ਵਿੱਤੀ ਤੰਗੀ: ਹੁਣ ਕਰਜ਼ੇ ਆਸਰੇ ਦਿਨ ਪੂਰੇ ਕਰੇਗੀ ਕੈਪਟਨ ਸਰਕਾਰ

ਚੰਡੀਗੜ੍ਹ: ਕਰੋਨਾ ਮਹਾਮਾਰੀ ਨੇ ਪੰਜਾਬ ਸਰਕਾਰ ਦੀ ਆਰਥਿਕਤਾ ਨੂੰ ਝੰਬ ਕੇ ਰੱਖ ਦਿੱਤਾ ਹੈ। ਪਹਿਲਾਂ ਹੀ ਵਿੱਤੀ ਤੰਗੀ ਦਾ ਸ਼ਿਕਾਰ ਸੂਬਾ ਸਰਕਾਰ ਹੁਣ ਕਰਜ਼ਿਆਂ ਦੇ ਆਸਰੇ ਆਪਣਾ ਬਚਿਆ ਸਮਾਂ ਪੂਰਾ ਕਰੇਗੀ। ਹੁਣ ਇਹ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਚਾਰ ਸਾਲਾਂ ਦੇ ਸਮੇਂ ਦੌਰਾਨ ਸੂਬੇ ਸਿਰ 78 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ। ਸਰਕਾਰ ਦੀ ਹਾਲਤ ਇਥੋਂ ਤੱਕ ਨਿੱਘਰ ਗਈ ਹੈ ਕਿ ਪੂੰਜੀਗਤ ਖਰਚਿਆਂ ਲਈ ਸਰਕਾਰ ਕੋਲ ਸਾਲਾਨਾ ਬਹੁਤ ਘੱਟ ਪੈਸਾ ਬਚਦਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਚਲੰਤ ਮਾਲੀ ਸਾਲ ਦਾ ਬਜਟ ਪੇਸ਼ ਕਰਨ ਲੱਗਿਆਂ 31 ਮਾਰਚ 2021 ਤੱਕ 2 ਲੱਖ 48 ਹਜ਼ਾਰ ਕਰੋੜ ਰੁਪਏ ਤੱਕ ਕਰਜ਼ਾ ਵਧਣ ਦਾ ਐਲਾਨ ਕੀਤਾ ਗਿਆ ਸੀ।

ਕੇਂਦਰ ਸਰਕਾਰ ਵੱਲੋਂ ਕਰਜ਼ਾ ਚੁੱਕਣ ਦੀ ਦਰ ਵਧਾਉਣ ਨਾਲ ਕਰਜ਼ੇ ਦੀ ਪੰਡ 2 ਲੱਖ 60 ਹਜ਼ਾਰ ਕਰੋੜ ਰੁਪਏ ਤੱਕ ਭਾਰੀ ਹੋਣ ਦਾ ਅਨੁਮਾਨ ਹੈ। ਲੰਘੇ ਮਾਲੀ ਸਾਲ ਦੌਰਾਨ ਮਹਿਜ਼ 3 ਹਜ਼ਾਰ ਕਰੋੜ ਰੁਪਏ ਦਾ ਪੂੰਜੀਗਤ ਖਰਚ ਹੋਇਆ ਸੀ। ਸਰਕਾਰ ਵੱਲੋਂ ਹੁਣ ਤਾਂ ਬੁਢਾਪਾ ਪੈਨਸ਼ਨਾਂ ਜਾਂ ਹੋਰ ਛੋਟੇ ਕੰਮਾਂ ਲਈ ਪੈਸਾ ਜਾਰੀ ਕਰਨ ਦਾ ਐਲਾਨ ਵੀ ਹੁੱਬ ਕੇ ਕਰਨਾ ਪੈ ਰਿਹਾ ਹੈ।
ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰਜ਼ਾ ਲੈਣ ਦੀ ਦਰ 3 ਤੋਂ ਵਧਾ ਕੇ 5 ਫੀਸਦੀ ਕਰਨ ਦੀ ਪ੍ਰਵਾਨਗੀ ਤਾਂ ਦੇ ਦਿੱਤੀ ਹੈ ਪਰ ਸ਼ਰਤਾਂ ਅਜਿਹੀਆਂ ਲਾ ਦਿੱਤੀਆਂ ਹਨ ਕਿ ਰਾਜ ਸਰਕਾਰਾਂ ਨੂੰ ਸਿਆਸੀ ਅਤੇ ਲੋਕਾਂ ਨੂੰ ਵਿੱਤੀ ਪੱਖ ਤੋਂ ਮਹਿੰਗੀ ਕੀਮਤ ਅਦਾ ਕਰਨੀ ਪਵੇਗੀ।
ਪੰਜਾਬ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 6 ਲੱਖ ਕਰੋੜ ਰੁਪਏ ਦੇ ਕਰੀਬ ਹੈ। ਇਸ ਤਰ੍ਹਾਂ ਨਾਲ ਰਾਜ ਸਰਕਾਰ 3 ਫੀਸਦੀ ਦੇ ਹਿਸਾਬ ਮੁਤਾਬਕ ਇਸ ਸਾਲ 18 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ ਤੇ ਜੀ.ਡੀ.ਪੀ. ਦਾ 5 ਫੀਸਦੀ ਕਰਨ ਨਾਲ ਸਰਕਾਰ 30 ਹਜ਼ਾਰ ਕਰੋੜ ਰੁਪਏ ਤੱਕ ਦਾ ਕਰਜ਼ਾ ਸਾਲਾਨਾ ਲੈ ਸਕੇਗੀ। ਸੂਬੇ ਲਈ ਸਭ ਤੋਂ ਵੱਡੀ ਸਮੱਸਿਆ ਬੱਝਵੇਂ ਖਰਚੇ ਹਨ ਜੋ ਸਰਕਾਰ ‘ਤੇ ਭਾਰੂ ਹਨ। ਇਹ ਵੀ ਅਹਿਮ ਤੱਥ ਹੈ ਕਿ ਸਰਕਾਰ ਵੱਲੋਂ ਆਪਣੇ ਖਰਚੇ ਘਟਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਕਰੋਨਾ ਦੀ ਮਾਰ ਕਾਰਨ ਜੇਕਰ ਖਰਚੇ ਘਟਾਏ ਵੀ ਹਨ ਤਾਂ ਮਹਿਜ਼ ਖਾਨਾਪੂਰਤੀ ਹੀ ਦਿਖਾਈ ਦੇ ਰਹੀ ਹੈ।
________________________________________
ਬੱਝਵੇਂ ਖਰਚਿਆਂ ਅੱਗੇ ਬੇਵਸੀ
ਚੰਡੀਗੜ੍ਹ: ਬੱਝਵੇਂ ਖਰਚਿਆਂ ਵਿਚ ਜੇਕਰ ਚਲੰਤ ਮਾਲੀ ਸਾਲ ਦਾ ਹਿਸਾਬ ਦੇਖ ਲਿਆ ਜਾਵੇ ਤਾਂ ਤਨਖਾਹਾਂ ਦਾ ਸਾਲਾਨਾ ਬੋਝ 27639 ਕਰੋੜ ਰੁਪਏ, ਪੈਨਸ਼ਨਾਂ ਦਾ ਸਾਲਾਨਾ ਬੋਝ 12267 ਕਰੋੜ ਰੁਪਏ, ਬਿਜਲੀ ਸਬਸਿਡੀ ਦਾ ਬੋਝ 12246 ਕਰੋੜ ਰੁਪਏ ਅਤੇ ਵਿਆਜ ਦੀ ਅਦਾਇਗੀ 19075 ਕਰੋੜ ਰੁਪਏ ਬਣਦਾ ਹੈ। ਚਲੰਤ ਮਾਲੀ ਸਾਲ ਦੌਰਾਨ ਕਰੋਨਾ ਕਰ ਕੇ ਮਾਲੀ ਘਾਟਾ 22 ਤੋਂ ਲੈ ਕੇ 25 ਹਜ਼ਾਰ ਕਰੋੜ ਰੁਪਏ ਤੱਕ ਪੈਣ ਦੀ ਸੰਭਾਵਨਾ ਹੈ। ਇਹ ਘਾਟਾ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ‘ਤੇ ਟੈਕਸ ਵੀ ਵਧਾ ਦਿੱਤਾ ਹੈ ਅਤੇ ਮੁੱਖ ਮੰਤਰੀ ਨੇ ਇਨ੍ਹਾਂ ਉਤੇ ਕਰ ਘੱਟ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
__________________________________________
ਮਾਫੀਆ ਰਾਜ ਦਾ ਬੋਲਬਾਲਾ
ਚੰਡੀਗੜ੍ਹ: ਪੰਜਾਬ ਸਰਕਾਰ ਦੀ ਆਮਦਨ ਦੇ ਦੋ ਵੱਡੇ ਸਰੋਤ ਸ਼ਰਾਬ ਅਤੇ ਮਾਈਨਿੰਗ ਹੋ ਸਕਦੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਦੋਹਾਂ ਖੇਤਰਾਂ ਵਿਚ ਹੀ ਕੋਈ ਖਾਸ ਪ੍ਰਗਤੀ ਨਹੀਂ ਦਿਖਾਈ ਗਈ ਹੈ। ਸ਼ਰਾਬ ਤੋਂ ਆਉਂਦੇ ਮਾਲੀਏ ਵਿਚ ਖੜੋਤ ਹੀ ਨਹੀਂ ਆਈ ਸਗੋਂ ਇਹ ਘਟਿਆ ਵੀ ਹੈ। ਸ਼ਰਾਬ ਮਾਫੀਆ ਦਾ ਬੋਲਬਾਲਾ ਵਧਣ ਕਾਰਨ ਸ਼ਰਾਬ ਦੀਆਂ ਨਕਲੀ ਫੈਕਟਰੀਆਂ ਵੀ ਫੜੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਮਾਈਨਿੰਗ ਤੋਂ ਆਉਣ ਵਾਲਾ ਮਾਲੀਆ ਵੀ ਸਰਕਾਰੀ ਖਜ਼ਾਨੇ ਵਿਚ ਆਉਣ ਦੀ ਥਾਂ ਮਹਿਜ਼ ਫਾਈਲਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਿਆ ਹੈ।
___________________________________________
ਆਮਦਨ ਘਟੀ ਪਰ ਵਿਕਾਸ ਕੰਮ ਨਹੀਂ ਰੁਕਣਗੇ: ਸਿੱਧੂ
ਮੁਹਾਲੀ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਮਜਬੂਰੀਵੱਸ 22 ਮਾਰਚ ਤੋਂ ਕਰਫਿਊ ਲਗਾਉਣਾ ਪਿਆ ਸੀ, ਜਿਸ ਕਾਰਨ ਆਮ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸਰਕਾਰ ਦੀ ਆਮਦਨ ਵੀ ਘਟੀ ਹੈ। ਹਾਲੇ ਵੀ ਕਾਰੋਬਾਰ ਲੀਹ ‘ਤੇ ਨਹੀਂ ਆਏ ਪਰ ਕਰੋਨਾ ਅਤੇ ਆਰਥਿਕ ਸੰਕਟ ਦੇ ਬਾਵਜੂਦ ਰਾਜ ਵਿਚ ਵਿਕਾਸ ਕਾਰਜਾਂ ਵਿਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਪਿੰਡ ਮੌਲੀ ਬੈਦਵਾਨ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਨ ਲਈ ਪੁਰਾਣੇ ਟੋਭੇ ਨੂੰ ਪੂਰ ਕੇ ਪਾਰਕ ਬਣਾਈ ਜਾ ਰਹੀ ਹੈ।