ਮੁਲਤਾਨੀ ਅਗਵਾ ਕੇਸ: ਸੁਮੇਧ ਸੈਣੀ ਖਿਲਾਫ ਕਤਲ ਦਾ ਕੇਸ ਦਰਜ

ਮੁਹਾਲੀ: ਪੰਜਾਬ ਦੇ ਸਾਬਕਾ ਆਈ.ਏ.ਐਸ਼ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

ਮੁਹਾਲੀ ਅਦਾਲਤ ਨੇ ਵਾਅਦਾ ਮੁਆਫ ਗਵਾਹ ਬਣੇ ਯੂਟੀ ਪੁਲਿਸ ਦੇ ਦੋ ਸਾਬਕਾ ਇੰਸਪੈਕਟਰਾਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪੰਜਾਬ ਪੁਲਿਸ ਦੀ ਸਿੱਟ ਨੂੰ ਸਾਬਕਾ ਡੀ.ਜੀ.ਪੀ. ਸੈਣੀ ਖਿਲਾਫ ਧਾਰਾ 302 ਦੇ ਜੁਰਮ ਦਾ ਵਾਧਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਮਗਰੋਂ ਪੁਲਿਸ ਨੇ ਸੈਣੀ ਖਿਲਾਫ ਕਤਲ ਕੇਸ ਦਰਜ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਕੀਤੀ ਹੈ। ਦੋਵੇਂ ਸਾਬਕਾ ਇੰਸਪੈਕਟਰਾਂ ਨੇ ਮੁਹਾਲੀ ਦੀ ਜੁਡੀਸ਼ਲ ਤੇ ਡਿਊਟੀ ਮੈਜਿਸਟਰੇਟ ਰਸਵੀਨ ਕੌਰ ਦੀ ਅਦਾਲਤ ਵਿਚ ਸੀ.ਆਰ.ਪੀ.ਸੀ. ਦੀ ਧਾਰਾ 164 ਤਹਿਤ ਬਿਆਨ ਦਰਜ ਕਰਵਾਏ ਸਨ।
ਉਨ੍ਹਾਂ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਉਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਲਾਲਚ ਵਿਚ ਆ ਕੇ ਬਿਆਨ ਦਰਜ ਕਰਵਾ ਰਹੇ ਹਨ ਬਲਕਿ ਆਪਣੀ ਮਰਜ਼ੀ ਅਨੁਸਾਰ ਵਾਅਦਾ ਮੁਆਫ ਗਵਾਹ ਬਣੇ ਹਨ। ਅਦਾਲਤ ਨੇ ਸਾਬਕਾ ਪੁਲਿਸ ਅਫਸਰਾਂ ਦੇ ਬਿਆਨ ਦਰਜ ਕਰਨ ਅਤੇ ਪੁਲਿਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖਿਆ ਸੀ। ਅਦਾਲਤ ਨੇ ਪੁਲਿਸ ਨੂੰ ਸੈਣੀ ਖਿਲਾਫ ਕਤਲ ਕੇਸ ਚਲਾਉਣ ਦੀ ਇਜਾਜ਼ਤ ਦੇ ਦਿੱਤੀ, ਜਿਸ ਮਗਰੋਂ ਮੁਹਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ।
ਪੰਜਾਬ ਸਰਕਾਰ ਵਲੋਂ ਇਸ ਕੇਸ ਦੀ ਪੈਰਵੀ ਲਈ ਨਿਯੁਕਤ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਅਫਸਰਾਂ ਨੇ ਆਪਣੇ ਬਿਆਨਾਂ ਵਿਚ ਪੂਰੇ ਘਟਨਾਕ੍ਰਮ ਉਤੇ ਰੋਸ਼ਨੀ ਪਾਉਂਦਿਆਂ ਅਦਾਲਤ ਨੂੰ ਦੱਸਿਆ ਕਿ 1991 ਵਿਚ ਚੰਡੀਗੜ੍ਹ ਵਿਚ ਐਸ਼ਐਸ਼ਪੀ. ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੇ ਕਾਫਲੇ ਉਤੇ ਹੋਏ ਬੰਬ ਧਮਾਕੇ ਤੋਂ ਬਾਅਦ ਮੁਲਜ਼ਮਾਂ ਦੀ ਪੈੜ ਨੱਪਣ ਲਈ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਇਸ ਧਮਾਕੇ ਵਿਚ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ ਸੀ ਜਦੋਂਕਿ ਸੈਣੀ ਤੇ ਕੁਝ ਹੋਰ ਪੁਲਿਸ ਜਵਾਨ ਜਖਮੀ ਹੋ ਗਏ ਸਨ। ਉਦੋਂ ਸੈਣੀ ‘ਤੇ ਕਹਿਣ ਉਤੇ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਸਥਿਤ ਉਸ ਦੇ ਘਰੋਂ ਚੁੱਕ ਕੇ ਸੈਕਟਰ-17 ਦੇ ਥਾਣੇ ਵਿਚ ਲਿਆਂਦਾ ਗਿਆ ਸੀ, ਜਿਥੇ ਉਸ ਉਤੇ ਸੈਣੀ ਦੀ ਮੌਜੂਦਗੀ ਵਿਚ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ।
ਥਾਣੇ ਵਿਚ ਮੁਲਤਾਨੀ ‘ਤੇ ਢਾਹੇ ਅਣਮਨੁੱਖੀ ਤਸ਼ੱਦਦ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਮਗਰੋਂ ਨੌਜਵਾਨ ਦੀ ਲਾਸ਼ ਟਿਕਾਣੇ ਲਾਉਣ ਲਈ ਵੱਖ-ਵੱਖ ਪੁਲਿਸ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਹੀ ਨਹੀਂ ਪੁਲਿਸ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਾਦੀਆਂ (ਗੁਰਦਾਸਪੁਰ) ਥਾਣੇ ਵਿਚ ਝੂਠਾ ਕੇਸ ਦਰਜ ਕਰਕੇ ਇਹ ਦਰਸਾਇਆ ਕਿ ਮੁਲਤਾਨੀ ਪੁਲਿਸ ਹਿਰਾਸਤ ਵਿਚੋਂ ਭੱਜ ਗਿਆ ਹੈ। ਇਸ ਸਬੰਧੀ ਯੂਟੀ ਪੁਲਿਸ ਦੀ ਟੀਮ ਨੇ ਵਾਪਸ ਚੰਡੀਗੜ੍ਹ ਆ ਕੇ ਸੈਕਟਰ-17 ਦੇ ਥਾਣੇ ਵਿਚ ਵੀ ਡੀ.ਡੀ.ਆਰ. ਦਰਜ ਕੀਤੀ ਸੀ।
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਛੇ ਮੁਲਜ਼ਮਾਂ ਐਸ਼ਪੀ. ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ (69) ਵਾਸੀ ਸੈਕਟਰ-51ਡੀ, ਜਗੀਰ ਸਿੰਘ (70) ਵਾਸੀ ਸੈਕਟਰ-51, ਅਨੋਖ ਸਿੰਘ (65) ਵਾਸੀ ਸੈਕਟਰ-21 ਅਤੇ ਕੁਲਦੀਪ ਸਿੰਘ ਸੰਧੂ (66) ਵਾਸੀ ਮਨੀਮਾਜਰਾ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 364, 201, 344, 330, 219 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।