ਰਾਜਸਥਾਨ ਸਿਆਸੀ ਸੰਕਟ: ਮੱਧ ਪ੍ਰਦੇਸ਼ ਵਾਲਾ ਦਾਅ ਲਾਉਣ ਤੋਂ ਖੁੰਝੀ ਭਾਜਪਾ

ਜੈਪੁਰ: ਰਾਜਸਥਾਨ ਵਿਚ ਕਾਂਗਰਸ ਸਰਕਾਰ ਦਾ ਸਿਆਸੀ ਸੰਕਟ ਫਿਲਹਾਲ ਟਲ ਗਿਆ ਹੈ। ਵਿਧਾਨ ਸਭਾ ‘ਚ ਅਸ਼ੋਕ ਗਹਿਲੋਤ ਸਰਕਾਰ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਨਾਲ ਹੀ ਕਾਂਗਰਸ ਪਾਰਟੀ ‘ਚ ਪੈਦਾ ਹੋਈ ਬਗਾਵਤ ਦਾ ਦੌਰ ਖਤਮ ਹੋ ਗਿਆ ਹੈ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਜ਼ਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਸਚਿਨ ਪਾਇਲਟ ਧੜੇ ਦੇ 19 ਵਿਧਾਇਕਾਂ ਦੇ ਕਾਂਗਰਸ ‘ਚ ਪਰਤਣ ਨਾਲ ਸਰਕਾਰ ਨੂੰ ਬਹੁਮਤ ਮਿਲਣਾ ਸੁਭਾਵਿਕ ਸੀ। ਮਤੇ ‘ਤੇ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ‘ਤੇ ਮੁੜ ਦੋਸ਼ ਲਾਇਆ ਕਿ ਉਸ ਨੇ ਉਨ੍ਹਾਂ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਕਾਂਗਰਸ ਸਰਕਾਰਾਂ ਨੂੰ ਨਿਸ਼ਾਨਾ ਬਣਾਉਣ ਦਾ ਭਾਜਪਾ ‘ਤੇ ਦੋਸ਼ ਲਾਉਂਦਿਆਂ ਗਹਿਲੋਤ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼, ਕਰਨਾਟਕ, ਗੋਆ ਅਤੇ ਮੱਧ ਪ੍ਰਦੇਸ਼ ‘ਚ ਕੀ ਹੋਇਆ? ਚੁਣੀਆਂ ਹੋਈਆਂ ਸਰਕਾਰ ਨੂੰ ਡੇਗ ਦਿੱਤਾ ਗਿਆ ਅਤੇ ਲੋਕਤੰਤਰ ਖਤਰੇ ‘ਚ ਹੈ।” ਉਨ੍ਹਾਂ ਗਜੇਂਦਰ ਸਿੰਘ ਸ਼ੇਖਾਵਤ ਦਾ ਨਾਮ ਲਏ ਬਿਨਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਕਾਂਗਰਸ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਘੜੀ ਸੀ।
ਦੱਸ ਦਈਏ ਕਿ ਕਾਂਗਰਸ ਸੱਤਾ ਵਾਲੇ ਸੂਬਿਆਂ ਵਿਚ ਭਾਜਪਾ ਦੀ ਘੁਸਪੈਠ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੇਸ਼ ਭਰ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਛੱਤੀਸਗੜ੍ਹ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਤੱਕ ਕਾਂਗਰਸ ਦੀਆਂ ਹਕੂਮਤਾਂ ਸੁੰਗੜ ਕੇ ਰਹਿ ਗਈਆਂ ਸਨ ਪਰ ਮੱਧ ਪ੍ਰਦੇਸ਼ ਵਿਚ ਕਮਲਨਾਥ ਦੇ ਮੁੱਖ ਮੰਤਰੀ ਹੁੰਦਿਆਂ ਜਿਓਤੀਰਾਦਿਤਿਆ ਸਿੰਧੀਆ ਦੀ ਅਗਵਾਈ ਵਿਚ ਜਿਸ ਤਰ੍ਹਾਂ ਕਾਂਗਰਸ ਸਰਕਾਰ ਵਿਰੁੱਧ ਬਗਾਵਤ ਹੋਈ, ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਮੁੱਖ ਮੰਤਰੀ ਕਮਲਨਾਥ ਨੂੰ ਪਟਕਾ ਮਾਰ ਕੇ ਆਪਣੀ ਸਰਕਾਰ ਬਣਾ ਲਈ, ਉਸ ਨਾਲ ਭਾਜਪਾ ਦੇ ਜਮਹੂਰੀਅਤ ਵਿਰੋਧੀ ਹੋਣ ਦੀ ਆਲੋਚਨਾ ਤਾਂ ਜ਼ਰੂਰ ਹੋਈ ਸੀ ਪਰ ਇਸ ਨੇ ਕਾਂਗਰਸ ਅੰਦਰ ਪੈਦਾ ਹੋ ਚੁੱਕੀ ਕਮਜ਼ੋਰੀ ਨੂੰ ਵੀ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਸੀ।
ਮੱਧ ਪ੍ਰਦੇਸ਼ ਨੂੰ ਲੈ ਕੇ ਪਾਰਟੀ ਅੰਦਰ ਨਿਰਾਸ਼ਾ ਦਾ ਦੌਰ ਅਜੇ ਜਾਰੀ ਹੀ ਸੀ ਕਿ ਰਾਜਸਥਾਨ ਵਿਚ ਸਰਕਾਰ ਅੰਦਰ ਹੋਈ ਉਥਲ-ਪੁਥਲ ਨੇ ਕਾਂਗਰਸ ਨੂੰ ਜੜ੍ਹਾਂ ਤੱਕ ਹਿਲਾ ਕੇ ਰੱਖ ਦਿੱਤਾ। ਮਹੀਨੇ ਭਰ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁੱਧ ਸਚਿਨ ਪਾਇਲਟ ਅਤੇ 18 ਹੋਰ ਵਿਧਾਇਕਾਂ ਵੱਲੋਂ ਬਗਾਵਤ ਦਾ ਝੰਡਾ ਚੁੱਕ ਲੈਣ ਕਾਰਨ ਗਿਣਤੀਆਂ-ਮਿਣਤੀਆਂ ਦੇ ਪੱਖ ਤੋਂ ਵੀ ਸੂਬਾ ਸਰਕਾਰ ਪੂਰੀ ਤਰ੍ਹਾਂ ਡੋਲਦੀ ਨਜ਼ਰ ਆਉਂਦੀ ਰਹੀ ਹੈ। ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਕਰਕੇ ਵੀ ਇਕ ਤਰ੍ਹਾਂ ਨਾਲ ਸਿਆਸਤ ਵਿਚ ਘਮਸਾਨ ਪੈਦਾ ਹੋ ਗਿਆ ਸੀ। ਇਸ ਸਾਰੇ ਸਮੇਂ ਵਿਚ ਭਾਰਤੀ ਜਨਤਾ ਪਾਰਟੀ ‘ਤੇ ਕਾਂਗਰਸ ਵਲੋਂ ਇਹ ਦੋਸ਼ ਲਗਾਏ ਜਾਂਦੇ ਰਹੇ ਕਿ ਉਹ ਸੂਬਾ ਸਰਕਾਰ ਨੂੰ ਡੇਗਣ ਦੀਆਂ ਯੋਜਨਾਵਾਂ ਬਣਾ ਰਹੀ ਹੈ। ਭਾਜਪਾ ਨੇ ਇਥੇ ਵੀ ਮੱਧ ਪ੍ਰਦੇਸ਼ ਵਰਗੀ ਖੇਡ ਖੇਡਣ ਦਾ ਯਤਨ ਕੀਤਾ ਸੀ। ਉਹ ਪਾਇਲਟ ਤੇ ਉਸ ਦੇ ਸਾਥੀਆਂ ਨੂੰ ਲੈ ਕੇ ਵਿਧਾਨ ਸਭਾ ਵਿਚ ਆਪਣੀ ਗਿਣਤੀ ਵਧਾਉਣ ਦੇ ਆਹਰ ਵਿਚ ਸੀ, ਤਾਂ ਜੋ ਗਹਿਲੋਤ ਸਰਕਾਰ ਨੂੰ ਪਟਕਣੀ ਦਿੱਤੀ ਜਾ ਸਕੇ ਪਰ ਰਾਜਸਥਾਨ ਭਾਜਪਾ ਅੰਦਰ ਵੀ ਵਸੁੰਧਰਾ ਰਾਜੇ ਸਿੰਧੀਆ ਧੜੇ ਵੱਲੋਂ ਪਾਇਲਟ ਨੂੰ ਆਪਣੇ ਨਾਲ ਲੈ ਕੇ ਚੱਲਣ ਪ੍ਰਤੀ ਨਾਂਹ-ਪੱਖੀ ਰੁਖ ਹੀ ਅਪਣਾਇਆ ਗਿਆ। ਲੰਮੀ ਕਵਾਇਦ ਤੋਂ ਬਾਅਦ ਵੀ ਕਾਂਗਰਸ ਦੇ ਬਾਗੀ ਗਰੁੱਪ ਦਾ ਭਾਜਪਾ ਨਾਲ ਕੋਈ ਤਾਲਮੇਲ ਸਿਰੇ ਨਾ ਚੜ੍ਹ ਸਕਿਆ। ਇਸ ਲਈ ਜਿਥੇ ਪਾਇਲਟ ਅਤੇ ਉਸ ਦੇ ਸਾਥੀਆਂ ਨੂੰ ਵਾਪਸ ਪਰਤ ਕੇ ਰਾਹੁਲ ਗਾਂਧੀ ਰਾਹੀਂ ਮੁੜ ਪਾਰਟੀ ਅਤੇ ਸਰਕਾਰ ਨਾਲ ਖੜ੍ਹੇ ਹੋਣਾ ਪਿਆ, ਉਥੇ ਇਹ ਗੱਲ ਭਾਜਪਾ ਲਈ ਵੀ ਨਮੋਸ਼ੀ ਵਾਲੀ ਕਹੀ ਜਾ ਸਕਦੀ ਹੈ, ਕਿਉਂਕਿ ਉਹ ਰਾਜਸਥਾਨ ਵਿਚ ਮੱਧ ਪ੍ਰਦੇਸ਼ ਵਾਲੀ ਖੇਡ ਖੇਡਣ ਵਿਚ ਸਫਲ ਨਹੀਂ ਹੋ ਸਕੀ।