ਹਿਜਰਤਾਂ ਦੀ ਉਦਾਸੀ ਅਤੇ ਉਜਾੜੇ ਦੀ ਚੁੱਪ: ਬਰਨ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਬਰਨ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਹਿਜਰਤ ਅਤੇ ਉਜਾੜੇ ਦੀ ਦਾਸਤਾਨ ਬਹੁਤ ਮਾਰਮਿਕ ਢੰਗ ਨਾਲ ਸੁਣਾਈ ਗਈ ਹੈ।

-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਸ਼ਬਦ ‘ਉਜੜਨਾ’ ਅਤੇ ‘ਹਿਜਰਤ’ ਦੁਨੀਆ ਦੇ ਸਭ ਤੋਂ ਦਰਦਨਾਕ ਸ਼ਬਦ ਹਨ। ਦੁਨੀਆ ਭਰ ਵਿਚ ਬੇਘਰਿਆਂ ਅਤੇ ਬੇਦਰਿਆਂ ਦੇ ਦਰਦ ਦੀ ਭਾਸ਼ਾ ਇੱਕੋ-ਜਿਹੀ ਹੈ ਅਤੇ ਹੰਝੂਆਂ ਦਾ ਰੰਗ ਵੀ ਇੱਕੋ ਹੈ। ਮਾਜਿਦ ਮਾਜੀਦੀ ਦੀ ਫਿਲਮ ਕੈਮਰੇ ਰਾਹੀਂ ਇਨ੍ਹਾਂ ਦਰਦਾਂ ਅਤੇ ਹੰਝੂਆਂ ਦੀ ਥਾਹ ਪਾਉਂਦੀ ਹੈ। ਘਰਾਂ ਤੋਂ ਉਜੜ ਜਾਣ ਦਾ ਦਰਦ ਪੀੜ੍ਹੀ-ਦਰ-ਪੀੜ੍ਹੀ ਲੋਕਾਈ ਦੀਆਂ ਅੱਖਾਂ ਵਿਚੋਂ ਝਰਦਾ ਹੈ। ਫਿਲਮ ‘ਬਰਨ’ ਦੇਖਣ ਲੱਗਿਆਂ ਦਰਸ਼ਕ ਨੂੰ ਸਬਰ ਅਤੇ ਠਰੰਮਾ ਰੱਖਣਾ ਪੈਂਦਾ ਹੈ। ਫਿਲਮ ਮਜ਼ਦੂਰ ਮੁੰਡੇ ਲਤੀਫ ਦੀ ਕਹਾਣੀ ਬਿਆਨ ਕਰਦੀ ਹੈ ਜਿਹੜਾ ਬੇਚੈਨ ਅਤੇ ਭਟਕਦਾ ਹੋਇਆ ਮੁੰਡਾ ਹੈ ਜਦ ਤੱਕ ਕਿ ਉਸ ਨੂੰ ਆਪਣੇ ਕੰਮ ਵਾਲੀ ਜਗ੍ਹਾ ‘ਤੇ ਮੁੰਡਿਆਂ ਦਾ ਭੇਸ ਵਟਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਰਹਿਮਤ ਨਾਲ ਮੁਹੱਬਤ ਨਹੀਂ ਹੋ ਜਾਂਦੀ।
ਇਹ ਬਿਲਕੁੱਲ ਸਾਧਾਰਨ ਕਹਾਣੀ ਜਾਂ ਫਿਲਮ ਬਣ ਕੇ ਰਹਿ ਸਕਦੀ ਸੀ ਪਰ ਮਾਜਿਦ ਇਸ ਨੂੰ ਆਪਣੀ ਲਿਖਤ ਅਤੇ ਕੈਮਰੇ ਰਾਹੀਂ ਉਨ੍ਹਾਂ ਉਚਾਈਆਂ ‘ਤੇ ਲੈ ਜਾਂਦਾ ਹੈ ਜਿੱਥੇ ਫਿਲਮ ਮੁੰਡੇ-ਕੁੜੀ ਦੇ ਪਿਆਰ ਦੀ ਕਹਾਣੀ ਨਾ ਰਹਿ ਕੇ ਹਾਲੀਵੁੱਡ ਦੀਆਂ ਫਿਲਮਾਂ ਵਿਚ ਦਿੱਤੇ ਮੁਹੱਬਤ ਦੇ ਫਾਰਮੂਲਿਆਂ ਨੂੰ ਰੱਦ ਕਰਦੀ ਹੋਈ ਪਿਆਰ ਦੇ ਦਾਰਸ਼ਨਿਕ ਅਤੇ ਕਲਾਤਮਿਕ ਪੱਖਾਂ ਨੂੰ ਪਰਦੇ ‘ਤੇ ਸਾਕਾਰ ਕਰਦੀ ਹੈ। ਉਹ ਰੂਸ ਦੇ ਸੰਸਾਰ ਪ੍ਰਸਿੱਧ ਫਿਲਮਸਾਜ਼ ਅੰਦਰੇਈ ਤਾਰਕੋਵਸਕੀ ਦੇ ‘ਪਿਆਰ ਸਿਰਫ ਤੇ ਸਿਰਫ ਦੂਜਿਆਂ ਲਈ ਕੁਰਬਾਨੀ ਦਾ ਨਾਮ ਹੈ’ ਨੂੰ ਆਪਣੇ ਢੰਗ ਨਾਲ ਜ਼ੁਬਾਨ ਦਿੰਦਾ ਹੈ। ਇਹ ਜ਼ਿੰਦਗੀ ਦੀ ਹਕੀਕਤ ਅਤੇ ਹਾਲਾਤ ਵਿਚ ਪਨਪਿਆ ਪਿਆਰ ਹੈ ਜਿਸ ਵਿਚ ਕਿਸੇ ਚਮਤਕਾਰ ਦੀ ਉਮੀਦ ਨਹੀਂ। ਇਸ ਵਿਚ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ‘ਕੁਝ ਨਹੀਂ’ ਹੋ ਸਕਦਾ। ਇਹ ਬੰਦੇ ਨੂੰ ਆਪਣੀ ਮਹੀਨ ਚੱਕੀ ਵਿਚ ਪੀਸ ਕੇ ਉਸ ਵਿਚੋਂ ਹਉਮੈ ਤੇ ‘ਮੈਂ’ ਨੂੰ ਛਾਣ ਦਿੰਦਾ ਹੈ। ਉਸ ਨੂੰ ਤੋਹਮਤਾਂ, ਮਹਿਰੂਮੀਆਂ ਅਤੇ ਸਿੱਕ ਦੀ ਨਾ-ਮੁੱਕਣਯੋਗ ਤੇ ਨਿਰੰਤਰ ਚੱਲਦੀ ਭੱਠੀ ਵਿਚ ਬੇਦਰਦੀ ਨਾਲ ਭੁੰਨ ਦਿੰਦਾ ਹੈ। ਫਿਲਮ ਦੇਖਦਿਆਂ ਬੇਹੱਦ ਅਨਿਸ਼ਚਿਤ ਹਾਲਾਤ ਅਤੇ ਅਸੁਰੱਖਿਅਤ ਸਿਆਸੀ-ਸਮਾਜਿਕ ਮਾਹੌਲ ਵਿਚ ਜੀਅ ਰਹੇ ਦੋ ਰਿਫਿਊਜੀਆਂ ਦੀ ਜ਼ਿੰਦਗੀ ਦਾ ਜੋ ਰੇਖਾ-ਚਿੱਤਰ ਮਾਜੀਦੀ ਖਿੱਚਦਾ ਹੈ, ਉਸ ਵਿਚ ਮੁਹੱਬਤ ਜਿਵੇਂ ‘ਨਾ-ਬਖਸ਼ਣਯੋਗ ਗੁਨਾਹ’ ਵਾਂਗ ਵਾਪਰਦੀ ਹੈ। ਇਹ ਲਤੀਫ ਦੀ ਜ਼ਿੰਦਗੀ ਵਿਚ ਤਾਂ ਜਵਾਰ-ਭਾਟਾ ਲਿਆਉਂਦੀ ਹੀ ਹੈ ਪਰ ਨਾਲ ਦੀ ਨਾਲ ਰਹਿਮਤ ਦੀ ਹੋਂਦ ਦੇ ਸੱਚ ਨਾਲ ਜੁੜੇ ਸਵਾਲਾਂ ਨੂੰ ਵੀ ਸੰਬੋਧਤ ਹੁੰਦੀ ਹੈ। ਸੋਵੀਅਤਾਂ ਅਤੇ ਅਫਗਾਨਾਂ ਦੀ ਆਪਸੀ ਸੱਤਾ ਦੀ ਇਹ ਸਾਰੀ ਜੰਗ ਰਹਿਮਤ ਦੇ ਸਰੀਰ ਅਤੇ ਦਿਲ ‘ਤੇ ਵਾਪਰਦੀ ਹੈ। ਰਹਿਮਤ ਦੇ ਕਿਰਦਾਰ ਰਾਹੀਂ ਮਾਜੀਦੀ ਉਨ੍ਹਾਂ ਬੇਕਸਾਂ-ਬੇਵਸਾਂ ਦੀ ਹੋਣੀ ਦਾ ਖਾਕਾ ਖਿੱਚਦਾ ਹੈ ਜਿਨ੍ਹਾਂ ਨੂੰ ਜੰਗ ਨਾ ਸਿਰਫ ਸਰੀਰਕ ਤੌਰ ‘ਤੇ ਬੇਘਰ-ਬੇਦਰ ਕਰਦੀ ਹੈ ਸਗੋਂ ਉਨ੍ਹਾਂ ਦੀਆਂ ਮਾਸੂਮ ਰੂਹਾਂ ਨੂੰ ਤਾ-ਉਮਰ, ਨਿਸ-ਦਿਨ ਵਿੰਨ੍ਹਦੀ ਹੈ। ਇਸ ਵਿਚ ਮੁਹੱਬਤ ਮਹਿਜ਼ ਮੁਹਾਵਰਾ ਅਤੇ ਕੋਈ ਟਾਲਣਯੋਗ ਤਰਾਸਦੀ ਬਣ ਕੇ ਰਹਿ ਜਾਂਦੀ ਹੈ।
ਫਿਲਮ ਵਿਚ ਲਤੀਫ ਮੇਮਰ ਨਾਮ ਦੇ ਠੇਕੇਦਾਰ ਲਈ ਇਮਾਰਤ ਉਸਾਰੀ ਵਾਲੀ ਜਗ੍ਹਾ ‘ਤੇ ਕੰਮ ਕਰਦਾ ਹੈ। ਸਸਤੀ ਮਜ਼ਦੂਰੀ ਦੇ ਲਾਲਚ ਵਿਚ ਮੇਮਰ ਨੇ ਉਸਾਰੀ ਦੇ ਇਸ ਕੰਮ ਵਿਚ ਜ਼ਿਆਦਾ ਅਫਗਾਨ ਰਿਫਿਊਜੀਆਂ ਨੂੰ ਹੀ ਰੱਖਿਆ ਹੋਇਆ ਹੈ। ਉਹ ਮੂੰਹ ਦਾ ਮਿੱਠਾ ਹੈ ਪਰ ਅਸਲ ਵਿਚ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਹੈ। ਫਿਲਮਾਂਕਣ ਲਈ ਮਾਜਿਦੀ ਨੇ ਅਜਿਹੀ ਥਾਂ ਚੁਣੀ ਹੈ ਜਿਥੇ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਦਰਦ ਮਜ਼ਦੂਰਾਂ ਦੇ ਪਿੰਡਿਆਂ ‘ਤੇ ਬਿਨਾਂ ਰੁਕੇ ਵਰ੍ਹਦਾ ਹੈ। ਇਸ ਫਿਲਮ ਦਾ ਨਾਮ ‘ਬਰਨ’ ਦਾ ਅਰਥ ਵੀ ਮੌਸਮ/ਮੀਂਹ ਹੈ। ਫਿਲਮ ਵਿਚ ਰਹਿਮਤ ਦਾ ਅਸਲ ਨਾਮ ਵੀ ਬਰਨ ਹੀ ਹੈ। ਮਜ਼ਦੂਰ ਇਮਾਰਤਾਂ ਤੋਂ ਡਿਗ-ਡਿਗ ਕੇ ਹੱਥ-ਪੈਰ ਤੁੜਵਾ ਰਹੇ ਹਨ। ਇਸ ਫਿਲਮ ਦੇ ਇਹ ਦ੍ਰਿਸ਼ ਦੇਖਦਿਆਂ ਅਹਿਸਾਸ ਹੁੰਦਾ ਹੈ ਕਿ ਜਿਊਣਾ ਕਿੰਨਾ ਔਖਾ ਅਤੇ ਅਸੰਭਵ ਹੋ ਸਕਦਾ ਹੈ। ਫਿਲਮ ਦੇਖਦਿਆਂ ਉਨ੍ਹਾਂ ਤਾਕਤਾਂ ਅਤੇ ਹਾਲਾਤ ਨਾਲ ਨਫਰਤ ਹੁੰਦੀ ਜਾਂਦੀ ਹੈ ਜਿਹੜੀਆਂ ਮਨੁੱਖਾਂ ਲਈ ਅਜਿਹੇ ਨਰਕਾਂ ਦੀ ਸਿਰਜਣਾ ਕਰਦੀਆਂ ਹਨ ਅਤੇ ਫਿਰ ਉਨ੍ਹਾਂ ਦੇ ਹੱਡਾਂ ਤੋਂ ਮਾਸ ਮਰੁੰਡ ਲੈਂਦੀਆਂ ਹਨ। ਅਜਿਹੇ ਨਰਕਾਂ ਦੀ ਥਾਂ-ਥਾਂ ਮੌਜੂਦਗੀ ਸਭਿਅਤਾ ਨੂੰ ਸ਼ਰਮਿੰਦਾ ਕਰਨ ਲਈ ਕਾਫੀ ਹੈ। ਮੇਮਰ ਰਹਿਮਤ ਨੂੰ ਮਜ਼ਦੂਰਾਂ ਲਈ ਚਾਹ ਬਣਾਉਣ ਅਤੇ ਰੋਟੀ-ਟੁੱਕ ਦਾ ਇੰਤਜ਼ਾਮ ਕਰਨ ਦਾ ਜ਼ਿੰਮਾ ਦਿੰਦਾ ਹੈ। ਰਹਿਮਤ ਅਫਗਾਨ ਰਿਫਿਊਜ਼ੀ ਹੋਣ ਕਾਰਨ ਨਾ ਤਾਂ ਪੂਰੀ ਮਜ਼ਦੂਰੀ ਮੰਗ ਸਕਦੀ ਹੈ ਅਤੇ ਨਾ ਹੀ ਉਸ ਨੂੰ ਕੋਈ ਨਾਗਰਿਕ-ਅਧਿਕਾਰ ਪ੍ਰਾਪਤ ਹਨ। ਉਸ ਵਰਗੇ ਹਜ਼ਾਰਾਂ-ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਮੇਮਰ ਵਰਗੇ ਠੇਕੇਦਾਰਾਂ ਦੇ ਰਹਿਮੋ-ਕਰਮ ‘ਤੇ ਹਨ। ਸਿਆਸਤ ਨੇ ਸਾਰਿਆਂ ਨੂੰ ਨਿਹੱਥਾ ਅਤੇ ਬੇ-ਗੈਰਤ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ ਹੈ। ਪੂਰੀ ਫਿਲਮ ਵਿਚ ਬਰਨ ਉਰਫ ਰਹਿਮਤ ਬਿਲਕੁੱਲ ਚੁੱਪ ਹੈ। ਉਸ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਕੁਝ ਵੀ ਸਹੀ-ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅਫਗਾਨ ਸਿਆਸਤ ਵਿਚ ਵੀ ਔਰਤਾਂ ਚੁੱਪ ਹਨ ਤੇ ਉਨ੍ਹਾਂ ਦੀ ਸੋਚ ਬਾਰੇ ਵੀ ਬਹੁਤ ਲੰਮੀ ਚੁੱਪ ਹੈ।
ਫਿਲਮ ਵਿਚ ਸਭ ਤੋਂ ਖੂਬਸੂਰਤ ਗੱਲ ਲਤੀਫ ਦੀ ਜ਼ਿੰਦਗੀ ਵਿਚ ਰਹਿਮਤ ਦੇ ਆਉਣ ਨਾਲ ਹੋਣ ਵਾਲਾ ਬਦਲਾਉ ਹੈ। ਉਹ ਆਪਣੀ ਸਾਰੀ ਕਮਾਈ ਅਣਜਾਣ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ‘ਤੇ ਲਾ ਦਿੰਦਾ ਹੈ। ਉਹ ਆਪਣਾ ਆਈ-ਕਾਰਡ ਤੱਕ ਵੀ ਦੂਜਿਆਂ ਦੀ ਮਦਦ ਲਈ ਵੇਚ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ਉਹ ਜੋ ਮਰਜ਼ੀ ਕਰ ਲਵੇ, ਪਰ ਰਹਿਮਤ ਨਾਲ ਨਹੀਂ ਰਹਿ ਸਕਦਾ; ਇਸ ਦੇ ਬਾਵਜੂਦ ਉਹ ਰਹਿਮਤ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਲਈ ਪੂਰੀ ਵਾਹ ਲਾ ਦਿੰਦਾ ਹੈ ਅਤੇ ਮਾਜਿਦ ਉਸ ਦੀ ਇਸ ਕੋਸ਼ਿਸ਼ ਨੂੰ ਪਰਦੇ ਉਤੇ ਅਮਰ ਕਰਨ ‘ਤੇ ਆਪਣੀ ਸਾਰੀ ਸਮਰੱਥਾ ਲਗਾ ਦਿੰਦਾ ਹੈ। ਫਿਲਮ ਮਾਜਿਦ ਮਾਜੀਦੀ ਦੀ ਕੋਮਲਤਾ ਅਤੇ ਨਿੱਘ ਨੂੰ ਹੀ ਦ੍ਰਿਸ਼ਾਂ ਅਤੇ ਸੰਗੀਤ ਵਿਚ ਗੁੰਦਦੀ ਹੈ।
ਸਿਨੇਮਾ ਵਿਚ ਫਿਲਮ ਦੇ ਸ਼ੁਰੂ ਅਤੇ ਅੰਤ ਦੇ ਦ੍ਰਿਸ਼ਾਂ ‘ਤੇ ਬਹੁਤ ਮਿਹਨਤ ਕੀਤੀ ਜਾਂਦੀ ਹੈ। ਇਸ ਫਿਲਮ ਦਾ ਅੰਤਿਮ ਦ੍ਰਿਸ਼ ਇਸ ਫਿਲਮ ਦਾ ਹਾਸਲ ਹੈ। ਰਹਿਮਤ ਪਰਿਵਾਰ ਨਾਲ ਇਸ ਜਗ੍ਹਾ ਨੂੰ ਛੱਡ ਕੇ ਜਾ ਰਹੀ ਹੈ। ਲਤੀਫ ਨਿੱਕ-ਸੁੱਕ ਸਾਂਭਣ ਵਿਚ ਉਸ ਦੀ ਮਦਦ ਕਰ ਰਿਹਾ ਹੈ। ਅਚਾਨਕ ਰਹਿਮਤ ਦੇ ਹੱਥੋਂ ਸਬਜ਼ੀਆਂ ਵਾਲਾ ਛਿੱਕੂ ਡਿਗ ਪੈਂਦਾ ਹੈ। ਉਸ ਅਤੇ ਲਾਤੀਫ ਦੀ ਜ਼ਿੰਦਗੀ ਦਾ ਵੀ ਸਾਰਾ ਕੁਝ ਇੱਦਾਂ ਹੀ ਖਿਲਰਿਆ ਪਿਆ ਹੈ ਤੇ ਸਾਂਭਣ ਦਾ ਚਾਰਾ ਕੋਈ ਨਹੀਂ। ਸਬਜ਼ੀਆਂ ਇਕੱਠੀਆਂ ਕਰਦਿਆਂ ਰਹਿਮਤ ਪਹਿਲੀ ਵਾਰ ਲਤੀਫ ਵੱਲ ਦੇਖ ਕੇ ਮੁਸਕਰਾਉਂਦੀ ਹੈ ਤੇ ਫਿਰ ਝੱਟ ਆਪਣਾ ਨਕਾਬ ਸੁੱਟ ਲੈਂਦੀ ਹੈ। ਜਾਂਦੇ-ਜਾਂਦੇ ਉਸ ਦੇ ਪੈਰ ਦਾ ਨਿਸ਼ਾਨ ਰੇਤ ‘ਤੇ ਬਚ ਜਾਂਦਾ ਹੈ। ਮੀਂਹ ਲਗਾਤਾਰ ਵਰ੍ਹ ਰਿਹਾ ਹੈ ਤੇ ਉਸ ਨਿਸ਼ਾਨ ਨੂੰ ਪਾਣੀ ਨਾਲ ਭਰ ਰਿਹਾ ਹੈ। ਇਸ ਨਿਸ਼ਾਨ ਨੇ ਅਗਲੇ ਕੁਝ ਮਿੰਟਾਂ ਵਿਚ ਹਮੇਸ਼ਾ ਲਈ ਮਿਟ ਜਾਣਾ ਹੈ। ਆਉਣ ਵਾਲਾ ਮੌਸਮ ਬੇਰਹਿਮ ਅਤੇ ਬੇਦਰਦ ਹੈ। ਦਰਖਤਾਂ ‘ਤੇ ਇੱਕ ਵੀ ਪੱਤਾ ਨਹੀਂ ਦਿਸ ਰਿਹਾ। ਉਨ੍ਹਾਂ ਤੋਂ ਸਾਰੇ ਪਰਿੰਦੇ ਹਿਜਰਤ ਕਰ ਚੁੱਕੇ ਹਨ। ਰਸਤੇ ਅਤੇ ਗਲੀਆਂ ਚਿੱਕੜ ਤੇ ਮਿੱਟੀ ਨਾਲ ਭਰੀਆਂ ਹੋਈਆਂ ਹਨ। ਉਦਾਸੀ ਦਿਲ ਦਾ ਹਰ ਕੋਨਾ ਕੁਤਰਦੀ ਹੈ। ਅਜਿਹੀ ਹਾਲਤ ਵਿਚ ਉਮੀਦ ਕੀ ਹੈ, ਰੰਗ ਕੀ ਹੈ, ਮੌਸਮ ਕੀ ਹੈ? ਮਾਜਿਦ ਮਾਜੀਦੀ ਇਸ ਦਾ ਜਵਾਬ ਦਰਸ਼ਕਾਂ ‘ਤੇ ਛੱਡ ਦਿੰਦਾ ਹੈ।
_________________________________________
ਮਾਜਿਦ ਮਾਜੀਦੀ ਦਾ ਫਿਲਮ ਸੰਸਾਰ
ਫਿਲਮਸਾਜ਼ ਮਾਜਿਦ ਮਜੀਦੀ ਦਾ ਜਨਮ 17 ਅਪਰੈਲ 1959 ਦਾ ਹੈ। ਉਨ੍ਹਾਂ ਆਪਣਾ ਕਰੀਅਰ ਪਹਿਲਾਂ ਬਤੌਰ ਅਦਾਕਾਰ ਆਰੰਭ ਕੀਤਾ ਸੀ। ਉਨ੍ਹਾਂ 14 ਕੁ ਸਾਲ ਦੀ ਉਮਰ ਵਿਚ ਸਟੇਜ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕਿਆਮ ਇਰਾਨ ਦੀ ਰਾਜਧਾਨੀ ਤਹਿਰਾਨ ਸੀ ਅਤੇ ਮਗਰੋਂ ਉਹਨੇ ਤਹਿਰਾਨ ਦੀ ਇੰਸਟੀਚਊਟ ਆਫ ਡਰਾਮੈਟਿਕ ਆਰਟਸ ਤੋਂ ਪੜ੍ਹਾਈ ਵੀ ਹਾਸਲ ਕੀਤੀ। 1979 ਵਿਚ ਆਏ ਇਰਾਨੀ ਇਨਕਲਾਬ ਤੋਂ ਬਾਅਦ ਹੀ ਉਨ੍ਹਾਂ ਦੀ ਦਿਲਚਸਪੀ ਫਿਲਮਾਂ ਵਿਚ ਹੋਈ। ਇਸ ਪਾਸੇ ਆਉਣ ਵਿਚ ਮਸ਼ਹੂਰ ਫਿਲਮਸਾਜ਼ ਮੋਹਸਿਨ ਮਖਮਲਖਾਬ ਦੀ ਫਿਲਮ ḔਬਾਈਕਾਟḔ ਦਾ ਵੱਡਾ ਯੋਗਦਾਨ ਹੈ। ਇਹ ਫਿਲਮ 1985 ਵਿਚ ਆਈ ਸੀ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ! ਫਿਲਮ ਨਿਰਮਾਣ ਦੇ ਖੇਤਰ ਵਿਚ ਫਿਰ ਮਾਜਿਦ ਮਾਜੀਦੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।