ਅਕਸ ਅਤੇ ਨੈਣ ਨਕਸ਼

ਇੰਦਰਜੀਤ ਚੁਗਾਵਾਂ
ਮਨੁੱਖ ਦੀ ਇਹ ਸਹਿਜ ਪ੍ਰਵਿਰਤੀ ਹੈ ਕਿ ਉਹ ਆਪਣੇ ਆਪ ਨੂੰ ਦੂਜੇ ਨਾਲ ਜੋੜ ਕੇ ਦੇਖਦਾ ਹੈ। ਉਹ ਦੂਜੇ ‘ਚੋਂ ਆਪਣਾ ਆਪ ਦੇਖਦਾ ਹੈ। ਜਿਸ ਕਿਸੇ ‘ਚੋਂ ਵੀ ਉਸ ਨੂੰ ਆਪਾ ਲੱਭਦਾ ਹੈ, ਉਹ ਉਸ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ। ਉਸ ਸ਼ਖਸ ਨਾਲ ਆਪਣੀ ਸਾਂਝ ਨੂੰ ਲੰਮੇਰੀ ਕਰਨਾ ਲੋਚਦਾ ਹੈ ਜਾਂ ਉਸ ਦੇ ਵਿਹਾਰ ਨੂੰ ਆਪਣੇ ਭਾਈਚਾਰੇ ਦੇ ਵਿਹਾਰ ਨਾਲ ਤੋਲਦਾ ਹੈ।

ਮਿਨੀਐਪੋਲਿਸ ਤੋਂ ਵਾਪਸੀ ਵੇਲੇ ਸਾਨੂੰ ਨਬਰਾਸਕਾ ਦੇ ਮੈਡੀਸਨ ਤੋਂ ਲੋਡ ਮਿਲਿਆ। ਰਾਤ ਕਰੀਬ 10 ਵਜੇ ਕੈਲੀਫੋਰਨੀਆ ਲਈ ਵਾਪਸੀ ਦਾ ਸਫਰ ਸ਼ੁਰੂ ਹੋਇਆ। ਲੰਮੇ ਸਫਰ ‘ਤੇ ਡਰਾਈਵਿੰਗ ਕਰਦੇ ਵਕਤ ਟਰੱਕ ਡਰਾਈਵਰ ਨੂੰ ਆਪਣੇ ਆਪ ਨੂੰ ਚੁਸਤ-ਦਰੁਸਤ ਰੱਖਣ ਵਾਸਤੇ ਕੋਈ ਨਾ ਕੋਈ ਰੁਝੇਵਾਂ ਚਾਹੀਦਾ ਹੁੰਦੈ। ਕੋਈ ਪੰਜਾਬ ‘ਚ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਫੋਨ ਲਾ ਲੈਂਦਾ ਹੈ, ਕੋਈ ਵੀਡੀਓ ਲਾ ਕੇ ਗੀਤ ਜਾਂ ਕੁਝ ਹੋਰ ਸੁਣਨ ਲੱਗ ਜਾਂਦਾ ਹੈ। ਟਰੱਕ ਡਰਾਈਵਰ ਬਣ ਕੇ ਮੈਨੂੰ ਹੁਣ ਸਮਝ ਆਈ ਕਿ ਅਮਰੀਕਾ-ਕੈਨੇਡਾ ਤੋਂ ਏਨੀ ਲੰਮੀਆਂ ਫੋਨ ਕਾਲ ਕਿਉਂ ਹੁੰਦੀਆਂ ਹਨ?
ਆਪਣੇ ਪਿਛਲੇ ਕਸਬ ਕਾਰਨ ਮੇਰੀ ਇਹ ਆਦਤ ਬਣ ਗਈ ਹੈ ਕਿ ਮੈਂ ਲੰਮੀ ਫੋਨ ਕਾਲ ਨਹੀਂ ਕਰ ਸਕਦਾ। ਖਬਰੀ-ਮੇਜ਼ ਬੇਵਜ੍ਹਾ ਗੱਲ-ਬਾਤ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਆਦਤ ਕਾਰਨ ਆਪਣੇ ਆਪ ਨੂੰ ਸਰਗਰਮ ਰੱਖਣ ਲਈ ਮੈਂ ਪਾਕਿਸਤਾਨੀ ਟੀ. ਵੀ. ਸ਼ੋਅ ‘ਹਸਬ-ਇ-ਹਾਲ’ ਲਾ ਲੈਂਦਾ ਹਾਂ, ਪਰ ਉਹ ਵੀ ਜ਼ਿਆਦਾ ਦੇਰ ਨਹੀਂ ਸੁਣ ਸਕਦਾ। ਉਸ ਤੋਂ ਬਾਅਦ ਮੈਂ ਮਨ ਹੀ ਮਨ ‘ਚ ਆਪਣੇ ਆਪ ਨਾਲ ਗੱਲਾਂ ਕਰਦਾ ਹਾਂ ਜਾਂ ਆਪਣਿਆਂ ਨਾਲ। ਇਸ ਵਾਪਸੀ ਵੇਲੇ ਗੱਲਾਂ ਦੀ ਵਾਰੀ ਵੱਡੀ ਬੇਟੀ ਨਿੰਕ ਦੀ ਸੀ, ਜੋ ਮੇਰਾ ਭੋਲੇ-ਪਾਤਸ਼ਾਹ ਹੈ। ਇਹ ਮੌਕਾ-ਮੇਲ ਹੀ ਸੀ ਕਿ ਮੈਨੂੰ ਉਹ ਸੱਚਮੁੱਚ ਹੀ ਆ ਮਿਲੀ।
ਆਈ-80 ਵੈਸਟ ‘ਤੇ ਨਬਰਾਸਕਾ ਦੇ ਸਿਡਨੀ ਸ਼ਹਿਰ ਕੋਲੋਂ ਲੰਘਦੇ ਵੇਲੇ ਸਵੇਰ ਦੇ 9 ਵੱਜ ਚੁਕੇ ਸਨ। ਰਸਤੇ ‘ਚ ਰੈਸਟ ਏਰੀਆ ਆਇਆ ਤਾਂ ਟਰੱਕ ਪਾਰਕ ਕਰਕੇ ਆਪਣੇ ਸਹਿਯੋਗੀ ਸਤਪਾਲ ਭਾਜੀ ਨੂੰ ਜਗਾਇਆ। ਉਹ ਉਠ ਕੇ ਚਾਹ ਬਣਾਉਣ ਲੱਗ ਪਏ ਤੇ ਮੈਂ ਰਫਾ-ਹਾਜਤ ਲਈ ਰੈਸਟ ਰੂਮ ਚਲੇ ਗਿਆ। ਵਾਪਸ ਬਾਹਰ ਨਿਕਲਿਆ ਤਾਂ ਪਾਰਕ ‘ਚ ਦੋ ਬੱਚਿਆਂ ਨਾਲ ਉਨ੍ਹਾਂ ਦੀ ਮਾਂ ਖੇਡ ਰਹੀ ਸੀ। ਮੈਨੂੰ ਬੱਚਿਆਂ ‘ਚੋਂ ਆਪਣੇ ਦੋਹਤੇ-ਕਰਤਾਰ ਤੇ ਵਰਿਆਮ ਨਜ਼ਰ ਆਏ। ਕੁਦਰਤੀ ਸੀ ਕਿ ਉਨ੍ਹਾਂ ਦੀ ਮਾਂ ‘ਚੋਂ ਮੇਰੀ ਨਿੰਕ ਦੀ ਝਲਕ ਵੀ ਪੈਂਦੀ। ਮੈਂ ਆਪਣੇ ਪੈਰ ਰੋਕ ਨਾ ਸਕਿਆ ਤੇ ਉਨ੍ਹਾਂ ਨੇੜੇ ਚਲੇ ਗਿਆ। ਦੂਰੋਂ ਹੀ ਉਨ੍ਹਾਂ ਵੱਲ ਇਸ਼ਾਰਾ ਕਰਕੇ ਉਨ੍ਹਾਂ ਨਾਲ ਖੇਡਣ ਲੱਗਾ। ਉਨ੍ਹਾਂ ਦੀ ਮਾਂ, ਨਹੀਂ ਨਹੀਂ, ਮੇਰੀ ਨਿੰਕ ਏਨੀ ਖੁਸ਼ ਹੋਈ ਕਿ ਮੇਰੇ ਕੋਲ ਆ ਗਈ। ਇਹ ਦੋਵੇਂ ਬੱਚੇ ਜੌੜੇ ਪੈਦਾ ਹੋਏ ਹਨ। ਏਨੇ ਨੂੰ ਬੱਚਿਆਂ ਦਾ ਬਾਪ ਵੀ ਆ ਗਿਆ। ਦੋਵੇਂ ਮੀਆਂ-ਬੀਵੀ ਜੇਮੀ ਤੇ ਸੂਜਨ, ਮੋਹ ਨਾਲ ਪੂਰੀ ਤਰ੍ਹਾਂ ਲਬਰੇਜ਼। ਕਾਲੋਰਾਡੋ ਸੂਬੇ ਦਾ ਇਹ ਜੋੜਾ ਮਸਤੀ ਮਾਰਨ ਲਈ ਨਿਕਲਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਕਰਤਾਰ-ਵਰਿਆਮ ਬਾਰੇ ਦੱਸਿਆ ਤੇ ਉਨ੍ਹਾਂ ਦੀਆਂ ਤਸਵੀਰਾਂ ਦਿਖਾਈਆਂ। ਇਜਾਜ਼ਤ ਲੈ ਕੇ ਮੈਂ ਉਨ੍ਹਾਂ ਦੀਆਂ ਤਸਵੀਰਾਂ ਵੀ ਉਤਾਰ ਲਈਆਂ। ਏਨੇ ਨੂੰ ਸਤਪਾਲ ਭਾਜੀ ਨੇ ਇਸ਼ਾਰਾ ਕੀਤਾ ਕਿ ਚਾਹ ਤਿਆਰ ਐ।
ਉਨ੍ਹਾਂ ਤੋਂ ਵਿਦਾ ਲੈਣੀ ਪੈਣੀ ਸੀ। ਮੈਂ ਉਨ੍ਹਾਂ ਨੂੰ ਦੁਆ ਦਿੰਦਿਆ ਕਿਹਾ, “ਮੈਨੂੰ ਇਜਾਜ਼ਤ ਦਿਓ! ਤੁਹਾਡੀ ਜੋੜੀ ਸਲਾਮਤ ਰਹੇ! ਇਨ੍ਹਾਂ ਬੱਚਿਆਂ ਦਾ ਖਿਆਲ ਰੱਖਿਓ, ਇਹ ਹੁਣ ਤੁਹਾਡੇ ਨਹੀਂ ਰਹੇ, ਮੇਰੇ ਹੋ ਗਏ ਹਨ!” ਉਹ ਏਨੇ ਜ਼ਿਆਦਾ ਖੁਸ਼ ਹੋਏ ਕਿ ਜੇਮੀ ਦਾ ਜੀ ਕਰੇ ਕਿ ਮੈਨੂੰ ਜੱਫੀ ‘ਚ ਘੁੱਟ ਲਵੇ। ਕਹਿਣ ਲੱਗਾ, “ਉਹ ਮੇਰਿਆ ਰੱਬਾ! ਏਸ ਮਹਾਮਾਰੀ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤੈ!”
ਮੈਂ ਸਮਝ ਸਕਦਾ ਸੀ ਉਸ ਦੇ ਵਲਵਲੇ ਨੂੰ! ਪਰ ਇਹ ਵਲਵਲਾ ਸ਼ਾਇਦ ਕਾਫੀ ਨਹੀਂ ਸੀ! ਮੇਰੇ ਲਈ ਇੱਕ ਹੋਰ ਅਚੰਭਾ ਅਜੇ ਬਾਕੀ ਸੀ। ਉਹ ਸੀ ਸੂਜਨ ਦੇ ਲਫਜ਼! ਕਹਿਣ ਲੱਗੀ, “ਮੈਨੂੰ ਤੂੰ ਬਹੁਤ ਸੋਹਣਾ ਲੱਗਿਐਂ! ਤੇਰੀਆਂ ਅੱਖਾਂ ਬਹੁਤ ਸੈਕਸੀ ਹਨ! ਮੈਨੂੰ ਤਾਂ ਤੇਰੇ ਨਾਲ ਪਿਆਰ ਹੋ ਗਿਐ!” ਉਸ ਨੇ ਜੇਮੀ ਵੱਲ ਸ਼ਰਾਰਤੀ ਅੰਦਾਜ਼ ਨਾਲ ਦੇਖਿਆ, ਜਿਸ ਦਾ ਜੁਆਬ ਸੀ, “ਬਿਨਾ ਸ਼ੱਕ! ਤੇਰੀ ਪਸੰਦ ਦੀ ਮੈਂ ਕਦਰ ਕਰਦਾਂ!”
ਇਸ ਜੋੜੇ ਦਾ ਇਹ ਵਿਹਾਰ ਮੇਰੇ ਲਈ ਇੱਕ ਅਜੀਬ ਜਿਹਾ ਮਾਹੌਲ ਸਿਰਜ ਗਿਆ! ਮੈਂ ਇੱਕਦਮ ਪੰਜਾਬ ਪਹੁੰਚ ਗਿਆ! ਮੇਰੇ ਬਾਬਾ ਨਾਨਕ ਦੀ ਧਰਤੀ ਪੰਜਾਬ! ਪੀਰਾਂ-ਫਕੀਰਾਂ ਦੀ ਧਰਤੀ ਪੰਜਾਬ! ਮੇਰੀ ਜੰਮਣ ਭੋਇੰ ਪੰਜਾਬ!
ਮੇਰੇ ਖਬਰੀ-ਮੇਜ਼ ‘ਤੇ ‘ਅਣਖ ਦੇ ਨਾਂ ‘ਤੇ ਕਤਲ’ ਕਰ ਦਿੱਤੀਆਂ ਖਬਰਾਂ ਦਾ ਹੜ੍ਹ ਸੀ, ਜਿਨ੍ਹਾਂ ‘ਚੋਂ ਇੱਕ ਖਬਰ ਸੂਜਨ ਦੀ ਵੀ ਸੀ! ਅਜਿਹਾ ਨਿਰਛੱਲ, ਬੇਬਾਕ ਤੇ ਸਾਫ-ਸਪੱਸ਼ਟ ਜਜ਼ਬਾਤ ਪ੍ਰਗਟਾਵਾ ਕਦੇ ਸੁਪਨੇ ‘ਚ ਵੀ ਨਹੀਂ ਸੋਚ ਸਕਦੇ ਅਸੀਂ ਤਾਂ! ਕੋਈ ਕੁਆਰੀ ਕੰਜਕ ਅਜਿਹਾ ਕਰ ਬੈਠੇ ਤਾਂ ਪਹਿਲਾਂ ਤਾਂ ਉਸ ਦਾ ਅੰਦਰ ਵਾੜ ਕੇ ਛੱਲੀ-ਕੁਟਾਪਾ ਕਰਾਂਗੇ, ਫੇਰ ਸਬੰਧਤ ਮੁੰਡੇ ਦੇ ਖਾਤਮੇ ਦੀਆਂ ਵਿਉਂਤਾਂ ਘੜਾਂਗੇ ਤੇ ਆਪਣੇ ਘਰ ਪੈਦਾ ਹੋਈ ਬਲਾ ਦੇ ਜਲਦੀ ਤੋਂ ਜਲਦੀ ਹੱਥ ਪੀਲੇ ਕਰਕੇ ਉਸ ਨੂੰ ਨਰੜਨ ਦਾ ਜੁਗਾੜ ਕਰਾਂਗੇ! ਵਿਆਹ ਤੋਂ ਬਾਅਦ ਅਜਿਹਾ ਵਿਹਾਰ ਤਾਂ ਕਿਸੇ ਵੀ ਕੀਮਤ ‘ਤੇ ਪ੍ਰਵਾਨ ਨਹੀਂ! ਕਿਸੇ ਤੀਵੀਂ ‘ਚ ਏਨੀ ਜੁਰਅਤ ਕਿ ਆਪਣੇ ‘ਪਤੀ-ਪਰਮੇਸ਼ਰ’ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਕਰ ਜਾਵੇ, ਸਿਰ ਨਾ ਲਾਹ ਦਵਾਂਗੇ!
ਮੈਨੂੰ ਆਪਣੇ ਹੱਥ ਖੂਨ ਨਾਲ ਲੱਥ-ਪੱਥ ਨਜ਼ਰ ਆਏ। ਚੁਫੇਰੇ ਸੁੰਨ ਪਸਰੀ ਪਈ ਸੀ। ਕੋਈ ਹਾਅ ਦਾ ਨਾਅਰਾ ਨਹੀਂ ਸੁਣਾਈ ਦੇ ਰਿਹਾ ਸੀ! ਸ਼ਾਇਦ ਬੇਸੁੱਧ ਹੋ ਜਾਂਦਾ, ਜੇ ਸੂਜਨ ਦੇ ਇਹ ਲਫਜ਼ ਕੰਨੀਂ ਨਾ ਪੈਂਦੇ, “ਆਪਣਾ ਖਿਆਲ ਰੱਖੀਂ!” ਜੇਮੀ ਦੇ ਵੀ ਬੋਲ ਵੀ ਨਾਲ ਹੀ ਸਨ, “ਪੂਰੇ ਧਿਆਨ ਨਾਲ ਡਰਾਈਵ ਕਰਿਓ, ਸੁਰੱਖਿਅਤ ਘਰ ਪਹੁੰਚੋ!”
ਮੈਂ ਉਨ੍ਹਾਂ ਵੱਲ ਹੱਥ ਹਿਲਾਉਂਦਾ ਆਪਣੇ ਟਰੱਕ ਵੱਲ ਹੋ ਤੁਰਿਆ। ਮੇਰੀਆਂ ਅੱਖਾਂ ‘ਚ ਬੱਦਲੀ ਘਿਰ ਆਈ ਸੀ। ਵਰ੍ਹਦਿਆਂ ਕੋਈ ਦੇਖ ਨਾ ਲਵੇ, ਨੀਵੀਂ ਪਾ ਸੰਭਲ ਕੇ ਬੜੀ ਮੁਸ਼ਕਿਲ ਨਾਲ ਟਰੱਕ ‘ਚ ਜਾ ਵੜਿਆ!
ਮਨ ਹੀ ਮਨ ‘ਚ ਮੇਰੇ ਹੱਥ ਉਪਰ ਵੱਲ ਉਠ ਗਏ!
ਇਹ ਹੱਥ ਇਨ੍ਹਾਂ ਦੋ ਮਾਸੂਮਾਂ ਲਈ ਉਠੇ ਸਨ
ਜਾਂ ਕਰਤਾਰ-ਵਰਿਆਮ ਲਈ!
ਇਹ ਹੱਥ ਸੂਜਨ ਲਈ ਉਠੇ ਸਨ
ਜਾਂ ਆਪਣੀ ਨਿੰਕ ਲਈ!
ਇਹ ਹੱਥ ਸਿਰਫ ਆਪਣੀਆਂ
ਧੀਆਂ ਵਾਸਤੇ ਉਠੇ ਸਨ,
ਜਾਂ ਸਮੁੱਚੇ ਪੰਜਾਬ ਦੀਆਂ ਧੀਆਂ ਵਾਸਤੇ
ਜਾਂ ਇਹ ਹੱਥ ਬਾਬਾ ਨਾਨਕ ਤੋਂ
ਮੁਆਫੀ ਲਈ ਉਠੇ ਸਨ!
ਕੁਝ ਵੀ ਕਹਿ ਨਹੀਂ ਸਕਦਾ
ਪਰ ਹੱਥ ਉਠੇ ਜ਼ਰੂਰ ਸਨ!
ਆਓ ਯਾਰੋ, ਆਪਣੀਆਂ ਧੀਆਂ ਦੇ ਜਜ਼ਬਾਤ ਦੀ ਵੀ ਕਦਰ ਕਰਨਾ ਸਿੱਖੀਏ! ਜਜ਼ਬਾਤ ਦੇ ਇਨ੍ਹਾਂ ਸਿਵਿਆਂ ਦਾ ਸੇਕ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ!