ਅਤਿਵਾਦ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਜੋੜਨ ਦਾ ਤਿੱਖਾ ਵਿਰੋਧ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਜੂਨ ਚੁਰਾਸੀ ਵਿਚ ਵਾਪਰੇ ਸਾਕਾ ਨੀਲਾ ਤਾਰਾ ਦੀ 29ਵੀਂ ਵਰ੍ਹੇਗੰਢ ਮੌਕੇ ਕਰਵਾਏ ਜਾਣ ਵਾਲੇ ਸ਼ਹੀਦੀ ਸਮਾਗਮਾਂ ਤੋਂ ਐਨ ਇਕ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਪੰਜਾਬ ਵਿਚ ਮੁੜ ਖਾੜਕੂਵਾਦ ਦੇ ਉਭਾਰ ਦਾ ਖਦਸ਼ਾ ਜ਼ਾਹਿਰ ਕਰਦਿਆਂ ਇਸ ਦਾ ਸਾਰਾ ਭਾਂਡਾ ਗੁਆਂਢੀ ਮੁਲਕ ਪਾਕਿਸਤਾਨ ਸਿਰ ਭੰਨ੍ਹਿਆ ਹੈ। ਕੇਂਦਰ ਸਰਕਾਰ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਇਹੀ ਰਾਗ ਅਲਾਪ ਰਹੀ ਹੈ ਪਰ ਇਸ ਵਾਰ ਪਕਿਸਤਾਨ ਅਤੇ ਸਿੱਖ ਜਥੇਬੰਦੀਆਂ ਨੇ ਅਜਿਹੇ ਬਿਆਨਾਂ ਦਾ ਸਖ਼ਤ ਨੋਟਿਸ ਲਿਆ ਹੈ।
ਸਿੱਖ ਵਿਦਵਾਨਾਂ ਤੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਕੇਂਦਰ ਸਰਕਾਰ ਵੱਲੋਂ ਅਜਿਹੇ ਦਾਅਵੇ ਕਰ ਕੇ ਸਿੱਖਾਂ ਦੇ ਸੰਘਰਸ਼ ਨੂੰ ਪਾਕਿਸਤਾਨ ਦੀ ਸ਼ਰਾਰਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 29 ਵਰ੍ਹਿਆਂ ਬਾਅਦ ਵੀ ਸਜ਼ਾ ਨਾ ਮਿਲਣ ਕਰ ਕੇ ਸਿੱਖ ਜਗਤ ਵਿਚ ਕੇਂਦਰ ਸਰਕਾਰ ਪ੍ਰਤੀ ਲਗਾਤਾਰ ਰੋਸ ਵਧ ਰਿਹਾ ਹੈ। ਇਸ ਤੋਂ ਇਲਾਵਾ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇ ਮਾਮਲੇ ਨੇ ਵੀ ਸਿੱਖਾਂ ਨੂੰ ਮੁੜ ਲਾਮਬੰਦ ਹੋਣ ਦਾ ਮੌਕਾ ਦਿੱਤਾ ਹੈ। ਇਸ ਸੂਰਤ ਵਿਚ ਕੇਂਦਰ ਸਰਕਾਰ ਪੰਜਾਬ ਵਿਚ ਮੁੜ ਖਾੜਕੂਵਾਦ ਦੇ ਉਭਾਰ ਦਾ ਹਊਆ ਖੜ੍ਹਾ ਕਰਨਾ ਚਾਹੁੰਦੀ ਹੈ।
ਨਵੀਂ ਦਿੱਲੀ ਵਿਖੇ ਪੰਜ ਜੂਨ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਬਾਰੇ ਹੋਈ ਮੁੱਖ ਮੰਤਰੀਆਂ ਦੀ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਬੜੇ ਜ਼ੋਰ-ਸ਼ੋਰ ਨਾਲ ਦਾਅਵਾ ਕੀਤਾ ਕਿ ਪਾਕਿਸਤਾਨ ਪੰਜਾਬ ਵਿਚ ਮੁੜ ਤੋਂ ਸਿੱਖ ਖਾੜਕੂਵਾਦ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪਾਕਿਸਤਾਨ ਦੀ ਸੂਹੀਆ ਏਜੰਸੀ ਆਈæਐਸ਼ਆਈæ ਆਪਣੀਆਂ ਅਤਿਵਾਦੀ ਯੋਜਨਾਵਾਂ ਨੂੰ ਸਿਰਫ ਪੰਜਾਬ ਵਿਚ ਹੀ ਨਹੀਂ, ਬਲਕਿ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਫੈਲਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਵਿਚ ਆਈæਐਸ਼ਆਈæ ਰਾਹੀਂ ਸਿਖਲਾਈ ਦਿੱਤੀ ਜਾਂਦੀ ਹੈ। ਦਹਿਸ਼ਤਗਰਦ ਹਮਲਿਆਂ ਲਈ ਜੇਲ੍ਹ ਕੱਟ ਕੇ ਆਏ ਮੁਜਰਮਾਂ, ਬੇਰੁਜ਼ਗਾਰ ਨੌਜਵਾਨਾਂ, ਅਪਰਾਧੀਆਂ ਤੇ ਸਮੱਗਲਰਾਂ ਨੂੰ ਵਰਤਿਆ ਜਾਂਦਾ ਹੈ। ਇਸ ਸਬੰਧੀ ਬਾਹਰ ਵਸ ਰਹੇ ਸਿੱਖ ਨੌਜਵਾਨਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਪੰਜਾਬ ਦੀਆਂ ਸਰਹੱਦਾਂ ਰਾਹੀਂ ਵੱਡੀ ਤਦਾਦ ਵਿਚ ਹਥਿਆਰ ਤੇ ਅਸਲਾ ਭੇਜਿਆ ਜਾਂਦਾ ਹੈ।
ਕੇਂਦਰ ਸਰਕਾਰ ਦੇ ਇਸ ਬਿਆਨ ਨਾਲ ਸਿੱਖ ਸਿਆਸਤ ਵਿਚ ਕਾਫੀ ਹਿੱਲਜੁਲ ਹੋਈ ਹੈ। ਉਧਰ, ਪਾਕਿਸਤਾਨ ਨੇ ਵੀ ਭਾਰਤ ਦੇ ਇਨ੍ਹਾਂ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਆਈæਐਸ਼ਆਈæ ਵੱਲੋਂ ਪੰਜਾਬ ਵਿਚ ਦਹਿਸ਼ਤਗਰਦੀ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਆਂਢੀ ਮੁਲਕ ਨੇ ਕਿਹਾ ਹੈ ਕਿ ਅਜਿਹੀ ਬਿਆਨਬਾਜ਼ੀ ਨਾਲ ਦੋਵੇਂ ਮੁਲਕਾਂ ਦੇ ਰਿਸ਼ਤੇ ਸੁਖਾਵੇਂ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਸੱਟ ਵੱਜ ਸਕਦੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀਆਂ ਕਈ ਗਰਮ ਖਿਆਲ ਜਥੇਬੰਦੀਆਂ ਨੇ ਵੀ ਕੇਂਦਰ ਸਰਕਾਰ ਦੀ ਖਾੜਕੂਵਾਦ ਬਾਰੇ ਬਿਆਨਬਾਜ਼ੀ ‘ਤੇ ਸਖ਼ਤ ਇਤਰਾਜ਼ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ੍ਰੀ ਸ਼ਿੰਦੇ ਦੇ ਬਿਆਨ ਨੂੰ ਤੱਥਾਂ ਤੋਂ ਰਹਿਤ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਸ਼ਾਂਤੀ ਹੈ। 1984 ਦੇ ਸਿੱਖ ਕਤਲੇਆਮ ਦੇ 29 ਸਾਲ ਬੀਤ ਜਾਣ ‘ਤੇ ਵੀ ਇਨਸਾਫ ਨਾ ਮਿਲਣ ਕਾਰਨ ਸਿੱਖਾਂ ਵੱਲੋਂ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕਰ ਕੇ ਸ੍ਰੀ ਸ਼ਿੰਦੇ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਬਿਆਨ ਦਿੱਤਾ ਹੈ ਤਾਂ ਜੋ ਦਿੱਲੀ ਵਿਚ ਕਤਲ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵਿਚਲੀ ਕਾਂਗਰਸ ਸਰਕਾਰ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਦੀ ਆਈ ਹੈ ਤੇ ਸ੍ਰੀ ਸ਼ਿੰਦੇ ਦਾ ਬਿਆਨ ਸੋਚੀ ਸਮਝੀ ਸਿਆਸੀ ਸਾਜ਼ਿਸ਼ ਹੈ।
ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਤਿਵਾਦ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਤੇ ਗ੍ਰਹਿ ਮੰਤਰੀ ਨੂੰ ਬਿਨਾਂ ਸਬੂਤਾਂ ਦੇ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਤੇ ਜੇ ਅਜਿਹਾ ਹੈ ਤਾਂ ਪੁਖਤਾ ਸਬੂਤ ਜ਼ਰੂਰ ਦਿੱਤੇ ਜਾਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪੰਜਾਬ ਵਿਚ ਮੁਕੰਮਲ ਸ਼ਾਂਤੀ ਵਾਲੇ ਮਾਹੌਲ ਦੇ ਚਲਦਿਆਂ ਕੇਂਦਰੀ ਗ੍ਰਹਿ ਮੰਤਰੀ ਦਾ ਅਜਿਹਾ ਬਿਆਨ ਕੋਰਾ ਸਿਆਸਤ ਤੋਂ ਪ੍ਰੇਰਿਤ ਨਜ਼ਰ ਆਉਂਦਾ ਹੈ।
ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਅਨੁਸਾਰ ਦੇਸ਼ ਵਿਚ ਜਦ ਵੀ ਅਤਿਵਾਦ ਬਾਰੇ ਗੱਲ ਹੋਈ ਹੈ ਤਾਂ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਅਤਿਵਾਦ ਦਾ ਕੋਈ ਧਰਮ ਨਹੀਂ, ਪਰ ਇਸ ਦੇ ਬਾਵਜੂਦ ਖੁਦ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਕਿਸੇ ਵਿਸ਼ੇਸ਼ ਧਰਮ ਦਾ ਨਾਂ ਲੈਂਦਿਆਂ ਅਤਿਵਾਦ ਨਾਲ ਜੋੜਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਬਿਆਨ ਦਾ ਸਖ਼ਤ ਨੋਟਿਸ ਲਿਆ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ (ਬ) ਨੇ ਇਸ ਬਾਰੇ ਟਿੱਪਣੀ ਕੀਤੀ ਹੈ ਕਿ ਕੇਂਦਰੀ ਮੰਤਰੀ ਦਾ ਅਜਿਹਾ ਬਿਆਨ ਸਿੱਖਾਂ ਦਾ ਗਲਤ ਅਕਸ ਪੈਦਾ ਕਰਨ ਲਈ ਕੀਤੀ ਜਾ ਰਹੀ ਰਾਜਨੀਤੀ ਤੋਂ ਪ੍ਰੇਰਿਤ ਹੈ ਜਦੋਂਕਿ ਪੰਜਾਬ ਦੇ ਗ੍ਰਹਿ ਮੰਤਰੀ ਤੇ ਪੁਲਿਸ ਮੁਖੀ ਪਹਿਲਾਂ ਹੀ ਅਜਿਹੀ ਕਿਸੇ ਹਿਲਜੁਲ ਨੂੰ ਨਕਾਰ ਚੁੱਕੇ ਹਨ। ਗੈਰ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਵਿਚ ਅਜਿਹਾ ਕਰ ਕੇ ਅਸਥਿਰਤਾ ਲਿਆਉਣੀ ਕਾਂਗਰਸ ਦਾ ਮੰਤਵ ਲੱਗ ਰਿਹਾ ਹੈ। ਪੰਜਾਬ ਵਿਚ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਿੱਖ ਅਮਨਪਸੰਦ ਕੌਮ ਹੈ ਜਿਸ ਵਿਚ ਅਤਿਵਾਦ ਨੂੰ ਹਮੇਸ਼ਾਂ ਹੀ ਨਫ਼ਰਤ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਕਿਸੇ ਵੀ ਧਰਮ ਨੂੰ ਅਤਿਵਾਦ ਨਾਲ ਜੋੜਨਾ ਠੀਕ ਨਹੀਂ।
Leave a Reply