ਲੰਗੜੇ ਕਤੂਰੇ

ਅਮਰਜੀਤ ਕੌਰ ਪੰਨੂੰ
What`sap: 1-510-759-4009
“ਗੈਟ ਅੱਪ ਡੈਨੀ! ਯੂ ਸਲੀਪ ਲਾਈਕ ਏ ਪਿੱਗ। ਸੂਰ ਵਾਂਗਰ ਸੁੱਤਾ ਰਹਿੰਦਾ ਏਂ ਤੂੰ…।” ਚਰਚ ਦੇ ਪਾਦਰੀ ਫਾਦਰ ਵਿਲੀਅਮ ਨੇ ਗੁੱਸੇ ਨਾਲ ਡੈਨੀ ਦਾ ਮੋਢਾ ਝੰਜੋੜਿਆ।
ਡੈਨੀ ਥੋੜਾ ਜਿਹਾ ਹਿਲ-ਜੁਲ ਕੇ ਮੂੰਹ ਦੂਜੇ ਪਾਸੇ ਫੇਰ ਕੇ ਮੁੜ ਸੌਂ ਗਿਆ। ਗੁੱਸੇ ਨਾਲ ਫੁੰਕਾਰਦੇ ਫਾਦਰ ਵਿਲੀਅਮ ਨੇ ਡੈਨੀ ਨੂੰ ਘਸੀਟ ਕੇ ਬਿਸਤਰੇ ‘ਚੋਂ ਬਾਹਰ ਵਗਾਹ ਮਾਰਿਆ ਤੇ ਬੁੜਬੁੜਾਉਂਦਾ ਕਮਰੇ ‘ਚੋਂ ਬਾਹਰ ਨਿਕਲ ਗਿਆ। ਡੈਨੀ ਅੱਖਾਂ ਮਲਦਾ ਚੁੱਪ-ਚਾਪ ਫਰਸ਼ ਤੋਂ ਉਠਿਆ ਤੇ ਬਾਥਰੂਮ ਵੱਲ ਨੂੰ ਹੋ ਤੁਰਿਆ।

ਹਰ ਐਤਵਾਰ ਸੂਰਜ ਦੀ ਪਹਿਲੀ ਕਿਰਨ ਕਰੀਬ ਇਸੇ ਤਰ੍ਹਾਂ ਹੀ ਡੈਨੀ ਦਾ ਸਵਾਗਤ ਕਰਦੀ। ਹਰ ਐਤਵਾਰ ਡੈਨੀ ਸਵੇਰੇ ਤਿਆਰ ਹੋ ਕੇ ਚਰਚ ਦੇ ਵੱਡੇ ਹਾਲ ਵਿਚ ਜਾ ਬੈਠਦਾ। ਲੋਕ ਆਉਣੇ ਸ਼ੁਰੂ ਹੁੰਦੇ, ਇਕ-ਇਕ, ਦੋ-ਦੋ ਕਰਕੇ ਤੇ ਕਈ ਪਰਿਵਾਰਾਂ ਸਮੇਤ ਆਉਂਦੇ। ਅੰਦਰਲੇ ਹਾਲ ਵਿਚ ਸੂਲੀ ਚੜ੍ਹੇ ਜੀਸਸ ਦੇ ਬੁੱਤ ਸਾਹਮਣੇ ਬੈਂਚਾਂ ‘ਤੇ ਬੈਠਦੇ ਜਾਂਦੇ। ਕੋਈ ਜੀਸਸ ਦੇ ਬੁੱਤ ਵੱਲ ਵੇਖਦਾ…ਤੇ ਕੋਈ ਬੁੱਤ ਬਣੇ ਬੈਠੇ ਡੈਨੀ ਵੱਲ।
…ਤੇ ਫੇਰ ਫਾਦਰ ਵਿਲੀਅਮ ਹਾਲ ਵਿਚ ਪ੍ਰਵੇਸ਼ ਕਰਦਾ। ਉਸ ਦੇ ਚਿਹਰੇ ‘ਤੇ ਕੋਈ ਅਦੁੱਤੀ ਜਲੌ, ਆਵਾਜ਼ ਵਿਚ ਸ਼ਹਿਦ ਜਿਹੀ ਮਿਠਾਸ ਤੇ ਉਸ ਦੇ ਬੋਲਾਂ ਵਿਚ ਨਿਮਰਤਾ ਹੀ ਨਿਮਰਤਾ ਤੇ ਉਹ ਆਖਦਾ, “ਜੀਸਸ ਦੁਨੀਆਂ ਦਾ ਚਾਨਣ ਹੈ।…ਜੀਸਸ ਮਨੁੱਖਤਾ ਦਾ ਰਖਵਾਲਾ ਹੈ।” ਤੇ ਹੋਰ ਕਿੰਨਾ ਕੁਝ ਉਹ ਆਖਦਾ। ਉਸ ਦੀ ਸਪੀਚ ਉਲਝੇ ਹੋਏ ਮਨਾਂ ਨੂੰ ਸੇਧ ਦਿੰਦੀ। ਬੁਝ ਚੁਕੇ ਦਿਲਾਂ ਦੇ ਚਿਰਾਗ ਮੁੜ ਜਗਾ ਦਿੰਦੀ, ਭਟਕੇ ਹੋਇਆਂ ਨੂੰ ਰਾਹੇ ਪਾਉਂਦੀ। ਗਿਰਜੇ ਦਾ ਹਾਲ ਤਾੜੀਆਂ ਨਾਲ ਗੂੰਜ ਉੱਠਦਾ, ਤੇ ਫੇਰ ਉਹ ਡੈਨੀ ਵੱਲ ਇਸ਼ਾਰਾ ਕਰਕੇ ਆਖਦਾ, “ਇਹ ਬੱਚੇ ਗੰਦਗੀ ਦਾ ਕੀੜਾ ਨਹੀਂ, ਇਹ ਮਨੁੱਖਤਾ ਦਾ ਭਵਿੱਖ ਹਨ।” ਇਸ ਤਰ੍ਹਾਂ ਫਿਰ ਮਨੁੱਖਤਾ ਦੇ ਭਵਿੱਖ ਬਾਰੇ ਉਸ ਦਾ ਦੂਜਾ ਲੈਕਚਰ ਸ਼ੁਰੂ ਹੋ ਜਾਂਦਾ।
ਪਰ ਡੈਨੀ ਨੂੰ ਇਹ ਸਾਰਾ ਕੁਝ ਉੱਕਾ ਹੀ ਨਾ ਸੁਣਦਾ। ਉਹ ਇੰਜ ਬੈਠਾ ਰਹਿੰਦਾ, ਜਿਵੇਂ ਸਭ ਕਾਸੇ ਤੋਂ ਦੂਰ ਆਪਣੀ ਇਕ ਵੱਖਰੀ ਹੀ ਦੁਨੀਆਂ ਵਿਚ ਪਹੁੰਚਿਆ ਹੋਇਆ ਹੋਵੇ। ਫਾਦਰ ਵਿਲੀਅਮ ਦੇ ਭਾਸ਼ਨ ਅਤੇ ਲੋਕਾਂ ਦੀਆਂ ਤਾੜੀਆਂ ਦਾ ਉਸ ਉੱਤੇ ਕੋਈ ਅਸਰ ਨਾ ਹੁੰਦਾ। ਲੋਕ ਰੱਜ ਕੇ ਦਾਨ ਦਿੰਦੇ ਤੇ ਚਰਚ ਤੋਂ ਬਾਹਰ ਜਾ ਕੇ ਕੋਈ ਆਖਦਾ, “ਫਾਦਰ ਵਿਲੀਅਮ ਤਾਂ ਆਪ ਮਸੀਹਾ ਹੈ।…ਇਹ ਤਾਂ ‘ਰੱਬ ਦਾ ਰੂਪ’ ਹੈ।” ਕੋਈ ਆਖਦਾ, “ਇਹ ਮਨੁੱਖਤਾ ਦੇ ਭਵਿੱਖ ਦੇ ਲੇਲਿਆਂ ਦਾ ਚਾਰਵਾਹਾ ਹੈ।”
ਫਾਦਰ ਵਿਲੀਅਮ ਦੇ ਦੋ ਰੂਪ ਸਨ। ਰੂਪ ਤਾਂ ਪਤਾ ਨਹੀਂ ਉਸ ਦੇ ਕਿੰਨੇ ਕੁ ਸਨ, ਪਰ ਡੈਨੀ ਨੂੰ ਉਸ ਦੇ ਦੋ ਹੀ ਰੂਪਾਂ ਦਾ ਪਤਾ ਸੀ-ਚਰਚ ਦੇ ਵੱਡੇ ਹਾਲ ਵਿਚ ਲੋਕਾਂ ਸਾਹਮਣੇ ਲੈਕਚਰ ਦੇਣ ਵਾਲਾ ਰੂਪ ਤੇ ਦੂਜਾ, ਜਦ ਪਤਾ ਨਹੀਂ ਉਸ ਨੂੰ ਜਿਵੇਂ ਕੋਈ ਜਿੰਨ ਚੰਬੜ ਜਾਂਦਾ, ਉਹ ਭੁੱਖੇ ਬਘਿਆੜ ਵਾਂਗ ਡੈਨੀ ਦੀਆਂ ਬੋਟੀਆਂ ਨੋਚਦਾ ਤੇ ਆਪਣੀ ਹਵਸ ਪੂਰੀ ਕਰਦਾ; ਪਰ ਡੈਨੀ ਇਸ ਬਾਰੇ ਕਿਸੇ ਕੋਲ ਧੂੰ ਵੀ ਨਾ ਕੱਢ ਸਕਦਾ।
ਸਕੂਲ ਵਿਚ ਵੀ ਡੈਨੀ ਦਾ ਕੋਈ ਦੋਸਤ ਨਹੀਂ ਸੀ। ਉਹ ਆਪ ਹੀ ਕਿਸੇ ਨਾਲ ਗੱਲ ਨਹੀਂ ਸੀ ਕਰਦਾ। ਉਸ ਨੂੰ ਜਾਪਦਾ, ਜਿਵੇਂ ਕੋਈ ਵੀ ਉਸ ਦਾ ਮਦਦਗਾਰ ਨਹੀਂ ਸੀ। ਸਕੂਲ ਤੋਂ ਛੁੱਟੀ ਹੋਣ ਸਾਰ ਹੀ ਉਹ ਇੱਕ ਲੰਗੜੇ ਕਤੂਰੇ ਵਾਂਗਰ ਲੱਤਾਂ ਘਸੀਟਦਾ ਆਪਣੇ ਕਮਰੇ ਵਿਚ ਚਲੇ ਜਾਂਦਾ। ਅੰਦਰ ਬੈਠਾ ਸਕੂਲ ਦੀ ਲਾਇਬਰੇਰੀ ਵਿਚੋਂ ਲਈਆਂ ਕਿਤਾਬਾਂ ਪੜ੍ਹਦਾ ਰਹਿੰਦਾ ਜਾਂ ਫਿਰ ਚਰਚ ਦੇ ਪਿਛਵਾੜੇ ਵਾਲੇ ਗਾਰਡਨ ਵਿਚ ਸਮਾਂ ਬਤੀਤ ਕਰਦਾ। ਦਸਾਂ ਵਰ੍ਹਿਆਂ ਦੇ ਡੈਨੀ ਦੀ ਦੁਨੀਆਂ ਇਸ ਗਾਰਡਨ ਵਿਚ ਸੀ। ਪੰਛੀ ਉਸ ਦੇ ਦੋਸਤ ਸਨ ਤੇ ਰੁੱਖਾਂ ਨਾਲ ਉਸ ਦੀ ਸਾਂਝ ਸੀ।
ਗਾਰਡਨ ਵਿਚ ਕਿੰਨੀਆਂ ਹੀ ਕਿਸਮਾਂ ਦੇ ਰੁੱਖ ਸਨ। ਕੁਝ ਚੀੜ ਦੇ ਰੁੱਖ, ਕੁਝ ਬਰਚੇ ਦੇ, ਕੁਝ ਪੋਪਲਰ ਅਤੇ ਕੁਝ ਮੇਪਲ ਦੇ ਰੁੱਖ। ਰੁੱਖਾਂ ਦੀਆਂ ਟਾਹਣੀਆਂ ਨੂੰ ਡੈਨੀ ਪਲੋਸਦਾ, ਰੁੱਖਾਂ ਦੇ ਪੱਤਿਆਂ ਨੂੰ ਉਹ ਨੀਝ ਲਾ ਕੇ ਵੇਖਦਾ। ਹਵਾ ਨਾਲ ਹਿੱਲਦੇ ਰੁੱਖਾਂ ਵੱਲ ਵੇਖ ਕੇ ਉਹ ਝੂਮ ਉੱਠਦਾ ਤੇ ਉਸ ਦਾ ਨਿੱਕਾ ਜਿਹਾ ਆਪਾ ਇਸ ਸੁਹਾਣੀ ਕੁਦਰਤ ਨਾਲ ਇੱਕ-ਮਿੱਕ ਹੋ ਜਾਂਦਾ।
ਗਾਰਡਨ ਦੀ ਖੱਬੀ ਨੁੱਕਰ ਲਾਗੇ ਇੱਕ ਵਿੱਲੋ ਦਾ ਰੁੱਖ ਸੀ, ਜੋ ਸਭ ਤੋਂ ਪਰੇ ਕਰਕੇ ਇਕੱਲਾ ਹੀ ਉੱਗਿਆ ਹੋਇਆ ਸੀ। ਇਸ ਰੁੱਖ ਦੀਆਂ ਬਾਰੀਕ ਬਾਰੀਕ ਟਾਹਣੀਆਂ ਆਪਣੇ ਨਿੱਕੇ-ਨਿੱਕੇ ਪੱਤਿਆਂ ਦਾ ਭਾਰ ਨਾ ਸਹਿੰਦੀਆਂ ਹੇਠਾਂ ਵੱਲ ਨੂੰ ਝੁਕੀਆਂ ਹੋਈਆਂ ਸਨ, ਜਿਵੇਂ ਮੁੜ ਧਰਤੀ ਵਿਚ ਧਸ ਜਾਣਾ ਚਾਹੁੰਦੀਆਂ ਹੋਣ। ਲੋਕ ਇਸ ਰੁੱਖ ਨੂੰ ‘ਵੀਪਿੰਗ ਵਿੱਲੋ’ ਆਖਦੇ ਹਨ, ਪਰ ਡੈਨੀ ਨੂੰ ਇਸ ਰੁੱਖ ਕੋਲੋਂ ਜਿਵੇਂ ਕੋਈ ਨਿੱਘ ਜਿਹਾ ਮਿਲਦਾ। ਪਤਾ ਨਹੀਂ ਕਿਉਂ, ਇਹ ਰੁੱਖ ਉਸ ਨੂੰ ਆਪਣੀ ਮਾਂ ਦਾ ਭੁਲੇਖਾ ਪਾਉਂਦਾ!
ਕਿੰਨੀ ਅਜੀਬ ਸੀ ਉਸ ਦੀ ਮਾਂ। ਕਦੇ ਤਾਂ ਡੈਨੀ ਨੂੰ ਆਪਣੀ ਛਾਤੀ ਨਾਲ ਇੰਜ ਘੁਟਦੀ, ਜਿਵੇਂ ਡੈਨੀ ਨੂੰ ਉਸ ਕੋਲੋਂ ਕੋਈ ਖੋਹ ਰਿਹਾ ਹੋਵੇ, ਪਰ ਅਗਲੇ ਹੀ ਪਲ ਪਤਾ ਨਹੀਂ ਉਸ ਨੂੰ ਕੀ ਹੋ ਜਾਂਦਾ ਤੇ ਉਹ ਡੈਨੀ ਨੂੰ ਇਕਦਮ ਪਰੇ ਧੱਕ ਦਿੰਦੀ, ਜਿਵੇਂ ਕਿਸੇ ਨੇ ਭਖਦਾ ਅੰਗਿਆਰ ਉਸ ਦੀ ਬੁੱਕਲ ਵਿਚ ਧਰ ਦਿੱਤਾ ਹੋਵੇ ਤੇ ਉਹ ਢਿੱਲੀਆਂ ਜਿਹੀਆਂ ਲੱਤਾਂ ਵਾਲੇ ਡਿੱਕੋ-ਡੋਲੇ ਖਾਂਦੇ ਮੇਜ ‘ਤੇ ਸਿਰ ਸੁੱਟ ਕੇ ਪੈ ਜਾਂਦੀ। ਕਦੇ ਜ਼ਾਰੋ-ਜ਼ਾਰ ਰੋਂਦੀ ਤੇ ਕਦੇ ਬੇਸੁੱਧ ਹੋਈ ਪਈ ਰਹਿੰਦੀ। ਉਸ ਦੇ ਵਾਲ ਉਸ ਦੇ ਮੂੰਹ ਅੱਗੇ ਆ ਪੈਂਦੇ ਤੇ ਉਸ ਦਾ ਚਿਹਰਾ ਕੱਜ ਲੈਂਦੇ। ਡੈਨੀ ਬਿਟ-ਬਿਟ ਉਸ ਵਲ ਝਾਕਦਾ ਕਦੇ ਸਹਿਮ ਕੇ ਬੈਠਾ ਰਹਿੰਦਾ ਅਤੇ ਕਦੇ ਉੱਠ ਕੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਉਸ ਦੇ ਚਿਹਰੇ ਤੋਂ ਵਾਲ ਹਟਾਉਂਦਾ ਤੇ ਉਸ ਦੇ ਅੱਥਰੂ ਪੂੰਝਦਾ। ਉਹ ਫਿਰ ਡੈਨੀ ਨੂੰ ਛਾਤੀ ਨਾਲ ਲਾ ਲੈਂਦੀ। ਉਸ ਦਾ ਮੱਥਾ ਚੁੰਮਦੀ, ਉਸ ਦੀਆਂ ਅੱਖਾਂ ਚੁੰਮਦੀ ਤੇ ਉਸ ਦੇ ਨਿੱਕੇ-ਨਿੱਕੇ ਹੱਥ ਕਦੇ ਆਪਣੀਆਂ ਅੱਖਾਂ ਨਾਲ ਛੁਹਾਉਂਦੀ ਤੇ ਕਦੇ ਆਪਣੇ ਬੁੱਲਾਂ ਨਾਲ।
ਡੈਨੀ ਨੂੰ ਜਾਪਦਾ ਜਿਵੇਂ ਗਾਰਡਨ ਵਿਚਲੇ ਵਿੱਲੋ ਰੁੱਖ ਦੀਆਂ ਪਤਲੀਆਂ ਪਤਲੀਆਂ ਟਾਹਣੀਆਂ ਉਸ ਦੀ ਮਾਂ ਵਾਂਗ ਸਿਰ ਸੁੱਟੀ ਰੋ ਰਹੀਆਂ ਹੋਣ। ਉਹ ਹੇਠਾਂ ਲਟਕਦੀਆਂ ਟਾਹਣੀਆਂ ਪਰੇ ਹਟਾਉਂਦਾ, ਜਿਵੇਂ ਆਪਣੀ ਰੋ ਰਹੀ ਮਾਂ ਦੇ ਚਿਹਰੇ ਤੋਂ ਵਾਲ ਹਟਾ ਰਿਹਾ ਹੋਵੇ, ਤੇ ਕੁਝ ਪਲਾਂ ਲਈ ਉਹ ਰੁੱਖ ਦੇ ਅੰਦਰ ਸਮਾ ਜਾਂਦਾ, ਕੁਝ ਪਲਾਂ ਲਈ ਉਹ ਫਾਦਰ ਵਿਲੀਅਮ ਦੀ ਦੁਨੀਆਂ ਤੋਂ ਅਲੋਪ ਹੋ ਜਾਂਦਾ।
ਪਰ ਫਿਰ ਉਸ ਨੂੰ ਆਪਣੀ ਮਾਂ ਦਾ ਉਹ ਰੂਪ ਯਾਦ ਆਉਂਦਾ, ਜਦ ਕਿਸੇ ਕਿਸੇ ਦਿਨ ਉਹ ਦੁਪਹਿਰ ਹੀ ਸ਼ਰਾਬ ਦੀ ਬੋਤਲ ਖੋਲ੍ਹ ਬੈਠਦੀ। ਸਾਰਾ ਦਿਨ ਪੀਂਦੀ ਤੇ ਨਾਲੇ ਆਪਣੇ ਬਾਪ ਨੂੰ ਗਾਲ੍ਹਾਂ ਕੱਢਦੀ। ਉਸ ਦਿਨ ਉਹ ਆਪਣੀ ਮਾਂ ਕੋਲੋਂ ਡਰਦਾ ਇੱਕ ਖੂੰਜੇ ਵਿਚ ਬੈਠਾ ਰਹਿੰਦਾ, ਪਰ ਅਗਲੇ ਦਿਨ ਫੇਰ ਉਹ ਡੈਨੀ ਨੂੰ ਆਪਣੀ ਹਿੱਕ ਨਾਲ ਘੁੱਟ ਲੈਂਦੀ ਤੇ ਉਸ ਦੇ ਹੱਥ ਚੁੰਮਦੀ।
ਫਿਰ ਇੱਕ ਆਦਮੀ ਰਹਿਣ ਲੱਗ ਪਿਆ ਸੀ ਉਨ੍ਹਾਂ ਦੇ ਘਰ। ਉਸ ਦੇ ਡੌਲਿਆਂ ਅਤੇ ਛਾਤੀ ਉੱਤੇ ਕਈ ਕਿਸਮਾਂ ਦੇ ਡਰਾਉਣੇ ‘ਟੈਟੂ’ ਉੱਕਰੇ ਹੋਏ ਸਨ। ਉਸ ਦੀਆਂ ਅੱਖਾਂ ਵਿਚ ਉੱਭਰੇ ਹੋਏ ਲਾਲ ਡੋਰੇ ਤੇ ਵੱਡੀਆਂ ਵੱਡੀਆਂ ਕੱਕੀਆਂ ਮੁੱਛਾਂ ਵੱਲ ਵੇਖ ਕੇ ਡੈਨੀ ਭੈਅ ਨਾਲ ‘ਕੱਠਾ ਜਿਹਾ ਹੋ ਜਾਂਦਾ। ਉਹ ਆਦਮੀ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਕਿੰਨਾ ਨਿੱਕ-ਸੁੱਕ ਜਿਹਾ ਨਿੱਕੀਆਂ ਨਿੱਕੀਆਂ ਪੁੜੀਆਂ ਵਿਚ ਲੈ ਕੇ ਆਉਂਦਾ। ਕਈ ਵਾਰ ਤਾਂ ਆਉਂਦਿਆਂ ਹੀ ਉਸ ਦੀ ਮਾਂ ਨੂੰ ਏਨੇ ਜ਼ੋਰ ਨਾਲ ਗਲਵੱਕੜੀ ਵਿਚ ਘੁੱਟਦਾ ਕਿ ਉਸ ਦਾ ਸਾਹ ਬੰਦ ਹੋਣ ਤੱਕ ਚਲਾ ਜਾਂਦਾ ਤੇ ਕਈ ਵਾਰ ਸ਼ਰਾਬ ਪੀ ਕੇ ਉਸ ਦੀ ਮਾਂ ਨੂੰ ਲੱਤਾਂ, ਮੁੱਕਿਆਂ ਨਾਲ ਕੁੱਟਦਾ। ਡੈਨੀ ਆਪਣੀਆਂ ਨਿੱਕੀਆਂ ਨਿੱਕੀਆਂ ਮੁੱਕੀਆਂ ਨਾਲ ਉਸ ਨੂੰ ਪਰੇ ਧੱਕਣ ਦਾ ਯਤਨ ਕਰਦਾ, ਪਰ ਉਹ ਤਾਂ ਹੱਟੇ-ਕੱਟੇ ਦੈਂਤ ਜਿਹਾ ਸੀ। ਫਿਰ ਇਕ ਦਿਨ ਝਟਕੇ ਨਾਲ ਉਸ ਡੈਨੀ ਨੂੰ ਪਰ੍ਹਾਂ ਵਗਾਹ ਮਾਰਿਆ। ਡੈਨੀ ਦਾ ਸਿਰ ਮੇਜ਼ ਦੀ ਨੁੱਕਰ ਵਿਚ ਵੱਜਣ ਨਾਲ ਸਭ ਪਾਸੇ ਚੁੱਪ ਤੇ ਹਨੇਰਾ ਛਾ ਗਿਆ।
ਜਦ ਡੈਨੀ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਇੱਕ ਪਿਆਰੇ ਜਿਹੇ ਮੂੰਹ ਵਾਲੀ ਨਰਸ ਉਸ ਕੋਲ ਬੈਠੀ ਸੀ। ਡੈਨੀ ਜਿਵੇਂ ਨੀਂਦ ਤੋਂ ਜਾਗਿਆ ਹੋਵੇ, ਪਰ ਉਸ ਦੇ ਸਿਰ ਵਿਚ ਚੀਸਾਂ ਪੈ ਰਹੀਆਂ ਸਨ।
ਨਰਸ ਨੇ ਡੈਨੀ ਦਾ ਸਿਰ ਪਲੋਸ ਕੇ ਆਖਿਆ, “ਡੈਨੀ ਡਰਨ ਦੀ ਲੋੜ ਨਹੀਂ, ਇਥੇ ਹੁਣ ਤੈਨੂੰ ਕੋਈ ਖਤਰਾ ਨਹੀਂ।”
ਡੈਨੀ ਨੇ ਆਪਣੀ ਮਾਂ ਬਾਰੇ ਪੁੱਛਣਾ ਚਾਹਿਆ, ਪਰ ਉਹ ਬੋਲ ਨਾ ਸਕਿਆ ਤੇ ਬਿਸਤਰੇ ‘ਤੇ ਪਿਆ ਆਪਣੀ ਮਾਂ ਨੂੰ ਉਡੀਕਣ ਲੱਗਾ, ਉਹ ਨਾ ਆਈ। ਤੇ ਕੁਝ ਦਿਨਾਂ ਪਿਛੋਂ ਫਾਦਰ ਵਿਲੀਅਮ ਡੈਨੀ ਨੂੰ ਹਸਪਤਾਲ ‘ਚੋਂ ਇਸ ਚਰਚ ਵਿਚ ਲੈ ਆਇਆ ਤੇ ਹੁਣ ਦੋ ਸਾਲ ਹੋ ਗਏ ਸਨ, ਡੈਨੀ ਨੂੰ ਇਸ ਪਾਦਰੀ ਕੋਲ ਰਹਿੰਦਿਆਂ।
ਸ਼ੁਰੂ ਵਿਚ ਜਦ ਉਸ ਨੇ ਪਾਦਰੀ ਨੂੰ ਆਪਣੀ ਮਾਂ ਬਾਰੇ ਪੁੱਛਿਆ ਉਹ ਕਹਿਣ ਲੱਗਾ, “ਯੋਅਰ ਮਦਰ? ਜੇਲ੍ਹ ਵਿਚ ਹੈ ਤੇਰੀ ਬਿੱਚ ਮਾਂ, ਗਲਤ ਕੰਮਾਂ ਕਰਕੇ; ਪਰ ਤੂੰ ਹੁਣ ਇਥੇ ਹੀ ਰਹੇਂਗਾ, ਮੇਰੇ ਕੋਲ।”
ਡੈਨੀ ਗੁੱਸੇ ਵਿਚ ਚੀਕਿਆ, “ਸ਼ੀ ਇਜ਼ ਨਾਟ ਏ ਬਿੱਚ!” ਪਰ ਫਾਦਰ ਵਿਲੀਅਮ ਦੀਆਂ ਅੱਖਾਂ ਵਿਚ ਅੰਗਿਆਰੇ ਵੇਖ ਕੇ ਚੁੱਪ ਹੋ ਗਿਆ? ਉਸ ਦਿਨ ਪਿਛੋਂ ਉਸ ਨੇ ਕਦੇ ਆਪਣੀ ਮਾਂ ਬਾਰੇ ਨਾ ਪੁੱਛਿਆ, ਪਰ ਧਿਆਨ ਉਸ ਦਾ ਹਮੇਸ਼ਾ ਆਪਣੀ ਮਾਂ ਵੱਲ ਰਹਿੰਦਾ। ਉਸ ਦਾ ਮਾਸੂਮ ਦਿਲ ਇਹ ਸਮਝਣ ਵਿਚ ਅਸਮਰਥ ਸੀ ਕਿ ਕਿਉਂ ਲੋਕ ਉਸ ਦੀ ਮਾਂ ਨੂੰ ਏਨੀ ਬੁਰੀ ਆਖਦੇ ਸਨ ਤੇ ਕਿਉਂ ਫਾਦਰ ਵਿਲੀਅਮ ਨੂੰ ਏਨਾ ਚੰਗਾ? ਕਿਉਂ ਉਸ ਦੀ ਮਾਂ ਨੂੰ ਜੇਲ੍ਹ ਵਿਚ ਤਾੜਿਆ ਗਿਆ ਤੇ ਕਿਉਂ ਫਾਦਰ ਵਿਲੀਅਮ ਨੂੰ ਲੋਕ ਪੂਜਦੇ ਹਨ?
ਚਰਚ ਵਿਚ ਰਹਿੰਦਿਆਂ ਡੈਨੀ ਦੇ ਕੰਨਾਂ ਨੇ ਵਾਰ ਵਾਰ ਸੁਣਿਆ ਹੋਇਆ ਸੀ, “ਜੀਸਸ ਪਿਆਰ ਹੈ…ਜੀਸਸ ਰਖਵਾਲਾ ਹੈ।” ਪਰ ਉਸ ਨੂੰ ਸਮਝ ਨਾ ਪੈਂਦੀ ਕਿ ਬਾਹਰਲੇ ਹਾਲ ਵਿਚ ਗਿਰਜ਼ੇ ਦੀ ਤਿਕੋਨੀ ਛੱਤ ਨੂੰ ਛੂੰਹਦਾ, ਉਤਾਂਹ ਨੂੰ ਬਾਹਾਂ ਫੈਲਾਈ ਜੀਸਸ ਦਾ ਸੰਗਮਰਮਰੀ ਬੁੱਤ ਅਤੇ ਅੰਦਰਲੇ ਹਾਲ ਵਿਚ ਸੂਲੀ ਟੰਗਿਆ ਜੀਸਸ, ਜਿਸ ਦਾ ਸਿਰ ਇੱਕ ਪਾਸੇ ਨੂੰ ਲਟਕਿਆ ਹੋਇਆ ਸੀ, ਕਿਵੇਂ ਕਿਸੇ ਦਾ ਰਖਵਾਲਾ ਹੋ ਸਕਦਾ ਹੈ? ਕਿਵੇਂ ਉਹ ਡੈਨੀ ਨੂੰ ਫਾਦਰ ਵਿਲੀਅਮ ਦੀਆਂ ਨਹੁੰਦਰਾਂ ਤੋਂ ਬਚਾ ਸਕਦਾ ਹੈ? ਉਸ ਨੂੰ ਜਿੰਨਾ ਗੁੱਸਾ ਫਾਦਰ ਵਿਲੀਅਮ ‘ਤੇ ਆਉਂਦਾ, ਓਨਾ ਹੀ ਜੀਸਸ ਉੱਤੇ ਵੀ। ਇਸੇ ਕਰਕੇ ਇਕ ਦਿਨ ਉਸ ਨੇ ਬਾਹਰਲੇ ਹਾਲ ਵਿਚ ਖੜ੍ਹੇ ਜੀਸਸ ਦੇ ਪੈਰ ਉੱਤੋਂ ਇਕ ਚਿੱਪਰ ਲਾਹ ਸੁੱਟੀ। ਫਾਦਰ ਵਿਲੀਅਮ ਨੇ ਉਸ ਨੂੰ ਠੁੱਡਾਂ ਨਾਲ ਮਾਰਿਆ ਸੀ ਤੇ ਉਹ ਰੋਂਦਾ ਰੋਂਦਾ ਉਸ ਰਾਤ ਭੁੰਜੇ ਹੀ ਸੌਂ ਗਿਆ।
ਉਸ ਰਾਤ ਡੈਨੀ ਨੂੰ ਸੁਪਨਾ ਆਇਆ ਕਿ ਉਸ ਦੀ ਪਿੱਠ ਵਿਚੋਂ ਨਿੱਕੀਆਂ ਨਿੱਕੀਆਂ ਸੁੰਡੀਆਂ ਨਿਕਲ ਕੇ ਉਸ ਦੇ ਪਿੰਡੇ ਅਤੇ ਢਿੱਡ ਉਤੋਂ ਦੀ ਰੀਂਗਦੀਆਂ ਉਸ ਦੇ ਕੰਨਾਂ ਵਿਚ ਵੜ ਰਹੀਆਂ ਸਨ। ਸੁੰਡੀਆਂ ਉਸ ਦੇ ਮੂੰਹ, ਅੱਖਾਂ ਤੇ ਨੱਕ ਵਿਚ ਵੜਨ ਲੱਗੀਆਂ। ਡੈਨੀ ਨੇ ਚੀਖਣਾ ਚਾਹਿਆ, ਪਰ ਉਸ ਦੀ ਆਵਾਜ਼ ਨਾ ਨਿਕਲੀ। ਉਸ ਹੱਥਾਂ ਨਾਲ ਸੁੰਡੀਆਂ ਨੂੰ ਝਾੜਨਾ ਚਾਹਿਆ, ਪਰ ਉਸ ਦੀਆਂ ਬਾਹਾਂ ਪੱਥਰ ਵਾਂਗ ਪਈਆਂ ਰਹੀਆਂ ਤੇ ਪਰੇ ਖਲੋਤਾ ਪਾਦਰੀ ਮੁਸਕੜੀਏਂ ਹੱਸ ਰਿਹਾ ਸੀ।
ਅਚਾਨਕ ਸਾਰਾ ਕਮਰਾ ਇੱਕ ਵਚਿੱਤਰ ਚਾਨਣ ਨਾਲ ਭਰ ਗਿਆ। ਫਾਦਰ ਵਿਲੀਅਮ ਕਮਰੇ ‘ਚੋਂ ਭੱਜਣ ਲਈ ਆਪਣੀਆਂ ਟੁੱਟੀਆਂ ਲੱਤਾਂ ਘਸੀਟਣ ਲੱਗਾ। ਜਦ ਡੈਨੀ ਦਾ ਧਿਆਨ ਪਾਦਰੀ ਤੋਂ ਪਰੇ ਹਟਿਆ ਤਾਂ ਕੋਈ ਝੁਕ ਕੇ ਉਸ ਦੇ ਵਾਲਾਂ ਨੂੰ ਪਲੋਸ ਰਿਹਾ ਸੀ। ਉਸ ਦੇ ਚਿਹਰੇ ‘ਤੇ ਨਿੱਘੀ ਜਿਹੀ ਮੁਸਕਾਨ ਤੇ ਅੱਖਾਂ ਵਿਚ ਪਿਆਰ ਹੀ ਪਿਆਰ, ਉਸ ਦੀ ਦਾਹੜੀ ਡੈਨੀ ਦੇ ਪਿੰਡੇ ਨੂੰ ਛੂਹ ਰਹੀ ਸੀ। ਇਹ ਚਿਹਰਾ ਬਾਹਰਲੇ ਹਾਲ ਵਿਚ ਖੜੇ ਜੀਸਸ ਜਿਹਾ ਸੀ ਤੇ ਉਸ ਮਾਂ ਵਾਂਗ ਘੁੱਟ ਕੇ ਡੈਨੀ ਨੂੰ ਆਪਣੀ ਛਾਤੀ ਨਾਲ ਲਾ ਲਿਆ।
ਉਸ ਦਿਨ ਤੋਂ ਬਾਅਦ ਡੈਨੀ ਨੂੰ ਫਾਦਰ ਵਿਲੀਅਮ ਕੋਲੋਂ ਉੱਕਾ ਹੀ ਡਰ ਨਾ ਲਗਦਾ ਤੇ ਉਹ ਵੀ ਜਿਵੇਂ ਡੈਨੀ ਕੋਲੋਂ ਝਿਜਕਣ ਲੱਗ ਪਿਆ ਸੀ। ਕੁਝ ਚਿਰ ਪਿੱਛੋਂ ਫਾਦਰ ਵਿਲੀਅਮ ਪੀਟਰ ਨੂੰ ਲੈ ਆਇਆ ਸੀ, ਜੋ ਡੈਨੀ ਤੋਂ ਦੋ ਕੁ ਸਾਲ ਛੋਟਾ ਸੀ। ਬਹੁਤ ਵਾਰੀ ਪੀਟਰ ਦੀਆਂ ਅੱਖਾਂ ਸਵੇਰ ਨੂੰ ਸੁੱਜੀਆਂ ਹੁੰਦੀਆਂ ਤੇ ਕਈ ਵਾਰੀ ਉਸ ਲਈ ਤੁਰਨਾ ਵੀ ਔਖਾ ਹੁੰਦਾ। ਡੈਨੀ ਨੂੰ ਸਮਝ ਨਾ ਪੈਂਦੀ ਕਿ ਉਹ ਕਿਵੇਂ ਪੀਟਰ ਨੂੰ ਫਾਦਰ ਵਿਲੀਅਮ ਦੀ ਹਵਸ ਤੋਂ ਬਚਾਵੇ।
ਇਕ ਐਤਵਾਰ ਪੀਟਰ ਦਾ ਪਿੰਡਾ ਭੱਠੇ ਵਾਂਗਰ ਤਪ ਰਿਹਾ ਸੀ ਤੇ ਡੈਨੀ ਇਕੱਲਾ ਹੀ ਹਾਲ ਵਿਚ ਆਇਆ। ਜਿਉਂ ਹੀ ਫਾਦਰ ਵਿਲੀਅਮ ਨੇ ਲੋਕਾਂ ਸਾਹਮਣੇ ਆਪਣੀ ਮਾਖਿਓਂ ਮਿੱਠੀ ਆਵਾਜ਼ ਵਿਚ ਸਪੀਚ ਸ਼ੁਰੂ ਕੀਤੀ, ਮਾੜੂਆ ਜਿਹਾ ਡੈਨੀ ਉੱਡ ਕੇ ਫਾਦਰ ਵਿਲੀਅਮ ‘ਤੇ ਝਪਟ ਪਿਆ, “ਯੂ ਸੰਨ ਆਫ ਏ ਬਿੱਚ, ਆਈ ਵਿਲ ਕਿੱਲ ਯੂ। ਅੱਜ ਤੇਰੀ ਮੌਤ ਆ ਗਈ ਏ, ਕੁੱਤੇ…।” ਡੈਨੀ ਚੰਘਾੜਿਆ ਤੇ ਦੰਦੀਆਂ ਨਾਲ ਉਸ ਦਾ ਚੋਲਾ ਲੀਰੋ-ਲੀਰ ਕਰ ਸੁੱਟਿਆ। ਪਤਾ ਨਹੀਂ ਕਿੱਥੋਂ ਸੁਕੜੇ ਜਿਹੇ ਡੈਨੀ ਵਿਚ ਲੋਹੜੇ ਦਾ ਜ਼ੋਰ ਆ ਗਿਆ ਕਿ ਜੇ ਲੋਕਾਂ ਦਾ ਪੂਰਾ ਟੋਲਾ ਉਸ ਨੂੰ ਤੋੜ ਕੇ ਵੱਖ ਨਾ ਕਰਦਾ ਤਾਂ ਉਹ ਖੌਰੇ ਫਾਦਰ ਵਿਲੀਅਮ ਨੂੰ ਖਾ ਹੀ ਜਾਂਦਾ। ਪਾਦਰੀ ਭਵੰਤਰਿਆ ਜਿਹਾ ਦੌੜ ਕੇ ਹਾਲ ਵਿਚੋਂ ਬਾਹਰ ਚਲਾ ਗਿਆ। ਲੋਕ ਮੂੰਹ ਵਿਚ ਉਂਗਲਾਂ ਪਾਈ ਖੜ੍ਹੇ ਕੋਈ ਡੈਨੀ ਨੂੰ ‘ਗੰਦਗੀ ਦਾ ਕੀੜਾ’ ਆਖੇ ਤੇ ਕੋਈ ‘ਪਾਪ ਦੀ ਔਲਾਦ’ ਆਖੇ ਅਤੇ ਕੋਈ ਫਾਦਰ ਵਿਲੀਅਮ ਦੀਆਂ ਚੰਗਿਆਈਆਂ ਨੂੰ ਦੁਹਰਾਈ ਜਾਵੇ।
ਉਸੇ ਦਿਨ ਹੀ ਡੈਨੀ ਪਾਦਰੀ ਦੀ ਜੇਲ੍ਹ ‘ਚੋਂ ਛੁੱਟ ਕੇ ‘ਜੁਵਿਨਾਇਲ ਹੋਮ’ ਜਾਂ ਬੱਚਿਆਂ ਦੀ ਜੇਲ੍ਹ ਵਿਚ ਪਹੁੰਚ ਗਿਆ। ਇਸ ਜੇਲ੍ਹ ਵਿਚ ਕਈ ਮੁੰਡੇ ਉਸ ਤੋਂ ਵੱਡੇ ਤੇ ਕਈ ਛੋਟੇ। ਕਈਆਂ ਨੇ ਦਿਨ ਦਿਹਾੜੇ ਡਾਕੇ ਮਾਰੇ ਸਨ, ਕਈਆਂ ਨੇ ਰਾਹ ਜਾਂਦਿਆਂ ਨੂੰ ਲੁੱਟਿਆ ਸੀ ਅਤੇ ਕਈਆਂ ਨੇ ਨਿੱਕੀਆਂ ਨਿੱਕੀਆਂ ਕੁੜੀਆਂ ਤੇ ਕਮਜ਼ੋਰ ਬੁਢੜੀਆਂ ਨੂੰ ਪਲੀਤ ਕੀਤਾ ਸੀ।
ਡੈਨੀ ਦਾ ਪਾਪ ਵੀ ਕੋਈ ਘੱਟ ਨਹੀਂ ਸੀ। ਉਸ ਨੇ ‘ਰੱਬ ਦੇ ਰੂਪ’ ਪਾਦਰੀ ‘ਤੇ ਹਮਲਾ ਕੀਤਾ ਸੀ। ਇਥੇ ਇਨ੍ਹਾਂ ਸਾਰੇ ‘ਗੁਨਾਹਗਾਰ’ ਬੱਚਿਆਂ ਤੋਂ ਸਖਤ ਕੰਮ ਲਿਆ ਜਾਂਦਾ ਤੇ ਪੜ੍ਹਨ ਲਈ ਕਲਾਸਾਂ ਵੀ ਲਗਦੀਆਂ। ਜੇਲ੍ਹ ਵਿਚ ਤਾੜੇ ਬਹੁਤ ਸਾਰੇ ਬੱਚਿਆਂ ਨਾਲ ਵੀ ਉਹੋ ਕੁਝ ਹੁੰਦਾ, ਜੋ ਗਿਰਜੇ ਵਿਚ ਤਾੜੇ ਬੱਚਿਆਂ ਨਾਲ। ਇਥੇ ਜੇਲ੍ਹ ਦੇ ਕਰਮਚਾਰੀ ਤੇ ਉੱਥੇ ਗਿਰਜੇ ਦਾ ਪਾਦਰੀ। ਕੰਮ ਕਰਦਿਆਂ ਤੇ ਪੜ੍ਹਦਿਆਂ ਡੈਨੀ ਦੇ ਅੱਠ ਨੌਂ ਵਰ੍ਹੇ ਲੰਘ ਗਏ ਤੇ ਫਿਰ ਉਸ ਨੂੰ ਜੇਲ੍ਹ ਦੇ ਬਾਹਰ ਦੀ ਅਣਜਾਣੀ ਦੁਨੀਆਂ ਵਿਚ ਖੁੱਲ੍ਹਾ ਛੱਡ ਦਿੱਤਾ ਗਿਆ। ਉਸ ਨੂੰ ਜੇਲ੍ਹ ਦੇ ਬਾਹਰ ਦੀ ਦੁਨੀਆਂ ਤੋਂ ਜੇਲ੍ਹ ਦੇ ਅੰਦਰ ਦੀ ਦੁਨੀਆਂ ਨਾਲੋਂ ਵੀ ਵੱਧ ਡਰ ਲਗਦਾ। ਉਹ ਰਾਤ ਵੇਲੇ ਕੰਮ ਕਰਦਾ ਤੇ ਦਿਨ ਵੇਲੇ ਪੜ੍ਹਨ ਜਾਂਦਾ।
ਜਿਉਂ-ਜਿਉਂ ਵਕਤ ਬੀਤਿਆ, ਉਸ ਨੂੰ ਜੇਲ੍ਹ ਵਿਚ ਤਾੜੇ ਬੱਚਿਆਂ ਦੀ ਜ਼ਿੰਦਗੀ ਦੇ ਪਿਛੋਕੜ ਤੇ ਉਨ੍ਹਾਂ ਹਾਲਤਾਂ ਦਾ ਅਹਿਸਾਸ ਹੋਇਆ, ਜਿਨ੍ਹਾਂ ਮਾਸੂਮ ਬੱਚਿਆਂ ਨੂੰ ਗੁਨਾਹਗਾਰੀ ਦੇ ਹਨੇਰੇ ਖੂਹਾਂ ਵਿਚ ਧੱਕ ਦਿੱਤਾ ਸੀ। ਉਸ ਨੂੰ ਆਪਣੀ ਮਾਂ ਦੀ ਜ਼ਿੰਦਗੀ ਦੇ ਦੁਖਾਂਤ ਦਾ ਅਹਿਸਾਸ ਹੋਇਆ, ਜਿਸ ਦੀਆਂ ਖੰਭੜੀਆਂ ਅਜੇ ਉਡਾਰੀ ਮਾਰਨ ਜੋਗੀਆਂ ਵੀ ਨਹੀਂ ਸਨ ਹੋਈਆਂ ਅਤੇ ਉਸ ਦੇ ਬਾਪ ਨੇ ਹੀ ਮਰੁੰਡ ਸੁੱਟੀਆਂ ਸਨ, ਤੇ ਉਸ ਪਾਪ ‘ਚੋਂ ਉਪਜੀ ਸੀ ਡੈਨੀ ਦੀ ਹੋਂਦ। ਉਹ ਇਸ ਸਭ ਕਾਸੇ ਤੋਂ ਦੂਰ ਭੱਜ ਜਾਣਾ ਚਾਹੁੰਦਾ ਸੀ, ਪਰ ਆਪੇ ਤੋਂ ਭੱਜ ਕੇ ਜਾਵੇ ਕਿੱਥੇ?
ਉਸ ਆਪਣੇ ਆਪ ਨੂੰ ਕਿਤਾਬਾਂ ਵਿਚ ਡੁਬੋ ਲਿਆ। ਲਾਇਬਰੇਰੀ ਉਸ ਦਾ ਅਨਿੱਖੜਵਾਂ ਅੰਗ ਬਣ ਗਈ। ਉਸ ਨੇ ‘ਵੱਡੇ’ ਲੇਖਕਾਂ ਦੀਆਂ ਲਿਖਤਾਂ ਨੂੰ ਵਿਚਾਰਿਆ, ‘ਛੋਟੇ’ ਲੇਖਕਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਘੋਖੀਆਂ। ਉਸ ਨੇ ਦੁਨੀਆਂ ਦੇ ਸਾਰੇ ਦੇਸ਼ਾਂ ਬਾਰੇ ਤੇ ਲੋਕਾਂ ਬਾਰੇ ਪੜ੍ਹਿਆ। ਧਰਮਾਂ ਤੇ ਸਮਾਜਾਂ ਬਾਰੇ ਪੜ੍ਹਿਆ, ਉਨ੍ਹਾਂ ਦੇ ਰਿਸ਼ਤਿਆਂ ਤੇ ਰਿਵਾਜ਼ਾਂ ਬਾਰੇ ਪੜ੍ਹਿਆ।
ਡੈਨੀ ਲਾਇਬਰੇਰੀ ਦੇ ਇੱਕ ਕੋਨੇ ਵਿਚ ਬੈਠਾ ਸਾਰੀ ਦੁਨੀਆਂ ਘੁੰਮ ਆਉਂਦਾ। ਬਰਫੀਲੇ ਪਹਾੜਾਂ ਤੇ ਹਨੇਰੀਆਂ ਗੁਫਾਵਾਂ ਦੀਆਂ ਕੁੰਦਰਾਂ ਨਾਪ ਆਉਂਦਾ। ਨੀਲੇ ਅੰਬਰੀਂ ਤਾਰੀਆਂ ਲਾਉਂਦਾ ਉਹ ਚੰਦ-ਤਾਰਿਆਂ ਤੀਕ ਪਹੁੰਚ ਜਾਂਦਾ। ਮਾਰੂਥਲਾਂ ਦੀ ਤਪਦੀ ਰੇਤ ਦੇ ਕਿਣਕਿਆਂ ਤੇ ਵਹਿੰਦੇ ਦਰਿਆਵਾਂ ਦੇ ਕਲ-ਕਲ ਕਰਦੇ ਪਾਣੀਆਂ ਨਾਲ ਗੁਫਤਗੂ ਕਰ ਆਉਂਦਾ, ਪਰ ਧੜ ਉਸ ਦਾ ਲਾਇਬਰੇਰੀ ਦੇ ਕੋਨੇ ਵਿਚ ਡਿੱਠੇ ਮੇਜ਼ ‘ਤੇ ਪਿਆ ਰਹਿੰਦਾ।
ਵੀਹ-ਬਾਈ ਵਰ੍ਹਿਆਂ ਦੀ ਉਮਰੇ ਡੈਨੀ ਦੇ ਚਿਹਰੇ ‘ਤੇ ਗਿਆਨ ਦਾ ਜਲੌ, ਉਸ ਦੀਆਂ ਅੱਖਾਂ ਵਿਚ ਜ਼ਿੰਦਗੀ ਦੇ ਦੁਖਾਂਤ ਦੀ ਗੰਭੀਰਤਾ ਤੇ ਉਸ ਦੇ ਬੋਲਾਂ ਵਿਚ ਵਿੱਦਿਅਕ ਗੁਣਾਂ ਦੀ ਗਹਿਰਾਈ, ਪਰ ਕਦਮ ਉਸ ਦੇ ਅਜੇ ਵੀ ਲੜਖੜਾਉਂਦੇ। ਇਸ ਦੁਨੀਆਂ ਵਿਚ ਵਿਚਰਦਿਆਂ ਉਹ ਅਜੇ ਵੀ ਲੰਗੜੇ ਕਤੂਰੇ ਵਾਂਗਰ ਲੱਤਾਂ ਘਸੀਟਦਾ।
ਇਕ ਦਿਨ ਲਾਇਬਰੇਰੀ ਵਿਚ ਇਕ ਸੌਲੇ ਜਿਹੇ ਰੰਗ ਦੀ ਹਿਰਨੀ ਜਿਹੀਆਂ ਅੱਖਾਂ ਤੇ ਲੰਮੇ ਕਾਲੇ ਵਾਲਾਂ ਵਾਲੀ ਸੁਬਕ ਜਿਹੀ ਕੁੜੀ ਨੇ ਬੇਧਿਆਨੇ ਹੀ ਉਸ ਦਾ ਧਿਆਨ ਖਿੱਚ ਲਿਆ ਤੇ ਉਹ ਰੋਜ਼ ਉਸ ਵੱਲ ਹੋਰ ਖਿੱਚੀਦਾ ਗਿਆ। ਇੱਕ ਦਿਨ ਬੇਧਿਆਨੇ ਹੀ ਉਹ ਗੱਲਾਂ ਕਰਨ ਲੱਗੇ ਤੇ ਫਿਰ ਉਹ ਰੋਜ਼ ਗੱਲਾਂ ਕਰਦੇ ਗਏ।
ਪਿਆਰ ਦੀ ਤੇ ਇਕਰਾਰ ਦੀ ਗੱਲ ਚੱਲੀ। ਇਨਸਾਫ ਤੇ ਬੇਇਨਸਾਫੀ ਦੀ ਗੱਲ ਚੱਲੀ। ਗਿਰਜੇ ਵਿਚ ਹੋਏ ਗੁਨਾਹਾਂ ਤੇ ਗੁਰਦੁਆਰੇ ਵਿਚ ਚੱਲੀ ਗੋਲੀ ਦੀ ਗੱਲ ਚੱਲੀ। ਦੋਹਾਂ ਦੇਸ਼ਾਂ ਤੇ ਦੋਹਾਂ ਸਮਾਜਾਂ ਦੀ ਗੱਲ ਚੱਲੀ ਤੇ ਇੱਕ ਦਿਨ ਡੈਨੀ ਨੇ ਕਿਹਾ, “ਪ੍ਰੀਤੀ ਕਿੰਨਾ ਚੰਗਾ ਏ ਤੇਰਾ ਸਮਾਜ, ਬਾਪ ਧੀ ਦਾ ਰਖਵਾਲਾ ਏ ਤੇ ਉਸ ਲਈ ਆਪ ਵਰ ਟੋਲਦਾ ਏ।”
ਪ੍ਰੀਤੀ ਦਾ ਧਿਆਨ ਉਨ੍ਹਾਂ ਮਾਸੂਮ ਜਿੰਦਾਂ ਵੱਲ ਗਿਆ, ਜੋ ਦਹੇਜ ਦੀ ਸਲੀਬੇ ਚੜ੍ਹੀਆਂ ਤੇ ਕੁਝ ਉਹ ਮਾਸੂਮ ਜਿੰਦਾਂ, ਜਿਨ੍ਹਾਂ ਦੀ ਸਲੀਬ ਮਾਂ ਦੀ ਕੁੱਖ ਵਿਚ ਹੀ ਪਹੁੰਚਾ ਦਿੱਤੀ ਗਈ। ਇੱਕ ਦੱਬੀ ਹੋਈ ਕੁਰਲਾਹਟ ਨੇ ਉਸ ਦੀ ਸੋਚ ਦੇ ਠਹਿਰ ਚੁਕੇ ਪਾਣੀਆਂ ਵਿਚ ਪਰਲੋ ਲੈ ਆਂਦੀ। ਉਸ ਨੂੰ ਚੇਤਾ ਆਇਆ, ਜਦ ਉਸ ਦੇ ਲੱਖਪਤੀ ਸਹੁਰਿਆਂ ਵੱਲੋਂ ਉਸ ਦੀ ਆਪਣੀ ਸਲੀਬ ਦੀ ਘੁਸਰ-ਮੁਸਰ ਸੁਣੀ ਤਾਂ ਉਹ ਰਾਤ ਹੀ ਘਰੋਂ ਨਿਕਲ ਤੁਰੀ ਸੀ। ਕਿਸੇ ਨੇ ਉਸ ਨੂੰ ‘ਉੱਧਲ ਗਈ’ ਆਖਿਆ ਤੇ ਕਿਸੇ ਉਸ ਨੂੰ ‘ਛੁੱਟੜ’ ਆਖਿਆ, ਪਰ ਉਹ ਕਾਲਜ ਦੀ ਡਿਗਰੀ ਚੁੱਕੀ ਡਿੱਗਦੀ-ਢਹਿੰਦੀ ਇਥੇ ਪਹੁੰਚ ਗਈ, ਇਸ ਸਮਾਜ ਵਿਚ, ਜਿੱਥੇ ਧੀ ਨੂੰ ਜਨਮ ਦੇ ਕੇ ਮਾਂ ਸ਼ਰਮਿੰਦਾ ਨਹੀਂ ਹੁੰਦੀ ਤੇ ਉਹ ਅਮਰੀਕਾ ਦੇ ਇਸ ਖੁੱਲ੍ਹੇ-ਡੁੱਲੇ ਸਮਾਜ ਵਿਚ ਸਮਾ ਜਾਣਾ ਚਾਹੁੰਦੀ ਸੀ।
ਡੈਨੀ ਨੂੰ ਆਪਣੀ ਮਾਂ ਚੇਤੇ ਆਈ। ਢਿੱਲੀਆਂ ਜਿਹੀਆਂ ਲੱਤਾਂ ਵਾਲੇ ਡਿੱਕੋ-ਡੋਲੇ ਖਾਂਦੇ ਮੇਜ਼ ‘ਤੇ ਸਿਰ ਸੁੱਟ ਕੇ ਪਈ ਨਜ਼ਰੀਂ ਆਈ, ਜਿਸ ਨੇ ਜੇਲ੍ਹ ਜਾਂਦਿਆਂ ਹੀ ਫਾਹਾ ਲੈ ਲਿਆ ਸੀ।
ਉਹ ਰੋਜ਼ ਮਿਲਦੇ ਤੇ ਰੋਜ਼ ਗੱਲਾਂ ਕਰਦੇ, ਇਕ ਦੂਜੇ ਦੇ ਸਮਾਜ ਦੀਆਂ, ਰਿਸ਼ਤਿਆਂ ਤੇ ਰਿਵਾਜ਼ਾਂ ਦੀਆਂ, ਇਸ ਦੁਨੀਆਂ ਵਿਚ ਹੋ ਰਹੇ ਗੁਨਾਹਾਂ ਤੇ ਮਾਂ ਦੀ ਕੁੱਖ ਵਿਚ ਬਣੀਆਂ ਕਤਲਗਾਹਾਂ ਦੀਆਂ। ਫਿਰ ਉੱਠ ਕੇ ਆਪੋ ਆਪਣੇ ਰੈਣ ਬਸੇਰੇ ਨੂੰ ਤੁਰ ਪੈਂਦੇ, ਲੰਗੜੇ ਕਤੂਰਿਆਂ ਵਾਂਗ ਲੱਤਾਂ ਘਸੀਟਦੇ ਹੋਏ।
ਅੱਜ ਜਦ ਡੈਨੀ ਪ੍ਰੀਤੀ ਨੂੰ ਮਿਲਿਆ ਤਾਂ ਬੋਲਿਆ, “ਪ੍ਰੀਤੀ, ਪਤਾ ਈ ਕੱਲ ਮੈਂ ਇੱਕ ਕਿਤਾਬ ਵਿਚ ਕੀ ਪੜ੍ਹਿਆ?”
“ਡੈਨੀ ਕਿਤਾਬਾਂ ਵਿਚ ਤਾਂ ਆਪਾਂ ਰੋਜ਼ ਹੀ ਕਿੰਨਾ ਕੁਝ ਪੜ੍ਹਦੇ ਆਂ!” ਪ੍ਰੀਤੀ ਦਾ ਚਿਹਰਾ ਅੱਜ ਅੱਗੇ ਨਾਲੋਂ ਵੀ ਮਾਯੂਸ ਲੱਗ ਰਿਹਾ ਸੀ; ਪਰ ਡੈਨੀ ਬੋਲਦਾ ਗਿਆ, “ਆਖਦੇ ਨੇ, ਇੱਕ ਆਦਮੀ ਇਸ ਦੁਨੀਆਂ ‘ਤੇ ਹੋ ਰਹੀ ਬੇਇਨਸਾਫੀ ਤੇ ਅੱਤਿਆਚਾਰ ਨੂੰ ਵੇਖ ਅਤਿਅੰਤ ਦੁਖੀ ਹੋਇਆ ਤੇ ਉਹ ਰੱਬ ਦੇ ਸਾਹਮਣੇ ਜਾ ਖਲੋਤਾ…।”
ਪ੍ਰੀਤੀ ਦੀਆਂ ਮੋਟੀਆਂ ਮੋਟੀਆਂ ਅੱਖਾਂ ਹੋਰ ਵੀ ਅੱਡੀਆਂ ਗਈਆਂ ਤੇ ਉਹ ਡੈਨੀ ਵੱਲ ਇੰਜ ਵੇਖਣ ਲੱਗੀ, ਜਿਵੇਂ ਕਿਸੇ ਹੋ ਰਹੇ ਚਮਤਕਾਰ ਵੱਲ ਵੇਖ ਰਹੀ ਹੋਵੇ।
ਡੈਨੀ ਕਹਿ ਰਿਹਾ ਸੀ, “ਉਸ ਰੱਬ ਨੂੰ ਨਿਹੋਰਾ ਮਾਰਿਆ, ਰੱਬਾ ਕੀ ਤੈਨੂੰ ਤੇਰੀ ਬਣਾਈ ਹੋਈ ਦੁਨੀਆਂ ਵਿਚ ਹੋ ਰਹੇ ਅੱਤਿਆਚਾਰ ਦੀ ਕੁਰਲਾਹਟ ਨਹੀਂ ਸੁਣਦੀ? ਤੂੰ ਕੋਈ ਮਦਦ ਕਿਉਂ ਨਹੀਂ ਭੇਜਦਾ।’ ਤੇ ਆਖਦੇ ਹਨ ਕਿ ਰੱਬ ਨੇ ਉਸ ਵੱਲ ਵੇਖਿਆ ਤੇ ਕਿਹਾ, ਮਦਦ ਤਾਂ ਮੈਂ ਭੇਜੀ ਸੀ…ਮੈਂ ਤੈਨੂੰ ਜੁ ਭੇਜਿਆ ਸੀ।”
ਡੈਨੀ ਦੀ ਗੱਲ ਮੁੱਕਦੇ ਹੀ ਦੋਵੇਂ ਇੰਜ ਤ੍ਰਬਕ ਕੇ ਉੱਠੇ, ਜਿਵੇਂ ਕਿਸੇ ਗੂੜ੍ਹੀ ਨੀਂਦ ਤੋਂ ਜਾਗ ਪਏ ਹੋਣ। ਇੱਕ ਰੁਹਾਨੀ ਪਿਆਰ ਨਾਲ ਉਨ੍ਹਾਂ ਦੀ ਗਲਵੱਕੜੀ ਪਈ, ਤੇ ਫੇਰ ਪ੍ਰੀਤੀ ਦੇ ਪੈਰ ਆਪ ਮੁਹਾਰੇ ਏਅਰ ਪੋਰਟ ਵੱਲ ਚੱਲ ਪਏ ਤੇ ਡੈਨੀ ਦੇ ਠੋਸ ਕਦਮ ਉਸ ਰਾਹ ਵੱਲ, ਜਿੱਥੇ ਪਤਾ ਨਹੀਂ ਕਿੰਨੇ ਕੁ ਲੰਗੜੇ ਕਤੂਰਿਆਂ ਜਿਹੇ ਡੈਨੀ ਤੇ ਪੀਟਰ ਉਸ ਨੂੰ ਪੁਕਾਰ ਰਹੇ ਸਨ।