ਅਜਮੇਰ ਸਿੰਘ ਬਨਾਮ ਪ੍ਰਭਸ਼ਰਨ ਭਰਾ: ਖਾਲਿਸਤਾਨ ਬਾਰੇ ਸਾਧਾਰਨ ਤੇ ਸਿੱਧੀਆਂ ਗੱਲਾਂ

ਖਾਲਿਸਤਾਨ ਅਤੇ ਪੰਜਾਬ ਦੀ ਸਿੱਖ ਸਿਆਸਤ ਬਾਰੇ ‘ਪੰਜਾਬ ਟਾਈਮਜ਼’ ਦੇ ਪਿਛਲੇ ਕਈ ਅੰਕਾਂ ਵਿਚ ਚੱਲੀ ਬਹਿਸ ਦੇ ਪ੍ਰਸੰਗ ਵਿਚ ਅਭੈ ਸਿੰਘ ਦੀ ਇਹ ਲਿਖਤ ਪ੍ਰਾਪਤ ਹੋਈ ਹੈ। ਉਨ੍ਹਾਂ ਪੰਜਾਬ ਦੀ ਸਿਆਸਤ ਦੀਆਂ ਕੁਝ ਜ਼ਮੀਨੀ ਹਕੀਕਤਾਂ ਨੂੰ ਕੇਂਦਰ ਵਿਚ ਰੱਖ ਕੇ ਕੁਝ ਟਿੱਪਣੀਆਂ ਕੀਤੀਆਂ ਹਨ ਅਤੇ ਕੁਝ ਕੁ ਸਵਾਲ ਵੀ ਉਠਾਏ ਹਨ। ਇਕ ਵਾਰ ਫਿਰ ਅਗਾਹ ਕਰ ਦੇਈਏ ਕਿ ਸਾਡੀ ਵੱਖ-ਵੱਖ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਦਾ ਮਸਲਾ ਨਹੀਂ, ਸਗੋਂ ਮੁਖ ਨੁਕਤਾ ਇਹ ਹੈ ਕਿ ਉਲਝੀ ਹੋਈ ਇਸ ਤਾਣੀ ਦੀ ਕੋਈ ਤੰਦ ਫੜੀ ਜਾ ਸਕੇ ਤਾਂ ਕਿ ਇਸ ਵਿਚੋਂ ਹੀ ਕਿਸੇ ਨਵੇਂ ਰਾਹ ਦੀ ਲਿਸ਼ਕੋਰ ਪੈ ਸਕੇ।

-ਸੰਪਾਦਕ

ਅਭੈ ਸਿੰਘ
ਫੋਨ: 91-98783-75903

ਖਾਲਿਸਤਾਨ ਬਾਰੇ ਦਲੀਲਾਂ ਦੇਣ ਵਾਲਿਆਂ ਨੇ ਭਾਵੇਂ ਕਦੇ ਖੁੱਲ੍ਹ ਕੇ ਇਸ ਦੇ ਸਰੂਪ ਦੀ ਗੱਲ ਨਹੀਂ ਕੀਤੀ, ਪਰ ਆਮ ਸਮਝ ਮੁਤਾਬਕ ਇਸ ਦਾ ਮਤਲਬ ਪੂਰੀ ਤਰ੍ਹਾਂ ਖੁਦਮੁਖਤਾਰ ਮੁਲਕ ਦੀ ਤਜਵੀਜ਼ ਹੈ, ਜਿਸ ਵਿਚ ਜਾਂ ਤਾਂ ਸਿਰਫ ਸਿੱਖ ਹੀ ਵੱਸਦੇ ਹੋਣ, ਤੇ ਜਾਂ ਸਿੱਖਾਂ ਦੀ ਵੱਡੀ ਬਹੁਗਿਣਤੀ ਹੋਵੇ, ਜਿਸ ਨਾਲ ਕਾਨੂੰਨ ਤੇ ਵਿਧਾਨ ਦੇ ਸਾਰੇ ਫੈਸਲੇ ਸਿੱਖਾਂ ਦੀ ਆਪਣੀ ਮਰਜ਼ੀ ਨਾਲ ਹੋ ਸਕਣ। ਜੇ ਇੰਨੀ ਗੱਲ ਸਹੀ ਲੱਗਦੀ ਹੋਵੇ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਧਰਤੀ ਉਪਰ ਅਜਿਹੀ ਜਗ੍ਹਾ ਕਿਥੇ ਹੈ, ਜਾਂ ਕਿੱਥੇ ਬਣਾਈ ਜਾ ਸਕਦੀ ਹੈ? ਪ੍ਰਸਤਾਵਿਤ ਨਕਸ਼ੇ ਤੋਂ ਬਿਨਾ ਸਭ ਬਹਿਸਾਂ ਬੇਲੋੜੀਆਂ ਰਹਿ ਜਾਣਗੀਆਂ। ਉਸ ਤੋਂ ਬਿਨਾ ਅੱਗੇ ਗੱਲ ਹੀ ਨਹੀਂ ਚੱਲ ਸਕਦੀ।
ਸੁਫਨਿਆਂ ਦਾ ਕਿਲ੍ਹਾ, ਜੋ ਹਵਾ ਵਿਚ ਵੀ ਨਹੀਂ ਬਣ ਸਕਦਾ, ਕਾਗਜ਼ ‘ਤੇ ਨਹੀਂ ਉਤਾਰਿਆ ਜਾ ਸਕਦਾ, ਉਹ ਜ਼ਮੀਨ ਉਪਰ ਕਿਸ ਤਰ੍ਹਾਂ ਬਣ ਸਕਦਾ ਹੋਵੇਗਾ, ਕੁਝ ਨਹੀਂ ਕਿਹਾ ਜਾ ਸਕਦਾ। ਗੱਲ ਹੋਰ ਸਾਫ ਕਰਨ ਵਾਸਤੇ ਥੋੜ੍ਹਾ ਫਰੈਂਕ ਹੁੰਦੇ ਹਾਂ, ਕੁਝ ਕਿਆਸ ਕਰਦੇ ਹਾਂ। ਬਹੁਤੇ ਲੋਕ, ਜੋ ਖਾਲਿਸਤਾਨ ਦੀ ਗੱਲ ਕਰਦੇ ਹਨ, ਉਹ ਇਸ ਬਾਰੇ ਭਾਰਤ ਦੇ ਵਰਤਮਾਨ ਪੰਜਾਬ ਦੀ ਗੱਲ ਕਰਦੇ ਹਨ। ਪੰਜਾਬ ਵਿਚ ਸਿੱਖਾਂ ਦੀ ਬਹੁਗਿਣਤੀ ਤਾਂ ਹੈ, ਪਰ ਭਾਰੀ ਬਹੁਗਿਣਤੀ ਨਹੀਂ। ਤਜਵੀਜ਼ ਕਰਨ ਵਾਲਿਆਂ ਦਾ ਦੱਸਣਾ ਬਣਦਾ ਹੈ ਕਿ ਇਥੋਂ ਗੈਰ ਸਿੱਖਾਂ ਨੂੰ ਬਾਹਰ ਕੱਢਿਆ ਜਾਣਾ ਹੋਵੇਗਾ ਤੇ ਹੋਰਨਾਂ ਸੂਬਿਆਂ ਤੇ ਹੋਰਨਾਂ ਮੁਲਕਾਂ ਵਿਚ ਰਹਿੰਦੇ ਸਿੱਖਾਂ ਨੂੰ ਇਥੇ ਵਸਾਉਣਾ ਹੋਵੇਗਾ। ਆਖਰ ਕਿੱਥੇ ਤੇ ਕਿਸ ਤਰ੍ਹਾਂ ਬਣ ਸਕਦੀ ਹੈ ਨਿਰੋਲ ਸਿੱਖ ਆਬਾਦੀ ਜਾਂ ਸਿੱਖਾਂ ਦੀ ਭਾਰੀ ਬਹੁਗਿਣਤੀ ਵਾਲੀ ਕੋਈ ਧਰਤੀ? ਸਪਸ਼ਟ ਹੈ ਕਿ ਆਪਣੀ ਮਰਜ਼ੀ ਨਾਲ ਨਾ ਕੋਈ ਬਾਹਰ ਜਾਣਾ ਚਾਹੇਗਾ ਤੇ ਨਾ ਬਾਹਰੋਂ ਆਉਣਾ ਚਾਹੇਗਾ।
ਏਧਰ ਪੰਜਾਬ ਵਿਚ 15 ਅਗਸਤ ਨੂੰ ਕੁਝ ਲੋਕਾਂ, ਜਿਨ੍ਹਾਂ ਨੂੰ ਗਰਮ ਦਲੀਏ ਕਿਹਾ ਜਾਂਦਾ ਹੈ, ਨੇ ਕੁਝ ਥਾਂਵਾਂ ‘ਤੇ ਖਾਲਿਸਤਾਨ ਦੇ ਨਾਅਰੇ ਲਾਏ ਅਤੇ ਕੇਸਰੀ ਝੰਡੇ ਵੀ ਲਹਿਰਾਏ। ਇਨ੍ਹਾਂ ਨੇ ਵੀ ਕੋਈ ਰੂਪ ਰੇਖਾ ਨਹੀਂ ਪੇਸ਼ ਕੀਤੀ, ਸਿਰਫ ਗੁੱਸੇ ਦਾ ਇਜ਼ਹਾਰ ਕੀਤਾ, ਆਪਣੇ ਦਿਲ ਦੇ ਗੁਬਾਰ ਕੱਢੇ। ਕੁਝ ਅਜਿਹੀਆਂ ਗੱਲਾਂ ਕੀਤੀਆਂ, ਸ਼ਿਕਾਇਤਾਂ ਕੀਤੀਆਂ, ਜਿਨ੍ਹਾਂ ਦਾ ਸਾਰ ਇਹ ਕੱਢਿਆ ਗਿਆ ਕਿ ਸਿੱਖਾਂ ਦਾ ਇਸ ਮੁਲਕ ਵਿਚ ਰਹਿਣ ਦਾ ਹੱਜ ਨਹੀਂ ਬਚਿਆ ਤੇ ਉਨ੍ਹਾਂ ਨੂੰ ਚੰਗੇ ਜੀਵਨ ਵਾਸਤੇ ਵੱਖਰਾ ਮੁਲਕ ਚਾਹੀਦਾ ਹੈ। ਵੱਖਰਾ ਮੁਲਕ ਕਿੱਥੇ, ਕਿੰਨਾ ਲੰਮਾ-ਚੌੜਾ, ਕਿਥੋਂ ਲੈ ਕੇ ਕਿਥੋਂ ਤੱਕ ਹੋਵੇ, ਕਿਸੇ ਨੂੰ ਨਹੀਂ ਪਤਾ। ਕਿਸੇ ਕੋਲ ਇਸ ਦਾ ਸਰੂਪ ਨਹੀਂ ਹੈ, ਤਸੱਵਰ ਨਹੀਂ, ਨਕਸ਼ਾ ਨਹੀਂ। ਸਿਰਫ ਭੜਕਾਹਟਾਂ ਤੇ ਗੁੱਸਾ। ਚਲੋ ਗੁੱਸੇ ਦੀਆਂ ਗੱਲਾਂ ਸੁਣਦੇ ਹਾਂ, ਸ਼ਿਕਾਇਤਾਂ ਵਾਲੀਆਂ ਦਲੀਲਾਂ ਸੁਣਦੇ ਹਾਂ।
ਗੱਲ ਇਥੋਂ ਸ਼ੁਰੂ ਕੀਤੀ ਜਾਂਦੀ ਹੈ ਕਿ ਪੰਜਾਬੀ ਸੂਬੇ ਦੇ ਮੋਰਚੇ ਮੌਕੇ ਜੇਲ੍ਹਾਂ ਭਰੀਆਂ ਗਈਆਂ, ਸਖਤੀਆਂ ਹੋਈਆਂ, ਲਾਠੀਆਂ ਚੱਲੀਆਂ ਤੇ ਗੋਲੀਆਂ ਚੱਲੀਆਂ। ਇਸ ਮੁਲਕ ਵਿਚ ਨਹੀਂ, ਸਗੋਂ ਪੂਰੇ ਉਪ ਮਹਾਦੀਪ ਵਿਚ ਥਾਂ ਥਾਂ ਮੋਰਚੇ ਲੱਗੇ, ਲਾਠੀਆਂ ਚੱਲੀਆਂ, ਗੋਲੀਆਂ ਚੱਲੀਆਂ। ਹੁਣ ਕੀ ਇਨ੍ਹਾਂ ਸਭ ਵਾਸਤੇ ਵੱਖਰੇ ਮੁਲਕ ਬਣਨ? ਇਸ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਅਖੀਰ ਲੰਗੜਾ ਪੰਜਾਬ ਮਿਲਿਆ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ। ਕਿਸੇ ਨੇ ਇਨ੍ਹਾਂ ਇਲਾਕਿਆਂ ਦੀ ਵੀ ਕਦੇ ਲਿਸਟ ਨਹੀਂ ਬਣਾਈ ਕਿ ਫਲਾਣੇ-ਫਲਾਣੇ ਜਿਲੇ ਜਾਂ ਪਿੰਡ ਹਨ। ਅੱਜ 50 ਸਾਲਾਂ ਤੋਂ ਉਪਰ ਹੋ ਗਿਆ, ਅਸਾਂ ਕਦੇ ਵੀ ਨਹੀਂ ਸੁਣਿਆ ਕਿ ਹਰਿਆਣਾ ਜਾਂ ਹਿਮਾਚਲ ਦੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਕਦੇ ਧਰਨੇ ਲਾਏ ਹੋਣ, ਮੋਰਚੇ ਲਾਏ ਹੋਣ ਕਿ ਉਨ੍ਹਾਂ ਨੂੰ ਪੰਜਾਬ ਵਿਚ ਮਿਲਾਇਆ ਜਾਵੇ। ਜੇ ਉਨ੍ਹਾਂ ਨੂੰ ਇਤਰਾਜ਼ ਨਹੀਂ ਤਾਂ ਹੋਰਨਾਂ ਦੇ ਇਤਰਾਜ਼ ਦੀ ਤਾਂ ਤੁਕ ਹੀ ਨਹੀਂ ਬਣਦੀ ਹੈ।
ਇਸ ਦੇ ਨਾਲ ਹੀ ਧਰਮ ਯੁੱਧ ਨੂੰ ਜੋੜ ਲੈਂਦੇ ਹਨ। ਕਿਸ ਗੱਲ ਦਾ ਧਰਮ ਯੁੱਧ? ਇਹ ਸਤਲੁਜ ਯਮਨਾ ਲਿੰਕ ਨਹਿਰ ਨਾਲ ਜੁੜਦਾ ਹੈ। ਇਸ ਵਿਚ ਧਰਮ ਦਾ ਮਸਲਾ ਹੀ ਕੋਈ ਨਹੀਂ, ਦੋ ਸੂਬਿਆਂ ਦਾ ਆਪਸੀ ਮਸਲਾ ਹੈ ਤੇ ਅਜਿਹੇ ਮਸਲਿਆਂ ਦੇ ਹੱਲ ਦੇ ਦੋ ਹੀ ਤਰੀਕੇ ਹੁੰਦੇ ਹਨ, ਜਾਂ ਆਪਸੀ ਗੱਲਬਾਤ ਕਰ ਕੇ ਮੁਕਾ ਲਿਆ ਜਾਵੇ ਜਾਂ ਫਿਰ ਸੁਪਰੀਮ ਕੋਰਟ ਦਾ ਸਹਾਰਾ ਲਿਆ ਜਾਵੇ। ਇਹ ਸਿਆਸੀ ਜਾਂ ਇਕ ਹੱਦ ਤੱਕ ਕਾਨੂੰਨੀ ਮਸਲਾ ਹੈ। ਦੋਵੇਂ ਪਾਸੇ ਦੋਹਾਂ ਧਰਮਾਂ ਦੇ ਲੋਕ ਵੱਸਦੇ ਹਨ, ਫਿਰ ਇਹ ਧਰਮ ਯੁੱਧ ਕਿਹੜੇ ਧਰਮ ਦਾ ਯੁੱਧ ਹੋ ਸਕਦਾ ਹੈ? ਵਿਹਾਰਕ ਮੁੱਦੇ ਨੂੰ ਖਾਹ-ਮਖਾਹ ਜਜ਼ਬਾਤੀ ਬਣਾ ਕੇ ਲੋਕਾਂ ਵਾਸਤੇ ਨਵੀਂਆਂ ਮੁਸੀਬਤਾਂ ਪੈਦਾ ਕੀਤੀਆਂ।
ਧਰਮ ਯੁੱਧ ਮੋਰਚੇ ਦਾ ਹੀ ਹਿੱਸਾ ਬਣਾ ਕੇ ਨਿਰੰਕਾਰੀਆਂ ਦੀ ਗੱਲ ਕਰਦੇ ਹਨ, 1978 ਦੀ ਖੂਨੀ ਵਿਸਾਖੀ ਦੀ ਗੱਲ ਕਰਦੇ ਹਨ। ਵਾਰ-ਵਾਰ ਗਲਤ ਗਿਣਤੀ ਦੱਸਦੇ ਹਨ। ਦੱਸਦੇ ਹਨ ਕਿ ਉਸ ਖੂਨੀ ਵਿਸਾਖੀ ਵਾਲੇ ਦਿਨ 13 ਸਿੱਖਾਂ ਦੀਆਂ ਜਾਨਾਂ ਗਈਆਂ। ਅਸਲ ਵਿਚ ਇਹ ਗਿਣਤੀ 13 ਨਹੀਂ, 16 ਬਣਦੀ ਹੈ। ਨਿਰੰਕਾਰੀ ਸੰਮੇਲਨ ਅੰਦਰ ਝੜਪਾਂ ਵਿਚ ਜਾਨਾਂ ਗੰਵਾਉਣ ਵਾਲੇ 13 ਸਿੱਖ ਅਖੰਡ ਟਕਸਾਲ ਤੇ ਕੀਰਤਨੀ ਜਥੇ ਵਾਲੇ ਸਨ ਅਤੇ 3 ਸਿੱਖ ਨਿਰੰਕਾਰੀ ਸੰਮੇਲਨ ਦੇ ਵਾਲੰਟੀਅਰ ਸਨ, ਸਾਰੇ ਸਾਬਤ ਸੂਰਤ। ਦੱਸਿਆ ਇਹ ਜਾ ਰਿਹਾ ਹੈ ਕਿ ਸਰਕਾਰ ਨੇ ਜਾਣ ਬੁੱਝ ਕੇ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਵਿਖੇ, ਗੁਰੂ ਰਾਮ ਦਾਸ ਦੀ ਨਗਰੀ ਵਿਚ ਸੰਮੇਲਨ ਕਰਨ ਦੀ ਆਗਿਆ ਦਿੱਤੀ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ।
ਪਰ ਅਜਿਹੀ ਕੋਈ ਗੱਲ ਨਹੀਂ ਸੀ। ਪੰਜ ਦਿਨ ਸੰਮੇਲਨ ਚੱਲਦਾ ਰਿਹਾ। ਅੰਮ੍ਰਿਤਸਰ ਦੇ ਲੋਕ, ਸਮੇਤ ਸਿੱਖਾਂ ਦੇ, ਸੰਮੇਲਨ ਦੇ ਕੋਲੋਂ ਦੀ ਲੰਘਦੇ ਰਹੇ, ਕੋਈ ਕਾਰ ਰਾਹੀਂ, ਕੋਈ ਸਕੂਟਰ ਸਵਾਰ ਤੇ ਕੋਈ ਪੈਦਲ; ਕਿਸੇ ਨੂੰ ਹਿਰਦੇ ਵਲੂੰਧਰੇ ਗਏ ਦੀ ਸ਼ਿਕਾਇਤ ਨਹੀਂ ਸੀ। ਹਾਂ, ਰਸਤੇ ਦੀਆਂ ਰੁਕਾਵਟਾਂ ਤੇ ਸੰਮੇਲਨ ਦੇ ਸ਼ੋਰ ਦੀ ਦਿੱਕਤ ਜ਼ਰੂਰ ਮਹਿਸੂਸ ਹੋ ਸਕਦੀ ਹੋਵੇਗੀ। ਇਹ ਤਾਂ ਜਦੋਂ ਅਖੰਡ ਕੀਰਤਨੀ ਜਥੇ ਦੇ ਕੁਝ ਲੋਕ ਸੰਮੇਲਨ ਤਕ ਜਾਣ ਦੀ ਕਸ਼ਮਕਸ਼ ਦੌਰਾਨ ਪੁਲਿਸ ਨਾਲ ਉਲਝੇ ਤਾਂ ਇਹ ਤਾਂ ਇਹ ਦੁਖਦਾਈ ਹਿੰਸਕ ਘਟਨਾ ਵਾਪਰੀ, ਜਿਸ ਵਿਚ 16 ਕੀਮਤੀ ਜਾਨਾਂ ਗਈਆਂ, ਕਈ ਜ਼ਖਮੀ ਹੋਏ ਤੇ ਬਹੁਤ ਹੀ ਗਮਗੀਨ ਵਾਤਾਵਰਣ ਬਣ ਗਿਆ।
ਉਦੋਂ ਅਸੀਂ ਇਹ ਸੁਣਦੇ ਸਾਂ ਕਿ ਨਿਰੰਕਾਰੀ ਮੰਡਲ ਦੀ ਕੋਈ ਕਿਤਾਬ ਹੈ, ਜਿਸ ਵਿਚ ਕੁਝ ਸਤਰਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਕੁਝ ਸਿੱਖ ਸੰਸਥਾਵਾਂ ਨੂੰ ਗਹਿਰਾ ਇਤਰਾਜ਼ ਸੀ। ਕਿਹਾ ਜਾਂਦਾ ਸੀ, ਉਨ੍ਹਾਂ ਸਤਰਾਂ ਨਾਲ ਗੁਰਬਾਣੀ ਦਾ ਅਪਮਾਨ ਹੁੰਦਾ ਸੀ; ਲੇਕਿਨ ਹੁਣ ਅਸੀਂ ਸ਼ ਅਜਮੇਰ ਸਿੰਘ ਦੀ ਕੈਨੇਡਾ ਵਿਚ ਹੋ ਰਹੀ ਪੁਰਾਣੀ ਤਕਰੀਰ ਸੁਣ ਰਹੇ ਸਾਂ ਕਿ ਨਿਰੰਕਾਰੀ ਲੋਕ ਆਪਣੇ ਸੰਮੇਲਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ (ਜੋ ਕਿ ਸਰਾਸਰ ਗਲਤ ਜਾਣਕਾਰੀ ਹੈ) ਤੇ ਉਨ੍ਹਾਂ ਦਾ ਮੁਖੀ ਉਚੇ ਸਥਾਨ ‘ਤੇ ਬੈਠਦਾ ਹੈ। ਦੱਸਿਆ ਜਾਂਦਾ ਰਿਹਾ ਕਿ ਅਖੰਡ ਕੀਰਤਨੀ ਜਥੇ ਵਾਲੇ ਉਨ੍ਹਾਂ ਨੂੰ ਪੁਰ ਅਮਨ ਤਰੀਕੇ ਨਾਲ ਆਪਣੀ ਗੱਲ ਸਮਝਾਉਣ ਗਏ ਹਨ, ਪਰ ਇਹ ਬੇਤੁਕੀ ਗੱਲ ਹੈ, ਤੁਸੀਂ ਚੱਲਦੇ ਹੋਏ ਸੰਮੇਲਨ ਵਿਚ ਕਿਸੇ ਨੂੰ ਕਿਵੇਂ ਕੋਈ ਗੱਲ ਸਮਝਾ ਸਕਦੇ ਹੋ! ਸੰਮੇਲਨਾਂ ਦੇ ਕਈ ਪ੍ਰੋਗਰਾਮ ਹੁੰਦੇ ਹਨ, ਉਹ ਉਨ੍ਹਾਂ ਵਿਚ ਰੁੱਝੇ ਹੋਣਗੇ, ਸਭ ਕੁਝ ਛੱਡ ਕੇ ਤੁਹਾਡੀ ਗੱਲ ਕਿਵੇਂ ਸੁਣ ਲੈਣ।
ਸਮਝਾਉਣ ਜਾਣ ਵਾਸਤੇ ਦੁਨੀਆਂ ਭਰ ਦਾ ਦਸਤੂਰ ਹੈ ਕਿ ਤੁਸੀਂ ਅਗਲਿਆਂ ਤੋਂ ਵਕਤ ਲਵੋ, ਚਿੱਠੀ ਲਿਖੋ ਜਾਂ ਸੁਨੇਹਾ ਭੇਜੋ, ਫਿਰ ਅਗਲਿਆਂ ਦੀ ਫੁਰਸਤ ਮੁਤਾਬਕ ਗੱਲਬਾਤ ਕਰੋ। ਸਮਝਾਉਣ ਦਾ ਕੰਮ ਇਕ-ਦੋ ਮਿੰਟਾਂ ਵਿਚ ਨਹੀਂ ਪੂਰਾ ਹੁੰਦਾ, ਇਸ ਵਾਸਤੇ ਖੁੱਲ੍ਹਾ ਵਕਤ ਚਾਹੀਦਾ ਹੈ, ਠਰੰਮਾ ਚਾਹੀਦਾ ਹੈ। ਸ਼ ਅਜਮੇਰ ਸਿੰਘ ਬਹੁਤ ਜਜ਼ਬਾਤੀ ਤਕਰੀਰ ਕਰ ਰਹੇ ਸਨ ਕਿ ਹਨੇਰ ਹੀ ਹੋ ਗਿਆ, ਮੁਕੱਦਮੇ ਵਿਚੋਂ ਨਿਰੰਕਾਰੀ ਬਾਬਾ ਸਾਫ ਬਰੀ ਹੋ ਗਿਆ ਤੇ 13 ਮੌਤਾਂ ਦਾ ਕੋਈ ਇਨਸਾਫ ਨਹੀਂ ਮਿਲਿਆ; ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਜੋ 3 ਮੌਤਾਂ ਨਿਰੰਕਾਰੀ ਸੰਮੇਲਨ ਦੇ ਵਾਲੰਟੀਅਰਾਂ ਦੀਆਂ ਹੋਈਆਂ, ਉਨ੍ਹਾਂ ਨੂੰ ਕਦੋਂ ਇਨਸਾਫ ਮਿਲਿਆ! ਅਦਾਲਤ ਦਾ ਫੈਸਲਾ ਪਤਾ ਨਹੀਂ ਕਿਸ ਤਰ੍ਹਾਂ ਹੋਇਆ, ਪਰ ਅਸੀਂ ਸਭ ਜਾਣਦੇ ਹਾਂ ਕਿ ਆਮ ਤੌਰ ‘ਤੇ ਫੌਜਦਾਰੀ ਕੇਸਾਂ ਵਿਚ ਫੈਸਲੇ ਉਨ੍ਹਾਂ ਦੇ ਹੀ ਵਿਰੁਧ ਹੁੰਦੇ ਨੇ, ਜਿਨ੍ਹਾਂ ਬਾਹਰੋਂ ਜਾ ਕੇ ਦਖਲ ਦਿੱਤਾ ਹੋਵੇ। ਸ਼ਾਇਦ ਸਮਝਾਉਣ ਦੀ ਕਾਰਵਾਈ ਵਿਚ ਹੀ ਆਮ ਨਿਰੰਕਾਰੀ ਲੋਕਾਂ ਨੂੰ ਸਵੇਰ ਦੀ ਸੈਰ ‘ਤੇ ਜਾਂਦਿਆਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ।
ਹਾਂ ਇਹ ਗੱਲ ਠੀਕ ਹੈ ਕਿ ਪੰਜਾਬ ਵਿਚ ਉਨ੍ਹਾਂ ਸਮਿਆਂ ਦੀ ਬਾਦਲ ਸਰਕਾਰ ਨੂੰ ਦਮਦਮੀ ਟਕਸਾਲ ਤੇ ਨਿਰੰਕਾਰੀਆਂ ਵਿਚਾਲੇ ਕਈ ਸਾਲਾਂ ਤੋਂ ਚਲਦੀਆਂ ਹਿੰਸਕ ਝੜਪਾਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਸੀ ਅਤੇ ਚੰਗਾ ਹੁੰਦਾ ਕਿ ਨਵੇਂ ਫਸਾਦ ਦੀ ਸੰਭਾਵਨਾ ਬਾਰੇ ਅਗਾਓਂ ਭਾਂਪਦਿਆਂ ਨਿਰੰਕਾਰੀਆਂ ਨੂੰ ਵਿਸਾਖੀ ਦੇ ਉਸ ਪਵਿਤਰ ਦਿਹਾੜੇ ਮਹਾਂਸਮਾਗਮ ਕਰਨ ਦੀ ਆਗਿਆ ਹੀ ਨਾ ਦਿਤੀ ਗਈ ਹੁੰਦੀ। ਫਿਰ ਜੇ ਇਹ ਬੱਜਰ ਗਲਤੀ ਹੋ ਹੀ ਗਈ ਸੀ ਤਾਂ ਅਗਲੇ ਦੁਖਾਂਤ ਵਾਸਤੇ ਪੰਜਾਬ ਦੀ ਪੁਲਿਸ ਗੁਨਾਹਗਾਰ ਹੈ। ਜਦੋਂ ਇਕ ਜਥਾ ਦੂਰੋਂ ਚੱਲ ਕੇ ਸੰਮੇਲਨ ਵਾਲੀ ਜਗ੍ਹਾ ਵੱਲ ਵਧ ਰਿਹਾ ਸੀ ਤਾਂ ਪੁਲਿਸ ਦਾ ਫਰਜ਼ ਸੀ, ਇਨ੍ਹਾਂ ਨੂੰ ਦੂਰ ਹੀ ਕਿਧਰੇ ਰੋਕਣਾ। ਜੇ ਪੁਲਿਸ ਨੂੰ ਪਤਾ ਨਹੀ ਲੱਗਾ ਤਾਂ ਵੀ ਉਸ ਦੀ ਨਾ-ਅਹਿਲੀਅਤ ਹੈ। ਜਦੋਂ ਸਰਕਾਰ ਨੇ ਸੰਮੇਲਨ ਦੀ ਇਜਾਜ਼ਤ ਦਿੱਤੀ ਤਾਂ ਪੁਲਿਸ ਦਾ ਪੂਰਾ ਫਰਜ਼ ਉਸ ਦੀ ਹਿਫਾਜ਼ਤ ਕਰਨੀ ਬਣਦਾ ਸੀ। ਪਤਾ ਨਹੀਂ ਇਸ ਦੀ ਜਾਂਚ ਹੋਈ ਸੀ ਕਿ ਨਹੀਂ, ਪਤਾ ਨਹੀਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਮਿਲੀਆਂ ਸਨ ਕਿ ਨਹੀਂ? ਇਹ ਵੀ ਨਹੀਂ ਪਤਾ ਕਿ ਸ਼ ਅਜਮੇਰ ਸਿੰਘ ਨੇ ਇਨ੍ਹਾਂ ਸਜ਼ਾਵਾਂ ਦੀ ਮੰਗ ਕੀਤੀ ਸੀ ਕਿ ਨਹੀਂ! ਸ਼ਾਇਦ ਉਹ ਖੁਸ਼ ਸਨ ਕਿ 16 ਮੌਤਾਂ ਨਾਲ ਉਨ੍ਹਾਂ ਦੇ ਭਾਗੀਂ ਇਕ ਨੁਕਤਾ ਮਿਲ ਗਿਆ ਕਿ ਸਿੱਖਾਂ ਨੂੰ ਹੁਣ ਵੱਖਰਾ ਮੁਲਕ ਚਾਹੀਦਾ ਹੈ।
ਵੱਖਰੇ ਮੁਲਕ ਦੀ ਦਲੀਲ ਵਾਸਤੇ ਵੱਡਾ ਨੁਕਤਾ ਜੂਨ ਚੁਰਾਸੀ ਵਿਚ ਵਾਪਰਿਆ ਅਪਰੇਸ਼ਨ ਨੀਲਾ ਤਾਰਾ ਗਿਣਿਆ ਜਾਂਦਾ ਹੈ। ਇਹ ਆਜ਼ਾਦ ਭਾਰਤ ਦੇ ਇਤਿਹਾਸ ਦੀ ਵੱਡੀ ਮੰਦਭਾਗੀ ਅਤੇ ਉਦਾਸਕੁਨ ਘਟਨਾ ਸੀ; ਪਰ ਇਸ ਦੇ ਪਿਛੋਕੜ ਦੀਆਂ ਬਹੁਤ ਡੂੰਘੀਆਂ ਥਿਊਰੀਆਂ ਘੜੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿਹਾ ਜਾਂਦਾ ਰਿਹਾ ਕਿ ਭਾਰਤ ਦੇ ਹਾਕਮ ਸ਼ੁਰੂ ਤੋਂ ਹੀ ਸਿੱਖਾਂ ਨੂੰ ਕੁਚਲਣ ਦੀਆਂ ਵਿਊਂਤਾਂ ਬਣਾਉਂਦੇ ਰਹੇ, ਪਰ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਰਿਹਾ। ਆਖਰ ਕਿਉਂ? ਭਾਰਤ ਦੇ ਹਾਕਮਾਂ ਦਾ ਸਿੱਖ ਧਰਮ ਵਾਲਿਆਂ ਨਾਲ ਕੋਈ ਵਿਰੋਧ ਕਿਉਂ ਹੋ ਸਕਦਾ ਸੀ? ਬਹੁਤਾ ਸਮਾਂ ਕਾਂਗਰਸ ਦੀ ਹਕੂਮਤ ਰਹੀ। ਸਿੱਖ ਵੱਡੀ ਗਿਣਤੀ ਨਾਲ ਹਮੇਸ਼ਾ ਕਾਂਗਰਸ ਨੂੰ ਵੋਟਾ ਪਾਉਂਦੇ ਰਹੇ ਤੇ ਪਾ ਰਹੇ ਹਨ। ਇਹ ਦੇਸ਼ ਦੇ ਪ੍ਰਸ਼ਾਸਨ, ਉਸਾਰੀ ਤੇ ਸਰਹੱਦਾਂ ਦੀ ਰਾਖੀ ‘ਚ ਵੀ ਵਧ ਚੜ੍ਹ ਕੇ ਹਿੱਸਾ ਪਾਉਂਦੇ ਰਹੇ। ਫਿਰ ਦੁਸ਼ਮਣੀ, ਵਿਰੋਧ ਜਾਂ ਨਫਰਤ ਦਾ ਤਾਂ ਕੋਈ ਆਧਾਰ ਹੀ ਨਹੀਂ ਹੋ ਸਕਦਾ ਸੀ।
ਕਈ ਕਿਸਮ ਦੀਆਂ ਤਿਲਕਣਾਂ, ਕਚਿਆਈਆਂ ਤੇ ਵਿਰੋਧਾਭਾਸ ਵੀ ਭਾਵੇਂ ਆਉਂਦੇ ਰਹੇ, ਪਰ ਸਮੁੱਚੇ ਤੌਰ ‘ਤੇ ਭਾਰਤ ਵਿਚ ਧਰਮ ਨਿਰਪੱਖਤਾ ਦਾ ਅਸੂਲ ਕਾਇਮ ਰਿਹਾ। ਸਾਲ 2014 ਤੋਂ ਪਹਿਲਾਂ ਦੇਸ਼ ਵਿਚ ਕਦੇ ਵੀ ਧਾਰਮਿਕ ਕੱਟੜਤਾ ਵਾਲੀ ਸਰਕਾਰ ਨਹੀਂ ਬਣੀ ਸੀ। ਲੰਮੀ ਦੇਰ ਜਵਾਹਰਲਾਲ ਨਹਿਰੂ ਪ੍ਰਧਾਨ ਮੰਤਰੀ ਰਹੇ, ਉਨ੍ਹਾਂ ਵਿਚ ਧਾਰਮਿਕ ਕੱਟੜਤਾ ਤਾਂ ਕੀ, ਧਾਰਮਿਕ ਸ਼ਰਧਾ ਵੀ ਨਹੀਂ ਸੀ। ਸਭ ਜਾਣਦੇ ਹਨ ਕਿ ਉਹ ਨਾਸਤਿਕ ਵਿਚਾਰਾਂ ਦਾ ਬੰਦਾ ਸੀ। ਉਸ ਪਿਛੋਂ ਇੰਦਰਾ ਗਾਂਧੀ ਦਾ ਆਪਣਾ ਵਿਆਹ ਪਾਰਸੀ ਨਾਲ, ਇਕ ਪੁੱਤਰ ਦਾ ਇਸਾਈਆਂ ਦੇ ਘਰ ਅਤੇ ਇਕ ਦਾ ਸਿੱਖਾਂ ਦੇ ਘਰ ਹੋਇਆ। ਉਸ ਨੇ ਇਕ ਦੋ ਵਾਰ ਮੰਦਿਰਾਂ ਵਿਚ ਮੱਥਾ ਟੇਕਣ ਦੇ ਡਰਾਮੇ ਜ਼ਰੂਰ ਕੀਤੇ, ਪਰ ਸਭ ਨੂੰ ਪਤਾ ਕਿ ਉਸ ਵਿਚ ਕੋਈ ਧਾਰਮਿਕ ਭਾਵਨਾ ਨਹੀਂ ਸੀ ਤੇ ਇਸ ਵਾਸਤੇ ਧਾਰਮਿਕ ਕੱਟੜਤਾ ਜਾਂ ਕਿਸੇ ਧਰਮ ਨਾਲ ਵੈਰ ਵਿਰੋਧ ਦਾ ਕੋਈ ਸਵਾਲ ਨਹੀਂ ਬਣਦਾ।
ਨੀਲਾ ਤਾਰਾ ਕਾਰਵਾਈ ਦੇ ਕਾਰਨ ਕੁਝ ਵੀ ਹੋ ਸਕਦੇ ਹਨ, ਪਰ ਸਰਕਾਰ ਦੀ ਸਿੱਖਾਂ ਪ੍ਰਤੀ ਨੀਤੀ, ਸੋਚ ਜਾਂ ਨਫਰਤ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਇਸ ਦਾ ਕਿਸੇ ਧਰਮ ਨਾਲ ਤੁਅੱਲਕ ਹੀ ਕੋਈ ਨਹੀਂ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਦਾ ਵੀ ਕੋਈ ਮਸਲਾ ਨਹੀਂ ਸੀ। ਮਸਲਾ ਸਪਸ਼ਟ ਸੀ। ਸ਼ ਅਜਮੇਰ ਸਿੰਘ ਲਿਖਦੇ ਹਨ ਕਿ ਹੋਰਨਾਂ ਵਾਸਤੇ ਹਰਿਮੰਦਰ ਸਾਹਿਬ ਦੇ ਅੰਦਰ ‘ਹਥਿਆਰਬੰਦ ਸਰਗਰਮੀਆਂ ਦਾ ਕੇਂਦਰ’ ਬਣਾਉਣਾ ਗਲਤ ਹੋ ਸਕਦਾ ਹੈ, ਪਰ ਸਿੱਖਾਂ ਵਾਸਤੇ ਇਹ ਪੂਰੀ ਤਰ੍ਹਾਂ ਹੱਕ ਬਨਾਜਬ ਸੀ। ਕਿਸੇ ਹੋਰ ਵਾਸਤੇ ਵੀ ਹੱਕ ਬਨਾਜਬ ਹੋ ਸਕਦਾ ਹੋਵੇਗਾ, ਪਰ ਮੁਲਕ ਦੀ ਸਰਕਾਰ ਵਾਸਤੇ ਨਹੀਂ, ਕਿਸੇ ਵੀ ਮੁਲਕ ਦੀ ਸਰਕਾਰ ਵਾਸਤੇ ਨਹੀਂ। ਮੁਲਕ ਦੀਆਂ ਹੱਦਾਂ ਦੇ ਅੰਦਰ ਕਿਸੇ ਵੀ ਜਗ੍ਹਾ, ਕੋਈ ਵੀ ਸਰਕਾਰ ‘ਹਥਿਆਰਬੰਦ ਸਰਗਰਮੀਆਂ ਦਾ ਕੇਂਦਰ’ ਨਹੀਂ ਸਹਿਣ ਕਰ ਸਕਦੀ। ਸ਼ ਅਜਮੇਰ ਸਿੰਘ, ਕਰਮਜੀਤ ਸਿੰਘ ਅਤੇ ਪ੍ਰਭਸ਼ਰਨ ਭਰਾਵਾਂ ਵਰਗੇ ਅਜ਼ੀਜਾਂ ਨੂੰ ਕੀ ਇਸ ਗੱਲ ਦਾ ਪਤਾ ਨਹੀਂ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸੰਨ 1979, ਜਦੋਂ ਇਸੇ ਤਰ੍ਹਾਂ ਦੇ ਕੁਝ ਉਤਸ਼ਾਹੀ ਸੱਜਣਾਂ ਨੇ ਪਵਿੱਤਰ ਮੱਕੇ ਦੀ ਇਮਾਰਤ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੋਂ ਦੀ ਸ਼ੁਧ ਇਸਲਾਮੀ/ਵਹਾਬੀ ਸਰਕਾਰ ਨੇ ਕੀ ਕੀਤਾ ਸੀ। ਮੱਕੇ ‘ਚ ਕਿਸੇ ਵੀ ਸੂਰਤ ਵਿਚ ਖੂਨ ਵਹਾਉਣਾ ਕੁਫਰ ਹੈ ਅਤੇ ਕਿਸੇ ਗੈਰ ਮੁਸਲਮਾਨ ਦਾ ਦਾਖਲਾ ਵਡਾ ਕੁਫਰ ਮੰਨਿਆ ਜਾਂਦਾ ਹੈ, ਪਰ ਵਹਾਬੀ ਸਰਕਾਰ ਨੇ ਮੱਕੇ ਨੂੰ ਮੁਕਤ ਕਰਾਉਣ ਲਈ ਖੂਨ ਵੀ ਵਹਾਇਆ ਤੇ ਅਗਲਾ ਵਡਾ ਕੁਫਰ ਫਰਾਂਸ ਤੋਂ ਗੈਰ ਮੁਸਲਮਾਲ ਕਮਾਂਡੋ ਦਸਤੇ ਮੰਗਵਾ ਕੇ ਉਨ੍ਹਾਂ ਹੱਥੋਂ ਕਰਵਾਇਆ। ‘ਪੰਜਾਬ ਟਾਈਮਜ’. ਦੇ ਪੰਨਿਆਂ ‘ਤੇ ਹਰਚਰਨ ਸਿੰਘ ਪਰਹਾਰ ਨੇ ਅਜਿਹੇ ਉਤਸ਼ਾਹੀ ਸੱਜਣਾਂ ਕੋਲੋਂ ਬਿਲਕੁਲ ਸਹੀ ਸਵਾਲ ਪੁਛਿਆ ਹੈ ਕਿ ਸਾਕਾ ਨੀਲਾ ਤਾਰਾ ਦੀ ਕਾਰਵਾਈ ਮੰਦਭਾਗੀ ਘਟਨਾ ਤਾਂ ਸੀ, ਪਰ ਕੀ ਇੰਦਰਾ ਨੇ ਫੌਜ ਉਥੇ ਸੱਚਮੁਚ ਅਬਦਾਲੀ ਵਾਗੂੰ ਸ੍ਰੀ ਅਕਾਲ ਤਖਤ ਨੂੰ ਢਾਹੁਣ ਲਈ ਭੇਜੀ ਸੀ ਜਾਂ ਅਬਦਾਲੀ ਨੇ ਸਿੰਘਾਂ ਦਾ ਕਤਲੇਆਮ ਕਰਕੇ ਕੀ ਕਦੀ ਅਕਾਲ ਤਖਤ ਦੀ ਨਵੇਂ ਸਿਰਿਓਂ ਉਸਾਰੀ ਕਰਵਾ ਕੇ ਵੀ ਦਿਤੀ ਸੀ।
ਭਾਰਤ ਸਰਕਾਰ ਦਾ ਹੱਕ ਵੀ ਸੀ ਤੇ ਫਰਜ਼ ਵੀ ਕਿ ਉਹ ਦਰਬਾਰ ਸਾਹਿਬ ਦੇ ਅੰਦਰੋਂ ‘ਹਥਿਆਰਬੰਦ ਸਰਗਰਮੀਆਂ ਦਾ ਕੇਂਦਰ’ ਹਟਾਏ, ਹਥਿਆਰਾਂ ਨੂੰ ਕਬਜ਼ੇ ਵਿਚ ਲਵੇ ਤੇ ਇਨ੍ਹਾਂ ਨੂੰ ਇਕੱਠਿਆਂ ਕਰਨ ਵਾਲਿਆਂ ਨੂੰ ਵੀ; ਪਰ ਕਹਿਣਾ ਪਵੇਗਾ ਕਿ ਇਸ ਵਾਸਤੇ ਸਰਕਾਰ ਨੇ ਮੁੱਢੋਂ ਹੀ ਗਲਤ, ਬੇਵਕੂਫਾਨਾ ਤੇ ਗੁਨਾਹਗਾਰ ਤਰੀਕਾ ਅਪਨਾਇਆ। ਇਸ ਦੇ ਹੋਰ ਤਰੀਕੇ ਹੋ ਸਕਦੇ ਸਨ ਤੇ ਤਲਾਸ਼ ਕੀਤੇ ਜਾਣੇ ਚਾਹੀਦੇ ਸਨ। ਦੇਸ਼ ਅੰਦਰ ਦੀਆਂ ਇਤਿਹਾਸਕ ਇਮਾਰਤਾਂ, ਖਾਸ ਤੌਰ ‘ਤੇ ਧਾਰਮਿਕ ਮਹੱਤਵ ਵਾਲੀਆਂ ਇਮਾਰਤਾਂ ਦੀ ਹਿਫਾਜ਼ਤ ਵੀ ਸਰਕਾਰ ਦਾ ਅਹਿਮ ਫਰਜ਼ ਸੀ। ਕਿਸੇ ਵੀ ਕੀਮਤ ਉਪਰ ਅਕਾਲ ਤਖਤ ਸਾਹਿਬ ਦੀ ਇਮਾਰਤ ਤੋਪ ਦੇ ਗੋਲਿਆਂ ਦਾ ਨਿਸ਼ਾਨਾ ਨਹੀਂ ਬਣਾਉਣੀ ਚਾਹੀਦੀ ਸੀ। ਇਹ ਕਾਰਵਾਈ ਗੁਨਾਹਕੁਨ ਰਹੇਗੀ।
ਫਿਰ ਵੀ ਅਸਲ ਵਿਚ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਨਹੀਂ, ਕਿਸੇ ਧਰਮ ਪ੍ਰਤੀ ਸਰਕਾਰੀ ਰਵੱਈਏ ਦਾ ਨਹੀਂ, ਇਹ ਮਸਲਾ ‘ਹਥਿਆਰਬੰਦ ਸਰਗਰਮੀਆਂ ਦੇ ਕੇਂਦਰ’ ਦਾ ਸੀ। ਜੇ ਇਹ ਕੇਂਦਰ ਕਿਸੇ ਪਹਾੜ ਦੀ ਖੁੰਦਕ ਵਿਚ ਹੁੰਦਾ ਜਾਂ ਦਰਿਆ ਦੀ ਮੰਡ ਵਿਚ, ਤਾਂ ਇਹ ਸਾਰੀ ਕਾਰਵਾਈ ਉਥੇ ਹੋਣੀ ਸੀ ਤੇ ਇਸ ਦੀ ਤਸਵੀਰ ਕੁਝ ਹੋਰ ਹੁੰਦੀ; ਪਰ ਕੇਂਦਰ ਬਣਾਉਣ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੇਠਲੀ ਮੰਜ਼ਿਲ ਨੂੰ ਚੁਣਿਆ, ਇਹ ਉਨ੍ਹਾਂ ਦੀ ਚੋਣ ਸੀ। ਉਨ੍ਹਾਂ ਨੇ ਬਹੁਤ ਹੀ ਸੂਖਮ ਸਥਾਨ ‘ਤੇ ਮੋਰਚੇ ਸਥਾਪਤ ਕੀਤੇ ਅਤੇ ਸਰਕਾਰ ਨੂੰ ਇਹ ਸੂਖਮਤਾ ਸਮਝਣੀ ਚਾਹੀਦੀ ਸੀ। ਇਸ ਦਾ ਹੱਲ ਸੂਖਮਤਾ ਨਾਲ ਹੀ ਕੱਢਿਆ ਜਾਣਾ ਚਾਹੀਦਾ ਸੀ। ਇੰਨੀ ਗੱਲ ਭਾਵੇਂ ਜ਼ਰੂਰ ਹੈ ਕਿ ਉਥੋਂ ਹਥਿਆਰਬੰਦ ਸਰਗਰਮੀਆਂ ਦਾ ਕੇਂਦਰ ਤਾਂ ਹਟਾਇਆ ਹੀ ਜਾਣਾ ਚਾਹੀਦਾ ਸੀ, ਇਹ ਸਰਕਾਰ ਦਾ ਫਰਜ਼ ਸੀ।
ਦੁਖਾਂਤ ਵਾਪਰ ਗਿਆ। ਇਸ ਨੂੰ ਦੁਖਾਂਤ ਦੇ ਰੂਪ ਵਿਚ ਹੀ ਯਾਦ ਕੀਤਾ ਜਾਵੇਗਾ। ਦੁਨੀਆਂ ਵਿਚ ਅਨੇਕਾਂ ਹਿੰਸਕ ਦੁਖਾਂਤ ਵਾਪਰੇ ਹਨ। ਧਰਤੀ ਦਾ ਚੱਪਾ ਚੱਪਾ ਭਰਿਆ ਪਿਆ ਹੈ। ਹੁਣ ਬੰਦੇ ਨੂੰ ਬਦਲਣ ਦੀ ਲੋੜ ਹੈ ਕਿ ਅਜਿਹੇ ਦੁਖਾਂਤ ਕਦੇ ਨਾ ਵਾਪਰਨ, ਕਿਧਰੇ ਵੀ ਨਾ। ਨਵੇਂ ਮੁਲਕਾਂ ਦਾ ਦੌਰ ਖਤਮ ਹੋ ਰਿਹਾ ਹੈ। ਹੁਣ ਪਹਿਲਾਂ ਦੇ ਬਣੇ ਮੁਲਕਾਂ ਦੀਆਂ ਸਰਹੱਦਾਂ ਨਰਮ ਕਰਨ ਦਾ ਵਕਤ ਆ ਗਿਆ ਹੈ। ਇਕ ਵਾਰ ਫਿਰ ਯੂਰਪ ਰਾਹ ਦਿਖਾ ਰਿਹਾ ਹੈ। ਹਾਲੈਂਡ ਤੋਂ ਚੱਲਿਆ ਬੰਦਾ ਬੱਸ, ਗੱਡੀ ਜਾਂ ਆਪਣੀ ਕਾਰ ਰਾਹੀ ਬੈਲਜੀਅਮ ਤੇ ਜਰਮਨੀ ਹੁੰਦਾ ਹੋਇਆ ਬਿਨਾ ਕਿਸੇ ਰੋਕ ਟੋਕ ਫਰਾਂਸ ਦੇ ਕਿਸੇ ਸ਼ਹਿਰ ਵੀ ਪਹੁੰਚ ਸਕਦਾ ਹੈ। ਸਰਹੱਦਾਂ ਉਪਰ ਦੀਵਾਰਾਂ, ਕੰਡੇਦਾਰ ਤਾਰਾਂ ਤੇ ਚੌਕੀਆਂ ਤੱਕ ਗਾਇਬ ਹਨ। ਅਸੀਂ ਕੌਮਾਂ ਦੀਆਂ ਪਰਿਭਾਸ਼ਾਵਾਂ ਵਿਚ ਉਲਝੇ ਪਏ ਹਾਂ, ਉਹ ਲੋਕ ਕੌਮਾਂ ਦੀਆਂ ਗੱਲਾਂ ਹੀ ਛੱਡੀ ਜਾ ਰਹੇ ਹਨ। ਮੇਰਾ ਮੁਲਕ ਜ਼ਿੰਦਾਬਾਦ, ਮੇਰਾ ਧਰਮ ਜ਼ਿੰਦਾਬਾਦ, ਮੇਰਾ ਝੰਡਾ ਬੁਲੰਦ ਰਹੇਗਾ, ਇਹ ਸਾਰੇ ਨਾਹਰੇ ਹੀ ਗਾਇਬ ਹੋ ਰਹੇ ਹਨ। ਸਰਹੱਦਾਂ ਦੇ ਰਖਵਾਲਿਆਂ ਦੇ ਗੀਤ ਖਤਮ ਹਨ, ਸ਼ਹੀਦੀਆਂ ਦੇ ਗੀਤ ਖਤਮ ਹਨ। ਹਾਂ, ਦੁਖਾਂਤਾਂ ਦੀਆਂ ਯਾਦਗਾਰਾਂ ਹਨ ਤੇ ਉਹ ਲੋਕ ਦੁਖਾਂਤਾਂ ਨੂੰ ਯਾਦ ਰੱਖਦੇ ਹਨ।
ਅਸੀਂ ਉਮੀਦ ਤਾਂ ਇਹ ਕਰਦੇ ਹਾਂ ਕਿ ਯੂਰਪ ਵਿਚ ਵੱਸੇ, ਵੱਡੀਆਂ ਪੜ੍ਹਾਈਆਂ ਕਰਦੇ ਸਾਡੇ ਲੋਕ ਸਾਨੂੰ ਵੀ ਵੱਡੀਆਂ ਸਿਖਿਆਵਾਂ ਦੇਣ; ਸਾਨੂੰ ਜਾਤਾਂ, ਧਰਮਾਂ, ਕੌਮਾਂ ਤੇ ਵਤਨਾਂ ਦੀਆਂ ਜਿੱਲਣਾਂ ਵਿਚੋਂ ਕੱਢਣ, ਪਰ ਉਹ ਪਤਾ ਨਹੀਂ ਸਾਨੂੰ ਕਿੰਨਾ ਪਿਛਾਂਹ ਸੁੱਟਣਾ ਚਾਹੁੰਦੇ ਹਨ, ਭੁੱਲੀਆਂ ਵਿਸਰੀਆਂ ਗੱਲਾਂ ਨੂੰ ਰਿੜਕੀ ਤੁਰੇ ਜਾਂਦੇ ਹਨ। ਹਾਂ, ਜਿਸ ਕਿਸੇ ਨੇ ਆਪਣਾ ਰਾਂਝਾ ਰਾਜ਼ੀ ਕਰਨਾ ਹੈ, ਕਰਦਾ ਰਹੇ ਪਰ ਬੰਦੇ ਨੇ ਅੱਗੇ ਵਧਣਾ ਹੈ, ਚਾਹੇ ਸੌ ਰੁਕਾਵਟਾਂ ਖੜ੍ਹੀਆਂ ਕਰ ਲਵੋ। ਵਕਤ ਆ ਗਿਆ ਹੈ, ਬੰਦੇ ਨੂੰ ਇਕੱਠੇ ਰਹਿਣਾ ਸਿੱਖਣਾ ਪਵੇਗਾ। ਹਰ ਧਰਮ, ਹਰ ਜਾਤ ਤੇ ਹਰ ਤਰ੍ਹਾਂ ਦੇ ਖਿਆਲਾਤ ਵਾਲਿਆਂ ਨੂੰ। ਹਾਂ, ਇਸ ਦੇ ਦਸਤੂਰ ਬਣਾਉਣੇ ਪੈਣਗੇ, ਹਰ ਇਕ ਨੂੰ ਅਪਨਾਉਣੇ ਪੈਣਗੇ ਤੇ ਹਰ ਇਕ ਤਬਕੇ ਅਤੇ ਵਿਅਕਤੀ ਨਾਲ ਇਨਸਾਫ ਕਰਨਾ ਪਵੇਗਾ। ਵਿਚਾਰ ਰੱਖਣ ਦੇ ਦਸਤੂਰਾਂ ਦੀ ਪਾਲਣਾ ਵੀ ਕਰਨੀ ਹੈ ਤੇ ਵਿਚਾਰਾਂ ਦੀ ਆਜ਼ਾਦੀ ਦਾ ਸਤਿਕਾਰ ਵੀ ਕਰਨਾ ਹੈ।
ਧਰਮਾਂ ਦੇ ਵਿਤਕਰੇ ਵੀ ਹਨ ਅਤੇ ਇਹ ਧਰਮਾਂ ਦੇ ਅੰਦਰ ਵੀ ਹਨ। ਮੁਸਲਮਾਨਾਂ ਵਿਚ ਸ਼ੀਆ ਵੀ ਹਨ, ਸੁੰਨੀ ਵੀ ਹਨ, ਅਹਿਮਦੀਏ ਵੀ ਹਨ। ਕੋਈ ਪੰਜ ਵਾਰ ਦਾ ਨਮਾਜ਼ੀ ਹੈ, ਕੋਈ ਹਫਤੇ ਵਿਚ ਇਕ, ਸਿਰਫ ਜੁੰਮੇ ਦੀ ਨਮਾਜ਼ ਪੜ੍ਹਦਾ ਹੈ, ਕੋਈ ਸਿਰਫ ਈਦ ਦੀ ਨਮਾਜ਼ ਤੇ ਕੋਈ ਕਦੇ ਵੀ ਨਮਾਜ਼ ਨਹੀਂ ਪੜ੍ਹਦਾ। ਹਰ ਧਰਮ ਵਿਚ ਸ਼ਰਧਾ ਦੀਆਂ ਵੱਖ-ਵੱਖ ਡਿਗਰੀਆਂ ਹਨ ਤੇ ਇਸ ਦੀ ਮੁਕੰਮਲ ਅਣਹੋਂਦ ਵੀ। ਇਕ ਬੰਦਾ ਮੀਟ ਦੀ ਦੁਕਾਨ ਜਾਂ ਹੋਟਲਾਂ ਦੇ ਬਾਹਰ ਲਟਕਦੇ ਮੁਰਗੇ ਦੇਖ ਕੇ ਛੀ-ਛੀ ਕਰਦਾ ਹੈ, ਦੂਜਾ ਅਰਕਾਂ ਟਿਕਾ ਕੇ ਛਕਦਾ ਹੈ। ਕਿਸੇ ਨੂੰ ਹਲਾਲ ਨਾਲ ਨਫਰਤ ਤੇ ਕਿਸੇ ਨੂੰ ਝਟਕੇ ਨਾਲ; ਤੇ ਕੋਈ ਪੁੱਛਦਾ ਹੀ ਨਹੀਂ ਕਿ ਇਹ ਝਟਕਾ ਹੈ ਜਾਂ ਹਲਾਲ। ਕੋਈ ਵੈਸ਼ਨੂੰ ਹੈ ਤੇ ਕੋਈ ਲਸਣ ਪਿਆਜ਼ ਵੀ ਨਹੀਂ ਖਾਂਦਾ। ਕਈ ਉਸ ਚੁੱਲ੍ਹੇ ‘ਤੇ ਪੱਕੀ ਰੋਟੀ ਨਹੀਂ ਖਾ ਸਕਦੇ, ਜਿੱਥੇ ਕਦੇ ਪਹਿਲਾਂ ਮੀਟ ਬਣਿਆ ਸੀ। ਸਭ ਇਕ ਦੂਜੇ ਨੂੰ ਛੀ-ਛੀ ਤਾਂ ਕਰ ਸਕਦੇ ਹਨ, ਪਰ ਸਭਨਾਂ ਨੂੰ ਵੱਖਰਾ ਮੁਲਕ ਨਹੀਂ ਮਿਲ ਸਕਦਾ।
ਬੰਦੇ ਨੂੰ ਇਕੱਠਿਆਂ ਰਹਿਣਾ ਸਿੱਖਣਾ ਪਵੇਗਾ, ਭਾਵੇਂ ਅੱਜ ਸਿੱਖ ਲਵੇ, ਭਾਵੇਂ ਕੱਲ੍ਹ।