ਪਿਉ-ਪੁੱਤ ਦੇ ਗੁੰਝਲਦਾਰ ਰਿਸ਼ਤੇ ਦੀ ਗਾਥਾ ‘ਫਾਦਰ’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਫਾਦਰ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਹਿਜਰਤ ਅਤੇ ਉਜਾੜੇ ਦੀ ਦਾਸਤਾਨ ਬਹੁਤ ਮਾਰਮਿਕ ਢੰਗ ਨਾਲ ਸੁਣਾਈ ਗਈ ਹੈ।

-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਇਰਾਨੀ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਫਾਦਰ’ ਗੁੰਝਲਦਾਰ ਅਤੇ ਮਨੋਵਿਗਿਆਨਕ ਤੌਰ ‘ਤੇ ਉਲਝੀਆਂ ਤੰਦਾਂ ਵਾਲੀ ਫਿਲਮ ਹੈ। ਇਸ ਫਿਲਮ ਵਿਚ ਮਾਜਿਦ ਨੇ ਪਿਉ-ਪੁੱਤ ਦੇ ਰਿਸ਼ਤੇ ਦੀਆਂ ਬੇਹੱਦ ਨਾਜ਼ੁਕ ਅਤੇ ਸੰਵੇਦਨਸ਼ੀਲ ਪਰਤਾਂ ਨੂੰ ਨਾ ਸਿਰਫ ਉਘਾੜਿਆ ਹੈ ਸਗੋਂ ਇਸ ਰਿਸ਼ਤੇ ਵਿਚ ਮੌਜੂਦ ਆਪਸੀ ਟਕਰਾਉ, ਦੋ ਮਰਦਾਂ ਵਿਚ ਸਮਾਜਿਕ ਤੌਰ ‘ਤੇ ਸਦੀਆਂ ਤੋਂ ਚਲੀ ਆ ਰਹੀ ਮਰਦਾਨਗੀ ਦੇ ਅੰਦਰੂਨੀ ਕਲੇਸ਼ ਅਤੇ ਸਮਾਜਿਕ ਤੌਰ ਤੇ ਪਿਤਾ-ਪੁੱਤਰ ਦੀਆਂ ਭੂਮਿਕਾਵਾਂ ਦੇ ਦਵੰਦਾਂ ਨੂੰ ਕੋਮਲਤਾ ਨਾਲ ਫਿਲਮਾਇਆ ਹੈ। ਇਸ ਫਿਲਮ ਦੇ ਸਾਰੇ ਕਿਰਦਾਰ ਹਾਲਾਤ ਅਤੇ ਸਮਾਜਿਕ ਨੇਮਾਂ ਦੇ ਬੱਝੇ ਅਜਿਹੇ ਰਿਸ਼ਤਿਆਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੂੰ ਨਾ ਛੱਡਿਆ ਸਰ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਵਿਚ ਖਪ ਕੇ ਜ਼ਿੰਦਗੀ ਵਿਚ ਜਿਊਣ ਜੋਗਾ ਕੁਝ ਬਚਦਾ ਹੈ।
ਇਸ ਫਿਲਮ ਦੀ ਕਹਾਣੀ ਮੁਤਾਬਿਕ ਚੌਦਾਂ ਸਾਲਾਂ ਦਾ ਮੁੰਡਾ ਮਹਿਰੌਲਾ ਚਾਰ ਮਹੀਨਿਆਂ ਬਾਅਦ ਘਰ ਵਾਪਿਸ ਆਇਆ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਘਰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਉਸ ਉਪਰ ਆਣ ਪਈ ਹੈ ਅਤੇ ਉਹ ਇਨ੍ਹਾਂ ਹਾਲਾਤ ਕਾਰਨ ਨਾ ਸਿਰਫ ਆਪਣਾ ਬਚਪਨ ਗੁਆ ਬੈਠਿਆ ਹੈ ਸਗੋਂ ਉਸ ਦਾ ਦਿਲ ਅੰਦਰੋ-ਅੰਦਰੀ ਮੁਰਝਾ ਚੁੱਕਿਆ ਹੈ। ਜ਼ਿੰਦਗੀ ਦੀ ਨਿਰੰਤਰ ਚੱਲਦੀ ਚੱਕੀ ਵਿਚ ਉਸ ਦੀ ਕੋਮਲਤਾ ਅਤੇ ਨਿੱਘ ਈਰਖਾ, ਸਾੜੇ ਅਤੇ ਕੁੜੱਤਣ ਵਿਚ ਵੱਟ ਚੁੱਕੇ ਹਨ। ਉਸ ਨੂੰ ਪਿੰਡ ਆ ਕੇ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਨੇ ਆਪਣਾ ਅਤੇ ਆਪਣੀਆਂ ਤਿੰਨ ਕੁੜੀਆਂ ਦਾ ਪੇਟ ਪਾਲਣ ਲਈ ਦੂਜਾ ਵਿਆਹ ਕਰਵਾ ਲਿਆ ਹੈ। ਉਥੋਂ ਦੇ ਸਮਾਜਿਕ ਵਰਤਾਰੇ ਅਤੇ ਉਸ ਦੀ ਮਾਂ ਕੋਲ ਆਮਦਨ ਦਾ ਕੋਈ ਬੱਝਵਾਂ ਜ਼ਰੀਆ ਨਾ ਹੋਣ ਕਾਰਨ ਹੋਰ ਸੰਭਾਵਨਾ ਹੀ ਕੋਈ ਨਹੀਂ ਬਚਦੀ ਸੀ। ਮਹਿਰੌਲਾ ਦੀ ਸਵੈ-ਹੋਂਦ ਅਤੇ ਕੋਮਲ ਮਨ ਨੂੰ ਇਸ ਅਚਾਨਕ ਵਾਪਰੀ ਘਟਨਾ ਕਾਰਨ ਇੰਨੀ ਗਹਿਰੀ ਸੱਟ ਵੱਜਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਅਤੇ ਆਪਣੇ ਨਵੇਂ ਬਣੇ ਪਿਉ ਨੂੰ ਅੰਤਾਂ ਦੀ ਨਫਰਤ ਕਰਨ ਲੱਗ ਜਾਂਦਾ ਹੈ। ਉਹ ਆਪਣੀ ਮਾਂ ਨੂੰ ਹਰ ਤਰੀਕੇ ਦੁਖੀ ਅਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ ਕਰਦਾ ਹੈ ਅਤੇ ਪਿਉ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਘੜਨ ਲੱਗਦਾ ਹੈ। ਉਸ ਨੂੰ ਜਾਪਦਾ ਹੈ ਕਿ ਇਸ ਬੰਦੇ ਨੂੰ ਮਾਰਨ ਨਾਲ ਹੀ ਉਸ ਦੀ ਰੂਹ ਨੂੰ ਸਕੂਨ ਮਿਲ ਸਕਦਾ ਹੈ।
ਆਪਣੀ ਉਮਰ ਤੋਂ ਪਹਿਲਾਂ ਹੀ ਜੁਆਨ ਹੋਏ ਮੁੰਡੇ ਲਈ ਉਸ ਦੀ ਮਾਂ ਦਾ ਪੁਲਿਸ ਵਾਲੇ ਨਾਲ ਵਿਆਹ ਕਰਵਾ ਲੈਣਾ ਜੱਗੋਂ ਤੇਰਵੀਂ ਗੱਲ ਹੈ। ਉਹ ਆਪਣੇ ਪੁਰਾਣੇ ਅਤੇ ਢਹੇ ਘਰ ਨੂੰ ਹੀ ਆਪਣਾ ਟਿਕਾਣਾ ਬਣਾ ਲੈਂਦਾ ਹੈ ਪਰ ਜਲਦੀ ਹੀ ਮੌਸਮ, ਖਾਣ-ਪੀਣ ਦੀ ਕਮੀ ਅਤੇ ਲਗਾਤਾਰ ਚਿੰਤਾ ਵਿਚ ਰਹਿਣ ਕਾਰਨ ਉਹ ਬੁਰੀ ਤਰ੍ਹਾਂ ਬਿਮਾਰ ਹੋ ਜਾਂਦਾ ਹੈ। ਮਾਂ ਅਤੇ ਬਾਕੀ ਪਰਿਵਾਰ ਉਸ ਦੀ ਸਾਂਭ-ਸੰਭਾਲ ਲਈ ਉਸ ਨੂੰ ਜ਼ਬਰਦਸਤੀ ਨਵੇਂ ਘਰ ਵਿਚ ਲੈ ਆਉਂਦੇ ਹਨ। ਉਹ ਠੀਕ ਤਾਂ ਹੋ ਜਾਂਦਾ ਹੈ ਪਰ ਪਿਤਾ ਨਾਲ ਉਸ ਦੀ ਨਫਰਤ ਦਿਨੋ-ਦਿਨ ਵਧਦੀ ਜਾਂਦੀ ਹੈ। ਇੱਕ ਰਾਤ ਮੌਕਾ ਤਾੜ ਕੇ ਉਹ ਪਿਤਾ ਦਾ ਸਰਵਿਸ ਰਿਵਾਲਵਰ ਚੋਰੀ ਕਰ ਲੈਂਦਾ ਹੈ ਅਤੇ ਉਸ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਿਤਾ ਦੀ ਜਾਗ ਖੁੱਲ੍ਹਣ ‘ਤੇ ਉਹ ਅਤੇ ਉਸ ਦਾ ਦੋਸਤ ਸ਼ਹਿਰ ਦੌੜ ਜਾਂਦੇ ਹਨ। ਹੁਣ ਪਿਤਾ ਅਤੇ ਕਾਨੂੰਨ ਦੀਆਂ ਨਜ਼ਰਾਂ ਵਿਚ ਉਹ ਮੁਜਰਿਮ ਹੈ। ਪਿਤਾ ਸਾਰੇ ਸ਼ਹਿਰ ਵਿਚ ਪੁਲਿਸ ਦੇ ਨਾਕੇ ਲਗਵਾ ਕੇ ਉਸ ਨੂੰ ਕਾਬੂ ਕਰ ਲੈਂਦਾ ਹੈ ਅਤੇ ਆਖਿਰ ਮੋਟਰ ਸਾਇਕਲ ‘ਤੇ ਉਸ ਨੂੰ ਬ੍ਹੰਨ ਕੇ ਘਰ ਚੱਲ ਪੈਂਦਾ ਹੈ। ਘਰ ਦਾ ਰਸਤਾ ਲੰਮਾ ਹੋਣ ਦੇ ਨਾਲ-ਨਾਲ ਬੇਹੱਦ ਦੁਸ਼ਵਾਰ ਤੇ ਊਬੜ-ਖਾਬੜ ਵੀ ਹੈ। ਉਪਰੋਂ ਉਨ੍ਹਾਂ ਦੋਵਾਂ ਕਿਰਦਾਰਾਂ ਦੇ ਅੰਦਰ ਚੱਲ ਰਿਹਾ ਆਪਸੀ ਕਲੇਸ਼ ਹਾਲਾਤ ਨੂੰ ਅਸਹਿਣਯੋਗ ਬਣਾ ਧਰਦਾ ਹੈ। ਪਿਤਾ ਲਈ ਉਹ ਜ਼ਰੂਰੀ ਜ਼ਿੰਮੇਵਾਰੀ ਹੈ ਜਿਸ ਰਾਹੀ ਸਮਾਜ ਅਤੇ ਉਸ ਦੀ ਪਤਨੀ ਸਾਹਮਣੇ ਉਸ ਦੇ ਸੱਚ ਅਤੇ ਨੈਤਕਿਤਾ ਨੇ ਕੋਈ ਸ਼ਕਲ ਲ਼ੈਣੀ ਹੈ ਪਰ ਮੁੰਡੇ ਲਈ ਉਹ ਤਾਨਾਸ਼ਾਹੀ ਅਤੇ ਉਸ ਦੀ ਸ਼ਖਸੀ ਆਜ਼ਾਦੀ ‘ਤੇ ਹੋਇਆ ਸਿੱਧਾ ਹਮਲਾ ਹੈ ਜਿਸ ਨੂੰ ਉਹ ਹਰ ਹੀਲੇ ਪਛਾੜ ਦੇਣਾ ਚਾਹੁੰਦਾ ਹੈ। ਕੁਦਰਤ ਉਨ੍ਹਾਂ ਦੋਵਾਂ ਦੀਆਂ ਸਾਰੀਆਂ ਭਾਵਨਾਵਾਂ ਤੇ ਇੱਕ-ਦੂਜੇ ਬਾਰੇ ਬਣਾਈਆਂ ਧਾਰਨਾਵਾਂ ਦਾ ਨਾ ਸਿਰਫ ਇਮਤਿਹਾਨ ਲੈਂਦੀ ਹੈ ਸਗੋਂ ਉਨ੍ਹਾਂ ਨੂੰ ਆਪਣੇ ਹੁਣ ਤੱਕ ਦੇ ਸਾਰੇ ਤਜਰਬਿਆਂ ਤੇ ਜ਼ਿੰਦਗੀ ਦੀ ਜਾਚ ਨੂੰ ਮੂਲੋਂ ਹੀ ਬਦਲਣ ਲਈ ਮਜਬੂਰ ਕਰ ਦਿੰਦੀ ਹੈ।
ਮਾਜਿਦ ਮਾਜੀਦੀ ਉਨ੍ਹਾਂ ਅੰਦਰ ਆਏ ਇਨ੍ਹਾਂ ਬਦਲਾਵਾਂ ਨੂੰ ਜਿੰਨੀ ਸਹਿਜਤਾ ਅਤੇ ਕੋਮਲਤਾ ਨਾਲ ਫਿਲਮਾਉਂਦਾ ਹੈ, ਉਹ ਉਸ ਨੂੰ ਦੁਨੀਆ ਦੇ ਬਿਹਰਤੀਨ ਫਿਲਮਸਾਜ਼ਾਂ ਵਿਚ ਲਿਆ ਖੜ੍ਹਾ ਕਰਦਾ ਹੈ। ਮਹਿਰੌਲਾ ਵਾਰ-ਵਾਰ ਉਸ ਤੋਂ ਹੱਥ ਛੁਡਾ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਹਰ ਵਾਰ ਪਿਤਾ ਉਸ ਨੂੰ ਵਾਪਿਸ ਰਸਤੇ ‘ਤੇ ਲੈ ਆਉਂਦਾ ਹੈ। ਹੌਲੀ-ਹੌਲੀ ਕੁਦਰਤ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਰਸਤਾ ਬੇਹੱਦ ਕਠਿਨ ਅਤੇ ਮੌਸਮ ਬੇਹੱਦ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦਾ ਮੋਟਰ ਸਾਈਕਲ ਰੁਕ ਜਾਂਦਾ ਹੈ। ਖਾਣ-ਪੀਣ ਦਾ ਸਾਮਾਨ ਖਤਮ ਹੋ ਜਾਂਦਾ ਹੈ। ਕਾਲੀਆਂ ਹਨੇਰੀਆਂ ਸਾਰੇ ਮਾਰੂਥਲ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ ਅਤੇ Aਹ ਰਸਤਾ ਭਟਕ ਜਾਂਦੇ ਹਨ। ਆਖਿਰ ਪਾਣੀ ਦੀ ਆਖਰੀ ਬੂੰਦ ਵੀ ਸਮਾਪਤ ਹੋ ਜਾਂਦੀ ਹੈ। ਦੂਰ-ਦੂਰ ਤੱਕ ਸਿਵਾਏ ਮ੍ਰਿਗ-ਤ੍ਰਿਸ਼ਨਾ ਤੋਂ ਕੁਝ ਵੀ ਨਜ਼ਰ ਨਹੀਂ ਆ ਰਿਹਾ। ਦਰਖਤਾਂ ਦੇ ਪੱਤੇ ਵੀ ਕਾਲੇ ਪੈ ਗਏ ਹਨ। ਕਿਸੇ ਪਾਸੇ ਵੀ ਬੰਦਾ ਤਾਂ ਕੀ, ਕੋਈ ਜੀ-ਜਨੌਰ ਵੀ ਦਿਖਾਈ ਨਹੀਂ ਦੇ ਰਿਹਾ। ਸਾਰਾ ਕੁਝ ਧੁੰਦ ਅਤੇ ਗੁਬਾਰ ਦੀ ਲਪੇਟ ਵਿਚ ਹੈ। ਕੁਦਰਤ ਆਪਣਾ ਜ਼ੋਰ ਦਿਖਾ ਰਹੀ ਹੈ। ਪਿਉ ਇਹ ਮਾਰ ਨਾ ਝੱਲਦਿਆਂ ਬੇਹੋਸ਼ ਹੋ ਕੇ ਡਿਗ ਪੈਂਦਾ ਹੈ। ਮੁੰਡੇ ਲਈ ਜਿਵੇਂ ਕਿਸੇ ਨਵੀਂ ਦੁਨੀਆ ਦੀ ਸੰਭਾਵਨਾ ਅੱਖਾਂ ਅੱਗੇ ਢਹਿ-ਢੇਰੀ ਹੋ ਰਹੀ ਹੈ। ਉਹ ‘ਅਸੰਭਵ’ ਨਾਲ ਲੜਨ ਦਾ ਫੈਸਲਾ ਕਰਦਾ ਹੈ। ਉਹ ਪਿਉ ਨੂੰ ਹੋਸ਼ ਵਿਚ ਲਿਆਉਣ ਲਈ ਪਾਣੀ ਦੀ ਤਲਾਸ਼ ਵਿਚ ਦੌੜਦਾ ਹੈ। ਇੱਕ ਜਗ੍ਹਾ ਪਹਾੜ ਦੇ ਪਿੱਛੇ ਉਸ ਨੂੰ ਪਾਣੀ ਦਾ ਤਲਾਬ ਮਿਲ ਜਾਂਦਾ ਹੈ ਪਰ ਬੇਹੋਸ਼ ਪਿਤਾ ਤੱਕ ਪਾਣੀ ਕਿਵੇਂ ਪਹੁੰਚੇ? ਮੁੰਡੇ ਦੇ ਸਰੀਰ ਦੇ ਮੁਕਾਬਲੇ ਪਿਤਾ ਦਾ ਵਜ਼ਨ ਅਤੇ ਕੱਦ ਪਹਾੜ ਵਾਂਗ ਹੈ ਪਰ ਉਹ ਪਿਤਾ ਅੰਦਰ ਧੜਕ ਰਹੇ ਕੋਮਲ ਅਤੇ ਨਿੱਘੇ ਦਿਲ ਦੀ ਨੇੜਤਾ ਮਾਣ ਚੁੱਕਾ ਹੈ। ਜਿਸ ਇਨਸਾਨ ਨੂੰ ਮਾਰਨ ਦੇ ਇਰਾਦੇ ਨੇ ਉਸ ਨੂੰ ਹੁਣ ਤੱਕ ਜ਼ਿੰਦਾ ਰੱਖਿਆ ਸੀ, ਹੁਣ ਉਸ ਨੂੰ ਹਰ ਹੀਲੇ ਬਣਾਉਣ ਦਾ ਜਨੂਨ ਉਸ ਦੇ ਸਿਰ ‘ਤੇ ਸਵਾਰ ਹੋ ਜਾਂਦਾ ਹੈ। ਉਹ ਪਿਤਾ ਨੂੰ ਪਾਣੀ ਤੱਕ ਘੜੀਸਣ ਲਈ ਆਪਣੀ ਛੋਟੀ ਜਿਹੀ ਜ਼ਿੰਦ ਦਾਅ ‘ਤੇ ਲਗਾ ਦਿੰਦਾ ਹੈ। ਇਸ ਫਿਲਮ ਦਾ ਇਹ ਆਖਰੀ ਦ੍ਰਿਸ਼ ਬੇਹੱਦ ਮਾਰਮਿਕ ਹੈ। ਮਾਜਿਦ ਮਾਜੀਦੀ ਨੇ ਵਿਸ਼ਾਲ ਮਾਰੂਥਲ ਵਿਚ ਪਿਉ-ਪੁੱਤ ਦੇ ਅਕਸ, ਜਿੰਨੀ ਮੁਹਾਰਤ ਨਾਲ ਖਿੱਚੇ ਹਨ, ਉਹ ਕਮਾਲ ਹਨ। ਫਿਲਮ ਦੇ ਅੰਤ ਵਿਚ ਪਿਤਾ ਪਾਣੀ ਦੇ ਤਲਾਬ ਵਿਚ ਮੂਧਾ ਪਿਆ ਹੈ ਤੇ ਉਸ ਦੀਆਂ ਉਗਲਾਂ ਹਰਕਤ ਕਰਦੀਆਂ ਹਨ। ਪਾਣੀ ਉਸ ਦੇ ਸਾਹ ਵਾਪਿਸ ਮੋੜ ਲਿਆਉਂਦਾ ਹੈ।
ਮਾਜਿਦ ਮਾਜੀਦੀ ਦੀਆਂ ਫਿਲਮਾਂ ਦਾ ਸਭ ਤੋਂ ਖੂਬਸੂਰਤ ਗੁਣ ਉਹ ਰੂਹਾਨੀ ਅਤੇ ਆਤਮਿਕ ਮੋੜ ਹਨ ਜਿਨ੍ਹਾਂ ਰਾਹੀਂ ਉਹ ਕੁਦਰਤ ਅਤੇ ਬੰਦੇ ਨੂੰ ਇੱਕੋ ਲੜੀ ਵਿਚ ਪਰੋ ਦਿੰਦਾ ਹੈ। ਉਸ ਦੀਆਂ ਫਿਲਮਾਂ ਵਿਚ ਬੰਦੇ ਦੀ ਰੂਹ ਅਤੇ ਉਸ ਦੇ ਸਰੀਰ ਦਾ ਸੰਵਾਦ ਲਗਾਤਾਰ ਚਲਦਾ ਰਹਿੰਦਾ ਹੈ। ਇਨ੍ਹਾਂ ਫਿਲਮਾਂ ਵਿਚ ਕਿਰਦਾਰ ਕਿਤੇ ਵੀ ਗਰੀਬੀ ਜਾਂ ਨਿਰਾਸ਼ਾ ਵਿਚ ਡੁੱਬ ਕੇ ਜ਼ਿੰਦਗੀ ਤਤਂ ਭੱਜਦੇ ਨਹੀਂ ਸਗੋਂ ਉਹ ਆਪਸੀ ਮੁਹੱਬਤ ਅਤੇ ਖਲੂਸ ਰਾਹੀ ਇਨ੍ਹਾਂ ਹੀ ਤੰਗੀਆਂ ਤੇ ਦੁਸ਼ਵਾਰੀਆਂ ਵਿਚ ਜਿਊਣ ਤੇ ਖੁਸ਼ੀ ਮਾਣਨ ਦੇ ਨਵੇਂ ਢੰਗ ਲੱਭ ਲੈਂਦੇ ਹਨ। ਇਸ ਤੋਂ ਇਲਾਵਾ ਉਸ ਦੀਆਂ ਫਿਲਮਾਂ ਵਿਚ ਮਨੁੱਖੀ ਰਿਸ਼ਤਿਆਂ ਅਤੇ ਸਮਾਜਿਕ ਮੋਹ ਤੇ ਸਿਆਣਪ ਨੂੰ ਜਿੰਨੀ ਸਪੇਸ ਦਿੱਤੀ ਜਾਂਦੀ ਹੈ, ਉਸ ਦਾ ਸਿਨੇਮਾ ਅੱਜ ਦੇ ਦਰਸ਼ਕਾਂ ਨੂੰ ਪੁਰਾਣੀਆਂ ਪਰੀ-ਕਹਾਣੀਆਂ ਵਰਗਾ ਜ਼ਰੂਰ ਲੱਗ ਸਕਦਾ ਹੈ ਪਰ ਕੋਈ ਵੀ ਮਨੁੱਖ ਮਿੱਥਕਾਂ, ਚਿੰਨ੍ਹਾਂ, ਸੂਚਕਾਂ, ਕਹਾਣੀਆਂ, ਯਾਦਾਂ ਤੇ ਚੇਤਿਆਂ ਤੋਂ ਬਿਨਾ ਹੈ ਵੀ ਕੀ?