ਗਿਆਨ ਗੋਸ਼ਟਿ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਾਇਨਾਤ ਦੀ ਕਾਇਆ ਤੋਂ ਅਵੇਸਲੀ ਹੋਈ ਮਨੁੱਖਤਾ ਨੂੰ ਝੰਜੋੜਦਿਆਂ ਕਿਹਾ ਸੀ, “ਕਾਇਨਾਤ ਬਹੁਤ ਕੁਝ ਕਹਿੰਦੀ, ਪਰ ਅਸੀਂ ਸੁਣਦੇ ਹੀ ਨਹੀਂ। ਬਹੁਤ ਸਾਰੇ ਸੰਕੇਤ ਦਿੰਦੀ, ਪਰ ਅਸੀਂ ਕਾਇਨਾਤ ਦੇ ਆਗੋਸ਼ ਵਿਚ ਜਾਣ ਤੋਂ ਕੰਨੀ ਕਤਰਾਉਂਦੇ।…ਕੁਦਰਤ ਤਾਂ ਹਰਦਮ ਤੁਹਾਡੇ ਅੰਗ-ਸੰਗ ਵੱਸਦੀ ਹੈ, ਸਿਰਫ ਲੋੜ ਹੈ ਕਿ ਅਸੀਂ ਇਸ ਨੂੰ ਮਹਿਸੂਸ ਕਰੀਏ, ਇਸ ਦੇ ਸਪਰਸ਼ ਵਿਚੋਂ ਆਪਣੀ ਸਾਹ-ਸੁਰੰਗੀ ਨੂੰ ਸਮਰਪਿਤ ਹੋਈਏ,

ਕਿਉਂਕਿ ਉਦੋਂ ਮਨੁੱਖ ਵਿਚੋਂ ਮਨੁੱਖ ਹੀ ਮਨਫੀ ਹੋ ਜਾਂਦਾ, ਜਦ ਉਹ ਅੰਦਰ ਵਸਦੀ-ਰਸਦੀ ਕਾਇਨਾਤ ਨੂੰ ਲਿਤਾੜਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਤਲਖ ਹਕੀਕਤ ਬਿਆਨ ਕੀਤੀ ਹੈ ਕਿ ਜ਼ਿੰਦਗੀ ਦੇ ਰੰਗਾਂ ਨੂੰ ਹੰਢਾਉਂਦਿਆਂ ਅਤੇ ਤ੍ਰਾਸਦੀਆਂ, ਤਕਲੀਫਾਂ ਤੇ ਤੰਗੀਆਂ ਤੁਰਸ਼ੀਆਂ ਨੂੰ ਪਿੰਡੇ ‘ਤੇ ਹੰਢਾ ਕੇ ਜੋ ਗਿਆਨ ਹਾਸਲ ਹੁੰਦਾ, ਉਹ ਵਰਕਿਆਂ ਵਿਚੋਂ ਨਹੀਂ ਮਿਲਦਾ। ਨਾਲ ਹੀ ਉਨ੍ਹਾਂ ਨਸੀਹਤ ਕੀਤੀ ਹੈ, “ਗਿਆਨ, ਜੋ ਕਿਸੇ ਦੇ ਤਜਰਬੇ ਤੋਂ ਮਿਲਦਾ ਹੋਵੇ ਅਤੇ ਉਹ ਤੁਹਾਡੇ ਲਈ ਸਾਰਥਕ ਸਿੱਧ ਹੁੰਦਾ ਹੋਵੇ ਜਾਂ ਇਸ ਨੂੰ ਆਪਣੀ ਤਰਜ਼ੀਹ ਬਣਾ ਸਕੋ ਤਾਂ ਇਸ ਨੂੰ ਗ੍ਰਹਿਣ ਕਰਨ ਵਿਚ ਕੋਈ ਹਰਜ਼ ਨਹੀਂ।…ਗਿਆਨ ਤਾਂ ਰਾਹਾਂ ਵਿਚ ਮਿਲੇ ਠੇਡਿਆਂ, ਮਾਪਿਆਂ ਦੀ ਘੂਰ, ਵੱਡਿਆਂ ਦਾ ਕੰਨ ਮਰੋੜਨਾ ਅਤੇ ਅਧਿਆਪਕਾਂ ਦੀਆਂ ਖਾਧੀਆਂ ਚਪੇੜਾਂ ਜਾਂ ਉਨ੍ਹਾਂ ਦੀ ਘੁਰਕੀ ਤੋਂ ਵੀ ਮਿਲਦਾ।” ਡਾ. ਭੰਡਾਲ ਕਹਿੰਦੇ ਹਨ, “ਗੁਰੂਆਂ ਦੀ ਸੱਚੀ ਅਗਵਾਈ ਵਿਚੋਂ ਹੀ ਸੁੱਚਾ ਗਿਆਨ ਮਿਲਦਾ, ਕਿਉਂਕਿ ਅੰਧ-ਗਿਆਨ ਮਨੁੱਖ ਨੂੰ ਸੀਮਤ ਦਾਇਰੇ ਵਿਚ ਕੈਦ ਕਰ, ਹਾਲਾਤ ਦੀ ਚਾਰ-ਦੀਵਾਰੀ ਦਾ ਕੈਦੀ ਵੀ ਬਣਾ ਦਿੰਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਗਿਆਨ, ਚੌਗਿਰਦੇ ਬਾਰੇ ਜਾਣਕਾਰੀ, ਸਮਾਜ ਦੀ ਸਮਝ, ਖੁਦ ਬਾਰੇ ਪਤਾ ਅਤੇ ਖੁਦ ‘ਚੋਂ ਖੁਦ ਨੂੰ ਪੜ੍ਹਨਾ, ਗੁੜ੍ਹਨਾ ਅਤੇ ਸਮਝਣਾ। ਗਿਆਨ, ਵਸਤਾਂ ਦਾ, ਵਰਤਾਰਿਆਂ ਦਾ, ਵਿਹਾਰ ਦਾ, ਵਿਲੱਖਣਤਾਵਾਂ ਦਾ ਅਤੇ ਵਿਸ਼ਵ-ਵਿਆਪੀ ਸਰੋਕਾਰਾਂ ਦਾ ਵਿਸਥਾਰ ਤੇ ਵਿਸ਼ਲੇਸ਼ਣ।
ਗਿਆਨ ਪੂਰਨ ਵੀ ਤੇ ਅਪੂਰਨ ਵੀ, ਪੂਰਾ ਵੀ ਤੇ ਅਧੂਰਾ ਵੀ, ਅੰਤਰੀਵੀ ਤੇ ਬਾਹਰੀ ਅਤੇ ਸੱਗਵਾਂ ਵੀ ਤੇ ਸੱਖਣਾ ਵੀ। ਗਿਆਨ ਸਿਆਣਪ, ਸਮਝ, ਸੁੱਘੜਤਾ, ਸੁਮੱਤ ਤੇ ਸਮਝਦਾਰੀ ਤੋਂ ਵੱਖਰਾ ਅਤੇ ਇਸ ਦੀ ਵਿਖੱਲਣਤਾ ਵਿਚੋਂ ਹੀ ਗਿਆਨ ਦੀ ਸੋਝੀ ਤੇ ਸਾਰਥਕਤਾ।
ਗਿਆਨ ਸਾਵਾਂ ਵੀ ਤੇ ਅਸਾਵਾਂ ਵੀ। ਬਾਹਰੋਂ ਵੀ ਮਿਲਦਾ ਤੇ ਅੰਦਰੋਂ ਵੀ, ਸੰਗਤ ਵਿਚੋਂ ਵੀ ਤੇ ਇਕੱਲ ਵਿਚੋਂ ਵੀ ਮਿਲਦਾ। ਕੁਤਾਹੀਆਂ, ਖੁਨਾਮੀਆਂ, ਕਮੀਆਂ, ਅਸਫਲਤਾਵਾਂ ਅਤੇ ਘਟਨਾਵਾਂ ਵੀ ਗਿਆਨ ਦਿੰਦੀਆਂ। ਜੀਵਨ ਵਿਚੋਂ ਮਿਲਦਾ ਧੋਖਾ, ਆਪਣਿਆਂ ਵਲੋਂ ਕੀਤਾ ਵਿਸਵਾਸ਼ਘਾਤ ਅਤੇ ਕਮੀਨਗੀ ਵੀ ਬਹੁਤ ਗਿਆਨ ਦਿੰਦੀ। ਗਿਆਨ ਤਾਂ ਰਾਹਾਂ ਵਿਚ ਮਿਲੇ ਠੇਡਿਆਂ, ਮਾਪਿਆਂ ਦੀ ਘੂਰ, ਵੱਡਿਆਂ ਦਾ ਕੰਨ ਮਰੋੜਨਾ ਅਤੇ ਅਧਿਆਪਕਾਂ ਦੀਆਂ ਖਾਧੀਆਂ ਚਪੇੜਾਂ ਜਾਂ ਉਨ੍ਹਾਂ ਦੀ ਘੁਰਕੀ ਤੋਂ ਵੀ ਮਿਲਦਾ।
ਗਿਆਨ ਕਦੇ ਬਾਹਰਲੀ ਦੁਨੀਆਂ ਤੋਂ ਵੀ ਮਿਲਦਾ। ਮਹਾਨ ਲੋਕਾਂ ਦੀਆਂ ਜੀਵਨੀਆਂ ਨੂੰ ਪੜ੍ਹ ਕੇ, ਇਤਿਹਾਸਕ ਘਟਨਾਵਾਂ ਨੂੰ ਸਮਝ ਕੇ ਅਤੇ ਇਸ ਦੀਆਂ ਤਹਿਆਂ ਫਰੋਲਦਿਆਂ ਵੀ ਮਿਲਦਾ। ਨਵੀਂ ਸਭਿਅਤਾ, ਕੌਮ, ਵਰਤਾਰੇ ਜਾਂ ਧਰਾਤਲ ‘ਤੇ ਵਿਚਰਦਿਆਂ ਵੀ ਬਹੁਤ ਕਿਸਮ ਦਾ ਗਿਆਨ ਮਿਲਦਾ, ਜੋ ਕਈ ਵਾਰ ਕਿਤਾਬਾਂ ਵਿਚੋਂ ਨਹੀਂ ਮਿਲਦਾ।
ਗਿਆਨ ਕਿਤਾਬਾਂ, ਕਹਾਣੀਆਂ ਤੇ ਕਲਾਸਿਕ ਸਾਹਿਤ ਵਿਚੋਂ ਅਤੇ ਇਤਿਹਾਸਕ ਤੇ ਮਿਥਿਹਾਸਕ ਗ੍ਰੰਥਾਂ ਵਿਚੋਂ ਵੀ ਮਿਲਦਾ। ਲੋੜ ਹੈ, ਗਿਆਨ-ਬੋਧ ਨੂੰ ਇਸ ਦੀ ਸੱਚੀ-ਸੁੱਚੀ ਰੂਹ ਰਾਹੀਂ ਪਛਾਣ ਅਤੇ ਸਮਝ ਕੇ, ਆਪਣੀ ਜੀਵਨ-ਜਾਚ ਵਿਚ ਉਤਾਰੋਗੇ ਤਾਂ ਗਿਆਨ, ਗੋਦੜੀ ਲਾਲ ਬਣ ਕੇ ਚਮਕੇਗਾ; ਪਰ ਅੰਧ-ਗਿਆਨ ਮਨੁੱਖ ਨੂੰ ਸੀਮਤ ਦਾਇਰੇ ਵਿਚ ਕੈਦ ਕਰ, ਹਾਲਾਤ ਦੀ ਚਾਰ-ਦੀਵਾਰੀ ਦਾ ਕੈਦੀ ਵੀ ਬਣਾ ਦਿੰਦਾ। ਗਿਆਨ ਦੀ ਸਦਉਪਯੋਗਤਾ ਤੇ ਸੁਘੜਤਾ ਵਿਚੋਂ ਸੋਚ ਦੇ ਦਿਸਹੱਦੇ ਫੈਲਣ ਤਾਂ ਗਿਆਨ ਦਾ ਮੁਖੜਾ ਸੰਦਲੀ ਭਾਅ ਮਾਰਦਾ। ਵਰਨਾ ਗਿਆਨ ਆਪਣੀ ਹੋਂਦ ‘ਤੇ ਝੂਰਨਾ ਜੋਗਾ ਹੀ ਰਹਿ ਜਾਂਦਾ।
ਗਿਆਨ ਸਿਰਫ ਕਿਤਾਬੀ ਪੜ੍ਹਾਈ ਵਿਚੋਂ ਹੀ ਨਹੀਂ ਮਿਲਦਾ, ਸਗੋਂ ਜ਼ਿੰਦਗੀ ਦੇ ਰੰਗਾਂ ਨੂੰ ਹੰਢਾਉਂਦਿਆਂ ਅਤੇ ਤ੍ਰਾਸਦੀਆਂ, ਤਕਲੀਫਾਂ ਤੇ ਤੰਗੀਆਂ ਤੁਰਸ਼ੀਆਂ ਨੂੰ ਪਿੰਡੇ ‘ਤੇ ਹੰਢਾ ਕੇ ਜੋ ਗਿਆਨ ਹਾਸਲ ਹੁੰਦਾ, ਉਹ ਵਰਕਿਆਂ ਵਿਚੋਂ ਨਹੀਂ ਮਿਲਦਾ। ਅਜਿਹਾ ਗਿਆਨ ਕਿਸੇ ਹੋਰ ਸਰੋਤ ਤੋਂ ਨਹੀਂ ਮਿਲਦਾ, ਪਰ ਇਹ ਬਹੁਤ ਮਹਿੰਗਾ ਗਿਆਨ। ਕਈ ਵਾਰ ਤਾਂ ਅਜਿਹੇ ਗਿਆਨ-ਪ੍ਰਾਪਤੀ ਲਈ ਸਿਰ ਧੜ ਦੀ ਬਾਜੀ ਵੀ ਲਾਉਣੀ ਪੈਂਦੀ।
ਗਿਆਨ, ਜੋ ਕਿਸੇ ਦੇ ਤਜਰਬੇ ਤੋਂ ਮਿਲਦਾ ਹੋਵੇ ਅਤੇ ਉਹ ਤੁਹਾਡੇ ਲਈ ਸਾਰਥਕ ਸਿੱਧ ਹੁੰਦਾ ਹੋਵੇ ਜਾਂ ਇਸ ਨੂੰ ਆਪਣੀ ਤਰਜ਼ੀਹ ਬਣਾ ਸਕੋ ਤਾਂ ਇਸ ਨੂੰ ਗ੍ਰਹਿਣ ਕਰਨ ਵਿਚ ਕੋਈ ਹਰਜ਼ ਨਹੀਂ।
ਅਰਧ-ਗਿਆਨ ਅਤੇ ਅੰਧ ਗਿਆਨ ਵਿਚ ਬਹੁਤ ਅੰਤਰ। ਇਕ ਦੁਪਹਿਰਾ ਤੇ ਦੂਜਾ ਢਲਦੀ ਸ਼ਾਮ, ਇਕ ਸਰਘੀ ਅਤੇ ਦੂਜਾ ਰਾਤ ਦਾ ਘੁਸਮੁਸਾ। ਹਮੇਸ਼ਾ ਚੜ੍ਹਦੇ ਵੱਲ ਮੁੱਖ ਰੱਖਣ ਦਾ ਗਿਆਨ ਮਨ ਵਿਚ ਤਰੰਗਾਂ ਛੇੜਦਾ ਰਹੇ ਤਾਂ ਗਿਆਨ ਨੂੰ ਖੁਦ ‘ਤੇ ਮਾਣ।
ਗਿਆਨ ਕਿਸੇ ਦਾ ਮੁਥਾਜ ਨਹੀਂ। ਇਹ ਤਾਂ ਵਿਅਕਤੀ ਦੀ ਗਿਆਨ-ਚਾਹਤ, ਸਮਰੱਥਾ, ਸਾਧਨਾ ਅਤੇ ਸਮਰਪਣ ‘ਤੇ ਨਿਰਭਰ। ਆਪਣੇ ਅਕੀਦੇ ਪ੍ਰਤੀ ਸਮਰਪਿਤ ਲੋਕ ਗਿਆਨ ਦੀਆਂ ਉਚਾਈਆਂ ਨੂੰ ਪ੍ਰਾਪਤ ਕਰਕੇ ਵੀ ਨਾਜ਼ ਨਹੀਂ ਕਰਦੇ, ਸਗੋਂ ਬਹੁਤ ਹੀ ਨਿਮਾਣੇ ਹੁੰਦੇ, ਜਦੋਂ ਕਿ ਕੁਝ ਲੋਕ ਖਾਲੀ ਭਾਂਡੇ ਵਾਂਗ ਕੁਝ ਨਾ ਹੋਣ ‘ਤੇ ਵੀ ਬਹੁਤ ਕੁਝ ਹੋਣ ਦਾ ਭਰਮ ਪਾਲਦੇ। ਅਜਿਹੇ ਅਗਿਆਨੀ ਲੋਕ ਜਦ ਗਿਆਨੀ ਹੋਣ ਦਾ ਭਰਮ ਪਾਲਦੇ ਤਾਂ ਦੁਨੀਆਂ ਵਿਚ ਹੁੰਦਾ ਅੰਧਕਾਰ ਦਾ ਪਾਸਾਰਾ।
ਗਿਆਨ ਬਹੁਤ ਹੀ ਵਸੀਹ, ਨਹੀਂ ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ। ਅਥਾਹ ਨੇ ਇਸ ਦੇ ਦਿਸੱਹੱਦੇ, ਅਸੀਮ ਨੇ ਸ਼ਾਖਾਵਾਂ ਅਤੇ ਅਣਗਿਣਤ ਨੇ ਪਰਤ-ਦਰ-ਪਰਤਾਂ। ਇਕ ਨੂੰ ਫਰੋਲਦਿਆਂ ਹੀ ਉਮਰ ਬੀਤ ਜਾਂਦੀ। ਸਰਬ-ਗੁਣੀ ਕਹਿਲਾਉਣ ਵਾਲੇ ਲੋਕ ਇਕ ਮਖੌਟਾ, ਜੋ ਬਹੁਤ ਜਲਦੀ ਹੀ ਲੱਥ ਜਾਂਦਾ, ਜਦ ਇਕ ਹੀ ਪਰਤ ਵਿਚੋਂ ਉਗੇ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਅਹੁੜਦਾ।
ਗਿਆਨ ਉਹ ਪ੍ਰਾਪਤ ਕਰਦੇ, ਜੋ ਨਿਮਾਣੇ ਤੇ ਅਗਿਆਕਾਰ ਹੋ ਕੇ ਗੁਰੂਆਂ ਦੀ ਚਰਨ-ਧੂੜ ਨੂੰ ਮਸਤਕ ਦਾ ਧੰਨਭਾਗ ਸਮਝਦੇ। ਜਿਨ੍ਹਾਂ ਦੇ ਮਨਾਂ ਵਿਚ ਗਿਆਨ ਨੂੰ ਗ੍ਰਹਿਣ ਕਰਨ ਦੀ ਜਗਿਆਸਾ ਹੁੰਦੀ, ਲੋਚਾ ਹੁੰਦੀ ਜਾਗਣ ਦੀ, ਸੁਚੇਤ ਹੋਣ ਦੀ, ਚਿੰਤਨ ਕਰਨ ਅਤੇ ਸੁਚੇਤਨਾ ਵੰਨੀਂ ਸਫਰ ਕਰਨ ਦੀ।
ਸੱਚਾ ਗਿਆਨ ਨਹੀਂ ਰਹਿਣ ਦਿੰਦਾ ਹੰਕਾਰ, ਗਾਇਬ ਹੋ ਜਾਦੀ ਹੈਂਕੜ, ਅਲੋਪ ਹੋ ਜਾਂਦਾ ਲਾਲਚਪੁਣਾ ਅਤੇ ਕਾਫੂਰ ਹੋ ਜਾਂਦੀ ਕਮੀਨਗੀ। ਕੁਤਾਹੀਆਂ ਤੇ ਕਮੀਆਂ ਨੂੰ ਸਮਝਣ ਅਤੇ ਇਨ੍ਹਾਂ ਨੂੰ ਮਿਟਾਉਣ ਦੀ ਤੀਬਰਤਾ ਪੈਦਾ ਹੁੰਦੀ।
ਗਿਆਨਵਾਨ ਲੋਕਾਂ ਨੂੰ ਬਾਹਰੀ ਸੋਝੀ ਦੇ ਨਾਲ-ਨਾਲ ਖੁਦ ਦਾ ਗਿਆਨ ਵੀ ਹੁੰਦਾ। ਮਨੁੱਖੀ ਔਕਾਤ, ਅਸਤਿਤਵ ਅਤੇ ਨਿਗੁਣੇਪਣ ਨੂੰ ਸਮਝਣ ਦੀ ਸ਼ਕਤੀ। ਜਦ ਕੋਈ ਖੁਦ ਨੂੰ ਜਾਣਦਾ ਤਾਂ ਪੈਦਾ ਹੁੰਦੀ ਹਲੀਮੀ, ਨਿਮਰਤਾ, ਕੋਮਲਤਾ, ਸੁਹਜਤਾ, ਸਹਿਜਤਾ ਅਤੇ ਸੰਤੋਖੀਪੁਣਾ। ਹੁੰਦੀਆਂ ਨੇ ਸੀਮਤ ਲੋੜਾਂ, ਸੀਮਤ ਸਾਧਨਾਂ ਵਿਚੋਂ ਹੀ ਭਾਲ ਲੈਂਦੇ ਜੀਵਨ-ਪ੍ਰਸੰਨਤਾ। ਮਨ ਦੀ ਸਕੂਨਤਾ ਤੇ ਸੁਖਨ ਸਭ ਤੋਂ ਵੱਡਾ ਹਾਸਲ। ਦੁਨਿਆਵੀ ਬਹੁਲਤਾ ਦੇ ਕੋਈ ਅਰਥ ਨਹੀਂ ਹੁੰਦੇ। ਕੇਹਾ ਸੀ ਨਾਨਕ ਸ਼ਾਹ ਫਕੀਰ, ਜੋ ਮੋਢੇ ਬਗਲੀ ਪਾ ਕੇ ਗਿਆਨ ਦਾ ਹੋਕਾ ਦਿੰਦਾ, ਅੰਧੇਰੇ ਰਾਹਾਂ ਵਿਚ ਜੀਵਨ-ਜੋਤ ਜਗਾਉਂਦਾ, ਮਨੁੱਖੀ ਮਾਨਤਾਵਾਂ ਵਿਚ ਜੀਵਨ ਦੀ ਸਮੁੱਚਤਾ ਰੁਸ਼ਨਾਉਂਦਾ, ਉਸਾਰੂ ਤੇ ਸੁਚਾਰੂ ਪੱਖ ਵਡਿਆਉਂਦਾ ਅਤੇ ਭਰਮ-ਭੁਲੇਖੇ ਮਿਟਾਉਂਦਾ, ਇਕ ਅਜਿਹੀ ਜੋਤ ਜਗਾ ਗਿਆ, ਜੋ ਅੱਜ ਵੀ ਚਾਨਣ ਵੰਡੇਂਦੀ ਏ। ਅਜੋਕੇ ਮਨੁੱਖ ਲਈ ਨਾਨਕ-ਸੋਚ ਦੀ ਕਿਰਨ ਅੰਦਰ ਧਰਨ ਜਾਂ ਸੋਚ-ਕਿਣਕਾ ਹੀ ਹਾਸਲ ਕਰਨ ਅਤੇ ਉਨ੍ਹਾਂ ਰਾਹਾਂ ‘ਤੇ ਤੁਰਨ ਦੇ ਜੇਰਾ ਕਰਨਾ ਹੀ ਨਾਨਕ-ਗੋਸ਼ਟਿ ਨੂੰ ਸੱਚੀ ਨਤਮਸਤਕਤਾ ਹੋਵੇਗੀ।
ਗਿਆਨ ਸਮਾਜਕ, ਰਾਜਨੀਤਕ, ਆਰਥਕ, ਮਾਨਸਿਕ, ਧਾਰਮਿਕ, ਵਿਗਿਆਨਕ ਸਮੇਤ ਬਹੁਤ ਸਾਰੇ ਰੂਪਾਂ ਵਿਚ ਵਿਕਸਿਤ ਤੇ ਹਾਜਰ। ਸਮੇਂ ਨਾਲ ਬਹੁਤ ਸਾਰੀਆਂ ਉਪ-ਸ਼ਾਖਾਵਾਂ ਵੀ ਪੈਦਾ ਹੋ ਰਹੀਆਂ, ਕਿਉਂਕਿ ਖੋਜੀ ਮਨ ਇਕ ਪ੍ਰਸ਼ਨ ਨੂੰ ਸੁਲਝਾਉਂਦਾ ਤਾਂ ਮਨ ਵਿਚ ਬਹੁਤ ਸਾਰੀਆਂ ਪਰਤਾਂ ਥੀਂ ਝਾਕਦਾ। ਇਸ ਨਾਲ ਗਿਆਨ ਦੀਆਂ ਹੋਰ ਧਾਰਾਵਾਂ ਪੈਦਾ ਹੁੰਦੀਆਂ। ਸੀਮਤ ਗਿਆਨ ਦੀਆਂ ਬੰਦਿਸ਼ਾਂ ਵਿਚ ਅਜੋਕਾ ਜੀਵਨ ਨਹੀਂ ਜੀਵਿਆ ਜਾ ਸਕਦਾ। ਸਾਰੀਆਂ ਧਾਰਾਵਾਂ ਦੀ ਭਰਪੂਰ ਜਾਣਕਾਰੀ ਭਾਵੇਂ ਨਾ ਹੋਵੇ, ਪਰ ਮੁਢਲੀ ਜਾਣਕਾਰੀ ਹੋਣੀ ਬਹੁਤ ਜਰੂਰੀ। ਦੁਨੀਆਂ ਵਿਚ ਕੀ ਹੋ ਰਿਹਾ? ਕਿਉਂ ਹੋ ਰਿਹਾ? ਕੀ ਹਨ ਮੌਜੂਦਾ ਪ੍ਰਭਾਵ? ਭਵਿੱਖ ਵਿਚ ਕੀ ਹੋਣਗੇ? ਜੀਵਨ ‘ਤੇ ਕੀ ਅਸਰ ਪਵੇਗਾ? ਜੀਵਨ ਨੂੰ ਨਵੀਂ ਨਕੋਰ ਸੇਧ ਦੇਣ ਲਈ ਕਿਹੜੇ ਕਦਮ ਉਠਾਉਣ ਦੀ ਲੋੜ ਏ? ਕਿਹੜੇ ਸਰੋਤ ਲੋੜੀਂਦੇ? ਕਿਹੜੇ ਸਾਧਨਾਂ ਨਾਲ ਜੀਵਨ ਹੋਰ ਅਰਥ ਭਰਪੂਰ ਹੋਵੇਗਾ? ਅਨੇਕਾਂ ਸੋਚਾਂ ਮਨ ਵਿਚ ਪੈਦਾ ਹੋਣੀਆਂ ਚਾਹੀਦੀਆਂ।
ਗਿਆਨ ਆਪਣੇ ਤੀਕ ਹੀ ਸੀਮਤ ਨਾ ਰੱਖੋ, ਗਿਆਨ ਵੰਡੋ। ਇਕ ਦੀਵਾ ਜਦ ਹੋਰ ਦੀਵਿਆਂ ਨੂੰ ਡੰਗਦਾ ਤਾਂ ਇਸ ਦੀ ਰੋਸ਼ਨੀ ਘਟਦੀ ਨਹੀਂ, ਸਗੋਂ ਹੋਰ ਦੀਵੇ ਜਗ ਕੇ ਚਾਨਣ ਕਈ ਗੁਣਾ ਵਧਾ ਦਿੰਦੇ। ਦੀਵੇ ਦਾ ਧਰਮ ਚਾਰੇ ਪਾਸੇ ਚਾਨਣ ਵੰਡਣਾ, ਨਾ ਕਿ ਇਸ ਨੂੰ ਕਿਸੇ ਚਾਰ-ਦੀਵਾਰੀ ਦਾ ਕੈਦੀ ਬਣਾਉਣਾ। ਗਿਆਨੀ ਲੋਕ ਉਹ ਹੁੰਦੇ, ਜੋ ਸੱਚੇ ਗਿਆਨ ਨੂੰ ਸ਼ੁੱਧ ਰੂਪ ਵਿਚ ਉਨ੍ਹਾਂ ਮੱਥਿਆਂ ਵਿਚ ਧਰਦੇ, ਜੋ ਗਿਆਨ-ਹੀਣ ਹੋਣ ਕਾਰਨ ਚਾਨਣ-ਭਰੀਆਂ ਰਾਹਾਂ ਤੋਂ ਅਣਜਾਣ ਹੁੰਦੇ। ਚਾਨਣ ਦੀ ਸੂਝ ਦੇਣ ਲਈ ਚਾਨਣ ਦੀ ਸੱਦ ਲਾਉਣਾ ਜਰੂਰੀ। ਇਹ ਹੀ ਕਰਮੀ ਲੋਕਾਂ ਦਾ ਪਰਮ-ਧਰਮ।
ਗਿਆਨ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ। ਇਕ ਕੌਮ ਤੋਂ ਦੂਸਜ ਕੌਮ ਅਤੇ ਇਕ ਯੁੱਗ ਤੋਂ ਦੂਜੇ ਯੁੱਗ ਤੀਕ ਨਿਰੰਤਰ ਸਫਰ ਕਰਦਾ। ਭਾਵੇਂ ਇਹ ਮੌਖਿਕ ਹੋਵੇ, ਲਿਖਤੀ ਹੋਵੇ ਪੱਤਲਾਂ ‘ਤੇ ਹੋਵੇ, ਪੱਥਰਾਂ ‘ਤੇ, ਸ਼ਿਲਾਲੇਖਾਂ ‘ਤੇ ਜਾਂ ਚੇਲਿਆਂ, ਸ਼ਰਧਾਲੂਆਂ ਜਾਂ ਵਿਦਿਆਰਥੀਆਂ ਵਲੋਂ ਗੁਰੂ ਦੇ ਗਿਆਨ ਨੂੰ ਅੱਗੇ ਤੋਰਨਾ ਹੋਵੇ। ਗਿਆਨ ਗ੍ਰੰਥਾਂ ਰਾਹੀਂ ਮਿਲਦਾ, ਜੋ ਸੋਧਤ ਹੋ ਕੇ ਅਗਲੀ ਪੀੜ੍ਹੀ ਤੱਕ ਪਹੁੰਚਦਾ।
ਗਿਆਨ, ਗਹਿਰ-ਗੰਭੀਰਤਾ, ਗੂੜ੍ਹ-ਮੱਤ ਅਤੇ ਗਹਿਰੇ ਚਿੰਤਨ ਵਿਚੋਂ ਉਪਜਦਾ। ਵਕਤੀ, ਸਤਹੀ ਜਾਂ ਓਪਰਾ ਗਿਆਨ ਸਿਰਫ ਪੇਤਲੀ ਜਾਣਕਾਰੀ।
ਗੁਰਬਾਣੀ ਦਾ ਫੁਰਮਾਨ ਹੈ, ‘ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥’ ਯਾਨਿ ਗਿਆਨ ਹੀ ਮਨੁੱਖੀ ਸ਼ਖਸੀਅਤ ਨੂੰ ਉਸਾਰਨ ਤੇ ਵਿਕਸਿਤ ਕਰਨ ਲਈ ਅਹਿਮ। ਮਨ ਦੀਆਂ ਮੁਹਾਰਾਂ ਮੋੜਦਾ। ਗੁਰੂਆਂ ਦੀ ਸੱਚੀ ਅਗਵਾਈ ਵਿਚੋਂ ਹੀ ਸੁੱਚਾ ਗਿਆਨ ਮਿਲਦਾ।
ਗਿਆਨ ਮੁੱਲ ਨਹੀਂ ਮਿਲਦਾ। ਸੌਦੇਬਾਜ਼ੀ ਨਹੀਂ ਹੁੰਦੀ। ਵਿਕਾਊ ਗਿਆਨ, ਚਲਾਵਾਂ। ਸਥਿਰ ਤੇ ਸ਼ੁੱਧ ਗਿਆਨ ਲਈ ਗਿਆਨ ਪ੍ਰਾਪਤ ਕਰਨ ਵਾਲੇ ਦਾ ਮਨ ਵੀ ਪਾਕੀਜ਼ ਹੋਣਾ ਚਾਹੀਦਾ। ਪਾਕ ਮਨ ਵਿਚ ਵੀ ਸ਼ਫਾਫ ਗਿਆਨ ਵਾਸ ਕਰਦਾ। ਕਾਲਖੀ ਮਨ ਵਿਚ ਗਿਆਨ ਕਿਵੇਂ ਠਾਹਰ ਬਣਾਵੇ?
ਗਿਆਨ ਨਾਲ ਮਨ ਦੇ ਭਰਮ-ਭੁਲੇਖਿਆਂ ਤੋਂ ਖਲਾਸੀ, ਕੂੜ-ਕਪਟ ਤੋਂ ਦੂਰੀ, ਖੁਦ ਵੰਨੀਂ ਨੇੜਤਾ, ਹਨੇਰੀਆਂ ਜੂਹਾਂ ਵਿਚ ਰੋਸ਼ਨੀ ਦਾ ਛਿੜਕਾਅ, ਮਨ ਵਿਚ ਨਵੇਲੀਆਂ ਰਾਹਾਂ ਸਿਰਜਣ ਦਾ ਚਾਅ ਅਤੇ ਮੰਜ਼ਿਲ-ਪ੍ਰਾਪਤੀ ਦਾ ਉਮਾਹ।
ਗਿਆਨ-ਗੋਸ਼ਟਿ, ਸੰਵਾਦ ਦੀ ਮਹਾਨ ਪਰੰਪਰਾ, ਜਿਸ ਨਾਲ ਫਰੋਲੀਆਂ ਜਾਂਦੀਆਂ ਅੰਧਕਾਰ ਦੀਆਂ ਪਰਤਾਂ। ਸਿਰਜੇ ਜਾਂਦੇ ਰੂਹਾਂ ਦੇ ਰਿਸ਼ਤੇ, ਵਧਦਾ ਮੋਹ-ਮੁਹੱਬਤ ਅਤੇ ਮਾਨਸਿਕ ਗੁੰਝਲਾਂ ਦੇ ਖੁੱਲ੍ਹਦੇ ਕਪਾਟ, ਸਮਾਜਕ ਤਰੇੜਾਂ ਦੀ ਭਰਪਾਈ, ਧਾਰਮਿਕ ਵਖਰੇਵਿਆਂ ਦੀ ਸਿਮਟਦੀ ਦੂਰੀ, ਜਾਤ-ਪਾਤ ਦੀ ਗਾੜ੍ਹੀ ਧੁੰਦ ਵਿਚ ਚਾਨਣ-ਲਿਸ਼ਕੋਰ ਅਤੇ ਆਰਥਕ ਵੰਡੀਆਂ ਵਿਚ ਸਮਾਨਤਾ ਦੀ ਲੋਰ।
ਗਿਆਨ-ਗੋਸ਼ਟਿ ਦਾ ਹੀ ਕਮਾਲ ਸੀ ਕਿ ਸਿੱਧ-ਜੋਗੀਆਂ ਨੂੰ ਗ੍ਰਹਿਸਥੀ ਜ਼ਿੰਦਗੀ ਦੀ ਉਚਮਤਾ ਦਾ ਅਹਿਸਾਸ ਹੋਇਆ, ਗੰਗਾ ਦੇ ਕੰਢੇ ਫੋਕੇ ਵਹਿਮਾਂ ਦਾ ਭਾਂਡਾ ਫੁੱਟਾ ਅਤੇ ਕਾਜ਼ੀਆਂ ਨੂੰ ਖੁਦਾ ਦੀ ਹਰ ਦਿਸ਼ਾ ਵਿਚ ਹਾਜ਼ਰੀ ਦਾ ਅਹਿਸਾਸ ਹੋਇਆ।
ਗਿਆਨ ਦਾ ਦੀਪਕ ਜਦ ਮੱਥੇ ਵਿਚ ਜਗਦਾ ਤਾਂ ਨਿਤਾਣੇ ਨੂੰ ਵੀ ਆਪਣੇ ਹੱਕਾਂ, ਲੋੜਾਂ, ਥੋੜ੍ਹਾਂ ਪ੍ਰਤੀ ਚੇਤਨਾ ਪੈਦਾ ਹੁੰਦੀ ਅਤੇ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੁੰਦੀ। ਹਰ ਯੁੱਗ ਵਿਚ ਕੁਝ ਲੋਕ ਅਜਿਹੇ ਹੁੰਦੇ, ਜੋ ਵਿਲੱਖਣ ਸੋਚ ਅਤੇ ਗਿਆਨ-ਮਸ਼ਾਲ ਲੈ, ਸੰਸਾਰ-ਸਟੇਜ ‘ਤੇ ਹਾਜ਼ਰ ਹੁੰਦੇ। ਨਵੇਂ ਯੁੱਗ ਦਾ ਆਗਾਜ਼ ਕਰਦੇ। ਨਵੀਂ ਸੋਚ ਦਾ ਫੈਲਾਅ। ਨਵੇਂ ਅਕੀਦਿਆਂ, ਸੁਪਨਿਆਂ, ਤਰਜ਼ੀਹਾਂ, ਤਕਦੀਰਾਂ ਅਤੇ ਤਮੰਨਾਵਾਂ ਦੀ ਤਰਜ਼ਮਾਨੀ ਕਰਦੇ। ਜਨਮਦੇ ਨਵੇਂ ਖਿਆਲ, ਖੁਆਬ ਅਤੇ ਖਾਹਿਸ਼ਾਂ।
ਗਿਆਨ ਜੀਵਨ ਦੇ ਹਰ ਪੜਾਅ ‘ਤੇ ਹੀ ਹਾਸਲ ਹੁੰਦਾ। ਨਿਰੰਤਰ ਪ੍ਰਕ੍ਰਿਆ। ਹਰ ਵੇਲੇ, ਹਰ ਮੋੜ, ਹਰ ਪਲ ਅਤੇ ਹਰ ਵਕਤ ਹੀ ਅਸੀਂ ਕੁਝ ਨਾ ਕੁਝ ਗਿਆਨ-ਰੂਪ ਵਿਚ ਪ੍ਰਾਪਤ ਕਰਦੇ। ਕਿਹੜਾ ਗਿਆਨ ਸੋਚ ਦਾ ਹਾਸਲ ਬਣਾਉਣਾ ਅਤੇ ਕਿਹੜੇ ਗਿਆਨ ਨੂੰ ਨਕਾਰਨਾ, ਮਨੁੱਖ ‘ਤੇ ਮੁਨੱਸਰ। ਕੁਝ ਗਿਆਨ ਵੰਡੀਆਂ ਪਾਉਂਦਾ, ਕੋਈ ਕੰਧਾਂ ਢਾਹੁੰਦਾ। ਕੋਈ ਪਾਉਂਦਾ ਖੂਨ-ਖਰਾਬੇ ਦੀ ਬਾਤ, ਪਰ ਕੁਝ ਮਨ-ਰੂਹਾਂ ਵਿਚ ਉਪਜਾਉਂਦਾ ਜੀਵਨ-ਝਾਤ। ਕੁਝ ਵਿਚ ਹੁੰਦੇ ਚੜ੍ਹਦੇ ਸਵੇਰਿਆਂ ਜਿਹੇ ਜਜ਼ਬਾਤ, ਕੁਝ ਵਿਚ ਹੁੰਦੀ ‘ਨੇਰਿਆਂ ਵਿਚ ਲਿਪਟੀ ਰਾਤ। ਕੁਝ ਗਿਆਨ ਏ, ਖੇਤ ਦੀ ਟਾਹਲੀ ‘ਤੇ ਲਟਕਦੀ ਲਾਸ਼, ਪਰ ਕੁਝ ਹੈ ਆੜ ਦੇ ਪਾਣੀਆਂ ਵਿਚ ਵੱਗਦੀ ਆਸ। ਕੁਝ ਗਿਆਨ ਖੁਦੀ ਦਾ ਵਿਕਾਸ, ਕੁਝ ਸਰਬੱਤ ਦੇ ਭਲੇ ਦੀ ਅਰਦਾਸ। ਕੁਝ ਗਿਆਨ ਚਾਨਣੀਆਂ ਰਾਤਾਂ ਦੀ ਹੂਕ, ਕੁਝ ਰੱਕੜਾਂ ਵਿਚ ਜਖ਼ਮੀ ਪਰਿੰਦੇ ਦੀ ਕੂਕ। ਕੁਝ ਹੁੰਦਾ, ਕੰਡਿਆਂ ਵਿਚ ਪੁੜੇ ਫੁੱਲਾਂ ਦੀ ਚੀਸ, ਕੁਝ ਏ ਫੁੱਲ ਬਣਨ ਦੀ ਰੀਸ। ਕੁਝ ਗਿਆਨ ਹੁੰਦਾ, ਚੌਗਿਰਦੇ ਵਿਚ ਉਗਿਆ ਸੁਹੱਪਣ ਦਾ ਸੁਹਜ, ਕੁਝ ਪੈਦਾ ਕਰਦਾ ਆਲੇ-ਦੁਆਲੇ ਵਿਚ ਕੁਹਜ। ਕੁਝ ਗਿਆਨ ਹੁੰਦਾ ਹਰਫਾਂ ਵਿਚ ਜਗ ਰਹੀ ਜੋਤ, ਕੁਝ ਤਾਂ ਗਿਆਨ ਦੇ ਮਰਸੀਏ ਵਿਚ ਓਤਪੋਤ। ਕੁਝ ਗਿਆਨ ਹੁੰਦਾ ਪੈਰਾਂ ਵਿਚ ਉਗਦੇ ਰਾਹਾਂ ਦਾ ਸਿਰਨਾਵਾਂ, ਕੁਝ ਗਿਆਨ ਦੀ ਖਾਈਆਂ ਵਿਚ ਗੁੰਮੀਆਂ ਜੀਵਨ-ਰਾਹਾਂ। ਕੁਝ ਗਿਆਨ-ਬੀਹੀ ਵਿਚ ਫੱਕਰਾਂ ਦਾ ਨਾਦ, ਕੁਝ ਆਪਣਿਆਂ ਦੀ ਗਲਵੱਕੜੀ ਦਾ ਵਿਸਮਾਦ। ਕੁਝ ਗਿਆਨ ਤਾਰਿਆਂ ਦੀ ਹਾਜ਼ਰੀ ਵਿਚ ਜ਼ਿੰਦਗੀ ਦਾ ਚਿਹਰਾ, ਕੁਝ ਕਾਲਖਾਂ ਦੇ ਸਾਥ ਵਿਚ ਪਸਰ ਰਿਹਾ ਹਨੇਰਾ। ਕੁਝ ਗਿਆਨ ਸਹਿਕਦੇ ਬੋਲਾਂ ਦੀ ਪਰਵਾਜ਼, ਕੁਝ ਗੁੰਮਸ਼ੁਦਗੀ ਹੰਢਾ ਰਹੀ ਚੁੱਪ ਦੀ ਅਵਾਜ਼। ਕੁਝ ਗਿਆਨ ਸਾਹਾਂ ਵਿਚ ਘੁੱਲ ਰਹੀਆਂ ਪੌਣ-ਸੁਗੰਧੀਆਂ, ਕੁਝ ਤਾਂ ਖੁਦ ਤੋਂ ਦੁਆਵਾਂ ਮੰਗੀਆਂ। ਕੁਝ ਗਿਆਨ ਭਟਕਣਾ ਨੂੰ ਠਹਿਰ ਜਾਣ ਦਾ ਸੰਕੇਤ, ਕੁਝ ਤਾਂ ਖੁਦ ਨੂੰ ਹੀ ਖੁਦ ‘ਚ ਲੈਂਦਾ ਲਪੇਟ।
ਗਿਆਨ-ਗੰਗਾ ਜਦ ਮਨ ਦੇ ਮਾਰੂਥਲਾਂ ਵਿਚ ਵੱਗਦੀ ਤਾਂ ਲੱਗ ਜਾਂਦੇ ਭਾਗ। ਹੋ ਜਾਂਦੀਆਂ ਲਹਿਰਾਂ-ਬਹਿਰਾਂ। ਪੱਤਝੱੜ ਵਰਗੇ ਮੌਸਮਾਂ ਵਿਚ ਬਹਾਰਾਂ ਦੀ ਆਮਦ। ਇਹ ਗਿਆਨ-ਗੰਗਾਵਾਂ ਹੀ ਹੁੰਦੀਆਂ, ਜਿਨ੍ਹਾਂ ਨੇ ਮਨੁੱਖੀ ਇਤਿਹਾਸ ਅਤੇ ਵਿਰਾਸਤ ਨੂੰ ਚਾਨਣ-ਰੰਗ ਬਖਸ਼, ਹੁਣ ਤੀਕ ਅਕੀਦਤਯੋਗ ਬਣਾਇਆ ਹੈ। ਗਿਆਨਵਾਨ ਲੋਕ ਹੀ ਹੁੰਦੇ, ਜੋ ਕਿਸੇ ਸਮਾਜ, ਯੁੱਗ, ਵਕਤ ਜਾਂ ਕੌਮ ਦਾ ਸਭ ਤੋਂ ਵੱਡਾ ਸਰਮਾਇਆ। ਜੋ ਕੌਮਾਂ ਇਨ੍ਹਾਂ ਨੂੰ ਆਦਰਯੋਗ ਤੇ ਮਾਣ-ਅਦਬ ਬਖਸ਼ਦੇ ਅਤੇ ਇਨ੍ਹਾਂ ਦੀ ਰਹਿਨੁਮਾਈ ਵਿਚੋਂ ਆਪਣੇ ਰਾਹਾਂ ਦੀ ਨਿਸ਼ਾਨਦੇਹੀ ਕਰਦੀਆਂ, ਉਹ ਇਤਿਹਾਸ ਦੇ ਵਰਕਿਆਂ ਵਿਚ ਸਦਾ ਜਿਉਂਦੀਆਂ।
ਗਿਆਨ ਅਜਿਹੀ ਤਾਕਤ, ਜੋ ਅਸੰਭਵ ਨੂੰ ਸੰਭਵ ਬਣਾਵੇ, ਅਪੂਰਨ ਸੁਪਨਿਆਂ ਦੇ ਨੈਣਾਂ ਵਿਚ ਸੰਪੂਰਨਤਾ ਉਪਜਾਵੇ, ਉਚੇਰੇ ਟੀਚਿਆਂ ਨੂੰ ਪ੍ਰਾਪਤੀ ਦਾ ਰਾਹ ਦਿਖਾਵੇ, ਪਰਬਤਾਂ ਦੀ ਹਿੱਕ ਚੀਰੇ ਅਤੇ ਸ਼ੂਕਦੇ ਦਰਿਆਵਾਂ ਥੀਂ ਰਾਹ ਬਣਾਵੇ।
ਗਿਆਨ ਹਮੇਸ਼ਾ ਨਿੱਜੀ, ਕੋਈ ਨਹੀਂ ਵੰਡਾ ਸਕਦਾ। ਧਨ-ਦੌਲਤ ਜਾਂ ਜ਼ਮੀਨ-ਜਾਇਦਾਦ ਵੰਡੀ ਜਾਂ ਖੋਹੀ ਜਾ ਸਕਦੀ, ਪਰ ਗਿਆਨ ਨਹੀਂ। ਗਿਆਨ ਨੂੰ ਕੋਈ ਵੀ ਚੁਰਾ, ਲੁਕੋ, ਧੁੰਦਲਾ ਨਹੀਂ ਸਕਦਾ ਅਤੇ ਨਾ ਹੀ ਕਿਸੇ ਦੇ ਗਿਆਨ ‘ਤੇ ਹੱਕ ਜਤਾ ਸਕਦਾ। ਗਿਆਨ ਮਨੁੱਖ ਦਾ ਸੁਰੱਖਿਆ ਕਵਚ, ਜਦੋਂ ਕਿ ਧਨ ਦੀ ਸੁਰੱਖਿਆ ਮਨੁੱਖ ਨੂੰ ਹੀ ਕਰਨੀ ਪੈਂਦੀ।
ਗਿਆਨ ਅਜਿਹੀ ਜਮਾਂ-ਰਾਸ਼ੀ, ਜੋ ਹਰ ਵਕਤ ਤੁਹਾਨੂੰ ਕੁਝ ਨਾ ਕੁਝ ਦਿੰਦਾ ਰਹਿੰਦਾ। ਇਸੇ ਲਈ ਜੀਵਨ ਦੇ ਹਰ ਖੇਤਰ ਵਿਚ ਵਿਚਰ ਰਹੇ ਵਿਦਿਆਰਥੀ ਆਪਣੇ ਅਧਿਆਪਕ ਨੂੰ ਸਿਜਦਾ ਕਰਦੇ, ਜਿਨ੍ਹਾਂ ਨੇ ਵਡੇਰੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਹੁੰਦੀਆਂ।
ਗਿਆਨ, ਤਜ਼ਰਬਿਆਂ ਦਾ ਜਗਦਾ ਚਿਰਾਗ। ਇਸ ਦੇ ਚਾਨਣ ਵਿਚ ਉਜਿਆਰੇ ਹੋ ਜਾਂਦੇ ਸੋਚ-ਦਰ। ਗਿਆਨ-ਗੁੜਤੀ ਵਿਚੋਂ ਹੀ ਹੁੰਦੀ ਏ ਅਨਾਇਤਾਂ ਦੀ ਬਖਸ਼ਿਸ਼।
ਗਿਆਨ ਲਈ ਕਲਪਣਾ ਦੇ ਖੰਭ ਫੈਲਾਓ, ਸੁਪਨ-ਅੰਬਰ ਵਿਚ ਉਡਾਰੀਆਂ ਲਾਓ, ਗਹਿਰ-ਗੰਭੀਰ ਸੋਚਾਂ ਦੇ ਸਮੁੰਦਰਾਂ ਵਿਚ ਤਾਰੀਆਂ ਲਾਓ ਤਾਂ ਗਿਆਨ, ਗੂੜ੍ਹ-ਗਿਆਨ ਬਣ ਜਾਵੇਗਾ।
ਗਿਆਨ ਹੀ ਦੂਰ ਕਰਦਾ ਹੈ ਡਰ, ਵਹਿਮ, ਭਰਮ, ਫੋਕੇ ਰਸਮ-ਰਿਵਾਜ਼, ਥੋਥੀਆਂ ਕਦਰਾਂ-ਕੀਮਤਾਂ, ਸੌੜੀਆਂ ਵਲਗਣਾਂ, ਧਾਰਮਿਕ ਕੱਟੜਤਾ ਅਤੇ ਫੋਕੀਆਂ ਧਾਰਨਾਵਾਂ ਨੂੰ।
ਗਿਆਨ ਦੀਆਂ ਪਰਤਾਂ ਫਰੋਲੋ, ਅਚੰਭੇ ਮਸਤਕ ‘ਤੇ ਦਸਤਕ ਦੇਣਗੇ। ਵਿਲੱਖਣਤਾਵਾਂ ਹੈਰਾਨ ਕਰਨਗੀਆਂ। ਫੈਲਦੇ ਦਿਸਹੱਦਿਆਂ ਵਿਚ ਸੋਚ ਦੇ ਦਾਇਰੇ ਵੀ ਵਸੀਹ ਹੋਣਗੇ, ਪਰ ਗਿਆਨ-ਬਿਰਖ ਦੇ ਮੌਲਣ ਲਈ ਜਰੂਰੀ ਹੈ, ਗਿਆਨ-ਕਿਆਰੀ ਵਿਚੋਂ ਜੰਗਲੀ ਬੂਟੀਆਂ ਨੂੰ ਕੱਢਣਾ।
ਗਿਆਨ ਸਭ ਤੋਂ ਅਮੁੱਲ, ਅਸੀਮਤ ਅਤੇ ਅਟੁੱਟ ਖਜਾਨਾ ਹੀ ਨਹੀਂ, ਸਗੋਂ ਗਿਆਨ ਦਾ ਗਹਿਣਾ ਸਭ ਤੋਂ ਵੱਧ ਸੋਹਣਾ ਤੇ ਸੁੰਦਰ। ਇਸ ਦੀ ਦਿੱਖ ਸਭ ਨੂੰ ਚੁੰਧਿਆਉਂਦੀ। ਇਸ ਕਰਕੇ ਹੀ ਅਮੀਰ ਲੋਕ ਨਿੱਜੀ ਸਹੂਲਤ ਅਤੇ ਸ਼ੁਹਰਤ ਲਈ ਗਿਆਨ ਦੀ ਬੋਲੀ ਲਾਉਂਦੇ, ਪਰ ਅਜਿਹਾ ਗਿਆਨ ਅਰਥਹੀਣ ਅਤੇ ਥੋਥਾ।
ਗਿਆਨ ਦਾ ਵਣਜ, ਵਪਾਰ ਨਹੀਂ ਅਤੇ ਨਾ ਹੀ ਵਪਾਰ ਹੋਣਾ ਚਾਹੀਦਾ। ਇਹ ਸਭ ਤੋਂ ਉਤਮ ਸੇਵਾ, ਜਿਸ ਵਿਚੋਂ ਪੈਦਾ ਹੁੰਦੀ ਏ ਸੁਖਨ-ਸਬੂਰੀ। ਸੂਖਨ-ਸਬੂਰੀ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ।
ਗਿਆਨ ਸਿਰਫ ਪੜ੍ਹਨ ਨਾਲ ਹੀ ਨਹੀਂ ਪ੍ਰਾਪਤ ਹੁੰਦਾ, ਸਗੋਂ ਇਸ ਨੂੰ ਜੀਵਨ-ਜਾਚ ਦਾ ਹਿੱਸਾ ਬਣਾ ਕੇ ਪਾਇਆ ਅਤੇ ਅਪਨਾਇਆ ਜਾ ਸਕਦਾ। ਜੀਵਨ ਦੀ ਕਿਤਾਬ ਵਿਚੋਂ ਹਾਸਲ ਕੀਤਾ ਗਿਆਨ ਕਿਸੇ ਗ੍ਰੰਥ ਵਿਚੋਂ ਨਹੀਂ ਮਿਲਦਾ।
ਗਿਆਨੀਆਂ ਦਾ ਸਾਥ ਕਰੋ। ਇਨ੍ਹਾਂ ਦੀ ਸੰਗਤਾ ਨੂੰ ਮਾਣੋ, ਪਰ ਅਗਿਆਨੀਆਂ ਤੋਂ ਬਚੋ, ਜੋ ਅਡੰਬਰੀ ਧਾਰਨਾਵਾਂ ਨਾਲ ਮਨੁੱਖੀ ਮਾਨਸਿਕਤਾ ਨੂੰ ਵਰਗਲਾ, ਨਿੱਜੀ ਖਾਹਿਸ਼ਾਂ ਦੀ ਪੂਰਤੀ ਕਰਦੇ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ। ਮਨ ਵਿਚ ਸੋਝੀ ਪੈਦਾ ਕਰੋ ਪਰਤਾਂ ਦੀਆਂ ਝੀਤਾਂ ‘ਚੋਂ ਦੇਖਣ ਦੀ, ਆਰ-ਪਾਰ ਫੈਲੇ ਹੋਏ ਸਹਿਜ-ਸੱਚ ਨੂੰ ਪਛਾਣਨ ਅਤੇ ਇਸ ਨੂੰ ਆਪਣੀ ਜੀਵਨ-ਸ਼ੈਲੀ ਦੀ ਆਸਥਾ ਤੇ ਉਦਮ ਬਣਾਉਣ ਦੀ।
ਯਾਦ ਰੱਖਣਾ! ਸੱਚਾ-ਸੁੱਚਾ ਗਿਆਨ ਮਨ ਵਿਚ ਤਰੰਗਤਾ ਪੈਦਾ ਕਰ, ਇਸ ਨੂੰ ਮਾਨਸਿਕ ਹੁਲਾਰ, ਰੂਹੀ ਉਡਾਣ ਅਤੇ ਅੰਤਰੀਵੀ ਪਛਾਣ ਵੰਨੀਂ ਤੋਰਦਾ। ਅਜਿਹਾ ਗਿਆਨ, ਸਭ ਦੀ ਗਿਆਨ-ਗੋਦੜੀ ਨੂੰ ਭਰਪੂਰ ਕਰੇ। ਅਜਿਹੀ ਚਾਹਨਾ-ਪੂਰਤੀ ਲਈ ਸ਼ੁਰੂਆਤ ਤਾਂ ਖੁਦ ਹੀ ਕਰੀਏ। ਆਮੀਨ!