ਜਥੇਦਾਰ ਵਲੋਂ ਸਿੱਖ ਨੌਜਵਾਨਾਂ ਉਤੇ ਸਖਤੀ ਬਾਰੇ ਫਿਕਰਮੰਦੀ

ਅੰਮ੍ਰਿਤਸਰ: ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵਾਰ ਸਿੱਖ ਨੌਜਵਾਨਾਂ ਉਤੇ ਸਖਤੀ ਉਤੇ ਫਿਕਰਮੰਦੀ ਜ਼ਾਹਿਰ ਕੀਤੀ ਹੈ। ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿਚ ਵੀ ਇਸ ਮਸਲੇ ਉਤੇ ਵਿਚਾਰ ਚਰਚਾ ਹੋਈ ਹੈ। ਜਿਸ ਪਿੱਛੋਂ ਜਥੇਦਾਰ ਨੇ ਸਾਫ ਆਖਿਆ ਹੈ ਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ਼ ਹੈ ਤੇ ਸਿੱਖ ਹਮੇਸ਼ਾ ਅਰਦਾਸ ਰਾਹੀਂ ‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਨੂੰ ਦ੍ਰਿੜ੍ਹ ਕਰਦਾ ਹੈ।

ਜਥੇਦਾਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਪੁਲਿਸ ਨੇ ਅਕਾਲ ਤਖਤ ਉਤੇ ਖਾਲਿਸਤਾਨ ਬਾਰੇ ਅਰਦਾਸ ਕਰਨ ਦੇ ਮਾਮਲੇ ਵਿਚ ਸਿੱਖ ਨੌਜਵਾਨ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾਅਵਾ ਕਰ ਰਹੀ ਹੈ ਕਿ ਭਾਰਤ ‘ਚ ਪਾਬੰਦੀਸ਼ੁਦਾ ਅਮਰੀਕਾ ਆਧਾਰਿਤ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਵਲੋਂ ਖਾਲਿਸਤਾਨ ਤੇ ਰੈਫਰੈਂਡਮ 2020 ਲਈ ਅਕਾਲ ਤਖਤ ਸਾਹਿਬ ਸਨਮੁਖ ਅਰਦਾਸ ਕਰਨ ਦੀ ਦਿੱਤੀ ਚੁਣੌਤੀ ਤਹਿਤ ਇਸ ਨੌਜਵਾਨ ਨੇ ਅਰਦਾਸ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਅਨੁਸਾਰ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂੰ ਵਲੋਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਬੀਤੇ ਦਿਨੀਂ ਕੌਮ ਦੀ ਆਜ਼ਾਦੀ, ਖਾਲਿਸਤਾਨ ਤੇ ਰੈਫਰੈਂਡਮ 2020 ਲਈ 23 ਅਗਸਤ ਨੂੰ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਇਸ ਦੀ ਵੀਡੀਓ ਭੇਜਣ ਵਾਲੇ ਨੂੰ 5 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ।
ਯਾਦ ਰਹੇ ਕਿ ਪਿਛਲੇ ਤਕਰੀਬਨ ਢਾਈ ਮਹੀਨਿਆਂ ਖਾਲਿਸਤਾਨ ਤੇ ਰੈਫਰੈਂਡਮ 2020 ਦੇ ਨਾਮ ਉਤੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਧੜਾ ਧੜ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸਮੇਤ ਸਿਆਸੀ ਧਿਰਾਂ ਵੀ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰ ਰਹੀਆਂ ਹਨ। ਜ਼ਿਲ੍ਹਾ ਸੰਗਰੂਰ ਦੇ ਪਿੰਡ ਰੱਤਾਖੇੜਾ ਦੇ 22 ਸਾਲਾ ਅੰਮ੍ਰਿਤਧਾਰੀ ਨੌਜਵਾਨ ਲਵਪ੍ਰੀਤ ਸਿੰਘ ਵਲੋਂ ਖੁਦਕੁਸ਼ੀ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ ਸੀ। ਇਸ ਨੌਜਵਾਨ ਦੀ 13 ਜੁਲਾਈ ਨੂੰ ਚੰਡੀਗੜ੍ਹ ਵਿਚ ਕੇਂਦਰੀ ਜਾਂਚ ਏਜੰਸੀ ਵਲੋਂ ਪੁੱਛਗਿੱਛ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਇੰਨਾ ਡਰਿਆ ਕਿ ਉਸ ਨੇ ਇਕ ਗੁਰਦੁਆਰੇ ਵਿਚ ਖੁਦਕੁਸ਼ੀ ਕਰ ਲਈ। ਯਾਦ ਰਹੇ ਕਿ ਕੇਂਦਰ ਸਰਕਾਰ ਨੇ ਬਣਾਏ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂæਏæਪੀæਏæ) ਹੇਠ ਪਿਛਲੇ ਦਿਨਾਂ ‘ਚ ਵੱਡੀ ਗਿਣਤੀ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕੀਤੀ ਹਨ।