ਭੁਗਤਿ ਗਿਆਨੁ ਦਇਆ ਭੰਡਾਰਣਿ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਨੇ ਜਪੁਜੀ ਵਿਚ ਨਾਥ ਜੋਗੀਆਂ ਦੇ ਸਬੰਧ ਵਿਚ ਕੇਵਲ ‘ਮੁੰਦਾ ਸੰਤੋਖੁ ਸਰਮ ਪਤੁ’ ਵਾਲੀ ਇਕੋ ਪਉੜੀ ਨਹੀਂ ਲਿਖੀ, ਸਗੋਂ ਉਨ੍ਹਾਂ ਬਾਰੇ ਕਈ ਹੋਰ ਪਉੜੀਆਂ ਵੀ ਲਿਖੀਆਂ ਹਨ। ਇਨ੍ਹਾਂ ਵਿਚੋਂ ਇਹ ਛੇ ਤਾਂ ਇਕੋ ਥਾਂ ਹਨ। ਇਨ੍ਹਾਂ ਪਉੜੀਆਂ ਵਿਚ ਗੁਰੂ ਸਾਹਿਬ ਨੇ ਨਾਥ-ਮੱਤ ਦਾ ਸੰਕਲਪ ਤੇ ਸ਼ਬਦਾਵਲੀ ਵਰਤ ਕੇ ਉਨ੍ਹਾਂ ਪ੍ਰਤੀ ਅਹਿਮ ਸੁਧਾਰਵਾਦੀ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਕਟਾਕਸ਼-ਭਰਪੂਰ ਸੁਝਾਵਾਂ ਵਿਚ ਉਨ੍ਹਾਂ ਨੇ ਨਾ ਸਿਰਫ ਉਸ ਮੱਤ ਦੇ ਪਾਖੰਡਾਂ ਦਾ ਨਿਖੇਧ ਕੀਤਾ, ਸਗੋਂ ਆਪਣੇ ਸਿੱਖਾਂ ਨੂੰ ਵੀ ਵਡਮੁੱਲੀ ਸੇਧ ਦਿੱਤੀ। ਸਮਾਜ ਦੀਆਂ ਪ੍ਰਚਲਿਤ ਵਿਚਾਰਧਾਰਾਵਾਂ, ਖਾਸ ਕਰ ਕੇ ਉਨ੍ਹਾਂ ਦੇ ਪ੍ਰਤੀਨਿਧੀ ਪੈਰੋਕਾਰਾਂ ਨਾਲ ਟਕਰਾਵੇਂ ਦਾਰਸ਼ਨਿਕ ਸੰਵਾਦ ਰਚਾ ਕੇ ਆਪਣੀ ਗੱਲ ਨੂੰ ਬਲ-ਪੂਰਵਕ ਕਹਿਣਾ ਫਲਸਫੇ ਦੀ ਇਕ ਬੜੀ ਹੀ ਰਚਨਾਤਮਿਕ ਤੇ ਪ੍ਰਭਾਵਸ਼ਾਲੀ ਵਿਧੀ ਰਹੀ ਹੈ।

ਅਰਸਤੂ ਨੇ ਪਲੈਟੋ ਨੂੰ, ਕਾਰਲ ਮਾਰਕਸ ਨੇ ਪਰੂਧਾਂ, ਬਰੂਨੋ ਬਾਵਰ ਤੇ ਫਾਰਬਾਖ ਨੂੰ ਅਤੇ ਲੈਨਿਨ ਨੇ ਆਰਨਸਟ ਮਾਖ ਤੇ ਟਰਾਸਕੀ ਨੂੰ ਇਸੇ ਤਰ੍ਹਾਂ ਕਰੜੇ ਹੱਥੀਂ ਲਿਆ ਸੀ ਤੇ ਉਨ੍ਹਾਂ ਦੇ ਪ੍ਰਤੀਪੇਖ ਵਿਚ ਆਪਣੇ ਨਰੋਏ ਵਿਚਾਰ ਰੱਖੇ ਸਨ। ਗੁਰੂ ਨਾਨਕ ਸਾਹਿਬ ਦੀਆਂ ਸਿੱਧ-ਸੰਧਰਭੀ ਪਉੜੀਆਂ ਵੀ ਇਸੇ ਰਵਾਇਤ ਦਾ ਹਿੱਸਾ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਸਮਕਾਲੀ ਸਿੱਧ ਪ੍ਰਥਾ ਤੇ ਮੰਨੂਵਾਦ ਦੇ ਆਗੂਆਂ ਨੂੰ ਸੱਚ ਦਾ ਪਾਠ ਪੜ੍ਹਾਇਆ ਸੀ। ਅਜੋਕੇ ਸਿੱਖਾਂ, ਖਾਸ ਤੌਰ ‘ਤੇ ਵਿਦਵਾਨਾਂ ਲਈ ਇਹ ਵਿਸ਼ੇਸ਼ ਧਿਆਨ ਤੇ ਮਾਣ ਵਾਲੀ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਗਿਆਨ-ਗੁਰੂ ਸੰਸਾਰ ਦੇ ਉਨ੍ਹਾਂ ਚੋਣਵੇਂ ਵਿਦਵਾਨਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਇਹ ਰੌਚਕ ਤੇ ਨਰੋਈ ਵਿਧੀ ਅਪਨਾਈ ਸੀ।
ਜਪੁਜੀ ਦੀ ਉਣੱਤੀਵੀਂ ਪਉੜੀ ਵਿਚ ਗੁਰੂ ਸਾਹਿਬ ਨੇ ਇਸ ਵਿਧੀ ਰਾਹੀਂ ਗਿਆਨ ਦੇ ਸੰਕਲਪ ਦੀ ਮਹਿਮਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਿਆਨ ਪ੍ਰਾਪਤ ਕਰਨਾ ਮਨੁੱਖ ਦੇ ਜੀਵਨ ਦਾ ਮੂਲ ਮਨੋਰਥ ਹੈ ਤੇ ਹੋਰ ਸਭ ਕੰਮ ਵਾਧੂ (ਫeਰਪਿਹeਰਅਲ) ਕਾਰਜ ਹਨ। ਨਾਥ ਜੋਗੀਆਂ ਤੇ ਸਿੱਧਾਂ ਲਈ ਵੀ ਗਿਆਨ ਪ੍ਰਾਪਤੀ ਇਕ ਕੇਂਦਰੀ ਮੁੱਦਾ ਸੀ, ਪਰ ਉਨ੍ਹਾਂ ਦਾ ‘ਗਿਆਨ’ ਵਿਧੀ ਵਿਧਾਨ ਤੋਂ ਭਟਕੇ ਮਨੁੱਖ ਦਾ ਗਿਆਨ ਸੀ। ਉਨ੍ਹਾਂ ਦਾ ਗਿਆਨ ਕਾਲੇ ਜਾਦੂ (ੌਚਚੁਲਟ Aਰਟਸ) ਰਾਹੀਂ ਰਿਧੀਆਂ ਸਿਧੀਆਂ ਪ੍ਰਾਪਤ ਕਰਨ ਵਾਲਾ ਸੀ। ਉਹ ਸਮਝਦੇ ਸਨ ਕਿ ਕੁਦਰਤ ਦੇ ਨਿਯਮ ਵਸ ਕੀਤੇ ਜਾ ਸਕਦੇ ਹਨ ਤੇ ਇਸ ਦੀਆਂ ਸ਼ਕਤੀਆਂ ਨੂੰ ਮਨੁੱਖੀ ਹੱਥਾਂ ਵਿਚ ਲਿਆ ਜਾ ਸਕਦਾ ਹੈ। ਉਨ੍ਹਾਂ ਦਾ ਖਿਆਲ ਸੀ, ਮ੍ਰਿਤਕ ਲੋਕਾਂ ਦੀਆਂ ਰੂਹਾਂ (ੰੁਲਸ), ਜੋ ਮੁਕਤੀ ਨਾ ਮਿਲਣ ਕਾਰਨ ਫਿਜ਼ਾ ਵਿਚ ਘੁੰਮਦੀਆਂ ਰਹਿੰਦੀਆਂ ਹਨ, ਨੂੰ ਅਜਿਹੇ ਕੰਮ ਕਰਨ ਲਈ ਬੁਲਾਇਆ (ੀਨਵੋਕe) ਜਾ ਸਕਦਾ ਹੈ; ਪਰ ਉਨ੍ਹਾਂ ਅਨੁਸਾਰ ਇਸ ਕਾਰਜ ਲਈ ਘੋਰ ਤਪੱਸਿਆ ਦੀ ਲੋੜ ਹੈ, ਜੋ ਅਣ-ਮਨੁੱਖੀ ਤਸੀਹੇ (ੀਨਹੁਮਅਨ ਸeਲਾ-ਨਾਲਚਿਟਿਨਸ) ਝੱਲ ਕੇ ਤੇ ਗੈਰ-ਕੁਦਰਤੀ ਕਾਰਜ ਕਰ ਕੇ ਹੀ ਕੀਤੀ ਜਾ ਸਕਦੀ ਹੈ।
ਇਨ੍ਹਾਂ ਤਸੀਹਿਆਂ ਵਿਚ ਦੁਪਹਿਰੇ ਦੀ ਕੜਕਦੀ ਧੁਪ ਵਿਚ ਤਪਦੇ ਰੇਤ ‘ਤੇ ਬੈਠ ਕੇ ਤਪੱਸਿਆ ਕਰਨੀ, ਭਖਦੇ ਧੂਣਿਆਂ ਵਿਚਕਾਰ ਨੰਗੇ ਧੜ੍ਹ ਬੈਠ ਕੇ ਸਮਾਧੀ ਲਾਉਣੀ, ਰਾਤ-ਰਾਤ ਭਰ ਕਿਸੇ ਨਦੀ ਦੇ ਠੰਡੇ ਪਾਣੀ ਵਿਚ ਖੜ੍ਹੇ ਰਹਿ ਕੇ ਠੰਡ, ਸਲ੍ਹਾਬੇ, ਹਨੇਰੇ, ਹੜ੍ਹ ਤੇ ਜੰਗਲੀ ਜਾਨਵਰਾਂ ਆਦਿ ਦੇ ਭੈ ਨੂੰ ਝੇਲਦਿਆਂ ਅੰਤਰ-ਧਿਆਨ ਹੋਣਾ, ਸ਼ਾਮਲ ਸਨ। ਕਈਆਂ ਨੂੰ ਤਾਂ ਬੇਹੋਸ਼ੀ ਦੀ ਹਾਲਤ ਵਿਚ ਚੁੱਕ ਕੇ ਲਿਆਉਣਾ ਪੈਂਦਾ ਸੀ ਤੇ ਬਚਾਉਣ ਹਿੱਤ ਕਈਆਂ ਨੂੰ ਠੰਡਾ ਤੇ ਕਈਆਂ ਨੂੰ ਗਰਮ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਉਹ ਭੁੱਖੇ ਰਹਿ ਕੇ, ਮੌਨ ਰਹਿ ਕੇ, ਇਕਾਂਤਵਾਸ ਵਿਚ ਰਹਿ ਕੇ, ਕੰਡਿਆਂ ਜਾਂ ਕਿੱਲਾਂ ‘ਤੇ ਲੇਟ ਕੇ ਤੇ ਸਰੀਰ ਦੇ ਹਿੱਸਿਆਂ ਨੂੰ ਵਿੰਨ੍ਹ-ਪਰੋ ਕੇ ਵੀ ਆਪਣੇ ਹੱਠ ਤੇ ਤਿਆਗ ਦਾ ਪ੍ਰਦਰਸ਼ਨ ਕਰਦੇ ਸਨ। ਇਹ ਉਨ੍ਹਾਂ ਦਾ ਗਿਆਨ ਪ੍ਰਾਪਤੀ ਦਾ ਢੰਗ-ਤਰੀਕਾ ਸੀ। ਲੋਕ ਸਮਝਦੇ ਸਨ ਕਿ ਇੰਨੀਆਂ ਕਠਿਨ ਤਪੱਸਿਆਵਾਂ ਰਾਹੀਂ ਜਰੂਰ ਉਨ੍ਹਾਂ ਨੇ ਕਿਸੇ ਕੁਦਰਤੀ ਤਾਕਤ ਨੂੰ ਵਸ ਕਰਨ ਦਾ ਗਿਆਨ ਹਾਸਲ ਕਰ ਲਿਆ ਹੋਵੇਗਾ। ਇਸੇ ਲਈ ਆਮ ਲੋਕ ਉਨ੍ਹਾਂ ਨੂੰ ਸਿਆਣੇ ਭਾਵ ਗਿਆਨਵਾਨ ਕਹਿੰਦੇ ਸਨ। ਗਿਆਨ ਦਾ ਇਹ ਸੰਕਲਪ ਸਦੀਆਂ ਤੀਕ ਸ਼ਰਧਾਲੂਆਂ ਨੂੰ ਸੱਚਾਈ ਪੱਖੋਂ ਗੁਮਰਾਹ ਕਰਦਾ ਰਿਹਾ। ਗੁਰੂ ਸਾਹਿਬ ਅਨੁਸਾਰ ਇਹ ਗਿਆਨ ਦੀ ਥਾਂ ਮਹਾਮੂਰਖਤਾ ਵਾਲੀ ਸੋਚ ਸੀ।
ਫਿਰ ਗਿਆਨ ਕੀ ਹੈ? ਆਮ ਸ਼ਬਦਾਂ ਵਿਚ ਕਿਸੇ ਚੀਜ਼ ਬਾਰੇ ਸੱਚੀ ਭਾਵ ਸਹੀ ਜਾਣਕਾਰੀ ਨੂੰ ਗਿਆਨ (ਖਨੋੱਲeਦਗe) ਕਹਿੰਦੇ ਹਨ। ਸਹੀ ਜਾਣਕਾਰੀ ਉਹ ਹੈ, ਜੋ ਸਾਨੂੰ ਚੀਜ਼ਾਂ ਬਾਰੇ ਉਵੇਂ ਦੱਸੇ, ਜਿਵੇਂ ਉਹ ਸੱਚੀ ਮੁੱਚੀ ਹਨ। ਜਿਨ੍ਹਾਂ ਚੀਜ਼ਾਂ ਬਾਰੇ ਸਾਡੇ ਕੋਲ ਸਹੀ ਜਾਣਕਾਰੀ ਨਹੀਂ, ਉਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਦਿਨ ਵੇਲੇ ਅਸੀਂ ਜੋ ਚੀਜ਼ਾਂ ਦੇਖਦੇ ਹਾਂ, ਉਹ ਰਾਤ ਨੂੰ ਹਨੇਰੇ ਕਾਰਨ ਨਹੀਂ ਦਿਸਦੀਆਂ। ਉਨ੍ਹਾਂ ਨੂੰ ਰਾਤ ਵੇਲੇ ਦੇਖਣ ਲਈ ਚਾਨਣ ਦੀ ਲੋੜ ਹੈ। ਚਾਨਣ ਕਰਦਿਆਂ ਹੀ ਉਹ ਆਪਣੀ ਆਪਣੀ ਥਾਂ ਪਈਆਂ ਦਿਖ ਜਾਂਦੀਆਂ ਹਨ ਤੇ ਉਨ੍ਹਾਂ ਦੀ ਜਾਣਕਾਰੀ ਹੋ ਜਾਂਦੀ ਹੈ। ਇਸੇ ਲਈ ਕਈ ਵਾਰ ਗਿਆਨ ਦੀ ਤੁਲਨਾ ਚਾਨਣ ਨਾਲ ਕੀਤੀ ਜਾਂਦੀ ਹੈ, ਪਰ ਕਈ ਵਾਰ ਚੀਜ਼ਾਂ ਚਾਨਣ ਕਰਨ ਨਾਲ ਵੀ ਨਹੀਂ ਦਿਸਦੀਆਂ। ਗੁੱਟ ‘ਤੇ ਬੰਨ੍ਹੀ ਘੜੀ ਹੀ ਲੈ ਲਵੋ, ਚਾਨਣ ਵਿਚ ਦੇਖਿਆ ਇਸ ਦੀ ਸਿਰਫ ਇੰਨੀ ਹੀ ਜਾਣਕਾਰੀ ਮਿਲਦੀ ਹੈ ਕਿ ਇਹ ਘੜੀ ਹੈ ਤੇ ਟਾਈਮ ਦੇਖਣ ਦੇ ਕੰਮ ਆਉਂਦੀ ਹੈ; ਪਰ ਚਾਨਣ ਹੋਣ ਦੇ ਬਾਵਜ਼ੂਦ ਵੀ ਇਹ ਪਤਾ ਨਹੀਂ ਲਗਦਾ ਕਿ ਇਸ ਦੇ ਅੰਦਰ ਕੀ ਹੈ।
ਹਨੇਰੇ ਵਾਂਗ ਹੀ ਇਸ ਦੇ ਬਾਹਰਲੇ ਖੋਲ ਨੇ ਇਸ ਦੇ ਅੰਦਰੂਨੀ ਤੱਥ ਛੁਪਾ ਰੱਖੇ ਹਨ। ਇਸ ਦਾ ਭਾਵ ਇਹ ਹੋਇਆ ਕਿ ਘੜੀ ਬਾਰੇ ਸਾਨੂੰ ਕੁਝ ਕੁ ਗਿਆਨ ਹੈ। ਜੋ ਗਿਆਨ ਨਹੀਂ ਹੈ, ਉਹ ਨਹੀਂ ਹੈ। ਉਸ ਨੂੰ ਝੂਠਾ ਗਿਆਨ ਨਹੀਂ ਕਹਿ ਸਕਦੇ, ਕਿਉਂਕਿ ਉਹ ਤਾਂ ਹਾਲੇ ਗਿਆਨ ਬਣਿਆ ਹੀ ਨਹੀਂ। ਹੁਣ ਜੇ ਇਸ ਜੰਤਰ ਨੂੰ ਖੋਲ੍ਹ ਕੇ ਅੰਦਰੋਂ ਦੇਖਿਆ ਜਾਵੇ ਤਾਂ ਇਸ ਵਿਚ ਬਹੁਤ ਸਾਰੇ ਛੋਟੇ ਛੋਟੇ ਕਲ ਪੁਰਜੇ ਦਿਖਾਈ ਦੇਣਗੇ, ਜੋ ਪਹਿਲਾਂ ਨਹੀਂ ਸਨ ਦਿਖਦੇ। ਕਈ ਤਾਂ ਇੰਨੇ ਛੋਟੇ ਹੋਣਗੇ ਕਿ ਹਾਲੇ ਵੀ ਸਾਫ ਨਜ਼ਰ ਨਹੀਂ ਆਉਣਗੇ। ਇਸ ਲਈ ਉਹ ਹੁਣ ਵਡ-ਦਰਸ਼ੀ ਸ਼ੀਸ਼ੇ (ੰਅਗਨੇਨਿਗ ਘਲਅਸਸ) ਰਾਹੀਂ ਦੇਖਣੇ ਪੈਣਗੇ; ਪਰ ਸਭ ਕੁਝ ਦਿਖਾਈ ਦੇਣ ਦੇ ਬਾਵਜੂਦ ਇਹ ਪਤਾ ਨਹੀਂ ਲੱਗੇਦਾ ਕਿ ਇਹ ਕੀ ਹਨ ਤੇ ਕਿਵੇਂ ਚਲਦੇ ਹਨ? ਇਨ੍ਹਾਂ ਉੱਤੇ ਜਿੰਨਾ ਮਰਜ਼ੀ ਤੇਜ਼ ਚਾਨਣ ਪਾਉ, ਇਹ ਜਾਣਕਾਰੀ ਨਹੀਂ ਵਧਦੀ। ਹੁਣ ਚਾਹੇ ਘੜੀ ਦੀ ਪੂਜਾ ਕੀਤੀ ਜਾਵੇ, ਇਸ ਨੂੰ ਧੂਪ ਦਿੱਤੀ ਜਾਵੇ, ਪਾਠ ਕੀਤੇ ਜਾਣ ਜਾਂ ਇਸ ਦੀ ਪਰਿਕਰਮਾ ਕੀਤੀ ਜਾਵੇ ਤਾਂ ਵੀ ਇਸ ਬਾਰੇ ਹੋਰ ਜਾਣਕਾਰੀ ਨਹੀਂ ਮਿਲੇਗੀ। ਵਰਤ, ਤਪੱਸਿਆਵਾਂ ਤੇ ਕਰਾਮਾਤਾਂ ਵੀ ਕਾਰਆਮਦ ਨਹੀਂ ਹੋਣਗੀਆਂ।
ਇਹ ਨਹੀਂ ਕਿ ਇਸ ਬਾਰੇ ਹੁਣ ਜਾਣਕਾਰੀ ਸਮਾਪਤ ਹੋ ਗਈ ਹੈ। ਜਾਣਨ ਨੂੰ ਤਾਂ ਅੱਗੇ ਬਹੁਤ ਕੁਝ ਹੈ, ਪਰ ਇਹ ਦੇਖਣ ਵਾਲਿਆਂ ਕੋਲ ਨਹੀਂ ਅਪੜ ਰਹੀ। ਇਹ ਜਾਣਕਾਰੀ ਹੁਣ ਨਾ ਹਨੇਰੇ ਨੇ ਰੋਕੀ ਹੋਈ ਹੈ, ਨਾ ਘੜੀ ਦੇ ਖੋਲ ਨੇ ਤੇ ਨਾ ਕਿਸੇ ਅਣਜਾਣ ਦੈਵੀ ਸ਼ੈ ਨੇ। ਇਹ ਹੁਣ ਦੇਖਣ ਵਾਲਿਆਂ ਦੀ ਸਮਝ ਨੇ ਸੀਮਤ ਕੀਤੀ ਹੋਈ ਹੈ, ਕਿਉਂਕਿ ਉਨ੍ਹਾਂ ਨੇ ਇਸ ਦੇ ਛੋਟੇ-ਵੱਡੇ ਅੰਦਰੂਨੀ ਪੁਰਜਿਆਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਤੇ ਨਾ ਹੀ ਉਨ੍ਹਾਂ ਦੇ ਆਪਸੀ ਤਾਲਮੇਲ ਨਾਲ ਚਲਣ ਜਿਹਾ ਦ੍ਰਿਸ਼ ਉਨ੍ਹਾਂ ਸਾਹਮਣੇ ਕਦੇ ਆਇਆ ਹੈ, ਇਸ ਲਈ ਨਵੀਂ ਜਾਣਕਾਰੀ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਅਗਲੀ ਜਾਣਕਾਰੀ ਲਈ ਉਨ੍ਹਾਂ ਨੂੰ ਇਕ ਇਕ ਪੱਖ ਦਾ ਧਿਆਨ ਲਾ ਕੇ ਘੋਖਵਾਂ ਅਧਿਐਨ ਕਰਨਾ ਪਵੇਗਾ। ਅੰਦਾਜ਼ੇ ਲਾਉਣੇ ਪੈਣਗੇ, ਅੰਦਾਜ਼ਿਆਂ ਅਨੁਸਾਰ ਰੇਖਾ-ਚਿੱਤਰ ਬਣਾਉਣੇ ਪੈਣਗੇ, ਅਟਕਲ-ਪੱਚੂ ਲਾਉਣੇ ਪੈਣਗੇ ਤੇ ਉਨ੍ਹਾਂ ਨੂੰ ਪਰਖਣਾ ਪਵੇਗਾ। ਜੇ ਖੋਜ ਦਾ ਖਿਲਾਰਾ ਹੋਰ ਵੱਡਾ ਹੋਇਆ ਤਾਂ ਅਧਿਐਨ ਕਾਰਜ ਨੂੰ ਗਰੁੱਪਾਂ ਵਿਚ ਵੰਡਣਾ ਪਵੇਗਾ। ਕਈ ਨਵੀਆਂ ਰੁਕਾਵਟਾਂ ਆ ਗਈਆਂ ਤਾਂ ਉਨ੍ਹਾਂ ਨੂੰ ਪਹਿਲਾਂ ਦੂਰ ਕਰਨਾ ਪਵੇਗਾ। ਇਸ ਤਰ੍ਹਾਂ ਗਿਆਨ ਪ੍ਰਾਪਤੀ ਦਾ ਇਹ ਕਾਰਜ ਸਾਲਾਂ ਬੱਧੀ ਤੇ ਕਈ ਵਾਰੀ ਸਦੀਆਂ ਦਹਾਕਿਆਂ ਲਈ ਵੀ ਚਲ ਸਕਦਾ ਹੈ। ਇਸ ਕਾਰਜ ਵਿਚ ਜੋ ਚੀਜ਼ਾਂ ਸਹਾਈ ਹੋਈਆਂ, ਉਹ ਹਨ-ਜਾਣਨ ਦੀ ਜਗਿਆਸਾ, ਵਿਧੀ, ਤਕਨਾਲੋਜੀ, ਅਧਿਐਨ ਤੇ ਕਿਰਤ। ਜੋ ਚੀਜ਼ਾਂ ਹਾਸਲ ਹੋਈਆਂ ਉਹ ਹਨ-ਸਮਝ ਦਾ ਵਿਸਥਾਰ, ਜਾਣਕਾਰੀ, ਤਕਨਾਲੋਜੀ ਦਾ ਵਿਕਾਸ, ਸਮਾਜਕ ਲਾਭ ਤੇ ਗਿਆਨ। ਜਿਨ੍ਹਾਂ ਚੀਜ਼ਾਂ ਦਾ ਕੋਈ ਯੋਗਦਾਨ ਨਹੀਂ ਰਿਹਾ, ਉਹ ਹਨ-ਦੈਵੀ ਕਾਰਕ, ਵਿਸਵਾਸ਼, ਉਪਾਸ਼ਨਾ, ਅਧਿਆਤਮਵਾਦ ਤੇ ਕਰਮ-ਕਾਂਡ। ਗੁੱਟ-ਘੜੀ ਵਾਂਗ ਕਿਸੇ ਹੋਰ ਵਰਤਾਰੇ ਦਾ ਗਿਆਨ ਵੀ ਉਸ ਬਾਰੇ ਮਨੁੱਖੀ ਸਮਝ ਦੀ ਸਮਰੱਥਾ (ਛਅਪਅਬਲਿਟੇ) ‘ਤੇ ਨਿਰਭਰ ਕਰਦਾ ਹੈ, ਜੋ ਮਨੁੱਖੀ ਲਗਨ, ਉੱਦਮ ਤੇ ਕਿਰਤ ਨਾਲ ਵਿਸਤ੍ਰਿਤ ਹੁੰਦੀ ਹੈ। ਸਿੱਟਾ ਇਹ ਕਿ ਗਿਆਨ ਇਕ ਅਧਿਆਤਮ-ਰਹਿਤ (ਨੋਨ-ਸਪਰਿਟੁਅਲ) ਧਾਰਨਾ ਹੈ, ਜੋ ਸਹੀ ਵਿਧੀ ਅਨੁਸਾਰ ਚਲਦਿਆਂ ਮਨੁੱਖ-ਕੁਦਰਤ ਅੰਤਰ-ਕਿਰਿਆ (ੀਨਟeਰਅਚਟਿਨ) ਵਿਚੋਂ ਆਪਣੇ ਆਪ ਪੈਦਾ ਹੁੰਦੀ ਰਹਿੰਦੀ ਹੈ।
ਇਸ ਲਈ ਇਹ ਗੱਲ ਤਾਂ ਤੈਅ ਹੈ ਕਿ ਗਿਆਨ ਉਸੇ ਗੱਲ ਦਾ ਹੋ ਸਕਦਾ ਹੈ, ਜੋ ਸੱਚੀ ਹੈ, ਸਾਹਮਣੇ ਹੈ ਤੇ ਬੀਤ ਚੁਕੀ ਹੈ। ਜੋ ਗੱਲ ਹੋਈ ਹੀ ਨਹੀਂ, ਭਾਵ ਸੱਚ ਦੇ ਤੌਰ ‘ਤੇ ਸਾਹਮਣੇ ਆਈ ਹੀ ਨਹੀਂ, ਉਸ ਦਾ ਆਉਣਾ ਸੱਚ ਨਹੀਂ ਹੈ, ਇਸ ਲਈ ਉਸ ਦਾ ਕੋਈ ਗਿਆਨ ਵੀ ਨਹੀਂ ਹੈ। ਜੇ ਕਿਸੇ ਸਕੂਲ ਨੇ ਸੌ ਬੱਚੇ ਦਾਖਲ ਕਰਨ ਦਾ ਟੀਚਾ ਮਿੱਥਿਆ ਹੈ ਤੇ ਦਾਖਲਾ ਸਿਰਫ ਦਸਾਂ ਨੇ ਲਿਆ ਹੈ ਤਾਂ ਦਾਖਲ ਹੋਏ ਦਸ ਬੱਚਿਆਂ ਦਾ ਹੀ ਗਿਆਨ ਹੋ ਸਕਦਾ ਹੈ। ਜਿਨ੍ਹਾਂ ਨੱਬੇ ਬੱਚਿਆਂ ਨੇ ਦਾਖਲਾ ਨਹੀਂ ਲਿਆ, ਉਨ੍ਹਾਂ ਦਾ ਦਾਖਲਾ ਝੂਠ ਹੈ। ਝੂਠੀ ਗੱਲ ਦਾ ਗਿਆਨ ਨਾਲ ਕੋਈ ਸਬੰਧ ਨਹੀਂ, ਕਿਉਂਕਿ ਉਸ ਦਾ ਗਿਆਨ ਸੰਭਵ ਨਹੀਂ। ਜੇ ਕੋਈ ਵਿਸਵਾਸ਼ ਨਾਲ ਕਹੇ ਕਿ ਦਾਖਲਾ ਤਾਂ ਬਾਕੀ ਦੇ ਨੱਬਿਆਂ ਦਾ ਵੀ ਹੋ ਚੁਕਾ ਹੈ, ਪਰ ਉਹ ਜੱਗ ਜਾਹਰ ਨਹੀਂ ਕੀਤਾ ਗਿਆ, ਇਹ ਗੱਲ ਵੀ ਗਿਆਨ ਨਹੀਂ ਹੋ ਸਕਦੀ, ਕਿਉਂਕਿ ਵਿਸਵਾਸ਼ ਕੇਵਲ ਇਕ ਯਕੀਨ ਹੈ, ਪ੍ਰਮਾਣਿਤ (ੜeਰਿਇਦ) ਅਸਲੀਅਤ ਨਹੀਂ। ਇਸ ਲਈ ਕੇਵਲ ਵਿਸਵਾਸ਼ ਨਹੀਂ, ਸਗੋਂ ਪਰਖਿਆ, ਪੜਤਾਲਿਆ ਤੇ ਸਹੀ ਪਾਇਆ ਗਿਆ ਵਿਸਵਾਸ਼ ਹੀ ਗਿਆਨ ਦਾ ਹਿੱਸਾ ਹੋ ਸਕਦਾ ਹੈ। ਵਿਸਵਾਸ਼ ਭਾਵੇਂ ਕਿੰਨਾ ਵੀ ਕੱਟੜ ਹੋਵੇ, ਗਿਆਨ ਨਹੀਂ ਹੋ ਸਕਦਾ, ਹਾਂ ਪਰਖ ਭਾਵ ਖੋਜ ਦਾ ਵਿਸ਼ਾ ਜਰੂਰ ਹੋ ਸਕਦਾ ਹੈ।
ਪਰ ਕਿੱਦਾਂ ਪਤਾ ਲੱਗੇ ਕਿ ਪ੍ਰਾਪਤ ਹੋਇਆ ਗਿਆਨ ਅਸਲ ਹੈ ਭਾਵ ਸੱਚਾਈ ਦੇ ਮੁਤਾਬਿਕ ਹੈ ਜਾਂ ਨਹੀਂ? ਗਿਆਨ ਦੀ ਪਰਖ ਲਈ ਵਿਦਵਾਨ ਸ਼ੁਰੂ ਤੋਂ ਹੀ ਚਿੰਤਿਤ ਤੇ ਸੁਚੇਤ ਰਹੇ ਹਨ। ਪਲੈਟੋ ਅਨੁਸਾਰ ਸੱਚਾ ਗਿਆਨ ਉਹ ਹੈ, ਜੋ ਅਪਰਿਵਰਤਨਸ਼ੀਲ ਹੈ, ਅਗਵਾਈ ਕਰਦਾ ਹੈ ਤੇ ਜਿਸ ਨੂੰ ਪ੍ਰਮਾਣਿਤ ਕੀਤੇ ਜਾ ਸਕਣ ਵਾਲੇ ਸੂਤਰਾਂ ਵਿਚ ਢਾਲਿਆ ਜਾ ਸਕਦਾ ਹੈ। ਇਸ ਨੂੰ ਤਰਕਪੂਰਣ ਸੰਵਾਦ ਰਾਹੀਂ ਸਹੀ ਸਾਬਤ ਕੀਤਾ ਜਾ ਸਕਦਾ ਹੈ ਤੇ ਦੂਜਿਆਂ ਨੂੰ ਸਿਖਾਇਆ ਸਮਝਾਇਆ ਜਾ ਸਕਦਾ ਹੈ। ਗਿਆਨ-ਰਹਿਤ ਜਾਣਕਾਰੀ ਵਿਚ ਇਹ ਖੂਬੀਆਂ ਨਹੀਂ ਹੁੰਦੀਆਂ। ਅਰਸਤੂ ਅਨੁਸਾਰ ਆਮ ਜਾਣਕਾਰੀ ਪਰਿਵਰਤਨਸ਼ੀਲ ਸੰਸਾਰਕ ਪ੍ਰਸਥਿਤੀਆਂ ਨਾਲ ਬੰਨ੍ਹੀ ਹੁੰਦੀ ਹੈ, ਜਦੋਂ ਕਿ ਸੱਚੇ ਗਿਆਨ ਦਾ ਕੋਈ ਨਾ ਕੋਈ ਸੰਸਾਰ-ਪੱਧਰੀ ਉਦੇਸ਼ ਹੁੰਦਾ ਹੈ ਭਾਵ ਇਸ ਵਿਚ ਸੰਸਾਰ ਪੱਧਰੀ ਸੱਚਾਈ ਹੁੰਦੀ ਹੈ। ਇਸੇ ਲਈ ਅਜਿਹਾ ਗਿਆਨ ਸੰਸਾਰ ਪੱਧਰ ‘ਤੇ ਖਰਾ ਉੱਤਰਦਾ ਹੈ।
ਅਰਨਸਟ ਮਾਖ ਕਹਿੰਦਾ ਹੈ ਕਿ ਗਿਆਨ ਦੀ ਸੱਚਾਈ ਦਾ ਕੋਈ ਪੱਕਾ ਸਬੂਤ ਨਹੀਂ, ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਅਸਲੀ ਤੌਰ ‘ਤੇ ਜਾਣ ਹੀ ਨਹੀਂ ਸਕਦੇ। ਜੋ ਅਸੀਂ ਜਾਣਦੇ ਸਕਦੇ ਹਾਂ, ਉਹ ਕੇਵਲ ਸਾਡੀਆਂ ਗਿਆਨ ਇੰਦਰੀਆਂ ਦੁਆਰਾ ਦਰਸਾਏ ਇਸ ਦੇ ਬਾਹਰੀ ਗੁਣ ਹਨ। ਮਿਸਾਲ ਵਜੋਂ ਇਕ ਮੇਜ ਚਾਰ ਟੰਗਾਂ, ਇਕ ਤਲ, ਭੁਰਾ ਰੰਗ ਤੇ ਸਖਤ ਛੋਹ ਤੋਂ ਬਿਨਾ ਕੁਝ ਨਹੀਂ। ਭਾਵ ਜਿਸ ਨੂੰ ਅਸੀਂ ਮੇਜ ਕਹਿੰਦੇ ਹਾਂ, ਉਹ ਪੰਜ ਚਾਰ ਗੁਣਾਂ ਦਾ ਸਮੂਹ ਹੈ, ਹੋਰ ਕੁਝ ਨਹੀਂ। ਇਸੇ ਤਰ੍ਹਾਂ ਹਵਾ ਇਕ ਠੰਡੇ ਜਾਂ ਗਰਮ ਦਬਾਅ ਦਾ ਅਹਿਸਾਸ ਹੈ, ਹੋਰ ਕੁਝ ਨਹੀਂ। ਲੈਨਿਨ ਅਨੁਸਾਰ ਮੇਜ ਪਦਾਰਥ ਹੈ, ਕੁਦਰਤ ਦਾ ਭਾਗ ਹੈ ਤੇ ਕਾਫੀ ਹੱਦ ਤੀਕ ਸਥਾਈ ਹੈ। ਇਸ ਲਈ ਇਹ ਗਿਆਨ ਇੰਦਰੀਆਂ ਤੋਂ ਪਹਿਲਾਂ ਹੈ ਤੇ ਗਿਆਨ ਇੰਦਰੀਆਂ ਬਾਅਦ ਵਿਚ ਹਨ। ਇਕੋ ਮੇਜ ਸਦੀਆਂ ਬੱਧੀ ਪਿਆ ਰਹਿੰਦਾ ਹੈ ਤੇ ਸੈਂਕੜੇ ਪੀੜ੍ਹੀਆਂ ਇਸ ਨੂੰ ਵਰਤ ਕੇ ਚਲੀਆਂ ਜਾਂਦੀਆਂ ਹਨ। ਜੇ ਗਿਆਨ ਇੰਦਰੀਆਂ ਇਸ ਬਾਰੇ ਸੰਪੂਰਨ ਗਿਆਨ ਨਹੀਂ ਦਿੰਦੀਆਂ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਮੇਜ ਹੈ ਹੀ ਨਹੀਂ। ਜਿਉਂ ਜਿਉਂ ਮਨੁੱਖੀ ਤਕਨਾਲੋਜੀ ਵਧੇਗੀ, ਮਾਦੇ ਦੇ ਹੋਰ ਗੁਣ ਉਜਾਗਰ ਹੁੰਦੇ ਰਹਿਣਗੇ ਤੇ ਇਸ ਬਾਰੇ ਵੀ ਸਾਡਾ ਗਿਆਨ ਵਧੇਗਾ। ਉਸ ਅਨੁਸਾਰ ਉਹੀ ਗਿਆਨ ਅਸਲ ਹੈ, ਜੋ ਕ੍ਰਿਆਤਮਕ ਤੌਰ ‘ਤੇ ਅਸਲ ਸਾਬਤ ਹੋਵੇ। ਉਹ ਕਹਿੰਦਾ ਹੈ, ਅਮਲ ਹੀ ਗਿਆਨ ਦੀ ਆਰਸੀ ਹੈ। ਮਾਰਕਸ ਤੇ ਲੈਨਿਨ ਦੋਵੇਂ ਸਮਝਦੇ ਹਨ ਕਿ ਗਿਆਨ ਇਕ ਸਮਾਜਕ ਧਾਰਨਾ ਹੈ, ਜੋ ਸਮਾਜ ਦੇ ਇਤਿਹਾਸ ਵਿਚ ਵਧੀ ਫੁੱਲੀ ਹੈ। ਜਮਾਤਾਂ ਵਿਚ ਵੰਡੇ ਸਮਾਜ ਵਿਚ ਉਸ ਦੇ ਨਿਆਂ, ਸਭਿਆਚਾਰ, ਆਰਥਕ ਢਾਂਚੇ ਵਾਂਗ ਗਿਆਨ ਵੀ ਜਮਾਤੀ ਪ੍ਰਭੁਤੱਵ ਹੇਠ ਪਲਦਾ ਹੈ। ਲੈਨਿਨ ਤਾਂ ਇਥੋਂ ਤੀਕ ਕਹਿੰਦਾ ਹੈ ਕਿ ਜੇ ਕਿਸੇ ਜਮਾਤ ਦੇ ਹਿੱਤਾਂ ਨੂੰ ਫਾਇਦਾ ਹੁੰਦਾ ਹੋਵੇ, ਉਹ ਤਾਂ ਅੰਕੜਿਆਂ ਦੇ ਅਰਥ ਵੀ ਤੋੜ-ਮੋੜ ਕੇ ਆਪਣੇ ਹੱਕ ਵਿਚ ਕੱਢੇਗੀ ਭਾਵ ਤਿੰਨ ਤੇ ਤਿੰਨ ਨੂੰ ਪੰਜ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ।
ਪਰ ਗੁਰੂ ਨਾਨਕ ਜਮਾਤੀ ਸੱਚ ਤੇ ਇਸ ਦੇ ਗਿਆਨ ਦੀ ਗੱਲ ਨਹੀਂ ਕਰਦੇ। ਉਹ ਉਸ ਅਧਿਆਤਮਕ ਗਿਆਨ ਦੀ ਗੱਲ ਵੀ ਨਹੀਂ ਕਰਦੇ, ਜੋ ਕਰਨੀ ਵਾਲੇ ਸੰਤਾਂ ਮਹਾਤਮਾਵਾਂ ਨੂੰ ਆਪਣੇ ਅਨੁਭਵ ਨਾਲ ਹੋ ਗਿਆ ਮੰਨਿਆ ਜਾਂਦਾ ਹੈ ਜਾਂ ਜੋ ਕੁਝ ਲੋਕਾਂ ਨੂੰ ਰੱਬੀ ਇਲਹਾਮ ਨਾਲ ਪ੍ਰਾਪਤ ਹੋਇਆ ਸਮਝਿਆ ਜਾਂਦਾ ਹੈ। ਉਨ੍ਹਾਂ ਅਨੁਸਾਰ ਇਹ ਗਿਆਨ ਇਸ ਸੰਸਾਰ ਬਾਰੇ ਹੈ, ਇਸ ਦੇ ਮੁੱਢ, ਬਣਤਰ, ਵਿਸਥਾਰ, ਸੰਚਾਲਨ, ਨਿਯਮ ਤੇ ਧੁਰਲੇ ਤੱਤ ਬਾਰੇ ਹੈ। ਉਨ੍ਹਾਂ ਦਾ ਸੱਚ ਅਸਲੀਅਤ ਦਾ ਪ੍ਰਤੀਕ ਹੈ ਤੇ ਇਹ ਸਥਾਈ ਨਿਯਮਾਂ ਦੀ ਭਾਲ ਕਰਦਾ ਹੈ ਤੇ ਵਿਗਿਆਨਕ ਹੈ। ਉਨ੍ਹਾਂ ਦਾ ਗਿਆਨ ਤਪੱਸਿਆ ਭਗਤੀ ਵਾਲਾ ਗਿਆਨ ਨਹੀਂ, ਸਗੋਂ ਬ੍ਰਹਿਮੰਡ ਦੇ ਸ੍ਰੋਤ ਪਰਮ-ਸਤਿ ਦੇ ਰੂਪ, ਸਰੂਪ, ਅਵਸਥਾ ਤੇ ਪ੍ਰਕ੍ਰਿਆ ਆਦਿ ਨਾਲ ਜੁੜਿਆ ਹੋਇਆ ਹੈ। ਇਹ ਬਾਹਰੋਂ ਕਿਤੋਂ ਨਹੀਂ ਮਿਲਦਾ, ਸਗੋਂ ਕਮਾਇਆ ਜਾਂਦਾ ਹੈ।
ਗੁਰੂ ਸਾਹਿਬ ਗਿਆਨ ਦੀ ਪ੍ਰਮਾਣਿਕਤਾ ਨੂੰ ਅਤਿ ਅਹਿਮ ਸਮਝਦੇ ਹਨ। ਉਨ੍ਹਾਂ ਦਾ ਗਿਆਨ ਕੁਦਰਤ ਭਾਵ ਪਦਾਰਥ ਅਰਥਾਤ ਮਾਦੇ (ਜਿਨਸੀ ਮਾਇਆ) ਦੀ ਖੋਜ ਨਾਲ ਸ਼ੁਰੂ ਹੁੰਦਾ ਹੈ ਤੇ ਇਸ ਦੀਆਂ ਅਤਿਸੂਖਮ ਤਹਿਆਂ ਤੀਕ ਜਾਣ ਦੀ ਸਮਰੱਥਾ ਰੱਖਦਾ ਹੈ। ਉਹ ਇਸ ਗਿਆਨ ਦੀ ਪ੍ਰਾਪਤੀ ਲਈ ਦੇਖਣ-ਪਰਖਣ, ਮਨਨ, ਧਿਆਨ (ਅਧਿਐਨ), ਵਿਸ਼ਲੇਸ਼ਣ ਤੇ ਗਣਿੱਤੀ ਵਿਹਾਰ ਵਾਲੀ ਸੂਖਮ ਵਿਧੀ ਵਰਤਣ ਦੇ ਹਾਮੀ ਹਨ। ਉਨ੍ਹਾਂ ਅਨੁਸਾਰ ਇਹ ਥਾਲੀ ‘ਚੋਂ ਚੁੱਕ ਕੇ ਲੱਡੂ ਖਾਣ ਵਾਂਗ ਨਹੀਂ ਹੈ, ਸਗੋਂ ਕਾਲਾਂ-ਮਹਾਕਾਲਾਂ ਤੀਕ ਚਲਣ ਵਾਲੀ ਮੁਸ਼ਕਤ ਨਾਲ ਨੇਪਰੇ ਚੜ੍ਹਨ ਵਾਲਾ ਕੰਮ ਹੈ। ਜੇ ਕੁਦਰਤ ਅਤੇ ਇਸ ਪਿਛਲੇ ਪਰਮ-ਸਤਿ ਦਾ ਗਿਆਨ ਹੋ ਜਾਵੇ, ਅਰਥਾਤ ਇਸ ਦੀ ਸੰਪੂਰਨ ਜਾਣਕਾਰੀ ਪ੍ਰਾਪਤ ਹੋ ਜਾਵੇ ਤਾਂ ਮਨੁੱਖ ਨੂੰ ਇਸ ਸੰਸਾਰ ਵਿਚ ਆਪਣੀ ਹੋਂਦ ਦਾ ਕਾਰਨ ਮਿਲ ਸਕਦਾ ਹੈ। ਇਸ ਨਾਲ ਫਿਰ ਇਹ ਕੁਦਰਤ ਦਾ ਹੁਕਮ ਸਮਝਦਾ ਹੋਇਆ ਆਪਣੇ ਜੀਵਨ ਦੇ ਮਕਸਦ ਨੂੰ ਉਸ ਅਨੁਸਾਰ ਉਲੀਕ ਸਕਦਾ ਹੈ। ਫਜੂਲ ਕਹਿੰਦੇ ਹਨ ਉਹ ਲੋਕ, ਜੋ ਬਿਨਾ ਗਿਆਨ ਹੀ ਕੁਦਰਤ ਤੇ ਹੁਕਮ ਅਨੁਸਾਰ ਚਲਣ ਦੀ ਰੱਟ ਲਾਈ ਰੱਖਦੇ ਹਨ।
ਗਿਆਨ ਦਾ ਇਹ ਸਿਧਾਂਤ ਗੁਰੂ ਸਾਹਿਬ ਨੇ ਉੱਦੋਂ ਦਿੱਤਾ, ਜਦੋਂ ਅਜੋਕੇ ਵਿਗਿਆਨੀ ਤੇ ਫਿਲਾਸਫਰ ਹਾਲੇ ਪੈਦਾ ਵੀ ਨਹੀਂ ਸਨ ਹੋਏ। ਉਹ ਇਨ੍ਹਾਂ ਵਿਗਿਆਨੀਆਂ ਤੇ ਫਿਲਾਸਫਰਾਂ ਜਿਹੇ ਹੀ ਨਹੀਂ, ਸਗੋਂ ਇਨ੍ਹਾਂ ਦੇ ਵੱਡੇ ਵਡੇਰੇ ਹਨ। ਇਹ ਗੱਲ ਹਰ ਸਿੱਖ ਲਈ ਹਰਸੋ-ਉਲਾਸ ਪੈਦਾ ਕਰਨ ਵਾਲੀ ਹੋਣੀ ਚਾਹੀਦੀ ਹੈ, ਪਰ ਗੁਰੂ ਸਾਹਿਬ ਦੀ ਬਾਣੀ ਦੇ ਅਜੋਕੇ ਵਿਆਖਿਆਕਾਰ ਇਸ ਨੂੰ ਆਪਣੀ ਮਾਨਤਾਵਿਰਧੀ ਲਈ ਅਧਿਆਤਮਵਾਦ ਦੇ ਰੰਗ ਵਿਚ ਰੰਗ ਕੇ ਪੇਸ਼ ਕਰਦੇ ਹਨ। ਇਹ ਗੱਲ ਉਨ੍ਹਾਂ ਦੇ ਉਣੱਤੀਵੀਂ ਪਉੜੀ ਦੇ ਅਰਥਾਂ ਤੋਂ ਸਾਫ ਪ੍ਰਗਟ ਹੋ ਜਾਂਦੀ ਹੈ। ਇਹ ਪਉੜੀ ਜਪੁਜੀ ਵਿਚ ਹੇਠ ਲਿਖੇ ਸ਼ਬਦਾਂ ਵਿਚ ਦਰਜ ਹੈ,
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥੨੯॥
ਇਸ ਪਉੜੀ ਦੇ ਅਰਥ ਉੱਘੇ ਵਿਦਵਾਨ ਭਾਈ ਵੀਰ ਸਿੰਘ ਇਸ ਤਰ੍ਹਾਂ ਕਰਦੇ ਹਨ, “(ਸ਼ਿਵ ਅਰਾਧਨਾ ਨਾਲ ਜੋ ਭੋਜਨ ਮਿਲਦਾ ਹੈ, ਉਹ ਤਾਂ ਸਭ ਕਿਸੇ ਨੂੰ ਮਿਲ ਰਿਹਾ ਹੈ, ਪਰ ਆਦਿ ਅਨੀਲ ਦੀ ਅਰਾਧਨਾ ਨਾਲ ਸਾਨੂੰ) ਗਿਆਨ (ਰੂਪੀ) ਭੋਜਨ ਮਿਲਦਾ ਹੈ। (ਜੋ ਤ੍ਰਿਸ਼ਨਾ ਰੂਪੀ ਭੁੱਖ ਨੂੰ ਨਿਵਾਰ ਦੇਂਦਾ ਹੈ), (ਸ਼ਿਵ ਜੀ ਦੀ ਭੰਡਾਰਨ ਅੰਨ ਪੂਰਣਾ ਹੈ, ਪਰ ਗਿਆਨ ਰੂਪੀ ਭੋਜਨ ਦੀ) ਭੰਡਾਰਨ ਦਇਆ ਹੈ, (ਦਿਆਲੂ ਹੋ ਕੇ ਗੁਰੂ ਗਯਾਨ ਦੇਂਦਾ ਤੇ ਅਗੋਂ ਦਇਆ ਬ੍ਰਿਤੀ ਨਾਲ ਵੰਡੀਦਾ ਹੈ)।
(ਤੁਸਾਂ ਪਾਸ ਨਾਦੀ ਹੈ ਤੇ ਭੋਜਨ ਸਮੇਂ ਵਜਾਉਂਦੇ ਹੋ) ਹਿਰਦੇ ਹਿਰਦੇ ਵਿਚ (ਜੋ ਨਾਦ ਵੱਜ ਰਿਹਾ ਹੈ) ਇਹ ਸਾਡਾ ਨਾਦ ਹੈ। (ਤੁਸਾਡੇ ਮਨੁੱਖ-ਨਾਥਾਂ ਦੀ ਥਾਵੇਂ ਸਾਡਾ) ਨਾਥ ਆਪ (ਪ੍ਰਭੂ) ਹੈ, ਜਿਸ ਦੀ ਨੱਥੀ ਹੋਈ ਸਾਰੀ (ਸ਼੍ਰਿਸ਼ਟੀ) ਹੈ। (ਤੁਸੀਂ) ਰਿੱਧੀ ਸਿੱਧੀ (ਦੀਆਂ ਚੇਟਕਾਂ ਵਿਚ ਹੋ, ਅਸੀਂ ਇਨ੍ਹਾਂ ਨੂੰ ਹੋਰਨਾਂ ਦਾ (ਅਰਥਾਤ ਪਰਮਾਰਥ ਤੋਂ ਓਪਰਿਆਂ ਦਾ) ਸੁਆਦ (ਸਮਝਦੇ ਹਾਂ)। (ਤੁਹਾਡੀ ਕਾਰ ਕਾਰਬਾਰੀ ਚਲਾਉਂਦੇ ਹਨ, ਪਰ ਅਸਲ ਵਿਚ ਵਿਸ਼ਵ ਦੀ ਤੇ ਸਾਡੀ) ਕਾਰ ਸੰਜੋਗ ਤੇ ਵਿਜੋਗ ਦੋਵੇਂ ਚਲਾਉਂਦੇ ਹਨ)। (ਪਿਛਲੇ ਕਰਮਾਂ ਦੇ) ਲੇਖੇ ਅਨੁਸਾਰ ਆਪੋ ਆਪਣੇ ਛਾਂਦੇ ਚਲੇ ਆਉਂਦੇ ਹਨ। ਆਦੇਸ (ਸਾਡੀ) ਉਸੇ (ਇਕ ਨੂੰ) ਆਦੇਸ ਹੈ, (ਜੋ ਸਭ ਦਾ) ਆਦਿ (ਮੁੱਢ) ਹੈ, ਜੋ ਅਨੀਲ ਹੈ, (ਜਿਸ ਦਾ ਆਪਣਾ) ਆਦਿ ਨਹੀਂ ਹੈ (ਜਿਸ ਦਾ ਕਦੇ) ਵਿਨਾਸ਼ ਨਹੀਂ (ਹੁੰਦਾ), (ਜੋ) ਜੁਗੋ ਜੁਗੋ ਇਕੋ ਸਰੂਪ (ਹੈ)।”
ਭਾਈ ਸਾਹਿਬ ਨੇ ਅਧਿਆਤਮ ਦੀ ਲੋਰ ਵਿਚ ਉਹ ਕੁਝ ਲਿਖ ਦਿੱਤਾ, ਜੋ ਗੁਰੂ ਸਾਹਿਬ ਨੇ ਕਿਹਾ ਹੀ ਨਹੀਂ ਤੇ ਨਾ ਕਹਿ ਸਕਦੇ ਹਨ। ਜਿਵੇਂ ਇਹ ਟੀਕਾਕਾਰ ਲਿਖਦਾ ਹੈ, ਕੀ ਸਭ ਨੂੰ ਸ਼ਿਵ ਦੀ ਉਪਾਸਨਾ ਨਾਲ ਰੋਟੀ ਮਿਲਦੀ ਹੈ? ਕੀ ਗਿਆਨ ਰੂਪੀ ਭੋਜਨ ਉਪਾਸਨਾ ਨਾਲ ਮਿਲਦਾ ਹੈ? ਕੀ ਜੇ ਰਿਧੀਆਂ-ਸਿਧੀਆਂ ਨੂੰ ਜੋਗੀ ਪਰਮਾਰਥ ਲਈ ਵਰਤਣਾ ਸ਼ੁਰੂ ਕਰ ਦਿੰਦੇ ਤਾਂ ਉਹ ਠੀਕ ਮੰਨੀਆਂ ਜਾਂਦੀਆਂ? ਕੀ ਸੰਜੋਗ ਵਿਜੋਗ ਪਿਛਲੇ ਕਰਮਾਂ ਦੇ ਲੇਖੇ ਹੁੰਦੇ ਹਨ? ਕੋਈ ਪੁੱਛਦਾ ਤਾਂ ਗੁਰੂ ਸਾਹਿਬ ਕੀ ਸਬੂਤ ਦਿੰਦੇ? ਕੀ ਗੁਰੂ ਸਾਹਿਬ ਨੇ ਸਿੱਧਾਂ ਨਾਲ ਆਪਣਾ ਟਾਕਰਾ ‘ਅਸਾਡੇ-ਤੁਸਾਡੇ’ ਕਰ ਕੇ ਕੀਤਾ ਹੈ? ਗੁਰੂ ਸਾਹਿਬ ਦੀ ਵਿਗਿਆਨਕ ਸਿੱਖੀ ਦਾ ਉਨ੍ਹਾਂ ਨਾਲ ਕੀ ਮੁਕਾਬਲਾ ਹੋ ਸਕਦਾ ਸੀ, ਜੋ ਉਹ ਉਨ੍ਹਾਂ ਨੂੰ ਇਵੇਂ ਮੂੰਹ ਲਾਉਂਦੇ। ਸਿੱਧਾਂ ਕੋਲ ਤਾਂ ਕੂੜ ਤੇ ਪਖੰਡ ਤੋਂ ਬਿਨਾ ਹੈ ਹੀ ਕੁਝ ਨਹੀਂ ਸੀ। ਜੇ ਉਨ੍ਹਾਂ ਨੇ ਸਿੱਧੀ ਨੂੰ ਸਿੱਖੀ ਨਾਲ ਸਾਵੇ (ਫਅਰਅਲਲeਲ) ਰੱਖ ਕੇ ਦੇਖਿਆ ਹੈ, ਫਿਰ ਤਾਂ ਉਨ੍ਹਾਂ ਨੇ ਸਿੱਧੀ ਮਾਰਗ ਨੂੰ ਬਦਲਣ ਦੀ ਥਾਂ ਮਾਨਤਾ ਦੇ ਦਿੱਤੀ ਹੈ! ਇਸ ਵਿਆਖਿਆ ਵਿਚ ਗੁਰੂ ਸਾਹਿਬ ਬੋਲਦੇ ਨਜ਼ਰ ਨਹੀਂ ਆ ਰਹੇ, ਸਗੋਂ “ਹਮ ਹਿੰਦੂ ਨਹੀਂ” ਦੇ ਤਾਜ਼ੇ ਨਾਹਰੇ ਲਾ ਕੇ ਆਇਆ 19ਵੀਂ ਸਦੀ ਦਾ ਕੋਈ ਸਿੰਘ ਸਭੀਆ ਵਿਦਵਾਨ ਬੋਲਦਾ ਦਿਖਾਈ ਦੇ ਰਿਹਾ ਹੈ।
ਦਰਅਸਲ ਇਹ ਪਉੜੀ ਪਿਛਲੀ ਪਉੜੀ ਦਾ ਹੀ ਵਧਿਆ ਭਾਗ (ਓਣਟeਨਦeਦ ਫਅਰਟ) ਹੈ, ਜਿਸ ਵਿਚ ਗੁਰੂ ਸਾਹਿਬ ਨੇ ਸਿੱਧਾਂ ਨੂੰ ਕੁਝ ਵਿਧੀਆਤਮਕ ਨੁਕਤਿਆਂ ‘ਤੇ ਨਕਾਰਿਆ ਸੀ। ਉਨ੍ਹਾਂ ਕਿਹਾ ਸੀ ਕਿ ਸਾਰੀਆਂ ਜਮਾਤਾਂ ਦੀਆਂ ਪੰਥੀਆਂ ਦਾ ਸਾਰ ਇਸ ਗੱਲ ਵਿਚ ਹੈ ਕਿ ਤੁਸੀਂ ਕਿਰਤ ਦਾ ਮਾਣ (ਧਗਿਨਟੇ ਾ ਲਅਬੋਰ) ਰੱਖੋ, ਭਾਵ ਹੱਥੀਂ ਕਾਰ ਕਰ ਕੇ ਖਾਓ, ਵਿਵੇਕੀ ਜੁਗਤ ਵਰਤ ਕੇ ਧਿਆਨ-ਅਧਿਐਨ ਕਰੋ ਤੇ ਸੰਤੋਖ ਰਾਹੀਂ ਉਲਾਰ ਮਨ ਨੂੰ ਸਾਵਾ (ਭਅਲਅਨਚeਦ) ਰੱਖੋ। ਪਖੰਡ ਛੱਡੋ ਤੇ ਇਸ ਰਾਹ ‘ਤੇ ਚਲ ਕੇ ਉਸ ਸਤਿ ਦੀ ਭਾਲ ਕਰੋ, ਜੋ ਆਦਿ ਕਾਲ ਤੋਂ ਇਕੋ ਰੰਗ ਵਿਚ ਵਿਚਰਦਾ ਆ ਰਿਹਾ ਹੈ।
ਇਸ ਪਉੜੀ ਵਿਚ ਉਹ ਆਪਣੀ ਟਿੱਪਣੀ ਜਾਰੀ ਰੱਖਦਿਆਂ ਸਿੱਧਾਂ ਨੂੰ ਕਹਿੰਦੇ ਹਨ ਕਿ ਗਿਆਨ ਨੂੰ ਆਪਣੀ ਖੁਰਾਕ ਬਣਾਓ। ਭਾਵ ਭੁੱਖੇ ਪੇਟ ਜਿਸ ਤਰ੍ਹਾਂ ਭੁਗਤੀ ਜਾਂ ਭੋਜਨ ਦੀ ਉਡੀਕ ਕਰਦੇ ਹੋ, ਉਵੇਂ ਦੀ ਗਿਆਨ ਦੀ ਅਭਿਲਾਸ਼ਾ ਪੈਦਾ ਕਰੋ। ਭੁਗਤੀ ਲਈ ਜਿਸ ਭੰਡਾਰੀ ‘ਤੇ ਨਿਰਭਰ ਕਰਦੇ ਹੋ, ਭਾਵ ਭੁਗਤੀ ਨੂੰ ਪ੍ਰਾਪਤ ਕਰਨ ਲਈ ਜਿਸ ਵੰਡਣ ਵਾਲੇ ਵਲ ਵੇਖਦੇ ਰਹਿੰਦੇ ਹੋ, ਉਹ ਆਪ ਬਣੋ ਤੇ ਗਿਆਨ ਦੀ ਭੁਗਤੀ ਖੁੱਲ੍ਹੇ ਦਿਲ ਨਾਲ ਦੂਜਿਆਂ ਨੂੰ ਵੰਡੋ। ਜੋ ਸੰਖ, ਸਿੰਗੀ ਜਾਂ ਸਿੰਘ ਨਾਦ ਵਜਾ ਕੇ ਭੰਡਾਰੀ ਸਭ ਨਾਥਾਂ ਤੇ ਸ਼ਰਧਾਲੂਆਂ ਨੂੰ ਭੁਗਤੀ ਵਰਤਾਉਣ ਲਈ ਇੱਕਠਾ ਕਰਦਾ ਹੈ, ਉਹ ਨਾਦ ਤੁਸੀਂ ਦਇਆਵਾਨ ਹੋ ਕੇ ਗਿਆਨ ਦੇ ਵਿਚਾਰ ਵਟਾਂਦਰੇ ਲਈ ਹਰ ਜਗਿਆਸੂ ਦੇ ਮਨ ਵਿਚ ਵਜਾਓ। ਜਿਸ ਨੇ ਆਪਣੇ ਮਨੋਵੇਗਾਂ ਨੂੰ ਆਪ ਨੱਥ ਪਾ ਕੇ ਕਾਬੂ ਕਰ ਲਿਆ ਹੋਵੇ, ਉਸ ਲਈ ਬਾਹਰਲੀਆਂ ਸ਼ਕਤੀਆਂ ਵਸ ਕਰਨ ਲਈ ਰਿਧੀਆਂ-ਸਿਧੀਆਂ ਹਾਸਲ ਕਰਨਾ ਫਜ਼ੂਲ ਦਾ ਰੁਝੇਵਾਂ ਹੈ। ਰਿਧੀਆਂ-ਸਿਧੀਆਂ ਸੰਜੋਗ ਅਰਥਾਤ ਯੋਗ ਜਾਂ ਭਗਤੀ-ਤਪੱਸਿਆ ਰਾਹੀ ਹਾਸਲ ਹੋ ਹੀ ਨਹੀਂ ਸਕਦੀਆਂ, ਕਿਉਂਕਿ ਕੁਦਰਤ ਦੇ ਕਾਰਜ ਇੱਕਲੇ ਯੋਗ ਨਾਲ ਨਹੀਂ, ਸਗੋਂ ਸੰਜੋਗ (ਫੋਸਟਿਵਿe) ਤੇ ਵਿਜੋਗ (ਂeਗਅਟਵਿe) ਦੋਹਾਂ ਪ੍ਰਕ੍ਰਿਤੀਆਂ ਦੇ ਪ੍ਰਭਾਵ ਨਾਲ ਚਲਦੇ ਹਨ। ਜੋ ਸੰਸਾਰ ਪੱਲੇ ਪੈਂਦਾ ਦਿਖਾਈ ਦਿੰਦਾ ਹੈ, ਉਹ ਤਾਂ ਇਨ੍ਹਾਂ ਦੇ ਘਾਟੇ ਵਾਧੇ ਦੇ ਹਿਸਾਬ (ਛਅਲਚੁਲਅਟਿਨ) ਤੋਂ ਨਿਕਲਿਆ ਅੰਸ਼ ਭਾਵ ਹਿੱਸਾ (੍ਰeਸੁਲਟਅਨਟ) ਹੈ। ਇਸ ਲਈ ਆਦੇਸ਼ ਉਸ ਨੂੰ ਕਰਨਾ ਬਣਦਾ ਹੈ, ਜੋ ਹਮੇਸ਼ਾ ਤੋਂ ਨਿਰੋਲ, ਅਡੋਲ ਤੇ ਸਮਵੇਸੀ ਹਾਲਤ ਵਿਚ ਚੱਲਿਆ ਆ ਰਿਹਾ ਹੈ ਅਤੇ ਜਿਸ ਕਾਰਨ ਕਾਇਨਾਤ ਦਾ ਇਹ ਨਿਜ਼ਾਮ ਕਾਇਮ ਹੈ।
ਕਹਿਣ ਨੂੰ ਤਾਂ ਇਹ ਗੱਲਾਂ ਗੁਰੂ ਸਾਹਿਬ ਨੇ ਸਿੱਧਾਂ ਨੂੰ ਕਹੀਆਂ ਹਨ, ਪਰ ਘੁੰਮ ਘੁਮਾ ਕੇ ਇਹ ਸਿੱਖੀ ਸਿਧਾਂਤ ਦਾ ਹਿੱਸਾ ਬਣ ਜਾਂਦੀਆਂ ਹਨ। ਗੁਰੂ ਦਾ ਸਿੱਖ ਕਿਰਤ ਦਾ ਸਨਮਾਨ ਕਰਦਾ ਹੈ, ਸੱਚੇ ਗਿਆਨ ਦੀ ਚੇਟਕ ਰੱਖਦਾ ਹੈ, ਗਿਆਨ ਨੂੰ ਨਿਮਰਤਾ, ਆਤਮ-ਵਿਸ਼ਵਾਸ ਤੇ ਵਿਵੇਕ ਨਾਲ ਸਾਂਝਾ ਕਰਦਾ ਹੈ, ਧਿਆਨ ਨੂੰ ਪਖੰਡਾਂ ਤੋਂ ਦੂਰ ਰੱਖਦਾ ਹੈ ਤੇ ਕੁਦਰਤ ਦੀਆਂ ਪ੍ਰਕ੍ਰਿਆਵਾਂ ਨੂੰ ਦਵੰਧਵਾਦੀ ਨਜ਼ਰੀਏ ਤੋਂ ਦੇਖਦਾ ਹੋਇਆ ਪਰਮ-ਸਤਿ ਦੀ ਭਾਲ ਦਾ ਉੱਦਮ ਕਰਦਾ ਹੈ। ਅੱਜ ਕਿੰਨੇ ਕੁ ਸਿੱਖ ਹਨ, ਜੋ ਇਸ ਪਰਿਭਾਸ਼ਾ ਅਨੁਸਾਰ ਪਰਵਾਨ ਚੜ੍ਹਦੇ ਹਨ? ਆਪ ਨੂੰ ਪਰਵਾਨ ਹੋਣ ਦੀ ਲੋੜ ਹੀ ਰਹੇ, ਇਸ ਲਈ ਰਾਜਨੀਤੀ ਨੂੰ ਪ੍ਰਣਾਏ ਅਜੋਕੇ ਸਿੱਖਾਂ ਨੇ ਤਾਂ ਸਿੱਖੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ!