ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦਗਾਰ ਹਟਾਉਣ ਖਿਲਾਫ ਰੋਹ

ਅੰਮ੍ਰਿਤਸਰ: ਦੇਸ਼ ਵੰਡ ਵੇਲੇ ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਮਾਰੇ ਗਏ ਲਗਭਗ 10 ਲੱਖ ਪੰਜਾਬੀਆਂ ਦੀ ਯਾਦ ‘ਚ ਅਟਾਰੀ ਸਰਹੱਦ ਉਤੇ ਬਣਾਇਆ ਗਿਆ ਸਮਾਰਕ ਚੁੱਪ ਚਪੀਤੇ ਹਟਾ ਦਿੱਤਾ ਗਿਆ ਹੈ, ਜਿਸ ‘ਤੇ ਸਖਤ ਇਤਰਾਜ਼ ਉਠੇ ਹਨ। ਇਹ ਸਮਾਰਕ 30 ਦਸੰਬਰ 1996 ਨੂੰ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਨੇ ਸਥਾਪਤ ਕੀਤਾ ਸੀ। ਸਮਾਰਕ ਬਣਾਉਣ ਸਮੇਂ ਪੰਜ ਦਰਿਆਵਾਂ ਦਾ ਪਾਣੀ ਇਸ ਦੀ ਨੀਂਹ ਵਿਚ ਪਾਇਆ ਗਿਆ।

ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਨੇ ਯਾਦਗਾਰ ਨੂੰ ਚੁੱਪ-ਚੁਪੀਤੇ ਹਟਾਉਣ ਨੂੰ ਮੰਦਭਾਗਾ ਕਰਾਰ ਦਿੱਤਾ। ਇਸ ਦੇ ਵਿਰੋਧ ਵਿਚ ਚੰਡੀਗੜ੍ਹ ਵਿਚ ਇਕੱਠੇ ਹੋਏ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਤਾਰਾ ਸਿੰਘ ਸੰਧੂ, ਜਨਰਲ ਸਕੱਤਰ ਪ੍ਰੋ. ਈਸ਼ਵਰ ਦਿਆਲ ਗੌੜ, ਪ੍ਰੋ. ਮਨਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਅਜੈ ਪਾਲ ਸਿੰਘ ਬਰਾੜ ਤੇ ਹੋਰਾਂ ਨੇ ਇਸ ਯਾਦਗਾਰ ਨੂੰ ਮੁੜ ਬਣਾਉਣ ਦੀ ਮੰਗ ਕੀਤੀ ਹੈ।
ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਤਾਰਾ ਸਿੰਘ ਸੰਧੂ ਨੇ ਦੱਸਿਆ ਕਿ ਇਹ ਸਮਾਰਕ ਕਿਸੇ ਸਿਆਸੀ ਮੰਤਵ ਨਾਲ ਸਥਾਪਤ ਨਹੀਂ ਕੀਤਾ ਗਿਆ ਸੀ। ਇਹ ਸਮਾਰਕ ਦਾ ਪ੍ਰੋਜੈਕਟ ਬੀ.ਐਸ਼ਐਫ਼ ਦੇ ਤਤਕਾਲੀ ਡੀ.ਆਈ.ਜੀ. ਰਾਹੀਂ ਪਾਸ ਕਰਾਇਆ ਗਿਆ ਸੀ ਤੇ ਮਗਰੋਂ ਇਸ ਥਾਂ ਦੀ ਚੋਣ ਕੀਤੀ ਗਈ। ਇਸ ਸਮਾਰਕ ‘ਤੇ ਲਹਿੰਦੇ ਤੇ ਚੜ੍ਹਦੇ ਦੋਵੇਂ ਪੰਜਾਬ ਦੇ ਆਗੂਆਂ ਤੇ ਲੋਕਾਂ ਨੇ ਸਿਜਦੇ ਕੀਤੇ ਸਨ। ਉਸ ਵੇਲੇ ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿੱਤਰਤਾ ਮੇਲੇ ਵੀ ਲਾਏ ਗਏ। ਉਨ੍ਹਾਂ ਆਖਿਆ ਕਿ ਦੁੱਖ ਇਸ ਗੱਲ ਦਾ ਹੈ ਕਿ ਇਸ ਸਮਾਰਕ ਨੂੰ ਚੁੱਪ ਚਪੀਤੇ ਢਾਹ ਦਿੱਤਾ ਗਿਆ ਹੈ ਤੇ ਇਸ ਨੂੰ ਢਾਹੁਣ ਤੋਂ ਪਹਿਲਾਂ ਕੋਈ ਸੂਚਨਾ ਵੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਡਾ. ਤਾਰਾ ਸਿੰਘ ਸੰਧੂ ਅਤੇ ਪ੍ਰੋ. ਈਸ਼ਵਰ ਦਿਆਲ ਗੌੜ ਨੇ ਕਿਹਾ ਕਿ 24 ਸਾਲ ਪਹਿਲਾਂ ਪੰਜਾਬ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੇ ਇਕੱਠੇ ਹੋ ਕੇ ਇਹ ਯਾਦਗਾਰ ਬਣਾਈ ਸੀ। ਇਸ ਯਾਦਗਾਰ ਉਤੇ ਹਰ ਸਾਲ ਉਨ੍ਹਾਂ ਬੇਕਸੂਰ ਪੰਜਾਬੀਆਂ ਦੀ ਯਾਦ ਵਿਚ ਮੇਲਾ ਲਗਦਾ ਸੀ ਜੋ 1947 ਵਿਚ ਵੰਡ ਦੌਰਾਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ‘ਤੇ ਭਾਰਤ ਅਤੇ ਪਾਕਿਸਤਾਨ ਤੋਂ ਪੰਜਾਬੀ ਪ੍ਰੇਮੀ ਸਿਜਦਾ ਕਰਨ ਆਉਂਦੇ ਸਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਯਾਦਗਾਰ ਨੂੰ ਮੁੜ ਬਣਾ ਕੇ ਦੇਵੇ, ਨਹੀਂ ਤਾਂ ਪੰਜਾਬੀ ਇਕੱਠੇ ਹੋ ਕੇ ਨਵੇਂ ਸਿਰੇ ਤੋਂ ਖੁਦ ਯਾਦਗਾਰ ਬਣਾਉਣਗੇ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅਟਾਰੀ ਸਰਹੱਦ ਤੋਂ ਇਸ ਯਾਦਗਾਰ ਨੂੰ ਹਟਾਉਣ ਪਿੱਛੇ ਕੁਝ ਰਾਸ਼ਟਰਵਾਦੀ ਲੋਕਾਂ ਦਾ ਹੱਥ ਹੋ ਸਕਦਾ ਹੈ ਜਿਨ੍ਹਾਂ ਬਿਨਾਂ ਕਿਸੇ ਨੂੰ ਦੱਸੇ ਉਸ ਨੂੰ ਹਟਾ ਦਿੱਤਾ।
______________________________________________
ਯਾਦਗਾਰ ਮੁੜ ਬਣਾਉਣ ਦਾ ਭਰੋਸਾ
ਅੰਮ੍ਰਿਤਸਰ: ਵੰਡ ਵੇਲੇ ਮਾਰੇ ਗਏ ਤਕਰੀਬਨ 10 ਲੱਖ ਬੇਕਸੂਰ ਪੰਜਾਬੀਆਂ ਦੀ ਯਾਦ ਵਿਚ ਬਣਾਏ ਗਏ ਸਮਾਰਕ ਨੂੰ ਢਾਹੇ ਜਾਣ ਦੇ ਵਿਰੋਧ ਵਿਚ ਫੋਕਲੋਰ ਰਿਸਰਚ ਅਕਾਦਮੀ ਤੇ ਹਿੰਦ-ਪਾਕਿ ਦੋਸਤੀ ਮੰਚ ਦੇ ਵਫਦ ਨੇ ਬੀ.ਐਸ਼ਐਫ਼ ਦੇ ਡੀ.ਆਈ.ਜੀ. ਭੁਪਿੰਦਰ ਸਿੰਘ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਵਫਦ ਨੇ ਅਟਾਰੀ ਸਰਹੱਦ ‘ਤੇ ਸਮਾਰਕ ਮੁੜ ਸਥਾਪਤ ਕਰਨ ਦੀ ਮੰਗ ਕੀਤੀ। ਬੀ.ਐਸ਼ਐਫ਼ ਦੇ ਡੀ.ਆਈ.ਜੀ. ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਭਰੋਸਾ ਦਿੱਤਾ ਕਿ ਇਹ ਸਮਾਰਕ ਅਟਾਰੀ ਸਰਹੱਦ ਵਿਖੇ ਚੱਲ ਰਹੇ ਸੁੰਦਰੀਕਰਨ ਕਾਰਜਾਂ ਕਰ ਕੇ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਸੁੰਦਰੀਕਰਨ ਯੋਜਨਾ ਦੌਰਾਨ ਇਸ ਯਾਦਗਰੀ ਸਮਾਰਕ ਨੂੰ ਜਲਦੀ ਹੀ ਪਹਿਲਾਂ ਨਾਲੋਂ ਵੱਡਾ ਅਤੇ ਢੁਕਵੇਂ ਸਥਾਨ ‘ਤੇ ਸਥਾਪਤ ਕੀਤਾ ਜਾਵੇਗਾ।