ਜਾਗੋ ਸਿੱਖੋ! ਨਹੀਂ ਤਾਂ ਨਾਮ ਤੇ ਨਿਸ਼ਾਨ ਮਿੱਟ ਜਾਏਗਾ

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
ਪਿਛਲੇ ਦਿਨੀਂ ਉੜਮੜ ਟਾਂਡਾ ਨੇੜੇ ਪਿੰਡ ਬੱਸੀ ਜਲਾਲ ਵਿਖੇ ਐਸ਼ ਜੀ. ਪੀ. ਸੀ. ਦੇ ਪ੍ਰਬੰਧ ਹੇਠ ਗੜਦੀਵਾਲਾ ਅਤੇ ਗੜ੍ਹਸ਼ੰਕਰ ਵਿਖੇ ਚਲ ਰਹੇ ਖਾਲਸਾ ਕਾਲਜਾਂ ਵਿਚ ਬਤੌਰ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਣ ਵਾਲੇ 78 ਸਾਲਾ ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਸੰਧੂ ਦੇ ਘਰੋਂ ਪਿਛਲੇ ਦਿਨੀਂ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਾਲੀ ‘ਸਤਿਕਾਰ ਕਮੇਟੀ’ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਜੋ 1976 ਤੋਂ ਉਨ੍ਹਾਂ ਦੇ ਘਰ ਸਥਾਪਿਤ ਸੀ, ਅਨਾਦਰ ਦੇ ਦੋਸ਼ ਹੇਠ ਜ਼ਬਰਦਸਤੀ ਚੁੱਕ ਲਿਆ। ਪ੍ਰਿੰ. ਸੰਧੂ ਦਾ ਕਹਿਣਾ ਸੀ ਕਿ ਉਹ ਹਰ ਯਥਾ ਸੰਭਵ ਢੰਗ ਨਾਲ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਨ। ਸਤਿਕਾਰ ਕਮੇਟੀ ਦਾ ਦੋਸ਼ ਸੀ ਕਿ ਜਿਸ ਘਰ ਵਿਚ ਮੀਟ-ਆਂਡਾ ਬਣਦਾ ਹੋਵੇ, ਉੱਥੇ ਗੁਰੂ ਸਾਹਿਬ ਦਾ ਨਿਵਾਸ ਨਹੀਂ ਹੋ ਸਕਦਾ।

ਪ੍ਰਿੰ. ਸੰਧੂ ਮੁਤਾਬਕ ਜਦੋਂ ਕਦੇ ਉਨ੍ਹਾਂ ਦਾ ਬੇਟਾ ਵਿਦੇਸ਼ ਤੋਂ ਆਉਂਦਾ ਹੈ ਤਾਂ ਫਿਰ ਥੋੜ੍ਹਾ ਬਹੁਤ ਸੇਵਨ ਹੁੰਦਾ ਹੈ। ਜਦੋਂ ਪ੍ਰਿੰ. ਸੰਧੂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿਚ ਮੀਟ-ਆਂਡਾ ਖਾਣ ਦੀ ਮਨਾਹੀ ਨਹੀਂ ਹੈ, ਤਾਂ ਸਤਿਕਾਰ ਕਮੇਟੀ ਨੇ ਉਨ੍ਹਾਂ ਨੂੰ ਬੁਰਾ ਭਲਾ ਕਿਹਾ। ਖਬਰ ਅਨੁਸਾਰ ਪ੍ਰਿੰ. ਸੰਧੂ ਨੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਲੈ ਕੇ ਜਾਣ, ਪਰ ਉਹ ਨਹੀਂ ਮੰਨੇ। ਹੁਣ ਪਤਾ ਲੱਗਾ ਹੈ ਕਿ ਸਾਡੇ ਸਮਰੱਥ ਗੁਰੂ ਸਾਹਿਬ ‘ਮਾਸ’ ਤੋਂ ਡਰਦੇ ਹਨ!
ਕਿੰਨੀ ਸ਼ਰਮਨਾਕ ਗੱਲ ਹੈ ਕਿ ਅਗਿਆਨੀ ਲੋਕ ਗਿਆਨ ਦੇ ਸਾਗਰ ਗੁਰੂ ਗ੍ਰੰਥ ਸਾਹਿਬ ਦੇ ਕਸਟੋਡੀਅਨ ਬਣ ਬੈਠੇ ਹਨ ਤੇ ਸਾਰਾ ਸਿੱਖ ਸਮਾਜ ਮੂਕ ਦਰਸ਼ਕ ਬਣਿਆ ਬੈਠਾ ਹੈ! ਲੱਗਦਾ ਹੈ, ਸਿੱਖਾਂ ‘ਤੇ ਅਜਿਹੀਆਂ ਘਟਨਾਵਾਂ ਦਾ ਅਸਰ ਨਹੀਂ ਹੁੰਦਾ। ਲੱਗਦਾ ਹੈ, ਜਿਵੇਂ ਹਿੰਦੂ ਧਰਮ ਦੇ ਪੁਜਾਰੀਆਂ, ਜਿਨ੍ਹਾਂ ਨੂੰ ਧਰਮ ਮੰਨਣ ਵਾਲਿਆਂ ਨਾਲੋਂ ਧਰਮ ‘ਤੇ ਆਪਣੀ ਪਕੜ ਤੇ ਫਿਰ ਮਜ਼ਬੂਤ ਜਕੜ ਵੱਧ ਪਿਆਰੀ ਰਹੀ ਹੈ, ਭਾਵੇਂ ਲੋਕ ਧਰਮ ਤਿਆਗ ਕੇ ਹੋਰਨਾਂ ਧਰਮਾਂ ਵਿਚ ਸ਼ਾਮਲ ਹੋ ਜਾਣ, ਠੀਕ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲ ਰਹੇ ਹਨ। ਸਿੱਖ ਪੁਜਾਰੀ (ਗ੍ਰੰਥੀ), ਜਿਨ੍ਹਾਂ ਨੇ ਹਰ ਹੀਲੇ-ਵਸੀਲੇ ਸਿੱਖਾਂ ਨੂੰ ਪਹਿਲਾਂ ਮਾਨਸਿਕ ਤੇ ਫਿਰ ਆਤਮਿਕ ਤੌਰ ‘ਤੇ ਖੁੰਡੇ ਕਰਨ ਦੀ ਇਕ ਮੁਹਿੰਮ ਚਲਾ ਰੱਖੀ ਹੈ, ਗੁਰੂ ਨਾਨਕ ਤੇ ਉਨ੍ਹਾਂ ਦਾ ਫਲਸਫਾ ਉਨ੍ਹਾਂ (ਗੰ੍ਰਥੀਆਂ) ਨੂੰ ਠੀਕ ਨਹੀਂ ਲੱਗਦਾ, ਕਿਉਂਕਿ ਗੁਰੂ ਨਾਨਕ ਬੰਦੇ ਨੂੰ ਜੋਤੀ ਸਰੂਪ ਮੰਨਦੇ ਹਨ ਤੇ ਆਪਣਾ ਮੂਲ ਪਛਾਣਨ ਯਾਨਿ ਪੜਚੋਲ ਕਰਨ ਦੀ ਗੱਲ ਕਰਦੇ ਹਨ, ਪਰ ਗ੍ਰੰਥੀ ਚਾਹੁੰਦੇ ਹਨ ਕਿ ਸਿੱਖ ਹਰ ਗੱਲ ਲਈ ਉਨ੍ਹਾਂ ਦੇ ਕੋਲ ਗੇੜੇ ਮਾਰੇ। ਉਹ ਚਾਹੁੰਦੇ ਹਨ ਕਿ ਸਿੱਖ ਵੀ ਹਿੰਦੂ ਧਰਮ ਦੇ ਪ੍ਰਭਾਵ ਹੇਠ ਪ੍ਰਵਾਨ ਚੜ੍ਹੇ, ਦੇਹਧਾਰੀ ਕਥਿਤ ਸਮਕਾਲੀ ਸਿੱਖ ਲਿਖਾਰੀਆਂ ਵੱਲੋਂ ਹਿੰਦੂ ਦੇਵੀਆਂ ਤੇ ਦੇਵਤਿਆਂ ਦੀਆਂ ਕਲਪਿਤ ਕਰਾਮਾਤਾਂ ਦੀਆਂ ਕਥਾਵਾਂ ਦੀ ਤਰਜ਼ ‘ਤੇ ਲਿਖੀਆਂ ਜਨਮ ਸਾਖੀਆਂ ਸੁਣਨ ਅਤੇ ਚਰਚਾ ਕਰਨ ਵਿਚ ਹੀ ਮਗਨ ਰਹਿਣ। ਸਿੱਖਾਂ ਨੂੰ ਸਿੱਖ ਧਰਮ ਅਤੇ ਸਿੱਖ ਗੁਰੂਆਂ ਦੀ ਅਲੌਕਿਕਤਾ ਦਾ ਗਿਆਨ ਨਾ ਆਵੇ ਤੇ ਸਿੱਖਾਂ ਨੂੰ ਖਾਲਸ ਸਿੱਖ ਬਣਨ ਦੀ ਲੋੜ ਹੀ ਮਹਿਸੂਸ ਨਾ ਹੋਏ! ਸਿੱਖਾਂ ਨੂੰ ਸਿੱਖ ਧਰਮ ਵੱਖਰਾ ਨਾ ਲੱਗ ਕੇ ਹਿੰਦੂ ਧਰਮ ਜਿਹਾ ਹੀ ਇਕ ਅੰਗ ਲੱਗੇ ਅਤੇ ਸਿੱਖ ਆਪਣੇ ਧਰਮ ਪੱਖੋਂ ਅਧੂਰੇ ਤੇ ਕੱਚੇ ਹੀ ਰਹਿਣ।
ਇਹ ਖਬਰ ਪੜ੍ਹ ਕੇ ਇੰਜ ਮਹਿਸੂਸ ਹੋਇਆ ਕਿ ਸਿੱਖ ਕੌਮ ਵਾਕੱਈ ਪੂਰਨ ਤੌਰ ‘ਤੇ ਅਗਿਆਨੀਆਂ ਸਾਹਮਣੇ ਧਰਾਸ਼ਾਈ ਹੋ ਚੁਕੀ ਹੈ। ਆਮ ਸਿੱਖ ਆਪਣੇ ਗੁਰੂ ਦਾ ਮਾਣ-ਸਨਮਾਨ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਅਨਪੜ੍ਹ ਕਿਸਮ ਦੇ ਵਿਅਕਤੀਆਂ ਨਾਲ ਲਬਾ-ਲਬ ਭਰੀ ਹੋਈ ਐਸ਼ ਜੀ. ਪੀ. ਸੀ. ਤੇ ਇਸ ਦੀਆਂ ਇਕਾਈਆਂ ਅਤੇ ਟਕਸਾਲਾਂ ਨੇ ਸਿੱਖ ਧਰਮ ‘ਤੇ ਪੂਰਾ ਕਬਜ਼ਾ ਤੇ ਕੰਟਰੋਲ ਲੈ ਲਿਆ ਹੈ। ਦੁਨੀਆਂ ਦਾ ਸਭ ਤੋਂ ਗਿਆਨਵਾਨ ਤੇ ਮਨੁੱਖ ਜਾਤ ਨੂੰ ਸਰਬ ਪੱਖੀ ਸ਼ਕਤੀਸ਼ਾਲੀ ਬਣਾਉਣ ਵਾਲਾ ਗ੍ਰੰਥ, ਗੁਰੂ ਗ੍ਰੰਥ ਸਾਹਿਬ ਅੱਜ ਐਸ਼ ਜੀ. ਪੀ. ਸੀ. ਦਾ ਮੁਥਾਜ ਹੋ ਗਿਆ ਲੱਗਦਾ ਹੈ, ਕਿਉਂਕਿ ਐਸ਼ ਜੀ. ਪੀ. ਸੀ. ਫੈਸਲੇ ਕਰਦੀ ਹੈ, ਇਸ ਗ੍ਰੰਥ ਨੂੰ ਕੌਣ, ਕਦੋਂ ਅਤੇ ਕਿਸ ਢੰਗ ਨਾਲ ਪੜ੍ਹ ਸਕਦਾ ਹੈ। ਗ੍ਰੰਥੀਆਂ ਨੇ ਸਮਰੱਥ ਗੁਰੂ ਨੂੰ ਸ਼ਬਦਾਵਤਾਰ ਦੀ ਥਾਂ ਜਾਗਣ ਤੇ ਸੌਣ ਵਾਲਾ ਇਕ ਅਪਾਹਜ ਬਣਾ ਕੇ ਰੱਖ ਦਿੱਤਾ ਹੈ, ਜਿਸ ਨੂੰ ਜਗਾਉਣ ਤੇ ਸੁਆਉਣ ਲਈ ਇਕ ਪੁਜਾਰੀ (ਗ੍ਰੰਥੀ) ਦੀ ਲੋੜ ਹੈ। ਸਿੱਖ ਆਪਣੇ ਗੁਰੂ ਨੂੰ ਸਿੱਧਿਆਂ ਨਹੀਂ ਮਿਲ ਸਕਦਾ। ਗ੍ਰੰਥੀ ਹੀ ਬਾਬੇ ਨੂੰ ਦੱਸੇਗਾ ਕਿ ਮਿਲਣ ਵਾਲਾ ਸਿੱਖ ਹੈ ਤੇ ਤੁਸੀਂ ਉਸ ਦੇ ਸਹਾਈ ਹੋਵੋ। ਠੀਕ ਉਸੇ ਤਰ੍ਹਾਂ, ਜਿਵੇਂ ਪੁਜਾਰੀ ਮੰਦਿਰਾਂ ਵਿਚ ਕਰਦੇ ਹਨ।
ਇਸ ਗ੍ਰੰਥੀਆਂ ਦੀ ਜਮਾਤ ਨੇ ਸਿੱਖਾਂ ਵਿਚ ‘ਸ਼ਬਦ’ ਦੀ ਸ਼ਕਤੀ ਨੂੰ ਖੁੰਡਾ ਕਰਨ ਲਈ ਸਮਰੱਥ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਉਸ ਦੀ ਸੁਰੱਖਿਆ ਲਈ ਸੰਕੇਤਕ ਤੌਰ ‘ਤੇ ਸ਼ਕਤੀ ਤੇ ਸੁਰਖਿਆ ਦੇ ਚਿੰਨ੍ਹ ਵਜੋਂ ਇਕ ਸ੍ਰੀ ਸਾਹਿਬ ਵੀ ਉਨ੍ਹਾਂ ਦੇ ਸਨਮੁੱਖ ਰੱਖ ਦਿੱਤੀ ਹੈ। ਸਿੱਖ ਧਰਮ ਦੀ ਜਨਰਲ ਕੰਟ੍ਰੈਕਟਰ ਐਸ਼ ਜੀ. ਪੀ. ਸੀ. ਬਣ ਗਈ ਹੈ। ਵੇਖੋ ਐਸ਼ ਜੀ. ਪੀ. ਸੀ. ਗੁਰੂ ਸਾਹਿਬ ਦਾ ਕਿੰਨਾ ਸਤਿਕਾਰ ਕਰਦੀ ਹੈ, ਦਿਖਾਵੇ ਲਈ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ‘ਤਖਤ ਚਵਰ ਦੇ ਮਾਲਿਕ, ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ, ਸ਼ਬਦਾਵਤਾਰ’ ਅਤੇ ਅਣਗਿਨਤ ਵਾਰ ਧੰਨ-ਧੰਨ ਕਿਹਾ ਜਾਂਦਾ ਹੈ ਤੇ ਅਨੇਕਾਂ ਹੋਰ ਲਕਬਾਂ ਨਾਲ ਵਡਿਆਇਆ ਜਾਂਦਾ ਹੈ। ਫਿਰ ਬੜੇ ਨਿਮਰ ਸ਼ਬਦਾਂ ਨਾਲ ਜੋਦੜੀਆਂ ਵੀ ਕੀਤੀਆਂ ਜਾਂਦੀਆਂ ਹਨ, ਪਰ ਕੀ ਐਸ਼ ਜੀ. ਪੀ. ਸੀ. ਦੇ ਕਿਰਦਾਰ ਅਤੇ ਕੰਮਾਂ ਵਿਚ ਕਦੇ ਗੁਰੂ ਸਾਹਿਬ ਦੀ ਵਡਿਆਈ ਤੇ ਸਮਰੱਥਾਵਾਂ ਝਲਕਦੀਆਂ ਹਨ? ਐਸ਼ ਜੀ. ਪੀ. ਸੀ. ਗੁਰੂ ‘ਤੇ ਪੂਰਨ ਮਾਲਕਾਨੇ ਲਈ ਅਦਾਲਤਾਂ ਵਿਚ ਜਾਂਦੀ ਹੈ ਅਤੇ ਮਾਲਕਾਨੇ ਦੀ ਸਰਕਾਰੀ ਡਿਗਰੀ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਆਮ ਸਿੱਖ ਨਾਲੋਂ ਤੋੜ ਕੇ ਪੂਰਨ ਤੌਰ ‘ਤੇ ਆਪਣੀ ਅਥਾਰਟੀ ਵਿਚ ਲੈ ਲੈਂਦੀ ਹੈ! ਸੜਦੀ, ਬਲਦੀ ਤੇ ਕੁਰਲਾਉਂਦੀ ਮਨੁੱਖਤਾ ਦੇ ਉਭਰਨ ਅਤੇ ਸਦੀਵੀ ਬਣਾਉਣ ਵਾਲਾ ਗ੍ਰੰਥ ਹੁਣ ਆਮ ਮਨੁੱਖ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਗਿਆ ਹੈ।
ਐਸ਼ ਜੀ. ਪੀ. ਸੀ. ਦੀ ਹਕੀਕਤ ਅਤੇ ਉਸ ਦੀਆਂ ਸੰਦੇਹ ਨਾਲ ਭਰਪੂਰ ਕਾਰਗੁਜ਼ਾਰੀਆਂ ਤੋਂ ਤਾਂ ਸਾਰਾ ਸਿੱਖ ਜਗਤ ਵਾਕਿਫ ਹੀ ਹੈ। ਅੰਦਰ ਕੀ ਹੁੰਦਾ ਹੈ? ਬਾਹਰ ਦੱਸਿਆ ਕੀ ਜਾਂਦਾ ਹੈ? ਅਕਾਲ ਤਖਤ ਸਾਹਿਬ ਦੀ ਰਾਜਨੀਤਿਕ ਤੇ ਨਿੱਜੀ ਪੱਧਰ ‘ਤੇ ਕਿਵੇਂ ਅਤੇ ਕਿਸ ਪੱਧਰ ਤਕ ਵਰਤੋਂ ਕੀਤੀ ਹੈ, ਇਹ ਵੀ ਜੱਗ ਜਾਹਰ ਹੈ। ਐਸ਼ ਜੀ. ਪੀ. ਸੀ. ਦੀਆਂ ਸਿੱਖਾਂ ਪ੍ਰਤੀ ਦੁਰਨੀਤੀਆਂ ਤੇ ਮੰਦ ਭਾਵਨਾਵਾਂ ਦੀਆਂ ਹੀ ਉਪਜ ਹਨ, ਇਹ ਅਖੌਤੀ ‘ਸਤਿਕਾਰ ਕਮੇਟੀਆਂ।’ ਸਭ ਤੋਂ ਪਹਿਲਾਂ ਨਾਮ ਜੋ ਸੁਣਿਆ, ਉਹ ਸੁਖਜੀਤ ਸਿੰਘ ਖੋਸਾ ਸੀ, ਹੁਣ ਬਲਬੀਰ ਸਿੰਘ ਮੁੱਛਲ ਦੀ ਸਤਿਕਾਰ ਕਮੇਟੀ ਖੋਸੇ ਦੀ ਸਤਿਕਾਰ ਕਮੇਟੀ ਤੋਂ ਵੀ ਵੱਧ ਸਰਗਰਮ ਹੈ। ਕਿਸ ਨੇ ਦਿੱਤਾ ਹੈ ਇਨ੍ਹਾਂ ਨੂੰ ਸਿੱਖਾਂ ਅਤੇ ਉਨ੍ਹਾਂ ਦੇ ਇਸ਼ਟ (ਗੁਰੂ ਗ੍ਰੰਥ ਸਾਹਿਬ) ਵਿਚਾਲੇ ਆਉਣ ਦਾ ਹੱਕ?
ਜਦੋਂ ਸਤਿਕਾਰ ਕਮੇਟੀ ਦੀਆਂ ਉਪਰੋਕਤ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਬਿਆਨ ਵਿਚ ਅਜਿਹੀਆਂ ਘਟਨਾਵਾਂ ਦੀ ਨਿੰਦਿਆਂ ਕੀਤੀ ਤੇ ਕਿਹਾ ਕਿ ਸਤਿਕਾਰ ਕਮੇਟੀਆਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਦਾ ਹੱਕ ਨਹੀਂ। ਅਕਾਲ ਤਖਤ ਸਾਹਿਬ ਦੀ ਅਥਾਰਟੀ ਅਤੇ ਮਾਣ-ਸਨਮਾਨ ਕਿੰਨਾ ਹੈ ਇਨ੍ਹਾਂ ਕਮੇਟੀਆਂ ਦੀ ਨਜ਼ਰ ਵਿਚ, ਵੇਖੋ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਦੇ ਫੌਰਨ ਬਾਅਦ ਬਿਨਾ ਸੱਦੇ ਦੇ ਹੀ ਦੋਵੇਂ ਸਤਿਕਾਰ ਕਮੇਟੀਆਂ ਦੇ ਮੁਖੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅਕਾਲ ਤਖਤ ਸਾਹਿਬ ਪੁੱਜ ਜਾਂਦੇ ਹਨ। ਜਥੇਦਾਰ ਹਰਪ੍ਰੀਤ ਸਿੰਘ ਤਾਂ ਨਹੀਂ ਮਿਲੇ, ਪਰ ਉੱਥੇ ਮੌਜੂਦ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਸੁਖਜੀਤ ਸਿੰਘ ਖੋਸਾ ਅਤੇ ਫਿਰ ਬਲਬੀਰ ਸਿੰਘ ਮੁੱਛਲ-ਦੋਹਾਂ ਨੇ ਕਿਹਾ ਕਿ ਉਹ ਤਾਂ 2001 ਵਿਚ ਉਸ ਵੇਲੇ ਦੇ ਜਥੇਦਾਰ ਰਣਜੀਤ ਸਿੰਘ ਦੇ ਹੁਕਮਨਾਮੇ ਦੀ ਪਾਲਣਾ ਕਰ ਰਹੇ ਹਨ ਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ? ਐਸ਼ ਜੀ. ਪੀ. ਸੀ. ਦੀਆਂ ਬਦਨੀਤੀਆਂ ਅਤੇ ਬਦਇੰਤਜਾਮੀਆਂ ਦਾ ਵੱਡਾ ਰੋਲ ਹੈ, ਸਿੱਖਾਂ ਅਤੇ ਸਿੱਖ ਧਰਮ ਵਿਚ ਆ ਰਹੇ ਨਿਘਾਰ ਵਿਚ!
ਅਕਾਲੀਆਂ, ਅਕਾਲੀ ਦਲ ਅਤੇ ਐਸ਼ ਜੀ. ਪੀ. ਸੀ. ਨੇ ਸਿੱਖ ਧਰਮ ਅਤੇ ਸਿੱਖ ਹੋਣ ਦੀਆਂ ਸ਼ਾਨਾਂ ਮੱਤੀਆਂ ਪਰੰਪਰਾਵਾਂ ਤੇ ਗੌਰਵ ਨੂੰ ਘੱਟੇ ਵਿਚ ਰੋਲ ਕੇ ਰੱਖ ਦਿੱਤਾ ਹੈ। ਐਸ਼ ਜੀ. ਪੀ. ਸੀ. ਦੀਆਂ ਢੁੱਲ-ਮੁੱਲ ਨੀਤੀਆਂ ਤੇ ਅਕਾਲੀਆਂ ਦੀਆਂ ਵੋਟਾਂ ਪ੍ਰਤੀ ਲਿਲ੍ਹਕੜੀਆਂ ਕੱਢਣ ਵਾਲੇ ਕਿਰਦਾਰ ਨੇ ਡੇਰਾਵਾਦ ਦੀ ਅਜਿਹੀ ਪੁਸ਼ਤਪਨਾਹੀ ਕੀਤੀ ਕਿ ਸਿੱਖ ਧਰਮ ਦੀ ਰੰਗਤ ਹੌਲੀ-ਹੌਲੀ ਫਿੱਕੀ ਪੈਣ ਲੱਗ ਪਈ ਤੇ ਵੱਖ-ਵੱਖ ਡੇਰਿਆਂ ਦੀ ਰੰਗਤ ਮੁਖਰ ਹੁੰਦੀ ਜਾ ਰਹੀ ਹੈ। ਸਾਰੇ ਹੀ ਡੇਰੇ ਧਰਮ ਦੇ ਨਾਂ ‘ਤੇ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਦੇ ਮਾਲਕ ਬਣੇ ਬੈਠੇ ਹਨ। ਪ੍ਰਾਈਵੇਟ ਕੰਪਨੀਆਂ ਵਾਂਗ ਇਨ੍ਹਾਂ ਡੇਰਿਆਂ ਦੇ ਅੰਤਰਦੇਸੀ ਤੇ ਕੌਮਾਂਤਰੀ ਪੱਧਰ ‘ਤੇ ਬ੍ਰਾਂਚਾਂ ਹਨ। ਕਬੂਤਰਬਾਜੀ ਦੇ ਦੋਸ਼ ਵੀ ਇਨ੍ਹਾਂ ‘ਤੇ ਲੱਗੇ ਹਨ। ਸਾਰੇ ਹੀ ਡੇਰਿਆਂ ਦੀ ਅੰਦਰੂਨੀ ਤੇ ਨਿੱਜੀ ਮਰਿਆਦਾਵਾਂ ਹਨ। ਇਹ ਸਾਰੇ ਹੀ ਡੇਰੇ ਸਿੱਖਾਂ ਨੂੰ ਅਕਾਲ ਪੁਰਖ ਨਾਲੋਂ ਤੋੜ ਕੇ ਦੇਹਧਾਰੀ ਬਾਬਿਆਂ ਵੱਲ ਨੂੰ ਪ੍ਰੇਰ ਰਹੇ ਹਨ। ਬਾਬਿਆਂ ਦੇ ਡੇਰਿਆਂ ‘ਤੇ ਜਥੇਦਾਰਾਂ ਵੱਲੋਂ ਲਿਫਾਫੇ ਲੈਣ ਜਾਣਾ ਤੇ ਅਕਾਲੀਆਂ/ਐਸ਼ ਜੀ. ਪੀ. ਸੀ. ਮੈਂਬਰਾਂ ਵੱਲੋਂ ਵੋਟਾਂ ਲਈ ਲਿਲ੍ਹਕੜੀਆਂ ਕੱਢਣ ਜਾਣ ਦੀਆਂ ਘਟਨਾਵਾਂ ਪੰਜਾਬ ਵਿਚ ਇਕ ਆਮ ਵਰਤਾਰਾ ਹੈ। ਅਜਿਹੀਆਂ ਘਟਨਾਵਾਂ ਡੇਰਿਆ ਦੇ ਪ੍ਰਚਾਰ ਤੇ ਪਸਾਰੇ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ।
ਨਿਘਾਰ ਇੱਥੇ ਹੀ ਨਹੀਂ ਰੁਕਿਆ। ਰਾਜਨੀਤੀ ਨੇ ਸਿੱਖ ਧਰਮ ਦੇ ਦੋਖੀਆਂ ਨੂੰ ਸਿੱਖ ਧਰਮ ਵਿਚ ਸਰਬ ਪੱਖੀ ਘੁਸਪੈਠ ਦੇ ਅਜਿਹੇ ਅਣਗਿਣਤ ਮੌਕੇ ਦਿੱਤੇ ਹਨ ਕਿ ਘੁਸਪੈਠੀਆਂ ਨੇ ਸਿੱਖ ਧਰਮ ਵਿਚ ਦਖਲਅੰਦਾਜ਼ੀ ਕੀਤੀ, ਸਿੱਖਾਂ ਨੂੰ ਆਪਸ ਵਿਚ ਹੀ ਭਿੜਾ ਦਿੱਤਾ। ਐਸ਼ ਜੀ. ਪੀ. ਸੀ. ਨੂੰ ਖੁਦ ਹੀ ਸਿੱਖ ਧਰਮ ਵਿਰੋਧੀ ਪੁਸਤਕਾਂ ਛਾਪਣ ਦਾ ਦੋਸ਼ੀ ਪਾਇਆ ਗਿਆ ਹੈ। ਰਾਜਨੀਤਿਕ ਲਾਲਸਾਵਾਂ ਦੀ ਪੂਰਤੀ ਲਈ ਸਿੱਖਾਂ ਵੱਲੋਂ ਗੁਰਬਾਣੀ ਨਾਲ ਛੇੜ-ਛਾੜ ਤੇ ਆਪਣੇ ਧਾਰਮਿਕ ਅਕੀਦੇ ਨਾਲ ਸਮਝੌਤੇ ਆਮ ਜਿਹੀਆਂ ਗੱਲਾਂ ਹੋ ਗਈਆਂ ਹਨ। ਕੋਈ ਵੀ ਕਿਸੇ ਨੂੰ ਹਟਕਾਰਨ ਵਾਲਾ ਕਿਰਦਾਰ ਨਹੀਂ ਰੱਖਦਾ, ਕਿਉਂਕਿ ਹਮਾਮ ਵਿਚ ਕੋਈ ਪੂਰਾ ਨੰਗਾ ਤੇ ਕੋਈ ਨੰਗੇ ਹੋਣ ਦੀ ਤਿਆਰੀ ਵਿਚ ਹੈ। ਮੌਜੂਦਾ ਦੌਰ ਦੇ ਸਿੱਖ ਧਰਮ ਵਿਚ ਪ੍ਰਫੁਲਿਤ ਹੋ ਰਹੀ ਅਸਹਿਨਸ਼ੀਲਤਾ, ਅਨੁਸ਼ਾਸਨਹੀਣਤਾ, ਬੇਲਗਾਮੀ, ਦੁਸ਼ਣਬਾਜ਼ੀਆਂ, ਆਪਸੀ ਭਾਈਚਾਰਕ ਅਣਹੋਂਦ ਸਾਡੇ ਨਿਘਾਰ ਵੱਲ ਜਾਣ ਦੀਆਂ ਨਿਸ਼ਾਨੀਆਂ ਹਨ, ਜੋ ਸਾਨੂੰ ਕਬੂਲਣੀਆਂ ਚਾਹੀਦੀਆਂ ਹਨ। ਜੇ ਅਸੀਂ ਆਮ ਸਿੱਖ ਖੁਦ ਨਾ ਜਾਗੇ ਤਾਂ ਫਿਰ ਸਾਨੂੰ ਅੰਤ ਵੱਲ ਨੂੰ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਜੇ ਆਮ ਸਿੱਖ ਜਾਗ ਪਵੇ ਤਾਂ ਉਹ ਗੁਰੂ ਨਾਨਕ ਦੇ ਪਦ ਚਿੰਨ੍ਹਾਂ ‘ਤੇ ਚੱਲਦਾ ਹੋਇਆ ਆਪਣੇ ਅਲੋਕਾਰੀ ਤੇ ਸੰਸਾਰ ਦੇ ਸਭ ਤੋਂ ਸ਼੍ਰੇਸ਼ਟ ਧਰਮ ਨੂੰ ਬਚਾ ਸਕਦਾ ਹੈ ਤੇ ਆਪਣੇ ਨਿੱਜੀ ਯਤਨਾਂ ਨਾਲ ਆਪਣੇ ਧਰਮ ਨੂੰ ਸਾਰੇ ਸੰਸਾਰ ਵਿਚ ਫੈਲਾ ਵੀ ਸਕਦਾ ਹੈ, ਬਿਨਾ ਕਿਸੇ ਜਥੇਦਾਰਾਂ, ਕਮੇਟੀ ਜਾਂ ਗ੍ਰੰਥੀਆਂ ਦੀ ਜਮਾਤ ਦੇ।
ਗੁਰੂ ਨਾਨਕ ਨੇ ਸਿੱਖ ਧਰਮ ਦੀ ਸਥਾਪਨਾ ਵੇਲੇ ਕਿਸੇ ਹਕੂਮਤ, ਕ੍ਰਿਸ਼ਮੇ ਜਾਂ ਕੋਈ ਦੈਵੀ ਸ਼ਕਤੀ ਦਾ ਆਸਰਾ ਨਹੀਂ ਲਿਆ, ਸਗੋਂ ਇੱਕਲਿਆਂ ਹੀ ‘ਜਿਨ ਸਚੁ ਪਲੈ ਹੋਇ’ ਦੇ ਸਿਧਾਂਤ ‘ਤੇ ਚੱਲਦਿਆਂ ਇੱਕ ਸੰਸਾਰ ਪੱਧਰ ਦਾ ਧਰਮ ਸਥਾਪਿਤ ਕੀਤਾ। ਹੇ ਸਿੱਖ! ਤੈਨੂੰ ਗੁਰੂ ਨਾਨਕ ਨੇ ਸਰਬ ਕਲਾ ਤੇ ਸਰਬ ਪੱਖੀ ਸਮਰੱਥ ਬਣਾਇਆ ਹੈ, ਉੱਠ ਖੜੋ ਅਤੇ ਆਪਣੇ ਤੇ ਆਪਣੇ ਪਿਆਰੇ ਸਿੱਖ ਧਰਮ ਦੁਆਲੇ ਫੈਲੇ ਭ੍ਰਿਸ਼ਟਾਚਾਰ, ਵਿਭਚਾਰ, ਤਮਾਮ ਬੁਰਾਈਆਂ ਤੇ ਗੰਦਗੀ ਨੂੰ ਉਨ੍ਹਾਂ ਦੇ ਮੂੰਹ ‘ਤੇ ਵਗਾਹ ਕੇ ਮਾਰ, ਜਿਨ੍ਹਾਂ ਨੇ ਤੇਰੀ ਅਤੇ ਤੇਰੇ ਧਰਮ ਦੀ ਅਜ਼ਮਤ ਨਾਲ ਖੇਡਨ ਦਾ ਯਤਨ ਕੀਤਾ ਹੈ!