ਸੁਖਦੇਵ ਸਿੰਘ ਸ਼ਾਂਤ ਦੀਆਂ 4 ਬਾਲ ਪੁਸਤਕਾਂ ਪੜ੍ਹਦਿਆਂ…

ਜਸਪ੍ਰੀਤ ਸਿੰਘ ਜਗਰਾਓਂ
ਬੱਚਿਆਂ ਨੂੰ ਸੰਸਾਰ ਦਾ ਭਵਿੱਖ ਕਿਹਾ ਜਾਂਦਾ ਹੈ। ਇਹ ਭਵਿੱਖ ਤਦ ਹੀ ਨਰੋਆ ਹੋ ਸਕਦਾ ਹੈ, ਜੇ ਬੱਚਿਆਂ ਨੂੰ ਨਰੋਏ ਬਾਲ ਸਾਹਿਤ ਨਾਲ ਜੋੜਿਆ ਜਾਵੇ। ਭਾਵੇਂ ਵਿਸ਼ਵ ਬਾਲ ਸਾਹਿਤ ਦੇ ਮੁਕਾਬਲੇ ਵਿਚ ਪੰਜਾਬੀ ‘ਚ ਨਿੱਗਰ ਬਾਲ ਸਾਹਿਤ ਦੀ ਬਹੁਤ ਘਾਟ ਹੈ, ਪਰ ਫਿਰ ਵੀ ਕੁਝ ਸਿਰੜੀ ਅਤੇ ਸੂਝਵਾਨ ਸਾਹਿਤਕਾਰ ਲਗਾਤਾਰ ਪੰਜਾਬੀ ਬਾਲ ਸਾਹਿਤ ਵਿਚ ਨਿੱਗਰ ਸਾਹਿਤ ਲੈ ਕੇ ਆ ਰਹੇ ਹਨ, ਜੋ ਨਾ ਸਿਰਫ ਬੱਚਿਆਂ ਨੂੰ ਸੇਧ ਦਿੰਦਾ ਹੈ, ਸਗੋਂ ਹੋਰ ਸਾਹਿਤ ਪੜ੍ਹਨ ਦੀ ਚੇਟਕ ਵੀ ਲਾਉਂਦਾ ਹੈ।

ਸੁਖਦੇਵ ਸਿੰਘ ਸ਼ਾਂਤ ਅਜਿਹੇ ਹੀ ਸਮਰਪਿਤ ਲੇਖਕ ਹਨ, ਜਿਨ੍ਹਾਂ ਦੀ ਹਰੇਕ ਬਾਲ ਰਚਨਾ ਬਾਲਾਂ ਦੇ ਪੱਧਰ ਤੱਕ ਜਾਂਦੀ ਹੋਈ ਬਾਲਾਂ ਨੂੰ ਆਪਣੇ ਨਾਲ ਤੋਰ ਕੇ ਅਦਭੁਤ ਅਤੇ ਅਣਦੇਖੇ ਸੰਸਾਰ ਦੀ ਸੈਰ ‘ਤੇ ਤਾਂ ਲੈ ਹੀ ਜਾਂਦੀ ਹੈ, ਨਾਲ ਹੀ ਉਨ੍ਹਾਂ ਨੂੰ ਜੀਵਨ ਦੇ ਵਿਭਿੰਨ ਸਰੋਕਾਰਾਂ ਪ੍ਰਤੀ ਸਚੇਤ ਵੀ ਕਰਦੀ ਹੈ। ਪਿੱਛੇ ਜਿਹੇ ਹੀ ਸ਼ਾਂਤ ਜੀ ਦੀਆਂ ਚਾਰ ਨਵੀਆਂ ਬਾਲ ਪੁਸਤਕਾਂ ਛਪ ਕੇ ਆਈਆਂ ਹਨ, ਜਿਨ੍ਹਾਂ ਨੇ ਆਉਂਦਿਆਂ ਹੀ ਆਪਣੀ ਰੰਗਦਾਰ ਤੇ ਸਚਿੱਤਰ ਨੁਹਾਰ ਅਤੇ ਸਾਹਿਤਕ ਮਿਆਰ ਕਰਕੇ ਬਾਲ ਪਾਠਕਾਂ ਵਿਚ ਆਪਣੀ ਥਾਂ ਬਣਾ ਲਈ ਹੈ।
ਪਹਿਲੀ ਪੁਸਤਕ ਹੈ, ‘ਅਮਰ ਕਥਾਵਾਂ’, ਜਿਸ ਵਿਚ ਵੱਖ-ਵੱਖ ਧਰਮਾਂ ਜਾਂ ਮੱਤਾਂ ਨਾਲ ਸਬੰਧਤ ਮਹਾਪੁਰਸ਼ਾਂ ਦੇ 26 ਜੀਵਨ-ਪ੍ਰਸੰਗ ਦਰਜ ਹਨ, ਜੋ ਕਿ ਨੈਤਿਕ ਸਿੱਖਿਆ ਦਿੰਦਿਆਂ ਸੁਚਿਆਰਾ ਜੀਵਨ ਜੀਣ ਦੀ ਸੇਧ ਤੇ ਪ੍ਰੇਰਨਾ ਦਿੰਦੇ ਹਨ। ਪੁਸਤਕ ਵਿਚ ਜਿਨ੍ਹਾਂ ਅਵਤਾਰਾਂ/ਮਹਾਪੁਰਸ਼ਾਂ ਦੇ ਪ੍ਰੇਰਨਾਦਾਇਕ ਜੀਵਨ-ਪ੍ਰਸੰਗ ਦਿੱਤੇ ਗਏ ਹਨ, ਉਹ ਹਨ- ਈਸਾ ਮਸੀਹ, ਮਹਾਤਮਾ ਬੁੱਧ, ਸ਼੍ਰੀ ਕ੍ਰਿਸ਼ਨ, ਜੋਗੀ ਭਰਥਰੀ ਹਰੀ, ਬਾਬਾ ਫਰੀਦ, ਭਗਤ ਰਵਿਦਾਸ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਸਵਾਮੀ ਵਿਵੇਕਾਨੰਦ ਆਦਿ। ਸਭ ਤੋਂ ਵੱਧ ਪ੍ਰੇਰਕ-ਪ੍ਰਸੰਗ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚਰਿੱਤਰ ਨਾਲ ਸਬੰਧਿਤ ਹਨ। ਮਹਾਪੁਰਸ਼ਾਂ ਦੇ ਆਦਰਸ਼ ਜੀਵਨ ਨਾਲ ਸਬੰਧਿਤ ਇਹ ਪ੍ਰੇਰਕ-ਪ੍ਰਸੰਗ ਸਾਨੂੰ ਖਿਮਾ ਦੀ ਮਹਾਨਤਾ, ਅਮਲ ਕਰਨ ਦੀ ਅਹਿਮੀਅਤ, ਸਾਦਗੀ ਦੀ ਮਹੱਤਤਾ, ਸੁਹਣੇ ਹੱਥਾਂ ਦੀ ਸੁੰਦਰਤਾ, ਗਿਆਨ ਦੀ ਹੱਦ, ਲਾਲਚ ਦਾ ਤਿਆਗ, ਅਸਲ ਤਿਆਗ, ਵੰਡ ਛਕਣ ਦੀ ਕਰਾਮਾਤ, ਨਿਮਰਤਾ ਦੀ ਮਹਾਨਤਾ, ਅਧਿਆਪਕ ਦਾ ਸਤਿਕਾਰ, ਹੁਕਮ ਮੰਨਣ ਦੀ ਜਾਚ, ਸਭ ਤੋਂ ਵੱਡਾ ਦਾਨ, ਸ਼ੁੱਧ ਉਚਾਰਨ ਦੀ ਮਹੱਤਤਾ, ਅਸਲੀ ਆਗਿਆਕਾਰੀ ਕੌਣ, ਦਲੇਰੀ ਅਤੇ ਸਮਝ ਦੀ ਪਰਖ ਆਦਿ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦਿੰਦੇ ਹਨ। ਨਾ ਸਿਰਫ ਬਾਲਾਂ ਦੇ ਸਗੋਂ ਬਾਲਗਾਂ ਦੇ ਵੀ ਪੜ੍ਹਨ ਤੇ ਵਿਚਾਰਨਯੋਗ ਹੈ, ਇਹ ਪੁਸਤਕ।
ਦੂਜੀ ਪੁਸਤਕ ਹੈ, ‘ਕਿੰਨਾ ਪਿਆਰਾ ਲੱਗਦਾ ਬਚਪਨ’, ਜੋ 27 ਖੂਬਸੂਰਤ ਬਾਲ ਕਵਿਤਾਵਾਂ ਦਾ ਇਕ ਦਿਲ-ਖਿੱਚਵਾਂ ਗੁਲਦਸਤਾ ਹੈ। ਇਨ੍ਹਾਂ ਬਾਲ ਕਵਿਤਾਵਾਂ ਦੀ ਵਿਲੱਖਣਤਾ ਤੇ ਵਡਿਆਈ ਇਹ ਹੈ ਕਿ ਇਨ੍ਹਾਂ ਵਿਚ ਕਵੀ ਨਹੀਂ ਬੋਲ ਰਿਹਾ, ਸਗੋਂ ਉਸ ਨੇ ਆਪਣੇ ਭਾਵਾਂ ਨੂੰ ਬਾਲਾਂ ਦੀ ਜ਼ੁਬਾਨੀ ਬਿਆਨ ਕੀਤਾ ਹੈ। ਬਾਲਾਂ ਅਤੇ ਬਚਪਨ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ਅਤੇ ਵਰਤਾਰਿਆਂ ‘ਤੇ ਕੇਂਦ੍ਰਿਤ ਇਹ ਕਵਿਤਾਵਾਂ ਸੌਖਿਆਂ ਹੀ ਮੂੰਹ ਚੜ੍ਹਨ ਅਤੇ ਚੇਤਿਆਂ ਵਿਚ ਵਸਣ ਵਾਲੀਆਂ ਹਨ। ਕਵੀ ਨੂੰ ਬਾਲ-ਮਨ ਦੀ ਕਿੰਨੀ ਸਮਝ ਹੈ, ਇਸ ਦਾ ਪਤਾ ਇਨ੍ਹਾਂ ਕਵਿਤਾਵਾਂ ਵਿਚ ਬਾਲਾਂ ਦੇ ਮੂੰਹੋਂ ਪ੍ਰਗਟਾਏ ਮਾਸੂਮੀਅਤ ਅਤੇ ਚੇਤੰਨਤਾ ਭਰੇ ਬੋਲਾਂ ਤੋਂ ਭਲੀਭਾਂਤ ਲੱਗ ਜਾਂਦਾ ਹੈ। ਜਿਵੇਂ ਕਿ ਪਹਿਲੀ ਹੀ ਕਵਿਤਾ ‘ਮਾਏ ਮੈਨੂੰ ਕਾਇਦਾ ਲੈ ਦੇ’ ਵਿਚ ਇਕ ਧੀ ਦੇ ਸਿਆਣੇ ਬੋਲ ਦੇਖੋ,
ਪੜ੍ਹ ਜਾਊ ਪਰਿਵਾਰ
ਮਾਏ ਮੈਨੂੰ ਕਾਇਦਾ ਲੈ ਦੇ।
ਰੱਖੂੰ ਨਾ ਤੇਰਾ ਉਧਾਰ
ਮਾਏ ਮੈਨੂੰ ਕਾਇਦਾ ਲੈ ਦੇ।
ਕਹਿ ਨਾ ਮੈਨੂੰ ਧੀ-ਧਿਆਣੀ,
ਮੈਂ ਹਾਂ ਤੇਰੀ ਧੀ ਸਿਆਣੀ।
ਵਿੱਦਿਆ ਦਾ ਮੈਂ ਪਾਉਣਾ ਗਹਿਣਾ,
ਸਾਰਾ ਦਿਨ ਮੈਂ ਘਰ ਨਾ ਬਹਿਣਾ।
ਵਿੱਦਿਆ ਮੇਰਾ ਸ਼ਿੰਗਾਰ
ਮਾਏ ਮੈਨੂੰ ਕਾਇਦਾ ਲੈ ਦੇ।
ਇਸੇ ਤਰ੍ਹਾਂ ‘ਸਭ ਵਹਿਮ ਨੇ’ ਕਵਿਤਾ ਵਿਚ ਅੱਜ ਦੇ ਬੱਚੇ ਵਹਿਮਾਂ-ਭਰਮਾਂ ਪ੍ਰਤੀ ਕਿੰਨੇ ਸਚੇਤ ਹਨ, ਇਸ ਨੂੰ ਦਰਸਾਇਆ ਗਿਆ ਹੈ,
ਨਿੱਛ ਆਵੇ ਤਾਂ ਜਾਣ ਨਾ ਦਿੰਦੀ,
ਪਾਊਡਰ ਮੈਨੂੰ ਲਾਣ ਨਾ ਦਿੰਦੀ।
ਮੇਰੇ ਮੱਥੇ ਟਿੱਕਾ ਲਾਵੇ,
ਮਿਰਚਾਂ ਉੱਤੇ ਦੀ ਛੁਹਾਵੇ।
ਦੇਖ-ਦੇਖ ਮੈਂ ਸਭ ਕੁਝ ਹੱਸਾਂ,
‘ਸਭ ਵਹਿਮ ਨੇ’ ਮਾਂ ਨੂੰ ਦੱਸਾਂ।
ਇਸੇ ਤਰ੍ਹਾਂ ਬੱਚਿਆਂ ਅੰਦਰਲੀ ਸਾਂਝੀਵਾਲਤਾ, ਜਾਗਰੂਕਤਾ ਅਤੇ ਨਿਰਸੁਆਰਥਤਾ ਨੂੰ ਦਰਸਾਉਂਦੀਆਂ ਕਈ ਕਵਿਤਾਵਾਂ ਹਨ, ਜਿਨ੍ਹਾਂ ਵਿਚ ਬੱਚੇ ਅਮਨ-ਪਿਆਰ, ਗੁਲਾਮੀ ਨਾ ਕਬੂਲ ਕਰਨ ਅਤੇ ਵੰਡ ਕੇ ਖਾਣ ਦੀ ਗੱਲ ਕਰਦੇ ਹਨ। ਸਿਰਲੇਖ ਕਵਿਤਾ ‘ਕਿੰਨਾ ਪਿਆਰਾ ਲੱਗਦਾ ਬਚਪਨ’ ਬਹੁਤ ਹੀ ਪਿਆਰੀ ਕਵਿਤਾ ਹੈ, ਜਿਸ ਵਿਚ ਬਚਪਨ ਦਾ ਸੱਚਾ ਗੁਣਗਾਣ ਕੀਤਾ ਗਿਆ ਹੈ,
ਇਸ ਉਮਰ ਵਿਚ ਵਲ ਨਾ ਕੋਈ।
ਇਸ ਉਮਰ ਵਿਚ ਛਲ ਨਾ ਕੋਈ।
ਇਸ ਦੇ ਵਿਚ ਨਾ ਕੋਈ ਭਟਕਣ।
ਕਿੰਨਾ ਪਿਆਰਾ ਲੱਗਦਾ ਬਚਪਨ!
ਤੀਜੀ ਪੁਸਤਕ ਵੀ ਬਾਲ ਕਵਿਤਾਵਾਂ ਦੀ ਹੈ, ‘ਗਾਓ ਬੱਚਿਓ ਗਾਓ।’ ਇਹ ਪੁਸਤਕ ਅਸਲ ਵਿਚ ਦੂਜੀ ਵਾਰ ਛਪੀ ਹੈ, ਪਹਿਲੀ ਵਾਰ ਇਹ ਪੁਸਤਕ 1997 ਵਿਚ ਛਪੀ ਸੀ ਅਤੇ ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 1997 ਦੀ ਪੰਜਾਬੀ ਬਾਲ-ਸਾਹਿਤ ਦੀ ਸਰਬੋਤਮ ਪੁਸਤਕ ਵਜੋਂ ‘ਸ੍ਰੀ ਗੁਰੂ ਹਰਿਕ੍ਰਿਸ਼ਨ ਬਾਲ ਸਾਹਿਤ ਪੁਰਸਕਾਰ-1998’ ਦਿੱਤਾ ਗਿਆ ਸੀ। ਇਹ ਇਕ ਵੱਡਆਕਾਰੀ ਪੁਸਤਕ ਹੈ, ਜਿਸ ਵਿਚ 57 ਬਾਲ ਕਵਿਤਾਵਾਂ ਸ਼ਾਮਲ ਹਨ। ਇਨ੍ਹਾਂ ਕਵਿਤਾਵਾਂ ਵਿਚ ਸਾਂਝੀਵਾਲਤਾ ਦਾ ਸੁਨੇਹਾ (ਏਕਤਾ ਦਾ ਗੀਤ, ਕੁੱਲ ਦੁਨੀਆਂ ਦੇ ਬੱਚੇ ਸਾਰੇ, ਨੇਕੀ ਦੇ ਤੁਸੀਂ ਦੀਵੇ ਬਾਲੋ), ਕਿਰਤ ਦੀ ਵਡਿਆਈ (ਹੱਥ ਮਜ਼ਦੂਰ ਦੇ, ਇਹੋ ਜ਼ਿੰਦਗੀ ਹੈ), ਦਿਨ-ਵਾਰਾਂ ਦੇ ਵਹਿਮਾਂ ਦਾ ਖੰਡਨ (ਦਿਨ) ਅਤੇ ਗੁਲਾਮੀ ਨੂੰ ਲਾਹਨਤ ਪਾਉਣ (ਪਿੰਜਰਾ ਬਨਾਮ ਰੁੱਖ) ਵਰਗੇ ਚੇਤੰਨ ਵਿਸ਼ਿਆਂ ਦੇ ਨਾਲ-ਨਾਲ ਕਈ ਹਲਕੇ-ਫੁਲਕੇ ਚੰਚਲ ਵਿਸ਼ੇ (ਲੰਘ ਗਏ ਨੇ ਇਮਤਿਹਾਨ, ਛੁੱਟੀਆਂ ਦਾ ਚਾਅ, ਖੇਡਾਂਗੇ ਬਈ ਖੇਡਾਂਗੇ, ਸਕੂਲ ਵਾਲੀ ਖੇਡ ਆਦਿ) ਵੀ ਹਨ, ਜੋ ਇਸ ਪੁਸਤਕ ਨੂੰ ਬਹੁਰੰਗੀ ਬਣਾਉਂਦੇ ਹਨ। ‘ਹੱਥ ਮਜ਼ਦੂਰ ਦੇ’ ਕਵਿਤਾ ਵਿਚ ਕਵੀ ਬਾਲਾਂ ਨੂੰ ਕਿੰਨੇ ਸਹਿਜ ਨਾਲ ਕਿਰਤੀ ਦੀ ਕਦਰ ਕਰਨੀ ਸਿਖਾ ਰਿਹਾ ਹੈ, ਦੇਖੋ ਕਾਵਿ-ਟੋਟਾ,
ਹੱਥ ਇਹ ਮਹਾਨ ਨੇ, ਆਓ ਸਤਿਕਾਰੀਏ।
ਹੱਕ ਇਨ੍ਹਾਂ ਹੱਥਾਂ ਦਾ, ਕਦੇ ਵੀ ਨਾ ਮਾਰੀਏ।
ਬਰਕਤਾਂ ਲਿਆਉਂਦੇ ਨੇ, ਹੱਥ ਮਜ਼ਦੂਰ ਦੇ।
ਦੇਸ਼ ਨੂੰ ਸਜਾਉਂਦੇ ਨੇ, ਹੱਥ ਮਜ਼ਦੂਰ ਦੇ।
ਕਾਇਆ ਪਲਟਾਉਂਦੇ ਨੇ, ਹੱਥ ਮਜ਼ਦੂਰ ਦੇ।
ਮੈਂ ਇਹ ਪੁਸਤਕਾਂ ਪੜ੍ਹਦਿਆਂ ਸੋਚ ਰਿਹਾ ਸਾਂ ਕਿ ਸ਼ ਸ਼ਾਂਤ ਦੇ ਮਨ ਵਿਚ ਬੱਚਿਆਂ ਲਈ ਪਿਆਰ ਅਤੇ ਫਿਕਰ ਦੀ ਸ਼ਿੱਦਤ ਨੂੰ ਸ਼ਬਦਾਂ ਵਿਚ ਕਿਵੇਂ ਬਿਆਨ ਕਰਾਂ, ਪਰ ਉਨ੍ਹਾਂ ਨੇ ਆਪਣੀ ਕਵਿਤਾ ‘ਮੈਂ ਬੱਚਿਆਂ ਲਈ ਗੀਤ ਲਿਖਾਂਗਾ’ ਨਾਲ ਮੇਰਾ ਕੰਮ ਸੌਖਾ ਕਰ ਦਿੱਤਾ। ਤੁਸੀਂ ਵੀ ਦੇਖੋ ਇਹ ਸ਼ਿੱਦਤ,
ਗੀਤ ਲਿਖਾਂਗਾ ਸੂਰਜ ਵਰਗਾ
ਅਗਿਆਨ ਹਨੇਰ ਮਿਟਾਵੇ।
ਗੀਤ ਲਿਖਾਂਗਾ ਰੁੱਖਾਂ ਵਰਗਾ
ਸਬਰ ਦਾ ਪਾਠ ਪੜ੍ਹਾਵੇ।
ਹੋ ਇੱਕਾਗਰ-ਚੀਤ ਲਿਖਾਂਗਾ।
ਮੈਂ ਬੱਚਿਆਂ ਲਈ ਗੀਤ ਲਿਖਾਂਗਾ।
ਸ਼ ਸ਼ਾਂਤ ਦੀ ਚੌਥੀ ਬਾਲ ਪੁਸਤਕ ਹੈ, ‘ਪਿੰਕੀ ਦੀ ਪੈਨਸਿਲ,’ ਜੋ ਅਸਲ ਵਿਚ ਦੂਜੀ ਵਾਰ ਛਪੀ ਹੈ। ਪਹਿਲੀ ਵਾਰ ਇਹ ਪੁਸਤਕ 2003 ਵਿਚ ਛਪੀ ਸੀ ਅਤੇ ਇਸ ਨੂੰ ਵੀ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2003 ਦੀ ਪੰਜਾਬੀ ਬਾਲ-ਸਾਹਿਤ ਦੀ ਸਰਬੋਤਮ ਪੁਸਤਕ ਵਜੋਂ ‘ਸ੍ਰੀ ਗੁਰੂ ਹਰਿਕ੍ਰਿਸ਼ਨ ਬਾਲ ਸਾਹਿਤ ਪੁਰਸਕਾਰ-2004’ ਦਿੱਤਾ ਗਿਆ ਸੀ। ਇਹ ਬਾਲ ਕਹਾਣੀਆਂ ਦੀ ਪੁਸਤਕ ਹੈ, ਜਿਸ ਵਿਚ 14 ਕਹਾਣੀਆਂ ਦਰਜ ਹਨ। ‘ਪਿੰਕੀ ਦੀ ਪੈਨਸਿਲ’ ਇਕ ਦੋਸਤ ਵੱਲੋਂ ਦੂਜੇ ਦੋਸਤ ਦੀ ਪੈਨਸਿਲ ਚੋਰੀ ਕਰਨ ਅਤੇ ਫੇਰ ਅਪਰਾਧਬੋਧ ਹੋਣ ‘ਤੇ ਵਾਪਸ ਕਰਨ ਦੀ ਕਹਾਣੀ ਹੈ।
‘ਮੁਗਲ-ਕਾਲ ਦੀ ਤਲਵਾਰ’ ਇਕ ਕਬਾੜੀਏ ਵੱਲੋਂ ਇਕ ਅੰਗਰੇਜ਼ ਨੂੰ ਠੱਗਣ ਦੀ ਬਣਾਈ ਅਸਫਲ ਯੋਜਨਾ ਦੀ ਕਹਾਣੀ ਹੈ। ‘ਸੋਨੇ ਦੀ ਚਮਕ’ ਗਹਿਣੇ ਲਿਸ਼ਕਾਉਣ ਦੇ ਬਹਾਨੇ ਸੋਨਾ ਲਾਹ ਕੇ ਲੈ ਜਾਣ ਵਾਲੇ ਠੱਗਾਂ ਦੀ ਕਹਾਣੀ ਹੈ। ‘ਜੋਤਸ਼ੀ’ ਪਾਖੰਡੀ ਜੋਤਸ਼ੀਆਂ ਦਾ ਝੂਠ ਉਜਾਗਰ ਹੋਣ ਦੀ ਕਹਾਣੀ ਹੈ। ‘ਮਿਹਨਤ ਦੇ ਨੰਬਰ’ ਕਹਾਣੀ ਸਾਨੂੰ ਨਕਲ ਮਾਰ ਕੇ ਨਹੀਂ, ਸਗੋਂ ਮਿਹਨਤ ਕਰ ਕੇ ਸਫਲ ਹੋਣ ਦਾ ਸੁਨੇਹਾ ਦਿੰਦੀ ਹੈ। ‘ਚੰਗਾ ਬੱਚਾ’ ਇਕ ਬੱਚੇ ਦੀ ਈਮਾਨਦਾਰੀ ਦੀ ਕਹਾਣੀ ਹੈ, ਜਿਸ ਵਿਚ ਦੁਕਾਨਦਾਰ ਵੱਲੋਂ ਗਲਤੀ ਨਾਲ ਉਸ ਨੂੰ ਵੱਧ ਪੈਸੇ ਮੋੜਨ ‘ਤੇ ਪਹਿਲਾਂ ਉਸ ਦੇ ਮਨ ਵਿਚ ਲਾਲਚ ਆ ਜਾਂਦਾ ਹੈ, ਪਰ ਫੇਰ ਗਲਤੀ ਦਾ ਅਹਿਸਾਸ ਹੋਣ ‘ਤੇ ਉਹ ਵਾਧੂ ਪੈਸੇ ਦੁਕਾਨਦਾਰ ਨੂੰ ਵਾਪਸ ਕਰ ਦਿੰਦਾ ਹੈ। ‘ਜਨਮ-ਦਿਨ ਦਾ ਤੋਹਫਾ’ ਇਕ ਬੱਚੇ ਵੱਲੋਂ ਮਾੜੀ ਸੰਗਤ ਵਿਚ ਪੈ ਕੇ ਸਿਗਰਟ ਪੀਣੀ ਸ਼ੁਰੂ ਕਰਨ ਅਤੇ ਫਿਰ ਆਪਣੇ ਜਨਮ-ਦਿਨ ‘ਤੇ ਆਪਣੇ ਪਿਤਾ ਵੱਲੋਂ ਮਿਲੇ ਰਹੱਸਮਈ ਤੋਹਫੇ ਕਰਕੇ ਹਮੇਸ਼ਾ ਲਈ ਸਿਗਰਟ ਤੋਂ ਤੌਬਾ ਕਰਨ ਦੀ ਕਹਾਣੀ ਹੈ। ‘ਛੁੱਟੀ ਦਾ ਮਜ਼ਾ’ ਦੋ ਬੱਚਿਆਂ ਵੱਲੋਂ ਸਕੂਲ ਤੋਂ ਚੋਰੀਓਂ ਛੁੱਟੀ ਮਾਰਨ ਅਤੇ ਫੇਰ ਘਰੇ ਫੜੇ ਜਾਣ ਦੀ ਸਬਕ ਸਿਖਾਊ ਕਹਾਣੀ ਹੈ।
‘ਸੌਖਾ ਢੰਗ’ ਜਾਅਲੀ ਪੇਪਰ ਖਰੀਦ ਕੇ ਇਮਤਿਹਾਨ ਦੇਣ ਵਾਲੇ ਬੱਚਿਆਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਅਖੀਰ ਅਸਫਲਤਾ ਹੀ ਮਿਲਦੀ ਹੈ। ‘ਫੋਟੋਗ੍ਰਾਫਰ’ ਕਾਲਜ ਦੇ ਸਾਲਾਨਾ ਇਨਾਮ-ਵੰਡ ਸਮਾਗਮਾਂ ਵੇਲੇ ਖਿੱਚੀਆਂ ਜਾਂਦੀਆਂ ਫੋਟੋਆਂ ਦੀ ਮਜ਼ੇਦਾਰ ਕਹਾਣੀ ਹੈ। ‘ਭੂਤ ਦਾ ਮੂੰਹ’ ਹਨੇਰੇ ਕਮਰੇ ਵਿਚ ਉੱਡ ਰਹੇ ਕੈਲੰਡਰ ਦੀ ਅਵਾਜ਼ ਨੂੰ ਭੂਤ ਸਮਝਣ ਦੀ ਹਾਸੋਹੀਣੀ ਕਹਾਣੀ ਹੈ। ‘ਤਾੜੀਆਂ’ ਇਮਤਿਹਾਨਾਂ ਵਿਚ ਸਿਖਰਲੇ ਸਥਾਨ ਪ੍ਰਾਪਤ ਕਰ ਕੇ ਮਿਲਣ ਵਾਲੀਆਂ ਤਾੜੀਆਂ ‘ਤੇ ਕੇਂਦ੍ਰਿਤ ਪ੍ਰੇਰਨਾਦਾਇਕ ਕਹਾਣੀ ਹੈ। ‘ਮਾਇਆ ਦੇ ਰੰਗ’ ਸਮੇਂ ਦੇ ਚੱਕਰ ਨਾਲ ਭਰਨ ਜਾਂ ਖਾਲੀ ਹੋਣ ਵਾਲੇ ਮਾਇਆ (ਧਨ-ਦੌਲਤ) ਦੇ ਭੰਡਾਰ ਅਤੇ ਰਿਸ਼ਤਿਆਂ ਦੇ ਦੋਗਲੇ ਵਿਹਾਰ ਦੀ ਕਹਾਣੀ ਹੈ। ‘ਸਬਕ’ ਇਕ ਬੱਚੇ ਵੱਲੋਂ ਆਪਣੇ ਦੋਸਤ ਨੂੰ ਪੇਪਰ ਵਿਚ ਨਕਲ ਕਰਵਾਉਂਦਿਆਂ ਫੜੇ ਜਾਣ ‘ਤੇ ਸ਼ਰਮਸਾਰ ਹੋਣ ਅਤੇ ਸਬਕ ਸਿੱਖਣ ਦੀ ਕਹਾਣੀ ਹੈ। ਇੰਜ ਹਰ ਕਹਾਣੀ ਸੇਧ ਦੇਣ ਅਤੇ ਸਚੇਤ ਕਰਨ ਵਾਲੀ ਕਹਾਣੀ ਹੈ, ਜੋ ਬਾਲਾਂ ਨੂੰ ਹੀ ਨਹੀਂ, ਵੱਡਿਆਂ ਨੂੰ ਵੀ ਪੜ੍ਹਨੀਆਂ ਚਾਹੀਦੀਆਂ ਹਨ।
ਸੁਖਦੇਵ ਸਿੰਘ ਸ਼ਾਂਤ ਦੀਆਂ ਇਨ੍ਹਾਂ ਚਾਰੇ ਬਾਲ ਪੁਸਤਕਾਂ ਦਾ ਪਾਠ ਕਰਨ ਉਪਰੰਤ ਜੋ ਸਮੁੱਚਾ ਪ੍ਰਭਾਵ ਮਨ ‘ਤੇ ਪੈਂਦਾ ਹੈ, ਉਸ ਦੀ ਰੌਸ਼ਨੀ ਵਿਚ ਇਹ ਗੱਲ ਬਹੁਤ ਹੀ ਪ੍ਰਤੱਖ ਰੂਪ ਵਿਚ ਉਜਾਗਰ ਹੁੰਦੀ ਹੈ ਕਿ ਬੱਚਿਆਂ ਪ੍ਰਤੀ ਸ਼ ਸ਼ਾਂਤ ਦੇ ਮਨ ਵਿਚ ਅਥਾਹ ਲਗਾਓ, ਫਿਕਰਮੰਦੀ ਅਤੇ ਜ਼ਿੰਮੇਦਾਰੀ ਦੀ ਭਾਵਨਾ ਹੈ। ਉਨ੍ਹਾਂ ਵੱਲੋਂ ਰਚਿਆ ਬਾਲ ਸਾਹਿਤ ਉਨ੍ਹਾਂ ਦੇ ਨਾਂ ਦੀ ਹੀ ਤਰ੍ਹਾਂ ਸ਼ਾਂਤ ਤੇ ਸਹਿਜ ਭਾਵ ਦਾ ਧਾਰਨੀ ਹੈ, ਇਸੇ ਕਰਕੇ ਉਹ ਵੱਡੇ ਤੋਂ ਵੱਡਾ ਸੁਨੇਹਾ ਅਤੇ ਡੂੰਘੀ ਤੋਂ ਡੂੰਘੀ ਚੇਤਨਾ ਵੀ ਬੜੇ ਸਰਲ-ਸਹਿਜ ਢੰਗ ਨਾਲ ਬੱਚਿਆਂ ਨੂੰ ਦੇ ਜਾਂਦੇ ਹਨ। ਹਥਲੀਆਂ ਪੁਸਤਕਾਂ ਨੂੰ ਰੰਗਦਾਰ ਅਤੇ ਸਚਿੱਤਰ ਰੂਪ ਵਿਚ ਬੇਹੱਦ ਰੀਝ ਅਤੇ ਨਿਪੁੰਨਤਾ ਨਾਲ ਛਾਪਣ ਵਾਲੇ ‘ਸੰਗਮ ਪਬਲੀਕੇਸ਼ਨਜ਼, ਸਮਾਣਾ’ ਦੀ ਟੀਮ ਵੀ ਪ੍ਰਸ਼ੰਸਾ ਤੇ ਵਧਾਈ ਦੀ ਹੱਕਦਾਰ ਹੈ।