ਭੁੱਖੇ ਢਿੱਡਾਂ ਨੂੰ ਜਸ਼ਨਾਂ ਦੇ ਢੋਲ-ਢਮੱਕੇ ਨਹੀਂ, ਰੋਟੀ ਦੀ ਉਡੀਕ

ਜਤਿੰਦਰ ਪਨੂੰ
ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਆਪਣੀ ਆਜ਼ਾਦੀ ਦੇ 73 ਸਾਲ ਗੁਜ਼ਾਰ ਚੁਕਾ ਹੈ। ਇਹ ਆਬਾਦੀ ਪੱਖੋਂ ਤਾਂ ਸਭ ਤੋਂ ਵੱਡਾ ਲੋਕਤੰਤਰ ਹੈ, ਅਮਲਾਂ ਦੇ ਪੱਖ ਤੋਂ ਸਭ ਤੋਂ ਵੱਡਾ ਬਣਨ ਵਿਚ ਅਜੇ ਵੀ ਸਫਲ ਨਹੀਂ ਹੋ ਸਕਿਆ।

ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਇਸ ਨੇ ਆਜ਼ਾਦੀ ਮਿਲਣ ਦੀ ਘੜੀ ਤੋਂ ਕੁਝ ਕੀਤਾ ਹੀ ਨਹੀਂ, ਸਗੋਂ ਸਪੱਸ਼ਟ ਕਹਿਣਾ ਚਾਹੀਦਾ ਹੈ ਅਤੇ ਕਹਿਣਾ ਵੀ ਪੈਂਦਾ ਹੈ ਕਿ ਬਹੁਤ ਕੁਝ ਕੀਤਾ ਹੈ, ਪਰ ਜਿੰਨਾ ਕੁਝ ਕੀਤਾ ਜਾਣਾ ਚਾਹੀਦਾ ਸੀ ਜਾਂ ਕੀਤਾ ਜਾ ਸਕਦਾ ਸੀ, ਉਹ ਅਜੇ ਤੱਕ ਨਹੀਂ ਕੀਤਾ ਗਿਆ। ਆਜ਼ਾਦੀ ਮਿਲਣ ਵੇਲੇ ਭਾਰਤ ਦੀ ਆਬਾਦੀ 34 ਕਰੋੜ ਦੇ ਨੇੜੇ ਸੀ, ਚਾਰ ਸਾਲਾਂ ਪਿਛੋਂ ਪਹਿਲੀ ਮਰਦਮ ਸ਼ੁਮਾਰੀ ਵੇਲੇ 36 ਕਰੋੜ ਤੋਂ ਟੱਪ ਗਈ। ਵੀਹ ਸਾਲਾਂ ਪਿਛੋਂ 54 ਕਰੋੜ ਹੋ ਕੇ ਚਾਲੀ ਸਾਲਾਂ ਤੱਕ ਇਹ ਚੁਰਾਸੀ ਕਰੋੜ ਤੇ ਸੱਠ ਸਾਲਾਂ ਤੱਕ ਇੱਕ ਸੌ ਇੱਕੀ ਕਰੋੜ ਹੋ ਗਈ ਸੀ।
ਦੇਸ਼ ਦੀ ਸਰਕਾਰ ਇਸ ਦੀ ਆਬਾਦੀ ਅੱਜ ਕੱਲ੍ਹ ਕਦੀ ਇੱਕ ਸੌ ਪੈਂਤੀ ਕਰੋੜ ਤੇ ਕਦੀ ਉਸ ਨਾਲੋਂ ਵੱਧ ਦੱਸਦੀ ਹੈ। ਪ੍ਰਧਾਨ ਮੰਤਰੀ ਇਸ ਦੇਸ਼ ਦੀ ਆਬਾਦੀ ਇੱਕ ਸੌ ਤੀਹ ਕਰੋੜ ਦੱਸੀ ਜਾਂਦਾ ਹੈ। ਪੈਂਤੀ-ਛੱਤੀ ਕਰੋੜ ਦੀ ਆਬਾਦੀ ਵੇਲੇ ਇਸ ਦੇਸ਼ ਵਿਚ ਅਨਾਜ ਘੱਟ ਹੁੰਦਾ ਸੀ ਤੇ ਸਰਕਾਰ ਖੇਤੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦੀ ਸੀ, ਅੱਜ ਅਨਾਜ ਗੋਦਾਮਾਂ ਅਤੇ ਹੋਰ ਥਾਂਵਾਂ ਉਤੇ ਨੰਗਾ ਪਿਆ ਖਰਾਬ ਹੁੰਦਾ ਹੈ, ਕੋਈ ਸੰਭਾਲਣ ਵਾਲਾ ਨਹੀਂ, ਪਰ ਲੋਕ ਅਜੇ ਤੱਕ ਕਈ ਰਾਜਾਂ ਵਿਚ ਅਨਾਜ ਦੇ ਦਾਣੇ-ਦਾਣੇ ਨੂੰ ਤਰਸਦੇ ਹਨ। ਕਾਣੀ ਵੰਡ ਨਹੀਂ ਰੋਕੀ ਗਈ, ਉਲਟਾ ਵਧਦੀ ਗਈ ਤੇ ਸਟੋਰਾਂ ਵਿਚ ਅਨਾਜ ਪਿਆ ਰੱਖ ਕੇ ਬਾਜ਼ਾਰ ਵਿਚ ਨਕਲੀ ਥੁੜ੍ਹ ਪੈਦਾ ਕਰਨ ਪਿੱਛੋਂ ਮਹਿੰਗੇ ਭਾਅ ਵੇਚਣ ਦੀ ਬਿਮਾਰੀ ਇਸ ਦੇਸ਼ ਦੇ ਲੋਕਾਂ ਲਈ ਮੌਤ ਦਾ ਫੰਦਾ ਅਜੇ ਵੀ ਬਣੀ ਪਈ ਹੈ। ਕਿਸਾਨ ਅਨਾਜ ਪੈਦਾ ਕਰਦਾ ਹੈ, ਪਰ ਉਸ ਦੀ ਫਸਲ ਦਾ ਪੂਰਾ ਭਾਅ ਦੇਣ ਲਈ ਕਿਸੇ ਰੰਗ ਦੀ ਸਰਕਾਰ ਵੀ ਤਿਆਰ ਨਹੀਂ, ਇਸ ਦੀ ਥਾਂ ਅੰਕੜਿਆਂ ਦੀ ਜਾਦੂਗਰੀ ਕਰ ਕੇ ਉਸ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੇਰੀ ਫਸਲ ਦੀ ਤਾਂ ਲੋੜ ਹੀ ਨਹੀਂ, ਸਰਕਾਰ ਐਵੇਂ ਲਿਹਾਜ ਕਰ ਕੇ ਤੈਨੂੰ ਥੋੜ੍ਹਾ-ਬਹੁਤ ਭਾਅ ਦੇ ਰਹੀ ਹੈ।
ਸਨਅਤੀ ਪਹੀਆ ਗੇੜਨ ਵਾਲਾ ਮਜ਼ਦੂਰ ਮੱਧ ਯੁੱਗ ਦੀ ਗੁਲਾਮੀ ਵਾਲੀ ਹਾਲਤ ਵਿਚ ਕੰਮ ਕਰਦਾ ਹੈ ਤੇ ਉਸ ਦੀ ਇਹ ਤਸਵੀਰ ਕਰੋਨਾ ਦੇ ਪਹਿਲੇ ਹੱਲੇ ਵਿਚ ਹੀ ਸਾਹਮਣੇ ਆ ਗਈ ਸੀ, ਜਦੋਂ ਨਾ ਸਨਅਤਕਾਰਾਂ ਨੇ ਫਰਜ਼ ਸਮਝਦਿਆਂ ਉਨ੍ਹਾਂ ਨੂੰ ਜ਼ਿੰਦਾ ਰਹਿਣ ਲਈ ਲੋੜ ਜੋਗਾ ਕੁਝ ਦਿੱਤਾ ਅਤੇ ਨਾ ਸਰਕਾਰਾਂ ਨੇ ਬਾਂਹ ਫੜੀ ਸੀ। ਇਸੇ ਲਈ ਮਜ਼ਦੂਰ ਪਰਿਵਾਰਾਂ ਸਮੇਤ ਪੰਜਾਬ ਤੋਂ ਵੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਖੁਸ਼ਹਾਲ ਕਹੇ ਜਾਂਦੇ ਗੁਜਰਾਤ ਤੋਂ ਇੱਕ-ਇੱਕ ਹਜ਼ਾਰ ਕਿਲੋਮੀਟਰ ਪੈਦਲ ਤੁਰ ਕੇ ਰਾਹ ਵਿਚ ਸੌ ਮੁਸੀਬਤਾਂ ਭੋਗਦੇ ਹੋਏ ਮੱਧ ਭਾਰਤ ਦੇ ਰਾਜਾਂ ਵਿਚ ਆਪਣੇ ਘਰੀਂ ਪਹੁੰਚੇ ਸਨ। ਜਦੋਂ ਮਜ਼ਦੂਰ ਪੈਦਲ ਜਾ ਰਹੇ ਸਨ ਤਾਂ ਕਿਸੇ ਨੇ ਬਾਂਹ ਨਹੀਂ ਸੀ ਫੜੀ ਤੇ ਜਦੋਂ ਸਰਕਾਰ ਨੇ ਕਾਰਖਾਨੇ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਸੀ ਤਾਂ ਸਨਅਤਾਂ ਚਲਾ ਕੇ ਇਨ੍ਹਾਂ ਤੋਂ ਪੈਸਾ ਕਮਾਉਣ ਦੇ ਚਾਹਵਾਨਾਂ ਨੇ ਉਨ੍ਹਾਂ ਹੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਵਾਈ ਜਹਾਜਾਂ ਉ ਤੇ ਵਾਪਸ ਲਿਆਂਦਾ ਹੈ। ਦੁਨੀਆਂ ਭਰ ਵਿਚ ਕਰੋਨਾ ਦੀ ਮੁਸੀਬਤ ਆਈ ਹੈ, ਪਰ ਜਿਹੜੇ ਹਾਲ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲੇ ਭਾਰਤ ਦੇ ਲੋਕਾਂ ਨੇ ਵੇਖਿਆ ਹੈ, ਇਹ ਹਾਲਾਤ ਸੰਸਾਰ ਦੇ ਕਿਸੇ ਵੀ ਦੇਸ਼ ਦੇ ਲੋਕਾਂ ਨੂੰ ਹੰਢਾਉਣੇ ਨਹੀਂ ਪਏ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਕਰੋਨਾ ਦੇ ਕਹਿਰ ਦੌਰਾਨ ਵੀ ਭਾਰਤ ਵਿਚ ਵਿਦੇਸ਼ੀ ਪੂੰਜੀ ਆਉਂਦੀ ਰਹੀ ਹੈ, ਸਰਕਾਰ ਨੇ ਆਰਥਕਤਾ ਸੰਭਾਲੀ ਰੱਖੀ ਹੈ, ਪਰ ਜਦੋਂ ਦੇਸ਼ ਦੀ ਜੜ੍ਹ ਕਹੇ ਜਾਂਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ ਤਾਂ ‘ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ’ ਵਾਲੀ ਗੱਲ ਕਹੀ ਜਾਣੀ ਹੈ।
ਆਜ਼ਾਦੀ ਮਿਲਣ ਵੇਲੇ ਦੇਸ਼ ਦੇ ਬਹੁਤੇ ਲੋਕ ਕੱਚੇ ਘਰਾਂ ਵਿਚ ਰਹਿੰਦੇ ਸਨ, ਅਸੀਂ ਵੀ ਕੱਚੇ ਘਰਾਂ ਵਿਚ ਪੈਦਾ ਹੋਈ ਪੀੜ੍ਹੀ ਵਿਚੋਂ ਹਾਂ, ਅੱਜ ਕਿਸੇ ਵਿਰਲੇ ਦਾ ਘਰ ਕੱਚਾ ਹੋਵੇਗਾ, ਪਰ ਦੂਜੇ ਪਾਸੇ ਹਰ ਛੋਟੇ-ਵੱਡੇ ਸ਼ਹਿਰ ਦੇ ਅੰਦਰ-ਬਾਹਰ ਬਣੀਆਂ ਝੁੱਗੀਆਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ। ਉਨ੍ਹਾਂ ਕੋਲ ਜਦੋਂ ਘਰ ਹੀ ਨਹੀਂ ਤਾਂ ਬਾਥਰੂਮ ਤੇ ਹੋਰ ਸਹੂਲਤਾਂ ਵੀ ਕਿੱਥੋਂ ਹੋਣੀਆਂ ਹਨ, ਪਰ ਸਵੱਛ ਭਾਰਤ ਦੇ ਪ੍ਰਚਾਰ ਵਿਚ ਲੱਗੀ ਹੋਈ ਦੇਸ਼ ਦੀ ਸਰਕਾਰ ਉਨ੍ਹਾਂ ਵੱਲ ਝਾਕੇ ਬਿਨਾ ਸਾਰੀ ਦੁਨੀਆਂ ਨੂੰ ਇਹ ਦੱਸਣ ਲੱਗੀ ਹੋਈ ਹੈ ਕਿ ਅਸੀਂ ਸਭ ਤੋਂ ਹੇਠਲੇ ਪੱਧਰ ਤੱਕ ਦੇ ਲੋਕਾਂ ਦਾ ਏਨਾ ਵਿਕਾਸ ਕਰ ਚੁਕੇ ਹਾਂ ਕਿ ਲੋਕ ਸੰਤੁਸ਼ਟ ਹਨ। ਦੂਜੇ ਦੇਸ਼ਾਂ ਦੇ ਜਿਨ੍ਹਾਂ ਲੋਕਾਂ ਨੂੰ ਚਾਰ-ਚਾਰ ਮਹੀਨੇ ਤੋਂ ਕੰਮ ਨਹੀਂ ਮਿਲਿਆ, ਉਨ੍ਹਾਂ ਦੇਸ਼ਾਂ ਦੇ ਰਾਜ ਕਰਤੇ ਜਿਸ ਤਰ੍ਹਾਂ ਭੱਤੇ ਵੰਡ ਰਹੇ ਹਨ, ਭਾਰਤ ਵਿਚ ਓਦਾਂ ਨਹੀਂ ਵੰਡੇ ਗਏ, ਸਿਰਫ ਊਠ ਦੇ ਮੂੰਹ ਵਿਚ ਜ਼ੀਰਾ ਦੇਣ ਜੋਗੀ ਮਦਦ ਕੀਤੀ ਗਈ ਹੈ ਤੇ ਬਾਕੀ ਕੰਮ ਸਮਾਜ ਸੇਵੀ ਸੰਸਥਾਵਾਂ ਦੇ ਜ਼ਿੰਮੇ ਛੱਡ ਦਿੱਤਾ ਗਿਆ। ਸਮਾਜ ਸੇਵੀਆਂ ਦੇ ਵੀ ਸਾਰੇ ਗਰੁੱਪ ਨਿਰ-ਸੁਆਰਥ ਸੇਵਾ ਕਰਨ ਵਾਲੇ ਨਹੀਂ, ਕਈਆਂ ਨੇ ਇਸ ਦੌਰਾਨ ਸੇਵਾ ਕੀਤੀ ਅਤੇ ਕਈ ਹੋਰ ਇਸ ਦੌਰ ਵਿਚੋਂ ਵੀ ਕਮਾਈਆਂ ਕਰਦੇ ਰਹੇ ਹਨ। ਇਹ ਸਭ ਸਰਕਾਰੀ ਮਸ਼ੀਨਰੀ ਦੀ ਮਿਲੀਭੁਗਤ ਨਾਲ ਹੁੰਦਾ ਹੈ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਭ੍ਰਿਸ਼ਟਾਚਾਰ ਰੋਕਣ ਦੀ ਹੈ, ਉਹ ਇਸ ਦੌਰ ਵਿਚ ਵੀ ਸਿਰੇ ਦੀਆਂ ਬਦਨਾਮ ਸੰਸਥਾਵਾਂ ਦੇ ਰਾਹਤ ਵੰਡਣ ਦੇ ਖੇਖਣ ਕਰਦੇ ਸਮਾਗਮਾਂ ਵਿਚ ਜਾਂਦੇ ਅਤੇ ਫੋਟੋ ਖਿਚਵਾਉਂਦੇ ਰਹੇ ਹਨ। ਇਨ੍ਹਾਂ ਵਿਚ ਕਿਸੇ ਇੱਕ ਪਾਰਟੀ ਜਾਂ ਰਾਜਨੀਤੀ ਦੇ ਆਗੂ ਨਹੀਂ, ਲਗਭਗ ਹਰ ਉਸ ਪਾਰਟੀ ਦੇ ਲੀਡਰ ਇਹੋ ਕਰਦੇ ਰਹੇ ਹਨ, ਜੋ ਰਾਜ ਕਰਦੀ ਹੈ, ਕਰ ਚੁਕੀ ਹੈ ਜਾਂ ਉਸ ਦੀ ਅੱਖ ਕਿਸੇ ਰਾਜ ਵਿਚ ਅਗਲੀ ਵਾਰ ਦੀਆਂ ਚੋਣਾਂ ਉੱਤੇ ਹੈ। ਲੋਕ ਸਭ ਜਾਣਦਿਆਂ ਵੀ ਚੁੱਪ ਰਹਿੰਦੇ ਹਨ।
ਅੱਜ ਜਦੋਂ ਇਹ ਦੇਸ਼ ਆਜ਼ਾਦ ਹੋਂਦ ਦੇ 73 ਸਾਲ ਗੁਜ਼ਾਰ ਚੁਕਾ ਹੈ, ਸਿਰਫ ਭਾਸ਼ਣਾਂ ਵਿਚ ਉਨ੍ਹਾਂ ਸੰਗਰਾਮੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਜੇਲ੍ਹਾਂ ਵਿਚ ਜ਼ਿੰਦਗੀਆਂ ਗਾਲੀਆਂ ਸਨ, ਇਸ ਤੋਂ ਬਿਨਾ ਉਨ੍ਹਾਂ ਦਾ ਚੇਤਾ ਨਹੀਂ ਕੀਤਾ ਜਾਂਦਾ। ਦੇਸ਼ ਦੇ ਲੋਕਾਂ ਦਾ ਧਿਆਨ ਇਨ੍ਹਾਂ ਹਕੀਕਤਾਂ ਵੱਲ ਜਾਣੋਂ ਰੋਕਣ ਲਈ ਕਿਧਰੇ ਮੰਦਿਰ-ਮਸਜਿਦ ਦਾ ਰੌਲਾ ਪਵਾ ਦਿੱਤਾ ਜਾਂਦਾ ਤੇ ਕਦੇ ਕਿਤੇ ਹਿੰਦੂ-ਸਿੱਖ ਦਾ ਮੁੱਦਾ ਬਣਾਇਆ ਜਾਂਦਾ ਹੈ। ਜਿਸ ਦੇਸ਼ ਵਿਚ ਲੋਕ ਏਦਾਂ ਦੇ ਮੁੱਦੇ ਉੱਤੇ ਰੁੱਝੇ ਰੱਖੇ ਜਾ ਸਕਦੇ ਹਨ, ਉਸ ਦੇਸ਼ ਵਿਚ ਕੁਝ ਕਰਨ ਦੀ ਲੋੜ ਸਰਕਾਰਾਂ ਨੂੰ ਨਹੀਂ। ਇਹੋ ਕਾਰਨ ਹੈ ਕਿ ਲੋਕਾਂ ਦੀ ਸੂਝ ਦਾ ਪੱਧਰ ਉੱਚਾ ਨਹੀਂ ਚੁੱਕਿਆ ਜਾਂਦਾ। ਉਨ੍ਹਾਂ ਨੂੰ ਕੰਪਿਊਟਰ ਅਤੇ ਹਰ ਕਿਸਮ ਦੀ ਉਹ ਹੀ ਤਕਨੀਕ ਸਿਖਾਈ ਜਾਂਦੀ ਹੈ, ਜੋ ਇਸ ਵੇਲੇ ਦੁਨੀਆਂ ਭਰ ਵਿਚ ਛਾ ਚੁਕੀ ਹੈ ਤੇ ਜਿਸ ਤਕਨੀਕ ਦੇ ਨਾਲ ਜੁੜਿਆ ਮਾਲ ਵੇਚਣ ਲਈ ਲੋਕਾਂ ਕੋਲ ਓਨਾ ਕੁ ਗਿਆਨ ਹੋਣਾ ਜ਼ਰੂਰੀ ਹੈ, ਪਰ ਜੋ ਸੂਝ ਨਿੱਤ ਦਿਨ ਹੁੰਦੇ ਧੋਖੇ ਸਮਝਣ ਜੋਗੇ ਕਰ ਸਕਦੀ ਹੋਵੇ, ਉਹ ਨਹੀਂ ਦਿੱਤੀ ਜਾਂਦੀ। ਜਦੋਂ ਤੱਕ ਭਾਰਤ ਦੇ ਲੋਕਾਂ ਨੂੰ ਓਦਾਂ ਦੀ ਸਮਾਜੀ ਸੂਝ ਨਹੀਂ ਮਿਲ ਜਾਂਦੀ, ਭਾਰਤ ਦੇ ਲੋਕ ਓਦੋਂ ਤੀਕ ਨਿਗੁਣੀਆਂ ਗੱਲਾਂ ਉੱਤੇ ਭੜਕਦੇ ਤੇ ਇੱਕ ਦੂਜੇ ਨੂੰ ਮਾਰਦੇ-ਮਰਦੇ ਰਹਿਣਗੇ, ਪਰ ਪੇਟ ਦੀ ਅੱਗ ਬੁਝਾਉਣ ਦੇ ਉਸ ਵੱਡੇ ਮੁੱਦੇ ਬਾਰੇ ਕਦੀ ਨਹੀਂ ਸੋਚਣਗੇ, ਜਿਸ ਬਾਰੇ ਬਾਬਿਆਂ ਨੇ ਕਿਹਾ ਸੀ, ‘ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ।’ ਭੁੱਖੇ ਢਿੱਡਾਂ ਨੂੰ ਜਸ਼ਨਾਂ ਦੇ ਢੋਲ-ਢਮੱਕੇ ਨਹੀਂ, ਰੋਟੀ ਦੀ ਉਡੀਕ ਹੁੰਦੀ ਹੈ।