ਖੈਰ-ਸੁੱਖ ਮੰਗਦੇ ਬੋਲਾਂ ਦੀ ਤਲਾਸ਼

ਸੰਤੋਖ ਮਿਨਹਾਸ
ਫੋਨ: 559-283-6376
ਸਭ ਦੀ ਖੈਰ ਮੰਗਣਾ ਇਲਾਹੀ ਬੋਲਾਂ ਦੀ ਆਬਸ਼ਾਰ। ਕਿਸੇ ਦੇ ਸੁੱਖ ਦੀ ਕਾਮਨਾ ਕਰਨਾ ਅੰਦਰਲੀ ਭਾਵਨਾ ਦੀ ਵਡੱਤਣ। ਖੈਰ-ਸੁੱਖ ਮੰਗਣਾ ਦੂਜਿਆਂ ਦੀ ਝੋਲੀ ਬਰਕਤ ਨਾਲ ਭਰਨ ਦੀ ਅਰਜੋਈ। ਖੈਰ-ਸੁੱਖ ਦੇ ਬੋਲ ਸਰਬੱਤ ਦੇ ਭਲੇ ਦੀ ਅਰਦਾਸ। ਮਨੁੱਖ ਦੀ ਮਨੁੱਖ ਦੇ ਸਤਿਕਾਰ ਦੀ ਸੁੱਚੀ ਅਰਾਧਨਾ। ਆਪਣਾ ਦੁੱਖ ਭੁਲਾ ਕੇ ਦੂਜਿਆਂ ਦੇ ਸੁੱਖ ਨੂੰ ਚੇਤੇ ਰੱਖਣਾ। ਖੈਰ-ਸੁੱਖ ਦੂਜਿਆਂ ਦੀ ਹੋਂਦ ਲਈ ਦੁਆ। ਦੂਜਿਆਂ ਦਾ ਭਲਾ ਮੰਗਦੇ ਅਸੀਸ ਦੇ ਸੁੱਚੇ ਹਰਫ ਜਦੋਂ ਕੰਨੀ ਪੈਂਦੇ ਹਨ, ਸੁੱਤੇ ਅਰਮਾਨ ਵੀ ਜਾਗ ਪੈਂਦੇ ਹਨ। ਸੁੱਖ ਦੇ ਮਿੱਠੇ ਬੋਲ ਨਿਰਾਸ਼ਾ ਨੂੰ ਆਸ ਦੀ ਪਿਉਂਦ। ਥੱਕੇ ਹਾਰੇ ਬੰਦੇ ਲਈ ਹੌਸਲੇ ਦੀ ਪੇਸ਼ਗੋਈ। ਸੁਪਨਿਆਂ ਦੇ ਜਿਉਂਦੇ ਰਹਿਣ ਦੀ ਆਸ। ਨਿੱਜ ਤੋਂ ਅੱਗੇ ਤੁਰਨ ਦੀ ਹਿੰਮਤ।

ਪਰ ਜਿਵੇਂ ਜਿਵੇਂ ਮਨੁੱਖ ਨੇ ਨਵੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਨਵੀਂਆਂ ਖੋਜਾਂ ਰਾਹੀਂ ਕੁਦਰਤ ਦੇ ਭੇਤਾਂ ਦੇ ਦੁਆਰ ‘ਤੇ ਦਸਤਕ ਦਿੱਤੀ ਹੈ, ਉਹ ਦਿਸਹੱਦਿਆਂ ਦੀ ਭਾਲ ਵਿਚ ਵਗ ਤੁਰਿਆ ਹੈ। ਮੰਡੀਆਂ ਭਾਲਦਾ ਭਾਲਦਾ ਖੁਦ ਮੰਡੀ ਬਣ ਕੇ ਰਹਿ ਗਿਆ ਹੈ। ਦੂਜੀਆਂ ਵਸਤੂਆਂ ਦੇ ਭਾਅ ਨਿਰਧਾਰਤ ਕਰਦਾ ਕਰਦਾ ਆਪਣੇ ਮੁੱਲ ਦੀ ਬੋਲੀ ਵੀ ਕਰ ਬੈਠਾ ਹੈ। ਜਦੋਂ ਮਨੁੱਖ ਮੰਡੀ ਦੀ ਵਸਤੂ ਬਣ ਜਾਵੇ, ਉਦੋਂ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਮੁਕਾਬਲਾ ਹੋਵੇ ਫਿਰ ਮਨੁੱਖ ਅੱਗੇ ਵਧਣ ਦੀ ਦੌੜ ਵਿਚ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ। ਮੁਨਾਫੇ ਦੀ ਦੌੜ ਵਿਚ ਸ਼ਾਮਲ ਬੰਦਾ ਦੂਜੇ ਦਾ ਭਲਾ ਨਹੀਂ ਮੰਗਦਾ, ਸਿਰਫ ਆਪਣੇ ਮੁਨਾਫੇ ਲਈ ਨਵੇਂ ਢੰਗ-ਤਰੀਕੇ ਸੋਚਦਾ ਹੈ। ਇਸ ਦੌੜ ਵਿਚ ਸਾਹਮਣੇ ਵਾਲਾ ਫਿਰ ਗਵਾਂਢੀ ਜਾਂ ਦੋਸਤ ਨਹੀਂ, ਸਗੋਂ ਇੱਕ ਵੰਗਾਰ ਦਿਸਦਾ ਹੈ। ਇਹ ਵੰਗਾਰ ਬੰਦੇ ਅੰਦਰੋਂ ਪਿਆਰ ਤੇ ਸਤਿਕਾਰ ਦੀ ਭਾਵਨਾ ਮਾਰ ਦਿੰਦੀ ਹੈ। ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਬਿਰਤੀ ਪ੍ਰਬਲ ਹੋ ਜਾਂਦੀ ਹੈ। ਇਸ ਮੁਕਾਬਲੇ ਨੇ ਬੰਦੇ ਨੂੰ ਇੰਨਾ ਨਿਰਦਈ ਬਣਾ ਦਿੱਤਾ ਹੈ ਕਿ ਉਸ ਨੂੰ ਆਪਣੇ ਸੁੱਖ ਤੋਂ ਬਿਨਾ ਹੋਰ ਕੁਝ ਸੁੱਝਦਾ ਹੀ ਨਹੀਂ।
ਅੱਜ ਦੇ ਸਮੇਂ ਵਿਚ ਬੰਦੇ ਨੂੰ ਗਹੁ ਨਾਲ ਸਮਝੀਏ ਤਾਂ ਇੱਕ ਬਹੁਤ ਹੀ ਘਿਣਾਉਣੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ। ਅਸੀਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰ ਲਈ ਹੈ। ਜਿਥੇ ਬੰਦਾ ਬਾਹਰੀ ਰੂਪ ਵਿਚ ਤਾਂ ਸੇਵਕ ਦਾ ਝਉਲਾ ਪਾਉਂਦਾ ਨਜ਼ਰ ਆਉਂਦਾ ਹੈ, ਅਸਲ ਵਿਚ ਉਹ ਆਪਣੇ ਹਿੱਤ ਦੀ ਪੂਰਤੀ ਕਰ ਰਿਹਾ ਹੁੰਦਾ ਹੈ। ਸੇਵਾ ਦੇ ਨਾਂ ‘ਤੇ ਵੰਡੀ ਖੈਰਾਤ, ਉਸ ਦੀ ਉਹਲੇ ਵਿਚ ਭਰੀ ਝੋਲੀ ਦੀ ਰਹਿਦ-ਖੂੰਦ ਹੁੰਦੀ ਹੈ, ਜੋ ਉਸ ਦਾ ਅਸਲ ਚਿਹਰਾ ਢੱਕ ਕੇ ਰੱਖਦੀ ਹੈ। ਸੇਵਾ ਦੇ ਨਾਂ ‘ਤੇ ਖੁੱਲ੍ਹੀਆਂ ਦੁਕਾਨਾਂ ਵਿਚ ਵੀ ਮੁਕਾਬਲਾ ਹੁੰਦਾ ਹੈ। ਇੱਥੋਂ ਤੱਕ ਕੇ ਸਾਡੇ ਧਾਰਮਿਕ ਅਸਥਾਨਾਂ ਵਿਚ ਅਤੇ ਧਰਮ ਦੇ ਨਾਂ ਤੇ ਚਲਦੇ ਡੇਰਿਆਂ ਵਿਚ ਵੀ ਸ਼ਰਧਾਲੂਆਂ ਨੂੰ ਆਪਣੇ ਵੱਲ ਖਿੱਚਣ ਦੀ ਸ਼ਰੀਕੇਬਾਜ਼ੀ ਹੁੰਦੀ ਹੈ। ਭਾਵੇਂ ਵੇਖਣ ਤੇ ਪ੍ਰਚਾਰਨ ਵਿਚ ਸਾਰੀ ਮਨੁੱਖਤਾ ਦਾ ਭਲਾ ਮੰਗਦੇ ਇਹ ਪਰਮੇਸ਼ਰ ਦੁਆਰ ਲੱਗਦੇ ਹਨ, ਅਸਲ ਵਿਚ ਇਹ ਵੀ ਇੱਕ ਵਪਾਰ ਦਾ ਰੂਪ ਹੈ। ਕਿਵੇਂ ਤਿੱਥ-ਤਿਉਹਾਰਾਂ ਦੇ ਸਮੇਂ ਨਵੇਂ ਨਵੇਂ ਆਡੰਬਰ ਰਚੇ ਜਾਂਦੇ ਹਨ, ਮਨੁੱਖਤਾ ਦੇ ਭਲੇ ਦੇ ਨਾਂ ‘ਤੇ ਮਾਇਆ ਇੱਕਠੀ ਕੀਤੀ ਜਾਂਦੀ ਹੈ-ਇਹ ਧਰਮ ਦਾ ਆਪਣਾ ਨਿਵੇਕਲਾ ਕਾਰੋਬਾਰ ਹੈ, ਜੋ ਅੱਜ ਦੇ ਸਮੇਂ ਬਹੁਤ ਤੇਜ਼ੀ ਨਾਲ ਵਧ ਫੁਲ ਰਿਹਾ ਹੈ।
ਸਾਡੀ ਬੋਲਚਾਲ ਨੇ ਕਰਮ ਵਿਚ ਵਿੱਥ ਸਿਰਜ ਲਈ ਹੈ। ਖੈਰ-ਸੁੱਖ ਮੰਗਦੇ ਬੋਲ ਵਿਖਾਵੇ ਦੀ ਨਿਆਈਂ ਬਣ ਕੇ ਰਹਿ ਗਏ ਹਨ। ਅਸੀਂ ਆਮ ਹੀ ਦੇਖਦੇ ਹਾਂ ਕਿ ਮਨੁੱਖ ਧਾਰਮਿਕ ਅਸਥਾਨਾਂ ‘ਤੇ ਅਰਾਧਨਾ, ਪਾਠ ਪੂਜਾ ਤੇ ਚੜ੍ਹਾਵੇ ਆਪਣੇ ਸੁੱਖ ਲਈ ਭੇਟ ਕਰਦਾ ਹੈ, ਆਪਣੀ ਇੱਛਾ ਦੀ ਪੂਰਤੀ ਲਈ ਪੁਜਾਰੀ ਤੋਂ ਆਪਣੇ ਨਾਂ ਦੀ ਅਰਦਾਸ ਵੀ ਕਰਵਾਈ ਜਾਂਦੀ ਹੈ। ਮਨੁੱਖ ਰੱਬ ਨਾਲ ਆਪਣੀ ਇੱਛਾ ਪੂਰਤੀ ਦੀ ਸ਼ਰਤ ਤੈਅ ਕਰਦਾ ਹੈ। ਸੌਦਾ ਪੂਰਾ ਹੋਣ ‘ਤੇ ਬੰਦਾ ਤੈਅ ਕੀਤੀ ਭੇਟਾ ਰੱਬ ਦੇ ਪੁਜਾਰੀ ਨੂੰ ਭੇਟ ਕਰਦਾ ਹੈ। ਸ਼ਬਦਾਂ ਦੇ ਭਾਰ ਨਾਲ ਲੱਦੀਆਂ ਅਰਦਾਸਾਂ ਸਾਨੂੰ ਆਮ ਹੀ ਸੁਣਨ ਨੂੰ ਮਿਲਦੀਆਂ ਹਨ, ਜੋ ਬੰਦੇ ਦੇ ਆਪਣੇ ਸੁੱਖ ਅਤੇ ਆਪਣੇ ਕਾਰੋਬਾਰ ਦੇ ਵਾਧੇ ਨਾਲ ਸਬੰਧਤ ਹੁੰਦੀਆਂ ਹਨ। ਬਹੁਤ ਘੱਟ ਵੇਖਣ ਨੂੰ ਮਿਲਦਾ ਹੈ, ਜਦੋਂ ਬੰਦੇ ਨੇ ਕੋਲੋਂ ਖਰਚ ਕਰਕੇ ਸਰਬੱਤ ਦੇ ਭਲੇ ਦੀ ਮੰਨਤ ਮੰਨੀ ਹੋਵੇ।
ਮੰਡੀ ਸਿਆਸਤ ਤੇ ਪੁਜਾਰੀ ਵਰਗ ਦੇ ਗਠਜੋੜ ਨੇ ਆਪਣੀ ਚੌਧਰ ਕਾਇਮ ਰੱਖਣ ਲਈ ਮਨੁੱਖ ਨੂੰ ਧਰਮਾਂ, ਜਾਤਾਂ ਤੇ ਫਿਰਕਿਆਂ ਵਿਚ ਵੰਡ ਦਿੱਤਾ ਹੈ। ਇਹ ਵੰਡੀਆਂ ਪਾਉਣ ਦੀ ਨੀਤੀ ਨੇ ਆਮ ਮਨੁੱਖ ਵਿਚ ਦੂਰੀਆਂ ਵਧਾ ਦਿੱਤੀਆਂ ਹਨ। ਇੱਕ ਧਰਮ ਨੂੰ ਮੰਨਣ ਵਾਲੀ ਬਹੁ-ਗਿਣਤੀ ਵਿਚ ਅਤੇ ਦੂਜੇ ਧਰਮ ਨੂੰ ਮੰਨਣ ਵਾਲੀ ਘੱਟ ਗਿਣਤੀ ਵਿਚ ਵਿਸਵਾਸ਼ ਨੂੰ ਖਤਮ ਕੀਤਾ ਜਾ ਰਿਹਾ ਹੈ। ਇੱਕ ਧਰਮ ਦੇ ਧਾਰਮਿਕ ਸਥਾਨ ਢਾਹੇ ਜਾ ਰਹੇ ਹਨ, ਦੂਜੇ ਦੇ ਉਥੇ ਬਣਾਏ ਜਾ ਰਹੇ ਹਨ। ਇਹ ਢਾਹੁਣ ਤੇ ਬਣਾਉਣ ਦੇ ਜਸ਼ਨ ਮਨਾਏ ਜਾ ਰਹੇ ਹਨ। ਭੀੜਾਂ ਆਫਰੀਆਂ ਫਿਰਦੀਆ ਹਨ, ਬੰਦਾ ਮਾਰਨਾ ਇੱਕ ਸ਼ੁਗਲ ਜਿਹਾ ਕਸਬ ਬਣ ਗਿਆ ਹੈ। ਮੁਹੱਲਿਆਂ ਦੇ ਮੁਹੱਲੇ ਸਾੜ ਕੇ ਸੁਆਹ ਕਰ ਦਿੱਤੇ ਜਾਂਦੇ ਹਨ। ਵੱਡੀਆਂ ਸਾਜ਼ਿਸ਼ਾਂ ਨੂੰ ਪੁਗਾਉਣ ਲਈ ਮਨੁੱਖਤਾ ਦਾ ਘਾਣ ਆਮ ਜਿਹੀ ਗੱਲ ਹੋ ਕੇ ਰਹਿ ਗਿਆ ਹੈ। ਬੰਦੇ ਅੰਦਰ ਇੱਕ ਡਰ ਤੇ ਸਹਿਮ ਵੱਸ ਗਿਆ ਹੈ। ਇਸ ਨੂੰ ਦਬਾਉਣ ਵਾਲੀ ਨੀਤੀ ਕਾਰਨ ਬੰਦੇ ਵਿਚੋਂ ਇਨਸਾਨੀਅਤ ਮਰ ਰਹੀ ਹੈ। ਇਸ ਵੈਰ-ਭਾਵ ਦੀ ਵਗਦੀ ਹਵਾ ਵਿਚ ਇੱਕ ਦੂਜੇ ਦੀ ਖੈਰ-ਸੁੱਖ ਮੰਗਦੇ ਹਰਫ ਕਿੱਥੋਂ ਲੱਭੋਗੇ!
ਬੰਦਾ ਆਪ ਤਾਂ ਮੰਡੀ ਦਾ ਕਾਰੋਬਾਰੀ ਬਣਿਆ ਹੀ ਹੈ, ਉਸ ਨੇ ਆਪਣੇ ਬੱਚਿਆਂ ਕੋਲੋਂ ਵੀ ਉਨ੍ਹਾਂ ਦੇ ਹਾਣੀਆਂ ਦੀ ਦੋਸਤੀ ਖੋਹ ਲਈ ਹੈ। ਇਸ ਮੁਕਾਬਲੇ ਦੀ ਪੜ੍ਹਾਈ ਨੇ ਬੱਚਿਆਂ ਵਿਚ ਹਮਦਰਦੀ ਅਤੇ ਦੋਸਤੀ ਦੀ ਅਪਣੱਤ ਮਾਰ ਦਿੱਤੀ ਹੈ। ਹਰ ਬੱਚਾ ਚਾਹੁੰਦਾ ਹੈ ਕਿ ਮੈਂ ਦੂਜੇ ਸਾਥੀਆਂ ਨਾਲੋਂ ਵੱਧ ਨੰਬਰ ਲੈ ਕੇ ਚੰਗੀ ਪੁਜੀਸ਼ਨ ਹਾਸਲ ਕਰਾਂ। ਇਸ ਨਾਲ ਦੂਜਿਆਂ ਨੂੰ ਪਛਾੜਨ ਦੀ ਲਾਲਸਾ ਪਿਆਰ ਦਾ ਤਿਆਗ ਕਰ ਦਿੰਦੀ ਹੈ। ਬੱਚਾ ਕਲਾਸ ਵਿਚ ਇੱਕਠਿਆਂ ਰਹਿੰਦਿਆਂ ਵੀ ਮਾਨਸਿਕ ਤੌਰ ‘ਤੇ ਆਪਣੇ ਸਾਥੀਆਂ ਨਾਲੋਂ ਵਿੱਥ ਬਣਾ ਕੇ ਰੱਖਦਾ ਹੈ। ਉਹ ਆਪਣੇ ਲਈ ਹੀ ਚੰਗਾ ਸੋਚਦਾ ਹੈ, ਦੂਜਿਆ ਦੇ ਭਲੇ ਦੀ ਭਾਵਨਾ ਮਾਰ ਸੁੱਟਦਾ ਹੈ। ਜਦੋਂ ਬਚਪਨ ਵਿਚ ਹੀ ਬੱਚੇ ਦੀ ਨੀਂਹ ਅਸੀਂ ਨਿੱਜੀ ਹਿੱਤ ਦੇ ਆਧਾਰ ‘ਤੇ ਰੱਖਦੇ ਹਾਂ, ਸਾਡੇ ਸਮਾਜ ਦੀ ਉਸਾਰੀ ਵੀ ਤਾਂ ਇਨ੍ਹਾਂ ਵਿਚਾਰਾਂ ਦੀਆਂ ਇੱਟਾਂ ‘ਤੇ ਉਸਰਨੀ ਹੈ! ਫਿਰ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ ਕਿ ਸਰਬੱਤ ਦੇ ਭਲੇ ਦੀ ਗੱਲ ਸਾਡੇ ਅੰਗ-ਸੰਗ ਰਹੇਗੀ?
ਬੰਦਾ, ਬੰਦਾ ਦੇ ਡਰ ਤੋਂ ਆਪਣੀ ਸੁਰੱਖਿਆ ਲਈ ਆਪਣੀ ਆਪਣੀ ਵਲਗਣ ਵਿਚ ਕੈਦ ਹੋ ਕੇ ਰਹਿ ਗਿਆ ਹੈ। ਆਪਣੀ ਜਾਤੀ ਧਰਮ ਦੇ ਆਧਾਰ ‘ਤੇ ਮੁਹੱਲੇ ਉਸਾਰ ਲਏ ਹਨ। ਆਪਣੇ ਤੇ ਬਗਾਨੇ ਦੀ ਦੀਵਾਰ ਅਸੀਂ ਉਚੀ ਕਰ ਲਈ ਹੈ। ਭਾਈਚਾਰਕ ਸਾਂਝ ਜੋੜਦੇ ਰਾਹਾਂ ‘ਤੇ ਅਸੀਂ ਵਾੜ ਗੱਡ ਦਿੱਤੀ ਹੈ। ਅਸੀਂ ਤਾਂ ਬਹੁਤ ਅੱਗੇ ਲੰਘ ਆਏ ਹਾਂ, ਕਿਰਾਏ ‘ਤੇ ਮਕਾਨ ਦੇਣ ਲੱਗਿਆਂ ਵੀ ਜਾਤ, ਧਰਮ ਪੁੱਛਣ ਲੱਗ ਪਏ ਹਾਂ। ਕਬੀਰ ਜੀ ਦੇ ਕਹੇ ਇਹ ਸ਼ਬਦ ‘ਅਵਲਿ ਅਲਹੁ ਨੂਰੁ ਉਪਾਇਆ ਕੁਦਰਤਿ ਦੇ ਸਭ ਬੰਦੇ’ ਦੇ ਅਰਥ ਹੁਣ ਧਰਾਤਲ ਪੱਧਰ ‘ਤੇ ਬੇਮਾਇਨਾ ਹੋ ਕੇ ਰਹਿ ਗਏ ਹਨ। ਹੁਣ ਇਹ ਸ਼ਬਦ ਗੰ੍ਰਥਾਂ ਜੋਗਾ ਹੀ ਰਹਿ ਗਿਆ ਹੈ। ਅਸੀਂ ਜਿੰਨਾ ਮਰਜੀ ਕਹੀ ਜਾਈਏ ਕਿ ਰੱਬ ਇੱਕ ਹੈ, ਪਰ ਅਸਲ ਵਿਚ ਹਰ ਧਰਮ ਦਾ ਆਪਣਾ ਆਪਣਾ ਰੱਬ ਹੈ। ਹਰ ਧਰਮ ਦਾ ਰੱਬ ਦੂਜੇ ਧਰਮ ਨਾਲੋਂ ਸਰਵੋਤਮ ਹੈ। ਅਭਿਮਾਨ ਅਤੇ ਆਡੰਬਰ ਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾ। ਇਸੇ ਲਈ ਦੰਗੇ ਫਸਾਦ ਤੇ ਕਤਲੋਗਾਰਤ ਵਿਚ ਮਨੁੱਖਤਾ ਦਾ ਘਾਣ ਕੀਤਾ ਜਾਂਦਾ ਹੈ। ਬੰਦੇ ਦੀ ਬੰਦੇ ਕੋਲੋਂ ਜੀਵਨ ਦੇ ਰਹਿਮ ਦੀ ਫਰਿਆਦ ਖੂਨ ਨਾਲ ਭਿੱਜ ਗਈ ਹੈ। ਅਜਿਹੇ ਘਿਣਾਉਣੇ ਮਨੁੱਖੀ ਕਾਰਨਾਮਿਆਂ ਨੇ ਖੈਰ-ਸੁੱਖ ਮੰਗਦੇ ਬੋਲਾਂ ਦੀ ਬਲੀ ਲੈ ਲਈ ਹੈ।
ਇੰਨਾ ਕੁਝ ਹੋਣ ਦੇ ਬਾਵਜੂਦ ਕਦੇ ਕਦੇ ਠੰਡੇ ਬੋਲਾਂ ਦਾ ਬੁੱਲਾ ਤਪਦੇ ਹਿਰਦਿਆਂ ਨੂੰ ਠਾਰ ਜਾਂਦਾ ਹੈ। ਜਦੋਂ ਕਦੇ ਕੋਈ ਖਬਰ ਪੜ੍ਹਨ ਜਾਂ ਸੁਣਨ ਨੂੰ ਮਿਲਦੀ ਹੈ ਕਿ ਕਿਵੇਂ ਮਨੁੱਖ ਨੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਦੂਜੇ ਬੰਦੇ ਦੀ ਜਾਨ ਬਚਾਈ; ਜਾਂ ਕੋਈ ਹੋਰ ਬਿਪਤਾ ਦੀ ਘੜੀ ਵਿਚ ਇੱਕ ਧਰਮ ਦੇ ਮਨੁੱਖਾਂ ਨੇ ਦੂਜੇ ਧਰਮ ਦੇ ਲੋਕਾਂ ਦੀ ਮਦਦ ਕੀਤੀ। ਇਹ ਚੰਗੀਆਂ ਗੱਲਾਂ ਮੁਹੱਬਤ ਦਾ ਪੈਗਾਮ ਹੁੰਦੀਆਂ ਹਨ। ਇਹੀ ਭਲੇ ਦੀ ਅਰਦਾਸ ਹੋ ਜਾਂਦੀਆਂ ਹਨ। ਆਮ ਬੰਦੇ ਵਿਚ ਮਨੁੱਖਤਾ ਜਾਗ ਪੈਂਦੀ ਹੈ, ਪਰ ਇਸ ਤਰ੍ਹਾਂ ਦੀ ਵਿਰਲੀ ਟਾਂਵੀ ਚੰਗੀ ਖਬਰ ਨੂੰ ਮੰਦੀਆਂ ਖਬਰਾਂ ਢਕ ਲੈਂਦੀਆਂ ਹਨ। ਮੀਡੀਆ ਵੀ ਸਨਸਨੀਖੇਜ਼ ਖਬਰਾਂ ਨੂੰ ਪਹਿਲ ਦਿੰਦਾ ਹੈ। ਝੂਠੀਆਂ ਤੇ ਮਸਾਲੇਦਾਰ ਘੜੀਆਂ ਖਬਰਾਂ ਸ਼ੱਕ ਦੀ ਬੁਨਿਆਦ ਹੁੰਦੀਆਂ ਹਨ, ਜਿਸ ਨਾਲ ਆਮ ਲੋਕਾਂ ਦੇ ਵਿਸਵਾਸ਼ ਨੂੰ ਸੱਟ ਵਜਦੀ ਹੈ। ਨੇੜਤਾ ਲਿਆਉਣ ਵਾਲੀ ਕੜੀ ਤਿੜਕ ਜਾਂਦੀ ਹੈ ਤੇ ਦੂਰੀਆਂ ਵਧਾਉਣ ਵਾਲੇ ਰਾਹ ਹੋਰ ਮੋਕਲੇ ਹੋ ਜਾਂਦੇ ਹਨ। ਲੋਕਾਂ ਦਾ ਮੇਲ-ਜੋਲ ਸੱਤਾ ਨੂੰ ਭਾAੁਂਦਾ ਨਹੀਂ, ਇਹੀ ਉਹਦੀ ਮਨਸ਼ਾ ਹੁੰਦੀ ਹੈ ਕਿ ਲੋਕਾਂ ਵਿਚ ਪਾੜਾ ਵਧਿਆ ਰਹੇ।
ਅੱਜ ਲੋੜ ਹੈ, ਮਾੜੇ ਮਨਸੂਬਿਆਂ ਦੀ ਥਹੁ ਪਾ ਕੇ ਚੰਗੇ ਵਿਚਾਰਾਂ ਨਾਲ ਇਨ੍ਹਾਂ ਨੂੰ ਪਛਾੜ ਦੇਈਏ। ਆਉ, ਸਾਰੇ ਰਲ ਕੇ ਉਨ੍ਹਾਂ ਸ਼ਬਦਾਂ ਨੂੰ ਢੂੰਡੀਏ, ਜਿਸ ਅਰਦਾਸ ਵਿਚ ਸਾਰੀ ਲੁਕਾਈ ਦੀ ਸੁੱਖ ਹੋਵੇ। ਇੱਕ ਘਰ ਦੂਜੇ ਘਰ ਦਾ ਭਲਾ ਮੰਗੇ। ਐਚ. ਆਰ. ਲੋਵਲ ਇੱਕ ਥਾਂ ਲਿਖਦਾ ਹੈ, “ਸਾਨੂੰ ਆਉਣ ਵਾਲੇ ਸਮੇਂ ਦੀ ਡਿਉੜੀ ਦੇ ਜਿੰਦਰੇ ਨੂੰ ਉਸ ਚਾਬੀ ਨਾਲ ਖੋਲ੍ਹਣ ਦਾ ਯਤਨ ਨਹੀਂ ਕਰਨਾ ਚਾਹੀਦਾ, ਜੋ ਲੰਘੇ ਜ਼ਮਾਨੇ ਵਿਚ ਵਗੇ ਹੋਏ ਲਹੂ ਨਾਲ ਜੰਗਾਲੀ ਗਈ ਹੋਵੇ।”
ਹੁਣ ਲੋੜ ਹੈ, ਨਵੀਂ ਸੋਚ ਦੀ ਇਬਾਰਤ ਨੂੰ ਸਰਬਤ ਦੇ ਭਲੇ ਦੇ ਹਰਫਾਂ ਨਾਲ ਗੁੰਦਣ ਦੀ। ਆਉ, ਈਰਖਾ ਅਤੇ ਦਵੈਤ ਦੇ ਜਿੰਦਰੇ ਨੂੰ ਮੁਹਬੱਤ ਦੀ ਚਾਬੀ ਨਾਲ ਖੋਲ੍ਹੀਏ।