ਰੂਸ ਵਲੋਂ ਵਿਕਸਿਤ ਕਰੋਨਾ ਵੈਕਸੀਨ ਦੀ ਕਾਰਗਰਤਾ ‘ਤੇ ਉਠੇ ਸਵਾਲ

ਨਵੀਂ ਦਿੱਲੀ: ਰੂਸ ਵੱਲੋਂ ਵਿਕਸਤ ਕੀਤੇ ਗਏ ਕੋਵਿਡ-19 ਦੇ ਟੀਕਾ ਦੇ ਅਸਰਦਾਰ ਹੋਣ ਸਬੰਧੀ ਭਾਰਤ ਸਮੇਤ ਦੁਨੀਆਂ ਦੇ ਕਈ ਵਿਗਿਆਨੀਆਂ ਨੂੰ ਸ਼ੱਕ ਹੈ। ਇਥੋਂ ਤੱਕ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਦਾ ਕਹਿਣਾ ਹੈ ਕਿ ਉਹ ਕੋਵਿਡ-19 ਦੇ ਇਲਾਜ ਲਈ ਦੁਨੀਆਂ ਦੀ ਪਹਿਲੀ ਵੈਕਸੀਨ ਬਣਨ ਦੇ ਮਾਮਲੇ ‘ਚ ਰੂਸ ਨਾਲ ਸੰਪਰਕ ‘ਚ ਹਨ। ਡਬਲਿਊੂਐਚ.ਓ. ਵੈਕਸੀਨ ਦੀ ਤਿੰਨ ਪੜਾਵੀ ਅਜ਼ਮਾਇਸ਼ ਉਤੇ ਵੀ ਸਵਾਲ ਖੜੇ ਕਰ ਰਿਹਾ ਹੈ।

ਉਧਰ, ਪੁਣੇ ‘ਚ ਭਾਰਤੀ ਵਿਗਿਆਨ ਸੰਸਥਾ, ਸਿੱਖਿਆ ਤੇ ਖੋਜ ਦੀ ਇਕ ਮਾਹਿਰ ਵਿਨੀਤਾ ਬੱਲ ਨੇ ਕਿਹਾ, ‘ਜਦੋਂ ਤੱਕ ਲੋਕਾਂ ਕੋਲ ਦੇਖਣ ਲਈ ਕਲੀਨੀਕਲ ਟੈਸਟਾਂ ਤੇ ਗਿਣਤੀ ਸਮੇਤ ਅੰਕੜੇ ਨਹੀਂ ਹਨ ਤਾਂ ਇਹ ਮੰਨਣਾ ਮੁਸ਼ਕਿਲ ਹੈ ਕਿ ਜੂਨ 2020 ਤੇ ਅਗਸਤ 2020 ਵਿਚਾਲੇ ਟੀਕੇ ਦੇ ਅਸਰਦਾਰ ਹੋਣ ਬਾਰੇ ਅਧਿਐਨ ਕੀਤਾ ਗਿਆ ਹੈ।’
ਅਮਰੀਕਾ ਦੇ ਮਾਊਂਟ ਸਿਨਾਈ ਦੇ ਇਕਾਨ ਸਕੂਲ ਆਫ ਮੈਡੀਸਨ ਦੇ ਪ੍ਰੋ. ਫਲੋਰੀਅਨ ਕ੍ਰੇਮਰ ਨੇ ਕਿਹਾ, ‘ਅਜੇ ਇਹ ਪੱਕਾ ਨਹੀਂ ਹੈ ਕਿ ਰੂਸ ਕੀ ਕਰ ਰਿਹਾ ਹੈ ਪਰ ਮੈਂ ਲਾਜ਼ਮੀ ਤੌਰ ਉਤੇ ਟੀਕਾ ਨਹੀਂ ਲਵਾਂਗਾ ਜਿਸ ਦਾ ਤੀਜੇ ਗੇੜ ਦਾ ਟੈਸਟ ਨਹੀਂ ਕੀਤਾ ਗਿਆ।’ ਨਵੀਂ ਦਿੱਲੀ ਦੀ ਨੈਸ਼ਨਲ ਇੰਸਟੀਚਿਊਟ ਆਫ ਇਮਿਊਨਾਲੌਜੀ ਦੇ ਸੱਤਿਆਜੀਤ ਰਥ ਨੇ ਕਿਹਾ ਕਿ ਰੂਸੀ ਟੀਕੇ ਦੇ ਪ੍ਰਭਾਵੀ ਹੋਣ ਦਾ ਅਜੇ ਕੋਈ ਸਬੂਤ ਨਹੀਂ ਹੈ। ਹੈਦਰਾਬਾਦ ਦੇ ਸੀ.ਸੀ.ਐਮ.ਬੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਰੂਸ ਦੇ ਟੀਕੇ ਦੇ ਸਬੰਧੀ ਲੋੜੀਂਦੇ ਅੰਕੜੇ ਮੁਹੱਈਆ ਨਾ ਹੋਣ ਕਾਰਨ ਇਸ ਟੀਕੇ ਦੇ ਅਸਰਦਾਰ ਹੋਣ ਤੇ ਇਸ ਦੀ ਵਰਤੋਂ ਸੁਰੱਖਿਅਤ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ‘ਪੈਨ ਅਮਰੀਕੀ ਹੈਲਥ ਆਰਗੇਨਾਈਜ਼ੇਸ਼ਨ’ ਨੇ ਕਿਹਾ ਕਿ ਮਾਪ-ਦੰਡ, ਸੁਰੱਖਿਆ ਤੇ ਪ੍ਰਭਾਵ ਨੂੰ ਲੈ ਕੇ ਅਜੇ ਇਸ ਟੀਕੇ ਦੀ ਅਜ਼ਮਾਇਸ਼ ਕੀਤੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਕੋਵਿਡ ਦੀ ਵੈਕਸੀਨ ਬਾਰੇ ਪ੍ਰਸ਼ਾਸਨ ਦੇ ਕੌਮੀ ਮਾਹਿਰਾਂ ਨੇ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਦੀ ਅਗਵਾਈ ਹੇਠ ਮੀਟਿੰਗ ਕਰਕੇ ਕਰੋਨਾ ਦੀ ਭਵਿੱਖ ਵਿਚ ਬਣਨ ਵਾਲੀ ਵੈਕਸੀਨ ਦੀ ਵੰਡ ਪ੍ਰਣਾਲੀ ਬਾਰੇ ਵੀ ਚਰਚਾ ਕੀਤੀ ਹੈ।
ਉਧਰ, ਰੂਸੀ ਕਰੋਨਾ ਵੈਕਸੀਨ ਸਪੂਤਨਿਕ-5 ਨੂੰ ਲੈ ਕੇ ਬਣਾਈ ਗਈ ਵੈੱਬਸਾਈਟ ਉਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ, ਯੂ.ਏ.ਈ., ਸਾਊਦੀ ਅਰਬ, ਇੰਡੋਨੇਸ਼ੀਆ, ਫਿਲੀਪੀਨਸ, ਬ੍ਰਾਜ਼ੀਲ ਤੇ ਮੈਕਸੀਕੋ ਨੇ ਰੂਸ ਦੀ ਵੈਕਸੀਨ ਨੂੰ ਖਰੀਦਣ ਦੀ ਗੱਲ ਕੀਤੀ ਹੈ। ਇਸ ਵੈਕਸੀਨ ਦੇ 20 ਕਰੋੜ ਡੋਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ‘ਚੋਂ 3 ਕਰੋੜ ਸਿਰਫ ਰੂਸੀ ਲੋਕਾਂ ਲਈ ਹੋਵੇਗੀ। ਰੂਸੀ ਕਰੋਨਾ ਵੈਕਸੀਨ ਪ੍ਰੀਯੋਜਨਾ ਲਈ ਫੰਡ ਮੁਹੱਈਆ ਕਰਵਾਉਣ ਵਾਲੀ ਸੰਸਥਾ ਰਸ਼ੀਅਨ ਡਾਇਰੈਕਟ ਫੰਡ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਇਸ ਵੈਕਸੀਨ ਦਾ ਉਤਪਾਦਨ ਭਾਰਤ, ਦੱਖਣੀ ਕੋਰੀਆ, ਬ੍ਰਾਜ਼ੀਲ, ਸਾਊਦੀ ਅਰਬ, ਤੁਰਕੀ ਅਤੇ ਕਿਊਬਾ ‘ਚ ਕੀਤਾ ਜਾਵੇਗਾ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵੈਕਸੀਨ ਦੇ ਤੀਜੇ ਪੜਾਅ ਦਾ ਟਰਾਇਲ ਸਾਊਦੀ ਅਰਬ, ਯੂ.ਏ.ਈ. ਬ੍ਰਾਜ਼ੀਲ, ਭਾਰਤ ਤੇ ਫਿਲਪੀਨਸ ਸਮੇਤ ਕਈ ਦੇਸ਼ਾਂ ‘ਚ ਕੀਤੇ ਜਾਣ ਦੀ ਯੋਜਨਾ ਹੈ। ਰੂਸ ਨੇ ਦੱਸਿਆ ਕਿ ਹੈ ਕਿ ਵੈਕਸੀਨ ਦਾ ਵੱਡੇ ਪੱਧਰ ‘ਤੇ ਉਤਪਾਦਨ ਸਤੰਬਰ 2020 ‘ਚ ਸ਼ੁਰੂ ਹੋਣ ਦੀ ਉਮੀਦ ਹੈ। ਭਵਿੱਖ ਦੀਆਂ ਯੋਜਨਾਵਾਂ ਵਿਚ 2020 ਦੇ ਅੰਤ ਤੱਕ ਇਸ ਵੈਕਸੀਨ ਦੇ 20 ਕਰੋੜ ਡੋਜ਼ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
___________________________________
ਕਰੋਨਾ ਕੇਸਾਂ ਦਾ ਸਿਖਰ ਹਾਲੇ ਆਉਣਾ: ਗੁਲੇਰੀਆ
ਨਵੀਂ ਦਿੱਲੀ: ਏਮਸ ਦੇ ਨਿਰਦੇਸ਼ਕ ਅਤੇ ਭਾਰਤ ਦੇ ਉਘੇ ਸਿਹਤ ਮਾਹਿਰ ਡਾ. ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਦੇਸ਼ ਵਿਚ ਅਜੇ ਤੱਕ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ ਵਿਚ ਸਿਖਰ ਜਾਂ ਸਥਿਰਤਾ ਨਹੀਂ ਆਈ ਹੈ। ਇਹ ਟਿੱਪਣੀਆਂ ਉਸ ਵੇਲੇ ਆਈਆਂ ਹਨ ਜਦੋਂ ਦੇਸ਼ ਵਿਚ ਰੋਜ਼ਾਨਾ ਲਾਗ ਦੇ 60 ਹਜ਼ਾਰ ਤੋਂ ਵੱਧ ਨਵੇਂ ਕੇਸ ਆ ਰਹੇ ਹਨ। ਮਹਾਮਾਰੀ ਸਬੰਧੀ ਕੋਰ ਨਿਗਰਾਨ ਟੀਮ ਦੇ ਮੈਂਬਰ ਗੁਲੇਰੀਆ ਨੇ ਕਿਹਾ, ”ਇਹ ਪ੍ਰੀਖਿਆ ਦੀ ਘੜੀ ਹੈ। ਇਸ ਨੇ ਮੁਲਕ ਦੀ ਬਰਦਾਸ਼ਤ ਸ਼ਕਤੀ ਨੂੰ ਪਰਖਿਆ ਹੈ। ਜਿਥੋਂ ਤੱਕ ਕੇਸਾਂ ਦੀ ਗਿਣਤੀ ਦਾ ਮਾਮਲਾ ਹੈ, ਅਸੀਂ ਅਜੇ ਤੱਕ ਸਿਖਰ ਜਾਂ ਸਥਿਰਤਾ ਤੱਕ ਨਹੀਂ ਪੁੱਜੇ ਹਾਂ।”