ਹਰਿਭਜਨ ਸਿੰਘ: ਸੁਹਜਵਾਦ ਦਾ ਝੰਡਾਬਰਦਾਰ-2

ਡਾ. ਹਰਿਭਜਨ ਦੀ ਕੈਨੇਡਾ ਫੇਰੀ
ਪੰਜਾਬੀ ਸਾਹਿਤ ਜਗਤ ਵਿਚ ਨਿਵੇਕਲਾ ਮੁਕਾਮ ਹਾਸਲ ਕਰਨ ਵਾਲੇ ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਦਾ ਇਹ ਜਨਮ ਸ਼ਤਾਬਦੀ ਵਰ੍ਹਾ ਹੈ। ਕਵਿਤਾ, ਅਨੁਵਾਦ, ਆਲੋਚਨਾ ਅਤੇ ਅਧਿਆਪਨ ਦੇ ਖੇਤਰਾਂ ਵਿਚ ਉਨ੍ਹਾਂ ਨਵੀਆਂ ਲੀਹਾਂ ਪਾਈਆਂ। ਉਨ੍ਹਾਂ ਦੀ ਬੌਧਿਕਤਾ ਵਿਚ ਹਰ ਸ਼ਖਸ ਨੂੰ ਕਾਇਲ ਕਰਨ ਦੀ ਸਮਰੱਥਾ ਸੀ। ਪਿਛਲੀ ਵਾਰ ਡਾ. ਗੁਰੂਮੇਲ ਸਿੱਧੂ ਦੇ ਲੰਮੇ ਲੇਖ ਦੀ ਪਹਿਲੀ ਕਿਸ਼ਤ ਪਾਠਕਾਂ ਦੀ ਨਜ਼ਰ ਕੀਤੀ ਗਈ ਸੀ, ਐਤਕੀਂ ਇਸ ਲੇਖ ਦੀ ਦੂਜੀ ਅਤੇ ਆਖਰੀ ਕਿਸ਼ਤ ਹਾਜ਼ਰ ਹੈ।

ਇਸ ਲੇਖ ਵਿਚ ਡਾ. ਹਰਿਭਜਨ ਸਿੰਘ ਦੇ ਸਾਹਿਤ ਦੇ ਨਾਲ-ਨਾਲ ਉਨ੍ਹਾਂ ਦੀ ਹਯਾਤੀ ਬਾਰੇ ਭਰਵੀਂ ਚਰਚਾ ਕੀਤੀ ਗਈ ਹੈ। -ਸੰਪਾਦਕ

ਡਾ. ਗੁਰੂਮੇਲ ਸਿੱਧੂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹਰਿਭਜਨ ਸਿੰਘ 1977 ਵਿਚ ਮੇਰੇ ਪਾਸ ਵੈਨਕੂਵਰ ਆਇਆ। ਉਸ ਨੂੰ ਦੇਖਿਆਂ ਦਸ ਕੁ ਸਾਲ ਬੀਤ ਚੁਕੇ ਸਨ। ਹਵਾਈ ਅੱਡੇ ‘ਤੇ ਉਡੀਕਦਿਆਂ ਮੈਂ ਕਿਆਸ ਲਾ ਰਿਹਾ ਸੀ ਕਿ ਉਸ ਦਾ ਚਿਹਰਾ-ਮੋਹਰਾ ਕਿਸ ਤਰ੍ਹਾਂ ਦਾ ਹੋਵੇਗਾ! ਕੈਨੇਡਾ ਆਉਣ ਵੇਲੇ ਜਦ ਮਿਲ ਕੇ ਆਇਆ ਸੀ ਤਾਂ ਦਾੜ੍ਹੀ ਵਿਚ ਕੋਈ-ਕੋਈ ਧੌਲਾ ਸੀ, ਮੂੰਹ ਭਰਿਆ ਹੋਇਆ ਅਤੇ ਮੱਥਾ ਦੀਵੇ ਵਾਂਗ ਜਗ ਰਿਹਾ ਸੀ। ਮੈਂ ਸੋਚਿਆ, ਉਸ ਨੂੰ ਆਉਣ ਸਾਰ ਪਛਾਣ ਲਵਾਂਗਾ। ਯਾਤਰੀ ਆਉਣੇ ਸ਼ੁਰੂ ਹੋ ਗਏ, ਹਰਿਭਜਨ ਕਿਤੇ ਨਜ਼ਰ ਨਹੀਂ ਸੀ ਆ ਰਹਾ। ਮੈਂ ਦਰਵਾਜ਼ੇ ਲਾਗੇ ਖਲੋ ਗਿਆ; ਉਥੋਂ ਇੰਮੀਗ੍ਰੇਸ਼ਨ ਕਾਉਂਟਰ ਦਿਸਦਾ ਸੀ। ਇੰਨੇ ਨੂੰ ਮੇਰੀ ਨਜ਼ਰ ਹਰਿਭਜਨ ‘ਤੇ ਪਈ, ਇੰਮੀਗ੍ਰੇਸ਼ਨ ਅਫਸਰ ਉਸ ਤੋਂ ਕੋਈ ਫਾਰਮ ਭਰਵਾ ਰਹਾ ਸੀ। ਬਾਹਰ ਆਇਆ ਤਾਂ ਜੱਫੀ ਪਾ ਕੇ ਮਿਲਿਆ। ਗੋਰੇ ਅੱਖਾਂ ਟੱਡ-ਟੱਡ ਦੇਖਣ। ਪੁੱਛਣ ‘ਤੇ ਪਤਾ ਲੱਗਾ ਕਿ ਉਸ ਪਾਸ ਕੈਨੇਡਾ ਦਾ ਵੀਜ਼ਾ ਨਹੀਂ ਸੀ। ਇੰਮੀਗ੍ਰੇਸ਼ਨ ਅਫਸਰ ਯਾਤਰੂ-ਵੀਜ਼ੇ ਦਾ ਫਾਰਮ ਭਰਵਾ ਰਿਹਾ ਸੀ। ਮੈਂ ਕਿਹਾ, ਦਿੱਲੀ ਤੋਂ ਵੀਜ਼ਾ ਲਗਵਾ ਕੇ ਆਉਣਾ ਸੀ। ਉਸ ਨੇ ਦੱਸਿਆ ਕਿ ਉਹਦੇ ਪਾਸ ਅਮਰੀਕਾ ਦਾ ਵੀਜ਼ਾ ਹੈ, ਕਿਸੇ ਸੱਜਣ ਨੇ ਕਿਹਾ, ਜੇ ਅਮਰੀਕਾ ਦਾ ਵੀਜ਼ਾ ਹੋਵੇ ਤਾਂ ਕੈਨੇਡਾ ਦੇ ਵੀਜ਼ੇ ਦੀ ਲੋੜ ਨਹੀਂ।
ਘਰ ਪਹੁੰਚੇ ਤਾਂ ਹਰਿਭਜਨ ਨੇ ਪੱਗ ਲਾਹ ਕੇ ਮੇਜ਼ ‘ਤੇ ਰੱਖੀ ਅਤੇ ਮੋਕਲਾ ਹੋ ਕੇ ਸੋਫੇ ‘ਤੇ ਬਹਿ ਗਿਆ। ਮੈਂ ਪੁੱਛਿਆ, ਕੀ ਪੀਣਾ? ਕਹਿਣ ਲੱਗਾ, ਬੈਠ ਪਹਿਲਾਂ ਗੱਲਾਂ ਕਰੀਏ। ਚਾਹ ਰੱਖ ਕੇ ਮੈਂ ਉਸ ਦੇ ਸਾਹਮਣੇ ਕੁਰਸੀ ਡਾਹ ਕੇ ਬਹਿ ਗਿਆ। ਗੱਲਾਂ ਕਰਨ ਦਾ ਉਹੋ ਲਹਿਜਾ ਅਤੇ ਸ਼ਬਦਾਂ ਵਿਚ ਪਹਿਲਾਂ ਵਰਗੀ ਲੈਅ ਅਤੇ ਲੋਚ ਸੀ। ਜਦ ਉਸ ਨੇ ‘ਬਈ ਗੁਰਮੇਲ’ ਕਿਹਾ ਤਾਂ ਮੈਨੂੰ ਪਿਛਲੇ ਦਿਨ ਯਾਦ ਆ ਗਏ। ਮੈਂ ਕਿਹਾ, ਤੂੰ ਬਿਲਕੁਲ ਨਹੀਂ ਬਦਿਲਆ, ਤੇਰੀ ਰਫਤਾਰ, ਗੁਫਤਾਰ ਤੇ ਦਸਤਾਰ ਵਿਚ ਕੋਈ ਫਰਕ ਨਹੀਂ, ਬੱਸ ਥੋੜ੍ਹਾ ਬਜ਼ੁਰਗ ਲੱਗਣ ਲੱਗ ਪਿਆਂ। ਦਾੜ੍ਹੀ ਕਾਫੀ ਚਿੱਟੀ ਹੋ ਗਈ ਸੀ ਪਰ ਮੂੰਹ ‘ਤੇ ਅਜੇ ਵੀ ਪਹਿਲਾਂ ਵਾਲੀ ਰੌਣਕ ਸੀ। ਕਹਿਣ ਲੱਗਾ, “ਬਈ ਗੁਰਮੇਲ! ਦਾੜ੍ਹੀ ਮੁੱਛ ਸਫਾਚੱਟ ਕਰਾ ਕੇ ਤੂੰ ਪਹਿਲਾਂ ਨਾਲੋਂ ਵੀ ਗੱਭਰੂ ਜੁਆਨ ਤੇ ਸੋਹਣਾ-ਸੁਨੱਖਾ ਨਿਕਲ ਆਇਆਂ; ਕਿਸੇ ਫਿਲਮੀ ਹੀਰੋ ਵਾਂਗ ਲਗਦੈਂ।” ਮੁਸਕਣੀ ਹੱਸਦਿਆਂ ਮੈਂ ਕਿਹਾ, “ਤੂੰ ਬਿਲਕੁਲ ਠੀਕ ਪਛਾਣਿਆਂ ਆਪਣੇ ਪੁਰਾਣੇ ਯਾਰ ਨੂੰ; ਤੇਰੀ ਗੱਲ ਦੀ ਤਸਦੀਕ ਗੋਰੀਆਂ ਵੀ ਕਰਦੀਆਂ ਹਨ।” ਉਸ ਨੇ ਕਿਹਾ, “ਕਹਿਣ ਦੀ ਲੋੜ ਨਹੀਂ, ਤੇਰੀ ਦੇਖਣੀ-ਪਾਖਣੀ ਹੀ ਦੱਸ ਰਹੀ ਹੈ।” ਚਾਹ ਬਣ ਗਈ ਤਾਂ ਕੱਪਾਂ ‘ਚ ਪਾ ਕੇ, ਸਲੂਣੇ ਸਮੇਤ, ਮੇਜ਼ ‘ਤੇ ਰੱਖ ਦਿੱਤੀ। ਚਾਹ ਪੀਂਦਿਆਂ ਕੁਝ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ।
ਸ਼ਾਮ ਹੋ ਰਹੀ ਸੀ, ਖਾਣੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਜੋ ਘਰ ਬਣਿਆਂ ਪਿਆ ਖਾ ਲਵਾਂਗਾ। ਮੈਂ ਕਿਹਾ, ਬਾਹਰ ਚੱਲਾਂਗੇ, ਤੂੰ ਸਿਰਫ ਇਹ ਦੱਸ, ਕੀ ਖਾਣ ਨੂੰ ਜੀ ਕਰਦਾ। ਇੰਨੇ ਨੂੰ ਫੋਨ ਆ ਗਿਆ ਜੋ ਮੇਰੀ ਦੋਸਤ-ਕੁੜੀ ਐਵਲਨ ਕੌਰਕਰ ਦਾ ਸੀ। ਉਸ ਨੇ ਮਿਲਣ ਆਉਣਾ ਸੀ, ਮੈਂ ਇਹ ਕਹਿ ਕੇ ਵਰਜ ਦਿੱਤਾ ਕਿ ਅੱਜ ਮੇਰੇ ਘਰ ਇੰਡੀਆ ਤੋਂ ਪੁਰਾਣਾ ਦੋਸਤ ਆਇਆ ਹੋਇਆ ਹੈ। ਹਰਿਭਜਨ ਵਿਚੋਂ ਟੋਕ ਕੇ ਕਹਿਣ ਲੱਗਾ, “ਕੋਈ ਨਹੀਂ ਆਪਣੀ ਦੋਸਤ ਨੂੰ ਵੀ ਸੱਦ ਲੈ, ਮੈਂ ਵੀ ਦੇਖਾਂ ਤੇਰੀ ਪਸੰਦ ਕਿੱਦਾਂ ਦੀ ਹੈ।” ਮੈਂ ਕਿਹਾ ਕੱਲ੍ਹ ਨੂੰ ਸਹੀ, ਅੱਜ ਆਪਾਂ ਗੱਪਾਂ ਮਾਰਾਂਗੇ। ਉਸ ਨੇ ਕਿਹਾ, ਗੱਪਾਂ ਵੀ ਨਾਲ ਦੀ ਨਾਲ ਮਾਰੀ ਜਾਵਾਂਗੇ। ਮੈਨੂੰ ਲੱਗਿਆ, ਉਹ ਐਵਲਨ ਨੂੰ ਦੇਖਣਾ ਚਾਹੁੰਦਾ ਸੀ। ਦੁਬਾਰਾ ਫੋਨ ਕਰ ਕੇ ਐਵਲਨ ਨੂੰ ਕਿਹਾ, ਅਸੀਂ ਇੰਡੀਅਨ ਰੈਸਟੋਰੈਂਟ ਵਿਚ ਖਾਣਾ ਖਾਣ ਚੱਲੇ ਹਾਂ, ਤੂੰ ਵੀ ਆ ਜਾ। ਉਸ ਨੂੰ ਇੰਡੀਅਨ ਖਾਣਾ ਬਹੁਤ ਪਸੰਦ ਸੀ। ਅੱਧੇ ਕੁ ਘੰਟੇ ਵਿਚ ਪਹੁੰਚ ਗਈ। ਐਵਲਨ ਵਲ ਭਰਵੀਂ ਨਜ਼ਰ ਮਾਰਦਿਆਂ ਹਰਿਭਜਨ ਉਸ ਦੇ ਸੁਹੱਪਣ ਦੀ ਤਾਰੀਫ ਕਰਨ ਲੱਗ ਪਿਆ। ਗੋਰੀਆਂ ਆਪਣੀ ਤਾਰੀਫ ਸੁਣ ਕੇ ਗਦ-ਗਦ ਹੋ ਜਾਂਦੀਆਂ ਹਨ ਅਤੇ ਥੈਂਕ ਯੂ ਥੈਂਕ ਯੂ ਕਹੀ ਜਾਂਦੀਆਂ ਹਨ। ਕੁੜੀ ਦੇ ਆਉਣ ਨਾਲ ਹਰਿਭਜਨ ਚਮਕ ਉਠਿਆ, ਥਕਾਵਟ ਕਿਧਰੇ ਦੌੜ ਗਈ ਅਤੇ ਚੁਕੰਨਾ ਹੋ ਕੇ ਬੈਠ ਗਿਆ। ਮੈਨੂੰ ਪੰਜਾਬੀ ਵਿਚ ਕਹੇ, “ਬਈ ਗੁਰਮੇਲ, ਤੇਰੀ ਦੋਸਤ ਵਾਕਈ ਬਹੁਤ ਸੋਹਣੀ ਹੈ, ਦੇਖ ਕੇ ਭੁੱਖ ਲਹਿੰਦੀ ਹੈ।” ਮੈਂ ਪੰਜਾਬੀ ਵਿਚ ਕਿਹਾ, “ਦੇਖ ਕੇ ਹੀ ਭੁੱਖ ਨਾ ਲਾਹ ਲਈਂ, ਖਾਣਾ ਖਾਣ ਜੋਗੀ ਵੀ ਰੱਖ ਲਈਂ।”
ਵੈਨਕੂਵਰ ਵਿਚ ਪਟਿਆਲੇ ਵਾਲੇ ਮਨਮੋਹਨ ਸਿੰਘ ਦਾ ਹੋਟਲ ਸੀ। ਉਹ ਮੈਨੂੰ ਜਾਣਦਾ ਸੀ ਅਤੇ ਹੋਟਲ ਦਾ ਖਾਣਾ ਵੀ ਲਜ਼ੀਜ਼ ਸੀ। ਜਦ ਪਹੁੰਚੇ ਤਾਂ ਉਹ ਖਿੜੇ ਮੱਥੇ ਮਿਲਿਆ। ਮੈਂ ਕਿਹਾ, ਪੰਜਾਬੀ ਦੇ ਮਹਾਨ ਕਵੀ ਹਰਿਭਜਨ ਸਿੰਘ ਨੂੰ ਮਿਲੋ। ਉਸ ਨੂੰ ਕਵਿਤਾ ਵਿਚ ਦਿਲਚਸਪੀ ਸੀ ਅਤੇ ਹਰਿਭਜਨ ਦਾ ਨਾਂ ਵੀ ਸੁਣਿਆ ਹੋਇਆ ਸੀ। ਸਾਨੂੰ ਅਲਿਹਦਾ ਕਮਰੇ ਵਿਚ ਬਿਠਾ ਕੇ ਆਪ ਵੀ ਨਾਲ ਬਹਿ ਗਿਆ। ਮੈਂ ਕਿਹਾ, ਦਿੱਲੀ ਤੋਂ ਆਏ ਮੇਰੇ ਦੋਸਤ ਨੂੰ ਇੱਦਾਂ ਦਾ ਖਾਣਾ ਖੁਆ ਕਿ ਦਿੱਲੀ ਭੁੱਲ ਜਾਵੇ। ਉਸ ਨੇ ਕਿਹਾ, “ਡਾਕਟਰ ਸਾਹਿਬ, ਇਹ ਵੀ ਕੋਈ ਕਹਿਣ ਵਾਲੀ ਗੱਲ ਹੈ, ਜਿਹੋ ਜਹੇ ਤੁਹਾਡੇ ਮਹਿਮਾਨ, ਉਹੋ ਜਿਹੇ ਮੇਰੇ। ਤੁਸੀਂ ਸਿਰਫ ਇਹ ਦੱਸੋ ਕਿ ਖਾਣਾ ਕੀ ਹੈ।” ਮੈਂ ਕਿਹਾ, “ਇਹ ਤੁਹਾਡੇ ‘ਤੇ ਛੱਡਦੇ ਹਾਂ।” ਉਹ ਕਿਚਨ ਵਲ ਗਿਆ ਅਤੇ ਸਾਡੇ ਲਈ ਖਾਣਾ ਆਰਡਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਬੈਰ੍ਹਾ ਖਾਣਾ ਲੈ ਕੇ ਆ ਗਿਆ ਪਰ ਮਨਮੋਹਨ ਸਿੰਘ ਨਾ ਮੁੜਿਆ, ਸ਼ਾਇਦ ਗਾਹਕਾਂ ਦੀ ਭੀੜ ਕਰ ਕੇ ਰੁੱਝ ਗਿਆ। ਜਦ ਖਾਣਾ ਖਾ ਲਿਆ ਤਾਂ ਮਨਮੋਹਨ ਸਿੰਘ ਆ ਕੇ ਪੁੱਛਣ ਲੱਗਾ, “ਖਾਣਾ ਕਿੱਦਾਂ ਦਾ ਲੱਗਿਆ?” ਹਰਿਭਜਨ ਬੋਲਿਆ, “ਖਾਣਾ ਬਹੁਤ ਸੁਆਦ ਸੀ, ਦਿੱਲੀ ਵਰਗਾ ਸੁਆਦਲਾ।” ਮਾਲਕ ਫੇਰ ਚਲਾ ਗਿਆ, ਅਸੀਂ ਬੈਰ੍ਹੇ ਨੂੰ ਬਿੱਲ ਲਿਆਉਣ ਲਈ ਕਿਹਾ। ਉਸ ਨੇ ਦੱਸਿਆ, “ਮਾਲਕ ਦਾ ਹੁਕਮ ਹੈ, ਤੁਹਾਨੂੰ ਬਿਲ ਨਹੀਂ ਦੇਣਾ।” ਮੈਂ ਮਨਮੋਹਨ ਸਿੰਘ ਕੋਲ ਗਿਆ ਅਤੇ ਬਿੱਲ ਦੇਣ ਲਈ ਜ਼ਿੱਦ ਕੀਤੀ। ਉਸ ਨੇ ਮੇਰਾ ਹੱਥ ਘੁੱਟਦਿਆਂ ਹੌਲੀ ਜਿਹੀ ਕਿਹਾ, “ਕਿਉਂ ਸ਼ਰਮਿੰਦਾ ਕਰਦੇ ਹੋ, ਤੁਸੀਂ ਮੇਰਾ ਪੰਜਾਬੀ ਦੇ ਸਿਰਕੱਢ ਕਵੀ ਨਾਲ ਤੁਆਰਫ ਕਰਾਇਆ ਹੈ, ਮੈਂ ਇੰਨਾ ਵੀ ਨਹੀਂ ਕਰ ਸਕਦਾ!” ਜਦ ਮੈਂ ਪੈਸੇ ਦੇਣ ਲਈ ਜ਼ਿੱਦ ਕੀਤੀ ਤਾਂ ਉਸ ਨੇ ਮੇਰਾ ਹੱਥ ਘੁਟਦਿਆਂ ਕਿਹਾ, “ਤੁਸੀਂ ਕਿਹੜੇ ਨੱਠੇ ਹੋਏ ਹੋ, ਕਿਸੇ ਦਿਨ ਦੂਣੇ ਲੈ ਲਵਾਂਗਾ।” ਖਾਣਾ ਖਾ ਕੇ ਘਰ ਪਹੁੰਚੇ, ਹਰਿਭਜਨ ਥੱਕਿਆ ਹੋਇਆ ਸੀ। ਮੈਂ ਕਿਹਾ, ਤੂੰ ਹੁਣ ਆਰਾਮ ਕਰ, ਮੈਂ ਐਵਲਨ ਨੂੰ ਤੋਰ ਕੇ ਆਉਂਦਾਂ। ਉਹ ਐਵਲਨ ਨਾਲ ਹੋਰ ਗੱਲਾਂ ਕਰਨਾ ਚਾਹੁੰਦਾ ਸੀ। ਮੈਂ ਕਿਹਾ, ਕਲ੍ਹ ਸਹੀ, ਤੂੰ ਹੁਣ ਸੌਂ ਜਾ।
ਦੂਜੇ ਦਿਨ ਹਰਿਭਜਨ ਨੂੰ ਪੁੱਛਿਆ, ਕੀ ਦੇਖਣਾ-ਪਾਖਣਾ ਹੈ? ਕੁਝ ਸਾਹਿਤਕਾਰ ਤੈਨੂੰ ਮਿਲਣਾ…।
ਗੱਲ ਵਿਚੋਂ ਟੋਕਦਿਆਂ ਉਸ ਨੇ ਕਿਹਾ, “ਸਾਹਿਤਕਾਰਾਂ ਨੂੰ ਵੀ ਮਿਲ ਲਵਾਂਗੇ, ਪਹਿਲਾਂ ਕੈਨੇਡਾ ਦੇ ਸਰਸਬਜ਼ ਬਾਗ ਤਾਂ ਦਿਖਾ।” ਮੈਂ ਕਿਹਾ, “ਵੈਨਕੂਵਰ ਬਹੁਤ ਖੂਬਸੂਰਤ ਸ਼ਹਿਰ ਹੈ, ਇਕ ਪਾਸੇ ਸਮੁੰਦਰ ਤੇ ਦੂਜੇ ਪਾਸੇ ਪਹਾੜ ਹਨ। ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਵੀ ਦੇਖਣ ਯੋਗ ਸ਼ਹਿਰ ਹੈ। ਉਥੇ ਜਾਣ ਲਈ ਫੈਰੀ (ਪਾਣੀ ਦਾ ਛੋਟਾ ਜਹਾਜ਼) ਲੈਣੀ ਪੈਂਦੀ ਹੈ। ਰਾਹ ਵਿਚ ਗੁਲਾਬ ਦੇ ਫੁੱਲਾਂ ਨਾਲ ਸਜਿਆ ਬੁੱਸ਼ਰਟ ਗਾਰਡਨ ਹੈ; ਤੂੰ ਦੱਸ ਕਿੱਥੋਂ ਸ਼ੁਰੂ ਕਰਨਾ।” ਉਸ ਨੇ ਸਵਾਲੀਆ ਲਹਿਜੇ ਵਿਚ ਕਿਹਾ, “ਇਨ੍ਹਾਂ ਨਾਵਾਂ-ਥਾਵਾਂ ਤੋਂ ਸਿਵਾਏ ਕੁਝ ਹੋਰ ਵੀ ਦੇਖਣ ਯੋਗ ਹੋਵੇਗਾ!” ਮੈਂ ਕਿਹਾ, “ਹੋਰ ਤੈਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਿਖਾਵਾਂਗਾ, ਜਿਥੋਂ ਮੈਂ ਪੀਐਚ.ਡੀ. ਕੀਤੀ ਹੈ ਅਤੇ ਸਾਇਮਨ ਫਰੇਜ਼ਰ ਯੂਨੀਵਰਸਿਟੀ ਵੀ ਚੱਲਾਂਗੇ ਜਿੱਥੇ ਮੈਂ ਹੁਣ ਪੜ੍ਹਾਉਂਦਾ ਹਾਂ। ਉਸ ਨੇ ਮੇਰੀ ਗੱਲ ਵਲ ਬਹੁਤਾ ਧਿਆਨ ਨਾ ਦਿੱਤਾ।” ਮੈਨੂੰ ਲੱਗਿਆ, ਉਹ ਸੈਰ-ਸਪਾਟੇ ਲਈ ਆਇਆ ਹੈ, ਸ਼ਹਿਰ ਦੀ ਚਹਿਲ-ਪਹਿਲ ਦੇਖਣਾ ਚਾਹੁੰਦਾ ਹੈ। ਮੈਂ ਕਿਹਾ, “ਤੂੰ ਸਿੱਧਾ ਕਿਉਂ ਨਹੀਂ ਕਹਿੰਦਾ ਕੋਈ ਡਾਂਸ-ਡੂਨਸ ਦੇਖਣਾ ਹੈ।” ਹਰਿਭਜਨ ਨੇ ਬਣਾ ਸੁਆਰ ਕੇ ਉਤਰ ਦਿੱਤਾ, “ਮੈਂ ਸੋਚਿਆ, ਤੈਨੂੰ ਪੱਛਮ ਦੀ ਹਵਾ ਲੱਗ ਗਈ ਹੋਵੇਗੀ, ਆਪੇ ਸਮਝ ਜਾਏਂਗਾ ਪਰ ਲਗਦਾ, ਤੂੰ ਤਾਂ ਅਜੇ ਵੀ ਪਿੰਡ ਦੀਆਂ ਗਲੀਆਂ ਦੀ ਧੂੜ ਫੱਕਦਾ ਫਿਰਦਾਂ।” ਜਦ ਮੈਂ ਸ਼ਬਦ ‘ਫੱਕਦਾ’ ਸੁਣਿਆ, ਮੇਰਾ ਹਾਸਾ ਨਿਕਲ ਗਿਆ।
“ਬਈ ਗੁਰਮੇਲ, ਤੇਰਾ ਹਾਸਾ ਪਹਿਲਾਂ ਵਾਂਗ ਬੇਤੁਕੱਲਫਾ, ਆਪਮੁਹਾਰਾ ‘ਤੇ ਸੱਚਾ-ਸੁੱਚਾ ਹੈ।” ਉਸ ਨੂੰ ਮੇਰੇ ਹੱਸਣ ਦੇ ਕਾਰਨ ਦਾ ਪਤਾ ਨਹੀਂ ਸੀ ਲੱਗਿਆ। ਮੈਂ ਦੱਸਿਆ, “ਤੇਰੇ ਮੂੰਹੋਂ ਸ਼ਬਦ ‘ਫੱਕਦਾ’ ਸੁਣ ਕੇ ਹੱਸਿਆ ਸੀ ਜਿਸ ਦਾ ਅੰਗਰੇਜ਼ੀ ਅਰਥ ਬੜਾ ਖਤਰਨਾਕ ਹੈ।” ਉਸ ਨੂੰ ਫੇਰ ਵੀ ਸਮਝ ਨਾ ਆਈ ਕਿਉਂਕਿ ਪੰਜਾਬੀ ਵਿਚ ਇਸ ਸ਼ਬਦ ਦੇ ਅਰਥ ਹੋਰ ਹਨ ਅਤੇ ਅੰਗਰੇਜ਼ੀ ਵਿਚ ਹੋਰ। ਜਦ ਇਸ ਦੇ ਅੰਗਰੇਜ਼ੀ ਮਾਇਨੇ ਦੱਸੇ ਤਾਂ ਉਸ ਦੇ ਮੂੰਹ ‘ਤੇ ਸ਼ਰਮੀਲਾ ਜਿਹਾ ਹਾਸਾ ਬਿਖਰ ਗਿਆ। ਮੈਂ ਮਖੌਲ ਨਾਲ ਕਿਹਾ, “ਚਾਹੇਂ ਤਾਂ ਇਸ ਦਾ ਇੰਤਜ਼ਾਮ ਵੀ ਹੋ ਸਕਦਾ ਹੈ।” ਮੁਸਕਣੀ ਹੱਸਦਿਆਂ ਉਸ ਨੇ ਸ਼ਰਾਰਤ ਨਾਲ ਕਿਹਾ, “ਤੂੰ ਬੜਾ ਲੁੱਚਾ ਹੋ ਗਿਆਂ।” ਮੈਂ ਵੀ ਉਸੇ ਲਹਿਜੇ ਵਿਚ ਜਵਾਬ ਦਿੱਤਾ, “ਕੀ ਕਰੀਏ, ਪੱਛਮੀ ਦੇਸ਼ਾਂ ਵਿਚ ਇੰਨਾ ਕੁ ਤਾਂ ਬਦਲਣਾ ਪੈਂਦਾ ਹੈ, ਨਹੀਂ ਤਾਂ ਬੰਦਾ ਬੁੱਧੂ ਲਗਦੈ। ਮੈਂ ਜਦ ਏਥੇ ਆਇਆ ਸੀ ਤਾਂ ਬੜਾ ਭੋਲਾ-ਭਾਲਾ, ਸ਼ਰਮੀਲਾ ਤੇ ਸੰਗਾਊ ਸੀ।” ਉਸ ਨੇ ਕਿਹਾ, “ਹੁਣ ਤਾਂ ਬੜਾ ਹੰਢ-ਵਰਤ ਗਿਐਂ।” ਉਸ ਦਾ ਇਸ਼ਾਰਾ ਮੇਰੀ ਦੋਸਤ ਕੁੜੀ ਐਵਲਨ ਵਲ ਸੀ। ਮੈਂ ਕਿਹਾ, “ਗੁਰੂਦੇਵ! ਸਮਾਂ, ਸਥਾਨ ‘ਤੇ ਗਿਆਨ ਸਭ ਕੁਝ ਸਿਖਾ ਦਿੰਦੇ ਹਨ।” ਕਹਿਣ ਲੱਗਾ, “ਗੁਰਮੇਲ, ਕੈਨੇਡਾ ਆ ਕੇ ਤੂੰ ਭਾਵੇਂ ਪੜ੍ਹ ਲਿਖ ਤੇ ਬਣ ਸੰਵਰ ਗਿਐਂ, ਪਰ ਤੇਰੇ ‘ਚੋਂ ਅਪਣੱਤ, ਹਮਦਰਦੀ ਤੇ ਸਾਦਗੀ ਮਨਫੀ ਨਹੀਂ ਹੋਏ। ਹੋਰ ਕਿੰਨੇ ਲਿਖਾਰੀ ਬਾਹਰ ਆਏ, ਕਿਸੇ ਨੇ ਪੜ੍ਹਨ ਵਲ ਧਿਆਨ ਨਹੀਂ ਦਿੱਤਾ, ਪੈਸੇ ਕਮਾਉਣ ਦੇ ਚੱਕਰ ਵਿਚ ਹੀ ਖਰਚ ਹੋ ਗਏ। ਇੰਗਲੈਂਡ ਵਿਚ ਕਈ ਮਿਲੇ ਜੋ ਦਾਰੂ ਪੀ ਕੇ ਫੋਕੀਆਂ ਫੜ੍ਹਾਂ ਮਾਰਦੇ, ਬੇਹੂਦਾ ਤੇ ਬੇਅਰਥਾ ਬੋਲੀ ਜਾਂਦੇ ਹਨ। ਇਕ ਦੂਜੇ ਦੀ ਚੁਗਲੀ ਨਿੰਦਾ ਕਰਨ ਲੱਗੇ ਅੱਗਾ-ਪਿੱਛਾ ਨਹੀਂ ਦੇਖਦੇ।” ਮੈਂ ਕਿਹਾ, “ਛੱਡ ਪਰ੍ਹਾਂ, ਆਪਾਂ ਉਨ੍ਹਾਂ ਤੋਂ ਕੀ ਲੈਣਾ। ਅੱਜ ਦਾ ਪ੍ਰੋਗਰਾਮ ਬਣਾਉਂਦੇ ਹਾਂ। ਅੱਜ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਚੱਲਾਂਗੇ। ਜਿਹੜੇ ਡਿਪਾਰਮੈਂਟ ‘ਚੋਂ ਮੈਂ ਪੀਐਚ.ਡੀ. ਕੀਤੀ ਸੀ, ਉਹ ਦਿਖਾਵਾਂਗਾ ਅਤੇ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨਾਲ ਮਿਲਾਂਗੇ। ਯੂ.ਬੀ.ਸੀ. ਵਿਚ ਨਿਓ ਕ੍ਰਿਟੀਸਿਜ਼ਮ ਅਤੇ ਸੰਰਚਨਾਵਾਦ ‘ਤੇ ਬਹੁਤ ਕੰਮ ਹੋ ਰਿਹਾ ਸੀ। ਹਰਿਭਜਨ ਦਿੱਲੀ ਯੂਨੀਵਰਸਿਟੀ ਦੇ ਭਾਸ਼ਾਵਾਂ ਦੇ ਡਿਪਾਰਟਮੈਂਟ ਦਾ ਮੁਖੀ ਸੀ। ਉਸ ਦੀ ਛਤਰ-ਛਾਇਆ ਹੇਠ ਸੰਰਚਨਵਾਦ ਅਤੇ ਰੂਸੀ ਰੂਪਵਾਦ ‘ਤੇ ਕੰੰਮ ਹੋਣ ਕਰ ਕੇ ‘ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ’ ਸਥਾਪਤ ਹੋਇਆ ਸੀ। ਮੈਂ ਸੋਚਿਆ, ਉਸ ਲਈ ਯੂਨੀਵਰਸਿਟੀ ਦੇ ਸਾਹਿਤ ਵਿਭਾਗ ਦੇ ਪ੍ਰੋਫੈਸਰਾਂ ਨਾਲ ਮਿਲਣਾ ਲਾਭਦਾਇਕ ਰਹੇਗਾ।
ਯੂ.ਬੀ.ਸੀ. ਦੀ ਗੇੜਾ
ਅਸੀਂ ਪਹਿਲਾਂ ਬਾਈਓਲੋਜੀ ਵਿਭਾਗ ਵਿਚ ਗਏ, ਜਿੱਥੇ ਮੇਰੀ ਪੀਐਚ.ਡੀ. ਦੇ ਨਿਗਰਾਨ ਪ੍ਰੋਫੈਸਰ ਸਨ। ਹਰਿਭਜਨ ਨੂੰ ਪਹਿਲਾਂ ਪ੍ਰੋ. ਡੇਵਿਡ ਸਜ਼ੂਕੀ ਨਾਲ ਮਿਲਾਇਆ। ਡੇਵਿਡ ਬੇਬਾਕ ਅਤੇ ਹਿੱਪੀਆਂ ਵਰਗੇ ਭੇਸ ਵਾਲਾ ਪ੍ਰੋਫੈਸਰ ਸੀ। ਮੈਨੂੰ ਦੇਖਦਿਆਂ ਸਾਰ ਉਸ ਨੇ ਕਿਹਾ, “੍ਹੋੱ ਸਿ ਟਹe ਲੋਵeਰ ਬੇ?” ਮੈਂ ਕਿਹਾ, “ਜੀ ਬਿਲਕੁਲ ਚੰਗਾ-ਭਲਾ ਹਾਂ।” ਜਦ ਬਾਹਰ ਨਿਕਲੇ ਤਾਂ ਹਰਿਭਜਨ ਨੇ ‘ਲਵਰ ਬੁਆਏ’ ਵਾਲੀ ਗੱਲ ਪੁੱਛੀ। ਮੈਂ ਕਿਹਾ, “ਇਹ ਘਰ ਚੱਲ ਕੇ ਦੱਸਾਂਗਾ, ਪਹਿਲਾਂ ਅੰਗਰੇਜ਼ੀ ਵਿਭਾਗ ਵਲ ਚਲਦੇ ਹਾਂ।” ਉਥੇ ਅੰਗਰੇਜ਼ੀ ਦੇ ਦੋ ਕਵੀ/ਆਲੋਚਕ ਪ੍ਰੋ. ਅਰਲ ਬਰਨੀ ਅਤੇ ਪ੍ਰੋ. ਮਾਈਕਲ ਬੁਲਕ ਨੂੰ ਮਿਲੇ। ਉਨ੍ਹਾਂ ਦਿਨਾਂ ਵਿਚ ਬਰਨੀ ਦੀ ਕਾਵਿ-ਪੁਸਤਕ ‘੍ਰਅਗਸ & ਭੋਨe ੰਹੋਪ’ ਛਪੀ ਸੀ। ਇਸ ਵਿਚ ਕਾਵਿ-ਸ਼ੈਲੀ ਦੇ ਅਜੀਬ ਕਿਸਮ ਦੇ ਪ੍ਰਯੋਗ ਕੀਤੇ ਹੋਏ ਹਨ। ਕੁਝ ਕਵਿਤਾਵਾਂ ਈ.ਈ. ਕੰਮਿੰਗਜ਼ (ਓ।ਓ। ਛੋਮਮਨਿਗਸ) ਦੇ ਪੜਯਥਾਰਥਵਾਦ (ੁੰਰਰeਅਲਸਿਮ) ਨਾਲ ਮਿਲਦੀਆਂ ਹਨ, ਕੁਝ ਬੀਟਨਿਕ ਕਵਿਤਾ (ਭeਅਟਨਚਿਕ ਫੋeਟਰੇ) ਵਰਗੀਆਂ ਹਨ ਅਤੇ ਕੁਝ ਉਸ ਦੀ ਆਪਣੀ ਨਵੀਂ ਸ਼ੈਲੀ ਵਿਚ ਲਿਖੀਆਂ ਹੋਈਆਂ ਹਨ। ਯਾਦ ਰਹੇ, ਪ੍ਰੋ. ਬਰਨੀ ਨੇ ਯੂ.ਬੀ.ਸੀ. ਵਿਚ ਸਭ ਤੋਂ ਪਹਿਲਾਂ ਕ੍ਰੀਏਟਿਵ ਰਾਇਟਿੰਗ ਵਿਭਾਗ ਬਣਾਇਆ ਸੀ। ਉਹ ਜਮਾਤ ਪੜ੍ਹਾਉਣ ਚੱਲਿਆ ਸੀ, ਇਸ ਲਈ ਸੰਖੇਪ ਜਿਹੀ ਮੁਲਾਕਾਤ ਹੋਈ। ਸੰਰਚਨਾਵਾਦ ਦਾ ਮਾਹਿਰ ਪ੍ਰੋਫੈਸਰ ਕਿਸੇ ਕਾਨਫਰੰਸ ਵਿਚ ਭਾਗ ਲੈਣ ਗਿਆ ਹੋਇਆ ਸੀ। ਸਬਬ ਨਾਲ ਉਸ ਦੀਆਂ ਦੋ ਵਿਦਿਆਰਥਣਾਂ ਨਾਲ ਮੁਲਾਕਾਤ ਹੋ ਗਈ ਜਿਨ੍ਹਾਂ ਵਿਚੋਂ ਇਕ ਮਦਰਾਸ ਤੋਂ ਪੀਐਚ.ਡੀ. ਕਰਨ ਆਈ ਸੀ ਅਤੇ ਦੂਜੀ ਇਕ ਗੋਰੀ ਕੁੜੀ ਸੀ। ਭਾਰਤੀ ਕੁੜੀ ਦਾ ਨਾਂ ਮੀਨਾਕਸ਼ੀ ਸੀ ਅਤੇ ਗੋਰੀ ਕੁੜੀ ਦਾ ਕਾਰਲਾ ਸੀ। ਹਰਿਭਜਨ ਨੇ ਮਿਲਦਿਆਂ ਸਾਰ ਉਨ੍ਹਾਂ ਨਾਲ ਸੰਰਚਨਾਵਾਦ ਬਾਰੇ ਗੱਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨਾਲ ਲੋਰ ਵਿਚ ਹੱਥ ਉਲਾਰ ਉਲਾਰ ਕੇ ਗੱਲਾਂ ਕਰਨ ਲੱਗ ਪਿਆ। ਮੈਂ ਕਿਹਾ, “ਆਪਾਂ ਇਨ੍ਹਾਂ ਨੂੰ ਡਿਨਰ ਲਈ ਸੱਦ ਲੈਂਦੇ ਹਾਂ, ਬਾਕੀ ਗੱਲਾਂ ਉਦੋਂ ਕਰ ਲਈਂ।” ਮੈਂ ਦੋਹਾਂ ਕੁੜੀਆਂ ਨੂੰ ਸ਼ਾਮ ਦੇ ਡਿਨਰ ਦੀ ਦਾਅਵਤ ਦਿੱਤੀ ਜੋ ਉਨ੍ਹਾਂ ਨੇ ਖਿੜੇ ਮੱਥੇ ਮੰਨ ਲਈ। ਉਨ੍ਹਾਂ ਨੂੰ ਲਿਆਉਣ ਅਤੇ ਵਾਪਸ ਛੱਡਣ ਦੀ ਜ਼ਿੰਮੇਦਾਰੀ ਵੀ ਆਪਣੇ ਸਿਰ ਲੈ ਲਈ।
ਕੁੜੀਆਂ ਦੇ ਆਉਣ ਤੋਂ ਪਹਿਲਾਂ ਮੈਂ ਹਰਿਭਜਨ ਨੂੰ ਕਿਹਾ, “ਚੱਲ ਕੋਈ ਵਾਇਨ ਵਗੈਰਾ ਲੈ ਆਈਏ।” ਵਾਇਨ ਸ਼ੌਪ ‘ਤੇ ਇਕ ਬੋਤਲ ‘ਤੇ ਅੰਗਰੇਜ਼ੀ ਵਿਚ ‘ੁੰਨਟਰੇ’ ਲਿਖਿਆ ਹੋਇਆ ਸੀ। ਪੰਜਾਬੀ ਵਰਗੇ ਨਾਂ ਦੇ ਭੁਲੇਖੇ ‘ਸੰਤਰੀ’ ਦੀ ਅਤੇ ਇਕ ਰੈਡ ਵਾਇਨ ਦੀ ਬੋਤਲ ਖਰੀਦ ਲਈ। ਮੈਂ ਕੁੜੀਆਂ ਨੂੰ ਲੈਣ ਚਲਾ ਗਿਆ। ਜਾਣ ਵੇਲੇ ਹਰਿਭਜਨ ਦੇ ਤੇੜ ਪੈਂਟ ਕੋਟ ਸੀ ਅਤੇ ਚਿੱਟੀ ਪੱਗ ਬੰਨ੍ਹੀ ਹੋਈ ਸੀ; ਵਾਪਸ ਮੁੜਿਆ ਤਾਂ ਉਹ ਫਿਲਾਸਫਰਾਂ ਵਾਂਗ ਵਾਲ ਖਿਲਾਰੀ, ਚਿੱਟਾ ਕੁੜਤਾ-ਪਜਾਮਾ ਪਾ ਕੇ ਸੋਫੇ ‘ਤੇ ਬੈਠਾ ਕੁਝ ਲਿਖ ਰਿਹਾ ਸੀ। ਕੁੜੀਆਂ ਨੂੰ ਖਿੜੇ ਹੋਏ ਚਿਹਰੇ ਨਾਲ ਉਠ ਕੇ ਮਿਲਿਆ। ਸਾਰੇ ਥਾਂ-ਪੁਰ-ਥਾਂ ਬਹਿ ਗਏ ਤਾਂ ਮੈਂ ਕੁੜੀਆਂ ਨੂੰ ਪੁੱਛਿਆ, “ਕੀ ਪੀਓਗੇ?” ਮੀਨਾਕਸ਼ੀ ਨੇ ਕਿਹਾ ਕਿ ਉਹ ਸ਼ਰਾਬ ਨਹੀਂ ਪੀਂਦੀ ਤੇ ਕਾਰਲਾ ਨੇ ਰੈਡ ਵਾਇਨ ਦਾ ਗਲਾਸ ਮੰਗਿਆ। ਜਦ ਮੈਂ ਰੈਡ ਵਾਇਨ ਗਲਾਸਾਂ ਵਿਚ ਪਾਉਣ ਲੱਗਾ ਤਾਂ ਹਰਿਭਜਨ ਨੇ ਕਿਹਾ, “ਬਈ ਗੁਰਮੇਲ, ਮੈਨੂੰ ਤਾਂ ਸੰਤਰੀ ਦਾ ਸੁਆਦ ਚਖਾ।” ਕਾਰਲਾ ਦਾ ਸਾਥ ਦੇਣ ਲਈ ਮੈਂ ਵੀ ਵਾਇਨ ਲੈ ਲਈ ਅਤੇ ਹਰਿਭਜਨ ਨੂੰ ਸੰਤਰੀ ਦਾ ਪੈਗ ਦੇ ਦਿੱਤਾ। ਪੈਂਦੀ ਸੱਟੇ ਉਸ ਨੇ ਕੁੜੀਆਂ ਨਾਲ ਸੰਰਚਨਾਵਾਦ ਬਾਰੇ ਗੱਲਬਾਤ ਸ਼ੁਰੂ ਕੀਤੀ। ਕੁੜੀਆਂ ਨਾਲ ਗੱਲਾਂ ਵੀ ਕਰੀ ਜਾਵੇ ਅਤੇ ਸੰਤਰੀ ਦੀਆਂ ਘੁਟਾਂ ਵੀ ਭਰੀ ਜਾਵੇ। ਦੂਜਾ ਪੈਗ ਪਾਇਆ ਤਾਂ ਅੱਧਾ ਕੁ ਪੀ ਕੇ ਲੋਰ ਵਿਚ ਆ ਗਿਆ ਤੇ ਸੰਰਚਨਾਵਾਦ ਬਾਰੇ ਆਪਣੇ ਗਿਆਨ ਦੀ ਛਹਿਬਰ ਲਾ ਦਿੱਤੀ। ਕੁੜੀਆਂ ਨੂੰ ਬੋਲਣ ਦਾ ਬਹੁਤ ਘੱਟ ਮੌਕਾ ਦਿੱਤਾ, ਖੁਦ ਹੀ ਬੋਲੀ ਗਿਆ। ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਨਾਲ ਬਹਿਸ ਕਰਦਾ, ਆਖਿਰ ਨੂੰ ਉਹ ਸੰਰਚਨਾਵਾਦ ਦੇ ਖੇਤਰ ਵਿਚ ਪੀਐਚ.ਡੀ. ਕਰ ਰਹੀਆਂ ਸਨ। ਮੀਨਾਕਸ਼ੀ ਨੇ ਉਬਾਸੀ ਲਈ, ਮੈਂ ਸਮਝਿਆ, ਜਾਂ ਤਾਂ ਉਹ ਬੋਰ ਹੋ ਰਹੀ ਸੀ, ਜਾਂ ਭੁੱਖ ਲੱਗੀ ਹੋਈ ਸੀ। ਮੈਂ ਕਿਹਾ, “ਆਉ ਖਾਣਾ ਖਾਈਏ।”
ਖਾਣਾ ਖਾਣ ਤੋਂ ਪਹਿਲਾਂ ਹਰਿਭਜਨ ਨੇ ਇਕ ਪੈਗ ਹੋਰ ਖਿੱਚ ਦਿੱਤਾ। ਉਸ ਦਾ ਜੀ ਹੋਰ ਗੱਲਾਂ ਕਰਨ ਨੂੰ ਕਰਦਾ ਸੀ। ਰਾਤ ਦੇ ਬਾਰਾਂ ਵਜ ਰਹੇ ਸਨ, ਕੁੜੀਆਂ ਨੇ ਵਾਪਸ ਜਾਣ ਲਈ ਕਿਹਾ। ਮੈਂ ਕਿਹਾ, “ਅੱਧਾ ਘੰਟਾ ਹੋਰ ਠਹਿਰ ਜਾਓ।” ਅਸੀਂ ਫੇਰ ਗੱਲੀਂ ਜੁੱਟ ਗਏ ਤਾਂ ਹਰਿਭਜਨ ਇਕ ਹੋਰ ਪੈਗ ਪਾ ਕੇ ਬਹਿ ਗਿਆ। ਉਸ ਨੂੰ ਚੜ੍ਹ ਗਈ ਸੀ ਅਤੇ ਉਬਾਸੀਆਂ ਲੈਣ ਲੱਗ ਪਿਆ। ਮੈਂ ਕਿਹਾ, “ਤੂੰ ਆਰਾਮ ਕਰ, ਮੈਂ ਕੁੜੀਆਂ ਨੂੰ ਛੱਡ ਆਵਾਂ।” ਜਦ ਛੱਡ ਕੇ ਵਾਪਸ ਮੁੜਿਆ ਤਾਂ ਹਰਿਭਜਨ ਲਟਬੌਰਾ ਜਿਹਾ ਹੋਇਆ ਘਰ ਦੇ ਅੰਦਰ ਕਾਹਲੀ-ਕਾਹਲੀ ਏਧਰ-ਓਧਰ ਗੇੜੇ ਮਾਰ ਰਿਹਾ ਸੀ। ਪੁੱਛਿਆ ਕਿ ਠੀਕ ਠਾਕ ਏਂ ਤਾਂ ਉਸ ਨੇ ਹੱਥ ਉਲਾਰ ਕੇ ਮਸਤਾਂ ਵਾਂਗ ਸਿਰ ਹਿਲਾ ਦਿੱਤਾ। ਉਸ ਨੂੰ ਕਾਫੀ ਚੜ੍ਹ ਗਈ ਸੀ, ਮੈਂ ਸੌਣ ਲਈ ਕਿਹਾ। ਥੋੜ੍ਹਾ ਚਿਰ ਪੈ ਕੇ, ਫੇਰ ਉਠ ਕੇ ਘੁੰਮਣ ਲੱਗ ਪਵੇ। ਸੁਣਿਆਂ ਸੀ, ਲੱਸੀ ਪੀਣ ਨਾਲ ਉਤਰ ਜਾਂਦੀ ਹੈ, ਮੈਂ ਉਸ ਨੂੰ ਲੱਸੀ ਦਾ ਗਲਾਸ ਪਲਾਇਆ। ਲੱਸੀ ਪੀ ਕੇ ਕੁਝ ਚੈਨ ਜਿਹਾ ਆਇਆ ਤਾਂ ਸੌਂ ਗਿਆ। ਦੂਜੇ ਦਿਨ ਦੁਪਹਿਰੋਂ ਬਾਅਦ ਉਠਿਆ ਤਾਂ ਕਹਿਣ ਲੱਗਾ, “ਬਈ ਤੇਰੀ ਵਾਇਨ ਬੜੀ ਸਖਤ ਸੀ।” ਜਦ ਸੰਤਰੀ ਦੀ ਬੋਤਲ ਦੇ ਲੇਵਲ ਨੂੰ ਪੜ੍ਹਿਆ ਤਾਂ ਪਤਾ ਲੱਗਿਆ ਕਿ ਉਹ ਵਾਇਨ ਨਹੀਂ, ਪੱਕੀ ਸ਼ਰਾਬ ਸੀ, ਉਹ ਵੀ 84 ਪਰੂਫ। ਹਰਿਭਜਨ ਨੂੰ ਦੱਸਿਆ, “ਰਾਤੀਂ ਤੂੰ ਵਾਇਨ ਨਹੀਂ, ਪੱਕੀ ਸ਼ਰਾਬ ਪੀ ਰਿਹਾ ਸੀ, ਆਹ ਦੇਖ ਬੋਤਲ ‘ਤੇ ਲਿਖਿਆ ਹੋਇਆ ਹੈ।” ਖਰੀਦਣ ਲੱਗਿਆਂ ਨਾ ਅਸੀਂ ਦਰਿਆਫਤ ਕੀਤਾ, ਨਾ ਵੇਚਣ ਵਾਲੇ ਨੇ ਦੱਸਿਆ। ਹਰਿਭਜਨ ਨੂੰ ਪੁੱਛਿਆ, “ਤੈਨੂੰ ਕੌੜੀ ਨਹੀਂ ਲੱਗੀ”, ਤਾਂ ਕਹਿਣ ਲੱਗਾ, “ਬਿਲਕੁਲ ਨਹੀਂ।” ਮੈਂ ਟੋਣਾ ਲਾਇਆ, “ਹੋ ਸਕਦਾ ਕੁੜੀਆਂ ਨਾਲ ਗੱਲਾਂ ਕਰਨ ਦੀ ਲੋਰ ਵਿਚ ਤੂੰ ਸ਼ਰਾਬ ਨੂੰ ਵਾਇਨ ਸਮਝ ਕੇ ਪੀ ਰਹਾ ਹੋਵੇਂ। ਸ਼ਬਾਬ ਦੇ ਨਸ਼ੇ ਸਾਹਮਣੇ ਸ਼ਰਾਬ ਦਾ ਨਸ਼ਾ ਮੱਠਾ ਪੈ ਜਾਂਦਾ ਹੈ।” ਮੈਂ ਬਚੀ ਹੋਈ ਸੰਤਰੀ ਦਾ ਘੁੱਟ ਭਰਿਆ ਤਾਂ ਵਾਕਈ ਉਸ ਵਿਚ ਕੋਈ ਖਾਸ ਕੁੜੱਤਣ ਨਹੀਂ ਸੀ।
ਆਖਰੀ ਮੁਲਾਕਾਤ
ਆਖਰੀ ਵਾਰ ਮੈਂ ਹਰਿਭਜਨ ਨੂੰ 10 ਜਨਵਰੀ, 1995 ਮਿਲਿਆ। ਉਸ ਦਾ ਸਰੀਰ ਬਿਮਾਰੀ ਦੀ ਸਿਉਂਕ ਅਤੇ ਉਮਰ ਦੇ ਘੁਣ ਨੇ ਖੋਖਲਾ ਕਰ ਦਿੱਤਾ ਸੀ। ਯਕੀਨ ਨਹੀਂ ਆਉਂਦਾ ਸੀ ਕਿ ਭਰਵੇਂ ਜੁੱਸੇ ਅਤੇ ਭਖਦੇ ਚਿਹਰੇ ਵਾਲ ਪੰਜਾਬੀ ਦਾ ਸਿਰਮੌਰ ਕਵੀ ਹਰਿਭਜਨ ਸਿੰਘ ਹੀ ਹੈ! ਘਰ ਦੇ ਖੂੰਜੇ ਵਿਚ ਡਾਹੇ ਹੋਏ ਮੰਜੇ ‘ਤੇ ਪਿਆ ਉਹ ਹੱਡੀਆਂ ਦੀ ਮੁੱਠ ਲੱਗਦਾ ਸੀ। ਜਾਂਦਿਆਂ ਸਾਰ ਮੈਂ ਮੰਜੇ ਦੀ ਪੁਆਂਦੀ ਬਹਿੰਦਿਆਂ ਕਿਹਾ, “ਗੁਰੂਦੇਵ ਉਠੋ, ਤੁਹਾਡਾ ਸ਼ਿਸ਼ ਮਿਲਣ ਆਇਆ ਹੈ।” ਉਸ ਨੇ ਉਠਣ ਦੀ ਕੋਸ਼ਿਸ਼ ਕੀਤੀ ਪਰ ਉਠ ਨਾ ਸਕਿਆ। ਮੈਂ ਥੋੜ੍ਹਾ ਸਹਾਰਾ ਦਿੱਤਾ ਤਾਂ ਮੰਜੇ ਤੋਂ ਹੇਠਾਂ ਲੱਤਾਂ ਲਮਕਾ ਕੇ ਬੈਠ ਗਿਆ। ਐਨਕਾਂ ਲਾਈਆਂ, ਤੇ ਮੇਰੇ ਵਲ ਦੇਖ ਕੇ ਕਹਿਣ ਲੱਗਾ:
“ਕਦ ਆਇਆਂ?”
“ਤਿੰਨ ਕੁ ਹਫਤੇ ਹੋ ਗਏ, ਪੰਜਾਬੀ ਯੂਨੀਵਰਸਿਟੀ ਦੀ ਕਾਨਫਰੰਸ ਲਈ ਆਇਆ ਸੀ। ਤੇਰੀ ਸਿਹਤ ਕਿੱਦਾਂ?” ਮੈਂ ਰਤਾ ਕੁ ਲਾਗੇ ਹੋ ਕੇ ਪੁੱਛਿਆ।
“ਬੱਸ ਜੂਨ ਕੱਟ ਰਿਹਾਂ, ਤੂੰ ਸੁਣਾ ਹੁਣ ਕਿੱਥੇ ਹੁੰਦਾਂ?”
“ਅਮਰੀਕਾ ਵਿਚ ਕੈਲੀਫੋਰਨੀਆ ਦੀ ਇਕ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਾਂ।”
“ਕੈਨੇਡਾ ਤੋਂ ਅਮਰੀਕਾ ਕਦੋਂ ਗਿਆ?”
“1980 ਵਿਚ, ਤੇਰੇ ਕੈਨੇਡਾ ਆਉਣ ਤੋਂ ਤਿੰਨ ਕੁ ਸਾਲ ਬਾਅਦ।”
“ਬਈ ਗੁਰਮੇਲ, ਕੈਨੇਡਾ ਵਿਚ ਤੇਰੇ ਪਾਸ ਤੀਆਂ ਵਰਗੇ ਦਿਨ ਕੱਟੇ ਸਨ।”
“ਤੁਹਾਨੂੰ ਯਾਦ ਹੈ ਆਪਾਂ ਕਿੱਥੇ-ਕਿੱਥੇ ਗਏ ਸੀ?” ਮੈਂ ਪੁੱਛਿਆ।
“ਹਾਂ, ਮੈਨੂੰ ਵੈਨਕੂਵਰ ਦੀ ਫੁੱਲਾਂ ਵਾਲੀ ਪਾਰਕ, ਕੱਕੇ ਰੇਤੇ ਦੀ ਬੀਚ…।”
“ਅਮਰੀਕਾ ਦਾ ਗੇੜਾ ਵੀ ਯਾਦ ਹੈ?” ਮੈਂ ਵਿਚੋਂ ਟੋਕਦਿਆਂ ਪੁੱਛਿਆ।
“ਹਾਂ ਹਾਂ, ਉਹ ਕਿਵੇਂ ਭੁੱਲ ਸਕਦਾ। ਆਪਾਂ ਲੁੱਚੀ ਫਿਲਮ ਦੇਖੀ ਸੀ। ਉਹ ਤਾਂ ਬਈ ਸਿਰਾ ਹੀ ਸੀ। ਦਿਮਾਗ ਦੇ ਕਬਾੜ ਖੁੱਲ੍ਹ ਗਏ ਸਨ।”
ਤੁਰਨ ਲੱਗਿਆਂ ਮੈਂ ਪੁੱਛਿਆ, “ਪਿਛਲੇ ਸਾਲਾਂ ਵਿਚ ਤੇਰਾ ਹੋਰ ਕੀ-ਕੀ ਛਪਿਆ ਹੈ? ਤੇਰੀ ਪੁਸਤਕ ‘ਮੇਰੀ ਕਾਵਿ-ਯਾਤਰਾ’ ਮੈਂ ਪੜ੍ਹ ਚੁਕਿਆ ਹਾਂ।” ਹਰਿਭਜਨ ਨੇ ਆਪਣੀ ਬੀਵੀ ਨੂੰ ਕਿਹਾ, ਨਵੀਆਂ ਛਪੀਆਂ ਪੁਸਤਕਾਂ ਲਿਆ। ਉਹ ਇਕ ਪੁਸਤਕ ‘ਚੌਥੇ ਦੀ ਉਡੀਕ’ ਲੈ ਆਈ ਜਿਸ ਦੇ ਅੰਦਰਲੇ ਵਰਕੇ ‘ਤੇ ‘ਪ੍ਰੋਫੈਸਰ, ਕਵੀ ਤੇ ਦੋਸਤ ਗੁਰੂਮੇਲ ਲਈ’ ਲਿਖ ਕੇ ਉਸ ਨੇ ਮੈਨੂੰ ਭੇਂਟ ਕਰ ਦਿੱਤੀ। ਬੀਵੀ ਨੂੰ ਫੇਰ ਕਿਹਾ, “‘ਰੁੱਖ ਤੇ ਰਿਸ਼ੀ’ ਅਤੇ ‘ਚੋਲਾ ਟਾਕੀਆਂ ਵਾਲਾ’ ਵੀ ਲਿਆ। ਉਹ ਜੱਕੋਤੱਕੇ ਵਿਚ ਉਠੀ ਅਤੇ ਦੋਵੇਂ ਪੁਸਤਕਾਂ ਲੈ ਆਈ। ‘ਰੁੱਖ ਤੇ ਰਿਸ਼ੀ’ ਦੇ ਅੰਦਰਲੇ ਸਫੇ ‘ਤੇ ‘ਕਵੀ ਗੁਰੂਮੇਲ ਲਈ’ ਅਤੇ ‘ਚੋਲਾ ਟਾਕੀਆਂ ਵਾਲਾ’ ‘ਤੇ ‘ਕਵੀ ਦੋਸਤ ਗੁਰੂਮੇਲ ਲਈ’ ਲਿਖ ਕੇ ਦੋਵੇਂ ਪੁਸਤਕਾਂ ਮੈਨੂੰ ਫੜਾ ਦਿੱਤੀਆਂ। ਮੈਂ ਸ਼ੁਕਰੀਆ ਕੀਤਾ ਅਤੇ ਪਾਕਿਸਤਾਨ ਵਿਚ ਨਵੀਂ ਛਪੀ ਆਪਣੀ ਪੁਸਤਕ ‘ਕੁਹਰਾਮ’ ਦੇ ਅੰਦਰਲੇ ਵਰਕੇ ‘ਤੇ ‘ਸਤਿਕਾਰ ਸਹਿਤ ਗੁਰੂਦੇਵ ਲਈ’ ਲਿਖ ਭੇਂਟ ਕਰ ਦਿੱਤੀ। ਹਰਿਭਜਨ ਦੇ ਘਰ ਮੈਨੂੰ ਅਮਰਜੀਤ ‘ਅਕਸ’ ਲੈ ਕੇ ਗਿਆ ਸੀ। ਉਸ ਨੇ ਹਰਿਭਜਨ ਨੂੰ ਪੁੱਛਿਆ ਕਿ ‘ਅਕਸ’ ਲਈ ਐਤਕੀਂ ਵਾਲਾ ਕਾਲਮ ਲਿਖ ਦਿੱਤਾ ਹੈ? ਹਰਿਭਜਨ ਨੇ ਕਿਹਾ, “ਕਲ੍ਹ ਲੈ ਜਾਈਂ, ਮੈਨੂੰ ਕਾਲਮ ਦਾ ਮਸਾਲਾ ਮਿਲ ਗਿਆ ਹੈ, ਐਤਕੀਂ ਗੁਰੂਮੇਲ ਦੀ ਪੁਸਤਕ ‘ਕੁਹਰਾਮ’ ਬਾਰੇ ਲਿਖਾਂਗਾ। ਅਮਰੀਕਾ ਆ ਕੇ ‘ਅਕਸ’ ਵਿਚ ਕਾਲਮ ਪੜ੍ਹਿਆ ਜਿਸ ਵਿਚ ਮੇਰੀ ਤੇ ਮੇਰੀ ਕਵਿਤਾ ਦੀ ਉਮੀਦੋਂ ਵੱਧ ਸਿਫਤ ਕੀਤੀ ਹੋਈ ਸੀ। ਇਹ ਕਾਲਮ ਸਾਡੀ ਦੋਸਤੀ ਦਾ ਅਖੀਰਲਾ ਮੁਖਬੰਦ ਸੀ।
ਡਾ. ਹਰਿਭਜਨ ਸਿੰਘ ਨੂੰ ਭਾਰਤ ਦੇ ਉਚੇ ਤੋਂ ਉਚੇ ਇਨਾਮਾਂ-ਸਨਮਾਨਾਂ ਨਾਲ ਸਤਿਕਾਰਿਆ ਗਿਆ ਜਿਨ੍ਹਾਂ ਵਿਚ ਭਾਰਤੀ ਸਾਹਿਤ ਅਕਾਡਮੀ ਅਵਾਰਡ (1970), ਕਬੀਰ ਸਨਮਾਨ (1987), ਸਰਸਵਤੀ ਸਨਮਾਨ (1994), ਸੋਵੀਅਤ ਲੈਂਡ ਨਹਿਰੂ ਅਵਾਰਡ, ਧਾਲੀਵਾਲ ਸਨਮਾਨ ਆਦਿ ਸ਼ਾਮਿਲ ਹਨ। ਜਿਨ੍ਹਾਂ ਬੁਲੰਦੀਆਂ ਤੇ ਹਰਿਭਜਨ ਨੇ ਪੰਜਾਬੀ ਸਾਹਿਤ ਨੂੰ ਪਹੁੰਚਾਇਆ, ਇਤਿਹਾਸ ਉਸ ਦਾ ਹਮੇਸ਼ਾ ਰਿਣੀ ਰਹੇਗਾ। ਹਰਿਭਜਨ ਅਕਤੂਬਰ 21, 2002 ਨੂੰ ਸਦਾ ਲਈ ਅਲਵਿਦਾ ਆਖ ਕੇ ਇਸ ਫਾਨੀ ਦੁਨੀਆ ‘ਚੋਂ ਰੁਖਸਤ ਹੋ ਗਿਆ। ਪੰਜਾਬੀ ਸਾਹਿਤ ਦਾ ਵਗਦਾ ਦਰਿਆ, ਗਿਆਨ ਸਾਗਰ ਵਿਚ ਜਾ ਰਲਿਆ।
ਡਾ. ਹਰਿਭਜਨ ਸਿੰਘ ਮੈਮੋਰੀਅਲ ਲੈਕਚਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਹਰ ਸਾਲ ਡਾ. ਹਰਿਭਜਨ ਸਿੰਘ ਮੈਮੋਰੀਅਲ ਲੈਕਚਰ ਕਰਾਏ ਜਾਂਦੇ ਹਨ। 9 ਮਾਰਚ, 2010 ਨੂੰ ਇਹ ਲੈਕਚਰ ਦੇਣ ਲਈ ਮੈਨੂੰ ਸੱਦਿਆ ਗਿਆ ਸੀ ਜਿਸ ਬਾਰੇ ਦਿੱਲੀ ਯੂਨੀਵਰਸਿਟੀ ਦੇ ਸਾਲਾਨਾ ਗਜ਼ਟ ਵਿਚ ਇਸ ਪ੍ਰਕਾਰ ਲਿਖਿਆ ਹੈ:Organized Prof. Harbhajan Singh Memorial Lecture on ‘Genetics, Culture and Poetry’, 9 March 2010; Prof. Gurumel Singh Sidhu of California State University, Fresno, USA, delivered this lecture. Hon’ble Vice-Chancellor, Delhi University, was the Chief Guest and Dr. Jaswinder Singh presided over the function.