ਆਪਣੀ ਹੀ ਸਰਕਾਰ ਦੀਆਂ ਨਾਲਾਇਕੀਆਂ ਗਿਣਾਉਣ ਲੱਗੇ ਕਾਂਗਰਸੀ

ਚੰਡੀਗੜ੍ਹ: ਪੰਜਾਬ ਸਰਕਾਰ ਦੀਆਂ ਨਾਲਾਇਕੀ ਖਿਲਾਫ ਪਾਰਟੀ ਅੰਦਰ ਹੀ ਰੋਹ ਭਖਦਾ ਨਜ਼ਰ ਆ ਰਿਹਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਸੂਬਾ ਸਰਕਾਰ ਪੰਜਾਬ ਵਿਚੋਂ ਰੇਤ, ਬੱਜਰੀ ਤੇ ਕੇਬਲ ਮਾਫੀਆ ਨੂੰ ਕੰਟੋਰਲ ਕਰਨ ਵਿਚ ਨਾਕਾਮ ਰਹੀ ਹੈ।

ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਕੋਲ ਅਜੇ ਡੇਢ ਸਾਲ ਪਿਆ ਹੈ। ਇਸ ਸਮੇਂ ਦੌਰਾਨ ਜੇ ਮਾਫੀਆ ਵਿਰੁੱਧ ਕੋਈ ਸਖਤੀ ਨਾ ਵਰਤੀ ਗਈ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਖਮਿਆਜ਼ਾ ਭੁਗਤਣਾ ਪਵੇਗਾ।
ਆਪਣੀ ਸਰਕਾਰ ਬਾਰੇ ਬੋਲਣ ‘ਤੇ ਕਾਰਵਾਈ ਹੋਣ ਸਬੰਧੀ ਪੁੱਛਣ ਉਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਮੀਡੀਆ ਦੇ ਸਵਾਲ ਦਾ ਜਵਾਬ ਦਿੱਤਾ ਹੈ। ਉਂਜ ਜਿੰਨੀ ਵਾਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਪਾਰਟੀ ਪਲੇਟਫਾਰਮ ‘ਤੇ ਮੁੱਦੇ ਰੱਖਦੇ ਹਨ, ਉਨ੍ਹਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਵਾਂਗ ਕਦੇ ਜਨਤਕ ਤੌਰ ਉਤੇ ਮੁੱਦੇ ਨਹੀਂ ਉਠਾਏ। ਯੂਥ ਕਾਂਗਰਸੀ ਆਗੂ ਪੰਜਾਬ ਵਿਚ ਸ਼ਰਾਬ ਮਾਫੀਆ ਤੇ ਨਸ਼ਿਆਂ ਵਿਰੁੱਧ ਕੈਪਟਨ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਬਾਰੇ ਸਵਾਲਾਂ ਦਾ ਠੋਸ ਜਵਾਬ ਨਾ ਦੇ ਸਕੇ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਹਰ ਵਰਗ ਦਾ ਖਿਆਲ ਰੱਖ ਰਹੀ ਹੈ।
ਸ੍ਰੀ ਢਿੱਲੋਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਯੂਥ ਕਾਂਗਰਸ ਹਰ ਪਲੇਟਫਾਰਮ ਉਤੇ ਡੇਰਾ ਮੁਖੀ ਸਬੰਧੀ ਪੰਜ ਸਵਾਲ ਪੁੱਛੇਗੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਵਾਤਾਵਰਨ ਸਾਫ਼ ਰੱਖਿਆ ਜਾ ਸਕੇ।