ਆਜ਼ਾਦੀ ਦਿਹਾੜਾ: ਕੈਪਟਨ ਵਲੋਂ ਸਾਰੇ ਉਲਾਂਭੇ ਲਾਹੁਣ ਦਾ ਵਾਅਦਾ

ਮੁਹਾਲੀ: ਪੰਜਾਬ ਦੀ ਅਰਥ-ਵਿਵਸਥਾ ਨੂੰ ਮੁੜ ਵਿਕਾਸ ਦੀ ਲੀਹ ਉਤੇ ਲਿਆਉਣ ਤੱਕ ਆਰਾਮ ਨਾ ਕਰਨ ਦਾ ਸੰਕਲਪ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਭਲਾਈ ਸਬੰਧੀ ਅਨੇਕਾਂ ਹੀ ਯੋਜਨਾਵਾਂ ਲਾਗੂ ਕਰਨ ਦਾ ਐਲਾਨ ਕੀਤਾ। ਮੁਹਾਲੀ ਵਿਚ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਉਂਦੇ ਦੋ ਸਾਲਾਂ ਵਿਚ ਛੇ ਲੱਖ ਨੌਜਵਾਨਾਂ ਨੂੰ ਪੜਾਅਵਾਰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿਚ 1 ਲੱਖ ਨੌਕਰੀਆਂ ਸਰਕਾਰੀ ਵਿਭਾਗਾਂ ਦੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ 50 ਹਜ਼ਾਰ ਸਰਕਾਰੀ ਨੌਕਰੀਆਂ ਅਗਲੇ ਵਿੱਤੀ ਸਾਲ 2021 ਅਤੇ 50 ਹਜ਼ਾਰ ਨੌਕਰੀਆਂ ਸਾਲ 2022 ਵਿਚ ਦਿੱਤੀਆਂ ਜਾਣਗੀਆਂ।

ਮੁੱਖ ਮੰਤਰੀ ਨੇ ਪ੍ਰਾਈਵੇਟ ਖੇਤਰ ਵਿਚ 50 ਹਜ਼ਾਰ ਨੌਜਵਾਨਾਂ ਦੀ ਪਲੇਸਮੈਂਟ ਦੇ ਟੀਚੇ ਨਾਲ ਅਗਲੇ ਮਹੀਨੇ ਵਰਚੁਅਲ ਮੈਗਾ ਰੁਜ਼ਗਾਰ ਮੇਲੇ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਬੇਜ਼ਮੀਨੇ ਲੋਕਾਂ ਤੇ ਕਿਰਤੀਆਂ ਦਾ 520 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਸਰਕਾਰ ਛੇਤੀ ਹੀ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਦੀ ਰੱਖਿਆ ਅਤੇ ਖੇਤੀਬਾੜੀ ਜ਼ਮੀਨ ਉਤੇ ਕਿਰਾਏਦਾਰਾਂ ਦੇ ਅਧਿਕਾਰਾਂ ਸਬੰਧੀ ਨਵਾਂ ਲੈਂਡ ਲੀਜ਼ਿੰਗ ਕਾਨੂੰਨ ਲੈ ਕੇ ਆ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਸ਼ੁਰੂ ਹੋ ਜਾਣ ਨਾਲ 1.41 ਕਰੋੜ ਲੋਕਾਂ ਨੂੰ ਫਾਇਦਾ ਮਿਲੇਗਾ। ਅਗਲੇ ਦੋ ਸਾਲਾਂ ਵਿਚ 1300 ਕਿਲੋਮੀਟਰ ਦੀਆਂ ਸੂਬਾਈ ਤੇ ਕੌਮੀ ਸੜਕਾਂ ਬਣਾਈ ਜਾਣਗੀਆਂ। 6162 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਅਗਲੇ ਦੋ ਸਾਲਾਂ ਵਿਚ 750 ਪਿੰਡਾਂ ਵਿੱਚ ਖੇਡ ਸਟੇਡੀਅਮ ਤੇ ਸਾਰੀ ਪੇਂਡੂ ਵਸੋਂ ਨੂੰ ਪੀਣਯੋਗ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਸਾਰੀ ਪੇਂਡੂ ਵਸੋਂ ਨੂੰ ਅਗਲੇ ਦੋ ਸਾਲਾਂ ‘ਚ ਪੀਣਯੋਗ ਪਾਣੀ ਮਿਲੇਗਾ, ਜਿਸ ਉਤੇ 1200 ਕਰੋੜ ਰੁਪਏ ਖਰਚੇ ਜਾਣਗੇ। ਕੈਪਟਨ ਨੇ ਕਿਹਾ ਕਿ ਅਗਲੇ ਦੋ ਸਾਲਾਂ ‘ਚ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ‘ਤੇ 1046 ਕਰੋੜ ਰੁਪਏ ਖਰਚੇ ਜਾਣਗੇ ਜਦਕਿ ਸੂਬੇ ਦੇ ਸਾਰੇ ਪੇਂਡੂ ਤੇ ਸ਼ਹਿਰੀ ਪਰਿਵਾਰਾਂ ਨੂੰ 5 ਲੱਖ ਰੁਪਏ ਸਿਹਤ ਬੀਮਾ ਮੁਹੱਈਆ ਕਰਵਾਉਣ ਲਈ ਸਰਬੱਤ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਇਆ ਜਾਵੇਗਾ।
ਔਰਤਾਂ ਦੇ ਸਮਾਜਿਕ ਤੇ ਆਰਥਿਕ ਸਸ਼ਕਤੀਕਰਨ ਦੇ ਟੀਚੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤੇ ਮਾਤਾ ਕਸਤੂਰਬਾ ਮਹਿਲਾ ਯੋਜਨਾ ਜਲਦ ਹੀ ਸ਼ੁਰੂ ਹੋਵੇਗੀ। ਸੂਬਾ ਸਰਕਾਰ ਦਿਵਿਆਂਗ ਲੋਕਾਂ ਨੂੰ ਆਰਥਿਕ ਤੌਰ ਉਤੇ ਮਜ਼ਬੂਤ ਕਰਨ ਲਈ ਜਲਦ ਹੀ ਸਕੀਮ ਨੂੰ ਅੰਤਿਮ ਰੂਪ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਰਕੇ ਆਈ ਆਰਥਿਕ ਮੰਦੀ, ਜਿਸ ਦੇ ਚਲਦਿਆਂ ਮੌਜੂਦਾ ਸਾਲ ਦੀ ਪਹਿਲੀ ਤਿਮਾਹੀ ‘ਚ 50 ਫੀਸਦੀ ਮਾਲੀਆ ਘਟ ਗਿਆ ਹੈ, ਦੇ ਬਾਵਜੂਦ ਸੂਬਾ ਸਰਕਾਰ ਇਸ ਸੰਕਟ ਨਾਲ ਨਜਿੱਠਣ ਲਈ ਸਫਲਤਾਪੂਰਵਕ ਪਹਿਲਕਦਮੀਆਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਸੁਚਾਰੂ ਤੇ ਨਿਰਵਿਘਨ ਖਰੀਦ ਯਕੀਨੀ ਬਣਾਉਣ ਨਾਲ ਕਿਸਾਨ ਭਾਈਚਾਰੇ ਨੂੰ 26,000 ਕਰੋੜ ਰੁਪਏ ਦੀ ਸਹਾਇਤਾ ਪ੍ਰਾਪਤ ਹੋਈ ਹੈ। ਆਨਲਾਈਨ ਸਿੱਖਿਆ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ 12ਵੀਂ ਦੇ 1.74 ਲੱਖ ਵਿਦਿਆਰਥੀਆਂ ਨੂੰ ਇਸ ਸਾਲ ਸਮਰਾਟ ਫੋਨ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ ਟੈਕਸ ‘ਚ ਰਾਹਤਾਂ ਤੇ ਛੋਟਾਂ ਦੇਣ ਤੋਂ ਇਲਾਵਾ ਵਿਅਕਤੀਗਤ ਦਿੱਤੀਆਂ ਜਾਣ ਵਾਲੀਆਂ ਫੀਸਾਂ, ਟੈਕਸਾਂ ਤੇ ਕਰਜ਼ਿਆਂ ਦਾ ਕਾਫੀ ਕੁਝ ਮੁਆਫ ਕੀਤਾ ਗਿਆ ਹੈ ਤੇ ਕੁਝ ਨੂੰ ਅੱਗੇ ਪਾਉਣ ਦਾ ਐਲਾਨ ਕੀਤਾ ਗਿਆ ਹੈ।
______________________________
ਪੰਜਾਬ ‘ਚ ਤਿੰਨ ਮੈਡੀਕਲ ਕਾਲਜ ਬਣਾਏ ਜਾਣਗੇ
ਅੰਮ੍ਰਿਤਸਰ: ਆਜ਼ਾਦੀ ਦਿਹਾੜੇ ਮੌਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦੇ ਹੋਏ ਐਲਾਨ ਕੀਤਾ ਕਿ ਪੰਜਾਬ ਵਿਚ 1200 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਮੈਡੀਕਲ ਕਾਲਜ ਅਤੇ ਅੰਮ੍ਰਿਤਸਰ ਵਿਚ ਸਟੇਟ ਕੈਂਸਰ ਇੰਸਟੀਚਿਊਟ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਕਾਲਜ ਮੁਹਾਲੀ, ਕਪੂਰਥਲਾ ਤੇ ਹੁਸ਼ਿਆਰਪੁਰ ਵਿਚ ਖੋਲ੍ਹੇ ਜਾ ਰਹੇ ਹਨ ਤੇ ਅੰਮ੍ਰਿਤਸਰ ਵਿਚ 120 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਸਹਾਇਤਾ ਰਕਮ ਨੂੰ 10 ਲੱਖ ਤੋਂ ਵਧਾ ਕੇ 50 ਲੱਖ ਕਰ ਦਿੱਤਾ ਹੈ।
__________________________________________
ਆਜ਼ਾਦੀ ਦਿਵਸ ‘ਤੇ ਪੁਲਿਸ ਮੁਲਾਜ਼ਮਾਂ ਨੂੰ ਤੋਹਫਾ
ਪਟਿਆਲਾ: ਪੁਲਿਸ ਮੁਲਾਜ਼ਮਾਂ ਵੱਲੋਂ ਅਮਨ ਕਾਨੂੰਨ ਦੀ ਬਹਾਲੀ ਤੇ ਨਾਗਰਿਕ ਸੁਰੱਖਿਆ ਲਈ ਆਮ ਡਿਊਟੀ ਸਣੇ ਕਰੋਨਾ ਮਹਾਮਾਰੀ ਦੌਰਾਨ ਕਰੋਨਾ ਯੋਧਿਆਂ ਵਜੋਂ ਵੀ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਇਸ ਦਾ ਸਤਿਕਾਰ ਕਰਦਿਆਂ ਪਟਿਆਲਾ ਦੇ ਨਵੇਂ ਆਏ ਐਸ਼ਐਸ਼ਪੀ. ਵਿਕਰਮ ਜੀਤ ਦੁੱਗਲ ਨੇ ਆਜ਼ਾਦੀ ਦਿਹਾੜੇ ਮੌਕੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਜਨਮ ਦਿਨ ਅਤੇ ਵਿਆਹ ਵਰ੍ਹੇਗੰਢ ਮੌਕੇ ਲਾਜ਼ਮੀ ਛੁੱਟੀ ਦਿੱਤੇ ਜਾਣ ਦਾ ਤੋਹਫਾ ਦਿੱਤਾ ਹੈ। ਐਸ਼ਐਸ਼ਪੀ. ਨੇ ਕਿਹਾ ਕਿ ਇਹ ਫੈਸਲਾ ਪੁਲਿਸ ਦੇ ਕੰਮ-ਕਾਜ ਵਿਚ ਹੋਰ ਬਿਹਤਰੀ ਲਿਆਉਣ ਸਣੇ ਉਨ੍ਹਾਂ ਦੇ ਮਨੋਬਲ ਨੂੰ ਵੀ ਉੱਚਾ ਕਰੇਗਾ।
_______________________________________
ਭਾਰਤ-ਪਾਕਿ ਵਿਚਾਲੇ ਨਾ ਹੋ ਸਕਿਆ ਮਠਿਆਈ ਦਾ ਲੈਣ-ਦੇਣ
ਅਟਾਰੀ: ਭਾਰਤ-ਪਾਕਿਸਤਾਨ ਵਿਚਾਲੇ ਬੀਤੇ ਸਮੇਂ ਤੋਂ ਚੱਲ ਰਹੇ ਕੁੜੱਤਣ ਭਰੇ ਸਬੰਧਾਂ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ‘ਤੇ ਲੰਮੇ ਸਮੇਂ ਤੋਂ ਖਾਸ ਦਿਹਾੜਿਆਂ ਉਤੇ ਕੀਤਾ ਜਾਂਦਾ ਮਠਿਆਈ ਦਾ ਆਦਾਨ-ਪ੍ਰਦਾਨ ਇਸ ਵਾਰ ਨਹੀਂ ਹੋ ਸਕਿਆ। ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵੱਲੋਂ ਨੈਤਿਕਤਾ ਅਤੇ ਭਾਈਵਾਲਤਾ ਦਾ ਮੁਜ਼ਾਹਰਾ ਕਰਦਿਆਂ ਈਦ, ਆਜ਼ਾਦੀ ਦਿਹਾੜਿਆਂ, ਦੀਵਾਲੀ ਤੇ ਹੋਰ ਕੌਮੀ ਦਿਨਾਂ ‘ਤੇ ਇਕ-ਦੂਸਰੇ ਨੂੰ ਮਠਿਆਈ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਪਰ ਬੀਤੇ ਸਮੇਂ ਤੋਂ ਪੁਲਵਾਮਾ ਹਮਲਾ ਤੇ ਉਸ ਤੋਂ ਬਾਅਦ ਭਾਰਤ ਵੱਲੋਂ ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਐਲਾਨਣ ਤੋਂ ਬਾਅਦ ਇਸ ਸਿਲਸਿਲੇ ਵਿਚ ਖੜੋਤ ਉਸੇ ਤਰ੍ਹਾਂ ਬਰਕਰਾਰ ਰਹੀ ਅਤੇ ਦੋਵਾਂ ਦੇਸ਼ਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਬੀ.ਐਸ਼ਐਫ਼ ਅਤੇ ਪਾਕਿਸਤਾਨ ਰੇਂਜਰਜ ਦੇ ਅਧਿਕਾਰੀਆਂ ਵਿਚਾਲੇ ਭਾਰਤ-ਪਾਕਿਸਤਾਨ ਦੇ ਆਜ਼ਾਦੀ ਦਿਹਾੜਿਆਂ ‘ਤੇ ਮਠਿਆਈ ਦਾ ਵਟਾਂਦਰਾ ਨਹੀਂ ਹੋ ਸਕਿਆ।