ਐ ਮੌਤ ਤੂਨੇ ਮੁਝ ਕੋ ਜ਼ਿਮੀਂਦਾਰ ਕਰ ਦੀਆ…

ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਭਾਰਤ ਦੇ ਪ੍ਰਸਿੱਧ ਉਰਦੂ ਸ਼ਾਇਰ ਅਤੇ ਹਿੰਦੀ ਫਿਲਮਾਂ ਦੇ ਗੀਤਕਾਰ ਅਰਥਾਤ ਬੇਬਾਕ ਅਤੇ ਦਬੰਗ ਕਵੀ “ਐ ਮੌਤ ਤੂਨੇ ਮੁਝ ਕੋ ਜ਼ਿਮੀਂਦਾਰ ਕਰ ਦੀਆ” ਜਿਹੀ ਸ਼ਾਇਰੀ ਦੇ ਰਚੈਤਾ ਰਾਹਤ ਇੰਦੌਰੀ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸ਼ਾਇਰ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਯਕੀਨਨ ਇਕ ਅਕਹਿ ਅਤੇ ਕਦੀ ਨਾ ਪੂਰੇ ਜਾਣ ਵਾਲੇ ਘਾਟੇ ਸਮਾਨ ਹੈ। ਜੇ ਇਹ ਕਿਹਾ ਜਾਵੇ ਕਿ ਰਾਹਤ ਇੰਦੌਰੀ ਦੀ ਮੌਤ ਨਾਲ ਮੰਚੀਆ ਸ਼ਾਇਰੀ ਦੇ ਇੱਕ ਯੁੱਗ ਦੀ ਸਮਾਪਤੀ ਹੋ ਗਈ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਰਾਹਤ ਦਾ ਜਨਮ ਪਹਿਲੀ ਜਨਵਰੀ 1950 ਨੂੰ ਇੰਦੌਰ ਵਿਖੇ ਇਕ ਆਮ ਪਰਿਵਾਰ ‘ਚ ਮਾਤਾ ਮਕਬੂਲ-ਉਲ-ਨਿਸਾ ਬੇਗਮ ਦੀ ਕੁੱਖੋਂ ਹੋਇਆ। ਉਹ ਆਪਣੇ ਮਾਤਾ-ਪਿਤਾ ਦੀ ਚੌਥੀ ਔਲਾਦ ਸਨ। ਉਨ੍ਹਾਂ ਦੇ ਪਿਤਾ ਰਿਫਤ-ਉੱਲਾਹ ਕੁਰੈਸ਼ੀ ਇਕ ਟੈਕਸਟਾਇਲ ਮਿੱਲ ‘ਚ ਮੁਲਾਜ਼ਮ ਸਨ। ਰਾਹਤ ਨੇ ਆਪਣੀ ਸ਼ੁਰੂਆਤੀ ਤਾਲੀਮ ਨੂਤਨ ਸਕੂਲ ਇੰਦੌਰ ਤੋਂ ਹਾਸਲ ਕੀਤੀ ਅਤੇ 1973 ਵਿਚ ਆਪਣੀ ਬੈਚੁਲਰ ਦੀ ਪੜ੍ਹਾਈ ਇਸਲਾਮੀਆ ਕਰੀਮੀਆ ਕਾਲਜ, ਇੰਦੌਰ ਤੋਂ ਪ੍ਰਾਪਤ ਕੀਤੀ। ਇਸ ਪਿਛੋਂ ਉਨ੍ਹਾਂ ਉਰਦੂ ਸਾਹਿਤ ਵਿਚ ਬਰਕਤ-ਉੱਲਾਹ ਯੂਨੀਵਰਸਿਟੀ ਤੋਂ ਐੱਮ. ਏ. ਕੀਤੀ ਅਤੇ 1985 ਵਿਚ ਮੱਧ ਪ੍ਰਦੇਸ਼ ਦੀ ਭੋਜ ਓਪਨ ਯੂਨੀਵਰਸਿਟੀ ਤੋਂ ਉਰਦੂ ਅਦਬ ‘ਚ ਹੀ ਡਾਕਟਰੇਟ ਕੀਤੀ।
ਰਾਹਤ ਇੰਦੌਰੀ ਦੀ ਮੌਤ ‘ਤੇ ਮਸ਼ਹੂਰ ਨੌਜਵਾਨ ਸ਼ਾਇਰ ਇਮਰਾਨ ਪ੍ਰਤਾਪਗੜੀ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਪਹਿਲਾ ਮੁਸ਼ਾਇਰਾ ਰਾਹਤ ਇੰਦੌਰੀ ਦੀ ਸਦਾਰਤ ਵਿਚ ਪੜ੍ਹਿਆ ਸੀ। ਰਾਹਤ ਇੰਦੌਰੀ ਨੇ 35 ਸਾਲਾਂ ਤੱਕ ਕਵੀ ਦਰਬਾਰਾਂ ‘ਤੇ ਆਪਣੀ ਬਾਦਸ਼ਾਹਤ ਕਾਇਮ ਰੱਖੀ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੇ ਇੱਕ ਮੁਸ਼ਾਇਰੇ ਵਿਚ ਉਹ ਰਾਹਤ ਦੇ ਨਾਲ ਸਨ ਅਤੇ ਮੁਸ਼ਾਇਰਾ ਖਤਮ ਹੋਣ ਪਿਛੋਂ ਉਨ੍ਹਾਂ ਦੋਹਾਂ ਨੇ ਇਕੱਠਿਆਂ ਉਮਰਾ (ਛੋਟਾ ਹੱਜ) ਕੀਤਾ। ਉਨ੍ਹਾਂ ਕਿਹਾ, ਜਿੱਥੇ ਜਨਾਬ ਰਾਹਤ ਇਕ ਬਿਹਤਰੀਨ ਸ਼ਾਇਰ ਸਨ, ਇਕ ਬਿਹਤਰੀਨ ਇਨਸਾਨ ਵੀ ਸਨ।
ਸ਼ਾਇਰਾ ਡਾ. ਮੀਨਾ ਨੇ ਕਿਹਾ ਕਿ ਰਾਹਤ ਇੰਦੌਰੀ ਸਭ ਦੇ ਹਰਮਨ ਪਿਆਰੇ ਸ਼ਾਇਰ ਸਨ, ਉਹ ਲੋਕਾਂ ਦੇ ਕਵੀ ਸਨ ਅਤੇ ਮਾਨਵਤਾ ਨੂੰ ਸਮਝਣ ਵਾਲੇ ਸਨ। ਉਨ੍ਹਾਂ ਦੀ ਅਵਾਜ਼ ਵਿਚ ਜੋ ਲਲਕਾਰ ਸੀ, ਉਹ ਕਿਸੇ ਦੂਜੇ ਸ਼ਾਇਰ ਵਿਚ ਵੇਖਣ ਨੂੰ ਨਹੀਂ ਮਿਲਦੀ।
ਦਰਅਸਲ ਰਾਹਤ ਇੰਦੌਰੀ ਸਮਕਾਲੀ ਸਮਾਜਕ ਜੀਵਨ ਦੇ ਸ਼ਾਇਰ ਸਨ। ਜਿਨ੍ਹਾਂ ਦੀਆਂ ਰਚਨਾਵਾਂ ਵਿਚ ਕੌੜੀ ਗੱਲ ਵੀ ਮਿੱਠੇ ਢੰਗ ਨਾਲ ਕਹੀ ਜਾਂਦੀ ਹੈ, ਅਰਥਾਤ ਕੌੜੇ-ਕੁਸੈਲੇ ਵਿਚਾਰਾਂ ਨੂੰ ਮਿਠਾਸ ਦੀ ਚਾਸ਼ਣੀ ਵਿਚ ਲਪੇਟ ਕੇ ਪੇਸ਼ ਕਰਨ ਦੀ ਜੋ ਵਿਲੱਖਣ ਕਲਾ ਉਨ੍ਹਾਂ ਵਿਚ ਸੀ, ਉਸ ਦਾ ਕੋਈ ਸਾਨੀ ਨਹੀਂ। ਰਾਹਤ ਦੀ ਸ਼ਾਇਰੀ ਵਿਚ ਸੱਚਾਈ ਬੋਲਦੀ ਹੈ। ਉਨ੍ਹਾਂ ਦੇ ਜਜ਼ਬਾਤ ਦਿਲੋਂ ਨਿਕਲੇ ਹੋਣ ਕਾਰਨ ਸਿੱਧੇ ਦਿਲਾਂ ‘ਤੇ ਅਸਰ ਕਰਦੇ ਹਨ।
ਜ਼ਿਕਰਯੋਗ ਹੈ ਕਿ ਜਦੋਂ ਸੀ. ਏ. ਏ ਅਤੇ ਐਨ. ਆਰ. ਸੀ. ਦੇ ਵਿਰੁੱਧ ਪ੍ਰਦਰਸ਼ਨ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਸਿਖਰ ‘ਤੇ ਸੀ, ਉਸ ਦੌਰਾਨ ਰਾਹਤ ਦਾ ਇਕ ਸ਼ੇਅਰ ਲੱਗਭਗ ਹਰ ਮੁਜਾਹਰਾਕਾਰੀ ਦੇ ਮੂੰਹ ਚੜ੍ਹਿਆ ਹੋਇਆ ਸੀ ਤੇ ਹੱਥਾਂ ਵਿਚ ਫੜੀਆਂ ਤਖਤੀਆਂ ‘ਤੇ ਵੀ ਲਿਖਿਆ ਮਿਲਦਾ ਸੀ,
ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ,
ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ।
ਦਰਅਸਲ ਇਹ ਸ਼ੇਅਰ ਰਾਹਤ ਦੀ ਇਕ ਮਸ਼ਹੂਰ ਗਜ਼ਲ ਦਾ ਹਿੱਸਾ ਹੈ। ਇਸ ਗਜ਼ਲ ਦੇ ਦੂਜੇ ਸ਼ੇਅਰ ਵੀ ਆਵਾਮ ਨੂੰ ਜਾਗਰੂਕ ਕਰਨ ਵਿਚ ਆਪਣੀ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ,
ਲਗੇਗੀ ਆਗ ਤੋ ਆਏਂਗੇ ਕਈ ਘਰ ਜ਼ਦ ਮੇਂ
ਯਹਾਂ ਪੇ ਅਕੇਲੇ ਹਮਾਰਾ ਮਕਾਨ ਥੋੜ੍ਹੀ ਹੈ।
ਇਸੇ ਤਰ੍ਹਾਂ ਸੱਤਾ ਦੀ ਕੁਰਸੀ ‘ਤੇ ਬੈਠੇ ਹਾਕਮਾਂ ਨੂੰ ਨਸੀਹਤ ਦਿੱਤੀ ਹੈ ਕਿ ਕੋਈ ਹਾਕਮ ਸਦੀਵੀ ਨਹੀਂ ਹੈ,
ਜੋ ਆਜ ਸਾਹਿਬ ਏ ਮਸਨਦ ਹੈਂ ਕਲ ਨਹੀਂ ਹੋਂਗੇ,
ਕਿਰਾਏਦਾਰ ਹੈਂ ਜ਼ਾਤੀ ਮਕਾਨ ਥੋੜ੍ਹੀ ਹੈ।
ਇਕ ਹੋਰ ਸ਼ੇਅਰ ਜੋ ਅੱਜ ਦੇ ਬਿਕਾਊ ਅਤੇ ਚਾਟੂਕਾਰ ਮੀਡੀਆ ਦੇ ਮੂੰਹ ਤੇ ਮੈਂ ਸਮਝਦਾ ਹਾਂ ਕਿ ਕਰਾਰੀ ਚਪੇੜ ਮਾਰਦਾ ਮਹਿਸੂਸ ਹੁੰਦਾ ਹੈ ਉਹ ਇਹ ਕਿ,
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ,
ਹਮਾਰੇ ਮੂੰਹ ਮੇਂ ਤੁਮਹਾਰੀ ਜ਼ਬਾਨ ਥੋੜ੍ਹੀ ਹੈ।
ਇਕ ਸ਼ੇਅਰ ਵਿਚ ਜਾਂਬਾਜ਼ ਦੀ ਦਲੇਰੀ ਨੂੰ ਬਿਆਨ ਕਰਦਿਆਂ ਆਖਦੇ ਹਨ,
ਮੈਂ ਜਾਣਤਾ ਹੂੰ ਕਿ ਦੁਸ਼ਮਣ ਭੀ ਕੰਮ ਨਹੀਂ ਲੇਕਿਨ,
ਹਮਾਰੀ ਤਰ੍ਹਾਂ ਹਥੇਲੀ ਪੇ ਜਾਨ ਥੋੜ੍ਹੀ ਹੈ।
ਰਾਹਤ ਦੀ ਕਲਮ ਵਿਚ ਜਾਦੂਈ ਅਸਰ ਸੀ, ਉਹ ਸਿੱਧੇ ਸਾਦੇ ਸ਼ਬਦਾਂ ਵਿਚ ਹੀ ਵੱਡੇ-ਵੱਡੇ ਵਿਅੰਗ ਕਰ ਜਾਇਆ ਕਰਦੇ ਸਨ। ਉਨ੍ਹਾਂ ਵਿਚ ਸੱਤਾ ਵਿਵਸਥਾ ਵਿਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਨੂੰ ਉਜਾਗਰ ਕਰਨ ਦੀ ਜੋ ਵਿਲੱਖਣ ਕਲਾ ਸੀ, ਉਸ ਦੀ ਮਿਸਾਲ ਨਹੀਂ ਮਿਲਦੀ। ਦਰਅਸਲ ਉਨ੍ਹਾਂ ਦੀ ਸ਼ਾਇਰੀ ਸਿਸਟਮ ਵਲੋਂ ਹੋਈ ਬੇਇਨਸਾਫੀ ਦੀ ਸਜ਼ਾ ਭੁਗਤ ਰਹੇ ਮਜ਼ਲੂਮਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਪੀੜ ਦੀ ਨੁਮਾਇੰਦਗੀ ਕਰਦੀ ਹੈ। ਜਦੋਂ ਉਸ ਨੂੰ ਇਕ ਆਮ ਆਦਮੀ, ਜੋ ਸਿਸਟਮ ਦਾ ਸਤਾਇਆ ਹੋਇਆ ਹੈ, ਸੁਣਦਾ ਜਾਂ ਪੜ੍ਹਦਾ ਹੈ ਤਾਂ ਉਹ ਨੂੰ ਉਸ ‘ਚੋਂ ਆਪਣੇ ਖੁਦ ‘ਤੇ ਬੀਤ ਰਹੇ ਹਾਲਾਤ ਦਾ ਆਭਾਸ ਹੁੰਦਾ ਹੈ।
ਇਹੋ ਵਜ੍ਹਾ ਹੈ ਕਿ ਰਾਹਤ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਕਈ ਵਾਰ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਪਾਕਿਸਤਾਨੀ ਸ਼ਾਇਰ ਹਬੀਬ ਜਾਲਿਬ ਅਤੇ ਭਾਰਤ ਦੇ ਦੁਸ਼ਯੰਤ ਕੁਮਾਰ ਦੇ ਕਲਾਮ ਦੀ ਝਲਕ ਪੈਂਦੀ ਮਹਿਸੂਸ ਹੁੰਦੀ ਹੈ।
ਇਕ ਥਾਂ ਰਾਹਤ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਅਖੌਤੀ ਕਿਸਮ ਦੇ ਝੂਠੇ ਆਗੂਆਂ ਦੇ ਕਿਰਦਾਰ ਤੋਂ ਪਰਦਾ ਚੁੱਕਦਿਆਂ ਆਖਦੇ ਹਨ,
ਝੂਠੋਂ ਨੇ ਝੂਠੋਂ ਸੇ ਕਹਾ ਹੈ ਸਚ ਬੋਲੋ,
ਸਰਕਾਰੀ ਐਲਾਨ ਹੂਆ ਹੈ ਸਚ ਬੋਲੋ।
ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਚੋਣਾਂ ਦੇ ਮੌਸਮ ਵਿਚ ਅਕਸਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅ ਵੇਖਣ ਨੂੰ ਮਿਲਦਾ ਹੈ, ਉਸ ਸੰਦਰਭ ਵਿਚ ਚੁਟਕੀ ਲੈਂਦਿਆਂ ਰਾਹਤ ਆਖਦੇ ਹਨ,
ਸਰਹਦੋਂ ਪਰ ਬਹੁਤ ਤਨਾਓ ਹੈ ਕਿਆ,
ਕੁਛ ਪਤਾ ਤੋ ਕਰੋ ਚੁਣਾਓ ਹੈ ਕਿਆ।
ਅਜੋਕੇ ਸਮਾਜ ਵਿਚ ਜ਼ਮੀਨ-ਜਾਇਦਾਦ ਨੂੰ ਹਥਿਆਉਣ ਲਈ ਜਿਸ ਤਰ੍ਹਾਂ ਭਾਈਆਂ ਭਾਈਆਂ ਦੇ ਰਿਸ਼ਤੇ ਵਿਚ ਕਈ ਵਾਰ ਤਲਖੀਆਂ ਵੇਖਣ ਨੂੰ ਮਿਲਦੀਆਂ ਹਨ, ਉਨ੍ਹਾਂ ਦਾ ਨਕਸ਼ਾ ਰਾਹਤ ਆਪਣੇ ਸ਼ਬਦਾਂ ਵਿਚ ਚਿਤਵਦਿਆਂ ਅਜਿਹੇ ਹਾਲਾਤ ਵਿਚ ਸਬਰ ਅਤੇ ਸਹਿਨਸ਼ੀਲਤਾ ਦੀ ਤਲਕੀਨ ਕਰਦੇ ਹਨ,
ਮੇਰੀ ਖਵਾਹਿਸ਼ ਹੈ ਕਿ ਆਂਗਣ ਮੇਂ ਨਾ ਦੀਵਾਰ ਉਠੇ,
ਮੇਰੇ ਭਾਈ ਮੇਰੇ ਹਿੱਸੇ ਕੀ ਜ਼ਮੀਂ ਤੂ ਰੱਖ ਲੇ।
ਰਾਹਤ ਦੀ ਇੱਕ ਛੋਟੀ ਬਹਿਰ ਦੀ ਗਜ਼ਲ ਦਾ ਅੰਦਾਜ਼ ਯਕੀਨਨ ਪੜ੍ਹਨਯੋਗ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਹਿੰਦੀ ਸ਼ਬਦਾਂ ਨੂੰ ਗਹਿਣਿਆਂ ਵਿਚ ਜੜੇ ਮੋਤੀਆਂ ਵਾਂਗ ਜੜਿਆ ਹੈ,
ਤੂ ਸ਼ਬਦੋਂ ਕਾ ਦਾਸ ਰੇ ਜੋਗੀ
ਤੇਰਾ ਕਹਾਂ ਵਿਸ਼ਵਾਸ ਰੇ ਜੋਗੀ।

ਏਕ ਦਿਨ ਵਿਸ਼ ਪਿਆਲਾ ਪੀ ਜਾ
ਫਿਰ ਨਾ ਲੱਗੇਗੀ ਪਿਆਸ ਰੇ ਜੋਗੀ।

ਯੇਹ ਸਾਂਸੋਂ ਕਾ ਬੰਦੀ ਜੀਵਨ
ਕਿਸ ਕੋ ਆਇਆ ਰਾਸ ਰੇ ਜੋਗੀ।

ਵਿਧਵਾ ਹੋ ਗਈ ਸਾਰੀ ਨਗਰੀ
ਕੌਨ ਚਲਾ ਬਨਵਾਸ ਰੇ ਜੋਗੀ।

ਪੁਰ ਆਈ ਥੀ ਮਨ ਕੀ ਨਦੀਆ
ਬਹਿ ਗਏ ਸਬ ਅਹਿਸਾਸ ਰੇ ਜੋਗੀ।

ਇਕ ਪਲ ਕੇ ਸੁੱਖ ਕੀ ਕਿਆ ਕੀਮਤ
ਦੁੱਖ ਹੈ ਬਾਰਹ ਮਾਸ ਰੇ ਜੋਗੀ।

ਬਸਤੀ ਪੀਛਾ ਕਬ ਛੋੜੇਗੀ
ਲਾਖ ਧਰੇ ਸਨਿਆਸ ਰੇ ਜੋਗੀ।
ਰਾਹਤ ਇੰਦੌਰੀ ਦੀ ਵਧੇਰੇ ਸ਼ਾਇਰੀ ਭਾਵੇਂ ਇਨਕਲਾਬੀ ਤੇਵਰਾਂ ਦੀ ਨੁਮਾਇੰਦਗੀ ਕਰਦੀ ਹੈ, ਪਰ ਕਿਤੇ ਕਿਤੇ ਉਨ੍ਹਾਂ ਦੇ ਕਲਾਮ ਵਿਚ ਰੂਹਾਨੀਅਤ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇੱਕ ਬਾਗੀ ਸ਼ਾਇਰ ਦੇ ਦਿਲ ਦੇ ਕਿਸੇ ਕੋਨੇ ਵਿਚ ਮੁਹੱਬਤ ਭਰੇ ਜਜ਼ਬਾਤ ਆਪਣਾ ਇਕ ਖੂਬਸੂਰਤ ਆਸ਼ਿਆਨਾ ਬਣਾਈ ਬੈਠੇ ਸਨ। ਤੁਸੀਂ ਵੀ ਵੇਖੋ ਰਾਹਤ ਦੇ ਇਸ ਅੰਦਾਜ਼ ਨੂੰ,
ਕਿਸ ਨੇ ਦਸਤਕ ਦੀ ਹੈ ਦਿਲ ਪਰ ਕੌਨ ਹੈ
ਆਪ ਤੋ ਅੰਦਰ ਹੈਂ ਬਾਹਰ ਕੌਣ ਹੈ।

ਉਸ ਕੀ ਯਾਦ ਆਈ ਹੈ ਸਾਂਸੋ ਜਰਾ ਧੀਰੇ ਚਲੋ
ਧੜਕਣੋਂ ਸੇ ਭੀ ਇਬਾਦਤ ਮੇਂ ਖਲਲ ਪੜਤਾ ਹੈ।

ਨਾ ਤਾਅਰੁਫ ਨਾ ਤਾਅਲੁਕ ਹੈ ਮਗਰ ਦਿਲ ਅਕਸਰ
ਨਾਮ ਸੁਨਤਾ ਹੈ ਤੁਮਹਾਰਾ ਤੋ ਉਛਲ ਪੜਤਾ ਹੈ।
ਇਕ ਹੋਰ ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਉਨ੍ਹਾਂ ਦਾ ਸ਼ੇਅਰ ਵੇਖੋ,
ਮੈਂ ਪਰਬਤੋਂ ਸੇ ਲੜਤਾ ਰਹਾ ਔਰ ਚੰਦ ਲੋਗ
ਗੀਲੀ ਜਮੀਨ ਖੋਦ ਕਰ ਫਰਹਾਦ ਬਣ ਗਏ।
ਇੱਕ ਥਾਂ ਕਿਸੇ ਗਰੀਬ ਦੀ ਗਰੀਬੀ ਅਤੇ ਖੁੱਦਾਰੀ ਦਾ ਜ਼ਿਕਰ ਕਰਦਿਆਂ ਆਖਦੇ ਹਨ,
ਵੋਹ ਚਾਹਤਾ ਥਾ ਕਿ ਕਾਸਾ ਖਰੀਦ ਲੇ ਮੇਰਾ
ਮੈਂ ਉਸ ਕੇ ਤਾਜ ਕੀ ਕੀਮਤ ਲਗਾ ਕੇ ਲੌਟਾ ਆਇਆ।
ਇੱਕ ਹੋਰ ਖੂਬਸੂਰਤ ਸ਼ੇਅਰ ‘ਚ ਕਹਿੰਦੇ ਹਨ,
ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜਰੇ ਹੋਂਗੇ
ਕਮ ਸੇ ਕਮ ਰਾਹ ਕੇ ਪੱਥਰ ਤੋ ਹਟਾਤੇ ਜਾਤੇ।
ਇਕ ਹੋਰ ਸ਼ੇਅਰ ਵਿਚ ਉਨ੍ਹਾਂ ਮੁਗਲਾਂ ਦੇ ਇਤਿਹਾਸ ਨੂੰ ਦੋ ਸਤਰਾਂ ਵਿਚ ਸਮੇਟਣ ਦੀ ਇਕ ਕਾਮਯਾਬ ਕੋਸ਼ਿਸ਼ ਕੀਤੀ ਹੈ,
ਫੈਸਲੇ ਲਮਹਾਤ ਕੇ ਨਸਲੋਂ ਪੇ ਭਾਰੀ ਹੋ ਗਏ,
ਬਾਪ ਹਾਕਮ ਥਾ ਮਗਰ ਬੇਟੇ ਭਿਖਾਰੀ ਹੋ ਗਏ।
ਅਕਸਰ ਮੁਸ਼ਾਇਰਿਆਂ ਨੂੰ ਆਪਣੇ ਸ਼ਬਦਾਂ ਦੀ ਅਦਾਇਗੀ ਦੇ ਵਿਲੱਖਣ ਅੰਦਾਜ਼ ਨਾਲ ਲੁੱਟਣ ਵਾਲੇ ਰਾਹਤ ਇੰਦੌਰੀ ਨੇ ਆਪਣੇ ਲਿਖੇ ਗੀਤਾਂ ਰਾਹੀਂ ਹਿੰਦੀ ਫਿਲਮਾਂ ਵਿਚ ਵੀ ਇਕ ਅਲੱਗ ਪਛਾਣ ਬਣਾਈ। ਉਨ੍ਹਾਂ ਦੇ ਇਕ ਗੀਤ ਦੇ ਬੋਲ ਹਨ, “ਨੀਂਦ ਚੁਰਾਈ ਮੇਰੀ, ਕਿਸ ਨੇ ਓ ਸਨਮ, ਤੂਨੇ।” ਇਸੇ ਤਰ੍ਹਾਂ ਫਿਲਮ ‘ਮੁੰਨਾ ਭਾਈ ਐਮ. ਬੀ. ਬੀ. ਐੱਸ਼’ ਦੇ ਲਿਖੇ ਉਨ੍ਹਾਂ ਦੇ ਅਲੱਗ ਅਲੱਗ ਗੀਤਾਂ ਦਾ ਜਾਦੂ ਵੀ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ। “ਐਮ ਬੋਲੇ ਤੋ ਮੁੰਨਾ” ਅਤੇ “ਚੰਦਾ ਮਾਮੂੰ ਸੋ ਗਏ, ਸੂਰਜ ਚਾਚੂ ਜਾਗੇ” ਆਦਿ ਅੱਜ ਵੀ ਰਾਹਤ ਦੀਆਂ ਯਾਦਾਂ ਤਾਜ਼ਾ ਕਰ ਜਾਂਦੇ ਹਨ।
ਫਿਰਕਾਪ੍ਰਸਤੀ ਦੇ ਖਿਲਾਫ ਲਿਖਣ ਵਾਲੇ ਰਾਹਤ ਨੂੰ ਸੋਸ਼ਲ ਮੀਡੀਆ ਤੇ ਕੱਟੜਪੰਥੀਆਂ ਦੇ ਕਾਫੀ ਭੱਦੇ ਕੁਮੈਂਟਾ ਦਾ ਸਾਹਮਣਾ ਕਰਨਾ ਪਿਆ, ਪਰ ਉਹ ਬਿਨਾ ਕਿਸੇ ਦੀ ਪ੍ਰਵਾਹ ਕੀਤਿਆਂ ਬੇਬਾਕ ਅਤੇ ਦਬੰਗ ਅੰਦਾਜ਼ ਵਿਚ ਆਪਣੀ ਗੱਲ ਪੂਰੀ ਨਿਡਰਤਾ ਨਾਲ ਕਹਿੰਦੇ ਰਹੇ। ਇੱਕ ਥਾਂ ਉਨ੍ਹਾਂ ਕਿਹਾ,
ਮੈਂ ਮਰ ਜਾਊਂ ਤੋ ਮੇਰੀ ਇੱਕ ਅਲੱਗ ਪਹਿਚਾਨ ਲਿਖ ਦੇਨਾ,
ਲਹੂ ਸੇ ਮੇਰੀ ਪੈਸ਼ਾਨੀ ਪੇ ਹਿੰਦੋਸਤਾਨ ਲਿਖ ਦੇਨਾ!
ਇੱਕ ਹੋਰ ਥਾਂ ਰਾਹਤ ਆਖਦੇ ਹਨ,
ਜਨਾਜ਼ੇ ਪਰ ਮੇਰੇ ਲਿਖ ਦੇਨਾ ਯਾਰੋ
ਮੁਹੱਬਤ ਕਰਨੇ ਵਾਲਾ ਜਾ ਰਹਾ ਹੈ।
ਮੈਨੂੰ ਯਾਦ ਹੈ, ਮੈਂ ਰਾਹਤ ਸਾਹਿਬ ਨੂੰ ਦੋ ਮੁਸ਼ਾਇਰਿਆਂ ਵਿਚ ਮਿਲਿਆ ਸਾਂ। ਦੋਵੇਂ ਵਾਰ ਬਹੁਤ ਗਰਮਜੋਸ਼ੀ ਨਾਲ ਮਿਲੇ ਸਨ ਉਹ। ਪਟਿਆਲਾ ਦੇ ਇਕ ਮੁਸ਼ਾਇਰੇ ਵਿਚ ਜਦੋਂ ਰਾਹਤ ਇੰਦੌਰੀ ਆਪਣਾ ਕਲਾਮ ਸੁਣਾਉਣ ਲਈ ਖੜ੍ਹੇ ਹੋਏ ਤਾਂ ਇਕ ਵੀਡੀਓਗ੍ਰਾਫਰ ਜਦੋਂ ਉਨ੍ਹਾਂ ਦੀ ਮੂਵੀ ਬਣਾਉਣ ਲੱਗਾ ਤਾਂ ਉਨ੍ਹਾਂ ਮੰਚ ਤੋਂ ਹੀ ਉਸ ਨੂੰ ਮੁਖਾਤਿਬ ਹੁੰਦਿਆਂ ਆਖਿਆ, “ਆਪ ਖਾਹਮਖਾਹ ਮੁਝੇ ਇਸ ਕੈਮਰੇ ਮੇਂ ਕੈਦ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈਂ, ਹਾਲਾਂਕਿ ਇਸ ਮੈਂ ਕੈਦ ਹੋਣੇ ਵਾਲਾ ਨਹੀਂ ਹੂੰ। (ਦਰਅਸਲ ਉਨ੍ਹਾਂ ਦਾ ਇਸ਼ਾਰਾ ਆਪਣੇ ਕਾਲੇ ਰੰਗ ਵੱਲ ਸੀ) ਇਸੇ ਤਰ੍ਹਾਂ ਰਾਹਤ ਦੇ ਮੁਸ਼ਾਇਰਿਆਂ ਦੌਰਾਨ ਅਕਸਰ ਜਦੋਂ ਉਹ ਕਲਾਮ ਸੁਣਾਉਂਦੇ ਸੁਣਾਉਂਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਤਾਂ ਉਨ੍ਹਾਂ ਦੀ ਜ਼ਿੰਦਾਦਿਲੀ ਤੋਂ ਲੋਕੀਂ ਕਾਇਲ ਹੋ ਜਾਂਦੇ।
ਜਦੋਂ ਮੈਂ ਬੀ. ਏ. ਵਿਚ ਪੜ੍ਹਦਾ ਸਾਂ ਤਾਂ ਇਕ ਮੁਸ਼ਾਇਰੇ ਦੀ ਸਮਾਪਤੀ ‘ਤੇ ਮੈਂ ਆਪਣੀ ਇਕ ਡਾਇਰੀ ਰਾਹਤ ਸਾਹਿਬ ਮੂਹਰੇ ਕਰਦਿਆਂ ਆਟੋਗ੍ਰਾਫ ਦੇਣ ਦੀ ਗੁਜਾਰਿਸ਼ ਕੀਤੀ ਤਾਂ ਉਨ੍ਹਾਂ ਉਸ ਡਾਇਰੀ ‘ਤੇ ਜੋ ਸ਼ੇਅਰ ਲਿਖਿਆ, ਉਹ ਸੀ,
ਬਨ ਕੇ ਏਕ ਹਾਦਸਾ ਅਖਬਾਰ ਮੇਂ ਆ ਜਾਏਗਾ
ਜੋ ਨਹੀਂ ਹੋਗਾ ਵੋਹ ਅਖਬਾਰ ਮੇਂ ਆ ਜਾਏਗਾ।
ਇਸੇ ਗਜ਼ਲ ਦਾ ਇਕ ਹੋਰ ਸ਼ੇਅਰ ਬਹੁਤ ਮਸ਼ਹੂਰ ਹੋਇਆ ਸੀ, ਜਿਸ ‘ਚ ਉਨ੍ਹਾਂ ਅਜੋਕੀ ਰਾਜਨੀਤੀ ਦੀ ਵਿਡੰਬਨਾ ਕਰਦਿਆਂ ਕਿਹਾ ਸੀ,
ਚੋਰ ਉੱਚਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ
ਕੌਨ ਕਬ ਕੌਨਸੀ ਸਰਕਾਰ ਮੇਂ ਆ ਜਾਏਗਾ।
ਆਪਣੇ ਮਰਨ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ‘ਤੇ ਆਪਣੇ ਚਾਹੁਣ ਵਾਲਿਆਂ ਨੂੰ ਕਿਹਾ ਕਿ “ਕੋਵਿਡ ਦੇ ਸ਼ੁਰੂਆਤੀ ਲੱਛਣ ਵਿਖਾਈ ਦੇਣ ਉਪਰੰਤ ਕੱਲ ਮੇਰਾ ਕਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੇ ਚਲਦਿਆਂ ਅਰਬਿੰਦੋ ਹਸਪਤਾਲ ਵਿਚ ਭਰਤੀ ਹਾਂ, ਦੁਆ ਕਰਨਾ ਕਿ ਜਲਦੀ ਤੋਂ ਜਲਦੀ ਬੀਮਾਰੀ ਨੂੰ ਮਾਤ ਦੇ ਦੇਵਾਂ। ਨਾਲ ਹੀ ਉਨ੍ਹਾਂ ਇੱਕ ਹੋਰ ਬੇਨਤੀ ਕੀਤੀ ਕਿ ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਹੀਂ ਕਰਨਾ। ਮੇਰੀ ਖੈਰੀਅਤ (ਸਿਹਤ ਸਬੰਧੀ ਜਾਣਕਾਰੀ) ਟਵਿੱਟਰ ਅਤੇ ਫੇਸਬੁੱਕ ‘ਤੇ ਆਪ ਨੂੰ ਮਿਲਦੀ ਰਹੇਗੀ।
ਕੁਦਰਤ ਨੂੰ ਤਾਂ ਪਰ ਕੁਝ ਹੋਰ ਹੀ ਮਨਜ਼ੂਰ ਸੀ, ਉਸੇ ਸ਼ਾਮ ਕਰੀਬ ਪੰਜ ਵਜੇ ਡਾਕਟਰ ਅਨੁਸਾਰ ਉਨ੍ਹਾਂ ਨੂੰ ਦਿਲ ਦੇ ਦੋ ਦੌਰੇ ਪਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲੰਘੀ 11 ਅਗਸਤ ਦੀ ਰਾਤ ਨੂੰ ਹੀ ਕਰੀਬ ਸਾਢੇ ਨੌਂ ਵਜੇ ਰਾਹਤ ਇੰਦੌਰੀ ਦੇ ਜਿਸਮ ਨੂੰ ਛੋਟੀ ਖਜਰਾਨੀ (ਇੰਦੌਰ) ਦੇ ਇੱਕ ਕਬਰਿਸਤਾਨ ‘ਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੇ ਦਫਨਾਉਣ ਦੀ ਖਬਰ ਪੜ੍ਹਦਿਆਂ ਇਕ ਸ਼ੇਅਰ ਸਹਿਜੇ ਹੀ ਦਿਮਾਗ ਵਿਚ ਘੁੰਮ ਗਿਆ,
ਦੋ ਗਜ਼ ਸਹੀ ਮਗਰ ਯੇਹ ਮੇਰੀ ਮਲਕੀਅਤ ਤੋ ਹੈ,
ਐ ਮੌਤ ਤੂਨੇ ਮੁਝ ਕੋ ਜ਼ਿਮੀਂਦਾਰ ਕਰ ਦੀਆ।