ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਘਰ ਵਿਕਾਊ

ਲੰਡਨ: ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਅਲਬਰਟ ਦਲੀਪ ਸਿੰਘ ਦਾ ਲੰਡਨ ਸਥਿਤ ਘਰ ਵਿਕਣ ਲੱਗਾ ਹੈ, ਜਿਸ ਦੀ ਕੀਮਤ 1.55 ਕਰੋੜ ਪੌਂਡ ਮਿਥੀ ਗਈ ਹੈ। ਮਹਾਰਾਜਾ ਦਲੀਪ ਸਿੰਘ ਬਰਤਾਨੀਆ ‘ਚ ਜਲਾਵਤਨ ਕਰਨ ਤੋਂ ਬਾਅਦ ਲੰਡਨ ‘ਚ ਰਹੇ ਸਨ ਅਤੇ ਉਨ੍ਹਾਂ ਦੇ ਪੁੱਤਰ ਵਿਕਟਰ ਦਲੀਪ ਸਿੰਘ ਦਾ ਜਨਮ 1866 ਨੂੰ ਲੰਡਨ ‘ਚ ਹੀ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਉਨ੍ਹਾਂ ਦੀ ਧਰਮੀ ਮਾਂ ਬਣੀ ਸੀ।

ਵਿਕਟਰ ਦਲੀਪ ਸਿੰਘ ਦਾ ਵਿਆਹ ਕਵੈਂਟਰੀ ਦੇ 9ਵੇਂ ਅਰਲ ਦੀ ਬੇਟੀ ਲੇਡੀ ਐਨੀ ਕਵੈਂਟਰੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਇਸ ਜੋੜੇ ਦਾ ਦੱਖਣ-ਪੱਛਮੀ ਕੰਜ਼ਿਗਟਨ ਦੇ ਲਿਟਲ ਬੋਲਟਨਜ਼ ਖੇਤਰ ‘ਚ ਇਹ ਪਹਿਲਾ ਘਰ ਸੀ, ਜਿਸ ਨੂੰ ਬ੍ਰਿਟਿਸ਼ ਅਧਿਕਾਰੀਆਂ ਵਲੋਂ ਲੈ ਕੇ ਦਿੱਤਾ ਗਿਆ ਸੀ। ਬੇਉਚੈਂਪ ਅਸਟੇਟ ਦੇ ਮੈਨੇਜਿੰਗ ਡਾਇਰੈਕਟਰ ਅਨੁਸਾਰ ਲਾਹੌਰ ਦੇ ਜਲਾਵਤਨ ਰਾਜਕੁਮਾਰ ਦੇ ਇਸ ਘਰ ਦੀਆਂ ਉੱਚੀਆਂ ਛੱਤਾਂ ਅਤੇ 52 ਫੁੱਟ ਸ਼ਾਨਦਾਰ ਬਗੀਚਾ ਹੈ। 1868 ਦੇ ਅਖੀਰ ‘ਚ ਇਸ ਘਰ ਨੂੰ ਅਰਧ ਸਰਕਾਰੀ ਮਲਕੀਅਤ ਵਾਲੀ ਈਸਟ ਇੰਡੀਆ ਕੰਪਨੀ ਨੇ ਕਿਰਾਏ ਉਤੇ ਦੇਣ ਲਈ ਖਰੀਦਿਆ ਸੀ। ਈਸਟ ਇੰਡੀਆ ਕੰਪਨੀ, ਜਿਸ ਨੇ 1858 ਤੱਕ ਭਾਰਤ ‘ਤੇ ਉਸ ਸਮੇਂ ਤੱਕ ਰਾਜ ਕੀਤਾ, ਜਿਸ ਨੂੰ ਬਾਅਦ ‘ਚ ਬਰਤਾਨਵੀ ਹਕੂਮਤ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਮਕਾਨ ਨੂੰ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੂੰ ਕਿਰਾਏ ‘ਤੇ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਦਲੀਪ ਸਿੰਘ ਦੇ ਪਰਿਵਾਰ ਨੇ ਵਿੰਬਲਡਨ ਅਤੇ ਰੋਹੈਮਪਟਨ ‘ਚ ਵੀ ਕਈ ਜਾਇਦਾਦਾਂ ਦੀ ਵਰਤੋਂ ਕੀਤੀ ਅਤੇ ਨਾਲ ਹੀ ਇੰਗਲੈਂਡ ਦੇ ਸਫੋਕ ‘ਚ 17000 ਏਕੜ ਵਾਲਾ ਅਲਵੀਡਨ ਹਾਲ ਵੀ ਉਨ੍ਹਾਂ ਕੋਲ ਸੀ, ਜੋ ਭਾਰਤੀ ਮਹਾਰਾਜਿਆਂ ਦੇ ਮਹੱਲਾਂ ਵਾਂਗ ਤਿਆਰ ਕੀਤਾ ਗਿਆ ਸੀ।
ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਮਹਾਰਾਣੀ ਬੰਬਾ ਮੂਲਰ ਦਾ ਵੱਡਾ ਬੇਟਾ ਸੀ, ਜਿਸ ਦੀ ਭੈਣ ਸੋਫੀਆ ਦਲੀਪ ਸਿੰਘ ਨੇ ਬਰਤਾਨੀਆ ਵਿਚ ਔਰਤਾਂ ਦੇ ਹੱਕਾਂ ਲਈ ਵੱਡਾ ਸੰਘਰਸ਼ ਲੜਿਆ। 1898 ‘ਚ ਵਿਕਟਰ ਅਤੇ ਐਨੀ ਨੇ ਪਰਿਵਾਰਾਂ ਦੇ ਵਿਰੋਧ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ਇਹ ਵਿਆਹ ਈਟਨ ਸਕੁਏਅਰ ਦੇ ਸੇਂਟ ਪੀਟਰਜ਼ ਚਰਚ ‘ਚ ਹੋਇਆ ਸੀ। ਇਹ ਵਿਆਹ ਵਿਕਟਰ ਦੇ ਜੂਏ ਦੇ ਦੋਸਤ ਪ੍ਰਿੰਸ ਆਫ ਵੇਲਜ਼ ਐਡਵਰਡ ਦੇ ਦਖਲ ਕਾਰਨ ਸੰਭਵ ਹੋਇਆ, ਜੋ ਬਾਅਦ ‘ਚ ਬਰਤਾਨੀਆ ਦਾ ਕਿੰਗ ਐਡਵਰਡ 7ਵੇਂ ਵਜੋਂ ਜਾਣਿਆ ਜਾਣ ਲੱਗਾ।
ਵਿਕਟਰ ਦਲੀਪ ਸਿੰਘ ਨੂੰ ਜੂਆ ਖੇਡਣ, ਘੋੜ ਦੌੜ ਅਤੇ ਪਾਰਟੀਆਂ ਕਰਨ ਦਾ ਸ਼ੌਕ ਸੀ। ਉਸ ਨੂੰ ਸਰਕਾਰ ਵਲੋਂ ਲਿਟਲ ਬੋਲਟਨ ਘਰ ਅਤੇ 8250 ਪੌਂਡ ਸਾਲਾਨਾ ਭੱਤਾ ਅਤੇ ਉਸ ਦੀ ਪਤਨੀ ਐਨੀ ਦੀ ਸਾਲਾਨਾ ਆਮਦਨ 2500 ਪੌਂਡ ਹੋਣ ਦੇ ਬਾਵਜੂਦ ਉਹ 1902 ‘ਚ ਦਿਵਾਲੀਆ ਹੋ ਗਏ ਅਤੇ ਉਨ੍ਹਾਂ ਸਿਰ 1 ਲੱਖ 17 ਹਜ਼ਾਰ 900 ਪੌਂਡ ਦਾ ਕਰਜ਼ਾ ਹੋ ਗਿਆ। ਪ੍ਰਿੰਸ ਵਿਕਟਰ ਅਤੇ ਉਨ੍ਹਾਂ ਦੀ ਪਤਨੀ ਪਹਿਲੇ ਵਿਸ਼ਵ ਯੁੱਧ ਦੌਰਾਨ ਮਨੱਕੋ ਚਲੇ ਗਏ, ਜਿੱਥੇ 1918 ‘ਚ 51 ਸਾਲ ਦੀ ਉਮਰ ‘ਚ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਐਨੀ 82 ਸਾਲ ਦੀ ਉਮਰ ਤੱਕ ਇਸੇ ਘਰ ‘ਚ ਜੁਲਾਈ 1956 ਤੱਕ ਰਹੀ। 1871 ਦੀ ਜਨਗਣਨਾ ਅਨੁਸਾਰ ਇਹ ਘਰ ਈਸਟ ਇੰਡੀਆ ਕੰਪਨੀ ਦੇ ਨਾਂ ਰਜਿਸਟਰ ਸੀ।