰਬਰ 1946 ਨੂੰ ਭਗਤ ਸਿੰਘ ਪੁੱਤਰ ਸੁਰਜਨ ਸਿੰਘ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ਅਤੇ ਗੁਰੂ ਕੇ ਬਾਗ ਮੋਰਚੇ ‘ਚ ਤਿੰਨ ਸਾਲ ਅੱਟਕ, ਨਾਭਾ ਬੀੜ ਅਤੇ ਹੁਸ਼ਿਆਰਪੁਰ ਸਖਤ ਜੇਲ੍ਹ ਕੱਟੀ।
21 ਸਤੰਬਰ 1924 ਨੂੰ ਪਿੰਡ ਯਮਨ (ਲਾਹੌਰ) ਦੇ ਮਿਲਖਾ ਸਿੰਘ (ਪੁੱਤਰ ਰਤਨ ਸਿੰਘ, ਮਾਤਾ ਬਿਸ਼ਨ ਕੌਰ) ਅਤੇ ਸੁੱਖਾ ਸਿੰਘ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਮੋਰਚੇ ‘ਚ ਹਿੱਸਾ ਲਿਆ ਅਤੇ ਨਾਭਾ ਬੀੜ ਜੇਲ੍ਹ ਦੀ ਯਾਤਰਾ ਕੀਤੀ। ਸੁੱਖਾ ਸਿੰਘ ਜੈਤੋਂ ਦੇ ਮੋਰਚੇ-8 ਵਿਚ ਸ਼ਾਮਲ ਹੋਏ ਤੇ ਨਾਭਾ ਬੀੜ ਜੇਲ੍ਹ ‘ਚ ਆਖਰੀ ਸਾਹ ਲਿਆ। 21 ਸਤੰਬਰ 1954 ਨੂੰ ਭਾਗ ਸਿੰਘ ਵਕੀਲ ਪੁੱਤਰ ਸੁੰਦਰ ਸਿੰਘ ਰਾਮਗੜ੍ਹੀਆ ਸਦੀਵੀ ਵਿਛੋੜਾ ਦੇ ਗਏ। ਸਿੱਖ ਹਿਤੈਸ਼ੀ ਤੇ ਅੰਗਰੇਜ਼ ਰਾਜ ਵਿਰੁੱਧ ਸਨ, ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ‘ਚ ਜੇਲ੍ਹ ਯਾਤਰਾ ਕੀਤੀ।
22 ਸਤੰਬਰ 1916 ਨੂੰ ਨਰੰਜਣ ਸਿੰਘ ਪੁੱਤਰ ਜਵਾਲਾ ਸਿੰਘ ਨੂੰ ਪਹਿਲੇ ਮਾਂਡਲੇ ਕੇਸ ਵਿਚ ਫਾਂਸੀ ਹੋਈ। ਉਹ ਪਿੰਡ ਸੰਗਤਪੁਰ, ਜਗਰਾਉਂ (ਲੁਧਿਆਣਾ) ਤੋਂ ਸਨ ਅਤੇ ਸਿਆਮ (ਮਾਂਡਲੇ) ‘ਚ ਗਦਰ ਮੂਵਮੈਂਟ ਦੇ ਆਗੂ ਸਨ।
22 ਸਤੰਬਰ 1947 ਨੂੰ ਨੰਦ ਸਿੰਘ (ਪੁੱਤਰ ਹਰਦਿੱਤ ਸਿੰਘ, ਮਾਤਾ ਕਾਹਨ ਕੌਰ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਸਤੌਰ (ਹੁਸ਼ਿਆਰਪੁਰ) ਤੋਂ ਸਨ, ਗੁਰੂ ਕੇ ਬਾਗ ਮੋਰਚੇ ‘ਚ ਹਿੱਸਾ ਲਿਆ ਤੇ ਇੱਕ ਸਾਲ ਅੱਟਕ ਜੇਲ੍ਹ ਯਾਤਰਾ।
24 ਸਤੰਬਰ 1924 ਨੂੰ ਮੰਗਲ ਸਿੰਘ (ਪੁੱਤਰ ਬਿਸ਼ਨ ਸਿੰਘ, ਮਾਤਾ ਜਵਾਲਾ ਦੇਵੀ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਬਾਲਕਸਰ, ਜਿਲਾ ਜੇਹਲਮ ਤੋਂ ਸਨ ਅਤੇ ਜੈਤੋਂ ਦੇ ਮੋਰਚੇ-5 ਦੇ ਮੈਂਬਰ ਸਨ ਤੇ ਨਾਭਾ ਬੀੜ ਜੇਲ੍ਹ ਯਾਤਰਾ ਕੀਤੀ।
25 ਸਤੰਬਰ 1958 ਨੂੰ ਤਾਰਾ ਚੰਦ ਪੁੱਤਰ ਰਾਮ ਰੱਖਾ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਥਾਨਾ, ਜਿਲਾ ਕਾਂਗੜਾ ਤੋਂ ਆਈ. ਏ. ਅਤੇ ਆਈ. ਐਨ. ਓ. ਦੇ ਫੌਜੀ ਸਨ।
25 ਸਤੰਬਰ 1986 ਨੂੰ ਦਰਸ਼ਨ ਸਿੰਘ ਕੈਨੇਡੀਅਨ ਪੁੱਤਰ ਦੇਵਾ ਸਿੰਘ ਸੰਘਾ ਮਾਤਾ ਰਾਓ ਸਦੀਵੀ ਵਿਛੋੜਾ ਦੇ ਗਏ।ਆਪ ਪਿੰਡ ਲੰਗੇਰੀ ਲਾਗੇ ਮਾਹਿਲਪੁਰ (ਹੁਸ਼ਿਆਰਪੁਰ) ਤੋਂ ਸਨ। ਆਪ ਕੈਨੇਡਾ ਤੋਂ ਵਾਪਿਸ ਦੇਸ਼ ਆਜ਼ਾਦ ਕਰਾਉਣ ਆਏ, ਕਿਸਾਨਾਂ ਮਜਦੂਰਾਂ ਦੇ ਮੁਜੱਸਮੇ ਸਨ। ਸਮਾਜ ਦੀ ਖੁਸ਼ਹਾਲੀ ਦੇ ਵਿਰੁੱਧ ਸਿਰ ਫਿਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
27 ਸਤੰਬਰ 1956 ਨੂੰ ਫੱਤਣ ਸਿੰਘ (ਪੁੱਤਰ ਚੈਨ ਸਿੰਘ ਸੁੱਖ, ਮਾਤਾ ਰਾਮ ਬਾਈ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਦਰਬਾਰੀਪੁਰ (ਗੁੜਗਾਉਂ) ਤੋਂ ਆਈ. ਏ. ਅਤੇ ਆਈ. ਐਨ. ਏ. ‘ਚ ਕੈਪਟਨ ਰੈਂਕ ਦੇ ਅਤੇ ਆਜ਼ਾਦ ਬ੍ਰਿਗੇਡ ਅਫਸਰ ਸਨ। ਬੈਂਕਾਕ ਤੇ ਜਿਗਰ ਕੈਂਪ ਜੇਲ੍ਹ ਕੱਟੀ। 27 ਸਤੰਬਰ 1955 ਨੂੰ ਵਸਾਵਾ ਸਿੰਘ ਉਰਫ ਕਿਸ਼ਨ ਸਿੰਘ ਪੁੱਤਰ ਭਾਮਾ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਭੋਰਸ਼ੀ ਬ੍ਰਾਹਮਣਾ (ਅੰਮ੍ਰਿਤਸਰ) ਤੋਂ ਸਨ। ਜੈਤੋਂ ਦੇ ਮੋਰਚੇ-6 ‘ਚ ਸ਼ਮੂਲੀਅਤ ਕੀਤੀ ਤੇ ਨਾਭਾ ਬੀੜ ਦੀ ਜੇਲ੍ਹ ਕੱਟੀ।
28 ਸਤੰਬਰ 1924 ਨੂੰ ਇੰਦਰ ਸਿੰਘ ਸਦੀਵੀ ਵਿੜੋੜਾ ਦੇ ਗਏ। ਉਹ ਪਿੰਡ ਲੋਹਕੇ, ਜਿਲਾ ਲਾਇਲਪੁਰ ਤੋਂ ਸਨ। ਜੈਤੋਂ ਦੇ ਮੋਰਚੇ-5 ‘ਚ ਸ਼ਮੂਲੀਅਤ ਕੀਤੀ।
29 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਜਹਾਜ ਕੈਨੇਡਾ ਤੋਂ ਵਾਪਿਸ ਆ ਕੇ ਕਲਕੱਤੇ ਦੀ ਬੰਦਰਗਾਹ ਤੋਂ ਦੂਰ ਬੱਜਬੱਜ ਘਾਟ ‘ਤੇ ਰੋਕ ਲਿਆ। ਫਰੰਗੀਆਂ ਨੇ 19 ਬੇਦੋਸ਼ ਨਿਹੱਥੇ ਯਾਤਰੀਆਂ ਨੂੰ ਗੋਲੀਆਂ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ, ਜਿਨ੍ਹਾਂ ‘ਚ 13 ਪੰਜਾਬੀ, ਇੱਕ ਬੰਗਾਲੀ ਦੁਕਾਨਦਾਰ ਤੇ ਇੱਕ ਉੜੀਆ ਮਜ਼ਦੂਰ ਵੀ ਸੀ। ਸ਼ੀਹਾਂ ਸਿੰਘ, ਬੂੜ ਸਿੰਘ, ਸ਼ਿਵ ਸਿੰਘ, ਇੰਦਰ ਸਿੰਘ, ਅਰਜਨ ਸਿੰਘ, ਲਛਮਣ ਸਿੰਘ, ਨਰਾਇਣ ਸਿੰਘ, ਰੂੜ ਸਿੰਘ, ਭਜਨ ਸਿੰਘ, ਚੰਨਣ ਸਿੰਘ, ਪੰਡਿਤ ਗੋਧੀ ਰਾਮ, ਮਸਤਾਨ ਸਿੰਘ, ਕੇਹਰ ਸਿੰਘ, ਰਤਨ ਸਿੰਘ, ਟਹਿਲ ਸਿੰਘ, ਈਸ਼ਵਰ ਸਿੰਘ, ਕਾਕਡ ਸਿੰਘ, ਇੰਦਰ ਸਿੰਘ, ਭਗਤ ਸਿੰਘ, ਭੈਣ ਰੁਕਮਨੀ ਕਾਂਤਾ ਮਜ਼ੂਮਦਾਰ ਅਤੇ ਦੀਨ ਬੰਧੂ ਸ਼ਹੀਦ ਹੋਏ।
29 ਸਤੰਬਰ 1932 ਨੂੰ ਪ੍ਰੀਤੀ ਲਤਾ ਵਾਡੇਕਰ ਪੁੱਤਰੀ ਪ੍ਰਾਤੀ ਦਾਮੀਦ ਵਾਡੇਕਰ ਸ਼ਹੀਦੀ ਪਾ ਗਏ। ਜਗਬਧ, ਢਾਕਾ (ਬੰਗਾਲ) ‘ਚ ਜਨਮ ਹੋਇਆ। ਜਲ੍ਹਿਆਂ ਵਾਲੇ ਖੂਨੀ ਸਾਕੇ ਨੇ ਉਸ ਦਾ ਮਨ ਵਲੂੰਧਰ ਕੇ ਰੱਖ ਦਿੱਤਾ। Aਸ ਨੇ ਪਹਾੜ ਤਲੀ ਅੰਗਰੇਜ਼ ਡਾਂਸ ਕਲੱਬ ਉੱਪਰ ਬੰਬ ਸੁੱਟਿਆ। ਆਪ ਵੀ ਜਖਮੀ ਹੋਏ ਅਤੇ ਚਿਟਾਗਾਂਗ ਪੁਲਿਸ ਮੁਕਾਬਲੇ ‘ਚ ਦਮ ਤੋੜ ਗਏ।
29 ਸਤੰਬਰ 1949 ਨੂੰ ਪ੍ਰੇਮ ਸਿੰਘ ਪ੍ਰੇਮ, ਜੋ ਪਿੰਡ ਸਰਾਭਾ (ਲੁਧਿਆਣਾ) ਤੋਂ ਸਨ, ਪੁਲਿਸ ਦੇ ਤਸ਼ੱਦਦ ਕਾਰਨ ਸਦੀਵੀ ਵਿਛੋੜਾ ਦੇ ਗਏ। ਕਲਕੱਤੇ ਦੀ ਅੰਗਰੇਜ਼ ਵਿਰੋਧੌ ਨੌਜਵਾਨ ਭਾਰਤ ਸਭਾ ‘ਚ ਸਰਗਰਮ ਸਨ, ਅਗਾਂਹ-ਵਧੂ ਕਵੀ ਸਨ, ਕਵੀ ਕੁਟੀਆ ਦੇ ਮੈਂਬਰ ਅਤੇ ਕਵੀ ਪ੍ਰੈਸ ਦੇ ਆਪਾ ਵਾਰਨ ਵਾਲੇ ਮੈਂਬਰ ਸਨ।
ਸਤੰਬਰ ਮਹੀਨੇ ਦੇ ਹੋਰ ਸੰਗਰਾਮੀ ਤੇ ਸ਼ਹੀਦ ਯੋਧੇ
ਸਤੰਬਰ 1924 ਨੂੰ ਜੁਝਾਰ ਸਿੰਘ (ਪੁੱਤਰ ਲਹਿਣਾ ਸਿੰਘ, ਮਾਤਾ ਹੁਕਮੀ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਗੇਰਾ ਹਾਜੀਪੁਰ, ਹੁਸ਼ਿਆਰਪੁਰ ਤੋਂ ਜੈਤੋਂ ਦੇ ਮੋਰਚੇ-7 ‘ਚ ਸ਼ਾਮਲ ਹੋਏ। ਸਤੰਬਰ 1924 ਨੂੰ ਉਜਾਗਰ ਸਿੰਘ (ਪੁੱਤਰ ਝੰਡਾ ਸਿੰਘ, ਮਾਤਾ ਜੁਆਲੀ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਭਾਗੋਵਾਲ, ਜਿਲਾ ਗੁਰਦਾਸਪੁਰ ਤੋਂ ਜੈਤੋਂ ਅਤੇ ਗੁਰੂ ਕੇ ਬਾਗ ਮੋਰਚੇ ‘ਚ ਸ਼ਾਮਲ ਹੋਏ। ਨਾਭਾ ਬੀੜ ਦੀ ਜੇਲ੍ਹ ਯਾਤਰਾ ਕੀਤੀ।
ਸਤੰਬਰ 1930 ਨੂੰ ਬਖਤਾਬਰ ਸਿੰਘ (ਗਾਥਰ ਸਿੰਘ) ਪੁੱਤਰ ਇੰਦਰ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਗੁੱਜਰਵਾਲ (ਲੁਧਿਆਣਾ) ਤੋਂ ਸਨ। 1914 ‘ਚ ਅਮਰੀਕਾ ਤੋਂ ਗਦਰ ਕਰਨ ਲਈ ਹਿੰਦੋਸਤਾਨ ਪਹੁੰਚੇ, ਡੀ. ਆਈ. ਏ. ਕਾਨੂੰਨ ਤਹਿਤ ਪੰਜ ਸਾਲ ਕੈਦ ਕੱਟੀ ਅਤੇ 1918 ‘ਚ ਬਾਹਰ ਆ ਕੇ ਅਕਾਲੀ ਮੂਵਮੈਂਟ ‘ਚ ਸਰਗਰਮ ਰਹੇ।
ਸਤੰਬਰ 1943 ਨੂੰ ਭਾਈ ਰਤਨ ਸਿੰਘ ਰਾਏਪੁਰ ਡੱਬਾ ਪੁੱਤਰ ਨਿਹਾਲ ਸਿੰਘ ਬਿਲਨ ਇਟਲੀ (ਰੋਮ) ‘ਚ ਸਦੀਵੀ ਵਿਛੋੜਾ ਦੇ ਗਏ। 1907 ‘ਚ ਕੈਨੇਡਾ ਪਹੁੰਚੇ ਸਨ ਅਤੇ ਅੰਗਰੇਜ਼ ਵਿਰੁੱਧ ਵੱਖ ਵੱਖ ਨਾਂਵਾਂ ਹੇਠ ਕੰਮ ਕੀਤਾ।
ਸਤੰਬਰ 1944 ਨੂੰ ਗੁਰਨਾਮ ਸਿੰਘ (ਪੁੱਤਰ ਸਾਹਿਬ ਸਿੰਘ, ਮਾਤਾ ਰਤਨ ਕੌਰ) ਨੂੰ ਝੂਠੇ ਕੇਸ ‘ਚ ਫਸਾ ਕੇ ਲੁਧਿਆਣਾ ਜੇਲ੍ਹ ‘ਚ ਫਾਂਸੀ ਦਿੱਤੀ। ਉਨ੍ਹਾਂ ਨੇ ਫੇਰੂ ਮੋਰਚੇ, ਸਤਿਆਗ੍ਰਹਿ ਅਤੇ ਕਿਊ. ਆਈ. ਐਮ. ਮੂਵਮੈਂਟ ‘ਚ ਹਿੱਸਾ ਲਿਆ। ਦੋ ਸਾਲ ਸੱਤ ਮਹੀਨੇ ਜੇਲ੍ਹ ਕੱਟੀ।
ਸਤੰਬਰ 1944 ਨੂੰ ਹਾਫਿਜ਼ ਉਲ੍ਹਾ ਪਿੰਡ ਗੁਲਮਾਂ ਪੰਡਾ, ਜਿਲਾ ਹਰੀਪੁਰ ਹਜ਼ਾਰਾ ਯੇਨ ਐਕਸ਼ਨ ‘ਚ ਸ਼ਹੀਦ ਹੋਏ।
ਸਤੰਬਰ 1944 ਨੂੰ ਹਰੀ ਸਿੰਘ ਪਿੰਡ ਮਿਸਰੀ, ਦਾਲੀਮਾ ਦਦਰੀ (ਮੁਹਿੰਦਰਗੜ੍ਹ) ਆਈ. ਐਨ. ਏ. ਦੇ ਕਲੇਵਾ ਐਕਸ਼ਨ ‘ਚ ਸ਼ਹੀਦ ਹੋਏ।
ਸਤੰਬਰ 1947 ਨੂੰ ਡੈਂਗ, ਦੇਵੀ ਦਿਆਲ ਪੁੱਤਰ ਗਣਪੱਤ ਰਾਏ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਅੰਗਰੇਜ਼ ਰਾਜ ਵਿਰੁੱਧ ਆਜ਼ਾਦੀ ਲਈ ਪਰਚੇ ਛਾਪਣ ਦੇ ਦੋਸ਼ ਵਿਚ ਛੇ ਮਹੀਨੇ ਜੇਲ੍ਹ ਗਏ।
ਸਤੰਬਰ 1947 ਨੂੰ ਦਸੋਂਧਾ ਸਿੰਘ (ਪੁੱਤਰ ਮੁਨਸ਼ੀ, ਮਾਤਾ ਹਰ ਕੌਰ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਮਹਿੰਗਰੋਵਾਲ (ਹੁਸ਼ਿਆਰਪੁਰ) ਤੋਂ ਸਨ। ਗੁਰੂ ਕੇ ਬਾਗ਼ ਮੋਰਚੇ ‘ਚ ਸ਼ਮੂਲੀਅਤ ਤੇ ਢਾਈ ਸਾਲ ਕੈਂਪਵੈਲ ਜੇਲ੍ਹ ਯਾਤਰਾ ਕੀਤੀ।
ਸਤੰਬਰ 1953 ਨੂੰ ਜਗੀਰ ਸਿੰਘ ਪੁੱਤਰ ਮੁਕੰਦ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਖਨੌੜਾ (ਹਿਸਾਰ) ਤੋਂ ਆਈ. ਏ. ਅਤੇ ਆਈ. ਐਨ. ਏ. ਦੀ ਤੀਜੀ ਗੁਰੀਲਾ ਰੈਜੀਮੈਂਟ ‘ਚ ਸਨ। ਦਿੱਲੀ ਜੇਲ੍ਹ ਦੀ ਯਾਤਰਾ ਕੀਤੀ।
ਸਤੰਬਰ 1953 ਨੂੰ ਸ਼ਾਨੂੰ ਰਾਮ (ਪੁੱਤਰ ਗੋਕਲ ਰਾਮ, ਮਾਤਾ ਪ੍ਰਭੀ ਦੇਵੀ) ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਗੋਵਾਰੂ, ਤਹਿਸੀਲ ਹਮੀਰਪੁਰ (ਕਾਂਗੜਾ) ਤੋਂ ਆਈ. ਏ. ਅਤੇ ਆਈ. ਐਨ. ਏ. ਦੇ ਫੌਜੀ ਸਨ।
ਸਤੰਬਰ 1955 ਨੂੰ ਵਡਭਾਗ ਸਿੰਘ ਪੁੱਤਰ ਕਿਸ਼ਨ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪਿੰਡ ਚੱਕ#71, ਲਾਇਲਪੁਰ ਤੋਂ ਜੈਤੋਂ ਦੇ ਪਹਿਲੇ ਮੋਰਚੇ ‘ਚ ਸ਼ਾਮਲ ਹੋਏ। ਦੋ ਸਾਲ ਲੰਡੀ ਕੋਟਲ ਤੇ ਨਾਭਾ ਬੀੜ ਦੀ ਜੇਲ੍ਹ ਯਾਤਰਾ ਕੀਤੀ।
ਸਤੰਬਰ 1956 ਨੂੰ ਮੰਗਤ ਰਾਮ ਪੁੱਤਰ ਸ਼ਿਵ ਦਿੱਤਾ ਰਾਮ ਸਦੀਵੀ ਵਿਛੋੜਾ ਦੇ ਗਏ। ਆਪ ਪਿੰਡ ਘਣੇਟਾ, ਪਾਲਮਪੁਰ (ਕਾਂਗੜਾ) ਤੋਂ ਆਈ. ਐਨ. ਏ. ਦੇ ਸੁਤੰਤਰਤਾ ਸੈਲਾਨੀ ਸਨ। ਇੰਫਾਲ ਦੀ ਲੜਾਈ ‘ਚ ਯੋਗਦਾਨ ਤੇ ਮਾਂਡਲੇ ਜੇਲ੍ਹ ਯਾਤਰਾ ਕੀਤੀ।
ਸਤੰਬਰ 1958 ਨੂੰ ਭਾਈ ਭਗਵਾਨ ਸਿੰਘ ਦੁਸਾਂਝ ਪੁੱਤਰ ਦੇਵਾ ਸਿੰਘ ਸਦੀਵੀ ਵਿਛੋੜਾ ਦੇ ਗਏ। 1907 ‘ਚ ਉਹ ਕੈਨੇਡਾ ਪਹੁੰਚੇ 28 ਸਤੰਬਰ 1924 ਨੂੰ ਅੰਮ੍ਰਿਤਸਰ ਪੁੱਜ ਕੇ ਗੁਰਦੁਆਰਾ ਸੁਧਾਰ ਲਹਿਰ ‘ਚ ਸ਼ਮੂਲੀਅਤ ਕੀਤੀ। ਆਖਰੀ ਦਮ ਤੱਕ ਕਿਸਾਨ ਮਜਦੂਰ ਦੇ ਹੱਕਾਂ ਲਈ ਲੜੇ।
ਸਤੰਬਰ 1963 ਨੂੰ ਤਾਰਾ ਸਿੰਘ (ਪੁੱਤਰ ਆਸਾ ਸਿੰਘ, ਮਾਤਾ ਈਸ਼ਰ ਕੌਰ) ਸਦੀਵੀ ਵਿਛੜ ਗਏ। ਉਹ ਪਿੰਡ ਵਲਟੋਹਾ, ਪੱਟੀ (ਅੰਮ੍ਰਿਤਸਰ) ਤੋਂ ਸਨ। ਸਿਵਲ ਨਾ ਫੁਰਮਾਨੀ ਅਤੇ ਜੈਤੋਂ ਮੋਰਚੇ ‘ਚ ਸਮੂਲੀਅਤ ਕੀਤੀ। ਨੌ ਮਹੀਨੇ ਮੁਲਤਾਨ ਤੇ ਨਾਭਾ ਬੀੜ ਦੀ ਯਾਤਰਾ ਕੀਤੀ।
—
ਕਿਰਤ ਦੀ ਮੁਕਤੀ ਲਈ, ਸੰਗਰਾਮ ਸਾਡਾ ਇਸ਼ਕ ਹੈ
ਇਸ ਸਿਰਤਾਜੀ ਲਈ ਮਰ ਜਾਣਾ ਸਾਡਾ ਇਸ਼ਕ ਹੈ। (ਦਰਸ਼ਨ ਖਟਕੜ)
ਤਗਮਿਆਂ ਦੀ ਥਾਂ ‘ਤੇ ਹਿੱਕ ਵਿਚ ਗੋਲੀਆਂ
ਇਹ ਵੀ ਇੱਕ ਸਨਮਾਨ ਦਾ ਅੰਦਾਜ਼ ਹੈ। (ਸੁਰਜੀਤ ਪਾਤਰ)
—
ਬੇਨਤੀ: ਇੰਡੋ-ਅਮੈਰੀਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ ਦੇ ਯਤਨ ਹਨ ਕਿ ਹਿੰਦੋਸਤਾਨ ਦੀ ਆਜ਼ਾਦੀ ਲਈ ਜਿਨ੍ਹਾਂ ਸੰਗਰਾਮੀ ਯੋਧਿਆਂ ਅਤੇ ਸ਼ਹੀਦਾਂ ਨੇ ਯੋਗਦਾਨ ਪਾਇਆ, ਉਨ੍ਹਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਕੇ ਅਣਖੀ ਵਿਰਸਾ ਯਾਦ ਕਰਾਇਆ ਜਾਵੇ। ਜਿਨ੍ਹਾਂ ਦੋਸਤਾਂ, ਮਿੱਤਰਾਂ ਤੇ ਚਿੰਤਕਾਂ ਨੇ ਕੜੀ ‘ਚ ਸਤੰਬਰ ਮਹੀਨੇ ਦੀ ਜਾਣਕਾਰੀ ਨੂੰ ਪੂਰਾ ਕਰਨ ਲਈ ਹਿੱਸਾ ਪਾਇਆ, ਅਸੀਂ ਧੰਨਵਾਦ ਕਰਦੇ ਹਾਂ।
ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਕਿ ਭੁੱਲੇ ਵਿਸਰੇ ਸ਼ਹੀਦਾਂ ਦੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਫੋਨ: 1-347-753-5940 ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਉਨ੍ਹਾਂ ਸੰਗਰਾਮੀ ਤੇ ਸ਼ਹੀਦ ਯੋਧਿਆਂ ਨੂੰ ਇਤਿਹਾਸ ਨਾਲ ਜੋੜ ਕੇ ਕੁਰਬਾਨੀਆਂ ਦਾ ਰਿਣ ਉਤਾਰਿਆ ਜਾ ਸਕੇ। (ਨੋਟ: ਫੋਨ ਨਾ ਚੁੱਕ ਹੋਣ ‘ਤੇ ਮੈਸੇਜ ਛੱਡ ਦੇਵੋ)