ਕਰੋਨਾ ‘ਭਜਾਉਣ’ ਲਈ ਕੈਪਟਨ ਸਰਕਾਰ ਵਲੋਂ ਹੋਰ ਸਖਤੀ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਪੰਜ ਤੋਂ ਵਧੇਰੇ ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਸਾਰੇ ਇਕੱਠਾਂ ‘ਤੇ ਰੋਕ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਹਾਲਾਤ ਹੋਰ ਖਰਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੋਵਿਡ ਕੇਸਾਂ ਦਾ ਅੰਕੜਾ 15 ਸਤੰਬਰ ਤੋਂ ਇਕ ਲੱਖ ਨੂੰ ਪਾਰ ਕਰ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਫਤਾਵਾਰੀ ਲੌਕਡਾਊਨ ਤੋਂ ਇਲਾਵਾ 31 ਅਗਸਤ ਤੋਂ ਮਗਰੋਂ ਸਖਤੀ ਲਈ ਨਵੇਂ ਕਦਮ ਉਠਾਏ ਜਾ ਸਕਦੇ ਹਨ। ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ‘ਚ ਸਖਤ ਰੁਖ ਅਪਣਾਉਂਦਿਆਂ ਕਿਹਾ ਕਿ ਵਿਆਹ ਅਤੇ ਭੋਗ ਸਮਾਗਮਾਂ ਤੋਂ ਬਿਨਾਂ ਪੰਜਾਬ ਵਿਚ ਕਿਤੇ ਵੀ ਪੰਜ ਤੋਂ ਜ਼ਿਆਦਾ ਵਿਅਕਤੀਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ ਇਕੱਠ ਕਰਨ ਵਾਲੇ ਪ੍ਰਬੰਧਕਾਂ ਖਿਲਾਫ ਕਾਰਵਾਈ ਹੋਵੇਗੀ। ਉਨ੍ਹਾਂ ਸਿਆਸੀ ਧਿਰਾਂ ਨੂੰ ਧਰਨਿਆਂ ਸਮੇਤ ਇਕੱਠਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਧਾਰਾ 144 ਦੀ ਉਲੰਘਣਾ ਦੀ ਸੂਰਤ ਵਿਚ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਵੱਲੋਂ ਸਾਰੇ ਧਾਰਮਿਕ ਤੇ ਸਮਾਜਿਕ ਆਗੂਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਵਿਚ ਜਿਥੇ ਵੀ ਕੋਵਿਡ ਕੇਸਾਂ ਵਿਚ ਵਾਧਾ ਹੋ ਰਿਹਾ ਹੈ, ਉਥੇ ਆਪਣੇ ਪੈਰੋਕਾਰਾਂ ਨੂੰ ਧਾਰਾ 144 ਦੀ ਉਲੰਘਣਾ ਨਾ ਕਰਨ ਅਤੇ ਲਾਗੂ ਕੀਤੇ ਗਏ ਸੁਰੱਖਿਆ ਉਪਾਵਾਂ/ਪਾਬੰਦੀਆਂ ਦੀ ਪਾਲਣਾ ਕਰਨ ਲਈ ਆਖਣ। ਉਨ੍ਹਾਂ ਵੱਲੋਂ ਪੁਲਿਸ ਨੂੰ ਵਿਆਹ ਅਤੇ ਭੋਗ ਸਮਾਗਮਾਂ ਦੌਰਾਨ ਸਮਾਜਿਕ ਦੂਰੀ ਅਤੇ ਵਿਅਕਤੀਆਂ ਦੀ ਤੈਅ ਗਿਣਤੀ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਵੀ ਦਿੱਤੇ ਗਏ ਹਨ।
ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਟੈਸਟਿੰਗ ਵਾਧੇ ਮਗਰੋਂ ਕੋਵਿਡ ਕੇਸਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਅੰਕੜੇ ਨਿਰਾਸ਼ ਕਰਨ ਵਾਲੇ ਹਨ। ਜੇਕਰ ਲੋਕ ਲੋੜੀਂਦੇ ਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਥਿਤੀ ਹੋਰ ਬਦਤਰ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਹਲਕੇ ਵਿਚ ਲੈ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਪੈ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮਾਸਕ ਨਾ ਪਹਿਨਣ ਕਰਕੇ ਰੋਜ਼ਾਨਾ ਆਧਾਰ ਉਤੇ 3000 ਤੋਂ 6000 ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। 3 ਸਤੰਬਰ ਤੱਕ ਪੰਜਾਬ ਵਿਚ ਕੇਸਾਂ ਦੇ 64000 ਤੱਕ ਪੁੱਜਣ ਦੇ ਕਿਆਸ ਹਨ ਅਤੇ 15 ਸਤੰਬਰ ਤੱਕ ਇਹ ਗਿਣਤੀ ਇਕ ਲੱਖ ਪਾਰ ਕਰ ਜਾਵੇਗੀ। ਮਾਹਿਰਾਂ ਨੇ 3 ਸਤੰਬਰ ਤੱਕ ਮੌਤਾਂ ਦੀ ਗਿਣਤੀ 1500 ਤੱਕ ਪੁੱਜਣ ਦਾ ਕਿਆਸ ਕੀਤਾ ਹੈ। ਮੁੱਖ ਮੰਤਰੀ ਨੇ ਪੁਲਿਸ ਕਰਮੀਆਂ, ਡਾਕਟਰਾਂ ਤੇ ਇਲਾਜ ਨਾਲ ਜੁੜੇ ਹੋਰ ਸਟਾਫ, ਸਰਕਾਰੀ ਮੁਲਾਜ਼ਮਾਂ ਤੇ ਗੈਰ-ਸਰਕਾਰੀ ਸੰਸਥਾਵਾਂ ਆਦਿ ਸਮੇਤ ਮੂਹਰਲੀ ਕਤਾਰ ਦੇ ਸਾਰੇ ਵਰਕਰਾਂ ਦਾ ਕੋਵਿਡ ਖਿਲਾਫ ਮੋਹਰੀ ਹੋ ਕੇ ਲੜਨ ਲਈ ਧੰਨਵਾਦ ਕੀਤਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਲੱਛਣਾਂ ਤੋਂ ਤੁਰਤ ਬਾਅਦ ਹਸਪਤਾਲ ਪੁੱਜਣ ਤਾਂ ਜੋ ਛੇਤੀ ਇਲਾਜ ਰਾਹੀਂ ਹਾਲਤ ਵਿਗੜਨ ਤੋਂ ਰੋਕੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਛੇਤੀ ਟੈਸਟ ਕਰਵਾਉਣ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਉਹ ਖੁਦ ਹੁਣ ਤੱਕ 2 ਵਾਰ ਟੈਸਟ ਕਰਵਾ ਚੁੱਕੇ ਹਨ। ਉਨ੍ਹਾਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਕਿ ਹਰੇਕ ਕੋਵਿਡ ਮਰੀਜ਼ ਪਿੱਛੇ ਪੰਜਾਬ ਸਰਕਾਰ ਨੂੰ ਕੇਂਦਰ ਤੋਂ 3 ਲੱਖ ਰੁਪਏ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ‘ਚ ਰਾਜ ਸਰਕਾਰ ਨੂੰ ਇਕ ਪੈਸਾ ਵੀ ਨਹੀਂ ਮਿਲ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ 3 ਤੋਂ 6 ਹਜ਼ਾਰ ਲੋਕਾਂ ਦੇ ਮਾਸਕ ਨਾ ਪਹਿਨਣ ਕਾਰਨ ਚਲਾਨ ਹੋ ਰਹੇ ਹਨ।
_____________________________________
ਤਸਕਰਾਂ ਨੂੰ ਖੁੱਲ੍ਹ ਦੇਣ ਲਈ ਸਖਤੀ ਕੀਤੀ: ਜਰਨੈਲ ਸਿੰਘ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ ‘ਚ ਲਾਈ ਹਫਤਾਵਾਰੀ ਤਾਲਾਬੰਦੀ ਅਤੇ ਰਾਤ ਦੇ ਕਰਫਿਊ ਨੂੰ ਤਰਕਹੀਣ ਦੱਸਦਿਆਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਰਾਤ ਦਾ ਕਰਫਿਊ ਰੇਤ ਮਾਫੀਆ, ਨਸ਼ਾ ਅਤੇ ਸ਼ਰਾਬ ਤਸਕਰਾਂ ਨੂੰ ਖੁੱਲ੍ਹਾ ਖੇਡਣ ਲਈ ਪੰਜਾਬ ਦੇ ਲੋਕਾਂ ਉਤੇ ਥੋਪਿਆ ਹੈ। ਜਰਨੈਲ ਸਿੰਘ ਨੇ ਦਿੱਲੀ ਸਰਕਾਰ ਵੱਲੋਂ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਕਦਮਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਕਰਫਿਊ ਦੌਰਾਨ ਲੌਕਡਾਊਨ ਦਾ ਵਿਗਿਆਨਕ ਤੌਰ ਉਤੇ ਉਦੋਂ ਹੀ ਲਾਭ ਮਿਲ ਸਕਦਾ ਹੈ, ਜੇ ਇਹ ਘੱਟੋ-ਘੱਟ 14 ਦਿਨ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ।
_____________________________________
ਸਿਹਤ ਸੇਵਾਵਾਂ ‘ਚ ਸੁਧਾਰ ਕਰੇ ਸਰਕਾਰ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਿਹਤ ਸੇਵਾਵਾਂ ‘ਚ ਸੁਧਾਰ ਲਿਆਉਣ ਦੀ ਥਾਂ ਸਾਰਾ ਜ਼ੋਰ ਪੰਜਾਬ ਦੇ ਸਮੁੱਚੇ ਢਾਂਚੇ ਨੂੰ ਠੱਪ ਕਰਨ ਉਤੇ ਲਾ ਦਿੱਤਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਬਿਆਨ ਰਾਹੀਂ ਕਿਹਾ ਕਿ ਇਸ ਬੰਦੀ ਨਾਲ ਛੋਟੇ ਦੁਕਾਨਦਾਰਾਂ, ਵਪਾਰੀਆਂ ਤੇ ਹੁਨਰਮੰਦ ਵਰਕਰਾਂ ‘ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਅਸਫਲਤਾਵਾਂ ਉਤੇ ਪਰਦਾ ਪਾਉਣ ਲਈ ਵੱਡੀ ਪੱਧਰ ‘ਤੇ ਹੋ ਰਹੇ ਰੋਸ ਵਿਖਾਵਿਆਂ ਨੂੰ ਰੋਕਣ ਲਈ ਇਕਪਾਸੜ ਫੈਸਲੇ ਲੈ ਰਹੀ ਹੈ।
___________________________________
ਸਹੂਲਤ ਤੋਂ ਸੱਖਣੀਆਂ ਪਾਬੰਦੀਆਂ: ਡਾ. ਗਾਂਧੀ
ਚੰਡੀਗੜ੍ਹ: ਪੇਸ਼ੇ ਵਜੋਂ ਡਾਕਟਰ ਤੇ ਲੋਕ ਸਭਾ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਕਰੋਨਾ ਵਿਚ ਫਸੇ ਲੋਕਾਂ ਨੂੰ ਸਹਿਯੋਗ ਤੇ ਸਹੂਲਤਾਂ ਦੀ ਬਜਾਏ ਲਗਾਤਾਰ ਸਖਤੀਆਂ ਤੇ ਪਾਬੰਦੀਆਂ ਦੇ ਤੋਹਫੇ ਹੀ ਦੇ ਰਹੀ ਹੈ। ਲੱਗਦਾ ਹੈ ਕਿ ਸਰਕਾਰ ਭਮਤਰੀ ਪਈ ਹੈ, ਉਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਨਾ ਤਾਂ ਕੋਈ ਵਿਗਿਆਨਕ ਵਿਆਖਿਆ ਹੈ ਤੇ ਨਾ ਹੀ ਅਮਲੀ ਤੁਕ। ਸਗੋਂ ਇਹ ਫੈਸਲੇ ਬੜੇ ਹਾਸੋਹੀਣੇ ਤੇ ਗੈਰ-ਵਿਗਿਆਨਕ ਲੱਗ ਰਹੇ ਹਨ। ਰਾਤ ਨੂੰ ਕਿਧਰੇ ਵੀ ਕੋਈ ਭੀੜ ਨਹੀਂ ਹੁੰਦੀ ਪਰ ਸਰਕਾਰ ਨੇ ਪੰਜ ਸ਼ਹਿਰਾਂ ਵਿਚ ਕਰਫਿਊ ਲਗਾ ਕੇ ਲੋਕਾਂ ਨੂੰ ਭੈਅ-ਭੀਤ ਕਰਨ ਦਾ ਯਤਨ ਕੀਤਾ ਹੈ।