ਕਾਇਨਾਤ ਕਈ ਕੁਝ ਕਹਿੰਦੀ ਏ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ, “ਹੱਸਣਾ ਮਨੁੱਖੀ ਫਿਤਰਤ ਦੀ ਪਛਾਣ। ਵਿਅਕਤੀਤਵ ਦਾ ਮੁਹਾਂਦਰਾ। ਚੱਜ-ਅਚਾਰ ਦੀ ਝਲਕ। ਹਾਸੇ ਵਿਚੋਂ ਮਨੁੱਖ ਦੀ ਅਸਲੀਅਤ ਜੱਗ-ਜਾਹਰ ਹੁੰਦੀ ਕਿ ਉਹ ਕਿਵੇਂ, ਕਦੋਂ, ਕਿਸ ਤਰ੍ਹਾਂ ਅਤੇ ਕਿਹੜੇ ਅੰਦਾਜ਼ ਨਾਲ ਹੱਸਦਾ?…ਸਭ ਤੋਂ ਸੁੰਦਰ ਹੈ, ਜਦ ਮਨੁੱਖ ਦਾ ਅੰਗ-ਅੰਗ ਹੱਸਦਾ, ਨੈਣਾਂ ਵਿਚੋਂ ਹਾਸਾ ਡਲਕਦਾ, ਬੋਲਾਂ ਵਿਚੋਂ ਹਾਸਾ ਉਗਮਦਾ, ਤੋਰ ਵਿਚ ਹਾਸੇ ਦਾ ਜਲਵਾ ਅਤੇ ਉਦਮ ਤੇ ਉਤਸ਼ਾਹ ਵਿਚ ਹਾਸੇ ਦਾ ਪ੍ਰਗਟਾਅ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਾਇਨਾਤ ਦੀ ਕਾਇਆ ਤੋਂ ਅਵੇਸਲੀ ਹੋਈ ਮਨੁੱਖਤਾ ਨੂੰ ਝੰਜੋੜਦਿਆਂ ਕਿਹਾ ਹੈ, “ਕਾਇਨਾਤ ਬਹੁਤ ਕੁਝ ਕਹਿੰਦੀ, ਪਰ ਅਸੀਂ ਸੁਣਦੇ ਹੀ ਨਹੀਂ। ਬਹੁਤ ਸਾਰੇ ਸੰਕੇਤ ਦਿੰਦੀ, ਪਰ ਅਸੀਂ ਸਮਝਦੇ ਨਹੀਂ। ਸਾਨੂੰ ਸਹਿਜ ਦਿੰਦੀ, ਪਰ ਅਸੀਂ ਭਟਕਣ ਵਿਚ ਹੀ ਉਲਝਦੇ ਹਾਂ। ਕਦੇ ਵੀ ਇਕੱਲ ਦਾ ਅਹਿਸਾਸ ਨਹੀਂ ਹੋਣ ਦਿੰਦੀ, ਪਰ ਅਸੀਂ ਕਾਇਨਾਤ ਦੇ ਆਗੋਸ਼ ਵਿਚ ਜਾਣ ਤੋਂ ਕੰਨੀ ਕਤਰਾਉਂਦੇ।…ਕੁਦਰਤ ਤਾਂ ਹਰਦਮ ਤੁਹਾਡੇ ਅੰਗ-ਸੰਗ ਵੱਸਦੀ ਹੈ, ਸਿਰਫ ਲੋੜ ਹੈ ਕਿ ਅਸੀਂ ਇਸ ਨੂੰ ਮਹਿਸੂਸ ਕਰੀਏ, ਇਸ ਦੇ ਸਪਰਸ਼ ਵਿਚੋਂ ਆਪਣੀ ਸਾਹ-ਸੁਰੰਗੀ ਨੂੰ ਸਮਰਪਿਤ ਹੋਈਏ, ਕਿਉਂਕਿ ਉਦੋਂ ਮਨੁੱਖ ਵਿਚੋਂ ਮਨੁੱਖ ਹੀ ਮਨਫੀ ਹੋ ਜਾਂਦਾ, ਜਦ ਉਹ ਅੰਦਰ ਵਸਦੀ-ਰਸਦੀ ਕਾਇਨਾਤ ਨੂੰ ਲਿਤਾੜਦਾ।” ਉਨ੍ਹਾਂ ਮਨੁੱਖ ਨੂੰ ਕਾਇਨਾਤ ਦੀ ਗੋਦ ਵਿਚ ਖੇਡਦਾ ਖਿਡੌਣਾ ਦੱਸਦਿਆਂ ਸਵਾਲ ਕੀਤਾ ਹੈ ਕਿ ਕਦੇ ਕਾਇਨਾਤ ਦੀਆਂ ਮਿਹਰਬਾਨੀਆਂ, ਮਾਨਤਾਵਾਂ, ਮੁਹੱਬਤ ਅਤੇ ਮਮਤਾਈ ਰੰਗਾਂ ਵਿਚ ਖੁਦ ਨੂੰ ਰੰਗਿਆ ਏ? ਡਾ. ਭੰਡਾਲ ਕਹਿੰਦੇ ਹਨ, “ਦੁਪਹਿਰ ਦੀ ਧੁੱਪ ਨੂੰ ਪੜ੍ਹਨ ਦਾ ਉਚੇਚ ਜਰੂਰ ਕਰਨਾ, ਕਿਉਂਕਿ ਦੁਪਹਿਰਾਂ ਸਦੀਵ ਨਹੀਂ ਰਹਿੰਦੀਆਂ। ਸਰਘੀ ਹੀ ਦੁਪਹਿਰ ਬਣਦੀ ਅਤੇ ਫਿਰ ਇਹ ਆਖਰ ਨੂੰ ਸ਼ਾਮ ਬਣ ਕੇ ਅਸਤ ਹੋ ਜਾਂਦੀ। ਮਨੁੱਖ ਨੂੰ ਆਪਣੀ ਸਥਿਰਤਾ ‘ਤੇ ਕਾਹਦਾ ਮਾਣ?” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਕਾਇਨਾਤ ਹੱਸਦੀ ਤੇ ਹਸਾਉਂਦੀ, ਗਾਉਂਦੀ ਤੇ ਗਵਾਉਂਦੀ, ਖੇਡਦੀ ਅਤੇ ਖਿਡਾਉਂਦੀ, ਰੁੱਸਦੀ ਤੇ ਰਸਾਉਂਦੀ ਅਤੇ ਬੋਲਦੀ ਤੇ ਬੁਲਾਉਂਦੀ। ਕਾਇਨਾਤ ਗੱਲਾਂ ਕਰਦੀ, ਹੁੰਗਾਰਾ ਭਰਦੀ, ਹੁੰਗਾਰਾ ਲੋਚਦੀ, ਰਾਹ ਦਿਖਾਉਂਦੀ, ਰਾਹੇ ਪਾਉਂਦੀ, ਜਿੰ.ਦਗੀ ਦਾ ਮਕਸਦ ਤੇ ਜੀਵਨ-ਜਾਚ ਦਾ ਪੈਗਾਮ ਹਰ ਮਸਤਕ ਵਿਚ ਟਿਕਾਉਂਦੀ।
ਕਾਇਨਾਤ ਮੌਲਦੀ, ਖਿੜਦੀ ਤੇ ਖਿੜਾਉਂਦੀ, ਫੁਲਦੀ, ਫਲਦੀ, ਫੈਲਦੀ ਅਤੇ ਫੱਕਰਤਾ ਵਿਚੋਂ ਹੀ ਆਪਣੀ ਅਕੀਦਤ ਨੂੰ ਨਵੇਂ ਦਿਸਹੱਦੇ ਪ੍ਰਦਾਨ ਕਰਦੀ। ਕਾਇਨਾਤ ਸਮੁੱਚਾ ਪਸਾਰ, ਵਿਸਥਾਰ, ਖਿਲਾਰ, ਅਪਰ-ਅਪਾਰ, ਮਨ-ਦੁਆਰ ਅਤੇ ਮਾਨਵਤਾ ਦਾ ਆਧਾਰ।
ਕਾਇਨਾਤ ਧੜਕਦੀ ਤੇ ਧੜਕਾਉਂਦੀ, ਹਸਾਸ ਦਾ ਰੰਗ। ਸੁਖਨ, ਸਹਿਜ ਅਤੇ ਸੁਹਜ ਦਾ ਨਾਮ। ਦੂਰ ਤੀਕ ਫੈਲੇ ਹੋਏ ਅੰਬਰ ਦੀ ਤਹਿ ਵਿਚ ਛੁਪੀਆਂ ਅਨੰਤ ਸੰਭਾਵਨਾਵਾਂ, ਸੁਪਨੇ ਅਤੇ ਸਦਾਕਤਾਂ। ਆਲੇ-ਦੁਆਲੇ ਫੈਲਿਆ ਕਣ-ਕਣ ਜੀਵਨ। ਕਾਇਨਾਤੀ ਅਨੰਤਤਾ, ਮਨੁੱਖ ਦੀ ਛੋਟੀ ਜਿਹੀ ਮੱਤ ਦੇ ਕਿਵੇਂ ਮੇਚ ਆਵੇ?
ਕਾਇਨਾਤ ਸੂਤਰ ਵਿਚ ਬੱਝੀ ਅਤੇ ਕਾਇਦੇ-ਕਾਨੂੰਨ ਦੀ ਪਾਲਣਹਾਰੀ। ਦਾਇਰਿਆਂ ਤੋਂ ਪਾਰ। ਇਕਸੁਰਤਾ, ਇਕਸਾਰਤਾ ਅਤੇ ਇਕਮਿੱਕਤਾ ਦੀ ਕੀਰਤੀ।
ਕਾਇਨਾਤ ਵਿਚ ਬਹੁਤ ਸਾਰੇ ਸਮੂਹ। ਹਰੇਕ ਦੀ ਆਪੋ-ਆਪਣੀ ਮਾਨਤਾ ਅਤੇ ਮਰਿਆਦਾ। ਹਰੇਕ ਸਮੂਹ ਵਿਚ ਅਨੇਕ ਜਾਤੀਆਂ-ਪ੍ਰਜਾਤੀਆਂ, ਜੀਵਾਣੂ-ਪਰਵਾਣੂ ਅਤੇ ਸੰਜੀਵ ਤੇ ਨਿਰਜੀਵ ਵਸਤਾਂ, ਵਰਤਾਰੇ। ਸਮੂਹਕਤਾ ਵਿਚੋਂ ਹੀ ਸਮੁੱਚੇ ਵਰਤਾਰੇ ਦਾ ਪ੍ਰਦਰਸ਼ਨ। ਸਮੂਹਾਂ ਦੇ ਸੰਗ੍ਰਿਹ ਵਿਚੋਂ ਹੀ ਕਾਇਨਾਤ ਦ੍ਰਿਸ਼ਟਮਾਨ। ਇਸ ਦੀਦਾਰ ਵਿਚੋਂ ਹੀ ਕਾਇਨਾਤ ਦੀ ਅਸੀਮਤਾ ਨੂੰ ਖਿਆਲ ਕੇ ਹੀ ਇਸ ਦੀ ਮਹਾਨਤਾ, ਵਡੱਤਣ ਅਤੇ ਵਡਿਆਈ ਨੂੰ ਮਾਣਿਆ ਤੇ ਸਮਝਿਆ ਜਾ ਸਕਦਾ।
ਕਾਇਨਾਤ ਵਿਚ ਮਨੁੱਖ ਸਿਰਫ ਅਨੰਤਵਾਂ ਹਿੱਸਾ, ਕਾਇਨਾਤ ਨੂੰ ਸਮਝਣ ਤੋਂ ਅਸਮਰੱਥ, ਪਰ ਉਸ ਨੂੰ ਹੰਕਾਰ ਹੈ ਕਿ ਉਹ ਕਾਇਨਾਤ ਬਾਰੇ ਸਭ ਜਾਣਦਾ। ਕਾਇਨਾਤੀ ਵਰਤਾਰਿਆਂ ਨੂੰ ਕਰਤਾਰੀ ਵਿਚਾਰ, ਸੋਝੀ ਤੇ ਸਮਰੱਥਾ ਨਾਲ ਹੀ ਸਮਝਿਆ ਜਾ ਸਕਦਾ; ਪਰ ਮਨੁੱਖ ਤੁੱਛ ਜਿਹੀ ਬੁੱਧੀ ਨਾਲ, ਅਕਾਰਥ ਹੀ ਪਾਰਖੂ ਤੇ ਗੁਣੀ ਗਿਆਨੀ ਹੋਣ ਦਾ ਭਰਮ ਪਾਲੇ ਤਾਂ ਇਹ ਮਨੁੱਖੀ ਮਨ ਦੀ ਫੋਕੀ ਉਤਮਤਾ ਤੋਂ ਵੱਧ ਕੁਝ ਨਹੀਂ।
ਕਾਇਨਾਤ ਨੂੰ ਸਮਝਿਆ ਨਹੀਂ ਜਾ ਸਕਦਾ। ਹਾਂ! ਇਸ ਦੇ ਕੁਝ ਇਕ ਵਰਤਾਰਿਆਂ ਨੂੰ ਸਤਹੀ ਪੱਧਰ ‘ਤੇ ਹੀ ਸਮਝਿਆ ਜਾ ਸਕਦਾ। ਜਦ ਅਸਗਾਹ, ਅਨੰਤ ਅਤੇ ਅਣਗਿਣਤ ਸੂਰਜ, ਚੰਦ, ਤਾਰੇ, ਗ੍ਰਹਿ, ਉਪ ਗ੍ਰਹਿ ਹੋਣ ਤਾਂ ਦੋ ਗਜ਼ ਜਮੀਨ ‘ਤੇ ਰਹਿਣ ਵਾਲਾ ਮਨੁੱਖ ਕਿੰਨਾ ਕੁ ਜਾਣ ਜਾਂ ਸਮਝ ਸਕਦਾ?
ਕਾਇਨਾਤ ਜਦ ਵਜਦ ਵਿਚ ਆਉਂਦੀ ਤਾਂ ਇਹ ਨੱਚਦੀ ਤੇ ਨਚਾਉਂਦੀ, ਜਿਉਂਦੀ ਤੇ ਜਿਉਣ ਦਾ ਗੁਰ ਹਰੇਕ ਦੇ ਮਨ ਵਿਚ ਗੁਣਗੁਣਾਉਂਦੀ। ਪਰ ਕੀ ਅਸੀਂ ਕੁਦਰਤ ਨੂੰ ਕਦੇ ਸੁਣਿਆ ਏ? ਇਸ ਨੂੰ ਨਿਹਾਰਿਆ ਏ? ਇਸ ਦੀ ਚੁੱਪ ਨੂੰ ਆਪਣੀ ਅੰਦਰਲੀ ਚੁੱਪ ਨਾਲ ਮੁਖਾਤਬ ਹੋਏ ਹੋ? ਕਦੇ ਦੀਦਿਆਂ ਵਿਚ ਇਸ ਦੀ ਰੋਸ਼ਨੀ, ਰੂਪ, ਰੰਗ, ਰੰਗੀਨੀਆਂ ਅਤੇ ਰੰਗਰੇਜ਼ਤਾ ਨੂੰ ਉਤਾਰਿਆ ਏ? ਆਪਣੇ ਕੰਨਾਂ ਵਿਚ ਇਸ ਦੇ ਬੋਲਾਂ, ਰਾਗਾਂ, ਨਾਦਾਂ, ਰਾਗਣੀਆਂ ਨੂੰ ਘੋਲਿਆ ਏ? ਕਦੇ ਇਸ ਦੇ ਨਾਲ ਨੱਚੇ ਹੋ? ਕਦੇ ਬੋਲਾਂ ਦਾ ਹੁੰਗਾਰਾ ਭਰਿਆ ਏ? ਕਦੇ ਕਾਇਨਾਤੀ ਰਹਿਮਤਾਂ ਦਾ ਸ਼ੁਕਰੀਆ ਕੀਤਾ ਏ? ਕਦੇ ਬਖਸ਼ਿਸ਼ਾਂ, ਬੰਦਿਆਈ ਤੇ ਬੰਦਗੀ ਨੂੰ ਨਮਸਕਾਰ ਕੀਤਾ ਏ? ਕਦੇ ਵਲਵਲਿਆਂ, ਵਹਿਣਾਂ, ਵੈਰਾਗ ਅਤੇ ਵਿਯੋਗਤਾ ਨੂੰ ਅੰਤਰੀਵ ਵਿਚ ਉਤਾਰਿਆ ਏ? ਕਦੇ ਇਸ ਦੀ ਵਿਸ਼ਾਲਤਾ ਨੂੰ ਵਿਲੱਖਣਤਾ ਦਾ ਨਾਮ ਦਿੱਤਾ ਏ? ਕਦੇ ਇਸ ਦੀਆਂ ਬਰਕਤਾਂ ਵਿਚੋਂ ਸਾਹਾਂ ਨੂੰ ਸਦੀਵਤਾ ਤੇ ਸਥਿਰਤਾ ਦੇਣ ਪ੍ਰਤੀ ਪ੍ਰੇਰਿਤ ਹੋਏ ਹੋ? ਕਦੇ ਕਾਇਨਾਤ ਦੀ ਕਿਰਿਆਵੀ, ਕਿਰਨਮਈ, ਕ੍ਰਿਸ਼ਮਮਈ, ਕ੍ਰਿਤਾਰਥੀ ਅਤੇ ਕੀਰਤੀ ਦੀ ਕੈਨਵਸ ਨੂੰ ਰੂਹ ਵਿਚ ਵਸਾਇਆ ਏ? ਕਦੇ ਕਾਇਨਾਤ ਦੀਆਂ ਮਿਹਰਬਾਨੀਆਂ, ਮਾਨਤਾਵਾਂ, ਮੁਹੱਬਤ ਅਤੇ ਮਮਤਾਈ ਰੰਗਾਂ ਵਿਚ ਖੁਦ ਨੂੰ ਰੰਗਿਆ ਏ? ਕਦੇ ਆਪਣੇ ਨਿਕੰਮੇਪਣ ਤੇ ਨਾ-ਅਹਿਲੀਅਤ ਦੀ ਨਿਸ਼ਾਨਦੇਹੀ ਕਰਦਿਆਂ ਕੁਦਰਤੀ ਪਾਰਦਸ਼ਤਾ ਤੇ ਪਾਕੀਜ਼ਤਾ ਦੇ ਪੈਗਾਮ ਨੂੰ ਮੂਲ-ਮੰਤਰ ਜਾਣਿਆ ਏ?
ਕਾਇਨਾਤੀ ਗੁਫਤਗੂ ਵਿਚ ਹਿੱਸਾ ਲਓ। ਇਸ ਵਿਚ ਮਨੁੱਖੀ ਸ਼ਮੂਲੀਅਤ ਬਹੁਤ ਜਰੂਰੀ, ਕਿਉਂਕਿ ਖੁਦ ਨੂੰ ਕਾਇਨਾਤ ਵਿਚੋਂ ਵੱਖ ਕਿਵੇਂ ਕਰੋਗੇ?
ਸੂਰਜ ਦੇ ਧੁੱਪੀਲੇ ਬੋਲਾਂ ਨਾਲ ਆਪਣੀ ਗੱਲਬਾਤ ਵਿਚ ਨਿੱਘ ਭਰੋ। ਧੁੱਪਾਂ ਨੂੰ ਸੇਕਦਿਆਂ, ਧੁੱਪਾਂ ਬਣਨ ਦੀ ਮੁਹਾਰਤ ਪੈਦਾ ਕਰੋ, ਧੁੱਪ ਜੇਡ ਉਮਰ ਤੁਹਾਡਾ ਮਾਣ ਹੋਵੇਗੀ।
ਤਾਰੇ ਇਕ ਦੂਜੇ ਨਾਲ ਕਿਰਨਈ ਗੱਲਾਂ ਵਿਚ ਰੁੱਝੇ ਰਹਿੰਦੇ। ਇਸ ਗੱਲਬਾਤ ਨੂੰ ਕਦੇ ਟਿੱਕੀ ਰਾਤ ਵਿਚ ਸੁਣਨਾ। ਇਨ੍ਹਾਂ ਗਿਆਨ-ਗੱਲਾਂ ਨੂੰ ਰੂਹ ਵਿਚ ਵਸਾ ਕੇ ਪਤਾ ਲੱਗੇਗਾ ਕਿ ਕਿਵੇਂ ਚਾਨਣ ਵਰਗਾ ਹੋ ਕੇ ਹੀ ਚਾਨਣ ਦਾ ਵਣਜ ਕੀਤਾ ਜਾ ਸਕਦਾ। ਇਹ ਵਣਜ ਸਦਾ ਨਫਾ। ਇਕ ਦੀਵੇ ਦਾ ਚਾਨਣ ਨਹੀਂ ਘੱਟਦਾ, ਜਦ ਇਹ ਦੂਸਰੇ ਦੀਵੇ ਨੂੰ ਜਗਾਉਂਦਾ ਹੈ।
ਪੁੰਨਿਆਂ ਦੀ ਰਾਤੇ, ਜੋਬਨ-ਮੱਤੇ ਚੰਨ ਦੀਆਂ ਚਾਨਣੀ ਨਾਲ ਗੱਲਾਂ ਵਿਚ, ਧਰਤੀ ‘ਤੇ ਵੱਸਦੇ ਚੰਨ ਵਰਗੇ ਲੋਕਾਂ ਲਈ ਦੁਆਵਾਂ ਹੁੰਦੀਆਂ ਤਾਂ ਕਿ ਇਹ ਲੋਕ ਚਾਨਣ ਰੰਗੇ ਪਲ ਮਾਣਨ। ਇਕ ਦੂਜੇ ਦੀ ਆਗੋਸ਼ੀ ਅਮੀਰਤਾ ਅਤੇ ਆਤਮਿਕ ਰੰਗਣ ਵਿਚੋਂ ਜੀਵਨ ਦੀ ਸਦੀਵਤਾ ਕਿਆਸਣ। ਇਨ੍ਹਾਂ ਦੁਆਵਾਂ ਲਈ ਝੋਲੀ ਫੈਲਾਉਣਾ ਅਤੇ ਚੰਨ ਦੀਆਂ ਚਮਤਕਾਰੀ ਦੁਆਵਾਂ ਵਿਚੋਂ ਆਪਣੀ ਬਖਸ਼ਿੰਦਗੀ ਦੀ ਲੋਚਾ ਮਨ ਵਿਚ ਵਸਾਉਣ।
ਵੱਗਦੇ ਦਰਿਆਵਾਂ ਦੀ ਚਾਲ-ਢਾਲ ਵਿਚ ਜ਼ਿੰਦਗੀ ਨੂੰ ਯੁੱਗ ਜਿਉਣ ਦਾ ਵਰਦਾਨ। ਪਾਣੀ ਦੀਆਂ ਤਰੰਗਾਂ ਵਿਚ ਤਮੰਨਾਵਾਂ, ਤਾਂਘਾਂ ਅਤੇ ਤਰਜ਼ੀਹਾਂ ਦੀ ਤਸ਼ਬੀਹ ਹੁੰਦੀ। ਦਰਿਆ ਦਾ ਪਾਣੀ ਜਦ ਕੰਢਿਆਂ ਨੂੰ ਮਿਲਾਉਂਦੀ ਬੇੜੀ ਨਾਲ ਸੰਵਾਦ ਰਚਾਉਂਦਾ ਤਾਂ ਸ਼ੁਕਰ-ਗੁਜਾਰੀ ਪਾਣੀ ਵਿਚ ਘੁੱਲ ਜਾਂਦੀ। ਪਾਣੀ ਦੇ ਬੋਲਾਂ ਵਿਚਲੀ ਪਾਕੀਜ਼ਗੀ ਤੇ ਪਹੁਲਤਾ ਨੂੰ ਜਰੂਰ ਸੁਣਨਾ। ਇਸ ਨੂੰ ਜੀਵਨ ਜਾਚ ਦਾ ਅੰਗ ਬਣਾਉਣਾ, ਕਿਉਂਕਿ ਜਰੂਰੀ ਹੁੰਦਾ ਏ ਪਾਣੀ ਵਰਗੀ ਪਾਰਦਰਸ਼ਤਾ ਅਤੇ ਪਵਿੱਤਰਤਾ ਨੂੰ ਆਤਮਾ ਦਾ ਧੁਰ-ਦਰਗਾਹੀ ਆਦੇਸ਼ ਬਣਾਉਣਾ।
ਰੁਮਕਦੀ ਪੌਣ ਦੇ ਬੋਲਾਂ ਨੂੰ ਧਿਆਨ ਨਾਲ ਸੁਣਨਾ। ਇਨ੍ਹਾਂ ਬੋਲਾਂ ਵਿਚ ਵੱਸਦੀ ਅਰਦਾਸ, ਅਰਾਧਨਾ ਅਤੇ ਅੰਤਰ-ਯਾਮਤਾ ਨੂੰ ਅੰਤਰੀਵ ਵਿਚ ਰਚਾ ਕੇ, ਇਸ ਵਰਗਾ ਹੋਣ ਦੀ ਕਵਾਇਦ ਕਰਨੀ। ਪੌਣ ਵਰਗੀ ਤਰਲਤਾ, ਝੀਤਾਂ ਥੀਂ ਲੰਘ ਜਾਣ ਅਤੇ ਹਰ ਕੰਨ ਵਿਚ ਸੰਗੀਤਕਤਾ ਅਤੇ ਸੁਗਮਤਾ ਨੂੰ ਸਾਹ-ਸਰਸਰਹਾਟ ਬਣਾਉਣਾ। ਮਨੁੱਖ ਦਾ ਮਨੁੱਖਤਾ ਵੰਨੀਂ ਅਹੁਲਣਾ, ਧਰਮ ਬਣ ਜਾਵੇਗਾ। ਪੌਣ ਹੀ ਮਨੁੱਖੀ ਬੋਲਾਂ ਦਾ ਆਧਾਰ। ਪੌਣ ਵਿਚਲੇ ਬੋਲਾਂ ਵਿਚੋਂ ਹੀ ਮਨੁੱਖ ਨੂੰ ਬੋਲਣ ਅਤੇ ਕਾਇਨਾਤੀ ਕਿਰਿਆਵਾਂ ਨੂੰ ਕਰਨ ਦਾ ਹੁਨਰ ਹਾਸਲ ਹੁੰਦਾ। ‘ਵਾਅ ਦੇ ਪਿੰਡੇ ‘ਤੇ ਉਕਰੇ ਪਾਕ ਬੋਲਾਂ ਵੰਨੀਂ ਬਹੁਤ ਘੱਟ ਲੋਕ ਧਿਆਨ ਦਿੰਦੇ, ਪਰ ਜੋ ਧਿਆਨ ਦਿੰਦੇ, ਉਨ੍ਹਾਂ ਨੂੰ ਮਨੁੱਖ ਹੋਣ ਦਾ ਮਾਣ, ਮਾਨਤਾ ਅਤੇ ਮਹਾਨਤਾ ਮਿਲਦੀ।
ਸਰਘੀ ਦੀ ਸਰਗਮ ਵਿਚ ਘੁਲੀ ਹੁੰਦੀ ਏ ਰੰਗ-ਬਰੰਗਤਾ, ਤ੍ਰੇਲ ਧੋਤੇ ਦ੍ਰਿਸ਼ਾਂ ਦੀ ਰੂਪਮਾਨਤਾ, ਖਿੜ ਰਹੇ ਫੁੱਲਾਂ ਦੀ ਆਭਾ, ਮਹਿਕਦੀਆਂ ਕਲੀਆਂ, ਮੌਲਦੇ ਬਿਰਖ ਤੇ ਬਹਾਰ ਦੀਆਂ ਬਰਕਤਾਂ ਅਤੇ ਪੰਛੀਆਂ ਦੀ ਪਰਵਾਜ਼। ਇਨ੍ਹਾਂ ਸੰਦੀਲੇ ਵਰਤਾਰਿਆਂ ਨੂੰ ਦੇਖਣਾ, ਫਿਰ ਖੁਦ ਦੀ ਨਿਸ਼ਾਨਦੇਹੀ ਕਰਨੀ ਕਿ ਮਨੁੱਖ ਕਿਥੇ ਕੁ ਹੈ? ਕੀ ਮਨੁੱਖ ਨੇ ਕਦੇ ਸਰਘੀ ਬਣਨ ਬਾਰੇ ਮਨ ਵਿਚ ਧਾਰਿਆ ਏ? ਸ਼ਾਮ ਦੇ ਸੰਧੂਰੀਪਣ ਵਿਚ ਅਜਿਹੀ ਲਿਸ਼ਕ ਦ੍ਰਿਸ਼ਮਾਨ ਹੁੰਦੀ ਕਿ ਇਸ ਵਿਚ ਰੰਗੇ ਜਾਣ ਦੀ ਨਸੀਹਤ ਅਤੇ ਲੋਚਾ, ਮਨੁੱਖ ਨੂੰ ਧਰਮੀਅਤ ਦਾ ਪਾਠ ਪੜ੍ਹਾ ਜਾਂਦੀ। ਦੁਪਹਿਰ ਦੀ ਧੁੱਪ ਨੂੰ ਪੜ੍ਹਨ ਦਾ ਉਚੇਚ ਜਰੂਰ ਕਰਨਾ, ਕਿਉਂਕਿ ਦੁਪਹਿਰਾਂ ਸਦੀਵ ਨਹੀਂ ਰਹਿੰਦੀਆਂ। ਸਰਘੀ ਹੀ ਦੁਪਹਿਰ ਬਣਦੀ ਅਤੇ ਫਿਰ ਇਹ ਆਖਰ ਨੂੰ ਸ਼ਾਮ ਬਣ ਕੇ ਅਸਤ ਹੋ ਜਾਂਦੀ। ਮਨੁੱਖ ਨੂੰ ਆਪਣੀ ਸਥਿਰਤਾ ‘ਤੇ ਕਾਹਦਾ ਮਾਣ? ਦਿਨ ਦੇ ਚੜਨ ਤੇ ਢਲਣ ਵਿਚੋਂ ਹੀ ਉਮਰ ਨੂੰ ਕਰਮ-ਆਸਣ ਬਣਾਉਣ ਦੀ ਪ੍ਰੇਰਨਾ ਮਿਲਦੀ। ਧੁੱਪ ਦੇ ਹਰੇਕ ਰੰਗ ਅਤੇ ਰੂਪ ਨੂੰ ਆਪਣੀ ਸੋਚ ਦਾ ਹਿੱਸਾ ਜਰੂਰ ਬਣਾਉਣਾ ਤਾਂ ਹੀ ਧੁੱਪ ਜਿਹੇ ਬਣਨ ਦਾ ਵਿਚਾਰ ਮਨ ਵਿਚ ਪੈਦਾ ਹੋਵੇ।
ਕਾਇਨਾਤ ਦੇ ਅਨੇਕ ਰੰਗ-ਢੰਗ, ਰੂਪ-ਸਰੂਪ, ਦ੍ਰਿਸ਼, ਦਿੱਖ, ਦਵੰਦ, ਆਸਵੰਦ, ਸਮੁੱਚਤਾ ਤੇ ਇਕੱਲਾਪਣ, ਇਕਹਿਰਾਪਣ ਅਤੇ ਬਹੁ-ਪਰਤੀ।
ਵਰਦੇ ਮੀਂਹ ਵਿਚ ਕਣੀਆਂ ਦੀ ਕਿਣ-ਮਿਣ ਨੂੰ ਕੰਨ-ਰਸ ਬਣਾਉਣਾ, ਤੁਹਾਨੂੰ ਪਤਾ ਲੱਗੇਗਾ ਕਿ ਇਹ ਕਣੀਆਂ ਮਿਲ ਕੇ ਨਦੀਆਂ-ਨਾਲਿਆਂ ਦਾ ਰੂਪ ਧਾਰਦੀਆਂ, ਦਰਿਆ ਵੀ ਬਣਦੀਆਂ ਅਤੇ ਆਖਰ ਨੂੰ ਸਮੁੰਦਰ ਵਿਚ ਸਮਾ ਕੇ ਅਗਲੇ ਸਫਰ ਦੀ ਤਿਆਰੀ ਵਿਚ ਰੁੱਝ ਜਾਂਦੀਆਂ। ਕਿਆਰਿਆਂ ਵਿਚ ਖੜਾ ਪਾਣੀ ਵੀ ਹੁੰਦੀਆਂ, ਮਾਰੂਥਲਾਂ ਦੀ ਪਿਆਸ ਵੀ ਬੁਝਾਉਂਦੀਆਂ। ਕੁਦਰਤ ਨੂੰ ਨਿਖਾਰਦੀਆਂ, ਸਿੰ.ਗਾਰਦੀਆਂ ਅਤੇ ਆਰਤੀ ਉਤਾਰਦੀਆਂ। ਇਹ ਕਣੀਆਂ ਹੀ ਜੀਵਨ-ਕਣੀਆਂ ਬਣ ਕੇ, ਜ਼ਿੰਦਗੀ ਨੂੰ ਜਿਉਣ-ਜੋਗਾ ਕਰਦੀਆਂ। ਕਣੀਆਂ ਦੀ ਸੰਗੀਤਕਤਾ ਵਿਚ ਸਮਾਇਆ ਹੁੰਦਾ ਹੈ, ਸਾਹ-ਸੁਰੰਗੀ ਦਾ ਸਰੋਦੀਪਣ। ਕਦੇ ਮਨ ਦੀ ਤ੍ਰੇਹ ਨੂੰ ਕਣੀਆਂ ਨਾਲ ਮਿਟਾਉਣਾ, ਇਸ ਦੇ ਰਾਗੀ ਨਾਦ ਵਿਚ ਪੈਰ ਥਰਕਾਉਣਾ, ਤਹਿਜ਼ੀਬ ਦੀਆਂ ਨਵੀਆਂ ਤਸ਼ਬੀਹਾਂ ਮਨ ਵਿਚ ਉਤਪੰਨ ਹੋਣਗੀਆਂ।
ਕਦੇ ਰੁਮਕਦੀ ਪੌਣ ਰਾਹੀਂ ਪੱਤਿਆਂ ਵਿਚ ਪੈਦਾ ਹੋਈ ਰਾਗ-ਰਮਤਾ ਨੂੰ ਸ਼ਾਂਤ-ਚਿੱਤ ਹੋ ਕੇ ਸੁਣਨਾ, ਤੁਹਾਨੂੰ ਪੱਤਿਆਂ ਅਤੇ ਪੌਣ ਦੇ ਮਿਲਾਪ ਦੀ ਤੜਪ ਵਿਚੋਂ ਇਕ ਦੂਜੇ ਵਿਚ ਸਮਾ ਜਾਣ ਦੀ ਚਾਹਨਾ ਚਿੰਰਜੀਵ ਹੋਵੇਗੀ। ਪੌਣ ਨਾਲ ਪੀਢੇ ਸਬੰਧਾਂ ਦੀ ਯਾਦ ਜਰੂਰ ਆਵੇਗੀ, ਕਿਉਂਕਿ ਸਾਹ-ਸੰਗੀਤ ਦੀ ਨਿਰੰਤਰਤਾ ਲਈ ਪੌਣ ਦਾ ਰੁਮਕਣਾ ਬਹੁਤ ਜਰੂਰੀ। ਯੋਗੀ ਲੋਕ ਤਾਂ ਹੀ ਜੰਗਲ-ਬੇਲਿਆਂ, ਪਹਾੜਾਂ, ਨਦੀਆਂ ਜਾਂ ਦਰਿਆਵਾਂ ਦੇ ਕੰਡਿਆਂ ‘ਤੇ ਅੰਦਰਲੀ ਧੁਨ ਨੂੰ ਸੁਣਨ ਅਤੇ ਕਾਇਨਾਤ ਨਾਲ ਇਕਸੁਰ ਹੋਣ ਲਈ ਯੋਗ ਕਮਾਉਂਦੇ ਨੇ। ਗੱਲ ਤਾਂ ਆਪਣੇ ਆਪ ਨੂੰ ਸੁਣਨ ਅਤੇ ਇਸ ਅਨੁਸਾਰ ਜੀਵਨ ਨੂੰ ਵਿਉਂਤਣ ਦੀ ਹੁੰਦੀ।
ਕਦੇ ਪਰਿੰਦਿਆਂ ਦੀ ਚਹਿਕਣੀ, ਚੀਂ ਚੀਂ, ਬੋਟ-ਬੋਲਾਂ ਜਾਂ ਗੁਫਤਗੂ ਵਿਚ ਖੁਦ ਨੂੰ ਸ਼ਾਮਲ ਕਰਨਾ। ਅੰਮ੍ਰਿਤ ਵਲੇ ਪੰਛੀਆਂ ਦੇ ਬੋਲਾਂ ਵਿਚੋਂ ਝਰਦੀ ਏ ਅਧਿਆਤਮਕਤਾ ਅਤੇ ਸ਼ਾਮ ਨੂੰ ਆਲ੍ਹਣਿਆਂ ਦੀ ਗੁਟਕਣੀ ਵਿਚ ਜੀਵਨ ਭਰਪੂਰਤਾ ਤੇ ਅਨੰਦਤਾ ਦਾ ਰਾਗ-ਰਤਨ ਸੁਣਨ ਨੂੰ ਮਿਲਦਾ। ਕਦੇ ਪੰਛੀ ਬੋਲਾਂ ਨੂੰ ਰੂਹ-ਰੇਜ਼ਾ ਬਣਾਉਣਾ ਤਾਂ ਕਿ ਪੰਛੀਆਂ ਵਾਂਗ ਚੋਗ ਚੁਗਣ, ਅੰਬਰ ਵਿਚ ਉਡਾਰੀਆਂ ਲਾਉਣ ਅਤੇ ਅਗਲੇ ਪਲ ਦੀ ਬੇਫਿਕਰੀ ਵਿਚੋਂ ਜੀਵਨ ਨੂੰ ਉਚਤਮ ਤਸ਼ਬੀਹਾਂ ਦੇਣ ਦੀ ਸਿਖਿਆ ਮਿਲੇ। ਕੀ ਮਨੁੱਖ ਪੰਛੀ ਵਾਂਗ ਹੱਦਾਂ-ਸਰਹੱਦਾਂ ਉਲੰਘ ਸਕਦਾ? ਕੀ ਅੰਬਰੀਂ ਉਡਾਰੀਆਂ ਲਾ ਸਕਦਾ? ਕੀ ਪੁੱਠੀਆਂ ਬਾਜੀਆਂ ਪਾ ਸਕਦਾ? ਕੀ ਆਲ੍ਹਣੇ ਦੇ ਤੀਲਿਆਂ ਦੀ ਦੌਲਤ ਵਿਚੋਂ ਅਸੀਮ ਖੁਸ਼ੀਆਂ ਅਤੇ ਖੇੜਿਆਂ ਦਾ ਹਾਸਲ ਬਣ ਸਕਦਾ? ਪੰਛੀਆਂ ਦੇ ਬੋਲ ਸੁਣਨ ਲਈ ਪਰਿੰਦਿਆਂ ਵਰਗੀ ਸੋਚ-ਉਡਾਣ ਦੀ ਵੀ ਲੋੜ। ਸਿਰਫ ਪੰਛੀ ਹੀ ਨਹੀਂ ਬੋਲਦੇ ਸਗੋਂ ਸਾਰੇ ਜੀਵ-ਜੰਤੂ ਹੀ ਆਪੋ-ਆਪਣੀਆਂ ਬੋਲੀਆਂ ਵਿਚ ਆਪਣਾ ਦੁੱਖ-ਸੁੱਖ, ਹਾਸੇ-ਹੰਝੂ, ਹਾਵੇ-ਹੌਕੇ ਜਾਂ ਗੁੱਸਾ-ਪਿਆਰ ਜਾਹਰ ਕਰਦੇ, ਪਰ ਮਨੁੱਖ ਨੇ ਕਦੇ ਇਨ੍ਹਾਂ ਵੱਲ ਧਿਆਨ ਦੇਣ ਬਾਰੇ ਤਾਂ ਸੋਚਿਆ ਹੀ ਨਹੀਂ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਿੰਜ ਸਮਝੇਗਾ ਅਤੇ ਮਾਣਮੱਤਾ ਮੁਹਾਂਦਰਾ ਕਿਵੇਂ ਸਿਰਜੇਗਾ?
ਫੁੱਲ ਵੀ ਕੋਲ ਕੋਲ ਬਹਿ ਕੇ ਫੁੱਲਾਂ ਜਿਹੀਆਂ ਗੱਲਾਂ ਕਰਦੇ ਅਤੇ ਕੰਡਿਆਂ ਦੇ ਘੇਰੇ ਦਾ ਸ਼ੁਕਰੀਆ ਕਰਦੇ, ਭੌਰਿਆਂ ਤੇ ਤਿਤਲੀਆਂ ਦੀ ਆਓ ਭਗਤ ਕਰਦੇ ਅਤੇ ਰੰਗ-ਮਹਿਕ ਦੀ ਲਬਰੇਜ਼ਤਾ ਤੇ ਸਕੂਨ ਵੀ ਚੌਗਿਰਦੇ ਦੇ ਨਾਮ ਲਾਉਂਦੇ। ਫੁੱਲਾਂ ਜਿਹਾ ਹੋਣ ਲਈ ਮਨੁੱਖ ਨੂੰ ਨਸੀਹਤ ਵੀ ਦਿੰਦੇ, ਪਰ ਮਨੁੱਖ ਫੁੱਲ ਨਹੀਂ ਬਣਦਾ, ਸਗੋਂ ਕੰਡੇ ਬਣਨ ਵੱਲ ਵੱਧ ਰੁਚਿਤ ਰਹਿੰਦਾ।
ਰੁੱਖ, ਰੁੱਖਾਂ ਨਾਲ ਸੋਂਹਦੇ। ਖਹਿੰਦੀਆਂ ਟਾਹਣੀਆਂ, ਦਰਅਸਲ ਗੁਫਤਗੂ ਦਾ ਰੂਪ ਅਤੇ ਇਕ ਦੂਜੇ ਦੀ ਗਲਵੱਕੜੀ। ਦੋ ਪਿਆਰੇ ਜੋ ਇਕ ਦੂਜੇ ਦੀ ਜਾਨ ਅਤੇ ਮੋਹ-ਰੱਤੇ। ਇਕ ਦੂਜੇ ‘ਚੋਂ ਹੀ ਆਪਣੀ ਹੋਂਦ ਤੇ ਹਾਸਲ ਖਿਆਲਦੇ, ਪਰ ਮਨੁੱਖ ਤਾਂ ਖੁਦਮੁਖਤਿਆਰੀ ਭਾਲਦਾ ਹੀ ਮਾਣ-ਮਰਿਆਦਾਵਾਂ ਤੇ ਮਾਨਤਾਵਾਂ ਦੀ ਉਲੰਘਣਾ ਵਿਚੋਂ ਹੀ ਫੋਕੇ ਦਾਅਵਿਆਂ ਨਾਲ ਧਰਮਤਾ ਨੂੰ ਵਿਉਂਤਦਾ।
ਮਨੁੱਖ ਦੇ ਆਲੇ-ਦੁਆਲੇ ਵਸਦੀ ਕਾਇਨਾਤ ਅਤੇ ਕਾਇਨਾਤੀ ਵਰਤਾਰਿਆਂ ਵਿਚੋਂ ਹੀ ਮਨੁੱਖ ਦਾ ਵਿਗਾਸ, ਵਿਸਥਾਰ, ਵਿਉਂਤਬੰਦੀ, ਵਿਡੰਬਣਾ, ਵਿਯੋਗਤਾ, ਵਿਆਕੁਲਤਾ, ਵਿਮੁੱਖਤਾ, ਵਿਕੋਲਿਤਰਾਪਣ ਅਤੇ ਵਿਲੱਖਣਤਾ; ਪਰ ਇਕ ਕਾਇਨਾਤ ਮਨੁੱਖ ਦੇ ਅੰਦਰ ਵੀ ਵੱਸਦੀ। ਇਹ ਕਾਇਨਾਤ ਸਭ ਤੋਂ ਸੁੰਦਰ, ਸੁਲੱਖਣੀ, ਸੁਹਿਰਦ, ਸੰਤੋਖੀ, ਸਮਰਪਣਮਈ, ਸੁਹਜਮਈ, ਸਿਦਕ, ਸਬਰ ਅਤੇ ਸੁਖਨਮਈ ਹੋ ਸਕਦੀ, ਜੇ ਮਨੁੱਖ ਇਸ ਕਾਇਨਾਤ ਦੇ ਬੋਲਾਂ ਨੂੰ ਸੁਣੇ। ਇਸ ਨੂੰ ਹਾਕ ਮਾਰੇ, ਇਸ ਹਾਕ ਦਾ ਹੁੰਗਾਰਾ ਭਰੇ। ਇਸ ਦੀਆਂ ਤਰਜ਼ੀਹਾਂ ਨੂੰ ਆਪਣੀ ਤਦਬੀਰ ਬਣਾਵੇ। ਇਸ ਦੀ ਸੁੱਚਮਤਾ ਅਤੇ ਸਾਦਗੀ ਵਿਚੋਂ ਮਨੁੱਖੀ ਪਾਕੀਜ਼ਗੀ ਨੂੰ ਨਵੀਆਂ ਬੁਲੰਦੀਆਂ ਬਖਸ਼ੇ। ਮਨੁੱਖ ਵਿਚੋਂ ਮਨੁੱਖ ਹੀ ਮਨਫੀ ਹੋ ਜਾਂਦਾ, ਜਦ ਉਹ ਅੰਦਰ ਵਸਦੀ-ਰਸਦੀ ਕਾਇਨਾਤ ਨੂੰ ਲਿਤਾੜਦਾ। ਇਸ ਦੀ ਵਿਨਾਸ਼ਤਾ ਵਿਚੋਂ ਖੁਦ ਦੇ ਵਿਨਾਸ਼ ਦੀ ਨਿਸ਼ਾਨਦੇਹੀ ਕਰਦਾ। ਮਨੁੱਖ ਮਰਸੀਆ ਬਣ ਜਾਂਦਾ, ਜਦ ਅੰਤਰੀਵੀ ਕਾਇਨਾਤੀ ਪਾਸਾਰਾ, ਸੂਖਮ ਭਾਵਨਾਵਾਂ, ਸੰਵੇਦਨਸ਼ੀਲਤਾ ਅਤੇ ਸਰੋਕਾਰਾਂ ਪ੍ਰਤੀ ਸੁੱਚਮਈ ਚੇਤਨਾ ਮਰ ਜਾਂਦੀ।
ਕਾਇਨਾਤ ਬਹੁਤ ਕੁਝ ਕਹਿੰਦੀ, ਪਰ ਅਸੀਂ ਸੁਣਦੇ ਹੀ ਨਹੀਂ। ਬਹੁਤ ਸਾਰੇ ਸੰਕੇਤ ਦਿੰਦੀ, ਪਰ ਅਸੀਂ ਸਮਝਦੇ ਨਹੀਂ। ਸਾਨੂੰ ਸਹਿਜ ਦਿੰਦੀ, ਪਰ ਅਸੀਂ ਭਟਕਣ ਵਿਚ ਹੀ ਉਲਝਦੇ ਹਾਂ। ਕਦੇ ਵੀ ਇਕੱਲ ਦਾ ਅਹਿਸਾਸ ਨਹੀਂ ਹੋਣ ਦਿੰਦੀ, ਪਰ ਅਸੀਂ ਕਾਇਨਾਤ ਦੇ ਆਗੋਸ਼ ਵਿਚ ਜਾਣ ਤੋਂ ਕੰਨੀ ਕਤਰਾਉਂਦੇ। ਜੰਗਲ ਵਿਚ ਵਾਈ-ਫਾਈ ਤਾਂ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਕਾਇਨਾਤ ਦੇ ਸਭ ਤੋਂ ਕਰੀਬ ਹੁੰਦੇ ਹਾਂ।
ਕਾਇਨਾਤੀ ਪਸਾਰੇ ਵਿਚ ਤਾਰਾ-ਮੰਡਲ ਤੇ ਰਾਤ ਦੀ ਸੁੰਦਰਤਾ, ਬੀਂਡਿਆਂ ਦੀਆਂ ਅਵਾਜ਼ਾਂ, ਪਹਾੜਾਂ, ਦਰਿਆਵਾਂ, ਸਮੁੰਦਰਾਂ, ਜੰਗਲਾਂ ਅਤੇ ਜੀਵ-ਸੰਸਾਰ ਦੀਆਂ ਅਚੰਭਤ ਨਿਆਮਤਾਂ ਨੂੰ ਮਨ-ਮਸਤਕ ਵਿਚ ਭਰਨਾ, ਖੁਸ਼ੀਆਂ ਦੇ ਖਜਾਨੇ ਭਰ ਜਾਣਗੇ।
ਕਾਇਨਾਤ ਅਜਿਹਾ ਸਦਾ-ਬਹਾਰ, ਰੇਡੀਓ ਸਟੇਸ਼ਨ, ਜੋ ਕਦੇ ਭਗਤੀ-ਰਾਗ, ਕਦੇ ਸੁਗਮ-ਸੰਗੀਤ, ਕਦੇ ਬੋਲੀਆਂ, ਕਦੇ ਟੱਪੇ, ਕਦੇ ਵਿਚਾਰ-ਤਕਰਾਰ, ਕਦੇ ਗੋਸ਼ਟਿ, ਕਦੇ ਕਵਿਤਾ-ਪਾਠ ਆਦਿ ਬਹੁਤ ਕੁਝ ਰਿਲੇਅ ਕਰਦਾ ਅਤੇ ਸੁਣਾਉਂਦਾ, ਪਰ ਅਸੀਂ ਕੀ ਅਤੇ ਕਿਵੇਂ ਸੁਣਦੇ ਹਾਂ, ਇਹ ਮਨੁੱਖ ‘ਤੇ ਨਿਰਭਰ?
ਕਾਇਨਾਤ ਨੂੰ ਉਸ ਵਕਤ ਜਰੂਰ ਨਿਹਾਰਨਾ, ਜਦ ਮੁਸੀਬਤ ਵਿਚ ਹੋਈਏ, ਸੰਕਟ ਵਿਚ ਘਿਰੇ ਹੋਈਏ, ਕੋਈ ਰਾਹ ਨਾ ਦਿਸੇ ਅਤੇ ਜੀਵਨ ਵਿਚ ਘੁੱਪ ਹਨੇਰਾ ਹੋਵੇ। ਇਸ ਦੀਆਂ ਨਿਆਮਤਾਂ ਅਤੇ ਬਖਸ਼ਿਸਾਂ ਨੂੰ ਚਿਤਾਰਨਾ। ਹਨੇਰੇ ਰਾਹਾਂ ਵਿਚ ਅੰਦਰਲੇ ਜੁਗਨੂੰਆਂ ਦੀ ਲੋਅ ਨਾਲ ਅੰਦਰ ਨੂੰ ਰੁਸ਼ਨਾਉਣਾ, ਕਾਇਨਾਤ ਤੁਹਾਡਾ ਮਾਰਗ-ਦਰਸ਼ਨ ਜਰੂਰ ਕਰੇਗੀ।
ਕਦੇ ਬਿਰਖਾਂ ਨਾਲ ਦੁੱਖ ਸਾਂਝੇ ਕਰਨਾ, ਮਨ ਹਲਕਾ ਹੋ ਜਾਵੇਗਾ। ਦਰਿਆ ਦੇ ਪਾਣੀ ਨੂੰ ਆਪਣੀ ਗਾਥਾ ਸੁਣਾਉਣਾ, ਉਹ ਤੁਹਾਡੇ ਹੰਝੂਆਂ ਨੂੰ ਆਪਣੇ ਵਿਚ ਸਮਾ ਲਵੇਗਾ। ਪੌਣ ਨੂੰ ਆਪਣੀ ਵੇਦਨਾ ਸੁਣਾਉਣਾ, ਉਹ ਤੁਹਾਡੀਆਂ ਹਿਚਕੀਆਂ ਤੇ ਹਾਵਿਆਂ ਨੂੰ ਆਪਣੀ ਹਿੱਕ ਵਿਚ ਸਮਾ ਕੇ, ਤੁਹਾਨੂੰ ਸਾਹ-ਸੌਗਾਤ ਨਾਲ ਨਿਵਾਜੇਗੀ। ਕੁਦਰਤ ਤਾਂ ਹਰਦਮ ਤੁਹਾਡੇ ਅੰਗ-ਸੰਗ ਵੱਸਦੀ ਹੈ, ਸਿਰਫ ਲੋੜ ਹੈ ਕਿ ਅਸੀਂ ਇਸ ਨੂੰ ਮਹਿਸੂਸ ਕਰੀਏ, ਇਸ ਦੇ ਸਪਰਸ਼ ਵਿਚੋਂ ਆਪਣੀ ਸਾਹ-ਸੁਰੰਗੀ ਨੂੰ ਸਮਰਪਿਤ ਹੋਈਏ।
ਕਾਇਨਾਤ ਦੀ ਚੁੱਪ ਵਿਚ ਵੱਸਦੇ ਨੇ ਬੋਲ, ਇਸ ਦੀ ਸੁੰਨਤਾ ਵਿਚ ਹੁੰਦੀ ਏ ਸਮਾਧੀ, ਇਸ ਦੀ ਵਿਸ਼ਾਲਤਾ ਵਿਚ ਏ ਅਸੀਮਤਾ, ਇਸ ਦੀ ਸਥਿਰਤਾ ਵਿਚ ਏ ਸਾਧਨਾ। ਸਮੂਹਕਤਾ ਵਿਚ ਵੱਸਦੀ ਏ ਸਾਦਗੀ ਤੇ ਸਪੱਸ਼ਟਤਾ, ਮੂਕਤਾ ਉਤਾਰਦੀ ਏ ਮੋਹ ਦੀ ਆਰਤੀ ਤੇ ਇਸ ਦੀ ਅੰਤਰੀਵਤਾ ਵਿਚੋਂ ਝਰਦੀ ਏ ਆਸਥਾ।
ਕਾਇਨਾਤ ਦਾ ਨੇੜ ਮਾਣੋ, ਇਸ ਨੂੰ ਪਿਆਰ ਕਰੋ, ਇਸ ਦੀ ਅਰਦਾਸ ਸੁਣੋ ਅਤੇ ਇਸ ਦੀ ਅਬੋਲ ਅਕੀਦਤ ਨੂੰ ਆਪਣੀ ਕਰਮ-ਸ਼ੀਲਤਾ ਦਾ ਹਿੱਸਾ ਬਣਾਓ, ਕਾਇਨਾਤ ਸਦਾ ਤੁਹਾਡੀ ਤੰਦਰੁਸਤੀ, ਤਾਜ਼ਗੀ, ਤਮੰਨਾਵਾਂ, ਤਰਜ਼ੀਹਾਂ ਤੇ ਤਕਦੀਰ ਨੂੰ ਆਪਣੀ ਤਾਸੀਰ ਬਣਾਵੇਗੀ।
ਕਾਇਨਾਤ ਹੀ ਸਿਖਾਉਂਦੀ ਏ ਜਿਉਣਾ ਤੇ ਜਿਉਣ ਦੇਣਾ, ਜੀਵਨ-ਦਾਨੀ ਬਣਨਾ, ਪਿਆਰ ਕਰਨਾ ਤੇ ਪਿਆਰੇ ਹੋਣਾ, ਹਿੱਸਾ ਵੰਡਣਾ ਤੇ ਵੰਡਾਉਣਾ ਅਤੇ ਸਾਂਝੀਵਾਲਤਾ ਵਿਚੋਂ ਹੀ ਸਦੀਵਤਾ ਦਾ ਪਾਠ ਪੜ੍ਹਨਾ ਤੇ ਪੜ੍ਹਾਉਣਾ।
ਕਾਇਨਾਤ ਕਦੇ ਕਾਹਲ ਨਹੀਂ ਕਰਦੀ। ਬਹੁਤ ਠਰੰਮੇ, ਸਹਿਜ ਅਤੇ ਸਾਦਗੀ ਭਰਪੂਰ ਵਰਤਾਰਿਆਂ ਨਾਲ ਹਰੇਕ ਨੂੰ ਪੂਰਨਤਾ ਦਾ ਪਾਠ ਪੜ੍ਹਾਉਂਦੀ। ਕਾਹਲ ਕਰਦਿਆਂ, ਕਈ ਵਾਰ ਕਿਰਤਾਂ ਟੁੱਟ ਜਾਂਦੀਆਂ ਅਤੇ ਇਸ ਦੀਆਂ ਕਿੱਚਰਾਂ ਬਹੁਤ ਚਿਰ ਤੀਕ ਮਨੁੱਖੀ ਰਾਹਾਂ ਤੇ ਸਾਹਾਂ ਵਿਚ ਰੜਕਦੀਆਂ ਰਹਿੰਦੀਆਂ। ਕਾਇਨਾਤ ਤੋਂ ਸਹਿਜ ਰਹਿਣਾ ਸਿੱਖੋ, ਕਾਹਲ ਵਿਚੋਂ ਉਗਣ ਵਾਲੀਆਂ ਕਮੀਆਂ ਖੁਦ ਹੀ ਖਤਮ ਹੋ ਜਾਣਗੀਆਂ।
ਸਭ ਤੋਂ ਜਰੂਰੀ ਹੈ ਕਿ ਅਸੀਂ ਸੁਣੀਏ ਕਿ ਅੰਦਰ ਵੱਸਦੀ ਕਾਇਨਾਤ ਕੀ ਕਹਿੰਦੀ ਹੈ? ਇਸ ਦੇ ਮਜੀਠੀ ਬੋਲਾਂ ਵਿਚੋਂ ਖੁਦ ਨੂੰ ਪਛਾਣੀਏ, ਜਾਣੀਏ ਅਤੇ ਫਿਰ ਨਿੱਗਰ ਵਿਚਾਰਾਂ ਤੇ ਸਾਧਨਾਂ ਰਾਹੀਂ ਮਨੁੱਖ ਵਿਚ ਵੱਸਦੀ ਮਾਨਵਤਾ ਨੂੰ, ਸਮੁੱਚੇ ਕਾਇਨਾਤੀ ਪਸਾਰੇ ਦਾ ਮਾਣ ਬਣਾਈਏ।
ਕਾਇਨਾਤ ਕੋਮਲ-ਭਾਵੀ, ਕਿਰਿਆਸ਼ੀਲ, ਕਰਮਯੋਗੀ, ਕਿਰਤਨੀ, ਕੀਰਤੀ, ਕਿਰਤੀ, ਕਾਮਨਾਪੂਰਨੀ, ਕ੍ਰਿਸ਼ਮਾਕਾਰੀ, ਕਮਾਲ, ਕਾਰੀਗਰ, ਕਹਿਣੀ ਅਤੇ ਕਰਨੀ ਦੀ ਪੂਰੀ, ਕੋਨੇ ਕੋਨੇ ਵਿਚ ਬਿਰਾਜਮਾਨ; ਪਰ ਕਦੇ ਕਦੇ ਕ੍ਰੋਧਿਤ ਹੋ ਕੇ ਕਹਿਰਵਾਨ ਵੀ ਹੋ ਜਾਂਦੀ, ਕਹਿਰ ਢਾਹੁੰਦੀ, ਮਨੁੱਖ ਨੂੰ ਉਸ ਦੀ ਔਕਾਤ ਦਿਖਾਉਂਦੀ। ਉਸ ਨੂੰ ਥਾਂ ਸਿਰ ਵੀ ਟਿਕਾਉਂਦੀ, ਪਰ ਮਨੁੱਖ ਇਸ ਤੋਂ ਕੁਝ ਨਹੀਂ ਸਮਝਦਾ ਅਤੇ ਆਪਣੇ ਕਾਇਨਾਤੀ ਵਿਰੋਧੀ ਵਰਤਾਰਿਆਂ ਨਾਲ ਕਾਇਨਾਤ ਦੇ ਧੀਰਜ ਨੂੰ ਪਰਖਣ ਲੱਗ ਪੈਂਦਾ। ਲੋੜ ਹੈ ਕਿ ਕਾਇਨਾਤ ਵਿਚਲੇ ਸੰਤੁਲਨ ਨੂੰ ਵਿਗਾੜਨ ਤੋਂ ਗੁਰੇਜ ਕਰਦਿਆਂ ਕਾਇਨਾਤ ਦੀ ਸੁੰਦਰਤਾ ਅਤੇ ਸਮਰੂਪਤਾ ਨੂੰ ਸੰਭਾਲੀਏ। ਮਨੁੱਖ ਕਾਇਨਾਤ ਦੀ ਗੋਦ ਵਿਚ ਖੇਡਦਾ ਖਿਡੌਣਾ ਹੀ ਤਾਂ ਹੈ।
ਕਾਇਨਾਤ ਬਹੁਤ ਕੁਝ ਕਹਿੰਦੀ ਹੈ-ਕਰਮ ਕਰਨ ਲਈ, ਕਦਮ ਉਠਾਉਣ ਲਈ ਅਤੇ ਆਪਣੀ ਕੀਰਤੀ ਰਾਹੀਂ ਮਨੁੱਖ ਦੀਆਂ ਅਸੀਮਤ ਚੰਗਿਆਈਆਂ ਨੂੰ ਕਾਇਨਾਤ ਦੀ ਚੰਗੇਰ ਬਣਾਉਣ ਵੰਨੀ ਪ੍ਰੇਰਿਤ ਕਰਦੀ। ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖ ਰਹੇ ਜਾਂ ਨਾ ਰਹੇ, ਇਸ ਕਾਇਨਾਤ ਨੇ ਸਦਾ ਰਹਿਣਾ। ਲੋੜ ਹੈ ਕਿ ਕਾਇਨਾਤੀ ਸਦੀਵਤਾ ਵਿਚੋਂ ਹੀ ਮਨੁੱਖੀ ਸਦੀਵਤਾ ਨੂੰ ਕਿਆਸੀਏ। ਕਦੇ ਕਦਾਈਂ ਕਾਇਨਾਤ ਨਾਲ ਇਕਸੁਰ ਹੋਈਏ। ਇਸ ਦੇ ਸੂਖਮ ਤੇ ਸਹਿਜਮਈ ਸੰਕੇਤਾਂ, ਸੰਦੇਸ਼ਾਂ ਨੂੰ ਆਪਣੀ ਰੂਹ-ਰੇਜ਼ਤਾ ਬਣਾ ਕੇ ਜੀਵਨ ਦੇ ਨਿਆਰੇਪਣ ਨੂੰ ਨਰੋਇਆਪਣ ਬਖਸ਼ੀਏ।