ਧਰਮ ਨਿਰਪੱਖਤਾ, ਖੱਬੇ ਪੱਖੀ ਅਤੇ ਹਿੰਦੂ ਰਾਸ਼ਟਰ

ਭਾਰਤ ਵਿਚ ਜਦੋਂ ਤੋਂ ਆਰ. ਐਸ਼ ਐਸ਼ ਦੀ ਅਗਵਾਈ ਹੇਠ ਕੇਂਦਰ ਸਰਕਾਰ ਬਣੀ ਹੈ, ਉਦੋਂ ਤੋਂ ਹੀ ਤਰਕ ਨੂੰ ਲਾਂਭੇ ਕਰ ਕੇ ਕੁਝ ਅਜਿਹੀਆਂ ਧਾਰਨਾਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਮੂੰਹ ਮਨੁੱਖ ਦੇ ਭਵਿੱਖ ਵਲ ਨਹੀਂ, ਸਗੋਂ ਪਿਛਾਂਹ ਵਲ ਹੈ। ਕੁਝ ਕੁ ਪ੍ਰਚਲਿਤ ਸ਼ਬਦਾਂ ਨੂੰ ਵੀ ਜਾਂ ਤਾਂ ਨਵੇਂ ਸਿਰਿਓਂ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਜਾਂ ਇਨ੍ਹਾਂ ਨੂੰ ਉਕਾ ਹੀ ਲਾਂਭੇ ਕਰਨ ਦੀ ਕਵਾਇਦ ਚਲਾਈ ਜਾ ਰਹੀ ਹੈ। ਧਰਮ ਨਿਰਪਖਤਾ ਅਜਿਹਾ ਹੀ ਇਕ ਸ਼ਬਦ ਹੈ, ਜਿਸ ਬਾਰੇ ਹਿੰਦੂ ਕੱਟੜਪੰਥੀ ਲਗਾਤਾਰ ਵਿਚਾਰ ਸਾਹਮਣੇ ਲਿਆ ਰਹੇ ਹਨ।

ਇਸ ਲੇਖ ਵਿਚ ਸ਼ ਗੁਰਬਚਨ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸਵਰਾਜਬੀਰ ਦੇ ਇਕ ਲੇਖ ਦੇ ਪ੍ਰਸੰਗ ਵਿਚ ਕੁਝ ਅਹਿਮ ਟਿੱਪਣੀਆਂ ਕੀਤੀਆਂ ਹਨ ਅਤੇ ਇਸ ਸਮੁੱਚੇ ਵਰਤਾਰੇ ਦੇ ਪਿਛੋਕੜ ਬਾਰੇ ਕੁਝ ਸਵਾਲ ਛੋਹੇ ਹਨ। -ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98451

‘ਟੂਟੀ ਤੰਤੁ ਨ ਬਜੈ ਰਬਾਬੁ’ ਦੇ ਅਨੁਵਾਨ ਹੇਠ ਸਵਰਾਜਬੀਰ ਨੇ 19 ਅਤੇ 20 ਅਗਸਤ ਦੀ ‘ਪੰਜਾਬੀ ਟ੍ਰਿਬਿਊਨ’ ਵਿਚ ਲਿਖੀ ਆਪਣੀ ਲਿਖਤ ਅੰਦਰ ਧਰਮ ਨਿਰਪੱਖਤਾ ਦੇ ਸੰਕਲਪ ਅਤੇ ਖੱਬੇ ਪੱਖੀ ਵਿਚਾਰਧਾਰਾ ਬਾਰੇ ਗੰਭੀਰ ਚਰਚਾ ਦੀ ਸ਼ੁਰੂਆਤ ਕੀਤੀ ਹੈ। ਅੰਗਰੇਜ਼ੀ ਮੀਡੀਏ ਵਿਚ ਯੋਗੇਂਦਰ ਯਾਦਵ ਅਤੇ ਪ੍ਰਤਾਪ ਭਾਨੂ ਮਹਿਤਾ ਵਿਚ ਛਿੜੀ ਬਹਿਸ ਨੂੰ ਆਧਾਰ ਬਣਾ ਕੇ ਉਸ ਨੇ ਇਸ ਚਰਚਾ ਦਾ ਆਗਾਜ਼ ਕੀਤਾ ਹੈ।
ਸਵਰਾਜਬੀਰ ਨੇ ਯੋਗੇਂਦਰ ਯਾਦਵ ਦੀਆਂ ਇਨ੍ਹਾਂ ਦਲੀਲਾਂ ਨੂੰ ਸਹੀ ਠਹਿਰਾਇਆ ਹੈ ਕਿ “ਅਯੁਧਿਆ ਵਿਚ ਅੱਜ (5 ਅਗਸਤ) ਦਾ ਸਮਾਗਮ ਧਾਰਮਿਕ ਜਾਂ ਪਾਵਨ ਰਹੁ-ਰੀਤ ਨਹੀਂ ਹੈ। ਇਹ ਸਪਸ਼ਟ ਤੌਰ ਉਤੇ ਸਿਆਸੀ ਸਮਾਗਮ ਹੈ, ਜਿੱਤ ਦਾ ਕਰਮਕਾਂਡ। ਇਹ ਸਮਾਗਮ ਰਾਜਸੱਤਾ/ਤਾਕਤ ਦੀਆਂ ਕਈ ਪਰਤਾਂ ਦੇ ਮਿਲਾਪ ਦਾ ਪ੍ਰਤੀਕ ਹੈ। ਰਿਆਸਤ/ਸਟੇਟ ਦੀ ਤਾਕਤ, ਪ੍ਰਮੁਖ ਸਿਆਸੀ ਪਾਰਟੀ ਦੀ ਤਾਕਤ, ਬਹੁਗਿਣਤੀ ਫਿਰਕੇ ਦੀ ਕਰੂਰ/ਕਠੋਰ ਤਾਕਤ, ਆਧੁਨਿਕ ਮੀਡੀਏ ਦੀ ਤਾਕਤ ਅਤੇ ਧਾਰਮਿਕ ਸੱਤਾ ਦੀ ਤਾਕਤ।”
“ਇਸ ਜਿੱਤ ਦਾ ਸਿਹਰਾ ਹਿੰਦੂ ਰਾਸ਼ਟਰ ਦੇ ਆਗੂਆਂ ਸਿਰ ਨਹੀਂ ਬੱਝਣਾ ਚਾਹੀਦਾ। ਉਨ੍ਹਾਂ ਨੂੰ ਧਰਮ ਨਿਰਪੱਖ ਸਿਆਸਤ ਦੀ ਅਸਫਲਤਾ ਤੋਂ ਫਾਇਦਾ ਮਿਲਿਆ ਹੈ। ਧਰਮ ਨਿਰਪੱਖ ਸਿਆਸਤ ਦੇ ਪੈਰੋਕਾਰ ਇਸ ਹਾਰ ਲਈ ਜ਼ਿੰਮੇਵਾਰ ਹਨ।”
“ਧਰਮ ਨਿਰਪੱਖਤਾ ਦਾ ਸੰਕਲਪ ਇਸ ਕਰ ਕੇ ਹਾਰ ਗਿਆ, ਕਿਉਂਕਿ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਅਸਵੀਕਾਰ ਕੀਤਾ, ਕਿਉਂਕਿ ਇਹ ਸਾਡੀਆਂ ਰਵਾਇਤਾਂ ਦੀ ਭਾਸ਼ਾ ਸਿੱਖਣ ਵਿਚ ਅਸਫਲ ਰਿਹਾ, ਕਿਉਂਕਿ ਇਸ ਨੇ ਸਾਡੇ ਧਰਮਾਂ ਦੀ ਭਾਸ਼ਾ ਸਿੱਖਣ ਤੇ ਬੋਲਣ ਤੋਂ ਇਨਕਾਰ ਕੀਤਾ।”
ਸਵਰਾਜਬੀਰ ਯੋਗੇਂਦਰ ਯਾਦਵ ਦੀ ਉਕਤ ਦਲੀਲ ਨਾਲ ਅੰਸ਼ਕ ਸਹਿਮਤ ਹੁੰਦਿਆਂ ਟਿੱਪਣੀ ਕਰਦਾ ਹੈ, “ਨਿਸ਼ਚੇ ਹੀ ਧਰਮ ਨਿਰਪੱਖਤਾ ਦੇ ਪੈਰੋਕਾਰਾਂ ਨੂੰ ਦੇਸ਼ ਦੀਆਂ ਧਾਰਮਿਕ ਅਤੇ ਸਭਿਆਚਾਰਕ ਰਵਾਇਤਾਂ ਤੋਂ ਕੁਝ ਸਿੱਖਣਾ ਚਾਹੀਦਾ ਸੀ ਅਤੇ ਉਨ੍ਹਾਂ ਨੇ ਸਿਖਿਆ ਵੀ, ਪਰ ਉਸ ਸਿੱਖਣ ਤੇ ਬੋਲਣ ਵਿਚ ਧਰਮ ਦੀ ਭਾਸ਼ਾ ਜਾਂ ਧਾਰਮਿਕ ਭਾਸ਼ਾ ਵਿਚ ਬੋਲਣ ਤੋਂ ਕਿਸੇ ਹੱਦ ਤਕ ਪਰ੍ਹੇ ਹਟਣਾ, ਕੁਝ ਰਵਾਇਤਾਂ ਦਾ ਵਿਰੋਧ ਕਰਨਾ, ਕੁਝ ਨੂੰ ਅਸਵੀਕਾਰ ਕਰਨਾ ਨਿਹਿਤ ਹੈ।”
ਯੋਗੇਂਦਰ ਯਾਦਵ ਦੀ ਇਸ ਦਲੀਲ ਕਿ “ਧਰਮ ਨਿਰਪੱਖਤਾ ਦਾ ਸੰਕਲਪ ਇਸ ਲਈ ਹਾਰ ਗਿਆ ਕਿ ਇਸ (ਧਰਮ ਨਿਰਪੱਖਤਾ ਦੇ ਹਾਮੀਆਂ) ਨੇ ਹਿੰਦੂ ਧਰਮ ਦੀ ਨਵੀਂ ਵਿਆਖਿਆ ਕਰਨ ਦੀ ਥਾਂ ਹਿੰਦੂ ਧਰਮ ਦਾ ਮਖੌਲ ਉਡਾਇਆ”, ਦਾ ਜੁਆਬ ਦਿੰਦਿਆ ਸਵਰਾਜਬੀਰ ਨੇ ਲਿਖਿਆ ਹੈ, “ਵਿਰੋਧ ਕਰਨ ਅਤੇ ਮਖੌਲ ਉਡਾਉਣ ਵਿਚਲੀ ਲੀਕ ਬਹੁਤ ਧੁੰਦਲੀ ਹੁੰਦੀ ਹੈ। ਜਦੋਂ ਕੋਈ ਵਿਅਕਤੀ ਕਿਸੇ ਵੀ ਧਰਮ, ਵਿਚਾਰਧਾਰਾ ਜਾਂ ਰਵਾਇਤ ਦਾ ਵਿਰੋਧ ਕਰਦਾ ਹੈ ਤਾਂ ਉਸ ਵਿਚਾਰਧਾਰਾ ਦੇ ਸ਼ਰਧਾਲੂਆਂ ਨੂੰ ਲਗਦਾ ਹੈ ਕਿ ਉਹ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਖਿਲਵਾੜ ਕਰ ਰਿਹਾ ਹੈ, ਉਨ੍ਹਾਂ ਦਾ ਮਖੌਲ ਉਡਾ ਰਿਹਾ ਹੈ।”
ਇਸ ਦੀ ਮਿਸਾਲ ਦਿੰਦਿਆਂ ਸਵਰਾਜਬੀਰ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਭਗਤ ਕਬੀਰ ਜੀ ਦੀਆਂ ਇਨ੍ਹਾਂ ਤੁਕਾਂ ਦਾ ਹਵਾਲਾ ਦਿੱਤਾ ਹੈ, “ਜੋ ਤੂ ਬ੍ਰਾਹਮਣ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ਭਾਵ ਜੇ ਤੂੰ ਬ੍ਰਾਹਮਣੀ ਦੁਆਰਾ ਪੈਦਾ ਹੋਇਆ ਪੁੱਤਰ ਬ੍ਰਾਹਮਣ ਹੈ, ਜੋ ਆਪਣੇ ਆਪ ਨੂੰ ਸਭ ਤੋਂ ਵੱਖਰਾ ਦੱਸਦਾ ਹੈ ਤਾਂ ਤੂੰ ਕਿਸੇ ਹੋਰ ਜਨਮ-ਰਸਤੇ ਰਾਹੀਂ ਜਨਮ ਕਿਉਂ ਨਹੀਂ ਲਿਆ। ਇਥੇ ਕਬੀਰ ਜੀ ਬ੍ਰਾਹਮਣ ਦੇ ਜਾਤੀਵਾਦੀ ਅਭਿਮਾਨ ਉਤੇ ਵਿਅੰਗ ਕੱਸ ਰਹੇ ਹਨ। ਬ੍ਰਾਹਮਣ ਕਹਿ ਸਕਦੇ ਹਨ ਕਿ ਉਨ੍ਹਾਂ ਦਾ ਮਖੌਲ ਉਡਾਇਆ ਜਾ ਰਿਹਾ ਹੈ।”
ਕਬੀਰ ਸਾਹਿਬ ਦੀ ਬਾਣੀ ਦੇ ਕੁਝ ਹੋਰ ਹਵਾਲੇ ਦੇ ਕੇ ਸਵਰਾਜਬੀਰ ਲਿਖਦਾ ਹੈ, “ਇਹ ਦਲੀਲਾਂ ਲੋਕਾਂ ਦੀ ਬਹੁਗਿਣਤੀ ਨੂੰ ਨਾ 600 ਸਾਲ ਪਹਿਲਾਂ ਮਨਜ਼ੂਰ ਸਨ ਨਾ ਅੱਜ।” ਇਥੇ ਸਵਰਾਜਬੀਰ ਦੇ ਧਿਆਨ ਵਿਚ ਰੱਖਣ ਵਾਲੀ ਗੱਲ ਸਿਰਫ ਏਨੀ ਹੈ ਕਿ ਨੁਕਤਾ ਇਹ ਨਹੀਂ ਕਿ ਇਹ ਦਲੀਲਾਂ ਲੋਕਾਂ ਨੂੰ ਮਨਜ਼ੂਰ ਹਨ ਜਾਂ ਨਹੀਂ; ਨੁਕਤਾ ਇਹ ਹੈ ਕਿ ਕੀ ਇਹ ਦਲੀਲਾਂ ਅਟੱਲ ਕੁਦਰਤੀ ਨੇਮਾਂ ਦੇ ਸੱਚ ਦੀ ਪੁਸ਼ਟੀ ਕਰਦੀਆਂ ਹਨ ਜਾਂ ਨਹੀਂ?
ਚਰਚਾ ਨੂੰ ਅਗੇ ਤੋਰਨ ਤੋਂ ਪਹਿਲਾਂ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਧਰਮ ਨਿਰਪੱਖਤਾ ਦਾ ਸੰਕਲਪ ਖੱਬੇ ਪੱਖੀ ਜਾਂ ਮਾਰਕਸਵਾਦੀ ਸੰਕਲਪ ਨਹੀਂ ਹੈ, ਸਗੋਂ ਉਦਾਰ ਪੂੰਜੀਵਾਦ ਤੇ ਹੁਣ ਨਵ-ਉਦਾਰ ਪੂੰਜੀਵਾਦ ਦਾ ਸੰਕਲਪ ਹੈ। ਕਾਰਲ ਮਾਰਕਸ ਧਰਮ ਨਿਰਪੱਖਤਾ ਦੇ ਸੰਕਲਪ ਨੂੰ ਐਨ ਮੁਢ ਵਿਚ ਹੀ ਨਕਾਰ ਕੇ ਅੱਗੇ ਤੁਰਿਆ ਹੈ। ਯਹੂਦੀ ਧਰਮ ਦੇ ਮਸਲੇ ਬਾਰੇ ਗੱਲ ਕਰਦਿਆਂ ਮਾਰਕਸ ਦਾ ਬੜਾ ਸਪਸ਼ਟ ਕਥਨ ਹੈ, “ਅਸੀਂ ਇਹ ਜ਼ੋਰ ਨਹੀਂ ਦਿੰਦੇ ਕਿ ਸ਼ਹਿਰੀ ਸਭਿਅਕ ਲੋਕ ਆਪਣੀ ਧਰਮ ਨਿਰਪੱਖਤਾ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਪਣੀ ਧਾਰਮਿਕ ਤੰਗ-ਨਜ਼ਰੀ ਦੂਰ ਕਰਨ, ਅਸੀਂ ਜ਼ੋਰ ਦਿੰਦੇ ਹਾਂ ਕਿ ਇਕ ਵਾਰ ਜੇ ਉਹ ਆਪਣੀ ਧਰਮ ਨਿਰਪੱਖਤਾ ਤੋਂ ਛੁਟਕਾਰਾ ਪਾ ਲੈਣ ਤਾਂ ਉਹ ਆਪਣੀ ਧਾਰਮਿਕ ਤੰਗ-ਨਜ਼ਰੀ ਦੂਰ ਕਰ ਲੈਣਗੇ।”
ਆਪਣੇ ਤੋਂ ਪਹਿਲੇ ਭੌਤਿਕਵਾਦੀ ਫਿਲਾਸਫਰ ਫਿਊਰਬਾਖ ਨਾਲ ਧਰਮ ਨਿਰਪੱਖਤਾ ਬਾਰੇ ਚਰਚਾ ਕਰਦਿਆਂ ਉਸ ਦਾ ਕਹਿਣਾ ਹੈ, “ਫਿਊਰਬਾਖ ਧਾਰਮਿਕ ਸਵੈ-ਪਰਾਏਪਣ ਦੇ ਸੱਚ ‘ਇਕ ਕਲਪਿਤ ਧਾਰਮਿਕ ਸੰਸਾਰ ਅਤੇ ਇਕ ਧਰਮ ਨਿਰਪੱਖ ਸੰਸਾਰ’ ਦੀ ਦੋਹਰੀ ਵੰਡ ਤੋਂ ਸ਼ੁਰੂ ਕਰਦਾ ਹੈ। ਉਸ ਦਾ ਕੰਮ ਧਾਰਮਿਕ ਸੰਸਾਰ ਨੂੰ ਧਰਮ ਨਿਰਪੱਖ ਸੰਸਾਰ ਵਿਚ ਬਦਲਣਾ ਹੈ। ਉਹ ਇਹ ਸੱਚ ਉਕਾ ਹੀ ਅਣਗੌਲਿਆ ਕਰ ਦਿੰਦਾ ਹੈ ਕਿ ਇਹ ਕੰਮ ਪੂਰਾ ਕਰਨ ਤੋਂ ਬਾਅਦ (ਕੁਦਰਤ ਅਤੇ ਮਨੁੱਖ ਦੇ ਆਪਸੀ ਅਨੁਭਵੀ ਰਿਸ਼ਤੇ ਨੂੰ ਸਪਸ਼ਟ) ਕਰਨ ਵਾਲਾ ਮੁਖ ਕੰਮ ਫਿਰ ਵੀ ਰਹਿ ਜਾਏਗਾ। ਇਸ ਕਰ ਕੇ ਕਿ ਧਰਮ ਨਿਰਪੱਖ ਸੰਸਾਰ ਆਪਣੇ-ਆਪ ਵਿਚ ਹੀ ਉਚਾ ਉਠ ਜਾਏਗਾ ਅਤੇ (ਭਰਮਾਊ) ਬਦਲਾਂ ਵਿਚ ਆਪਣੇ-ਆਪ ਨੂੰ ਇਕ ਆਜ਼ਾਦ ਹਸਤੀ ਵਜੋਂ ਸਥਾਪਤ ਕਰ ਲਏਗਾ, ਜਿਸ ਦੀ ਸਿਰਫ ਧਰਮ ਨਿਰਪੱਖ ਸੰਸਾਰ ਦੇ ਅੰਦਰੂਨੀ ਵਿਰੋਧਾਂ ਤੇ ਗੁੰਝਲਦਾਰ ਵਿਰੋਧਤਾਈਆਂ ਦੇ ਆਧਾਰ ਉਤੇ ਹੀ ਵਿਆਖਿਆ ਕੀਤੀ ਜਾ ਸਕੇਗੀ। ਧਰਮ ਨਿਰਪੱਖਤਾ ਨੂੰ ਨਿਸ਼ਚਿਤ ਤੌਰ ‘ਤੇ ਆਪਣੀਆਂ ਵਿਰੋਧਤਾਈਆਂ ਵਿਚੋਂ ਹੀ ਸਮਝਿਆ ਜਾ ਸਕੇਗਾ ਅਤੇ ਫਿਰ ਇਨ੍ਹਾਂ ਵਿਰੋਧਤਾਈਆਂ ਨੂੰ ਦੂਰ ਕਰ ਕੇ ਹੀ ਧਰਮ ਦਾ ਇਨਕਲਾਬੀਕਰਨ ਕੀਤਾ ਜਾ ਸਕੇਗਾ।”
ਕਾਰਲ ਮਾਰਕਸ ਧਰਮ ਨਿਰਪੱਖਤਾ ਦਾ ਕਿਤੇ ਵੀ ਪੱਖ ਨਹੀਂ ਪੂਰਦਾ, ਸਗੋਂ ਉਹ ਇਸ ਨੂੰ ਮਨੁੱਖੀ ਸੋਚ ਅਤੇ ਸਮਾਜੀ ਚੇਤਨਾ ਵਿਚ ਹੋਰ ਉਲਝਣਾ ਪੈਦਾ ਕਰਨ ਵਾਲੇ ਵਰਤਾਰੇ ਵਜੋਂ ਵੇਖਦਾ ਹੈ। ਮਾਰਕਸ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਧਰਮ ਨਿਰਪੱਖਤਾ ਧਾਰਮਿਕ ਤੰਗ-ਨਜ਼ਰੀ ਨੂੰ ਦੂਰ ਨਹੀਂ ਕਰਦੀ, ਸਗੋਂ ਧਰਮ ਨਿਰਪੱਖਤਾ ਤੋਂ ਛੁਟਕਾਰਾ ਪਾ ਕੇ ਹੀ ਧਾਰਮਿਕ ਤੰਗ-ਨਜ਼ਰੀ ਦੂਰ ਹੋ ਸਕਦੀ ਹੈ। ਧਰਮ ਨਿਰਪੱਖਤਾ ਦਾ ਸੰਕਲਪ ਐਨ ਉਸੇ ਤਰ੍ਹਾਂ ਹੈ, ਜਿਵੇਂ ਮਾਰਕਸੀ ਭੌਤਿਕਵਾਦੀ ਦ੍ਰਿਸ਼ਟੀਕੋਣ ਦੇ ਸਪਸ਼ਟ ਹੋਣ ਪਿਛੋਂ ਵੀ ਨਾਸਤਿਕਤਾ ਦਾ ਮਰਿਆ ਸੱਪ ਕਮਿਊਨਿਸਟ ਲਹਿਰ ਦੇ ਗਲੇ ਪਾ ਦਿੱਤਾ ਗਿਆ ਹੈ, ਜਦੋਂ ਕਿ ਨਾਸਤਿਕਤਾ ਬਾਰੇ ਮਾਰਕਸ ਦਾ ਆਪਣਾ ਕਥਨ ਹੈ, “ਕਮਿਊਨਿਜ਼ਮ ਦੀ ਸ਼ੁਰੂਆਤ (ਓਵਨ ਤੋਂ) ਨਾਸਤਿਕਤਾ ਨਾਲ ਹੁੰਦੀ ਹੈ। ਨਾਸਤਿਕਤਾ ਪਹਿਲੀ ਨਜ਼ਰੇ ਹੀ ਕਮਿਊਨਿਜ਼ਮ ਤੋਂ ਦੂਰ ਹੈ। ਬੇਸ਼ਕ ਨਾਸਤਿਕਤਾ ਅਜੇ ਵੀ ਖਿਆਲੀ (ਕਲਪਿਤ) ਵਿਚਾਰ ਹੀ ਹੈ। ਇਕ ਨਾਸਤਿਕ ਮਨੁੱਖ ਦਾ ਪਰਉਪਕਾਰੀ ਜਜ਼ਬਾ ਪਹਿਲੀ ਨਜ਼ਰੇ ਹੀ ਦਾਰਸ਼ਨਿਕ ਹੈ, ਖਿਆਲੀ (ਕਲਪਿਤ) ਹੈ, ਪਰ ਕਮਿਊਨਿਸਟ ਮਨੁੱਖ ਦਾ ਪਰਉਪਕਾਰੀ ਜਜ਼ਬਾ ਹਕੀਕੀ ਅਤੇ ਸਦਾ ਹਰਕਤਸ਼ੀਲ ਹੈ।”… “ਮਨੁੱਖ ਤੇ ਕੁਦਰਤ ਦੇ ਕਲਪਿਤ ਰਿਸ਼ਤੇ ਦੀ ਹੋਂਦ ਤੋਂ ਇਨਕਾਰੀ ਹੋਣ ਵਜੋਂ ਹੁਣ ਨਾਸਤਿਕਤਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਨਾਸਤਿਕਤਾ ਰੱਬ ਤੋਂ ਇਨਕਾਰੀ ਹੋਣਾ ਹੈ ਅਤੇ ਇਹ ਮਨੁੱਖੀ ਹੋਂਦ ਦੀ ਧਾਰਨਾ ਰੱਬ ਤੋਂ ਇਨਕਾਰੀ ਹੋਣ ਵਜੋਂ ਬਣਾਉਂਦੀ ਹੈ; ਪਰ ਸਮਾਜਵਾਦ ਨੂੰ ਸਮਾਜਵਾਦ ਦੇ ਤੌਰ ‘ਤੇ ਹੁਣ ਅਜਿਹੀ ਕਿਸੇ ਵਿਚੋਲਗੀ ਦੀ ਲੋੜ ਨਹੀਂ। ਇਹ ਮਨੁੱਖ ਦੀ ਸਿਧਾਂਤਕ ਅਤੇ ਅਮਲੀ (ਇੰਦ੍ਰਿਆਵੀ) ਅਨੁਭਵੀ ਚੇਤਨਾ ਅਤੇ ਕੁਦਰਤ ਦੀ ਇਸ ਦੇ ਤੱਤ ਵਜੋਂ ਹੋਂਦ ਤੋਂ ਆਰੰਭ ਕਰਦਾ ਹੈ।” (ਸਵਰਾਜਬੀਰ ਵਲੋਂ ਸ਼ਹੀਦ ਭਗਤ ਸਿੰਘ ਦੇ ਨਾਸਤਿਕਤਾ ਬਾਰੇ ਦਿੱਤੇ ਗਏ ਹਵਾਲੇ ਦੇ ਪ੍ਰਸੰਗ ਵਿਚ)
ਯੋਗੇਂਦਰ ਯਾਦਵ ਦੇ ਇਸ ਕਥਨ ਕਿ “ਧਰਮ ਨਿਰਪੱਖਤਾ ਦਾ ਸੰਕਲਪ ਇਸ ਕਰ ਕੇ ਹਾਰ ਗਿਆ, ਕਿਉਂਕਿ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਅਸਵੀਕਾਰ ਕੀਤਾ, ਕਿਉਂਕਿ ਇਹ ਸਾਡੀਆਂ ਰਵਾਇਤਾਂ ਦੀ ਭਾਸ਼ਾ ਸਿੱਖਣ ਵਿਚ ਅਸਫਲ ਰਿਹਾ, ਕਿਉਂਕਿ ਇਸ ਨੇ ਸਾਡੇ ਧਰਮਾਂ ਦੀ ਭਾਸ਼ਾ ਸਿੱਖਣ ਤੇ ਬੋਲਣ ਤੋਂ ਇਨਕਾਰ ਕੀਤਾ”, ਬਾਰੇ ਸਵਰਾਜਬੀਰ ਦੀ ਟਿੱਪਣੀ ਹੈ, “ਇਹ ਸੁਆਲ ਏਨੇ ਸਿੱਧੇ ਤਰੀਕੇ ਨਾਲ ਪੁਛਿਆ ਗਿਆ ਹੈ, ਜਿਵੇਂ ਇਹ ਬਹੁਤ ਆਸਾਨ ਕੰਮ ਹੋਵੇ।”
ਦਰਅਸਲ ਸਵਰਾਜਬੀਰ ਨੂੰ ਏਨੀ ਕੀਮਤ ਤਾਰ ਕੇ ਵੀ ਅਜੇ ਜੇ ਇਹ ਸੁਆਲ ਔਖਾ ਲੱਗ ਰਿਹਾ ਹੈ ਤਾਂ ਇਸ ਦਾ ਕਾਰਨ ਫਿਰ ਇਹੀ ਹੈ ਕਿ ਉਹ ਅਜੇ ਵੀ ਇਸ ਸੁਆਲ ਨੂੰ ਪੱਛਮੀ ਬੌਧਿਕਤਾ ਦੇ ਚੌਖਟੇ ਵਿਚੋਂ ਹੀ ਵੇਖ ਰਿਹਾ ਹੈ। ਜੇ ਉਹ ਇਸ ਸੁਆਲ ਨੂੰ ਵੈਦਿਕ ਫਿਲਾਸਫੀ ਦੇ ਚੌਖਟੇ ਵਿਚੋਂ ਵੇਖੇ ਤਾਂ ਉਸ ਨੂੰ ਇਸ ਸੁਆਲ ਦੀ ਬੜੀ ਛੇਤੀ ਸਮਝ ਆ ਸਕਦੀ ਹੈ। ਇਥੇ ਇਹ ਵੀ ਸਪਸ਼ਟ ਕਰਨ ਦੀ ਲੋੜ ਹੈ ਕਿ ਵੈਦਿਕ ਫਿਲਾਸਫੀ ਨਿਰੋਲ ਬ੍ਰਾਹਮਣੀ ਵਿਚਾਰਧਾਰਾ ਨਹੀਂ ਹੈ।
ਸਵਰਾਜਬੀਰ ਨੇ ਡਾ. ਅੰਬੇਡਕਰ ਦੀ ਮਸ਼ਹੂਰ ਲਿਖਤ ‘ਜਾਤ-ਪਾਤ ਦਾ ਬੀਜ ਨਾਸ’ ਦਾ ਹਵਾਲਾ ਦਿੱਤਾ ਹੈ। ਇਸ ਹਵਾਲੇ ਅਨੁਸਾਰ ਡਾ. ਅੰਬੇਡਕਰ ਦਾ ਕਥਨ ਹੈ, “ਮੈਨੂੰ ਬਹੁਤ ਤਸਲੀ ਹੋਵੇਗੀ, ਜੇ ਮੈਂ ਹਿੰਦੂਆਂ ਨੂੰ ਇਹ ਮਹਿਸੂਸ ਕਰਵਾ ਸਕਾਂ ਕਿ ਉਹ ਭਾਰਤ ਦੇ ਬਿਮਾਰ ਲੋਕ ਹਨ ਅਤੇ ਉਨ੍ਹਾਂ ਦੀ ਬਿਮਾਰੀ ਬਾਕੀ ਦੇ ਹਿੰਦੋਸਤਾਨੀਆਂ ਦੀ ਸਿਹਤ ਅਤੇ ਖੁਸ਼ੀ ਲਈ ਖਤਰਾ ਹੈ।”
ਸਵਰਾਜਬੀਰ ਲਿਖਦਾ ਹੈ ਕਿ “ਹਿੰਦੂ ਧਰਮ ਵਿਚਲੇ ਜਾਤੀਵਾਦ ਦੀ ਲੋਹ-ਜਕੜ ਤੋਂ ਬੀ. ਆਰ. ਅੰਬੇਡਕਰ ਏਨਾ ਨਿਰਾਸ਼ ਹੋਇਆ ਕਿ ਉਸ ਨੇ ਹਿੰਦੂ ਧਰਮ ਨੂੰ ਛੱਡ ਕੇ ਬੁਧ ਧਰਮ ਦੀ ਸ਼ਰਨ ਲਈ।”
ਬੇਸ਼ਕ ਇਹ ਡਾ. ਅੰਬੇਡਕਰ ਦੀ ਸੋਚ ਦਾ ਇਕ ਪੱਖ ਹੈ। ਉਨ੍ਹਾਂ ਦੀ ਫਿਲਾਸਫੀ ਦਾ ਇਕ ਹੋਰ ਪੱਖ ਵੀ ਹੈ। ਉਨ੍ਹਾਂ ਵੈਦਿਕ ਫਿਲਾਸਫੀ ਦੀ ਭਰਵੀਂ ਪੁਣ-ਛਾਣ ਕਰ ਕੇ ਸਾਡੇ ਗਿਆਨ ਵਿਚ ਮੌਲਿਕ ਵਾਧਾ ਕੀਤਾ ਹੈ। ਉਨ੍ਹਾਂ ਨੇ ਵੈਦਿਕ ਫਿਲਾਸਫੀ ਦੀਆਂ ਭੌਤਿਕਵਾਦੀ ਅਤੇ ਆਦਰਸ਼ਵਾਦੀ-ਦੋ ਧਾਰਾਵਾਂ ਵਿਚਕਾਰ ਸਪਸ਼ਟ ਨਿਖੇੜਾ ਕੀਤਾ ਹੈ। ਇਹ ਨਿਖੇੜਾ ਸਾਨੂੰ ਬ੍ਰਾਹਮਣਵਾਦ ਦੀ ਮਨ-ਕਲਪਿਤ ਘਾੜਤ ਬ੍ਰਹਮਾ ਦੀ ਜੜ੍ਹ ਤਕ ਪਹੁੰਚਣ ਵਿਚ ਮਦਦ ਕਰਦਾ ਹੈ।
ਡਾ. ਅੰਬੇਡਕਰ ਦੇ ਆਪਣੇ ਕਥਨ ਅਨੁਸਾਰ “ਭਾਵੇਂ ਹਿੰਦੂ ਧਰਮ ਅਤੇ ਹਿੰਦੂ ਫਿਲਾਸਫੀ ਦੀ ਸੋਚ ਭਾਈਚਾਰੇ ਦੇ ਸਿਧਾਂਤ ਤੋਂ ਅਣਜਾਣ ਹੈ, ਪਰ ਹਿੰਦੂ ਧਰਮ ਅਤੇ ਹਿੰਦੂ ਫਿਲਾਸਫੀ ਦੀ ਸੋਚ ਨੇ ਅਜਿਹੇ ਸੰਕਲਪ ਨੂੰ ਜਨਮ ਦਿੱਤਾ ਹੈ, ਜਿਸ ਦੀਆਂ ਸਮਾਜੀ ਜਮਹੂਰੀਅਤ ਲਈ ਭਾਈਚਾਰੇ ਦੇ ਸਿਧਾਂਤ ਨਾਲੋਂ ਵੀ ਕਿਤੇ ਵਧ ਸੰਭਾਵਨਾਵਾਂ ਹਨ। ਇਹ ਸੰਕਲਪ ਬ੍ਰਹਮਵਾਦ ਦਾ ਸਿਧਾਂਤ ਹੈ। ਇਹ ਮੰਨਣਾ ਅਤੇ ਅਹਿਸਾਸ ਕਰਨਾ ਕਿ ਤੁਸੀਂ ਅਤੇ ਮੈਂ ਸਾਰੇ ਇਕੋ ਹੀ ਬ੍ਰਹਮ ਦਾ ਅੰਸ਼ ਹਾਂ ਤਾਂ ਇਹ ਜਮਹੂਰੀਅਤ ਤੋਂ ਬਿਨਾ ਕਿਸੇ ਹੋਰ ਸਿਧਾਂਤ ਵਾਸਤੇ ਕੋਈ ਥਾਂ ਹੀ ਨਹੀਂ ਛੱਡਦਾ। ਇਹ ਸੋਚ ਜਮਹੂਰੀਅਤ ਦਾ ਸਿਰਫ ਪ੍ਰਚਾਰ ਹੀ ਨਹੀਂ ਕਰਦੀ, ਸਗੋਂ ਜਮਹੂਰੀਅਤ ਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਾ ਦਿੰਦੀ ਹੈ। ਜਮਹੂਰੀਅਤ ਨੂੰ ਮਨੁੱਖ ਦੀ ਲੋੜ ਬਣਾ ਦਿੰਦੀ ਹੈ।”
ਡਾ. ਅੰਬੇਡਕਰ ਨੇ ਲਿਖਿਆ ਹੈ, “ਜੇ ਕੋਈ ਪੁੱਛੇ ਕਿ ਇਹ ਬ੍ਰਹਮਵਾਦ ਕੀ ਹੈ ਤਾਂ ਇਹ ਹੈਰਾਨੀਜਨਕ ਨਹੀਂ ਹੋਵੇਗਾ। ਕਿਉਂਕਿ ਹਿੰਦੂਆਂ ਲਈ ਵੀ ਇਹ ਨਵਾਂ ਸਿਧਾਂਤ ਹੈ। ਹਿੰਦੂ ਵੇਦਾਂਤ ਤੋਂ ਜਾਣੂ ਹਨ, ਉਹ ਬ੍ਰਾਹਮਣਵਾਦ ਤੋਂ ਜਾਣੂ ਹਨ, ਪਰ ਨਿਸ਼ਚਿਤ ਤੌਰ ਉਤੇ ਉਹ ਬ੍ਰਹਮਵਾਦ ਤੋਂ ਜਾਣੂ ਨਹੀਂ ਹਨ। ਬ੍ਰਹਮਵਾਦ ਦੇ ਤੱਤ ਨੂੰ ਇਕ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ ਕਿ ਸਾਡੇ ਆਲੇ-ਦੁਆਲੇ ਦਿਸ ਰਿਹਾ ਸਗਲ ਪਸਾਰਾ ਬ੍ਰਹਮ ਹੈ।”
ਇਸੇ ਆਧਾਰ ‘ਤੇ ਡਾ. ਅੰਬੇਡਕਰ ਨੇ ਪੱਛਮੀ ਤਰਜ਼ ਦੀ ਪ੍ਰਚਲਿਤ ਜਮਹੂਰੀਅਤ ਦੀ ਆਲੋਚਨਾ ਕੀਤੀ ਹੈ, “ਪੱਛਮੀ ਤਰਜ਼ ਦੀ ਜਮਹੂਰੀਅਤ ਦਾ ਆਧਾਰ ਇਹ ਹੈ ਕਿ ਅਸੀਂ ਸਾਰੇ ਪਰਮਾਤਮਾ (ਗਾਡ) ਦੇ ਬੱਚੇ ਹਾਂ। ਇਹ ਵਿਚਾਰ ਜਮਹੂਰੀਅਤ ਦੀ ਬੜੀ ਕਮਜ਼ੋਰ ਬੁਨਿਆਦ ਹੈ। ਇਹੀ ਕਾਰਨ ਹੈ ਕਿ ਜਿਥੇ ਕਿਤੇ ਵੀ (ਪੱਛਮੀ ਤਰਜ਼ ਦੀ) ਜਮਹੂਰੀਅਤ ਦੀ ਸਿਰਜਣਾ ਹੋਈ ਹੈ, ਉਥੇ ਹੀ ਇਹ ਇਸ ਕਮਜ਼ੋਰ ਬੁਨਿਆਦ ਉਤੇ ਖੜ੍ਹੀ ਹੈ। ਜਮਹੂਰੀਅਤ ਦੇ ਪੱਛਮੀ ਵਿਦਿਆਰਥੀਆਂ ਨੇ ਇਹ ਵਿਸ਼ਵਾਸ ਪ੍ਰਚਾਰਿਆ ਹੈ ਕਿ ਜਮਹੂਰੀਅਤ ਦਾ ਮੂਲ ਆਧਾਰ ਇਸਾਈ ਧਰਮ ਜਾਂ ਪਲੈਟੋ ਦੀ ਫਿਲਾਸਫੀ ਹੈ ਅਤੇ ਜਮਹੂਰੀਅਤ ਦਾ ਹੋਰ ਕੋਈ ਸੋਮਾ ਨਹੀਂ; ਪਰ ਜੇ ਕਿਤੇ ਉਹ ਜਾਣਦੇ ਕਿ ਭਾਰਤ ਨੇ ਬ੍ਰਹਮਵਾਦ ਦਾ ਸਿਧਾਂਤ ਵਿਕਸਿਤ ਕੀਤਾ ਹੈ, ਜੋ ਜਮਹੂਰੀਅਤ ਦੀ ਸਭ ਤੋਂ ਵਧੀਆ ਬੁਨਿਆਦ ਬਣਦਾ ਹੈ, ਤਾਂ ਉਹ ਏਨੇ ਕੱਟੜਵਾਦੀ ਨਾ ਹੁੰਦੇ।”
ਡਾ. ਅੰਬੇਡਕਰ ਨੇ ਇਹ ਜਾਣਕਾਰੀ ਵੀ ਦਿੱਤੀ ਹੈ, “ਹਿੰਦੂ ਧਰਮ ਦਾ ਸਮੁੱਚਾ ਸਦਾਚਾਰ ਤੇ ਧਾਰਮਿਕ ਮਾਨਤਾਵਾਂ ਸਿਮ੍ਰਿਤੀਆਂ ਵਿਚ ਦਰਜ ਹਨ। ਇਹ ਸਿਮ੍ਰਿਤੀਆਂ 108 ਦੇ ਕਰੀਬ ਹਨ। ਇਨ੍ਹਾਂ ਸਿਮ੍ਰਿਤੀਆਂ ਵਿਚੋਂ ਹੀ ਹਿੰਦੂ ਧਰਮ ਤੇ ਇਸ ਦਾ ਨੀਤੀ ਸ਼ਾਸਤਰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਸਿਮ੍ਰਿਤੀਆਂ ਦਾ ਇਕ ਸਾਂਝਾ ਸ੍ਰੋਤ ਹੈ, ਮਨੂ ਸਿਮ੍ਰਿਤੀ।”
ਮਨੂ ਸਿਮ੍ਰਿਤੀ ਦਾ ਆਰੰਭ ਇਨ੍ਹਾਂ ਸ਼ਬਦਾਂ ਨਾਲ ਹੁੰਦਾ ਹੈ, “ਆਦਿ ਕਾਲ ਦੀ ਗੱਲ ਹੈ। ਇਕ ਸਥਾਨ ਉਤੇ ਮਹਾਰਿਸ਼ੀ ਲੋਗ ਇਕਾਗਰ-ਚਿਤ ਅਤੇ ਸੁਖੀ ਆਸਣ ਵਿਚ ਬੈਠੇ ਭਗਵਾਨ ਮਨੂ ਦੇ ਕੋਲ ਪੂਰੀ ਸ਼ਰਧਾ ਭਗਤੀ ਨਾਲ ਜਾ ਕੇ ਪ੍ਰਸ਼ਨ ਕਰਤਾ ਦੇ ਰੂਪ ਵਿਚ ਬੋਲੇ। ਹੇ ਭਗਵਾਨ! ਸਾਰੇ ਵਰਣਾਂ- ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਅਤੇ ਬ੍ਰਾਹਮਣ ਵਰਣ ਦੇ ਪਿਤਾ ਤੇ ਵੈਸ਼ ਵਰਣ ਦੀ ਮਾਤਾ ਦੇ ਸੰਜੋਗ ਆਦਿ ਭਾਵ ਉਚ ਵਰਣ ਦੇ ਪਿਤਾ ਤੇ ਹੇਠਲੇ ਵਰਣ ਦੀ ਮਾਤਾ ਦੇ ਸੰਜੋਗ ਤੋਂ, ਬ੍ਰਾਹਮਣ ਵਰਣ ਦੇ ਪਿਤਾ ਤੇ ਖਤਰੀ ਵਰਣ ਦੀ ਮਾਤਾ ਦੇ ਸੰਜੋਗ ਤੋਂ ਤਥਾ ਇਸ ਦੇ ਉਲਟ ਹੇਠਲੇ ਵਰਣ ਦੇ ਪੁਰਸ਼ ਤੇ ਬ੍ਰਾਹਮਣ ਵਰਣ ਦੀ ਮਾਤਾ ਦੇ ਸੰਜੋਗ ਤੋਂ ਪੈਦਾ ਹੋਈ ਔਲਾਦ ਦੇ ਕ੍ਰਮਵਾਰ ਨਿਭਾਏ ਜਾਣ ਵਾਲੇ ਧਰਮ ਨੂੰ ਕਹਿਣ ਦੇ ਤੁਸੀਂ ਯੋਗ ਹੋ, ਇਸ ਲਈ ਕਿਰਪਾ ਕਰ ਕੇ ਉਨ੍ਹਾਂ ਨੂੰ ਕਹੋ।
ਅੰਡਜ, ਜੇਰਜ, ਸੇਤਜ, ਉਤਭੁਜ ਭਾਵ ਸਾਰੇ ਜੀਵ ਸਮੂਹਾਂ ਦੇ ਜਨਮ ਤੇ ਮੌਤ, ਉਨ੍ਹਾਂ ਦੇ ਕਰਨ ਵਾਲੇ ਤੇ ਨਾ ਕਰਨ ਵਾਲੇ ਕੰਮਾਂ, ਉਨ੍ਹਾਂ ਦੇ ਵਿਸ਼ਵਾਸਾਂ ਤੇ ਉਨ੍ਹਾਂ ਦੇ ਆਚਾਰ ਨੂੰ ਯਥਾਯੋਗ ਤੇ ਇੱਛਾ ਅਨੁਸਾਰ ਕਹਿਣ ਦੇ ਤੁਸੀਂ ਯੋਗ ਹੋ, ਇਸ ਲਈ ਕਿਰਪਾ ਕਰ ਕੇ ਉਨ੍ਹਾਂ ਨੂੰ ਕਹੋ; ਕਿਉਂਕਿ ਹੇ ਪ੍ਰਭੂ! ਸਿਰਫ ਤੁਸੀਂ ਹੀ ਇਕ ਪੂਰਨ ਅਲੌਕਿਕ ਈਸ਼ਵਰ, ਮਨੁੱਖੀ ਸੋਚ ਤੋਂ ਪਾਰ ਤਥਾ ਅਮਿਤ ਵੇਦ ਦੇ ਸਦੀਵੀ ਗਿਆਨ ਦੇ ਜਾਣਨਹਾਰ, ਯਗ ਕਰਤਾ ਤੇ ਬ੍ਰਹਮਾ ਨੂੰ ਜਾਣਨ ਵਾਲੇ ਮੰਨੇ ਗਏ ਹੋ।
ਫਿਰ ਮਹਾਰਿਸ਼ੀਆਂ ਵਲੋਂ ਇਸ ਤਰ੍ਹਾਂ ਪੁੱਛੇ ਗਏ ਸੁਆਲਾਂ ਬਾਰੇ ਅਪਾਰ ਗਿਆਨ ਵਾਲੇ ਮਨੂ ਉਨ੍ਹਾਂ ਸਾਰੇ ਮਹਾਰਿਸ਼ੀਆਂ ਦਾ ਉਚਿਤ ਸਤਿਕਾਰ ਕਰ ਕੇ ਬੋਲੇ, ਸੁਣੋ! ਪਰਲੋ ਕਾਲ ਵਿਚ ਇਹ ਸੰਸਾਰ ਹਨੇਰੇ ਵਿਚ ਲੀਨ, ਅਣਜਾਣ, ਚਿਹਨ ਰਹਿਤ, ਪ੍ਰਮਾਣ ਆਦਿ ਤਰਕ ਤੋਂ ਹੀਣ, ਅਣਜਾਣਿਆ ਤਥਾ ਪੂਰਨ ਰੂਪ ਵਿਚ ਸੁਪਤ ਅਵਸਥਾ ਵਿਚ ਸੀ, ਤਾਂ ਫਿਰ ਆਪਣੀ ਇੱਛਾ ਨਾਲ ਸਰੀਰ ਧਾਰਨ ਕਰਨ ਵਾਲੇ, ਮਨੁੱਖੀ ਇੰਦ੍ਰੀਆਂ ਦੀ ਪਕੜ ਵਿਚ ਨਾ ਆਉਣ ਵਾਲੇ ਅਦ੍ਰਿਸ਼ਟ, ਅਮਿਤ ਸਰਬਸ਼ਕਤੀਮਾਨ ਹਨੇਰੇ ਨੂੰ ਦੂਰ ਕਰਨ ਵਾਲੇ ਭਗਵਾਨ, ਆਕਾਸ਼ ਆਦਿ ਮੂਲ ਤੱਤਾਂ ਸਮੇਤ ਪ੍ਰਗਟ ਹੋਏ। ਜਿਹੜੇ ਭਗਵਾਨ ਮਨੁੱਖੀ ਗਿਆਨ ਇੰਦ੍ਰੀਆਂ ਦੀ ਪਹੁੰਚ ਅਤੇ ਸਮੂਹ ਪ੍ਰਾਣੀਆਂ ਦੀ ਸੋਚ ਤੋਂ ਪਾਰ, ਸੂਖਮ ਸਰੂਪ, ਅਗਮ, ਸਦਾ ਰਹਿਣ ਵਾਲੇ ਹਨ, ਉਹ ਖੁਦ ਪ੍ਰਗਟ ਹੋਏ। ਫਿਰ ਉਸ ਪਰਮਾਤਮਾ ਨੇ ਅਨੇਕ ਤਰ੍ਹਾਂ ਦੀ ਪਰਜਾ ਦੀ ਸਿਰਜਣਾ ਕਰਨ ਦੀ ਇੱਛਾ ਨਾਲ ਸਭ ਤੋਂ ਪਹਿਲਾਂ ਪਾਣੀ ਦੀ ਸਿਰਜਣਾ ਕੀਤੀ ਅਤੇ ਉਸ ਪਾਣੀ ਵਿਚ ਸ਼ਕਤੀ ਰੂਪੀ ਬੀਜ ਬੀਜਿਆ। ਇਸ ਬੀਜ ਨੇ ਹਜ਼ਾਰਾਂ ਸੂਰਜਾਂ ਦੇ ਬਰਾਬਰ ਪ੍ਰਕਾਸ਼ ਵਾਲੇ ਸੋਨੇ ਜਿਹੇ ਸ਼ੁਧ ਆਂਡੇ ਦਾ ਰੂਪ ਧਾਰਨ ਕਰ ਲਿਆ ਅਤੇ ਫਿਰ ਉਸ ਆਂਡੇ ਵਿਚੋਂ ਸਮੂਹ ਲੋਕਾਂ ਦੀ ਸਿਰਜਣਾ ਕਰਨ ਵਾਲੇ ਬ੍ਰਹਮਾ ਜੀ ਪੈਦਾ ਹੋਏ।”
ਮਨੂ ਸਿਮ੍ਰਿਤੀ ਵਿਚ ਹੀ ਵਰਣ ਵੰਡ ਦੇ ਰੂਪ ਵਿਚ ਜਾਤ-ਪਾਤ ਦੇ ਬੀਜ ਬੀਜੇ ਗਏ ਹਨ। ਔਰਤਾਂ ਨੂੰ ਸ਼ੂਦਰਾਂ ਦਾ ਦਰਜਾ ਦਿੱਤਾ ਗਿਆ ਹੈ। ਜਿਸ ਦਾ ਖਮਿਆਜ਼ਾ ਹੁਣ ਤਕ ਇਸ ਦੇ ਲਿਖੇ ਜਾਣ ਤੋਂ ਹਜ਼ਾਰਾਂ ਸਾਲਾਂ ਬਾਅਦ ਵੀ ਮਨੁੱਖ ਜਾਤੀ ਦਾ ਵੱਡਾ ਹਿੱਸਾ ਭੁਗਤ ਰਿਹਾ ਹੈ। ਇਹੀ ਮਨੂ ਸਿਮ੍ਰਿਤੀ ਮਨ-ਕਲਪਿਤ ਬ੍ਰਾਹਮਣਵਾਦ ਭਾਵ ਮਨ-ਕਲਪਿਤ ਦੇਵੀ-ਦੇਵਤਿਆਂ ਦੀ ਭਗਤੀ ਦੇ ਨਾਂ ਉਤੇ ਅਨੇਕ ਕਿਸਮ ਦੇ ਕਰਮਕਾਂਡ ਦੀ ਜਨਕ ਹੈ। ਇਕ ਸੁਆਲ ਅਕਸਰ ਕੀਤਾ ਜਾਂਦਾ ਹੈ ਕਿ ਗੁਲਾਮਦਾਰੀ ਤਾਂ ਦੁਨੀਆਂ ਭਰ ਦੇ ਲਗਪਗ ਸਾਰੇ ਹੀ ਸਮਾਜਾਂ ਵਿਚ ਰਹੀ ਹੈ, ਪਰ ਜਾਤ-ਪਾਤ ਜਿਹਾ ਚੀੜ੍ਹਾ ਸਮਾਜੀ ਪ੍ਰਬੰਧ ਸਿਰਫ ਸਾਡੇ ਹੀ ਦੇਸ਼ ਵਿਚ ਕਿਉਂ ਮੌਜੂਦ ਹੈ, ਜੋ ਗੁਲਾਮਦਾਰੀ ਯੁਗ ਦੇ ਖਤਮ ਹੋ ਜਾਣ ਦੇ ਬਾਵਜੂਦ ਅਜੇ ਤਕ ਵੀ ਕਾਇਮ ਹੈ? ਇਸ ਸੁਆਲ ਦਾ ਜੁਆਬ ਮਨੂ ਸਿਮ੍ਰਿਤੀ ਦੇ ਸੂਤਰਾਂ ਵਿਚ ਦਰਜ ਹੈ, ਜਿਨ੍ਹਾਂ ਨੇ ਜਾਤ-ਪਾਤ ਨੂੰ ਧਾਰਮਿਕ ਰੰਗਤ ਦੇ ਕੇ ਇਨ੍ਹਾਂ ਨੂੰ ਮੰਨਣਾ ਇਕ ‘ਰੱਬੀ’ ਆਦੇਸ਼ ਬਣਾ ਦਿੱਤਾ ਹੈ।
ਮਨੂ ਸਿਮ੍ਰਿਤੀ ਵਿਚ ਦਰਜ ਹੈ, “ਉਸ ਮਹਾਨ ਤੇਜ ਵਾਲੇ ਬ੍ਰਹਮਾ ਨੇ ਇਸ ਲੋਕ ਦੀ ਰਾਖੀ ਲਈ ਆਪਣੇ ਮੂੰਹ, ਬਾਹਾਂ, ਜੰਘਾ ਅਤੇ ਪੈਰਾਂ ਵਿਚੋਂ ਕ੍ਰਮਵਾਰ ਚੌਹਾਂ ਵਰਣਾਂ ਨੂੰ ਪੈਦਾ ਕੀਤਾ ਅਤੇ ਇਨ੍ਹਾਂ ਦੇ ਵੱਖ-ਵੱਖ ਕੰਮ ਨਿਸ਼ਚਿਤ ਕਰ ਦਿੱਤੇ। ਈਸ਼ਵਰ ਨੇ ਸ਼ੂਦਰਾਂ ਲਈ ਇਹ ਹੀ ਕੰਮ ਕਰਨ ਦਾ ਆਦੇਸ਼ ਦਿੱਤਾ ਕਿ ਉਹ ਦੂਜੇ ਤਿੰਨਾਂ ਵਰਣਾਂ (ਸੁਵਰਣਾਂ) ਦੀ ਸੇਵਾ ਕਰਨ। ਰਾਜੇ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਸ਼ੂਦਰਾਂ ਨੂੰ ਉਨ੍ਹਾਂ ਲਈ ਨੀਯਤ ਕੀਤੇ ਹੋਏ ਕੰਮ ਕਰਨ ਲਈ ਲਾਵੇ। ਜੇ ਉਹ ਆਪਣੇ ਨਿਯਤ ਕੀਤੇ ਕੰਮ ਤੋਂ ਮੁਨਕਰ ਹੋਣਗੇ ਤਾਂ ਉਹ ਸਾਰੇ ਜਗਤ ਨੂੰ ਹੀ ਪ੍ਰੇਸ਼ਾਨੀ ਵਿਚ ਪਾ ਦੇਣਗੇ।” ਇਹੀ ਮਨੂਵਾਦੀ ਸੋਚ ਅਤੇ ਇਸ ਦੇ ਆਧਾਰ ਉਤੇ ਬਣੀ ਬ੍ਰਾਹਮਣੀ ਮਾਨਸਿਕਤਾ ਨੇ ਹੀ ਅਗਲੇ ਸਮੇਂ ਵਿਚ ਵਰਣ ਵੰਡ ਨੂੰ ਜਾਤਪਾਤ ਦਾ ਰੂਪ ਦੇ ਕੇ ਸਾਰੇ ਸਮਾਜ ਨੂੰ ਦਰਜਾ-ਬਦਰਜੀ ਖਾਨਿਆਂ ਵਿਚ ਵੰਡ ਦਿੱਤਾ। ਇਹੀ ਵੰਡ ਸਾਡੇ ਦੇਸ਼ ਦੀਆਂ ਸਾਰੀਆਂ ਸਮਸਿਆਵਾਂ ਦੀ ਜੜ੍ਹ ਹੈ। ਇਸ ਵੰਡ ਦੇ ਆਧਾਰ ਉਤੇ ਬਣੀ ਸੋਚ ਅਤੇ ਮਾਨਸਿਕਤਾ ਹੀ ਸਮੂਹ ਲੋਕਾਂ ਦਾ ਇਕ ਭਾਈਚਾਰਾ ਬਣਨ ਵਿਚ ਸਭ ਤੋਂ ਵਡੀ ਰੁਕਾਵਟ ਹੈ।
ਮਨੁੱਖੀ ਸਮਾਜ ਦੇ ਐਨ ਮੁੱਢ ਵਿਚ ਕੁਦਰਤੀ ਤੌਰ ‘ਤੇ ਵਿਕਸਿਤ ਹੋਇਆ ਔਰਤ ਪ੍ਰਧਾਨ ਸਮਾਜ ਭਾਰੂ ਸੀ। ਪਿਛੋਂ ਜਦੋਂ ਨਿਜੀ ਜਾਇਦਾਦ ਉਤੇ ਆਧਾਰਿਤ ਪਿਤਾ-ਪੁਰਖੀ ਮਰਦ ਪ੍ਰਧਾਨ ਸਮਾਜ ਹੋਂਦ ਵਿਚ ਆਇਆ ਤਾਂ ਕੁਦਰਤੀ ਦਸਤੂਰ ਦੇ ਉਲਟ ਬਣੇ ਇਸ ਜਾਤ-ਪਾਤੀ ਸਮਾਜ ਦੀ ਵਾਜਬੀਅਤ ਠਹਿਰਾਉਣ ਲਈ ਕਿਸੇ ਜਾਅਲੀ ‘ਰੱਬੀ’ ਹਸਤੀ ਦਾ ਮਾਨਸਿਕ ਬਿੰਬ ਘੜਨ ਦੀ ਲੋੜ ਪਈ। ਉਸੇ ਲੋੜ ਵਿਚੋਂ ਇਕ ਛੋਟੇ ਜਿਹੇ ਸ੍ਰੇਸ਼ਠ ਪੁਜਾਰੀ (ਬ੍ਰਾਹਮਣ) ਵਰਗ ਨੇ ‘ਬ੍ਰਹਮ’ ਦੇ ਵਿਅਕਤੀ ਰੂਪ ਮਨ-ਕਲਪਿਤ ਬ੍ਰਹਮਾ ਦੀ ‘ਰੱਬੀ’ ਹਸਤੀ ਦਾ ਮਾਨਸਿਕ ਬਿੰਬ ਘੜ ਲਿਆ। ਹੱਥੀਂ ਕਿਰਤ ਨਾਲੋਂ ਟੁਟ ਕੇ ਵਿਹਲੜ ਜ਼ਿੰਦਗੀ ਜਿਉਣ ਤੇ ਰਾਜਸੀ-ਸਮਾਜੀ ਤੇ ਪਦਾਰਥਕ ਸਹੂਲਤਾਂ ਮਾਣਨ ਦੀ ਆਪਣੀ ਲਾਲਸਾ ਅਧੀਨ, ਆਮ ਬੌਧਿਕ ਅਤੇ ਮਾਨਸਿਕ ਕੰਗਾਲੀ ਦੇ ਉਸ ਦੌਰ ਵਿਚ, ਆਪਣੇ ਆਪ ਨੂੰ ‘ਰੱਬੋਂ’ ਉਚ ਜਾਤੀ ਸਾਬਤ ਕਰਨ ਵਾਸਤੇ, ਸਮਾਜ ਵਿਚ ਕਰਮਕਾਂਡ, ਵਰਣ ਵੰਡ ਅਤੇ ਜਾਤ-ਪਾਤੀ ਕੋਹੜ ਫੈਲਾਉਣ ਦਾ ਧਾਰਮਿਕ ਆਧਾਰ ਤਿਆਰ ਕਰਨ ਲਈ, ਬ੍ਰਹਮਾ ਦੇ ਰੂਪ ਵਿਚ ਘੜੀ ਇਹੀ ਮਾਨਸਿਕ ਕਲਪਨਾ ਅੱਜ ਤਕ ਮਨੁੱਖ ਜਾਤੀ ਨੂੰ ਊਚ-ਨੀਚ ਵਿਚ ਵੰਡਣ ਅਤੇ ਅਨੇਕ ਕਿਸਮ ਦੇ ਕਰਮਕਾਂਡੀ ਭਰਮਜਾਲ ਫੈਲਾਉਣ ਦਾ ਮੂਲ ਆਧਾਰ ਬਣੀ ਹੋਈ ਹੈ।
ਡਾ. ਅੰਬੇਡਕਰ ਤੇ ਬਾਬੂ ਕਾਂਸ਼ੀ ਰਾਮ ਵਾਂਗ ਜੇ ਸਵਰਾਜਬੀਰ ਇਸ ਮਨੂਵਾਦੀ ਸੋਚ ਦੀ ਤਹਿ ਵਿਚ ਜਾਂਦੇ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਇਕ ਧਾਰਮਿਕ ਗ੍ਰੰਥ ਕਰਾਰ ਨਾ ਦੇ ਕੇ ਇਸ ਨੂੰ ਨਿਠ ਕੇ ਪੜ੍ਹਦੇ, ਤਾਂ ਉਨ੍ਹਾਂ ਨੂੰ ਪਤਾ ਲਗਦਾ ਕਿ ਗੁਰਮਤਿ ਨੇ ਬ੍ਰਹਮ ਅਤੇ ਬ੍ਰਹਮਾ ਵਿਚਾਲੇ ਪਹਿਲਾਂ ਹੀ ਬੜਾ ਸਪਸ਼ਟ ਨਿਖੇੜਾ ਕੀਤਾ ਹੋਇਆ ਹੈ। ਗੁਰਮਤਿ ਬ੍ਰਹਮ ਦੀ ਹੋਂਦ ਨੂੰ ਪ੍ਰਵਾਨ ਕਰਦੀ ਹੈ, ਪਰ ਬ੍ਰਹਮਾ ਦੀ ਹੋਂਦ ਨੂੰ ਮੂਲੋਂ ਹੀ ਨਕਾਰ ਦਿੰਦੀ ਹੈ। ਗੁਰਮਤਿ ਮਨੂਵਾਦ ਅਤੇ ਇਸ ਦੇ ਪ੍ਰਗਟ ਰੂਪ ਬ੍ਰਾਹਮਣਵਾਦ ਦੇ ਮੁਢ ਬ੍ਰਹਮਾ ਨੂੰ ਨਕਾਰ ਕੇ ਇਸ ਦੀ ਜੜ੍ਹ ਹੀ ਪੁੱਟ ਦਿੰਦੀ ਹੈ।
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ
ਸਭੁ ਬ੍ਰਹਮੁ ਦ੍ਰਿਸਟੀ ਆਇਆ॥ (ਪੰਨਾ 782)
ਯਥਾ ਇਹ ਸਾਰਾ ਪਸਾਰਾ ਬ੍ਰਹਮ ਹੈ, ਸਭ ਥਾਂ ਬ੍ਰਹਮ ਹੀ ਪਸਰਿਆ ਹੋਇਆ ਹੈ, ਸਭ ਪਾਸੇ ਬ੍ਰਹਮ ਹੀ ਨਜ਼ਰ ਆਉਂਦਾ ਹੈ।
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ (ਪੰਨਾ 1035)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ 559)
ਯਥਾ ਬ੍ਰਹਮਾ ਬਿਸਨ ਮਹੇਸ ਦੀ ਕੋਈ ਹੋਂਦ ਨਹੀਂ। ਬ੍ਰਹਮਾ ਦੇ ਨਾਂ ਉਤੇ ਵੇਦਾਂ ਦਾ ਜੋ ਗਿਆਨ ਦਿੱਤਾ ਜਾ ਰਿਹਾ ਹੈ, ਇਹ ਸਾਰਾ ਮਨ-ਕਲਪਿਤ ਅਤੇ ਝੂਠ ਹੈ। ਗੁਰਮਤਿ ਨੇ ਇਹ ਗਿਆਨ ਵੀ ਦਿੱਤਾ ਹੈ,
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ॥
ਮਾਇਆ ਮੋਹੁ ਪਸਰਿਆ ਪਸਾਰਾ॥
ਮੂਰਖ ਪੜਹਿ ਸਬਦੁ ਨ ਬੂਝਹਿ
ਗੁਰਮੁਖਿ ਵਿਰਲੈ ਜਾਤਾ ਹੇ॥ (ਪੰਨਾ 1053)
ਯਥਾ ਸਿਮ੍ਰਤੀਆਂ ਤੇ ਸ਼ਾਸਤਰਾਂ ਵਿਚ ਜਿੰਨਾ ਵਿਸਥਾਰ ਹੈ, ਇਹ ਸਾਰਾ ਮਨ-ਕਲਪਿਤ ਝੂਠ ਅਤੇ ਝੂਠੇ ਪਿਆਰ ਦਾ ਪਸਾਰਾ ਹੈ। ਮੂਰਖ ਮਨੁੱਖ ਇਨ੍ਹਾਂ ਨੂੰ ਪੜ੍ਹਦਾ ਹੈ, ਪਰ ਸ਼ਬਦ ਵਿਚਲੇ ਆਤਮਿਕ ਗਿਆਨ ਦਾ ਭੇਦ ਨਹੀਂ ਪਾ ਸਕਦਾ। ਗੁਰੂ ਦੇ ਆਤਮਿਕ ਗਿਆਨ ਵੱਲ ਮੂੰਹ ਕਰਨ ਵਾਲਾ ਕੋਈ ਵਿਰਲਾ ਮਨੁੱਖ ਹੀ ਇਸ ਦਾ ਭੇਤ ਪਾ ਸਕਦਾ ਹੈ।
ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ॥
ਸਾਂਕਲ ਜੇਵਰੀ ਲੈ ਹੈ ਆਈ॥
ਆਪਨ ਨਗਰੁ ਆਪ ਤੇ ਬਾਧਿਆ॥
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ ਰਹਾਉ॥
ਕਟੀ ਨ ਕਟੈ ਤੂਟਿ ਨਹ ਜਾਈ॥
ਸਾ ਸਾਪਨਿ ਹੋਇ ਜਗੁ ਕਉ ਖਾਈ॥ (ਪੰਨਾ 329)
ਯਥਾ ਵੇਦ ਹੀ ਸਿਮ੍ਰਤੀਆਂ ਦੇ ਜਨਕ ਹਨ। ਇਨ੍ਹਾਂ ਵਿਚਲਾ ਗਿਆਨ ਮਨੁੱਖੀ ਮਨ ਨੂੰ ਪਏ ਸੰਗਲ ਤੇ ਜੰਜ਼ੀਰਾਂ ਵਾਂਗ ਹਨ। ਇਹ ਇੰਜ ਹੈ, ਜਿਵੇਂ ਕੋਈ ਮਨੁੱਖ ਆਪਣੇ ਆਲੇ-ਦੁਆਲੇ ਆਪ ਹੀ ਜਾਲ ਬੁਣ ਲਏ ਅਤੇ ਫਿਰ ਉਸ ਦੇ ਮੋਹ ਵਿਚ ਆਪ ਹੀ ਫਸ ਕੇ ਮਰ ਜਾਏ। ਸਾਰੇ ਯਤਨਾਂ ਦੇ ਬਾਵਜੂਦ ਜੋ ਜਾਲ ਕੱਟਿਆ ਨਹੀਂ ਜਾ ਸਕਦਾ ਅਤੇ ਜੋ ਸੱਪਣੀ ਦਾ ਰੂਪ ਧਾਰ ਕੇ ਜਗਤ ਨੂੰ ਖਾ ਰਿਹਾ ਹੈ।
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ
ਇਨ੍ਰ ਪੜਿਆ ਮੁਕਤਿ ਨ ਹੋਈ॥ (ਪੰਨਾ 747)
ਬੇਦ ਪੜੇ ਪੜਿ ਬ੍ਰਹਮੇ ਹਾਰੇ
ਇਕੁ ਤਿਲੁ ਨਹੀਂ ਕੀਮਤਿ ਪਾਈ॥ (ਪੰਨਾ 747)
ਯਥਾ ਵੇਦ ਕਤੇਬ ਸਿਮ੍ਰਿਤੀਆਂ ਤੇ ਸਾਰੇ ਸ਼ਾਸਤਰ ਪੜ੍ਹ ਕੇ ਵੀ (ਮਨ ਦੀ) ਮੁਕਤੀ ਨਹੀਂ ਮਿਲਦੀ। ਵੇਦ ਪੜ੍ਹ ਪੜ੍ਹ ਕੇ ਬ੍ਰਹਮੇ ਜਿਹੇ ਅਨੇਕ ਹਾਰ ਹੰਭ ਗਏ ਹਨ, ਪਰ ਉਨ੍ਹਾਂ ਨੇ ਉਸ ਇਕੁ (ਏਕੋ) ਦੀ ਰਤੀ ਭਰ ਵੀ ਕੀਮਤ ਨਹੀਂ ਜਾਣੀ। ਤਥਾ ਏਕੋ ਦਾ ਭੇਤ ਨਹੀਂ ਪਾਇਆ।
ਸਵਰਾਜਬੀਰ ਨੇ ਖੱਬੇ ਪੱਖੀਆਂ ਅਤੇ ਧਰਮ ਨਿਰਪੱਖਤਾ ਦੇ ਹਾਮੀਆਂ ਬਾਰੇ ਟਿੱਪਣੀ ਕੀਤੀ ਹੈ, “ਖੱਬੇ-ਪੱਖੀਆਂ ਅਤੇ ਧਰਮ ਨਿਰਪੱਖਤਾ ਦੇ ਹਾਮੀਆਂ ਵਿਚ ਖਾਮੀਆਂ ਹੋ ਸਕਦੀਆਂ ਹਨ, ਉਨ੍ਹਾਂ ਦੇ ਵਿਚਾਰਾਂ ਅਤੇ ਭਾਸ਼ਾ ਵਿਚ ਪੁਖਤਗੀ ਤੇ ਨਵੀਨਤਾ ਦੀ ਘਾਟ ਹੋ ਸਕਦੀ ਹੈ, ਉਨ੍ਹਾਂ ਦੇ ਵਿਚਾਰਾਂ ਦਾ ਅਸਰ ਘਟਿਆ ਹੈ ਅਤੇ ਉਨ੍ਹਾਂ ਨੂੰ ਹਾਸ਼ੀਏ ਉਤੇ ਵੀ ਧਕਿਆ ਗਿਆ ਹੈ, ਪਰ ਉਨ੍ਹਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਅਜਿਹੇ ਧਰਮ-ਅਨੁਸਾਰੀ ਬਣ ਜਾਣ, ਜਿਸ ਕਾਰਨ ਰਵਾਇਤੀ ਧਰਮ ਦਾ ਪਾਲਣ ਕਰਨ ਵਾਲੇ ਉਨ੍ਹਾਂ ਦਾ ਸਨਮਾਨ ਕਰਨ ਜਾਂ ਖੱਬੇ-ਪੱਖੀ ਅਤੇ ਧਰਮ ਨਿਰਪੱਖਤਾ ਦੇ ਹਾਮੀ ਧਰਮ ਦੀ ਅਜਿਹੀ ਵਿਆਖਿਆ ਕਰਨ, ਜਿਹੜੀ ਸਭ ਨੂੰ ਪਸੰਦ ਹੋਵੇ। ਲੋਕਾਂ ਦੀ ਵੱਡੀ ਬਹੁਗਿਣਤੀ ਨੂੰ ਜਾਤੀਵਾਦ, ਨਾਰੀ ਦਾ ਦਮਨ, ਮਰਦ-ਪ੍ਰਧਾਨ ਸੋਚ, ਆਪਣੇ ਧਰਮ ਨੂੰ ਸਭ ਤੋਂ ਉਤਮ ਕਹਿਣਾ ਪਸੰਦ ਹੈ। ਖੱਬੇ-ਪੱਖੀ ਅਤੇ ਧਰਮ ਨਿਰਪੱਖਤਾ ਦੇ ਹਾਮੀਆਂ ਤੋਂ ਅਜਿਹੀ ਉਮੀਦ ਕਰਨੀ ਉਨ੍ਹਾਂ ਨੂੰ ਇਤਿਹਾਸ ਅਤੇ ਸਮਾਜ ਵਿਚਲੀ ਉਨ੍ਹਾਂ ਦੀ ਭੂਮਿਕਾ ਤੋਂ ਵਿਛੁੰਨਿਆ ਕਰਨਾ ਹੋਵੇਗਾ। ਕਬੀਰ ਜੀ ਦਾ ਕਥਨ ਹੈ: ‘ਟੂਟੀ ਤੰਤੁ ਨ ਬਜੈ ਰਬਾਬੁ॥’ ਤੰਦ ਟੁਟ ਜਾਵੇ ਤਾਂ ਰਬਾਬ ਨਹੀਂ ਵਜਦੀ। ਸਾਡੇ ਸਮਾਜ ਵਿਚ ਭਗਤ ਕਬੀਰ ਅਤੇ ਭਗਤ ਰਵਿਦਾਸ ਜਿਹੀਆਂ ਅਵਾਜ਼ਾਂ ਨੂੰ ਬਹੁਤ ਦੇਰ ਲਈ ਹਾਸ਼ੀਏ ਉਤੇ ਰਖਿਆ ਗਿਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਅਰਥਾਂ ਤੋਂ ਵਿਰਵੀਆਂ ਹਨ। ਉਨ੍ਹਾਂ ਦੇ ਅਰਥ ਮਨੁੱਖਤਾਮਈ ਹਨ। ਕੁਝ ਇਸ ਤਰ੍ਹਾਂ ਦੀ ਗੱਲ ਧਰਮ ਨਿਰਪੱਖਤਾ ਦੇ ਹਾਮੀਆਂ ਅਤੇ ਖੱਬੇ-ਪੱਖੀਆਂ ਬਾਰੇ ਵੀ ਕਹੀ ਜਾ ਸਕਦੀ ਹੈ।”
ਬਿਨ ਪੜ੍ਹਿਆਂ ਕੁਝ ਸੁਣੀਆਂ-ਸੁਣਾਈਆਂ ਧਾਰਨਾਵਾਂ ਦੇ ਆਧਾਰ ਉਤੇ ਖੱਬੇ ਪੱਖੀ ਹੋਣ ਦਾ ਭਰਮ ਪਾਲਣ ਦੀ ਥਾਂ ਸਵਰਾਜਬੀਰ ਨੂੰ ਮਾਰਕਸ ਅਤੇ ਏਂਗਲਜ ਦੀ ਫਿਲਾਸਫੀ ਖੁਦ ਪੜ੍ਹਨ ਦੀ ਲੋੜ ਹੈ। ਮਾਰਕਸ-ਏਂਗਲਜ ਨੇ ਭੌਤਿਕਵਾਦ ਅਤੇ ਆਦਰਸ਼ਵਾਦ ਵਿਚਾਲੇ ਬੜਾ ਸਪਸ਼ਟ ਨਿਖੇੜਾ ਕੀਤਾ ਹੈ। ਏਂਗਲਜ ਦਾ ਕਥਨ ਹੈ, “ਕੀ ਸੰਸਾਰ ਦੀ ਰਚਨਾ ਰੱਬ ਨੇ ਬਣਾਈ ਹੈ ਜਾਂ ਅੰਤਹੀਣ ਆਦਿ ਕਾਲ ਤੋਂ ਸੰਸਾਰ ਇਵੇਂ ਹੀ ਹੋਂਦ ਰਖਦਾ ਆ ਰਿਹਾ ਹੈ, ਇਸ ਸੁਆਲ ਦਾ ਜੁਆਬ ਦੇਣ ਵਾਲੇ ਫਿਲਾਸਫਰ ਦੋ ਵੱਡੇ ਧੜਿਆਂ ਵਿਚ ਵੰਡੇ ਹੋਏ ਸਨ। ਜਿਹੜੇ ਫਿਲਾਸਫਰ ਕੁਦਰਤ ਨਾਲੋਂ ਮਨੁੱਖੀ ਮਨ ਨੂੰ ਸਿਰਮੌਰ ਮੰਨਦੇ ਸਨ ਅਤੇ ਅੰਤਿਮ ਤੌਰ ‘ਤੇ ਕਿਸੇ ਵੀ ਤਰ੍ਹਾਂ ਸੰਸਾਰ ਦੀ ਰਚਨਾ ਹੋਈ ਮੰਨਦੇ ਸਨ, ਉਹ ਆਦਰਸ਼ਵਾਦੀ ਧੜਾ ਬਣੇ ਅਤੇ ਦੂਜੇ ਜੋ ਕੁਦਰਤ ਨੂੰ ਸਿਰਮੌਰ ਮੰਨਦੇ ਸਨ, ਉਹ ਸਾਰੇ ਭੌਤਿਕਵਾਦੀਆਂ ਦੀਆਂ ਵੱਖ-ਵੱਖ ਧਿਰਾਂ ਵਿਚ ਸ਼ੁਮਾਰ ਹੁੰਦੇ ਸਨ। ਆਦਰਸ਼ਵਾਦ ਅਤੇ ਭੌਤਿਕਵਾਦ- ਇਹ ਦੋ ਪਰਿਪਾਟੀਆਂ ਮੌਲਿਕ ਰੂਪ ਵਿਚ ਇਸ ਤੋਂ ਬਿਨਾ ਹੋਰ ਕੋਈ ਅਹਿਮੀਅਤ ਨਹੀਂ ਸਨ ਰੱਖਦੀਆਂ। ਇਥੇ ਵੀ ਅਸੀਂ ਇਨ੍ਹਾਂ ਦੀ ਵਰਤੋਂ ਇਸ ਤੋਂ ਬਿਨਾ ਕਿਸੇ ਵੀ ਹੋਰ ਭਾਵਨਾ ਨਾਲ ਨਹੀਂ ਕਰ ਰਹੇ।…ਸੋਚ ਵਿਚ ਉਲਝਣਾਂ ਉਦੋਂ ਪੈਦਾ ਹੁੰਦੀਆਂ ਹਨ, ਜਦੋਂ ਇਨ੍ਹਾਂ ਪਰਿਪਾਟੀਆਂ ਨੂੰ ਕੁਝ ਹੋਰ ਅਰਥ ਦਿੱਤੇ ਜਾਂਦੇ ਹਨ।” ਭੌਤਿਕਵਾਦ ਦੀ ਇਹ ਕਿੰਨੀ ਸਪਸ਼ਟ ਵਿਆਖਿਆ ਹੈ। ਕਿਸੇ ਗਲਤਫਹਿਮੀ ਦੀ ਕੋਈ ਗੁੰਜਾਇਸ਼ ਹੀ ਨਹੀਂ।
ਗੁਰਮਤਿ ਦਾ ਮੁੱਢ ਹੀ ੴ (ਏਕੋ) ਸਤਿ ਤੋਂ ਹੁੰਦਾ ਹੈ। ਭਾਵ ਸਾਡੇ ਚਾਰ-ਚੁਫੇਰੇ ਪਸਰਿਆ ਏਕੋ ਹੈ ਅਤੇ ਇਹ ਸੱਚ ਹੈ। ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥ (ਪੰਨਾ 292)। ਇਹ ਬ੍ਰਹਿਮੰਡੀ ਹੋਂਦ ਅਸੀਮ ਅਤੇ ਸਦੀਵੀ ਹੈ। ਇਕ ਓਂਕਾਰ ਯਥਾ ੧+ਓਮ+ਆਕਾਰ ਤਥਾ ਵੈਦਿਕ (ਹਿੰਦੂ) ਫਿਲਾਸਫੀ ਦਾ ਪਰਮ ਅੱਖਰ ਓਮ ਜਮਾ ਇਹ ਬ੍ਰਹਿਮੰਡੀ ਆਕਾਰ ਇਕ ਹੈ। ਵੈਦਿਕ ਫਿਲਾਸਫੀ ਵਿਚ ਬ੍ਰਹਮ ਨੂੰ ਵੀ ਪਰਮ ਅੱਖਰ ਦੇ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਅਮੂਰਤ ਅੱਖਰ ਓਮ ਨਾਲ ਆਕਾਰ ਅਤੇ ਇਕ ਲਾ ਕੇ ਇਸ ਅਸੀਮ ਅਤੇ ਸਦੀਵੀ ਬ੍ਰਹਿਮੰਡੀ ਹੋਂਦ (ਬ੍ਰਹਮ) ਨੂੰ ਸਾਡੀ ਚੇਤਨਾ ਅਤੇ ਸਾਡੇ ਮਨਾਂ ਵਿਚ ਸਾਕਾਰ ਕਰਨ ਦਾ ਕ੍ਰਿਸ਼ਮਾ ਕੀਤਾ ਹੈ:
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ 141)
ਕੁਦਰਤਿ ਕਾਦਰ ਕਰਣ ਕਰੀਮਾ॥ (ਪੰਨਾ 1084)
ਕੁਦਰਤਿ ਕਰਨੈਹਾਰ ਅਪਾਰਾ ਕੀਤੇ ਕਾ ਨਾਹੀ ਕਿਹੁ ਚਾਰਾ॥ (ਪੰਨਾ 1042)
ਵੈਦਿਕ ਫਿਲਾਸਫੀ ਬਾਰੇ ਫ੍ਰੈਡਰਿਕ ਏਂਗਲਜ ਦੀ ਧਾਰਨਾ ਹੈ, “ਤੁਲਨਾਤਮਕ ਮਿਥਿਹਾਸ ਦੀ ਮੁਢਲੀ ਖੋਜ ਨੇ ਹਿੰਦ-ਯੂਰਪੀਨ ਲੋਕਾਂ ਦੇ ਸਮੁੱਚੇ ਧਾਰਮਿਕ ਵਰਤਾਰੇ (ਫਿਲਾਸਫੀ) ਦਾ ਮੁੱਢ ਭਾਰਤੀ ਵੇਦਾਂ ਵਿਚ ਲੱਭਿਆ ਹੈ। ਇਹ ਸਪਸ਼ਟ ਹੋ ਗਿਆ ਹੈ ਕਿ ਭਾਰਤੀ, ਇਰਾਨੀ, ਯੂਨਾਨੀ, ਰੋਮਨ, ਜਰਮਨ ਅਤੇ ਜਿਥੋਂ ਤਕ ਤਥ ਲੱਭੇ ਹਨ, ਕੇਂਦਰੀ ਯੂਰਪ, ਲਿਥੂਨੀਅਨ ਅਤੇ ਸਲਾਵ ਸਾਰੇ ਇਨ੍ਹਾਂ ਹਿੰਦ-ਯੂਰਪੀਨ ਲੋਕਾਂ ਵਿਚ ਸ਼ਾਮਿਲ ਹਨ।”
ਬਿਨਾ ਸ਼ੱਕ ਭਾਰਤ ਸਮੇਤ ਇਨ੍ਹਾਂ ਸਾਰੇ ਦੇਸ਼ਾਂ ਦੀ ਫਿਲਾਸਫੀ ਦਾ ਆਰੰਭ ਵੇਦਾਂ ਨਾਲ ਹੋਇਆ ਹੈ। ਇਸ ਦੀ ਪੁਸ਼ਟੀ ਡਾ. ਅੰਬੇਡਕਰ ਨੇ ਵੀ ਕੀਤੀ ਹੈ। ਵੈਦਿਕ ਫਿਲਾਸਫੀ ਵਿਚ ਭੌਤਿਕਵਾਦ ਅਤੇ ਆਦਰਸ਼ਵਾਦ ਦੀਆਂ ਦੋ ਧਾਰਾਵਾਂ ਮੁਢ ਤੋਂ ਨਾਲੋਂ-ਨਾਲ ਚਲਦੀਆਂ ਆ ਰਹੀਆਂ ਹਨ। ਬ੍ਰਹਮ ਅਸੀਮ ਅਤੇ ਸਦੀਵੀ ਬ੍ਰਹਿਮੰਡੀ ਹਕੀਕਤ ਭਾਵ ਭੌਤਿਕਵਾਦ ਨੂੰ ਪ੍ਰਗਟ ਕਰਦਾ ਆ ਰਿਹਾ ਹੈ ਤੇ ਇਸ ਦਾ ਮਨ ਕਲਪਿਤ ਰੂਪ ਬ੍ਰਹਮਾ ਆਦਰਸ਼ਵਾਦ ਨੂੰ ਪ੍ਰਗਟ ਕਰਦਾ ਆ ਰਿਹਾ ਹੈ। ਇਹ ਬ੍ਰਹਮਾ ਦੀ ਮਨ ਕਲਪਿਤ ਹੋਂਦ ਹੀ ਮਨੂਵਾਦ, ਵਰਣ ਵੰਡ, ਜਾਤਪਾਤ, ਬ੍ਰਾਹਮਣੀ ਕਰਮਕਾਂਡ, ਨਰਕ-ਸੁਰਗ, ਪੁਨਰ ਜਨਮ ਤੇ ਬ੍ਰਾਹਮਣੀ ਪਾਪ-ਪੁੰਨ ਦੇ ਭਰਮਜਾਲ ਦੀ ਜਨਕ ਹੈ।
ਸਵਰਾਜਬੀਰ ਦੀ ਇਹ ਧਾਰਨਾ ਦਰੁਸਤ ਨਹੀਂ ਕਿ “ਹੋਰ ਵਿਚਾਰਧਾਰਾਵਾਂ ਜਿਵੇਂ ਸਾਂਖ, ਚਾਰਵਾਕ, ਆਜੀਵਕ, ਬੁਧ ਧਰਮ ਆਦਿ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਗਿਆ। ਪ੍ਰਾਚੀਨ ਆਰੀਆ ਲੋਕਾਂ ਦੇ ਗੌਰਵ ਨੂੰ ਪ੍ਰਚਾਰਿਆ ਗਿਆ। ਉਹ ਮਹਾਨ ਇਨਕਲਾਬ, ਜਿਹੜਾ ਮੱਧ ਕਾਲੀ ਸਮਿਆਂ ਵਿਚ ਬਸੇਸ਼ਰ, ਕਬੀਰ, ਗੁਰੂ ਨਾਨਕ ਦੇਵ, ਭਗਤ ਨਾਮਦੇਵ, ਭਗਤ ਰਵਿਦਾਸ ਅਤੇ ਭਗਤੀ ਲਹਿਰ ਦੇ ਹੋਰ ਰਹਿਬਰਾਂ ਨੇ ਲਿਆਂਦਾ, ਨੂੰ ਬਿਲਕੁਲ ਵਿਸਾਰ ਦਿੱਤਾ ਗਿਆ। ਇਸੇ ਤਰ੍ਹਾਂ ਇਸਲਾਮ ਤੇ ਸੂਫੀਆਂ ਦੇ ਯੋਗਦਾਨ ਨੂੰ ਸਵੀਕਾਰਨ ਦੀ ਥਾਂ ਮੱਧ ਕਾਲੀ ਸਮਿਆਂ ਨੂੰ ਗੁਲਾਮੀ ਦਾ ਯੁਗ ਗਰਦਾਨਿਆ ਗਿਆ।”
ਗੁਰਮਤਿ ਨੇ ਇਨ੍ਹਾਂ ਸਾਰੀਆਂ ਵਿਚਾਰਧਾਰਾਵਾਂ ਨੂੰ ਆਪਣੇ ਵਿਚ ਆਤਮਸਾਤ ਕੀਤਾ ਹੈ। ਇਸ ਲਿਖਤ ਦੀ ਸੀਮਤਾਈ ਹੋਣ ਕਾਰਨ ਇਥੇ ਏਨਾ ਕਹਿਣਾ ਹੀ ਕਾਫੀ ਹੈ ਕਿ ਗੁਰਮਤਿ ਨੇ ਆਪਣੇ ਤੋਂ ਪਹਿਲੇ ਵਿਕਸਿਤ ਹੋਏ ਸਾਰੇ ਧਰਮਾਂ ਤੇ ਵਿਚਾਰਧਾਰਾਵਾਂ ਦੀ ਪੁਣਛਾਣ ਅਤੇ ਪੜਚੋਲ ਕੀਤੀ ਹੈ। ਕੁਦਰਤੀ ਨੇਮਾਂ ਉਤੇ ਪੂਰੀਆਂ ਉਤਰਦੀਆਂ ਸਾਰੀਆਂ ਧਾਰਨਾਵਾਂ ਤੇ ਸਦਾਚਾਰ ਨੂੰ ਮਾਨਤਾ ਦਿੱਤੀ ਹੈ ਅਤੇ ਕੁਦਰਤੀ ਨੇਮਾਂ ਦੇ ਵਿਰੁਧ ਜਾਂਦੀਆਂ ਸਾਰੀਆਂ ਧਾਰਨਾਵਾਂ ਤੇ ਦੁਰਾਚਾਰ ਦਾ ਬੜੀ ਦ੍ਰਿੜਤਾ ਨਾਲ ਖੰਡਨ ਕੀਤਾ ਹੈ। ਗੁਰਮਤਿ ਨੇ ਔਰਤ-ਮਰਦ ਦੇ ਰਿਸ਼ਤੇ ਦੀ ਸਭ ਤੋਂ ਖੂਬਸੂਰਤ ਤੇ ਸਮਾਜੀ ਵਿਆਖਿਆ ਕੀਤੀ ਹੈ। ਜੇ ਸਵਰਾਜਬੀਰ ਨੇ ਬੁੱਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਦੀ ਹੀਰ ਦੀ ਸੋਚ ਤੋਂ ਪਾਰ ਜਾ ਕੇ ਗੁਰਮਤਿ ਨੂੰ ਪੜ੍ਹਿਆ ਹੁੰਦਾ ਤਾਂ ਉਸ ਨੂੰ ਪਤਾ ਲਗਦਾ ਕਿ ਗੁਰਮਤਿ ਨੇ ‘ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥’ (ਪੰਨਾ 1136) ਦਾ ਮੌਲਿਕ ਸੰਕਲਪ ਦੇ ਕੇ ਇਸ ਖੇਤਰ ਦੀ ਸਮਾਜੀ ਏਕਤਾ ਦਾ ਸਭ ਤੋਂ ਵਡਾ ਆਧਾਰ ਮੁਹੱਈਆ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਸਮੇਤ ਅਸੀਂ ਪੰਜਾਬੀਆਂ ਨੂੰ ਗੁਰੂ ਸਾਹਿਬ ਵਲੋਂ ਦਿੱਤੇ ਗਏ ਏਕਤਾ ਦੇ ਆਧਾਰ ਨੂੰ ਅਸਲੋਂ ਹੀ ਅਣਗੌਲਿਆ ਕਰ ਦਿੱਤਾ ਹੈ।
ਲਿਖਤ ਨੂੰ ਸਮੇਟਦਿਆਂ ਕਿਹਾ ਜਾ ਸਕਦਾ ਹੈ ਕਿ ਵੈਦਿਕ ਫਿਲਾਸਫੀ ਵਿਚ ਭੌਤਿਕਵਾਦ ਤੇ ਆਦਰਸ਼ਵਾਦ ਦੀਆਂ ਦੋ ਧਾਰਾਵਾਂ ਨਾਲੋ-ਨਾਲ ਚਲ ਰਹੀਆਂ ਹਨ। ਡਾ. ਅੰਬੇਦਕਰ ਦੇ ਕਥਨ ਅਨੁਸਾਰ ਬ੍ਰਹਮ ਦੇ ਸੰਕਲਪ ਨੂੰ ਆਧਾਰ ਮੰਨ ਕੇ ਚਲਦੀ ਆ ਰਹੀ ਬ੍ਰਹਮਵਾਦੀ ਧਾਰਾ ਭੌਤਿਕਵਾਦੀ ਹੈ, ਗੁਰਮਤਿ ਜਿਸ ਦਾ ਵਿਸਥਾਰ ਤੇ ਤੱਤਸਾਰ ਹੈ ਅਤੇ ਮਨ-ਕਲਪਿਤ ਬ੍ਰਹਮਾ ਨੂੰ ਆਧਾਰ ਮੰਨ ਕੇ ਚਲਦੀ ਆ ਰਹੀ ਧਾਰਾ ਬ੍ਰਾਹਮਣਵਾਦੀ ਭਾਵ ਆਦਰਸ਼ਵਾਦੀ ਹੈ। ਹਿੰਦੂ ਰਾਸ਼ਟਰ ਦੇ ਪੈਰੋਕਾਰ ਮਨ-ਕਲਪਿਤ ਬ੍ਰਾਹਮਣਵਾਦੀ ਧਾਰਾ ਦੇ ਪੈਰੋਕਾਰ ਹਨ, ਜਿਨ੍ਹਾਂ ਨੇ ਸਾਮਰਾਜੀ ਪੂੰਜੀ ਨਾਲ ਗਠਜੋੜ ਕਰ ਲਿਆ ਹੈ। ਇਸ ਲਈ ਯੋਗੇਂਦਰ ਯਾਦਵ ਦੀ ਇਹ ਧਾਰਨਾ ਬਿਲਕੁਲ ਸਹੀ ਹੈ ਕਿ ਖੱਬੇ ਪੱਖੀਆਂ ਦਾ ਧਰਮ ਨਿਰਪੱਖਤਾ ਦਾ ਸੰਕਲਪ ਇਸ ਕਰ ਕੇ ਹਾਰ ਗਿਆ, ਕਿਉਂਕਿ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਅਸਵੀਕਾਰ ਕੀਤਾ, ਇਹ ਸਾਡੀਆਂ ਰਵਾਇਤਾਂ ਦੀ ਭਾਸ਼ਾ ਸਿੱਖਣ ਵਿਚ ਅਸਫਲ ਰਿਹਾ, ਇਸ ਨੇ ਸਾਡੇ ਧਰਮਾਂ ਦੀ ਭਾਸ਼ਾ ਸਿੱਖਣ ਤੇ ਬੋਲਣ ਤੋਂ ਇਨਕਾਰ ਕੀਤਾ ਅਤੇ ਇਸ ਨੇ ਹਿੰਦੂ (ਵੈਦਿਕ) ਧਰਮ ਦੀ ਨਵੀਂ ਵਿਆਖਿਆ ਕਰਨ ਦੀ ਥਾਂ ਹਿੰਦੂ ਧਰਮ ਦਾ ਮਖੌਲ ਉਡਾਇਆ। ਇਹ ਸੱਚ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ ਵਿਚ ਦਰਜ ਕੀਤਾ ਹੈ ਕਿ ਕਿਸੇ ਵੀ ਦੇਸ਼ ਦੀ ਕਮਿਊਨਿਸਟ ਲਹਿਰ ਆਪਣੇ ਦੇਸ਼ ਦੀ ਫਿਲਾਸਫੀ ਨੂੰ ਆਤਮਸਾਤ ਕੀਤੇ ਬਿਨਾ ਲਹਿਰ ਨੂੰ ਅੱਗੇ ਨਹੀਂ ਵਧਾ ਸਕਦੀ। ਜਿੱਡੀ ਵੱਡੀ ਗਲਤੀ ਹਿੰਦੁਸਤਾਨ ਦੇ ਖੱਬੇ ਪੱਖੀਆਂ ਨੇ ਵੈਦਿਕ ਫਿਲਾਸਫੀ ਨੂੰ ਅਣਗੌਲਿਆ ਕਰ ਕੇ ਕੀਤੀ ਹੈ, ਉਸ ਤੋਂ ਵਡੀ ਗਲਤੀ ਪੰਜਾਬ ਦੇ ਖੱਬੇ ਪੱਖੀ ਗੁਰਮਤਿ ਨੂੰ ਅਣਗੌਲਿਆ ਕਰ ਕੇ ਕਰ ਰਹੇ ਹਨ। (ਇਤਿਆਦਿ)