ਹਰਿਭਜਨ ਸਿੰਘ: ਸੁਹਜਵਾਦ ਦਾ ਝੰਡਾਬਰਦਾਰ

ਪੰਜਾਬੀ ਸਾਹਿਤ ਜਗਤ ਵਿਚ ਨਿਵੇਕਲਾ ਮੁਕਾਮ ਹਾਸਲ ਕਰਨ ਵਾਲੇ ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਦਾ ਇਹ ਜਨਮ ਸ਼ਤਾਬਦੀ ਵਰ੍ਹਾ ਹੈ। ਕਵਿਤਾ, ਅਨੁਵਾਦ, ਆਲੋਚਨਾ ਅਤੇ ਅਧਿਆਪਨ ਦੇ ਖੇਤਰਾਂ ਵਿਚ ਉਨ੍ਹਾਂ ਨਵੀਆਂ ਲੀਹਾਂ ਪਾਈਆਂ। ਉਨ੍ਹਾਂ ਦੀ ਬੌਧਿਕਤਾ ਵਿਚ ਹਰ ਸ਼ਖਸ ਨੂੰ ਕਾਇਲ ਕਰਨ ਦੀ ਸਮਰੱਥਾ ਸੀ। ਪਿਛਲੇ ਅੰਕਾਂ ਵਿਚ ਅਸੀਂ ਪ੍ਰੋ. ਸੁਹਿੰਦਰ ਬੀਰ ਦਾ ਲੰਮਾ ਲੇਖ ਛਾਪਿਆ ਸੀ; ਐਤਕੀਂ ਡਾ. ਗੁਰੂਮੇਲ ਸਿੱਧੂ ਦਾ ਲੇਖ ਪਾਠਕਾਂ ਦੀ ਨਜ਼ਰ ਹੈ।

ਇਸ ਲੇਖ ਵਿਚ ਡਾ. ਹਰਿਭਜਨ ਸਿੰਘ ਦੇ ਸਾਹਿਤ ਦੇ ਨਾਲ-ਨਾਲ ਉਨ੍ਹਾਂ ਦੀ ਹਯਾਤੀ ਬਾਰੇ ਭਰਵੀਂ ਚਰਚਾ ਕੀਤੀ ਗਈ ਹੈ। ਇਸ ਚਰਚਾ ਵਿਚੋਂ ਉਨ੍ਹਾਂ ਦੀ ਭਰਪੂਰ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। -ਸੰਪਾਦਕ

ਡਾ. ਗੁਰੂਮੇਲ ਸਿੱਧੂ
ਫੋਨ:

ਡਾ. ਹਰਿਭਜਨ ਸਿੰਘ ਨੂੰ ਮੈਂ ਪਹਿਲੀ ਵਾਰ ਉਸ ਦੇ 66 ਨਾਈਵਾਲਾ, ਕਰੋਲਬਾਗ, ਦਿੱਲੀ ਵਾਲੇ ਘਰ ਵਿਚ ਮਿਲਿਆ। ਉਸ ਵੇਲੇ ਮੈਂ ਵਿਦਿਆਰਥੀ ਸਾਂ ਅਤੇ ਆਪਣੇ ਖੋਜ-ਪ੍ਰਬੰਧ ਲਈ ‘ਪੂਸਾ ਐਗਰੀਕਲਚਰਲ ਇੰਸਟੀਚਿਊਟ’ ਦੀ ਲਾਇਬ੍ਰੇਰੀ ਵਿਚੋਂ ਹਵਾਲੇ ਇਕੱਠੇ ਕਰਨ ਗਿਆ ਸੀ। ਉਨ੍ਹਾਂ ਦਿਨਾਂ ਵਿਚ ਮੇਰੀ ਅਤੇ ਹਰਿਭਜਨ ਸਿੰਘ ਦੀ ਇਕ-ਇਕ ਨਜ਼ਮ ਨਾਵਲਕਾਰ ਨਾਨਕ ਸਿੰਘ ਦੇ ਮਾਹਵਾਰੀ ਰਸਾਲੇ ‘ਲੋਕ ਸਾਹਿਤ’ ਵਿਚ ਆਹਮੋ-ਸਾਹਮਣੇ ਸਫਿਆਂ ‘ਤੇ ਛਪੀ ਸੀ। ਇਹ ਸਾਂਝ ਸਾਡੀ ਪਹਿਲੀ ਮਿਲਣੀ ਦਾ ਸਬੱਬ ਬਣੀ।
ਹਰਿਭਜਨ ਸਿੰਘ ਦੀ ਰਿਹਾਇਸ਼ ਦਾ ਪਤਾ ਕਰ ਕੇ ਮੈਂ ਬਿਨਾ ਦੱਸੇ ਉਸ ਦੇ ਘਰ ਪਹੁੰਚ ਗਿਆ। ਉਸ ਨੂੰ ਪਹਿਲੀ ਵਾਰ ਸਾਖਿਆਤ ਰੂਪ ਵਿਚ ਦੇਖ ਕੇ ਮੈਂ ਕਾਫੀ ਅਚੰਭਤ ਹੋਇਆ। ਮਿਲਣ ਤਾਂ ਮੈਂ ਇਹ ਕਿਆਸ ਕਰ ਕੇ ਗਿਆ ਸੀ ਕਿ ਉਹ ਮੇਰਾ ਹਾਣੀ ਪਰਵਾਣੀ ਹੋਵੇਗਾ ਪਰ ਉਹ ਮੇਰੇ ਨਾਲੋਂ ਉਮਰ ਵਿਚ ਕਾਫੀ ਵੱਡਾ ਲੱਗਿਆ। ਦੇਖਦਿਆਂ ਸਾਰ ਉਸ ਪ੍ਰਤੀ ਮੇਰਾ ਵਤੀਰਾ ਸ਼ਰਧਾ ਭਾਵਨਾ ਵਾਲਾ ਹੋ ਗਿਆ। ਉਸ ਦੀ 1956 ਵਿਚ ਛਪੀ ਪਹਿਲੀ ਕਾਵਿ-ਪੁਸਤਕ ‘ਲਾਸਾਂ’ ਮੈਂ ਪੜ੍ਹ ਚੁਕਿਆ ਸੀ। ਪੜ੍ਹਨ ਉਪਰੰਤ ਮਹਿਸੂਸ ਹੋਇਆ ਸੀ ਕਿ ਇਸ ਦਾ ਲੇਖਕ ਕੋਈ ਸਿਧਿਆ ਹੋਇਆ ਕਵੀ ਹੋਵੇਗਾ, ਇਹ ਕਿਆਸ ਨਹੀਂ ਸੀ ਕੀਤਾ ਕਿ ਉਮਰ ਵਜੋਂ ਵੀ ਪ੍ਰੋੜ੍ਹ ਅਤੇ ਹੰਢਿਆ ਵਰਤਿਆ ਹੋਵੇਗਾ। ਆਲਮਾਂ ਵਰਗੀ ਦੇਖਣੀ-ਪਾਖਣੀ ਤੋਂ ਯਕੀਨ ਹੋ ਗਿਆ ਕਿ ‘ਲਾਸਾਂ’ ਵਾਕਈ ਉਸ ਦੀ ਹੀ ਲਿਖਤ ਹੋਵੇਗੀ। ਮਿਲਣ ਸਾਰ ਕਿਹਾ, “ਮੈਂ ਗੁਰਮੇਲ ‘ਰਾਹੀ’ ਹਾਂ।” ਮੁਸਕੜੀ ਹੱਸਦਾ, ਮਸਤ ਓਲੀਏ ਵਾਂਗ ਹੱਥ ਉਲਾਰ ਕੇ ਬੋਲਿਆ, “ਬਈ ਤੇਰੀ ਕਵਿਤਾ ‘ਲੋਕ ਸਾਹਿਤ’ ਵਿਚ ਪੜ੍ਹੀ ਸੀ।” ਮੈਂ ਕਿਹਾ, “ਜੀ, ਉਸੇ ਕਵਿਤਾ ਨੇ ਤੁਹਾਨੂੰ ਮਿਲਣ ਦਾ ਸਬੱਬ ਬਣਾਇਆ ਹੈ।”
ਘਰ ਵਿਚ ਬੱਚਿਆਂ ਦੀ ਚਹਿਲ-ਪਹਿਲ ਕਰ ਕੇ ਕੁਝ ਸ਼ੋਰ ਪੈ ਰਿਹਾ ਸੀ। “ਆਓ, ਕਾਫੀ ਹਾਊਸ ਚਲਦੇ ਹਾਂ।” ਹਰਿਭਜਨ ਨੇ ਬੜੀ ਬੇਬਾਕੀ ਨਾਲ ਕਿਹਾ। ਕਾਫੀ ਹਾਊਸ ਉਸ ਦੇ ਘਰ ਦੇ ਲਾਗੇ ਹੀ ਸੀ। ਕਾਫੀ ਮੰਗਵਾਈ ਤੇ ਅਸੀਂ ਗੱਲਾਂ ਵਿਚ ਰੁੱਝ ਗਏ। ਮੈਂ ਉਸ ਦੀ ਪਹਿਲੀ ਪੁਸਤਕ ‘ਲਾਸਾਂ’ ਦੀ ਸ਼ਲਾਘਾ ਕੀਤੀ। ‘ਲਾਸਾਂ’ ਵਿਚ ਭਾਵਪੂਰਤ ਪ੍ਰਗੀਤਕ ਨਜ਼ਮਾਂ ਅਤੇ ਸਾਹਿਤਕ ਗੀਤ ਹਨ; ਨਜ਼ਮਾਂ ਨਾਲੋਂ ਗੀਤ ਵਧੇਰੇ ਪ੍ਰਭਾਵਸ਼ਾਲੀ ਹਨ। ਕੁਝ ਗੀਤਾਂ ਦੀਆਂ ਮੁੱਢਲੀਆਂ ਪੰਕਤੀਆਂ ਮੈਨੂੰ ਯਾਦ ਸਨ: ‘ਸਿੰਜਿਆ ਨੀ ਸਾਡੀ ਧਰਤੀ ਨੂੰ ਸਿੰਜਿਆ, ਸਰਘੀ ਦੀ ਨਿੰਮ੍ਹੀ ਨਿੰਮ੍ਹੀ ਲੋਅ’, ‘ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ’, ‘ਵੇਖੋ ਜੀ ਮੇਰੇ ਕਾਲੇ ਕਾਲੇ ਕੇਸ’, ‘ਮੈਂ ਕਰ ਕਰ ਜਤਨਾਂ ਹਾਰੀ ਰਾਮਾ ਨਹੀਂ ਮੁਕਦੀ ਫੁਲਕਾਰੀ’। ਉਸ ਨੇ ਗੀਤਾਂ ਦੀ ਪਿੱਠਭੂਮੀ ਬਾਰੇ ਦੱਸਿਆ ਤਾਂ ਉਨ੍ਹਾਂ ਦੀ ਸੁਭਾਵਕਤਾ, ਸੁਬ੍ਹਕਤਾ ਅਤੇ ਸਰਲਤਾ ਦਾ ਅਹਿਸਾਸ ਹੋਇਆ। ਖਾਸ ਕਰ ਕੇ ਗੀਤਾਂ ਦੀ ਪ੍ਰਗੀਤਕ ਸ਼ੈਲੀ ਅਤੇ ਸੁਹਜਮਈ ਸ਼ਬਦ-ਚੋਣ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ।
‘ਲਾਸਾਂ’ ਦੀ ਕਵਿਤਾ ਦਾ ਪ੍ਰਭਾਵ ਮੇਰੀ ਕਵਿਤਾ ‘ਤੇ ਪਿਆ। 1966 ਵਿਚ ਛਪੀ ਮੇਰੀ ਪਹਿਲੀ ਕਾਵਿ-ਪੁਸਤਕ ‘ਦੁਬਿਧਾ’ ਦੇ ਇਕ-ਦੋ ਗੀਤਾਂ ‘ਚੋਂ ਇਹ ਪ੍ਰਭਾਵ ਝਲਕਦਾ ਹੈ। ਉਦਾਹਰਨ ਵਜੋਂ ‘ਮੈਂ ਕਰ ਕਰ ਜਤਨਾਂ ਹਾਰੀ, ਰਾਮਾ ਨਹੀਂ ਮੁਕਦੀ ਫੁਲਕਾਰੀ’ ਦੀ ਭਾਅ ਮੇਰੇ ਹੇਠਲੇ ਗੀਤ ‘ਚੋਂ ਪੈਂਦੀ ਹੈ:
ਅਸੀਂ ਵਣਜ ਕਰੇਂਦੇ ਦਿਲ ਦਾ,
ਨਹੀਂ ਕੋਈ ਵਿਉਪਾਰੀ ਮਿਲਦਾ
ਜਿੰਦ ਹੋਕਾ ਦੇ ਦੇ ਹਾਰੀ,
ਰਾਮਾ ਭੇਜ ਕੋਈ ਵਿਉਪਾਰੀ।
ਕਾਫੀ ਹਾਊਸ ਵਿਚ ਬੈਠਿਆਂ ਉਸ ਨੇ ਅਪਣੀ ਸਿਰਜਣ ਪ੍ਰਕਿਰਿਆ ਬਾਰੇ ਬਹੁਤ ਕੁਝ ਦੱਸਿਆ। ਮੈਨੂੰ ਇਉਂ ਮਹਿਸੂਸ ਹੋਇਆ, ਜਿਵੇਂ ਕੋਈ ਉਸਤਾਦ ਕਵੀ ਕਿਸੇ ਪੁੰਗਰਦੇ ਕਵੀ ਨੂੰ ਕਵਿਤਾ ਲਿਖਣ ਦੀ ਸਿੱਖਿਆ ਦੇ ਰਿਹਾ ਹੋਵੇ। ਉਸ ਦੀ ਗਿਆਨਵਾਨ ਵਾਰਤਾਲਾਪ ਨੂੰ ਧਿਆਨ ਨਾਲ ਸੁਣਦਿਆਂ ਮੈਂ ਹੈਰਾਨ ਹੋ ਰਿਹਾ ਸੀ-ਕੀ ਇਹ ਓਹੋ ਕਵੀ ਹੈ ਜਿਸ ਦੇ ਨਾਲ ਮੇਰੀ ਕਵਿਤਾ ਛਪੀ ਸੀ? ਉਸ ਵੇਲੇ ਤਕ ਹਰਿਭਜਨ ਅਜੇ ਪੰਜਾਬੀ ਦੇ ਰਸਾਲਿਆਂ ਵਿਚ ਬਹੁਤਾ ਨਹੀਂ ਸੀ ਛਪਿਆ। ਇਸ ਲਈ ਮੈਨੂੰ ਉਸ ਦੀ ਕਾਵਿ-ਸਮਰੱਥਾ ਦਾ ਪੂਰਾ ਅੰਦਾਜ਼ਾ ਨਹੀਂ ਸੀ।
ਕਾਫੀ ਹਾਊਸ ‘ਚੋਂ ਬਾਹਰ ਨਿਕਲੇ ਤਾਂ ਹਰਿਭਜਨ ਕਵਿਤਾ ਬਾਰੇ ਗੱਲਾਂ ਕਰਦਾ ਹੋਇਆ, ਘਰ ਵਲ ਜਾਣ ਦੀ ਬਜਾਏ, ਮੈਨੂੰ ਛੋਟੇ ਜਿਹੇ ਪਹਾੜੀ ਕਿੱਕਰਾਂ ਦੇ ਜਖੀਰੇ ਵਲ ਲੈ ਗਿਆ। ਸਰਦੀਆਂ ਦੀ ਰੁੱਤ ਸੀ, ਕੋਸੀ ਕੋਸੀ ਧੁੱਪ ਪਿੰਡੇ ਨੂੰ ਨਿੱਘ ਦੇ ਰਹੀ ਸੀ। ਅਸੀਂ ਵੱਡੇ ਸਾਰੇ ਪੱਥਰ ‘ਤੇ ਬਹਿ ਗਏ। ਉਸ ਨੇ ਪੱਗ ਉਤਾਰ ਕੇ ਲਾਗੇ ਰੱਖ ਲਈ ਅਤੇ ਲਟਬੌਰਾ ਜਿਹਾ ਹੋ ਕੇ ਕਵਿਤਾ ਦੀਆਂ ਪੰਗਤੀਆਂ ਉਚਾਰਨ ਲੱਗ ਪਿਆ। ਮੈਂ ਸੋਚਾਂ, ਇਹ ਬੰਦਾ ਕਿੰਨਾ ਮਸਤ ਮੌਲਾ ਹੈ, ਝਰਨੇ ਵਾਂਗ ਆਪਣੀ ਹੀ ਰੌਂਅ ਵਿਚ ਵਹੀ ਜਾਂਦਾ ਹੈ। ਵਿਚੋਂ ਟੋਕ ਕੇ ਮੈਂ ਪੁੱਛਿਆ, “ਪੰਜਾਬੀ ਵਿਚ ਤੁਸੀਂ ਹੋਰ ਕੀ ਕੁਝ ਲਿਖਿਆ ਹੈ?” ਉਸ ਨੇ ਦੱਸਿਆ ਕਿ ਪਿੱਛੇ ਜਿਹੇ ਇਕ ਕਾਵਿ-ਨਾਟਕ ‘ਤਾਰ ਤੁਪਕਾ’ (1957) ਛਪਿਆ ਹੈ। ਮੈਂ ਕਿਹਾ, “ਉਸ ਵਿਚੋਂ ਕੁਝ ਸੁਣਾਉ ਤਾਂ ਹਰਿਭਜਨ ਫਿਰ ਉਸੇ ਰੌਂਅ ਵਿਚ ਸ਼ੁਰੂ ਹੋ ਗਿਆ। ਉਸ ਦੇ ਮੂੰਹੋਂ ਸ਼ਬਦ ਇਉਂ ਕਿਰ ਰਹੇ ਸਨ, ਜਿਵੇਂ ਕੋਈ ਮੱਕੀ ਦੀ ਛੱਲੀ ਅਘੇਰ ਰਿਹਾ ਹੋਵੇ। ਮਸਤੀ ਵਿਚ ਉਹ ਕਾਵਿ-ਨਾਟ ਦਾ ਕਾਫੀ ਹਿੱਸਾ ਸੁਣਾ ਗਿਆ। ਖੱਲ੍ਹੀ ਕਵਿਤਾ ਵਿਚ ਲਿਖੇ ਕਾਵਿ-ਨਾਟਕ ਨੂੰ ਮੂੰਹ ਜ਼ੁਬਾਨੀ ਸੁਣਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਮੈਂ ਉਸ ਦੀ ਯਾਦਦਾਸ਼ਤ ‘ਤੇ ਹੈਰਾਨ ਰਹਿ ਗਿਆ। ਨਾਟਕ ਦੇ ਵਿਸ਼ੇ ਦੀ ਉਸਾਰੀ ਵਿਚ ਪਾਤਰਾਂ ਦੀ ਵਾਰਤਾਲਾਪ ਮੰਜੇ ਦੀ ਦੌਣ ਵਾਂਗ ਕੱਸੀ ਹੋਈ ਸੀ ਅਤੇ ਸ਼ਬਦ ਮਾਲਾ ਦੇ ਮਣਕਿਆਂ ਨਿਆਈਂ ਪਰੋਏ ਹੋਏ ਸਨ। ਨਾਟਕ ਦੀ ਸ਼ਬਦਾਵਲੀ ‘ਚੋਂ ਗੁਰਬਾਣੀ ਅਤੇ ਲੋਕ ਸਾਹਿਤ ਵਰਗੀ ਭਾਸ਼ਾ ਦੀ ਝਲਕ ਪੈਂਦੀ ਸੀ। ਥਾਂ-ਪੁਰ-ਥਾਂ ਸਮਾਸੀ ਸ਼ਬਦਾਂ, ਮੁਹਾਵਰਿਆਂ ਅਤੇ ਵਾਕੰਸ਼ਾਂ ਦੀ ਵਰਤੋਂ ਦੁਆਰਾ ਅਰਥਾਂ ਦੇ ਸੁਹਜਮਈ ਪੱਖ ਨੂੰ ਬੜੀ ਸ਼ਿੱਦਤ ਨਾਲ ਪ੍ਰਚੰਡ ਕੀਤਾ ਹੋਇਆ ਸੀ। ਕੁਝ ਉਦਾਹਰਨਾਂ ਹਾਜ਼ਰ ਹਨ:
ਚਿੱਕੜ-ਤੋਰ ਸਮਾਂ, ਹਉਕੇ-ਰੰਗਾ ਚਾਨਣ, ਬਹਿਆ ਤਜਰਬਾ, ਪੁਸ਼ਤਾਂ ਦੇ ਜਗਰਾਤੇ, ਅਣਭੰਨੀ ਆਕੜ, ਤਲਖੀ ਖੰਘਿਆਰਣਾ, ਦੁਖਦੇ ਹੱਡਾਂ ਨੂੰ ਮਿਹਣਾ, ਮਸਾਣ-ਪਤੀ, ਲਹੂ-ਜਿਹਾ ਥੁੱਕਣ, ਤੇਜ਼ਾਬੀ ਵਰਖਾ, ਮਾਨੁਖ-ਸਪ-ਹਤਿਆਰੇ, ਘੁੱਟ ਤੇਹ ਦਾ, ਕੌੜੀ-ਕਾਲਖ, ਸੂਹਾ ਚੁੰਬਨ, ਭੁਰ ਭੁਰ ਟੁੱਟਣ ਤਾਰੇ, ਉਡੀਕਾਂ-ਰੱਜੇ ਨੈਣ, ਚੀਕ-ਚਿਹਾੜਾ, ਕਾਤਰ-ਚੱਬ ਕੇ, ਨਿੰਦਿਆ ਦਾ ਸ਼ੌਕ, ਸਾਗਰ ਸਾਡੀ ਲਾਂਘ, ਦੁੱਧ-ਸੱਧਰ, ਆਦਮ ਬੋ ਦੀ ਦੁਰਗੰਧ, ਵਾਅਦੇ ਦੀ ਖੁਸ਼ਬੋ, ਆਦਿ।
‘ਤਾਰ-ਤੁਪਕਾ’ ਦੀ ਸ਼ਬਦਾਬਲੀ ਮੇਰੇ ਕੰਨਾਂ ਵਿਚ ਮਿਸ਼ਰੀ ਘੋਲ ਰਹੀ ਸੀ ਤਾਂ ਹਰਿਭਜਨ ਨੇ ਅਚਾਨਕ ਮੇਰੇ ਮੋਢੇ ‘ਤੇ ਹੱਥ ਧਰਦਿਆਂ ਕਿਹਾ, “ਇਸ ਕਾਵਿ-ਨਾਟ ਦਾ ਅਖੰਡ ਪਾਠ ਮੈਂ ਯਾਰਾਂ ਦੋਸਤਾਂ ਨਾਲ ਕਈ ਵਾਰ ਕਰ ਚੁਕਿਆ ਹਾਂ। ਇਸ ਦਾ ਉਨ੍ਹਾਂ ਨੂੰ ਕੰਨ-ਰਸ ਪੈ ਚੁਕਿਆ ਹੈ।” ਇਹ ਨਾਟਕ ਵਾਕਈ ਉਸ ਦੇ ਦਿਲ ਦੇ ਬਹੁਤ ਕਰੀਬ ਸੀ। ਆਪਣੀ ਸਵੈ ਜੀਵਨੀ ‘ਚੋਲਾ ਟਾਕੀਆਂ ਵਾਲਾ’ ਵਿਚ ਉਹ ਲਿਖਦਾ ਹੈ, “ਆਪਣੀਆਂ ਹੋਰ ਵੀ ਨਜ਼ਮਾਂ ‘ਤੇ ਬਹੁਤ ਪਿਆਰ ਆਉਂਦਾ ਹੈ ਪਰ ‘ਤਾਰ ਤੁਪਕੇ’ ਨੇ ਤਾਂ ਮੈਨੂੰ ਝੱਲਾ ਕੀਤਾ ਹੋਇਆ ਸੀ।”
ਹਨ੍ਹੇਰਾ ਹੋ ਰਿਹਾ ਸੀ, ਅਸੀਂ ਘਰ ਵਲ ਮੋੜੇ ਪਾਏ। ਮੈਂ ਆਪਣੇ ਹੋਸਟਲ ਮੁੜਨ ਲਈ ਵਿਦਾ ਮੰਗੀ ਤਾਂ ਹਰਿਭਜਨ ਨੇ ਕਿਹਾ, ਘਰ ਵਿਚ ਜੋ ਰੁੱਖੀ-ਸੁੱਕੀ ਹੈ, ਖਾ ਕੇ ਜਾਵੀਂ। ਰੋਟੀ ਖਾ ਕੇ ਰਿਕਸ਼ਾ ਫੜਿਆ ਅਤੇ ਅਲਵਿਦਾ ਕਹਿੰਦਿਆਂ ਵਿਦਾ ਲਈ। ਰਾਹ ਵਿਚ ਸੋਚਦਾ ਆਇਆ, ਹਰਿਭਜਨ ਸਿੰਘ ਵੱਡੀ ਸੰਭਾਵਨਾ ਵਾਲਾ ਕਵੀ ਹੈ। ਹੁਣ ਮੈਂ ਜਦ ਉਸ ਦੀ ਸਮੁੱਚੀ ਸਾਹਿਤਕ ਕਮਾਈ ਵਲ ਨਜ਼ਰ ਮਾਰਦਾ ਹਾਂ ਤਾਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੇਰੀ ਭਵਿਖਬਾਣੀ ਗਲਤ ਨਹੀਂ ਸੀ। ਹਰਿਭਜਨ ਬਿਨਾ ਸ਼ੱਕ, ਪੰਜਾਬੀ ਸਾਹਿਤ ਦਾ ਵਿਸ਼ੇਸ਼ ਅਤੇ ਵਸ਼ਿਸ਼ਟ ਹਸਤਾਖਰ ਹੈ; ਪੰਜਾਬੀ ਕਵਿਤਾ ਦੇ ‘ਮੱਥੇ ਦਾ ਦੀਵਾ’ ਹੈ।

ਹਰਿਭਜਨ ਦੀ ਕਵਿਤਾ ਅਤੇ ਵਾਰਤਕ ਦੋਵੇਂ ਅਲੱਗ, ਰੌਚਕ ਅਤੇ ਰਸਕ ਹਨ। ਇਨ੍ਹਾਂ ਵਿਚ ਖਾਸ ਕਿਸਮ ਦਾ ਸੁਹਜ ਅਤੇ ਸੁਆਦ ਹੈ। ਉਸ ਦੇ ਸ਼ਬਦ ਪੰਜਾਬੀ ਸਾਹਿਤ ਦੇ ਵਿਹੜੇ ਵਿਚ ਖਿੱਲਰੀ ਹੋਈ ਮੋਤੀਆਂ ਦੀ ਚੋਗੇ ਨਿਆਈਂ ਹਨ ਜਿਸ ਨੂੰ ਚੁਗਣ ਲਈ ਹਰ ਪ੍ਰਕਾਰ ਦੇ ਲੇਖਕ ਤੇ ਪਾਠਕ ਆਉਂਦੇ-ਜਾਂਦੇ ਰਹਿੰਦੇ ਹਨ। ਇਹ ਹਰਿਭਜਨ ਦੀ ਸੁਹਜਵਾਦੀ ਸ਼ਬਦਾਬਲੀ ਦਾ ਕ੍ਰਿਸ਼ਮਾ ਹੈ ਜਿਸ ਦੀ ਵਿਲੱਖਣਤਾ ਨੇ ਉਸ ‘ਤੇ ‘ਸੁਹਜਵਾਦੀ ਕਵੀ’ ਦਾ ਲੇਬਲ ਲਾ ਦਿੱਤਾ। ਖੇਦ ਵਾਲੀ ਗੱਲ ਇਹ ਹੈ ਕਿ ਸਮਕਾਲੀ ਸਾਹਿਤਕਾਰਾਂ ਨੇ ਇਸ ਯੋਗਤਾ ਨੂੰ, ਬਕੌਲ ਹਰਿਭਜਨ, ‘ਮਿਹਣੇ’ ਵਜੋਂ ਵਰਤਿਆ। ਸਵਾਲ ਪੈਦਾ ਹੁੰਦਾ ਹੈ: ਕੀ ਸੁਹਜਵਾਦ ਸਾਹਿਤ ਦਾ ਵਾਕਈ ਨਿਗੂਣਾ ਗੁਣ ਹੈ? ਉਲਾਰਵਾਦੀ ਆਲੋਚਨਾ ਨੂੰ ਸਵੀਕਾਰ ਕਰਿਦਆਂ ਹਰਿਭਜਨ ਨੇ ਸੁਹਜਵਾਦ ਬਾਰੇ ਆਪਣਾ ਪੱਖ ‘ਮੇਰੀ ਕਾਵਿ-ਯਾਤਰਾ’ ਦੀ ਭੂਮਿਕਾ ਵਿਚ ਪੂਰਿਆ:
“ਮੇਰੇ ਕਾਵਿ ਪ੍ਰਕਾਸ਼ਨ ਦੇ ਪਹਿਲੇ ਪੜਾਅ ਉਪਰ ਹੀ ਮੈਨੂੰ ਸੁਹਜਵਾਦੀ ਕਿਹਾ ਜਾਣ ਲੱਗਾ। ਮੇਰੇ ਲਈ ਇਹ ਵਿਸ਼ੇਸ਼ਣ ਵੀ ਮਿਹਣੇ ਵਾਂਗ ਤਜਵੀਜ਼ ਹੋਇਆ, ਪਰ ਸੀ ਇਹ ਦਰੁਸਤ। ਵਾਸਤਵਿਕ-ਉਪਯੋਗਤਾ ਦੇ ਚਾਹਵਾਨ ਸਿਰਜਕ-ਵਿਚਾਰਕਾਂ ਨੂੰ ਸੁਹਜ ਆਪਣੇ ਵਿਰੁਧ ਬੇਪ੍ਰਤੀਤੀ ਦਾ ਮਤਾ ਜਾਪਦਾ ਹੈ। ਇਉਂ ਜਾਪਦਾ ਹੈ, ਜਿਵੇਂ ਕੋਈ ਕਿਸੇ ਦੇ ਪੈਰਾਂ ਹੇਠੋਂ ਠੋਸ ਧਰਤੀ ਖਿਚ ਰਿਹਾ ਹੋਵੇ ਤੇ ਉਹਨੂੰ ਨਿਰੋਲ ਹਵਾ ਵਿਚ ਲਟਕਣ ਤੇ ਮਜਬੂਰ ਕਰ ਰਿਹਾ ਹੋਵੇ। ਮੈਂ ਸੁਹਜਵਾਦੀ ਵਿਸ਼ੇਸ਼ਣ ਨੂੰ ਖੁਸ਼ੀ ਖੁਸ਼ੀ ਸਵੀਕਾਰ ਕੀਤਾ। ਮੈਂ ਸਗੋਂ ਸੁਹਜ ਦੇ ਵਿਸ਼ੇਸ਼ ਅਧਿਐਨ ਵਲ ਰੁਚਿਤ ਹੋਇਆ। ਪਹਿਲਾਂ ਇਹ ਮੇਰਾ ਅਚੇਤ ਅਨੁਭਵ ਸੀ, ਫਿਰ ਇਹ ਮੇਰਾ ਸੁਚੇਤ ਅਧਿਐਨ ਦੀ ਵਸਤ ਬਣ ਗਿਆ। ਕਾਵਿ-ਰਚਨਾ ਉਪਯੋਗਤਾ-ਸੁਹਜ ਦੀ ਪਹਿਲ ਦੂਜ ਨੂੰ ਬਦਲਣ ਦਾ ਉਦਮ ਹੈ। ਰਚਨਾ ਦੇ ਨਾਲੋ-ਨਾਲ ਵਾਪਰਦਾ ਵਿਰਚਨਾ ਦਾ ਕਾਰਜ। ਤਿਆਗਿਆ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਜਾਂਦਾ। ਉਪਯੋਗੀ ਵਾਸਤਵਿਕਤਾ ਆਪਣੀ ਥਾਵੇਂ ਟਿਕੀ ਰਹਿੰਦੀ ਹੈ। ਸਿਰਫ ਕਵੀ ਸੁਹਜ ਨੂੰ ਵਾਸਤਵਿਕਤਾ ਤੋਂ ਪਹਿਲਾਂ ਥਾਂ ਦੇ ਦਿੰਦਾ ਹੈ। ਕਵਿਤਾ ਉਸ ਕੋਝ ਦੇ ਵਿਰੁਧ ਬੇਪ੍ਰਤੀਤੀ ਦਾ ਮਤਾ ਹੈ ਜੋ ਵਾਸਤਵਿਕਤਾ ਦਾ ਲਾਜ਼ਮੀ ਅੰਗ ਹੈ। ਸਦਾਚਾਰ, ਪ੍ਰਗਤੀ, ਕ੍ਰਾਂਤੀ, ਇਹ ਸਭ ਆਪੋ-ਆਪਣੇ ਥਾਂ ਸੁਹਜ ਦੇ ਹੀ ਵਖੋ-ਵੱਖ ਮੁਹਾਂਦਰੇ ਹਨ। ਜੋ ਆਦਮੀ ਵਾਸਤਵਿਕਤਾ ਤੋਂ ਵਾਫਰ ਸੁਪਨੇ ਸਾਜਣਾ ਨਹੀਂ ਲੋਚਦਾ, ਉਸ ਨੂੰ ਸੁਹਜ ਦੀ ਕੋਈ ਸਾਰ ਨਹੀਂ। ਵਾਸਤਵਿਕਤਾ ਅਤੇ ਸੁਹਜ ਵਰਗਾ ਰਿਸ਼ਤਾ ਹੀ ਮੈਂ ਕਵਿਤਾ ਅਤੇ ਕਾਵਿ ਵਿਚ ਮਿਥਿਆ ਹੋਇਆ ਹੈ। ਨਿਰੋਲ ਕਵਿਤਾਵਾਂ ਜੋੜਦੇ ਰਹਿਣ ਵਿਚ ਮੈਨੂੰ ਦਿਲਚਸਪੀ ਨਹੀਂ, ਮੇਰਾ ਸ਼ੌਕ ਤਾਂ ਕਾਵਿ-ਸਿਰਜਣਾ ਹੈ। ਮੇਰੇ ਅੰਗ-ਸੰਗ ਵਸਦਾ ਮੇਰਾ ਆਪਣਾ ਬੇਲਿਹਾਜ਼ ਪਾਰਖੂ ਹੀ ਮੈਨੂੰ ਦਸਦਾ ਰਹਿੰਦਾ ਹੈ ਕਿ ਮੇਰੀ ਕਵਿਤਾ ਨੂੰ ਕਾਵਿ ਦੀ ਛੋਹ ਪ੍ਰਾਪਤ ਹੋਈ ਹੈ ਜਾਂ ਨਹੀਂ। ਮੇਰੀ ਪਹਿਲ ਕਾਵਿ ਲਈ ਹੈ। ਜੋ ਕੁਝ ਕਾਵਿ ਤੋਂ ਉਰ੍ਹਾਂ ਉਰ੍ਹਾਂ ਹੈ, ਉਸ ਨੂੰ ਤਿਆਗਦਿਆਂ ਮੈਨੂੰ ਸੰਕੋਚ ਨਹੀਂ ਹੁੰਦਾ। ਮੇਰੀ ਤਿਆਗੀ ਹੋਈ ਹੋਂਦ ਦੇ ਟੁਕੜੇ ਮੇਰੀ ਸਵੀਕਾਰੀ ਹੋਈ ਹੋਂਦ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ। ਮੇਰੀ ਕਾਵਿ-ਸਿਰਜਣਾ ਨਿਰੰਤਰ ਉਦਮ ਹੈ, ਆਪਣੇ ਵਿਚੋਂ ਬਹੁਤ ਕੁਝ ਨੂੰ ਤਿਆਗ ਕੇ ਆਪਣੀ ਨਜ਼ਰ ਵਿਚ ਆਪ ਸਵੀਕਾਰਨ ਜੋਗ ਬਣਨ ਦਾ। ਇਹੋ ਜਿਹਾ ਨਿਖੇੜਾ ਹੀ ਮੈਨੂੰ ਲੇਖਕ ਅਤੇ ਕਰਤੇ ਵਿਚਕਾਰ ਜਾਪਦਾ ਹੈ। ਲੇਖਕ ਨੂੰ ਉਲੰਘ ਕੇ ਕਰਤੇ ਤਕ ਪਹੁੰਚਣਾ, ਬਸ ਇਹੋ ਮੇਰੀ ਕਾਵਿ-ਯਾਤਰਾ ਦੀ ਦਿਸ਼ਾ ਅਤੇ ਲਕਸ਼ ਹੈ।”
ਹਰਿਭਜਨ ਨੂੰ ਸੁਹਜਵਾਦ ਦੀ ਦੀਖਸ਼ਾ ਆਲੋਚਕ ਰਾਮਚੰਦਰ ਸ਼ੁਕਲਾ ਦੀ ਕਿਰਤ ‘ਚਿੰਤਾਮਣੀ’ ਦਾ ਅਧਿਐਨ ਕਰਨ ਉਪਰੰਤ ਮਿਲੀ। ਅਚਾਰੀਆ ਸ਼ੁਕਲਾ ਹਿੰਦੀ ਕਵਿਤਾ ਦੇ ਮੰਨੇ-ਪ੍ਰਮੰਨੇ ਆਲੋਚਕ ਸਨ। ਕਵਿਤਾ ਦੇ ਗੰਭੀਰ ਵਿਸ਼ਿਆਂ ਦਾ ਮੁਲੰਕਣ ਕਰਨ ਸਮੇਂ, ਉਹ ਕਵਿਤਾ ਦੇ ਰਸਕ ਪੱਖ ਨੂੰ ਅੱਖੋਂ-ਪਰੋਖੇ ਨਹੀਂ ਹੋਣ ਦਿੰਦੇ ਸਨ। ਹਰਿਭਜਨ ਦੇ ਸ਼ਬਦਾਂ ਵਿਚ, “ਅਚਾਰੀਆ ਸ਼ੁਕਲਾ ਤੋਂ ਮੈਂ ਕਾਵਿ-ਰਚਨਾ ਸੰਬੰਧੀ ਦੋ ਅੰਤਰਦ੍ਰਿਸ਼ਟੀਆਂ ਪ੍ਰਾਪਤ ਕੀਤੀਆਂ। ਇਕ, ਕਵਿਤਾ ਰਸਾਤਮਿਕ ਅਨੰਦ ਪ੍ਰਦਾਨ ਕਰਨ ਵਾਲੀ ਰਚਨਾ ਹੈ; ਦੂਜੇ, ਉਹ ਆਪਣੀ ਗੱਲ ਬਿੰਬਾਂ ਰਾਹੀਂ ਪ੍ਰਸਾਰਦੀ ਹੈ। ਇਹ ਅੰਤਰਦ੍ਰਿਸ਼ਟੀਆਂ ਮੈਨੂੰ ਬਹੁਤ ਵੇਲੇ ਸਿਰ ਪ੍ਰਾਪਤ ਹੋ ਗਈਆਂ। ਰਬ ਤਵੱਕਲ ਕਵਿਤਾ ਰਚਣ ਦੇ ਖੇਤਰ ਵਿਚੋਂ ਨਿਕਲ ਕੇ ਮੈਂ ਰਚਨਾਕਾਰੀ ਦੇ ਐਸੇ ਪੜਾਉ ਉਪਰ ਪਹੁੰਚਾ ਸਾਂ ਜਿੱਥੋਂ ਅਗਾਂਹ ਮੈਨੂੰ ਕਵਿਤਾ ਦੇ ਸੁਭਾਅ ਅਤੇ ਬਣਤਰ ਸੰਬੰਧੀ ਸੁਚੇਤ ਹੋਣ ਦੀ ਲੋੜ ਸੀ। ਮੈਨੂੰ ਪੈਰੋ-ਪੈਰ ਚਾਨਣ ਹੋ ਰਿਹਾ ਸੀ ਕਿ ਕਾਵਿ-ਰਚਨਾ ਕਾਫੀ ਸੂਖਮ ਕਲਾ ਹੈ ਤੇ ਇਸ ਵਾਸਤੇ ਮੈਨੂੰ ਭਰੋਸੇਯੋਗ ਦੀਖਿਆ ਦੀ ਲੋੜ ਹੈ। ਇਹ ਦੀਖਿਆ ਮੈਨੂੰ ‘ਚਿੰਤਾਮਣੀ’ ਨੇ ਦਿੱਤੀ।”

ਮੈਂ ਮੁੱਢ ਤੋਂ ਹੀ ਹਰਿਭਜਨ ਦੇ ਸੁਹਜਵਾਦ ਦਾ ਪ੍ਰਸੰਸਕ ਰਿਹਾ ਹਾਂ। ਅਚੇਤ ਜਾਂ ਸੁਚੇਤ ਤੌਰ ‘ਤੇ ਉਸ ਦਾ ਪ੍ਰਭਾਵ ਵੀ ਕਬੂਲਿਆ ਹੈ। ਮੇਰੇ ਅੰਦਰ ਸੰਗੀਤ ਕੁਦਰਤਨ ਵਸਿਆ ਹੋਇਆ ਹੈ, ਇਸ ਲਈ ਸ਼ਬਦਾਂ ਦੀ ਧੁਨੀ ਦੇ ਸਰੋਦੀ ਪੱਖ ਨਾਲ ਮੈਨੂੰ ਬਹੁਤ ਲਗਾਓ ਹੈ। ਪਾਠਕ ਨੂੰ ਸਭ ਤੋਂ ਪਹਿਲਾਂ ਸ਼ਬਦਾਂ ਦੀ ਧੁਨੀ ਦਾ ਸਰੋਦੀ ਪੱਖ ਪੋਂਹਦਾ ਹੈ। ਧਿਆਨ ਖਿੱਚਣ ਲਈ ਇਹ ਪੱਖ ਠੁੰਮ੍ਹਣੇ (ਛਅਟਅਲੇਸਟ) ਦਾ ਕਰਤਵ ਨਿਭਾਉਂਦਾ ਹੈ। ਇਸ ਦਾ ਲਾਭ ਵੀ ਤੇ ਹਾਨ ਵੀ ਹੈ; ਲਾਭ ਇਹ ਹੈ ਕਿ ਪਾਠਕ ਦੀ ਸਿਮ੍ਰਤੀ ਵਿਚ ਸਹਿਵਨ ਹੀ ਬੈਠ ਜਾਂਦਾ ਹੈ ਅਤੇ ਹਾਨ ਇਹ ਕਿ ਅਰਥਾਂ ‘ਤੇ ਪਰਦਾ ਪਾ ਦਿੰਦਾ ਹੈ। ਫਲਸਰੂਪ, ‘ਕਲਾ ਮਹਿਜ਼ ਕਲਾ ਲਈ’ ਦਾ ਉਲ੍ਹਾਮਾ ਸਹੇੜਦੀ ਹੈ। ਇਹ ਪ੍ਰਵਿਰਤੀ ਸਾਹਿਤ ਦੇ ਸਮਾਜਿਕ ਪੱਖ ਤੋਂ ਅਣਭਿੱਜ ਰਹਿਣ ਦਾ ਕਾਰਨ ਬਣ ਜਾਂਦੀ ਹੈ। ਅਜਿਹੀ ਕਲਾ ਭਲੇ ਹੀ ਇੰਦਿਰਆਵੀ ਝਲਕਾਰਿਆਂ ਦਾ ਦਰਸ਼ਨ ਕਰਾਵੇ ਪਰ ਇਸ ਦੀ ਹੋਂਦ ਜੀਵਨ ਦੀ ਚਿਤਰਕਾਰੀ ਕਰ ਕੇ ਹੀ ਕੋਈ ਸਾਰਥਕ ਬਿੰਬ ਸਿਰਜਦੀ ਹੈ। ਵਾਸਤਵਿਕਤਾ ਜੀਵਨ ਦੀ ਉਪਯੋਗਤਾ ਨਾਲ ਬੱਝੀ ਹੋਈ ਹੈ। ਸੁਹਜਵਾਦ ਦਾ ਪੱਖ ਪੂਰਦਾ ਹੋਇਆ ਹਰਿਭਜਨ ਵਾਸਤਵਿਕ-ਉਪਯੋਗਤਾ ਦੇ ਧਾਰਨੀਆਂ ਨੂੰ ਸੁਹਜ ਦੇ ਵਿਰੁਧ ਬੇਪ੍ਰਤੀਤੀ ਦਾ ਮਤਾ ਦਸਦਾ ਹੈ। ਉਪਯੋਗਤਾ ਦੇ ਮੱਤ ਅਨੁਸਾਰ ਜੀਵਨ ਵਿਚ ਲਾਭਦਾਇਕ ਕਰਮ ਉਹ ਹੈ ਜੋ ਖੁਸ਼ੀ ਵਿਚ ਇਜ਼ਾਫਾ ਕਰੇ ਅਤੇ ਗਮੀ ਨੂੰ ਘਟਾਵੇ। ਇਸ ਕਰਮ ਦੇ ਸੁਹਜਵਾਦੀ ਪੱਖ ਨੂੰ ਜੀਵਨ ਦੇ ਪ੍ਰਤੀਕਰਮ ਤੋਂ ਪਛਾਣਿਆ ਜਾ ਸਕਦਾ ਹੈ। ਕਵਿਤਾ ਮਹਿਜ਼ ਉਪਯੋਗਤਾ-ਸੁਹਜ ਦੀ ਪਹਿਲ ਦੂਜ ਨੂੰ ਬਦਲਣ ਦਾ ਉਦਮ ਹੈ। ਉਪਯੋਗੀ ਪੱਖ ਦੀ ਅਸਲੀਅਤ ਨੂੰ ਸੁਹਜਵਾਦੀ ਪੁੱਠ ਚਾੜ੍ਹ ਕੇ ਪੇਸ਼ ਕਰਨਾ ਕਵੀ ਦਾ ਵਿਆਪਕ ਕਰਤਵ ਹੈ। ਜੀਵਨ ਦੇ ਕੁਹਜ ਨੂੰ ਸੁਹਜ ਵਿਚ ਰੰਗ ਕੇ ਪਾਠਕ ਦੇ ਧਿਆਨ ਗੋਚਰੇ ਲਿਆਉਣ ਦਾ ਕਰਤਵ ਵੀ ਕਵੀ ਨਿਭਾਉਂਦਾ ਹੈ। ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੁਹਜ ਵਿਚ ਜੀਵਨ ਦੇ ਉਹ ਸਾਰੇ ਪੱਖ ਆ ਜਾਂਦੇ ਹਨ ਜਿਨ੍ਹਾਂ ਕਰ ਕੇ ਪ੍ਰਗਤੀ, ਕ੍ਰਾਂਤੀ ਜਾਂ ਭ੍ਰਾਂਤੀ ਦਾ ਜਨਮ ਹੁੰਦਾ ਹੈ। ਇਹ ਪੱਖ ਕੁਹਜ ਤੇ ਪ੍ਰਤੀਕਰਮ ਵਿਚੋਂ ਪੈਦਾ ਹੁੰਦੇ ਹਨ। ਇਸ ਲਈ ਹਰਿਭਜਨ ਸੁਹਜਵਾਦ ਨੂੰ ਨਿੰਦਣ ਯੋਗ ਨਹੀਂ ਸਗੋਂ ਸਲਾਹੁਣ ਯੋਗ ਬਣਾ ਕੇ ਪੇਸ਼ ਕਰਦਾ ਹੈ। ਉਸ ਦੀ ਇਸ ਦਲੀਲ ਨਾਲ ਮੇਰੀ ਸਹਿਮਤੀ ਹੈ। ਖਾਸ ਕਰ ਕੇ ਸਮਾਜ ਦੀ ਅਜੋਕੀ ਹਾਲਤ ਨੂੰ, ਜੋ ਮਾਨਸਿਕ ਤੌਰ ਤੇ ਰੁੱਖੀ, ਓਪਰੀ ‘ਤੇ ਅਕਾਊ ਹੋ ਚੁਕੀ ਹੈ, ਸੁਹਜਵਾਦੀ ਸਾਹਿਤ ਦੀ ਵਧੇਰੇ ਲੋੜ ਹੈ। ਪ੍ਰਕਿਰਤੀ ਵੀ ਸੁਹਜ ਦਾ ਹੀ ਪ੍ਰਕਾਸ਼ ਹੈ। ਜੇ ਪ੍ਰਕਿਰਤੀ ਸੁਹਜ ਦਾ ਪ੍ਰਕਾਸ਼ ਹੈ ਅਤੇ ਕਵਿਤਾ, ਬਕੌਲ ਅਰਸਤੂ, ਇਸ ਦੀ ਨਕਲ ਹੈ ਤਾਂ ਕਵਿਤਾ ਦਾ ਸੁਹਜਵਾਦੀ ਹੋਣਾ ਬੜਾ ਸੁਭਾਵਕ ਹੈ। ਕੁਦਰਤ ਦੀ ਸੁਹੱਪਣ ਪ੍ਰਤੀ ਸਾਡਾ ਪ੍ਰਤੀਕਰਮ ਕਾਲਪਨਿਕ ਹੋਣ ਦੇ ਨਾਤੇ ਆਨੰਦਮਈ ਵੀ ਹੈ। ਇਸ ਲਈ ਕਵਿਤਾ, ਕਲਪਨਾ ਦੀ ਆਨੰਦਮਈ ਕਲਾ ਹੈ ਜੋ ਜੀਵਨ ਵਿਚ ਸੁਹਜ ਪੈਦਾ ਕਰਦੀ ਹੈ। ਇਤਿਹਾਸਕ ਤੌਰ ‘ਤੇ ਹਰਿਭਜਨ ਦਾ ਸੁਹਜਵਾਦ ਬਹੁਤਾ ਵੱਖਰਾ ਨਹੀਂ, ਫਰਕ ਇਹ ਹੈ ਕਿ ਸੁਹਜਵਾਦ ਦੀ ਪ੍ਰੰਪਰਾਗਤ ਪਰਿਭਾਸ਼ਾ, ਸ਼ਬਦਾਂ ਦੇ ਸਰੋਦੀ ਪੱਖ ‘ਤੇ ਹੀ ਕੇਂਦਰਤ ਨਹੀਂ, ਇਸ ਵਿਚ ਜੀਵਨ ਨੂੰ ਸੁਖਾਵਾਂ ਬਣਾਉਣ ਦੀ ਪ੍ਰਵਿਰਤੀ ਵੀ ਸ਼ਾਮਿਲ ਹੈ।
ਮੇਰੀ ਕਵਿਤਾ ਵਿਚ ਸੁਹਜ
ਮੇਰੀ ਕਵਿਤਾ ‘ਤੇ ਹਰਿਭਜਨ ਦੀ ਰੀਤੀਬੱਧ ਸ਼ੈਲੀ ਅਤੇ ਸ਼ਬਦ ਚੋਣ ਦਾ ਕਾਫੀ ਅਸਰ ਪਿਆ। ਜਦ ਪ੍ਰੋ. ਮੋਹਨ ਸਿੰਘ ਨੇ ਪਹਿਲੀ ਵਾਰ ਮੇਰੀਆਂ ਕੁਝ ਕਵਿਤਾਵਾਂ ‘ਪੰਜ ਦਰਿਆ’ ਵਿਚ ਛਾਪੀਆਂ ਸਨ ਤਾਂ ਅਤਰ ਸਿੰਘ ਨੇ ਅੰਗਰੇਜ਼ੀ ਵਿਚ ਮੇਰੇ ਬਾਰੇ ਸੰਖੇਪ ਜਿਹੀ ਟਿਪਣੀ ਕੀਤੀ ਸੀ: “ੁਰ ਪੋeਮਸ ਪੋਰਟਰਅੇ ਮਅਨਨeਰਸਿਮ।” ਉਦੋਂ ਮੈਨੂੰ ੰਅਨਨeਰਸਿਮ ਦੇ ਅਰਥ ਨਹੀਂ ਸਨ ਆਉਂਦੇ, ਪਰ ਇਸ ਦੀ ਧੁਨੀ ਬੜੀ ਚੰਗੀ ਲੱਗੀ। ਕਿਆਸ ਕਰ ਲਿਆ ਕਿ ਬੜੀ ਤਾਰੀਫ ਕੀਤੀ ਹੋਈ ਹੈ। ਕੁਝ ਦਿਨਾਂ ਬਾਅਦ ਹਰਿਭਜਨ ਨਾਲ ਮੁਲਾਕਾਤ ਹੋਈ ਤਾਂ ਮੈਂ ਚਾਈਂ ਚਾਈਂ ਉਸ ਨੂੰ ਦੱਸਿਆ ਕਿ ਅਤਰ ਸਿੰਘ ਅਨੁਸਾਰ ਮੇਰੀ ਕਵਿਤਾ ਵਿਚ ‘ਮੈਨਿਰਿਜ਼ਮ’ ਹੈ। ਹਰਿਭਜਨ ਨੇ ਕੇਵਲ ਇੰਨਾ ਕਿਹਾ, “ਅਤਰ ਸਿੰਘ ਨੂੰ ਜਦ ਕੋਈ ਅੰਗਰੇਜ਼ੀ ਦਾ ਨਵਾਂ ਸ਼ਬਦ ਭਾਉਂਦਾ ਹੈ ਤਾਂ ਉਹ ਪੰਜਾਬੀ ਕਵਿਤਾ ‘ਤੇ ਢੁਕਾਅ ਦਿੰਦਾ ਹੈ।” ਹਰਿਭਜਨ ਦੇ ਕਹਿਣ ਦੇ ਲਹਿਜੇ ਤੋਂ ਪ੍ਰਤੀਤ ਹੋਇਆ ਕਿ ਉਸ ਨੂੰ ਜਾਂ ਤਾਂ ਅਤਰ ਸਿੰਘ ਨਾਲ ਕੋਈ ਚਿੜ ਸੀ ਜਾਂ ‘ਮੈਨਿਰਿਜ਼ਮ’ ਬੁਰਾ ਸ਼ਬਦ ਸੀ। ਸਾਹਿਤ ਅਧਿਐਨ ਤੋਂ ਪਤਾ ਲੱਗਾ ਕਿ ਕਵਿਤਾ ਵਿਚ ਮੈਨਿਰਿਜ਼ਮ ਇਕ ਪ੍ਰਕਾਰ ਦੀ ਸ਼ੈਲੀ ਹੈ ਜੋ ਵਿਚਾਰ ਨੂੰ ਮਿੱਠੇ ਅਤੇ ਸੁਰੀਲੇ ਸ਼ਬਦਾਂ ਰਾਹੀਂ ਪੇਸ਼ ਕਰਦੀ ਹੈ। ਇਸ ਸ਼ੈਲੀ ਦਾ ਉਲਾਰੂ ਪੱਖ ਇਹ ਹੈ ਕਿ ਵਿਸ਼ੇ ਵਸਤੂ ਦਾ ਯਥਾਰਥਕ ਪੱਖ ਮੱਠਾ ਪੈ ਜਾਂਦਾ ਹੈ ਤੇ ਭਾਵਕਤਾ ਭਾਰੂ ਹੋ ਜਾਂਦੀ ਹੈ। ਇਹ ਭਾਵੇਂ ਸ਼ੈਲੀ ਵਿਚਾਰ ਦੇ ਯਥਾਰਥਕ ਪੱਖ ਨੂੰ ਉਜਾਗਰ ਹੋਣ ਵਿਚ ਬਾਧਕ ਸਿੱਧ ਹੁੰਦੀ ਹੈ, ਪਰ ਇਸ ਨੂੰ ਅਪਨਾਉਣ ਲਈ ਬੌਧਿਕਤਾ ਅਤੇ ਸਿਆਣਪ ਦੀ ਲੋੜ ਹੈ। ਦੂਜੇ ਸ਼ਬਦਾਂ ਵਿਚ ਵਿਚਾਰ ਨੂੰ ਕਾਰਗਰ ਬਣਾਉਣ ਲਈ ਸਰੋਦੀ ਸ਼ਬਦਾਂ ਦੀ ਚੋਣ ਅਤੇ ਸੁਰ-ਬੱਧਤਾ ਲਈ ਬੌਧਿਕ ਕਲਾ ਕੌਸ਼ਲਤਾ ਲੋੜੀਂਦੀ ਹੈ। ਅਜਿਹਾ ਉਹ ਸਾਹਿਤਕਾਰ ਹੀ ਕਰ ਸਕਦਾ ਹੈ ਜਿਸ ਪਾਸ ਸੁਰ ਦੀ ਸਮਝ ਹੋਵੇ, ਸ਼ਬਦਾਬਲੀ ਦਾ ਚੋਖਾ ਭੰਡਾਰ ਹੋਵੇ ਅਤੇ ਕਾਵਿ-ਕਲਾ ਦੀ ਸੂਝ ਹੋਵੇ। ਹਰਿਭਜਨ ਇਨ੍ਹਾਂ ਪੱਖਾਂ ਵਿਚ ਮਾਹਿਰ ਸੀ। ਉਸ ਦੇ ਸ਼ਬਦਾਂ ਦੀ ਜਾਦੂਗਰੀ ਦਾ ਪ੍ਰਭਾਵ ਕਈ ਨਵੇਂ ਅਤੇ ਪੁਰਾਣੇ ਕਵੀਆਂ ‘ਤੇ ਪਿਆ।
ਵਿਗਿਆਨਕ ਪਿੱਠਭੂਮੀ ਹੋਣ ਦੇ ਨਾਤੇ ਮੇਰੀ ਕਵਿਤਾ ‘ਚੋਂ ਵਿਚਾਰ ਦੀ ਅਹਿਮੀਅਤ ਅਤੇ ਭਾਵ ਦੀ ਇਕਾਗਰਤਾ ਕਦੇ ਗੈਰਹਾਜ਼ਰ ਨਹੀਂ ਹੁੰਦੇ। ਮੈਨੂੰ ਇਸ ਗੱਲ ਦਾ ਵੀ ਗਿਆਨ ਹੈ ਕਿ ਵਿਚਾਰ ਨੂੰ ਪਾਠਕ ਤੱਕ ਪਹੁੰਚਾਉਣ ਲਈ ਸ਼ਬਦਾਬਲੀ ਦਾ ਤਲਿਸਮ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਕਵਿਤਾਵਾਂ ਵਿਚ ਉਚੇਚ ਨਾਲ ਸੂਖਮ ਸ਼ਬਦ ਵਰਤਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰੀ ਇਹ ਉਚੇਚ ਸ਼ਬਦ ਅਡੰਬਰ ਬਣ ਜਾਣ ਦਾ ਖਦਸ਼ਾ ਸਹੇੜਦੀ ਹੈ।
ਸੁਹਜਵਾਦ ਅਤੇ ਸ਼ਬਦ ਅਡੰਬਰ
ਕਵਿਤਾ ਵਿਚ ਸੁਹਜਵਾਦੀ ਸ਼ਬਦਾਂ ਦੀ ਭਰਮਾਰ, ਸ਼ਬਦ ਅਡੰਬਰ (ਭੋਮਬਅਸਟ) ਬਣ ਜਾਣ ਦਾ ਖਦਸ਼ਾ ਸਹੇੜਦੀ ਹੈ। ਉਚੇਚ ਨਾਲ ਵਰਤੇ ਸੁਹਜਵਾਦੀ ਸ਼ਬਦ ਬੋਝਲ ਅਤੇ ਅਕਾਊ ਲੱਗਣ ਲੱਗ ਪੈਂਦੇ ਹਨ; ਜਿਵੇਂ ਬਾਹਲਾ ਮਿੱਠਾ ਖਾਣ ਨਾਲ ਜੀਅ ਭਗਲ ਜਾਂਦਾ ਹੈ, ਉਸੇ ਤਰ੍ਹਾਂ ਸੁਹਜਵਾਦੀ ਸ਼ਬਦਾਂ ਦੀ ਬਹੁਤਾਤ ਅਲਕਾਣ ਪੈਦਾ ਕਰ ਸਕਦੀ ਹੈ। ਪੰਜਾਬੀ ਦੇ ਕੁਝ ਆਲੋਚਕਾਂ ਵਲੋਂ ਹਰਿਭਜਨ ਦੀ ਕਵਿਤਾ ‘ਤੇ ਸੁਹਜਵਾਦੀ ਸ਼ਬਦ ਅਡੰਬਰ ਦਾ ਦੋਸ਼ ਲਗਦਾ ਰਿਹਾ ਹੈ। ਇਕ ਵਾਰ ਮੈਂ ਇਸ ਵਿਸ਼ੇ ‘ਤੇ ਹਰਿਭਜਨ ਨਾਲ ਮੱਥਾ ਡਾਹ ਬੈਠਾ।
ਮੈਂ: ਮੈਨੂੰ ਇਉਂ ਮਹਿਸੂਸ ਹੁੰਦਾ ਕਿ ਤੇਰੇ ਸ਼ਬਦਾਂ ਦੀ ਚੋਣ ਅਤੇ ਚਿਣਤ ਇੰਨੀ ਸ਼ਕਤੀਸ਼ਾਲੀ ਹੈ ਕਿ ਪੜ੍ਹਨ-ਸੁਣਨ ਵਾਲਾ ਇਨ੍ਹਾਂ ਦੀ ਜਾਦੂਗਰੀ ‘ਚ ਉਲਝ ਕੇ ਰਹਿ ਜਾਂਦਾ ਹੈ, ਵਿਸ਼ੇ ਦੀ ਮਹੱਤਤਾ ਅੱਖੋਂ-ਪਰੋਖੇ ਹੋ ਜਾਂਦੀ ਹੈ। ਇਸ ਲਈ ਤੇਰੇ ‘ਤੇ ਸ਼ਬਦ ਅਡੰਬਰ ਦਾ ਦੋਸ਼ ਲਾਇਆ ਜਾਂਦਾ ਹੈ।
ਹਰਿਭਜਨ: ਕੀ ਤੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾਂ, ਮੇਰੀ ਕਵਿਤਾ ਵਿਚ ਵਿਸ਼ਾ-ਵਸਤੂ ਨਹੀਂ ਹੁੰਦੇ?
ਮੈਂ: ਮੇਰੇ ਕਹਿਣ ਦਾ ਇਹ ਭਾਵ ਨਹੀਂ…
ਹਰਿਭਜਨ: (ਵਿਚੋਂ ਟੋਕਦਿਆਂ) ਜੇ ਮੇਰੀ ਸ਼ਬਦਾਵਲੀ ਵਿਚ ਰਸ ਹੈ ਤਾਂ ਹੀ ਸਰੋਤੇ ਪੜ੍ਹਦੇ ਸੁਣਦੇ ਹਨ, ਜੇ ਇਹ ਨਾ ਹੋਵੇ ਤਾਂ ਕਾਹਨੂੰ ਧਿਆਨ ਦੇਣਗੇ; ਪਾਠਕ ਗੱਲ ਨੂੰ ਸੁਣਨਗੇ ਤਾਂ ਹੀ ਸਮਝਣਗੇ।
ਮੈਂ: ਤੇਤੋਂ ਪਹਿਲਾਂ ਭਾਈ ਵੀਰ ਸਿੰਘ ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਨੂੰ ਲੋਕ ਸ਼ੌਕ ਨਾਲ ਪੜ੍ਹਦੇ-ਸੁਣਦੇ ਸਨ। ਉਹ ਵੀ ਸੂਖਮ ਸ਼ਬਦ ਵਰਤਦੇ ਸਨ, ਪਰ ਕਿਰਸ ਨਾਲ। ਉਨ੍ਹਾਂ ਨੂੰ ਵਿਸ਼ੇ ਦੀ ਮਹੱਤਤਾ ਕਰ ਕੇ ਸਲਾਹਿਆ ਜਾਂਦਾ ਸੀ।
ਹਰਿਭਜਨ: ਤੇਰੀ ਗੱਲ ਦਰੁਸਤ ਹੈ, ਪਰ ਕਿੰਨੇ ਕੁ ਲੋਕਾਂ ਨੂੰ ਉਨ੍ਹਾਂ ਦੀਆਂ ਨਜ਼ਮਾਂ ਮੂੰਹ ਜ਼ੁਬਾਨੀ ਯਾਦ ਹਨ?
ਮੈਂ: ਤੇਰੀ ਗੱਲ ਵਿਚ ਦਮ ਹੈ ਪਰ ਵਿਸ਼ੇ ਦੀ ਪੁਖਤਗੀ ਤੋਂ ਵਗੈਰ ਸਾਹਿਤ ਸਮੇਂ ਦੀ ਗਰਦ ਹੇਠਾਂ ਗੁੰਮ ਗੁਆਚ ਜਾਂਦਾ ਹੈ।
ਹਰਿਭਜਨ: ਕਵਿਤਾ ‘ਤੇ ਇਹ ਗੱਲ ਬਹੁਤੀ ਨਹੀਂ ਢੁੱਕਦੀ, ਨਾਵਲ ਅਤੇ ਕਹਾਣੀ ‘ਤੇ ਢੁੱਕਦੀ ਹੈ। ਕਵਿਤਾ ਸਰਵਣੀ ਕਲਾ ਹੈ, ਕੰਨ-ਰਸ ਦੀ ਅਭਿਲਾਸ਼ੀ। ਸ਼ਬਦਾਂ ਰਾਹੀਂ ਜੋ ਰਸ ਕਵਿਤਾ ਵਿਚ ਪੈਦਾ ਕੀਤਾ ਜਾਂਦਾ ਹੈ, ਉਹ ਵਾਰਤਕ ਰਾਹੀਂ ਪੈਦਾ ਕਰਨਾ ਮੁਸ਼ਕਿਲ ਹੈ।
ਮੈਂ: ਰਚਨ-ਪ੍ਰਕਿਰਿਆ ਸਮੇਂ, ਵਿਸ਼ਾ ਪਹਿਲਾਂ ਕਿ ਰੂਪ, ਉਜਾਗਰ ਹੁੰਦਾ ਹੈ?
ਹਰਿਭਜਨ: ਵਿਸ਼ਾ ਆਪਣਾ ਰੂਪ ਨਾਲ ਲੈ ਕੇ ਆਉਂਦਾ ਹੈ, ਉਸੇ ਤਰ੍ਹਾਂ ਜਿਵੇਂ ਪਾਣੀ ਦਾ ਵਹਾ ਆਪੇ ਰਾਹ ਬਣਾ ਲੈਂਦਾ ਹੈ।
ਮੈਂ: ਤੇਰੀਆਂ ਕਈ ਕਵਿਤਾਵਾਂ ਦੇ ਵਿਸ਼ੇ ਮਿਥ ਕੇ ਉਚੇਚ ਨਾਲ ਕਿਸੇ ਖਾਸ ਰੂਪ ਵਿਚ ਢਾਲੇ ਹੋਏ ਹਨ ਜਿਵੇਂ, ਪੁਸਤਕ ‘ਸੜਕ ਦੇ ਸਫੇ ਉਤੇ’ ਦੀਆਂ ਕਵਿਤਾਵਾਂ। ਇਹ ਕਸਬ ਛੰਨੇ ਜਾਂ ਗਲਾਸ ਵਿਚ ਪਾਣੀ ਪਾਉਣ ਵਾਂਗ ਹੈ, ਅਰਥਾਤ, ਪਾਣੀ ਵਰਤਣ ਦਾ ਰੂਪ ਧਾਰ ਲੈਂਦਾ ਹੈ।
ਹਰਿਭਜਨ: ਕੁਝ ਕਵਿਤਾਵਾਂ ਦੇ ਆਧਾਰ ‘ਤੇ ਤੂੰ ਮੇਰੀ ਸਾਰੀ ਕਵਿਤਾ ਨੂੰ ਇਕੋ ਰੱਸੇ ਨਹੀਂ ਬੰਨ੍ਹ ਸਕਦਾ। ਸਮੁੱਚੀ ਕਵਿਤਾ ਪੜ੍ਹਨ ਉਪਰੰਤ ਪਤਾ ਲੱਗੇਗਾ ਕਿ ਵਿਸ਼ੇ ਅਤੇ ਰੂਪ ਦਾ ਨਾਤਾ, ਹੱਥ ਅਤੇ ਦਸਤਾਨੇ ਵਾਂਗ ਹੈ। ਤੇਰੀ ਉਦਾਹਰਨ ਦੇ ਉਤਰ ਵਿਚ ਮੈਂ ਇਹ ਕਹਾਂਗਾ ਕਿ ਇਹ ਪਾਣੀ ਦੀ ਮਾਤਰਾ ਤੈਅ ਕਰਦੀ ਹੈ ਕਿ ਇਸ ਨੂੰ ਸਮਾਉਣ ਲਈ ਛੰਨਾ ਲੋੜੀਂਦਾ ਹੈ ਜਾਂ ਗਲਾਸ।
ਉਸ ਦੇ ਇਸ ਉਤਰ ਨੇ ਮੈਨੂੰ ਨਿਰਉਤਰ ਕਰ ਦਿੱਤਾ। ਨਾਲੇ ਮੈਂ ਗੱਲ ਨੂੰ ਬਹੁਤਾ ਲਮਕਾਉਣਾ ਵੀ ਨਹੀਂ ਸੀ ਚਾਹੁੰਦਾ। ਇਸ ਬਹਿਸ ਤੋਂ ਬਾਅਦ ਹਰਿਭਜਨ ਨੇ ਮੈਨੂੰ ਵਡਿਆਉਣ ਜਾਂ ਪਿੱਛਾ ਛੁਡਾਉਣ ਲਈ ਕਿਹਾ, “ਤੇਰੀ ਆਲੋਚਨਾ ਦੀ ਸੂਝ-ਬੂਝ ਨਿੱਖਰ ਰਹੀ ਹੈ।”
ਮੈਂ ਕਿਹਾ, “ਆਪ ਹੀ ਕੀ ਕਿਰਪਾ ਸੇ ਸਜੇ ਹਮ ਹਾਂ।” (ਬਾਕੀ ਅਗਲੇ ਅੰਕ ਵਿਚ)