ਡਾ. ਹਰਿਭਜਨ ਸਿੰਘ ਦੀ ਖੇਡ ਵਾਰਤਾ

ਪਿੰ੍ਰ. ਸਰਵਣ ਸਿੰਘ
ਡਾ. ਹਰਿਭਜਨ ਸਿੰਘ ਜਿੰਨਾ ਵਧੀਆ ਕਵੀ ਸੀ, ਉਨਾ ਹੀ ਵਧੀਆ ਵਾਰਤਕਕਾਰ। ਜਦ ਉਹ ਵਜਦ ਵਿਚ ਆਉਂਦਾ ਤਾਂ ਉਹਦੇ ਮੂੰਹ ‘ਤੇ ਮੱਧਮ ਪਏ ਮਾਤਾ ਦੇ ਦਾਗ ਤਾਰਿਆਂ ਹਾਰ ਲਿਸ਼ਕਣ ਲੱਗਦੇ। ਉਸ ਨੇ ਬਤੌਰ ਕਵੀ, ਆਲੋਚਕ, ਅਨੁਵਾਦਕ, ਅਧਿਆਪਕ, ਖੋਜਕਾਰ ਤੇ ਗੋਸ਼ਟੀਕਾਰ ਵਜੋਂ ਨਾਮਣਾ ਵੀ ਖੂਬ ਖੱਟਿਆ। ਉਹਦਾ ਲੱਛੇਦਾਰ ਭਾਸ਼ਣ ਸਰੋਤਿਆਂ ‘ਤੇ ਟੂਣਾ ਕਰ ਦਿੰਦਾ ਸੀ ਅਤੇ ਆਪਣੇ ਹੀ ਵੇਗ ਵਿਚ ਵਹਾ ਲਿਜਾਂਦਾ ਸੀ। ਉਹ ਬੋਲਬਾਣੀ ਦਾ ਛੱਲਾਂ ਮਾਰਦਾ ਸਰੋਵਰ ਸੀ। 18 ਅਗਸਤ 1920 ਤੋਂ 21 ਅਕਤੂਬਰ 2002 ਤਕ ਉਹ 82 ਸਾਲ 2 ਮਹੀਨੇ 3 ਦਿਨ ਜੀਵਿਆ। ਉਹ ਆਸਾਮ ਵਿਚ ਜੰਮਿਆ ਸੀ, ਲਾਹੌਰ ਪੜ੍ਹਿਆ ਅਤੇ ਦਿੱਲੀ ਰਹਿੰਦਾ ਚੜ੍ਹਾਈ ਕਰ ਗਿਆ।

1962 ਵਿਚ ਉਹ ਖਾਲਸਾ ਕਾਲਜ ਦਿੱਲੀ ਵਿਖੇ ਹਿੰਦੀ ਵਿਭਾਗ ਦਾ ਮੁਖੀ ਸੀ। ਮੈਂ ਉਸ ਤੋਂ ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਲਈ ਕਵਿਤਾ ਮੰਗਦਿਆਂ ਆਪਣੀ ਸਿਆਣ ਕਰਾਈ ਸੀ। ਉਦੋਂ ਤੋਂ ਉਹ ਮੈਨੂੰ ‘ਜੱਟਾ’ ਕਹਿਣ ਲੱਗ ਪਿਆ ਸੀ। ਜਦੋਂ ਉਹ ਪਲੈਖਾਨੋਵ ਦੀ ਪੁਸਤਕ ‘ਅਨਐਡਰੈੱਸਡ ਲੈਟਰਜ਼’ ਦਾ ‘ਚਿੱਠੀਆਂ ਬਿਨ ਸਿਰਨਾਵਿਓਂ’ ਦੇ ਨਾਮ ਹੇਠ ਅਨੁਵਾਦ ਕਰਨ ਲੱਗਾ ਤਾਂ ਕਦੇ ਕਦੇ ਮੈਨੂੰ ਆਪਣੇ ਕੋਲ ਬੁਲਾ ਲੈਂਦਾ। ਉਹ ਅਨੁਵਾਦ ਬੋਲੀ ਜਾਂਦਾ, ਜੋ ਮੈਂ ਲਿਖੀ ਜਾਂਦਾ। ਉਹ ਕਰੋਲ ਬਾਗ ਗੁਰਦੁਆਰਾ ਰੋਡ ਦੀ 68 ਨਾਈਵਾਲਾ ਗਲੀ ਵਿਚ ਆਪਣੇ ਛੇ ਜੀਆਂ ਦੇ ਪਰਿਵਾਰ ਨਾਲ ਰਹਿੰਦਾ ਸੀ। ਘਰ ਉਹਦਾ ਤੰਗ ਜਿਹਾ ਸੀ, ਜਿਥੇ ਉਸ ਨੇ ਕਈ ਵਰ੍ਹੇ ਤੰਗੀ ਦੇ ਕੱਟੇ। ਕੁਝ ਕਦਮਾਂ ਦੀ ਵਿੱਥ ‘ਤੇ ਕਾਫੀ ਹਾਊਸ ਸੀ, ਜਿਥੇ ਅਸੀਂ ਅਕਸਰ ਕਾਫੀ ਪੀਣ ਜਾਂਦੇ।
ਉਸੇ ਕਾਫੀ ਹਾਊਸ ਵਿਚ ਮੇਰਾ ਦੇਵਿੰਦਰ ਸਤਿਆਰਥੀ ਨਾਲ ਮੇਲ ਹੋਇਆ ਸੀ, ਜਿਸ ਦੀਆਂ ਗੱਲਾਂ ਅਲੋਕਾਰ ਸਨ। ਉਹ ਸਰੋਤੇ ਭਾਲਦਾ ਰਹਿੰਦਾ ਸੀ। ਜਿਹੜਾ ਲੱਭ ਜਾਂਦਾ, ਫਿਰ ਉਹਦਾ ਖਹਿੜਾ ਨਾ ਛੱਡਦਾ। ਉਸ ਨੂੰ ਅਜਿਹੇ ਸਰੋਤੇ ਵੀ ਟੱਕਰੇ, ਜੋ ਜੁੱਤੀ ਲਾਹ ਕੇ ਕਹਿੰਦੇ, “ਲੈ ਹੁਣ ਨੀ ਡਾਹੀ ਦਿੰਦੇ!” ਅੱਕ ਕੇ ਮੈਨੂੰ ਵੀ ਉਨ੍ਹਾਂ ਵਿਚ ਸ਼ਾਮਲ ਹੋਣਾ ਪਿਆ।
ਇਕ ਦਿਨ ਮੈਂ ਡਾ. ਹਰਿਭਜਨ ਸਿੰਘ ਕੋਲ ਬੈਠਾ ਸਾਂ। ਭਲਵਾਨੀ ਜੁੱਸੇ ਵਾਲਾ ਕਵੀ ਤਾਰਾ ਸਿੰਘ ਕਾਮਲ ‘ਆਰਸੀ’ ਦਾ ਨਵਾਂ ਅੰਕ ਲਿਆਇਆ। ਆਪ ਉਹ ‘ਲੋਕ ਰੰਗ’ ਨਾਂ ਦਾ ਨੋਕ-ਝੋਕ ਵਾਲਾ ਪਰਚਾ ਕੱਢਦਾ ਸੀ। ਉਹ ਆਉਂਦਾ ਈ ਕਹਿਣ ਲੱਗਾ, “ਡਾ. ਸਾਹਿਬ, ਆਹ ਚੇਲਾ ਕਿਥੋਂ ਮੁੰਨਿਆ?” ਡਾ. ਸਾਹਿਬ ਨੇ ਸਿਰਫ ਏਨਾ ਹੀ ਦੱਸਿਆ, “ਇਹ ਪੰਜਾਬੀ ਦਾ ਜੱਟ ਲੈਕਚਰਾਰ ਏ।”
ਕਾਮਲ ਕਹਿਣ ਲੱਗਾ, “ਆਹ ‘ਆਰਸੀ’ ਵਿਚ ਇਕ ਕਹਾਣੀ ਐ ਪੜ੍ਹਨ ਵਾਲੀ।”
ਜਦੋਂ ਉਸ ਨੇ ਰਸਾਲਾ ਖੋਲ੍ਹ ਕੇ ਵਿਖਾਇਆ ਤਾਂ ਮੈਨੂੰ ਕਹਾਣੀ ਦਾ ਨਾਂ ‘ਨਚਾਰ’ ਨਜ਼ਰੀਂ ਪੈ ਗਿਆ। ਇਸ ਨਾਂ ਦੀ ਕਹਾਣੀ ਕੁਝ ਦਿਨ ਪਹਿਲਾਂ ਹੀ ਮੈਂ ਭਾਪਾ ਪ੍ਰੀਤਮ ਸਿੰਘ ਨੂੰ ਦੇ ਕੇ ਆਇਆ ਸਾਂ। ਮੇਰੇ ਤਾਂ ਲੂੰਅ ਖੜ੍ਹੇ ਹੋ ਗਏ। ਆਰਸੀ ਵਿਚ ਛਪਣਾ ਤੇ ਤਾਰਾ ਸਿੰਘ ਕਾਮਲ ਦੇ ਮੂੰਹੋਂ ਸਿਫਤ ਸੁਣਨੀ ਕਮਾਲ ਦੀ ਗੱਲ ਸੀ! ਡਾ. ਹਰਿਭਜਨ ਸਿੰਘ ਨੇ ਕਹਾਣੀ ਹੇਠਾਂ ਨਾਂ ਪੜ੍ਹਿਆ-ਸਰਵਣ ਸਿੰਘ। ਉਹਦੇ ਮੂੰਹੋਂ ਨਿਕਲਿਆ, “ਇਹ ਸਰਵਣ ਕਿਹੜਾ ਹੋਇਆ ਪਈ?” ਹੱਦ ਹੋ ਗਈ! ਮੈਂ ਉਨ੍ਹਾਂ ਨੂੰ ਸਾਹਮਣੇ ਬੈਠਾ ਵੀ ਉਨ੍ਹਾਂ ਨੂੰ ਨਹੀਂ ਸਾਂ ਦਿਸਿਆ!
ਕਹਾਣੀ ਪੜ੍ਹਨ ਪਿੱਛੋਂ ਹਰਿਭਜਨ ਸਿੰਘ ਦੀ ਟਿੱਪਣੀ ਸੀ, “ਇਹ ਵੇ ਸਾਡਾ ਦੋਗਲਾਪਣ! ਨੱਚਣ ਗਾਉਣ ਵਾਲਿਆਂ ਨੂੰ ਅਸੀਂ ਇਨਾਮ ਦੇ ਸਕਦੇ ਆਂ, ਪਰ ਆਪਣੇ ਧੀਆਂ-ਪੁੱਤਾਂ ਨੂੰ ਉਨ੍ਹਾਂ ਨਾਲ ਨੱਚਦੇ-ਗਾਉਂਦੇ ਜਰ ਨਹੀਂ ਸਕਦੇ। ਹੋਰਨਾਂ ਦੇ ਘਰ ਜੰਮੀ ਹੀਰ ਚੰਗੀ ਏ, ਪਰ ਆਪਣੇ ਘਰ ਮਾੜੀ। ਭਗਤ ਸਿੰਘ ਕਿਸੇ ਹੋਰ ਦਾ ਪੁੱਤਰ ਹੋਵੇ ਤਾਂ ਲਾਇਕ, ਆਪਣਾ ਹੋਵੇ ਤਾਂ ਨਾਲਾਇਕ!”
1982 ਵਿਚ ਮੇਰੀ ਪੁਸਤਕ ‘ਖੇਡ ਸੰਸਾਰ’ ਛਪੀ ਤਾਂ ਡਾ. ਹਰਿਭਜਨ ਸਿੰਘ ਨੇ ਉਸ ਬਾਰੇ ‘ਆਰਸੀ’ ਵਿਚ ਇਕ ਲੇਖ ਲਿਖਿਆ। ਇਸੇ ਬਹਾਨੇ ਆਓ ਡਾ. ਹਰਿਭਜਨ ਸਿੰਘ ਦੀ ਸ਼ਤਾਬਦੀ ਮੌਕੇ ਉਸ ਨੂੰ ਯਾਦ ਕਰੀਏ ਤੇ ਉਹਦੀ ਖੇਡ ਵਾਰਤਾ ਦਾ ਅਨੰਦ ਮਾਣੀਏ:
ਸਰਵਣ ਸਿੰਘ ਦਾ ਖੇਡ ਸੰਸਾਰ: ਡਾ. ਹਰਿਭਜਨ ਸਿੰਘ
ਸਰਵਣ ਸਿੰਘ ਬਾਰੇ ਲਿਖਣਾ ਸੌ ਗਜ ਦੀ ਸਪਰਿੰਟ ਮਾਰਨਾ ਹੈ ਜਾਂ ਚਾਰ ਮਿੰਟਾਂ ਤੋਂ ਉਰ੍ਹਾਂ ਉਰ੍ਹਾਂ ਦਾ ਮੀਲ-ਦੌੜਾਕ ਬਣਨਾ ਹੈ। ਉਹ ਸਾਡੇ ਨਾਲ ਨਾਲ ਦੌੜਦਾ ਅਚਾਨਕ ਸਾਥੋਂ ਅਗਾਂਹ ਲੰਘ ਜਾਂਦਾ ਹੈ। ਉਹਦੀ ਲਿਖਤ ਹਰ ਥਾਂ ਮੁਕਾਬਲੇਬਾਜ਼ ਖੇਡ ਦਾ ਪ੍ਰਭਾਵ ਦਿੰਦੀ ਹੈ। ਉਹਦਾ ਵੇਗ ਪੈਰੋ ਪੈਰ ਤਿੱਖਿਓਂ ਤਿੱਖਾ ਹੁੰਦਾ ਜਾਂਦਾ ਹੈ।
ਉਹਦੇ ਬਾਰੇ ਲਿਖਣ ਵਾਲੇ ਦੇ ਦਿਲ ਦਿਮਾਗ ਤੇ ਤਨ, ਮਨ ਦੇ ਸਾਰੇ ਕਲ-ਪੁਰਜ਼ੇ ਠੀਕ-ਠਾਕ ਹੋਣੇ ਚਾਹੀਦੇ ਹਨ, ਸਗੋਂ ਸਿਹਤਮੰਦੀ ਤੇ ਸੁਹਿਰਦਤਾ ਦੀ ਉਚਤਮ ਪੱਧਰ ਉਪਰ ਅਡੋਲ ਟਿਕੇ ਹੋਣੇ ਚਾਹੀਦੇ ਹਨ। ਸ਼ਬਦਾਂ ਦਾ ਮੂੰਹ-ਮੁਹਾਂਦਰਾ ਨਿੱਖੜਵਾਂ ਤੇ ਉਨ੍ਹਾਂ ਨੂੰ ਵਰਤਣ ਦੀ ਜਾਚ ਅਸਲੋਂ ਨਿਵੇਕਲੀ ਹੋਣੀ ਚਾਹੀਦੀ ਹੈ। ਸਰਵਣ ਸਿੰਘ ਬਾਰੇ ਲਿਖਣ ਲੱਗਿਆਂ ਖੁਦ ਮੈਨੂੰ ਆਪਣੇ ਆਪ ਤੋਂ ਉਚੀ ਛਾਲ ਮਾਰਨੀ ਪਏਗੀ, ਪੋਲ ਵਾਲਟ ਦੇ ਟਪਾਰ ਵਾਂਗ। ਭਾਵੇਂ ਮੈਂ ਜਾਣਦਾ ਹਾਂ ਕਿ ਮੈਂ ਸਰਵਣ ਸਿੰਘ ਵਾਂਗ ਸ਼ਬਦਾਂ ਦਾ ਓਲੰਪੀਅਨ ਨਹੀਂ, ਤਾਂ ਵੀ ਮੇਰਾ ਜੀਅ ਉਹਦੇ ਨਾਲ ਨਾਲ ਦੌੜਨ ਨੂੰ ਕਰਦਾ ਹੈ। ਤਿੱਖੇ ਤੇ ਸੋਹਣੇ ਦੌੜਾਕ ਦੇ ਨਾਲ ਨਾਲ ਜਿਵੇਂ ਦਰਸ਼ਕਾਂ ਦੇ ਦਿਲ ਦੀ ਧੜਕਣ ਵੀ ਦੌੜਦੀ ਹੈ, ਬਿਲਕੁਲ ਉਵੇਂ ਹੀ ਦੌੜਾਂਗਾ ਮੈਂ ਸਰਵਣ-ਸੋਹਣੀ ਕਿਰਤ ਦੇ ਨਾਲ ਨਾਲ।
ਬਿਨਾ ਸ਼ੱਕ ਸਰਵਣ ਸਿੰਘ ਸ਼ਬਦਾਂ ਦਾ ਓਲੰਪੀਅਨ ਹੈ। ਵੇਖਣ ਨੂੰ ਉਹਦੀ ਲਿਖਤ ਸਿਧੀ ਸਾਦੀ ਜਾਪਦੀ ਹੈ, ਪਰ ਉਹਦੀ ਸ਼ਬਦ-ਘਾੜਤ ਪਿੱਛੇ ਬੜੀ ਕਰੜੀ ਘਾਲਣਾ ਦਾ ਝਉਲਾ ਪੈਂਦਾ ਹੈ। ਹਰ ਵਾਕ ਤਿੱਖੀ ਝੁੱਟੀ ਮਾਰ ਕੇ ਨੱਸਦਾ ਹੈ। ਉਹਦੇ ਵੇਗ ਤੋਂ ਤਾਂ ਇਹੋ ਜਾਪਦਾ ਹੈ ਕਿ ਉਹਨੇ ਜੱਗ ਜਿੱਤਣ ਦੇ ਮਨੋਰਥ ਨਾਲ ਕਰੜੀ ਮਸ਼ਕ ਕੀਤੀ ਹੈ। ਉਹਦੀ ਲਿਖਤ ਆਪਣੀ ਫਾਰਮ ਨਾਲ ਹੀ ਚਕਾਚੌਂਧ ਕਰ ਦਿੰਦੀ ਹੈ। ਉਸ ਵਿਚ ਕਿਤੇ ਵੀ ਕੁਝ ਵੀ ਫਾਲਤੂ ਨਹੀਂ ਜਿਵੇਂ ਮੁਕਾਬਲੇ ਵਿਚ ਉਤਰੇ ਖਿਡਾਰੀ ਦੇ ਪਿੰਡੇ ‘ਤੇ ਪੋਟਾ ਭਰ ਵੀ ਮਾਸ ਵਾਧੂ ਨਹੀਂ ਹੁੰਦਾ। ਕਦੇ ਕਦੇ ਮੈਨੂੰ ਲੱਗਦਾ ਹੈ, ਉਸ ਦਾ ਹਰ ਲੇਖ ਕਿਸੇ ਐਥਲੀਟ ਦੀ ਰਿਕਾਰਡ-ਤੋੜੂ ਝਾਕੀ ਹੈ ਤੇ ਕਦੇ ਕਦੇ ਇਵੇਂ ਜਿਵੇਂ ਉਹ ਆਪਣੇ ਪਿੰਡ ਦੀ ਜੂਹ ਵਿਚ ਹੀ ਅੱਥਰੇ ਅਣਲੱਗ ਊਠ ਨੂੰ ਭਜਾਉਂਦਾ ਆਪਣੀ ਸਪਾਟ ਤਲੀ ‘ਤੇ ਪਾਣੀ ਦਾ ਅਣਛਲਕਦਾ ਛੰਨਾ ਟਿਕਾਈ ਜਾ ਰਿਹਾ ਹੈ। ਉਸ ਵਿਚ ਇਕੋ ਵੇਲੇ ਪੇਂਡੂ ਠੇਠਤਾ ਤੇ ਸ਼ਹਿਰੀ ਨਫਾਸਤ ਦਾ ਜੋੜ-ਮੇਲ ਹੈ। ਉਹ ਆਪਣੇ ਲੋਕ ਵੇਦ ਦੇ ਪੁਰਾਣੇ ਪੈਟਰਨਾਂ ਨਾਲ ਏਦਾਂ ਅਸਲੋਂ ਆਧੁਨਿਕ ਕਿਸਮ ਦੇ ਚਿੱਤਰ ਉਲੀਕਦਾ ਹੈ ਕਿ ਹੈਰਤ ਹੁੰਦੀ ਹੈ!
ਆਖਰ, ਸਰਵਣ ਸਿੰਘ ਇਹ ਕ੍ਰਿਸ਼ਮਾ ਕਿਸ ਤਰ੍ਹਾਂ ਕਰ ਵਿਖਾਉਂਦਾ ਹੈ? ਸਮੁੱਚੀ ਕਾਇਨਾਤ ਵਿਚ ਸਭ ਤੋਂ ਵੱਡਾ ਕ੍ਰਿਸ਼ਮਾ ਨਿਰਮੈਲ ਮਨ ਹੈ। ਮਨ ਦੀ ਨਿਰਮੈਲਤਾ ਵਿਚੋਂ ਹੀ ਦੁਨੀਆਂ ਭਰ ਦੇ ਕ੍ਰਿਸ਼ਮੇ ਦਰਿਆ ਵਾਂਗ ਫੁੱਟ ਨਿਕਲਦੇ ਹਨ। ਮੇਰਾ ਇਹ ਬੋਲ ਲੱਗੇਗਾ ਤਾਂ ਭਾਵੁਕ, ਪਰ ਮੈਂ ਕੀ ਕਰਾਂ, ਮੈਨੂੰ ਇਹ ਪਰਮ ਸੱਚ ਜਾਪਦਾ ਹੈ। ਨਿਰਮੈਲ ਮਨ ਰੱਬ ਹੈ, ਜਦੋਂ ਮਨੁੱਖ ਬੇਮੈਲ ਹੋ ਕੇ ਕੂੰਦਾ ਹੈ ਤਾਂ ‘ਤਿਸ ਤੇ ਹੋਏ ਲੱਖ ਦਰੀਆਉ।’
ਸਰਵਣ ਸਿੰਘ ਦੀ ਰਚਨਾ ਦੋਖ, ਦਵੈਖ ਜਾਂ ਦੁਰਭਾਵਨਾ ਤੋਂ ਅਸਲੋਂ ਪਾਕ ਸਾਫ ਹੈ। ਉਸ ਨੂੰ ਨਾ ਕਿਸੇ ਨਾਲ ਖੁਣਸ ਹੈ, ਨਾ ਖਾਰ; ਨਾ ਕੀਨਾ, ਨਾ ਕਦੂਰਤ। ਉਹਨੇ ਜਿਸ ਕਿਸੇ ਬਾਰੇ ਜੋ ਕੁਝ ਵੀ ਲਿਖਿਆ ਹੈ, ਉਹ ਸੱਚਾ ਵੀ ਹੈ ਤੇ ਸੁੱਚਾ ਵੀ। ਸੱਚ ਦਾ ਸਬੰਧ ਤਾਂ ਉਨ੍ਹਾਂ ਨਾਲ ਹੈ, ਜਿਨ੍ਹਾਂ ਬਾਰੇ ਉਹਨੇ ਲਿਖਿਆ ਹੈ ਤੇ ਸੁੱਚ ਦਾ ਉਹਦੇ ਆਪਣੇ ਮਨ ਨਾਲ। ਉਹਨੇ ਹਰ ਕਿਸੇ ਨੂੰ ਪੂਰਾ ਤੋਲਿਆ ਹੈ ਤੇ ਉਨ੍ਹਾਂ ਬਾਰੇ ਪਿਆਰਾ ਬੋਲਿਆ ਹੈ। ਸੱਚ ਤੇ ਸੁੱਚ ਦਾ ਇਹ ਸੁਮੇਲ, ਪੂਰੇ ਤੇ ਪਿਆਰੇ ਦਾ ਗੰਢ-ਚਿਤਰਾਵਾ ਅੱਜ ਦੀ ਦੁਨੀਆਂ ਵਿਚ ਬੜਾ ਵਿਰਲਾ ਹੈ। ਸ਼ਬਦ-ਕਲਾ ਦੇ ਮਾਹਰ ਅੱਜ ਕੱਲ੍ਹ ਲੁੱਚੀਆਂ ਗੱਲਾਂ ਵੱਲ ਏਨੇ ਰੁਚਿਤ ਹੋ ਗਏ ਹਨ ਕਿ ਸੁੱਚੀਆਂ ਦਾ ਕਾਲ ਪਿਆ ਜਾਪਦਾ ਹੈ। ਕੋਈ ਅਜਬ ਨਹੀਂ ਕਿ ਅੱਜ ਦੀ ਸਾਹਿਤ ਕਿਰਤ ਵਿਚ ਸਾਹਿਤ ਤੋਂ ਵਧੀਕ ਨਿੰਦਿਆ ਦੇ ਚਿਹਨ-ਚੱਕਰ ਵਧੇਰੇ ਉਘੜ ਆਏ ਹਨ। ਇਹੋ ਜਿਹੇ ਮਾਰੂ ਮਾਹੌਲ ਵਿਚ ਸਰਵਣ ਸਿੰਘ ਜਿਹਾਂ ਦੀ ਕਿਰਤ ਕਾਲੇ ਪਾਣੀਆਂ ਵਿਚ ਇਕ ਚਿੱਟਾ ਜਜ਼ੀਰਾ ਜਾਪਦੀ ਹੈ। ਅਥਾਹ ਸਮੁੰਦਰ ਵਿਚ ਡੁਬਦੇ ਪੈਰਾਂ ਹੇਠ ਜਿਵੇਂ ਅਚਾਨਕ ਜ਼ਮੀਨ ਆ ਜਾਏ।
ਸਰਵਣ ਸਿੰਘ ਕਵਿਤਾ ਨਹੀਂ ਕਹਿੰਦਾ, ਨਾਵਲ-ਕਹਾਣੀ ਨਹੀਂ ਸੁਣਾਉਂਦਾ, ਨਾਟਕ ਨਹੀਂ ਵਿਖਾਉਂਦਾ ਤਾਂ ਵੀ ਮੈਨੂੰ ਉਸ ਵਿਚ ਸਾਹਿਤ-ਕਲਾ ਵਰਗਾ ਸੁਆਦ ਆਉਂਦਾ ਹੈ। ਕਾਰਨ? ਉਹ ਸਾਡੇ ਆਲੇ-ਦੁਆਲੇ ਫੈਲੀ ਕੌੜੀ, ਕੋਝੀ ਦੁਨੀਆਂ ਦੇ ਸਮਵਿਥ ਇਕ ਸੁਹਜਮਈ ਜ਼ਿੰਦਗੀ ਦਾ ਚਿੱਤਰ ਪੇਸ਼ ਕਰਦਾ ਹੈ। ਖੇਡ ਸਾਡੇ ਸੰਸਾਰ ਦੀ ਕਵਿਤਾ ਹੈ, ਸਾਡੀ ਜਿੰ.ਦਗੀ ਦਾ ਸੁਹਜ। ਖੇਡ ਸਾਡੇ ਸੰਸਾਰ ਵਿਚ ਵਸ ਕੇ ਵੀ ਇਸ ਤੋਂ ਸੋਹਣੀ ਤੇ ਇਸ ਤੋਂ ਵੱਖਰੀ ਹੈ। ਇਸ ਵਿਚ ਸਾਡੀ ਦੁਨੀਆਂ ਵਰਗੀ ਹੀ ਮੁਕਾਬਲੇਬਾਜ਼ੀ ਹੈ, ਪਰ ਉਹ ਸਾਡੀ ਜਾਨ ਦਾ ਖਉ ਨਹੀਂ ਬਣਦੀ, ਕਿਉਂਕਿ ਇਹ ਪਹਿਲਾਂ ਮਿਥੇ ਤੇ ਕਬੂਲੇ ਨੇਮਾਂ ਮੁਤਾਬਿਕ ਖੇਡੀ ਜਾਂਦੀ ਹੈ।
ਸਰਵਣ ਸਿੰਘ ਦੀ ਲਿਖਤ ਵਿਚ ਫਾਊਲ ਕੋਈ ਨਹੀਂ। ਇਕ ਤਰ੍ਹਾਂ ਇਹ ਖੇਡ ਤੋਂ ਵੀ ਵਧੀਕ ਸੋਹਣੀ ਹੈ। ਖੇਡ ਵਿਚ ਕਿਤੇ ਕਿਤੇ ਖਿਡਾਰੀ ਪਾਸੋਂ ਨਾ ਚਾਹੁੰਦਿਆਂ ਵੀ ਕੋਈ ਫਾਊਲ ਹੋ ਜਾਂਦਾ ਹੈ ਤੇ ਉਹਨੂੰ ਹਰਾ, ਪੀਲਾ ਜਾਂ ਲਾਲ ਗੱਤਾ ਵਿਖਾਇਆ ਜਾਂਦਾ ਹੈ। ਸਰਵਣ ਸਿੰਘ ਦੇ ਕਿਸੇ ਇਕ ਬੋਲ ਨੂੰ ਵੀ ਗੱਤਾ ਵਿਖਾਉਣ ਦੀ ਲੋੜ ਨਹੀਂ ਪੈਂਦੀ। ਲਿਖਤ ਦੇ ਮਾਮਲੇ ਵਿਚ ਮੈਂ ਆਪ ਬੜਾ ਘੁਣਤਰੀ ਹਾਂ, ਲਿਖਤ ਵਿਚ ਕੋੜਕੂ ਨੂੰ ਮਾਫ ਕਰਨਾ ਮੇਰੇ ਸੁਭਾਅ ਵਿਚ ਨਹੀਂ, ਪਰ ਸਰਵਣ ਸਿੰਘ ਨੇ ਜੋ ਪਰੋਸਾ ਸਾਡੇ ਲਈ ਸਜਾਇਆ ਹੈ, ਉਹ ਕੋੜਕੂਆਂ ਤੋਂ ਏਨਾ ਸਾਫ ਹੈ ਕਿ ਮੈਨੂੰ ਆਪਣੇ ਜ਼ਿੰਮੇ ਲੱਗਿਆ ਕੰਮ ਮੁੱਕਿਆ ਜਾਪਦਾ ਹੈ। ਲਿਖਤ ਦੇ ਮਾਮਲੇ ਵਿਚ ਉਹ ਜਿਮਨਾਸਟ ਨਾਦੀਆ ਕੋਮੈਂਸੀ ਹੈ। ਦਸ ਬਟਾ ਦਸ। ਕਿਤੇ ਕੋਈ ਨੰਬਰ ਕੱਟਣ ਦੀ ਗੁੰਜਾਇਸ਼ ਨਹੀਂ ਰਹਿਣ ਦਿੱਤੀ ਉਹਨੇ।
ਜੇ ਤੁਸੀਂ ਉਹਨੂੰ ਅਜੇ ਤਕ ਨਹੀਂ ਪੜ੍ਹਿਆ ਤਾਂ ਇਕ ਵਾਰ ਜ਼ਰੂਰ ਪੜ੍ਹੋ। ਤੁਸੀਂ ਕਵਿਤਾ, ਕਹਾਣੀ ਦੇ ਗਿੱਝੇ ਹੋਏ ਉਹਦੀ ਲਿਖਤ ਵੱਲ ਧਿਆਨ ਦੇਵੋਗੇ ਤਾਂ ਤੁਹਾਨੂੰ ਆਪਣੇ ਮੂੰਹ ਦਾ ਸੁਆਦ ਬਦਲਿਆ ਬਦਲਿਆ ਜਾਪੇਗਾ। ਅੱਜ-ਕੱਲ੍ਹ ਦੀ ਕਵਿਤਾ-ਕਹਾਣੀ ਵਿਚ ਕੋੜਕੂ ਬਹੁਤੇ ਤੇ ਚਿੱਥਣ ਜੋਗਾ ਦਾਣਾ ਕੋਈ ਕੋਈ ਹੀ ਹੁੰਦਾ ਹੈ। ਅਜਿਹੀਆਂ ਲਿਖਤਾਂ ਨੂੰ ਮੂੰਹ ਮਾਰ ਕੇ ਭੁੱਖ ਨਹੀਂ ਮਿਟਦੀ ਤੇ ਜਾਪਦਾ ਹੈ ਅਸੀਂ ਦੋਸਤਾਂ ਦਾ ਬੂਹਾ ਖੜਕਾ ਕੇ ਵੈਰੀਆਂ ਦੇ ਹੀ ਘਰ ਪਹੁੰਚ ਗਏ ਹਾਂ। ਸਾਹਿਤ ਦਿਨੋ ਦਿਨ ਨਿੰਦਣਜੋਗ, ਭੰਡਣਜੋਗ ਤੇ ਖੰਡਣਜੋਗ ਚਤੁਰਾਈ ਨਾਲ ਏਨਾ ਘਿਰ ਗਿਆ ਹੈ, ਇਸ ਨੂੰ ਪਿਆਰਯੋਗ, ਸਤਿਕਾਰਯੋਗ ਤੇ ਸਵੀਕਾਰਯੋਗ ਵਰਗੇ ਸਹਿਜ ਗੁਣਾਂ ਨਾਲ ਜਿਵੇਂ ਵਾਕਫੀ ਹੀ ਨਹੀਂ ਰਹੀ।
ਦੁਨੀਆਂ ਦੇ ਕੋਝ ਤੋਂ ਉਕਤਾ ਕੇ ਅਸੀਂ ਸੁਹਜੀਲੇ ਸਾਹਿਤ ਵੱਲ ਰੁਚਿਤ ਹੁੰਦੇ ਹਾਂ। ਜੇ ਸਾਹਿਤ ਵਿਚਲੇ ਕੋਝ ਤੋਂ ਵੀ ਤੁਹਾਡਾ ਮਨ ਉਚਾਟ ਹੋ ਜਾਵੇ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ। ਤੁਹਾਨੂੰ ਪਤਾ ਲੱਗੇਗਾ ਕਿ ਨਿਰਭਉ ਤੇ ਨਿਰਵੈਰ ਅਕਾਲ ਪੁਰਖ ਅਜੇ ਜਿਉਂਦਾ ਹੈ। ਇਸ ਦੁਨੀਆਂ ਵਿਚ ਬਹੁਤ ਕੁਝ ਪਿਆਰ ਤੇ ਸਵੀਕਾਰ ਜੋਗਰਾ ਅਜੇ ਬਾਕੀ ਹੈ। ਸਾਨੂੰ ਕਿਸੇ ਸਾਹਿਤ-ਪਾਰਖੂ ਨੇ ਦੱਸਿਆ ਹੈ ਕਿ ਨਾਵਲ ਓਦੋਂ ਹੋਂਦ ਵਿਚ ਆਇਆ, ਜਦੋਂ ਰੱਬ ਦੁਨੀਆਂ ਤੋਂ ਰੁਖਸਤ ਹੋ ਚੁਕਾ ਸੀ। ਮੈਨੂੰ ਜਾਪਦਾ ਹੈ, ਸਰਵਣ ਸਿੰਘ ਓਸ ਰੁਖਸਤਸ਼ੁਦਾ ਰੱਬ ਨੂੰ ਮੁੜ ਦੁਨੀਆਂ ਵਿਚ ਮੋੜ ਲਿਆਇਆ ਹੈ। ਉਹਨੇ ਰੱਬੀ ਮਿਹਰ ਤੇ ਮਨੁੱਖੀ ਮਰਿਆਦਾ ਵਿਚ ਸਾਡੇ ਵਿਸਵਾਸ਼ ਨੂੰ ਮੁੜ ਪੱਕਾ ਕਰ ਦਿੱਤਾ ਹੈ।
ਉਹਦੀ ਰਚਨਾ ਮਾਨਵਤਾ ਦਾ ਨਾਹਰਾ ਨਹੀਂ ਮਾਰਦੀ, ਪਰ ਮਾਨਵਤਾ ਦਾ ਇਕ ਹੁਸੀਨ ਪੱਖ ਉਜਾਗਰ ਕਰ ਕੇ ਸਾਨੂੰ ਉਹਦੇ ਨਾਲ ਜੋੜਦੀ ਹੈ। ਉਸ ਦੀ ਲਿਖਤ ਪੜ੍ਹਨ ਵੇਲੇ ਅਸੀਂ ਜ਼ੋਰਾਵਰਾਂ ਦੇ ਹਾਣੀ ਹੋਏ ਜਾਪਦੇ ਹਾਂ। ਉਹਦੇ ਬੋਲ ਸਾਡੇ ਆਲੇ-ਦੁਆਲੇ ਕੋਸੀ ਧੁੱਪ ਵਾਂਗ ਵਿਛ ਜਾਂਦੇ ਹਨ ਤੇ ਸਾਡੇ ਮਨ ਵਿਚ ਸੁਖਾਵਾਂ ਜਿਹਾ ਨਿੱਘ ਬਣ ਕੇ ਬੈਠ ਜਾਂਦੇ ਹਨ। ਉਹਦੀ ਲਿਖਤ ਪੰਜਾਬੀ ਦਾ ਪੱਖ ਪੂਰਨ ਲਈ ਡਾਂਗ ਨਹੀਂ ਫੜਦੀ, ਪੰਜਾਬੀ ਰੰਗਾਂ ਦਾ ਖਲਾਰਾ ਪਾ ਕੇ ਵੇਖਣ-ਪੜ੍ਹਨ ਵਾਲਿਆਂ ਦਾ ਮਨ ਮੋਂਹਦੀ ਹੈ। ਉਹ ਪਿੰਡ ਤੋਂ ਸ਼ਹਿਰ ਤਕ ਇਕਸਾਰ ਅਪਣੱਤ ਨਾਲ ਫੈਲਦੀ ਹੈ। ਉਹਨੂੰ ਪੁਰਾਣੇ ਠੇਠ ਤੇ ਨਵੇਂ ਨਫੀਸ ਨਾਲ ਇਕੋ ਜਿੰਨਾ ਮੋਹ ਹੈ।
ਸਰਵਣ ਸਿੰਘ ਦੀ ਲਿਖਤ ਖੇਡਾਂ ਸਬੰਧੀ ਨਿਰਜਿੰਦ, ਨਿਰਭਾਵ ਜਾਣਕਾਰੀ ਨਹੀਂ ਦਿੰਦੀ, ਉਨ੍ਹਾਂ ਦੇ ਅੰਗ-ਸੰਗ ਹੱਸਦੀ ਹੈ, ਰੋਂਦੀ ਹੈ, ਡਰਦੀ ਹੈ, ਬੇਹੋਸ਼ ਹੋਣ ਤਕ ਜਾਂਦੀ ਹੈ। ਜੇ ਤੁਸੀਂ ਕੁੜੀ-ਮੁੰਡੇ ਦੇ ਘਿਸੇ-ਪਿਟੇ ਇਸ਼ਕ-ਪੇਚੇ ਦੇ ਬਗੈਰ ਸਰੋਦੀ ਰਚਨਾ ਦਾ ਅਨੰਦ ਲੈਣਾ ਚਾਹੁੰਦੇ ਹੋ, ਕਹਾਣੀ-ਪਲਾਟ ਤੋਂ ਬਗੈਰ ਬਿਰਤਾਂਤ ਨੂੰ ਸੰਭਵ ਹੋਇਆ ਵੇਖਣਾ ਚਾਹੁੰਦੇ ਹੋ ਤਾਂ ਸਰਵਣ ਸਿੰਘ ਤੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ।
ਸ਼ਾਇਦ ਤੁਹਾਨੂੰ ਜਾਪੇਗਾ ਮੈਂ ਭਾਵਕ ਹੋ ਰਿਹਾਂ। ਜਾਪਦਾ ਮੈਨੂੰ ਵੀ ਹੈ। ਇਸੇ ਲਈ ਮੈਂ ਆਪਣੇ ਲਿਖੇ ਨੂੰ ਦੁਬਾਰਾ ਪੜ੍ਹ ਗਿਆ, ਪਰ ਲਿਖੇ ਹੋਏ ਵਿਚੋਂ ਕੁਝ ਵੀ ਕੱਟਣ ਦਾ ਹੀਆ ਨਹੀਂ ਪਿਆ। ਮੈਨੂੰ ਖੇਡਾਂ ਵਿਚ ਖਾਸ ਦਿਲਚਸਪੀ ਨਹੀਂ, ਪਰ ਖੇਡਾਂ ਵਿਖਾਉਂਦੇ ਸਰਵਣ ਸਿੰਘ ਨੇ ਪੰਜਾਬੀ ਬੋਲੀ ਦੇ ਸੁਹੱਪਣ ਤੇ ਸਮਰੱਥਾ ਦਾ ਸੁਖਾਵਾਂ ਨਜ਼ਾਰਾ ਵੀ ਤਾਂ ਪੇਸ਼ ਕੀਤਾ ਹੈ। ਮੈਂ ਬੋਲੀ ਦੇ ਚਸਕੇ ਦਾ ਮਾਰਿਆ ਉਹਦੀਆਂ ਅੱਖਾਂ ਥਾਣੀਂ ਖੇਡਾਂ, ਖਿਡਾਰੀਆਂ, ਖੇਡ-ਵਿਦਿਆ ਤੇ ਖੇਡ-ਵਿਗਿਆਨ ਨਾਲ ਵਾਕਫੀ ਪਾ ਗਿਆ। ਤੁਸੀਂ ਪੁੱਛੋਗੇ: ਕੀ ਸਰਵਣ ਸਿੰਘ ਏਡਾ ਹੀ ਸਮਰੱਥਾਵਾਨ ਲਿਖਾਰੀ ਹੈ, ਜਿੱਡਾ ਮੈਂ ਉਹਨੂੰ ਦੱਸ ਰਿਹਾ ਹਾਂ? ਮੈਂ ਵੀ ਇਸ ਕਿਤਾਬ ਨੂੰ ਪੜ੍ਹਦੇ ਪੜ੍ਹਦੇ ਰੁਕ ਜਾਂਦਾ ਰਿਹਾ ਹਾਂ ਤੇ ਗੈਰ-ਹਾਜ਼ਰ ਸਰਵਣ ਸਿੰਘ ਨੂੰ ਸਵਾਲ ਕਰਦਾ ਰਿਹਾਂ ਹਾਂ: ਕੀ ਤੇਰੀਆਂ ਖੇਡਾਂ ਤੇ ਖਿਡਾਰੀ ਏਨੇ ਹੀ ਸੋਹਣੇ ਹਨ? ਫੇਰ ਜਵਾਬ ਵਜੋਂ ਆਪ ਹੀ ਸੌਦਾ ਦੀ ਗਜ਼ਲ ਦਾ ਇਕ ਸ਼ੇਅਰ ਆਪਣੇ ਆਪ ਨੂੰ ਸੁਣਾਉਂਦਾ ਰਿਹਾ ਹਾਂ,
ਸੌਦਾ ਜੋ ਤਿਰਾ ਹਾਲ ਹੈ ਇਤਨਾ ਤੋ ਨਹੀਂ ਵੋਹ
ਕਿਆ ਜਾਨੀਏ ਤੂਨੇ ਉਸੇ ਕਿਸ ਆਨ ਮੇ ਦੇਖਾ।
ਕਿਸੇ ਆਨ ਵਿਚ ਵੇਖਣਾ ਅਤੇ ਵਿਖਾਉਣਾ ਹੀ ਤਾਂ ਕਲਾਕਾਰੀ ਹੈ।