ਸਰਵਤ ਗਿਲਾਨੀ ਦਾ ਝੋਰਾ

ਮਸ਼ਹੂਰ ਸ਼ੋਅ ‘ਚੁੜੇਲਜ਼’ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪਾਕਿਸਤਾਨੀ ਕਲਾਕਾਰ ਸਰਵਤ ਗਿਲਾਨੀ ਨੂੰ ਪ੍ਰਸਿੱਧ ਅਦਾਕਾਰ ਇਰਫਾਨ ਖਾਨ ਨਾਲ ਕੰਮ ਨਾ ਕਰਨ ਦਾ ਬਹੁਤ ਜ਼ਿਆਦਾ ਅਫਸੋਸ ਹੈ। ਸਰਵਤ ਨੇ ਦਾਅਵਾ ਕੀਤਾ ਕਿ ਉਸ ਨੂੰ ਇਰਫਾਨ ਖਾਨ ਨਾਲ ਫਿਲਮ ਦੀ ਪੇਸ਼ਕਸ਼ ਮਿਲੀ ਸੀ ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ। ਉਸ ਨੇ ਕਿਹਾ ਕਿ ਇਰਫਾਨ ਖਾਨ ਜਿਸ ਦਾ ਅਪਰੈਲ ‘ਚ ਦੇਹਾਂਤ ਹੋ ਗਿਆ ਸੀ, ਪਾਕਿਸਤਾਨ ਵਿਚ ਵੀ ਮਕਬੂਲ ਸੀ।

ਉਸ ਦੱਸਿਆ, “ਇਰਫਾਨ ਖਾਨ ਦੀ ਟੀਮ ਪਾਕਿਸਤਾਨ ਤੋਂ ਕਲਾਕਾਰ ਦੀ ਭਾਲ ਕਰ ਰਹੀ ਸੀ। ਉਨ੍ਹਾਂ ‘ਮਾਤਾ-ਏ-ਜਾਨ ਹੈ ਤੂ’ ਵਿਚ ਮੇਰਾ ਕੰਮ ਪਸੰਦ ਕੀਤਾ ਸੀ। ਉਨ੍ਹਾਂ ਮਹਿਰੀਨ ਜੱਬਾਰ ਨਾਲ ਸੰਪਰਕ ਕੀਤਾ ਜੋ ਸਾਡੇ ਸ਼ੋਅ ਦੀ ਡਾਇਰੈਕਟਰ ਹੈ। ਮਹਿਰੀਨ ਨੇ ਮੈਨੂੰ ਦੱਸਿਆ ਸੀ ਕਿ ਇਰਫਾਨ ਖਾਨ ਨਾਲ ਭੂਮਿਕਾ ਲਈ ਉਹ ਹੀਰੋਇਨ ਲੱਭ ਰਹੇ ਹਨ ਪਰ ਦੋਵੇਂ ਮੁਲਕਾਂ ਵਿਚਕਾਰ ਸਿਆਸੀ ਡਰਾਮੇ ਨੇ ਕੀਤੇ-ਕਰਾਏ ‘ਤੇ ਪਾਣੀ ਫੇਰ ਦਿੱਤਾ।”
ਸਰਵਤ ਨੇ ਦੱਸਿਆ ਕਿ ਜਦੋਂ ਇਰਫਾਨ ਦੀ ਮੌਤ ਹੋਈ ਤਾਂ ਉਸ ਦੀ ਮਾਂ ਦੇ ਹੰਝੂ ਰੁਕ ਨਹੀਂ ਰਹੇ ਸਨ। ਦੋਹਾਂ ਗੁਆਂਢੀ ਮੁਲਕਾਂ ਦੇ ਲੋਕ ਇਕ-ਦੂਜੇ ਦੇ ਵਿਰੁਧ ਨਹੀਂ ਹਨ ਪਰ ਸਿਆਸਤ ਅਕਸਰ ਕਲਾ ਅਤੇ ਸੰਗੀਤ ਦੇ ਆਦਾਨ-ਪ੍ਰਦਾਨ ‘ਚ ਅੜਿੱਕੇ ਖੜ੍ਹੇ ਕਰਦੀ ਹੈ। ਸਰਵਤ ਗਿਲਾਨੀ ਭਾਵੇਂ ਇਰਫਾਨ ਖਾਨ ਵਰਗੇ ਉਮਦਾ ਕਲਾਕਾਰ ਨਾਲ ਕੰਮ ਨਹੀਂ ਕਰ ਸਕੀ, ਪਰ ਉਸ ਨੇ ਆਸ ਜਤਾਈ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਬੰਧ ਸੁਖਾਵੇਂ ਹੋ ਜਾਣਗੇ ਅਤੇ ਦੋਹਾਂ ਮੁਲਕਾਂ ਦੇ ਕਲਾਕਾਰਾਂ ਨੂੰ ਇਕ ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ 1947 ਵਿਚ ਹੋਈ ਵੰਡ ਤੋਂ ਪਹਿਲਾਂ ਦੋਵੇਂ ਮੁਲਕ ਇਕੋ ਹੀ ਹਨ, ਇਸ ਲਈ ਦੋਹਾਂ ਮੁਲਕਾਂ ਦੇ ਬਾਸ਼ਿੰਦਿਆਂ ਵਿਚਕਾਰ ਦੂਰੀਆਂ ਬਿਲਕੁਲ ਨਹੀਂ ਹਨ। ਹਾਂ, ਦੋਹਾਂ ਮੁਲਕਾਂ ਦੇ ਵੱਖ-ਵੱਖ ਲੀਡਰਾਂ ਦੀ ਆਪੋ-ਆਪਣੀ ਸਿਆਸਤ ਕਾਰਨ ਦੋਹਾਂ ਮੁਲਕਾਂ ਦੇ ਆਮ ਲੋਕਾਂ ਵਿਚਕਾਰ ਦੂਰੀਆਂ ਪੈ ਗਈਆਂ ਹਨ। ਉਂਜ, ਲੋਕ ਹੁਣ ਸਿਆਸਤਦਾਨਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਹੁਣ ਬਹੁਤ ਚੰਗੀ ਤਰ੍ਹਾਂ ਸਮਝਣ ਲੱਗੇ ਹਨ।
ਸਰਵਤ ਗਿਲਾਨੀ ਨੇ ਦਾਅਵਾ ਕੀਤਾ ਕਿ ਦੋਹਾਂ ਮੁਲਕਾਂ ਦੇ ਲੋਕ ਇਕ ਦੂਜੇ ਨੂੰ ਬਹੁਤ ਪਿਆਰ ਅਤੇ ਮੁਹੱਬਤ ਕਰਦੇ ਹਨ। ਇਸ ਦਾ ਇਜ਼ਹਾਰ ਵੱਖ-ਵੱਖ ਮੌਕਿਆਂ ‘ਤੇ ਸਾਹਮਣੇ ਵੀ ਆਉਂਦਾ ਰਹਿੰਦਾ ਹੈ। ਸ਼ਾਲਾ! ਆਉਣ ਵਾਲਾ ਸਮਾਂ ਦੋਹਾਂ ਮੁਲਕਾਂ ਲਈ ਮੁਹੱਬਤਾਂ ਦੇ ਪੈਗਾਮ ਲੈ ਕੇ ਆਵੇ। ਉਸ ਨੇ ਕਿਹਾ ਕਿ ਦੋਹਾਂ ਮੁਲਕਾਂ ਦੇ ਕਲਾਕਾਰਾਂ ਵਿਚਕਾਰ ਜਿੰਨਾ ਜ਼ਿਆਦਾ ਰਾਬਤਾ ਬਣੇਗਾ, ਓਨੀ ਹੀ ਆਮ ਲੋਕਾਂ ਵਿਚ ਨੇੜਤਾ ਦਾ ਸਬਬ ਬਣੇਗਾ। ਇਸ ਵਿਚ ਦੋਹਾਂ ਮੁਲਕਾਂ ਦੀ ਅਵਾਮ ਦੀ ਭਲਾਈ ਹੈ। -ਆਮਨਾ ਕੌਰ