ਹਜੂਮੀ ਹਿੰਸਾ ਨਾਲ ਜੂਝ ਰਹੀ ਪੱਤਰਕਾਰੀ

ਮੋਦੀ ਸਰਕਾਰ ਨੇ ਭਾਰਤ ਅੰਦਰ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਇਸ ਦੇ ਖਿਲਾਫ ਬੋਲਣ ਵਾਲੇ ਹਰ ਸ਼ਖਸ ਅਤੇ ਸੰਸਥਾ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਦੀ ਭੀੜ ਨੇ ਦਿੱਲੀ ਵਿਚ ਉਨ੍ਹਾਂ ਤਿੰਨ ਪੱਤਰਕਾਰਾਂ ਉਤੇ ਹਮਲਾ ਬੋਲ ਦਿੱਤਾ, ਜਿਨ੍ਹਾਂ ਨੇ ਦਿੱਲੀ ਵਿਚ ਹੋਏ ਦੰਗਿਆਂ ਦੇ ਅਸਲ ਤੱਥ ਲੋਕਾਂ ਸਾਹਮਣੇ ਲਿਆਂਦੇ ਹਨ। ਕਾਲਮਨਵੀਸ ਬੂਟਾ ਸਿੰਘ ਨੇ ਇਸ ਸਮੁੱਚੇ ਹਾਲਾਤ ਬਾਰੇ ਚਰਚਾ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ
ਬੂਟਾ ਸਿੰਘ
ਫੋਨ: +91-94634-74342
11 ਅਗਸਤ ਨੂੰ ਉਤਰ-ਪੂਰਬੀ ਦਿੱਲੀ ਦੇ ਸੁਭਾਸ਼ ਨਗਰ ਵਿਚ ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਉਪਰ ਹਿੰਸਕ ਹਜੂਮ ਦਾ ਹਮਲਾ ਆਪਮੁਹਾਰੀ ਮਾਮੂਲੀ ਭੜਕਾਹਟ ਨਹੀਂ ਸੀ। ਇਹ ਆਰ ਐਸ ਐਸ-ਭਾਜਪਾ ਵਲੋਂ ਮੀਡੀਆ ਨੂੰ ਦਹਿਸ਼ਤ ਅਤੇ ਸੱਤਾ ਦੀ ਧੌਂਸ ਨਾਲ ਕੰਟਰੋਲ ਕਰਨ ਦੀ ਨੀਤੀ ਦਾ ਹਿੱਸਾ ਹੈ। ਇਹ ਜੱਗ ਜ਼ਾਹਿਰ ਹਕੀਕਤ ਹੈ ਕਿ ਜ਼ਿਆਦਾਤਰ ਮੀਡੀਆ ਆਰ ਐਸ ਐਸ-ਭਾਜਪਾ ਦਾ ਪ੍ਰਚਾਰ ਵਿਭਾਗ ਬਣ ਚੁੱਕਾ ਹੈ ਅਤੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਪ੍ਰਚਾਰ ਰਿਹਾ ਹੈ। ਪੱਤਰਕਾਰੀ ਦੇ ਅਸੂਲਾਂ ਨੂੰ ਪ੍ਰਨਾਏ ਗਿਣਤੀ ਦੇ ਪ੍ਰਕਾਸ਼ਨ ਸਮੂਹ ਹੀ ਬਚੇ ਹਨ ਜਿਨ੍ਹਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ। ਉਹ ਤੱਥ ਪੂਰਨ ਰਿਪੋਰਟਿੰਗ ਕਰਦਿਆਂ ਦਹਿਸ਼ਤ ਅਤੇ ਧਮਕੀਆਂ ਦਾ ਸਾਹਮਣਾ ਵੀ ਕਰ ਰਹੇ ਹਨ ਅਤੇ ਸੰਕਟ ਦੇ ਵਕਤ ਆਪਣੇ ਪੱਤਰਕਾਰਾਂ ਨਾਲ ਡਟ ਕੇ ਖੜ੍ਹਦੇ ਵੀ ਹਨ। ਇਸੇ ਹਿੱਸੇ ਨੂੰ ਦਬਾਉਣ ਲਈ ਹਜੂਮੀ ਹਿੰਸਾ ਦਾ ਸਹਾਰਾ ਲਿਆ ਜਾ ਰਿਹਾ ਹੈ।
ਸੀ.ਏ.ਏ.-ਐਨ.ਆਰ.ਸੀ. ਖਿਲਾਫ ਉਠੀ ਵਿਆਪਕ ਲੋਕ ਆਵਾਜ਼ ਨੂੰ ਦਬਾਉਣ ਲਈ ਫਰਵਰੀ 2020 ਵਿਚ ਆਰ ਐਸ ਐਸ-ਭਾਜਪਾ ਵਲੋਂ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ’ ਦਾ ਨਾਅਰਾ ਦੇ ਕੇ ਉਤਰ-ਪੂਰਬੀ ਦਿੱਲੀ ਵਿਚ ਪੁਲਿਸ ਦੀ ਮਿਲੀਭੁਗਤ ਨਾਲ ਜੋ ਕਤਲੇਆਮ ਅਤੇ ਲੁੱਟਮਾਰ ਕਰਵਾਈ ਸੀ, ਉਸ ਵਿਚ 53 ਲੋਕ ਮਾਰੇ ਗਏ ਸਨ। ਗੁਜਰਾਤ ਕਤਲੇਆਮ (2002) ਵਿਚ ਹਮਲਾਵਰ ਹਜੂਮ ਦਾ ਨਾਅਰਾ ਸੀ – ‘ਯੇ ਅੰਦਰ ਕੀ ਬਾਤ ਹੈ, ਪੁਲਿਸ ਹਮਾਰੇ ਸਾਥ ਹੈ’, ਦਿੱਲੀ ਵਿਚ ਹਮਲਾਵਰ ‘ਦਿੱਲੀ ਪੁਲਿਸ ਜ਼ਿੰਦਾਬਾਦ!’ ਦੇ ਨਾਅਰੇ ਲਗਾ ਰਹੇ ਸਨ। ਪੁਲਿਸ ਦੀ ਐਨੀ ਉਘੜਵੀਂ ਮਿਲੀਭੁਗਤ ਦੇ ਬਾਵਜੂਦ ਮੀਡੀਆ ਦੇ ਜ਼ਿਆਦਾਤਰ ਹਿੱਸੇ ਵਲੋਂ ਇਸ ਨੂੰ ਦੰਗੇ ਬਣਾ ਕੇ ਪੇਸ਼ ਕੀਤਾ ਗਿਆ ਜਦਕਿ ਇਹ ਘੱਟਗਿਣਤੀ ਦੀ ਹੱਕ-ਜਤਾਈ ਨੂੰ ਕੁਚਲਣ ਲਈ ਪੂਰੀ ਤਰ੍ਹਾਂ ਯੋਜਨਾਬੱਧ ਕਤਲੇਆਮ ਸੀ। ਪਹਿਲਾਂ ਹੀ ਹਾਸ਼ੀਏ ਉਪਰ ਰਹਿ ਰਹੀ ਮੁਸਲਿਮ ਘੱਟਗਿਣਤੀ ਉਪਰ ਢਾਹੇ ਗਏ ਇਸ ਕਹਿਰ ਦੇ ਤੱਥ ਅਜੇ ਪੂਰੀ ਤਰ੍ਹਾਂ ਨਸ਼ਰ ਵੀ ਨਹੀਂ ਸੀ ਹੋਏ ਕਿ ਘਿਨਾਉਣੀ ਹਿੰਸਾ ਦੀ ਹਕੀਕਤ ਕਰੋਨਾ ਅਤੇ ਕਰਫਿਊ ਦੀਆਂ ਖਬਰਾਂ ਹੇਠ ਦਫਨ ਹੋ ਗਈ।
ਇਹਨਾਂ ਹਾਲਾਤ ਵਿਚ ਕਾਰਵਾਂ ਨੇ ਫਰਵਰੀ ਕਤਲੇਆਮ ਤੋਂ ਬਾਅਦ ਦੀ ਜ਼ਮੀਨੀ ਹਕੀਕਤ ਨੂੰ ਸਾਹਮਣੇ ਲਿਆਉਣ ਲਈ ਇਨਸਾਫ ਲਈ ਸੰਘਰਸ਼ ਪ੍ਰਤੀ ਦਿੱਲੀ ਪੁਲਿਸ ਦੇ ਰਵੱਈਏ ਬਾਰੇ ਵਿਸਤਾਰਤ ਰਿਪੋਰਟਿੰਗ ਸ਼ੁਰੂ ਕੀਤੀ। ਇਸ ਰਿਪੋਰਟ ਨੇ ਉਹਨਾਂ ਮਜ਼ਲੂਮਾਂ ਦੀ ਦਾਸਤਾਨ ਨੂੰ ਜ਼ੁਬਾਨ ਦਿੱਤੀ ਜੋ ਨਾ ਸਿਰਫ ਭਗਵੇਂ ਲਸ਼ਕਰਾਂ ਅਤੇ ਪੁਲਿਸ ਦੀ ਮਿਲੀਭੁਗਤ ਦੇ ਚਸ਼ਮਦੀਦ ਗਵਾਹ ਸਨ ਅਤੇ ਉਹਨਾਂ ਵਿਚੋਂ ਕਈਆਂ ਨੇ ਇਸ ਮਿਲੀਭੁਗਤ ਦਾ ਕਹਿਰ ਆਪਣੇ ਪਿੰਡਿਆਂ ਉਪਰ ਝੱਲਿਆ ਹੈ ਸਗੋਂ ਉਹ ਅੱਜ ਵੀ ਇਸ ਨਾਪਾਕ ਗੱਠਜੋੜ ਦੀਆਂ ਧਮਕੀਆਂ ਤੋਂ ਬੇਪ੍ਰਵਾਹ ਹੋ ਕੇ ਇਨਸਾਫ ਲਈ ਲੜ ਰਹੇ ਹਨ।
ਕਾਨੂੰਨ ਦਾ ਡਰ ਨਾ ਹੋਣ ਕਾਰਨ ਆਰ ਐਸ ਐਸ-ਭਾਜਪਾ ਵਲੋਂ ਲਾਮਬੰਦ ਕੀਤੇ ਫਿਰਕੂ ਲਸ਼ਕਰਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ। ਇਸ ਦਾ ਅਸਰ ਰਾਮ ਮੰਦਰ ਦੇ ‘ਭੂਮੀ-ਪੂਜਨ’ ਦੀ ਰਸਮ ਨੂੰ ਮਿਲੇ ਪੁਰਜੋਸ਼ ਹੁੰਗਾਰੇ ਦੇ ਰੂਪ ਵਿਚ ਦੇਖਿਆ ਗਿਆ। ਜਦ 5 ਅਗਸਤ ਨੂੰ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਨਰਿੰਦਰ ਮੋਦੀ ਨਾਲ ਮਿਲ ਕੇ ਅਯੁੱਧਿਆ ਵਿਚ ਰਾਮ ਮੰਦਰ ਦਾ ਨੀਂਹ-ਪੱਥਰ ਰੱਖਿਆ ਤਾਂ ਇਸ ਹੈਂਕੜਬਾਜ਼ ਕਾਰਵਾਈ ਦੇ ਜਸ਼ਨ ਸੰਘ ਪਰਿਵਾਰ ਵਲੋਂ ਪੂਰੇ ਮੁਲਕ ਵਿਚ ਮਨਾਏ ਗਏ। ਉਤਰ-ਪੂਰਬੀ ਦਿੱਲੀ ਦੇ ਸੁਭਾਸ਼ ਨਗਰ ਦੇ ਭਗਵੇਂ ਹਮਾਇਤੀਆਂ ਨੇ ਤਾਂ ਹੋਰ ਵੀ ਜ਼ਿਆਦਾ ਜੋਸ਼ ਦਿਖਾਇਆ। ਉਹਨਾਂ ਨੇ ਨਾ ਸਿਰਫ ਆਪਣੇ ਘਰਾਂ ਉਪਰ ਆਰ ਐਸ ਐਸ ਦੇ ਭਗਵੇਂ ਝੰਡੇ ਲਗਾਏ ਸਗੋਂ ਮੁਸਲਿਮ ਗਲੀਆਂ ਦੇ ਗੇਟਾਂ ਉਪਰ ਵੀ ਧੱਕੇ ਨਾਲ ਝੰਡੇ ਬੰਨ੍ਹ ਦਿੱਤੇ ਗਏ। ‘ਜੈ ਸ਼੍ਰੀ ਰਾਮ’ ਅਤੇ ਮੁਸਲਿਮ ਵਿਰੋਧੀ ਭੜਕਾਊ ਨਾਅਰੇ ਵੀ ਲਗਾਏ ਗਏ। ਇਹ ਉਹੀ ਇਲਾਕਾ ਹੈ ਜਿੱਥੇ ਫਰਵਰੀ ਵਿਚ ਭਗਵੇਂ ਲਸ਼ਕਰਾਂ ਨੇ ਵਿਆਪਕ ਫਿਰਕੂ ਹਿੰਸਾ ਨੂੰ ਅੰਜਾਮ ਦਿੱਤਾ ਸੀ, ਮਾਰੂਫ ਅਲੀ ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰ ਦਿੱਤਾ ਸੀ ਅਤੇ ਦੋ ਹੋਰ ਨੌਜਵਾਨਾਂ ਸ਼ਮਸ਼ਾਦ ਅਤੇ ਰੇਹਾਨ ਨੂੰ ਵੀ ਗੋਲੀ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ।
ਝੰਡੇ ਲਹਿਰਾਉਣ ਅਤੇ ਹਿੰਦੂਤਵੀ ਨਾਅਰੇ ਲਗਾਉਣ ਦੀ ਭੜਕਾਊ ਹਰਕਤ ਤੋਂ ਮੁਸਲਿਮ ਫਿਰਕੇ ਦਾ ਦਹਿਸ਼ਤਜ਼ਦਾ ਹੋਣਾ ਸੁਭਾਵਿਕ ਸੀ। ਕੁਝ ਮੁਸਲਿਮ ਔਰਤਾਂ ਨੇ ਇਸ ਬਾਬਤ 6 ਅਗਸਤ ਨੂੰ ਭਜਨਪੁਰਾ ਥਾਣੇ ਵਿਚ ਰਿਪੋਰਟ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਨੇ ਰਿਪੋਰਟ ਦਰਜ ਨਹੀਂ ਕੀਤੀ। ਪੀੜਤ ਪਰਿਵਾਰਾਂ ਦੇ ਵਕੀਲ ਵਲੋਂ ਵਾਰ-ਵਾਰ ਥਾਣੇ ਫੋਨ ਕਰ ਕੇ ਪੁਲਿਸ ਨੂੰ ਸਵਾਲ ਕੀਤੇ ਜਾਣ ‘ਤੇ 8 ਅਗਸਤ ਦੀ ਰਾਤ ਨੂੰ ਪੁਲਿਸ ਨੇ ਔਰਤਾਂ ਨੂੰ ਥਾਣੇ ਸੱਦਿਆ। 10 ਮੁਸਲਿਮ ਔਰਤਾਂ ਇਸੇ ਸੰਬੰਧੀ ਥਾਣੇ ਗਈਆਂ। ਜਦ ਔਰਤਾਂ ਨੇ ਐਫ਼ਆਈ.ਆਰ. ਦੀ ਨਕਲ ਮੰਗੀ ਤਾਂ ਥਾਣੇ ਦੇ ਅੰਦਰ 17 ਸਾਲ ਦੀ ਇਕ ਲੜਕੀ, ਉਸ ਦੀ ਮਾਂ ਅਤੇ ਇਕ ਹੋਰ ਔਰਤ ਨੂੰ ਪੁਲਿਸ ਅਧਿਕਾਰੀਆਂ ਵਲੋਂ ਬੁਰੀ ਤਰ੍ਹਾਂ ਜ਼ਲੀਲ ਕੀਤਾ ਗਿਆ। ਉਹਨਾਂ ਦੇ ਵਾਰ-ਵਾਰ ਬੇਰਹਿਮੀ ਨਾਲ ਥੱਪੜ ਮਾਰੇ ਗਏ, ਉਹਨਾਂ ਉਪਰ ਜਿਨਸੀ ਹਮਲਾ ਕਰ ਕੇ ਇਕ ਔਰਤ ਸ਼ੰਨੋ ਦੇ ਕੱਪੜੇ ਪਾੜ ਦਿੱਤੇ। ਪੁਲਿਸ ਦੇ ਇਸ ਹਿੰਸਕ ਪ੍ਰਤੀਕਰਮ ਦੀ ਅਸਲ ਵਜ੍ਹਾ ਇਹਨਾਂ ਔਰਤਾਂ ਦਾ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਉਣ ਲਈ ਦ੍ਰਿੜਤਾ ਨਾਲ ਡਟੇ ਰਹਿਣਾ ਹੈ। ਸ਼ੰਨੋ ਨੇ 18 ਅਪਰੈਲ ਨੂੰ ਵੀ ਇਸੇ ਥਾਣੇ ਵਿਚ ਵੀਡੀਓ ਸਬੂਤਾਂ ਸਮੇਤ ਉਹਨਾਂ ਹਿੰਦੂ ਹਮਲਾਵਰਾਂ ਦੀ ਸ਼ਨਾਖਤ ਦੱਸ ਕੇ ਸ਼ਿਕਾਇਤ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਮੁਸਲਮਾਨਾਂ ਉਪਰ ਹਮਲਿਆਂ ਲਈ ਜ਼ਿੰਮੇਵਾਰ ਸਨ ਅਤੇ ਜਿਹਨਾਂ ਨੇ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਅਤੇ ਜਲਾ ਦਿੱਤੀਆਂ ਸਨ। ਇਸ ਤੋਂ ਭੜਕ ਕੇ ਜੂਨ ਮਹੀਨੇ ਸ਼ੰਨੋ ਅਤੇ ਉਸ ਦੇ ਬੱਚਿਆਂ ਨੂੰ ਐਕਸੀਡੈਂਟ ਰਾਹੀਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਹਿਲਾਂ ਉਹ ਇਸ ਨੂੰ ਐਕਸੀਡੈਂਟ ਹੀ ਸਮਝਦੇ ਰਹੇ ਜਦ ਦੋਸ਼ੀਆਂ ਨੇ ਉਹਨਾਂ ਨੂੰ ਸਿੱਧਾ ਧਮਕਾਇਆ ਕਿ ਜੇ ਸ਼ਿਕਾਇਤ ਵਾਪਸ ਨਾ ਲਈ ਤਾਂ ਅਗਲੇ ਐਕਸੀਡੈਂਟ ਵਿਚ ਉਹ ਨਹੀਂ ਬਚਣਗੇ, ਫਿਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਤਾਂ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਸੀ।
ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਹੇਠ ਸਮਾਜ ਅਤੇ ਰਾਜ-ਮਸ਼ੀਨਰੀ ਦਾ ਭਗਵਾਂਕਰਨ ਹੁਣ ਸਾਫ ਨਜ਼ਰ ਆ ਰਿਹਾ ਹੈ। ਦਿੱਲੀ ਪੁਲਿਸ ਇਸ ਕਤਲੇਆਮ ਦੇ ਤੱਥਾਂ ਦੀ ਛਾਣਬੀਣ ਦੀ ਹਰ ਗੰਭੀਰ ਕੋਸ਼ਿਸ਼ ਨੂੰ ਨਾਕਾਮ ਬਣਾਉਣ ਲਈ ਹਰ ਹਰਬਾ ਵਰਤ ਰਹੀ ਹੈ। ਸ਼ਿਕਾਇਤ-ਕਰਤਾਵਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਵਿਚ ਸਾੜਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਦਿੱਲੀ ਘੱਟਗਿਣਤੀ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਵਿਚ ਪੁਲਿਸ ਦੀ ਮਿਲੀਭੁਗਤ ਦੀ ਪੁਸ਼ਟੀ ਕੀਤੀ ਹੈ। ਕਮਿਸ਼ਨ ਨੇ ਸਾਫ ਲਿਖਿਆ ਹੈ ਕਿ ਦਿੱਲੀ ਪੁਲਿਸ ਵਲੋਂ ਉਹਨਾਂ ਨੂੰ ਜਾਂਚ ਵਿਚ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਪੁਲਿਸ ਦਾ ਵਤੀਰਾ ਗੈਰਸਹਿਯੋਗੀ ਹੀ ਨਹੀਂ ਸਗੋਂ ਉਘੜਵੇਂ ਰੂਪ ਵਿਚ ਮਜ਼ਲੂਮਾਂ ਵਿਰੋਧੀ ਅਤੇ ਬਦਲਾਲਊ ਹੈ। ਹਾਲੀਆ ਮਾਮਲੇ ਵਿਚ ਥਾਣਾ ਮੁਖੀ ਸਮੇਤ ਪੁਲਿਸ ਅਧਿਕਾਰੀ ਸ਼ਿਕਾਇਤ-ਕਰਤਾਵਾਂ ਨੂੰ ਕਹਿ ਰਹੇ ਸਨ ਕਿ ਜਦ ਪੂਰੇ ਮੁਲਕ ਵਿਚ ਦੀਵੇ ਜਗਾ ਕੇ ਅਤੇ ਭਗਵੇਂ ਝੰਡੇ ਲਹਿਰਾ ਕੇ ਜਸ਼ਨ ਮਨਾਏ ਜਾ ਰਹੇ ਹਨ ਤਾਂ ਉਹਨਾਂ ਦੇ ਮੁਹੱਲੇ ਵਿਚ ਧੱਕੇ ਨਾਲ ਭਗਵੇਂ ਝੰਡੇ ਲਗਾਉਣਾ ਗ਼ਲਤ ਨਹੀਂ ਹੈ, ਉਹਨਾਂ ਨੂੰ ਇਤਰਾਜ਼ ਕਿਉਂ ਹੈ।
ਕਾਰਵਾਂ ਦੇ ਤਿੰਨ ਪੱਤਰਕਾਰ ਭਗਵੇਂ ਝੰਡੇ ਲਗਾਉਣ ਦੇ ਇਸੇ ਘਟਨਾਕ੍ਰਮ ਦੀ ਰਿਪੋਰਟ ਤਿਆਰ ਕਰਨ ਲਈ ਸੁਭਾਸ਼ ਨਗਰ ਵਿਚ ਗਏ ਸਨ। ਜਦ ਉਹ ਭਗਵੇਂ ਝੰਡੇ ਦੀ ਤਸਵੀਰ ਖਿੱਚ ਰਹੇ ਸਨ ਤਾਂ ਹਿੰਦੂਤਵ ਹਮਾਇਤੀਆਂ ਨੇ ਉਹਨਾਂ ਉਪਰ ਹਮਲਾ ਕਰ ਦਿੱਤਾ। ਪੌਣੇ ਘੰਟੇ ਬਾਅਦ ਉਥੇ ਪਹੁੰਚੇ ਪੁਲਿਸ ਅਧਿਕਾਰੀਆਂ ਦੀ ਹਮਲਾਵਰਾਂ ਨੂੰ ਰੋਕਣ ਵਿਚ ਬੇਦਿਲੀ ਸਾਫ ਦੇਖੀ ਗਈ, ਜਦਕਿ ਸੌ ਦੇ ਕਰੀਬ ਹਜੂਮ ਨੇ ਪੱਤਰਕਾਰਾਂ ਨੂੰ ਘੇਰਾ ਪਾਇਆ ਹੋਇਆ ਸੀ ਅਤੇ ਔਰਤ ਪੱਤਰਕਾਰ ਉਪਰ ਜਿਨਸੀ ਹਮਲਾ ਕੀਤਾ ਜਾ ਰਿਹਾ ਸੀ। ਜਦ ਪੱਤਰਕਾਰਾਂ ਨੇ ਥਾਣੇ ਜਾ ਕੇ ਐਫ਼ਆਈ.ਆਰ. ਦਰਜ ਕਰਾਉਣੀ ਚਾਹੀ ਤਾਂ ਪੁਲਿਸ ਅਧਿਕਾਰੀਆਂ ਵਲੋਂ ਇਹ ਦਲੀਲ ਦੇ ਕੇ ਐਫ਼ਆਈ.ਆਰ. ਦਰਜ ਨਹੀਂ ਕੀਤੀ ਗਈ ਕਿ ਪਹਿਲਾਂ ਦੋਨਾਂ ਧਿਰਾਂ ਦਾ ਪੱਖ ਸੁਣ ਕੇ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਐਫ਼ਆਈ.ਆਰ. ਬਾਰੇ ਤੈਅ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੂੰ ਸਾਫ ਪਤਾ ਹੈ ਕਿ ਇਹ ਮਹਿਜ਼ ਪੱਤਰਕਾਰਾਂ ਉਪਰ ਹਮਲਾ ਨਹੀਂ ਹੈ। ਧਾਰਮਿਕ ਪਛਾਣ ਦੇ ਆਧਾਰ ‘ਤੇ ਮੁਸਲਿਮ ਪੱਤਰਕਾਰ ਨੂੰ ਮਾਰਨ ਦੀ ਕੋਸ਼ਿਸ਼ ਅਤੇ ਔਰਤ ਪੱਤਰਕਾਰ ਉਪਰ ਜਿਨਸੀ ਹਮਲੇ ਕਾਰਨ ਇਹ ਮਾਮਲਾ ਬੇਹੱਦ ਗੰਭੀਰ ਸੀ ਅਤੇ ਤੁਰੰਤ ਕਾਰਵਾਈ ਦੀ ਮੰਗ ਕਰਦਾ ਸੀ। ਕਾਨੂੰਨੀ ਤੌਰ ‘ਤੇ ਪੁਲਿਸ ਐਫ਼ਆਈ.ਆਰ. ਲਿਖਣ ਦੀ ਪਾਬੰਦ ਸੀ ਅਤੇ ਅਧਿਕਾਰੀਆਂ ਵਲੋਂ ਐਫ਼ਆਈ.ਆਰ. ਨਾ ਲਿਖਣ ਲਈ ਬਹਾਨੇ ਬਣਾਉਣ ਦਾ ਅਸਲ ਮਨੋਰਥ ਖੋਜੀ ਪੱਤਰਕਾਰਾਂ ਦੀ ਰਿਪੋਰਟਿੰਗ ਨੂੰ ਬੰਦ ਕਰਾਉਣਾ ਹੈ। ਇਹ ਪੁਲਿਸ ਅਧਿਕਾਰੀਆਂ ਦੀ ਹਮਲੇ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਸ਼ਹਿ ਦੇਣ ਅਤੇ ਦੂਜੇ ਪਾਸੇ ਖੋਜੀ ਪੱਤਰਕਾਰਾਂ ਨੂੰ ਡਰਾ ਕੇ ਚੁੱਪ ਕਰਾਉਣ ਦੀ ਘਿਨਾਉਣੀ ਚਾਲ ਹੈ। ਆਮ ਹੀ ਇਹ ਵਾਪਰਦਾ ਹੈ ਕਿ ਸਵਾਲਾਂ ਦਾ ਸਾਹਮਣਾ ਹੋਣ ‘ਤੇ ਪੁਲਿਸ ਅਧਿਕਾਰੀ ਹਰ ਗੱਲ ਤੋਂ ਸਾਫ ਮੁੱਕਰ ਜਾਂਦੇ ਹਨ। ਕਾਰਵਾਂ ਦੀ ਰਿਪੋਰਟ ਅਤੇ ਪੱਤਰਕਾਰਾਂ ਉਪਰ ਹਮਲਾ ਇਸ ਦਾ ਸਬੂਤ ਹੈ ਕਿ ਫਰਵਰੀ ਵਾਲੀ ਹਿੰਸਾ ਖਤਮ ਨਹੀਂ ਹੋਈ, ਉਹ ਹੁਣ ਤੱਕ ਅਗਸਤ ਵਿਚ ਵੀ ਜਾਰੀ ਹੈ। ਇਸ ਸਾਜ਼ਿਸ਼ ਅਤੇ ਮਿਲੀਭੁਗਤ ਨੂੰ ਬੇਪਰਦ ਕਰਦੇ ਰਹਿਣਾ ਮੀਡੀਆ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਇਸ ਤਮਾਮ ਮਾਹੌਲ ਦੇ ਬਾਵਜੂਦ ਤਸੱਲੀ ਇਸ ਗੱਲ ਦੀ ਹੈ ਕਿ ਕਾਰਵਾਂ ਅਦਾਰਾ ਉਸ ਦੇ ਪੱਤਰਕਾਰ ਬੇਖੌਫ ਡਟੇ ਹੋਏ ਹਨ। ਹਮਲੇ ਦਾ ਸ਼ਿਕਾਰ ਹੋਏ ਦੋਨਾਂ ਪੱਤਰਕਾਰਾਂ ਪ੍ਰਭਜੀਤ ਸਿੰਘ ਅਤੇ ਸ਼ਾਹਿਦ ਤਾਂਤਰੇ ਨੇ ਪ੍ਰੈੱਸ ਕਲੱਬ ਵਿਚ ਆਪਣੀ ਹੱਡਬੀਤੀ ਬਿਆਨ ਕੀਤੀ। ਔਰਤ ਪੱਤਰਕਾਰ, ਜਿਸ ਨੇ ਉਥੋਂ ਭੱਜ ਕੇ ਮਸਾਂ ਜਾਨ ਬਚਾਈ ਸੀ, ਦਾ ਭੇਜਿਆ ਲਿਖਤੀ ਬਿਆਨ ਪੜ੍ਹਿਆ ਗਿਆ। ਜਮਹੂਰੀ ਤੇ ਮਨੁੱਖੀ ਹੱਕਾਂ ਬਾਰੇ ਜਾਗਰੂਕ ਹਿੱਸਿਆਂ ਨੇ ਪੱਤਰਕਾਰਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਲੇਕਿਨ ਇਹ ਬੇਹੱਦ ਚਿੰਤਾਜਨਕ ਹੈ ਕਿ ਕੁਝ ਪੱਤਰਕਾਰ ਸੰਸਥਾਵਾਂ ਨੂੰ ਛੱਡ ਕੇ ਜ਼ਿਆਦਾਤਰ ਨੇ ਇਸ ਹਮਲੇ ਉਪਰ ਚੁੱਪ ਧਾਰੀ ਹੋਈ ਹੈ।
ਹਮਲੇ ਤੋਂ ਬਾਅਦ ਪ੍ਰੈੱਸ ਕਲੱਬ ਆਫ ਇੰਡੀਆ ਵਲੋਂ ਇਸ ਦੇ ਖਿਲਾਫ ਮੀਟਿੰਗ ਹੋਈ ਜਿਸ ਨੂੰ ਅਰੁੰਧਤੀ ਰਾਏ, ਪ੍ਰਸ਼ਾਂਤ ਭੂਸ਼ਨ, ਕਾਰਵਾਂ ਦੇ ਰਾਜਨੀਤਕ ਸੰਪਾਦਕ ਹਰਤੋਸ਼ ਸਿੰਘ ਬਲ ਅਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਆਨੰਦ ਸਹਾਏ ਨੇ ਸੰਬੋਧਨ ਕੀਤਾ। ਅਰੁੰਧਤੀ ਰਾਏ ਨੇ ਕਿਹਾ, “ਦੋ-ਤਿੰਨ ਛੋਟੀਆਂ ਮੀਡੀਆ ਸੰਸਥਾਵਾਂ ਹੀ ਹਨ ਜਿਹਨਾਂ ਦੀ ਕੰਗਰੋੜ ਵਿਚ ਅਜੇ ਵੀ ਦਮ ਹੈ। ਲੇਕਿਨ ਇਸ ਵਿਸ਼ਾਲ ਜੇਲ੍ਹ ਵਿਚ ਜੇ ਉਹਨਾਂ ਨੂੰ ਐਸੀ ਛੋਟੀ ਖਿੜਕੀ ਵੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੂੰ ਉਹ ਲੋਕ ਬਰਦਾਸ਼ਤ ਨਹੀਂ ਜੋ ਮੁੱਖਧਾਰਾ ਬਿਰਤਾਂਤ ਦੇ ਖਿਲਾਫ ਲਿਖਣ। ਐਸਾ ਕਰਨ ਵਾਲਿਆਂ ਦਾ ਸੜਕ ਉਪਰ ਸ਼ੋਸ਼ਣ ਹੋ ਰਿਹਾ ਹੈ। ਸਾਡੀਆਂ ਸੜਕਾਂ ਵੀ ਸਾਥੋਂ ਖੋਹ ਲਈਆਂ ਗਈਆਂ ਹਨ। ਇਹ ਨਫਰਤ ਦੀ ਵਿਚਾਰਧਾਰਾ ਹੁਣ ਆਮ ਲੋਕਾਂ ਵਿਚ ਜਾ ਪਹੁੰਚੀ ਹੈ।” ਪ੍ਰਸ਼ਾਂਤ ਭੂਸ਼ਨ ਨੇ ਕਿਹਾ, “ਇਸ ਵਕਤ ਦਿੱਲੀ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬ੍ਰੇਕਡਾਊਨ ਹੈ। ਬੀ.ਜੇ.ਪੀ. ਦੇ ਗੁੰਡੇ ਜਿੱਥੇ ਚਾਹੁਣ ਕੁਝ ਵੀ ਕਰ ਸਕਦੇ ਹਨ, ਪੁਲਿਸ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ। … ਇੱਥੇ ਕਾਨੂੰਨ ਦਾ ਰਾਜ ਬਚਿਆ ਹੀ ਨਹੀਂ ਹੈ। ਦੰਗੇ ਕਪਿਲ ਮਿਸ਼ਰਾ ਦੇ ਬਿਆਨ ਨਾਲ ਸ਼ੁਰੂ ਹੋਏ, ਲੇਕਿਨ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਅੱਜ ਹਜੂਮ ਉਹਨਾਂ ਪੱਤਰਕਾਰਾਂ ਨੂੰ ਸੜਕਾਂ ਉਪਰ ਮਾਰ ਰਿਹਾ ਹੈ ਜਿਹਨਾਂ ਦਾ ਕੰਮ ਉਹਨਾਂ ਨੂੰ ਪਸੰਦ ਨਹੀਂ। ਉਹ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਮਾਰ ਰਹੇ ਹਨ। ਉਹ ਉਹਨਾਂ ਲੋਕਾਂ ਨੂੰ ਮਾਰ ਰਹੇ ਹਨ ਜੋ ਸਰਕਾਰ ਦੇ ਖਿਲਾਫ ਬੋਲ ਰਹੇ ਹਨ। ਐਸਾ ਹੀ ਹਜੂਮ ਸੋਸ਼ਲ ਮੀਡੀਆ ਉਪਰ ਮੌਜੂਦ ਹੈ। ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਗੰਦੀਆਂ ਗਾਲ੍ਹਾਂ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। … ਇਹ ਗੰਭੀਰ ਹਾਲਤ ਹੈ। ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਸਭ ਕੁਝ ਗੜਬੜ ਹੋ ਜਾਵੇਗਾ।” ਉਹਨਾਂ ਨੇ ਮਰਹੂਮ ਸ਼ਾਇਰ ਰਾਹਤ ਇੰਦੌਰੀ ਦੇ ਇਸ ਸ਼ੇਅਰ ਨਾਲ ਆਪਣੀ ਗੱਲ ਮੁਕਾਈ, “ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ, ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜ੍ਹੀ ਹੈ।” ਕਾਰਵਾਂ ਦੇ ਰਾਜਨੀਤਕ ਸੰਪਾਦਕ ਹਰਤੋਸ਼ ਸਿੰਘ ਬਲ ਨੇ ਕਿਹਾ, “ਇਹ ਸਰਕਾਰ ਦੀ ਵਿਚਾਰਧਾਰਾ ਦਾ ਸੜਕ ਉਪਰ ਰਿਫਲੈਕਸ਼ਨ ਹੈ।” ਆਨੰਦ ਸਹਾਏ ਨੇ ਕਿਹਾ ਕਿ “ਸਿਰਫ ਬਤੌਰ ਮੀਡੀਆ, ਸਿਰਫ ਬਤੌਰ ਵਾਚਡੌਗ ਹੀ ਨਹੀਂ ਸਗੋਂ ਲੋਕਾਂ ਦੀ ਜ਼ਮੀਰ ਨੂੰ ਜਗਾਉਣ ਵਾਲਿਆਂ, ਉਹਨਾਂ ਨੂੰ ਸਮਝਾਉਣ ਵਾਲਿਆਂ ਦੇ ਤੌਰ ‘ਤੇ ਸਾਨੂੰ ਚੀਜ਼ਾਂ ਨੂੰ ਜੋੜ ਕੇ ਪੂਰੀ ਤਸਵੀਰ ਉਹਨਾਂ ਨੂੰ ਦਿਖਾਉਣੀ ਹੋਵੇਗੀ। ਸਾਨੂੰ ਪਹੇਲੀ ਦੇ ਅਦਿੱਖ ਹਿੱਸਿਆਂ ਨੂੰ ਖੋਜਣਾ ਪਵੇਗਾ … ਇਹੀ ਸਾਡਾ ਕੰਮ ਹੈ।”