ਵਿਵਾਦ ਵਾਲੀਆਂ ਗਤੀਵਿਧੀਆਂ ਰੋਕਣ ਲਈ ਮਾਹਿਰਾਂ ਦੀ ਟੀਮ ਤਿਆਰ ਕਰਨ ਦੇ ਹੁਕਮ

ਅੰਮ੍ਰਿਤਸਰ: ਸਤਿਕਾਰ ਕਮੇਟੀਆਂ ਦੀਆਂ ਵਿਵਾਦਤ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਗੁਰਮਤਿ ਮਾਹਿਰਾਂ ਦੀ ਟੀਮ ਤਿਆਰ ਕੀਤੀ ਜਾਵੇ, ਜੋ ਬੇਅਦਬੀ ਜਾਂ ਮਨਮੱਤ ਦੀ ਸ਼ਿਕਾਇਤ ਮਿਲਣ ਉਤੇ ਤੁਰਤ ਲੋੜੀਂਦੀ ਕਾਰਵਾਈ ਕਰੇ।

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਤੋਂ ਜਾਰੀ ਕੀਤੇ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸਿੰਘਾਂ ਦੀ ਅਜਿਹੀ ਟੀਮ ਤਿਆਰ ਕਰਨ, ਜੋ ਬੇਅਦਬੀ ਜਾਂ ਮਨਮੱਤ ਦੀ ਸ਼ਿਕਾਇਤ ਮਿਲਣ ‘ਤੇ ਤੁਰਤ ਪੁੱਜੇ ਅਤੇ ਗੁਰਮਤਿ ਦੀ ਰੋਸ਼ਨੀ ਵਿਚ ਕਾਰਵਾਈ ਕਰੇ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਵੀ ਭੇਜਿਆ ਗਿਆ ਹੈ। ਵੇਰਵਿਆਂ ਮੁਤਾਬਕ ਗੁਰਮਤਿ ਮਾਹਿਰਾਂ ਦੀ ਟੀਮ ਵਿਚ ਪੰਜ ਮੈਂਬਰ ਹੋਣਗੇ। ਇਹ ਟੀਮ ਸ਼ਿਕਾਇਤ ਮਿਲਣ ਮਗਰੋਂ ਪਹਿਲਾਂ ਨੇੜਲੇ ਗੁਰਦੁਆਰੇ ਨੂੰ ਸੂਚਿਤ ਕਰੇਗੀ ਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਵੀ ਸੂਚਿਤ ਕੀਤਾ ਜਾਵੇਗਾ। ਲੋੜ ਮੁਤਾਬਕ ਤਖਤ ਸਾਹਿਬਾਨ ਤੋਂ ਵੀ ਮਦਦ ਲਈ ਜਾ ਸਕੇਗੀ। ਇਹ ਟੀਮ ਬੇਅਦਬੀ ਜਾਂ ਮਨਮੱਤ ਕਰਨ ਵਾਲਿਆਂ ਨੂੰ ਸਮਝਾਵੇਗੀ ਅਤੇ ਮਾਮਲੇ ਦਾ ਨਿਪਟਾਰਾ ਕਰੇਗੀ। ਇਹ ਟੀਮ ਡਰਾਉਣ ਧਮਕਾਉਣ ਦੀ ਥਾਂ ਬੇਸਮਝ ਲੋਕਾਂ ਨੂੰ ਮਰਿਆਦਾ ਅਤੇ ਸਤਿਕਾਰ ਬਣਾਈ ਰੱਖਣ ਸਬੰਧੀ ਜਾਣਕਾਰੀ ਦੇਵੇਗੀ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਿੱਖ ਕੌਮ ਅੰਦਰ ਹਫੜਾ-ਦਫੜੀ ਅਤੇ ਹੰਕਾਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕਈ ਲੋਕ ਇਹ ਕਹਿ ਰਹੇ ਹਨ ਕਿ ਜੇ ਇਹੀ ਹਾਲਾਤ ਰਹੇ ਤਾਂ ਸਿੱਖ ਖਤਮ ਹੋ ਜਾਣਗੇ। ਜਥੇਦਾਰ ਨੇ ਇਨ੍ਹਾਂ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸਿੱਖ ਕਦੇ ਵੀ ਖਤਮ ਨਹੀਂ ਹੋ ਸਕਦੇ ਹਨ, ਬਸ਼ਰਤੇ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣ। ਹਕੂਮਤਾਂ ਜਿੰਨੀਆਂ ਵੀ ਤਾਕਤਵਰ ਕਿਉਂ ਨਾ ਹੋਣ ਕਦੇ ਵੀ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਦਾ ਹੈ।
_________________________________________
ਨੌਜਵਾਨ ਧਰਮ ਅਤੇ ਰਾਜਨੀਤੀ ‘ਚ ਅੱਗੇ ਆਉਣ: ਜਥੇਦਾਰ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਗੁਰਦੁਆਰਾ ਕੈਂਬੋਵਾਲ ਵਿਖੇ ਸਾਦੇ ਢੰਗ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ, ਰਾਜਨੀਤੀ ਤੇ ਧਰਮ ਦਾ ਸੁਮੇਲ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਰਾਜਨੀਤੀ ਵਿਚ ਆਉਣਾ ਵੀ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਜਾਇਜ਼ ਸੀ। ਉਨ੍ਹਾਂ ਕਿਹਾ ਕਿ ਰਾਜਨੀਤੀ ਅਤੇ ਧਰਮ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਦੀ ਲੋੜ ਹੈ। ਇਸ ਲਈ ਨੌਜਵਾਨ ਅੱਗੇ ਆਉਣ।