ਦਿੱਲੀ ਯਾਦਗਾਰ ਬਾਰੇ ਫਿਰ ਸਿੰਗ ਫਸੇ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਦਾ ਵਿਵਾਦ ਅਜੇ ਮੱਠਾ ਨਹੀਂ ਸੀ ਪਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਵਿਖੇ ਨਵੰਬਰ 1984 ਦੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦਗਾਰ ਬਣਾਏ ਜਾਣ ਦੇ ਮਾਮਲੇ ‘ਤੇ ਵੀ ਸਿਆਸਤ ਭਖ ਗਈ ਹੈ। ਦਿੱਲੀ ਕਮੇਟੀ ਵੱਲੋਂ ਯਾਦਗਾਰ ਦੇ ਨੀਂਹ-ਪੱਥਰ ਦੀ ਉਸਾਰੀ ‘ਤੇ ਹੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਤਰਾਜ਼ ਜਤਾਇਆ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਵੀ ਗੁਰਦੁਆਰਾ ਰਕਾਬ ਗੰਜ ਵਿਖੇ ਯਾਦਗਾਰ ਦੀ ਉਸਾਰੀ ਦਾ ਵਿਰੋਧ ਕਰਦਿਆਂ ਅਦਾਲਤ ਦਾ ਦਰ ਖੜਕਾਇਆ ਹੈ। ਸਰਨਾ ਧੜੇ ਵੱਲੋਂ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਮੰਗ ਕੀਤੀ ਗਈ ਹੈ ਕਿ ਸਰਕਾਰੀ ਵਿਭਾਗਾਂ ਦੀ ਇਜਾਜ਼ਤ ਦੇ ਬਗੈਰ ਗੁਰਦੁਆਰਾ ਰਕਾਬ ਗੰਜ ਵਿਚ ਕਿਸੇ ਕਿਸਮ ਦੀ ਉਸਾਰੀ ਨਾ ਕਰਨ ਦਿੱਤੀ ਜਾਵੇ।
ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਸਰਕਾਰੀ ਵਿਭਾਗਾਂ ਤੋਂ ਇਜਾਜ਼ਤ ਲਏ ਬਿਨਾਂ ਇਹ ਉਸਾਰੀ ਕੀਤੇ ਜਾਣ ਕਾਰਨ ਕਮੇਟੀ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਜੇ ਬਿਨਾਂ ਇਜਾਜ਼ਤ ਕੋਈ ਉਸਾਰੀ ਕੀਤੀ ਗਈ ਤਾਂ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਜਾਂ ਛੇ ਮਹੀਨੇ ਦੀ ਕੈਦ ਜਾਂ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੀਂ ਦਿੱਲੀ ਨਗਰ ਨਿਗਮ (ਐਨæਡੀæਐਮæਸੀæ) ਨੇ ਵੀ ਸ਼ਹੀਦਾਂ ਦੀ ਯਾਦਗਾਰ ਦੀ ਉਸਾਰੀ ‘ਤੇ ਇਤਰਾਜ਼ ਪ੍ਰਗਟਾਇਆ ਹੈ। ਨਿਗਮ ਨੇ ਸੰਸਦ ਸਾਹਮਣੇ ਗੁਰਦੁਆਰਾ ਰਕਾਬਗੰਜ ਦੇ ਗੇਟ ‘ਤੇ ਯਾਦਗਾਰ ਦਾ ਨੀਂਹ-ਪੱਥਰ ਲਾਉਣ ਵਾਸਤੇ ਬਣਾਏ ਜਾਣ ਵਾਲੇ ਥੜ੍ਹੇ ‘ਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਕਾਰਨ ਦੱਸੋ ਨੋਟਿਸ ਚਿਪਕਾ ਕੇ ਯਾਦਗਾਰ ਦੇ ਕੰਮ ਨੂੰ ਰੋਕਣ ਦਾ ਆਦੇਸ਼ ਦੇ ਦਿੱਤਾ।
ਇਸ ਬਾਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀæਕੇæ ਦਾ ਕਹਿਣਾ ਹੈ ਕਿ ਗੁਰਦੁਆਰਾ ਕਮੇਟੀ ਕਿਸੇ ਇਮਾਰਤ ਦਾ ਨਿਰਮਾਣ ਨਹੀਂ ਕਰਵਾ ਰਹੀ ਜਿਸ ਲਈ ਉਸ ਨੂੰ ਸਰਕਾਰੀ ਵਿਭਾਗਾਂ ਕੋਲੋਂ ਅਗਾਊਂ ਇਜਾਜ਼ਤ ਲੈਣੀ ਪਵੇ। ਗੁਰਦੁਆਰਾ ਰਕਾਬ ਗੰਜ ਵਿਚ ਸਿਰਫ ਸਮਾਰਕ ਬਣਨਾ ਹੈ ਤੇ ਕਾਨੂੰਨ ਮੁਤਾਬਕ ਧਾਰਮਿਕ ਅਸਥਾਨਾਂ ਨੂੰ ਆਪਣੇ ਕੰਪਲੈਕਸਾਂ ਵਿਚ ਅਜਿਹੀ ਉਸਾਰੀ ਲਈ ਕਿਸੇ ਵਿਭਾਗ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੁੰਦੀ। ਜੇ ਫਿਰ ਵੀ ਕਿਸੇ ਦਬਾਅ ਹੇਠ ਦਿੱਲੀ ਪੁਲਿਸ ਕਮੇਟੀ ਪ੍ਰਬੰਧਕਾਂ ਖਿਲਾਫ਼ ਕੋਈ ਕਾਰਵਾਈ ਕਰਦੀ ਹੈ ਤਾਂ ਉਹ ਉਸ ਦਾ ਸਾਹਮਣਾ ਕਰਨ ਤੋਂ ਪਿੱਛੇ ਨਹੀਂ ਹਟਣਗੇ ਪਰ ਯਾਦਗਾਰ ਦੀ ਉਸਾਰੀ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਪੰਜ ਨਵੰਬਰ ਨੂੰ ਪੰਜਾਬੀ ਬਾਗ ‘ਤੇ ਬਣਨ ਵਾਲੇ 1984 ਸਿੱਖ ਮੈਮੋਰੀਅਲ ਪਾਰਕ ਦਾ ਉਦਘਾਟਨੀ ਪ੍ਰੋਗਰਾਮ ਦਿੱਲੀ ਨਗਰ ਨਿਗਮ ਵੱਲੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਹੁਕਮਾਂ ਤਹਿਤ ਦਿੱਲੀ ਪੁਲਿਸ ਦੀ ਮਦਦ ਨਾਲ ਰੁਕਵਾਇਆ ਗਿਆ ਸੀ ਤੇ ਹੁਣ ਇਕ ਵਾਰ ਫਿਰ ਦਿੱਲੀ ਸਰਕਾਰ ਦੀ ਸ਼ਹਿ ‘ਤੇ ਨਵੀਂ ਦਿੱਲੀ ਨਗਰ ਨਿਗਮ ਨੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਚ ਬਣਨ ਵਾਲੀ ਯਾਦਗਾਰ ਨੂੰ ਰੁਕਵਾਉਣ ਵਾਸਤੇ ਅੜਿੱਕਾ ਪਾਇਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਦਿੱਲੀ ਦੀ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਇਕ ਪਾਸੇ ਤਾਂ ਸਿੱਖਾਂ ਨੂੰ ਮਾਰਿਆ ਗਿਆ ਹੈ ਤੇ ਦੂਜੇ ਪਾਸੇ ਅਫਸੋਸ ਕਰਨ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦਿੱਲੀ ਕਮੇਟੀ ਦੇ ਆਗੂਆਂ ਨੂੰ ਆਖਿਆ ਕਿ ਇਸ ਉਸਾਰੀ ਨੂੰ ਮੁਕੰਮਲ ਕਰਨ ਲਈ ਜੇ ਕਾਨੂੰਨੀ ਚਾਰਾਜੋਈ ਦੀ ਲੋੜ ਹੈ ਤਾਂ ਉਹ ਵੀ ਢੰਗ ਤਰੀਕਾ ਜ਼ਰੂਰ ਅਪਨਾਉਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ (ਬ) ਨੇ ਆਖਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਯਾਦਗਾਰ ਦਾ ਨੀਂਹ ਪੱਥਰ ਰੱਖਣ ਵਿਰੁੱਧ ਧਮਕੀ ਦਿੱਤੇ ਜਾਣ ਨਾਲ ਕਾਂਗਰਸ ਪਾਰਟੀ ਦਾ ਰੂਪ ਉਜਾਗਰ ਹੋ ਗਿਆ ਹੈ। ਪਾਰਟੀ ਦੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਇਸ ਕਾਰਵਾਈ ਪਿੱਛੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਹੱਥ ਹੈ। ਇਸ ਬੰਦੇ ਦੀ ਹਮੇਸ਼ਾ ਕਾਂਗਰਸ ਨਾਲ ਗੰਢਤੁਪ ਰਹੀ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਬਾਦਲ ਦਲ ਦੇ ਆਗੂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਲਾਹਾ ਖੱਟਣ ਲਈ ਗੁੰਮਰਾਹਕੁਨ ਢੰਗ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਬਾਦਲ ਸਰਕਾਰ ਸੱਤਾ ਵਿਚ ਹੈ ਪਰ ਬਾਦਲ ਦਲ ਦੇ ਆਗੂਆਂ ਨੇ ਕਤਲੇਆਮ ਪੀੜਤਾਂ ਦੀ ਮਦਦ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ (ਦਿੱਲੀ) ਨੂੰ ਕਿਸੇ ਢੁਕਵੀਂ ਥਾਂ ‘ਤੇ ਇਹ ਯਾਦਗਾਰ ਬਣਾਏ ਜਾਣ ‘ਤੇ ਕੋਈ ਇਤਰਾਜ਼ ਨਹੀਂ।

Be the first to comment

Leave a Reply

Your email address will not be published.