ਅਮਰੀਕਨ ਸੁਸਾਇਟੀ ਤੇਜੀ ਨਾਲ ਨਿਘਾਰ ਵੱਲ

ਅੱਜ ਭਾਵੇਂ ਕਈ ਕਾਰਨਾਂ ਕਰ ਕੇ ਸਮੁੱਚੇ ਸੰਸਾਰ ਅੰਦਰ ਅਮਰੀਕਾ ਦੀ ਸਰਦਾਰੀ ਹੈ, ਪਰ ਅਮਰੀਕੀ ਸਮਾਜ ਅੰਦਰੋਂ ਕਿੰਨਾ ਖੋਖਲਾ ਹੈ, ਇਸ ਬਾਰੇ ਪਤਾ ਇਸ ਦੀਆਂ ਆਪਣੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਘੋਖਣ ਤੋਂ ਲਗਦਾ ਹੈ। ਇਹ ਅਸਲ ਵਿਚ ਤੇਜੀ ਨਾਲ ਨਿੱਘਰ ਰਹੇ ਸਮਾਜ ਦੀ ਨਿਸ਼ਾਨੀ ਹੈ। ਇਨ੍ਹਾਂ ਰਿਪੋਰਟਾਂ ਬਾਰੇ ਵਿਸਥਾਰ ਸਹਿਤ ਚਰਚਾ ‘ਸਿੱਖ ਵਿਰਸਾ’ (ਕੈਨੇਡਾ) ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਕੀਤੀ ਹੈ।

-ਸੰਪਾਦਕ

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਈਮੇਲ: ਹਪ8689@ਗਮਅਲਿ।ਚੋਮ

ਮਨੁੱਖੀ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਾਨਸਿਕ ਤੌਰ ‘ਤੇ ਆਜ਼ਾਦ ਅਤੇ ਬੌਧਿਕ ਤੌਰ ‘ਤੇ ਸੂਝਵਾਨ ਕੌਮਾਂ ਅਤੇ ਲੋਕਾਂ ਨੇ ਹੀ ਦੁਨੀਆਂ ਵਿਚ ਆਪਣੀਆਂ ਸਲਤਨਤਾਂ ਕਾਇਮ ਕੀਤੀਆਂ, ਜੀਵਨ ਦੇ ਹਰ ਖੇਤਰ ਵਿਚ ਤਰੱਕੀਆਂ ਕੀਤੀਆਂ। ਇਸ ਦਾ ਦੂਜਾ ਪਹਿਲੂ ਬੇਸ਼ਕ ਇਹ ਵੀ ਹੈ ਕਿ ਇਨ੍ਹਾਂ ਆਜ਼ਾਦ ਤੇ ਸੂਝਵਾਨ ਕੌਮਾਂ ਵਿਚੋਂ ਵੀ ਤਾਕਤਵਰ ਤੇ ਸ਼ਾਤਰ ਲੋਕਾਂ ਨੇ ਹੀ ਆਪਣੀਆਂ ਕੌਮਾਂ ਜਾਂ ਲੋਕਾਂ ਲਈ ਰਾਜ ਕਾਇਮ ਕੀਤੇ, ਆਪਣੀ ਸ਼ਕਤੀ ਤੇ ਬੌਧਿਕਤਾ ਦਾ ਲੋਹਾ ਮੰਨਵਾਇਆ ਅਤੇ ਦੂਜੀਆਂ ਕੌਮਾਂ ਨੂੰ ਗੁਲਾਮ ਬਣਾ ਕੇ ਰਾਜ ਕੀਤੇ। ਇਨ੍ਹਾਂ ਸਾਰੇ ਦੌਰਾਂ ਵਿਚ ਮਾਨਸਿਕ ਤੌਰ ‘ਤੇ ਗੁਲਾਮ ਜ਼ਹਿਨੀਅਤ ਅਤੇ ਬੌਧਿਕ ਪੱਧਰ ‘ਤੇ ਪਛੜੀਆਂ ਸਭਿਅਤਾਵਾਂ ਦੇ ਲੋਕਾਂ ਨੇ ਹਮੇਸ਼ਾ ਸੰਤਾਪ ਤੇ ਗੁਲਾਮੀਆਂ ਭੋਗੀਆਂ। ਅੱਜ ਮਨੁੱਖੀ ਸਭਿਅਤਾ ਜਿਸ ਮੁਕਾਮ ‘ਤੇ ਪਹੁੰਚ ਚੁਕੀ ਹੈ, ਇਹ ਸਰਮਾਏਦਾਰੀ ਦੌਰ ਦਾ ਸਿਖਰ ਕਿਹਾ ਜਾ ਸਕਦਾ ਹੈ। ਅਖੌਤੀ ਲੋਕਤੰਤਰੀ ਸਰਕਾਰਾਂ ਨਾਲ ਰਲ ਕੇ ਸਰਮਾਏਦਾਰੀ ਨਿਜ਼ਾਮ ਨੇ ਵਿਸ਼ਵ ਮੰਡੀ ਅਤੇ ਨਵ-ਉਦਾਰਵਾਦ ਦਾ ਜੋ ਸੰਕਲਪ ਦੁਨੀਆਂ ਸਾਹਮਣੇ ਰੱਖਿਆ ਸੀ, ਉਹ ਪੱਛੜੇ ਤੇ ਭ੍ਰਿਸ਼ਟ ਦੇਸ਼ਾਂ ਦੀ ਲੁੱਟ ਹੀ ਸਾਬਿਤ ਹੋਇਆ।
ਪਿਛਲੀਆਂ ਦੋ ਸਦੀਆਂ ਵਿਚ ਆਈ ਤਕਨਾਲੋਜੀ ਦੀ ਕ੍ਰਾਂਤੀ ਨੇ ਜਿਥੇ ਮਨੁੱਖ ਲਈ ਅਨੇਕ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਅਤੇ ਵੱਡੇ ਪੱਧਰ ‘ਤੇ ਸਰਮਾਇਆ ਪੈਦਾ ਕੀਤਾ, ਉਥੇ ਇਹ ਤਰੱਕੀ ਸਾਡੇ ਲਈ ਪੈਸੇ ਦੀ ਦੌੜ ਅਤੇ ਮਾਨਸਿਕ ਬਿਮਾਰੀਆਂ ਵੀ ਲੈ ਕੇ ਆਈ ਹੈ। ਸਰਮਾਏਦਾਰੀ ਨਿਜ਼ਾਮ ਨੇ ਮਨੁੱਖ ਨੂੰ ਜਿੱਥੇ ਪਹੁੰਚਾ ਦਿੱਤਾ ਹੈ, ਉਸ ਬਾਰੇ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹ ਹੈਰਾਨੀ ਵਾਲੇ ਹਨ। ਸਭ ਤੋਂ ਸ਼ਕਤੀਸ਼ਾਲੀ ਅਤੇ ਸਰਮਾਏਦਾਰੀ ਦੇ ਲੀਡਰ ਮੰਨੇ ਜਾਂਦੇ ਅਮਰੀਕਾ ਦੇ ਹਾਲਾਤ ਦੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਬਾਕੀ ਦੇਸ਼ਾਂ ਦੇ ਵੀ ਜੇ ਅਜੇ ਹਾਲਾਤ ਅਜਿਹੇ ਨਹੀਂ ਤਾਂ ਜਲਦੀ ਬਣ ਜਾਣਗੇ! ਇਸ ਲੇਖ ਵਿਚ ਅਸੀਂ ਸਿਰਫ ਮਨੁੱਖੀ ਸਿਹਤ ਅਤੇ ਸਮਾਜਕ ਢਾਂਚੇ ਬਾਰੇ ਗੱਲ ਕਰਾਂਗੇ। ਕੈਨੇਡਾ ਵਿਚ ਵੀ ਤਕਰੀਬਨ ਹਾਲਾਤ ਅਜਿਹੇ ਹੀ ਹਨ ਪਰ ਇੱਥੇ ਆਬਾਦੀ ਘੱਟ ਹੋਣ ਕਰ ਕੇ ਜਾਂ ਕੈਨੇਡਾ ਸਰਕਾਰ ਦੀਆਂ ਕੁਝ ਲੋਕ ਪੱਖੀ ਸੋਸ਼ਲ ਨੀਤੀਆਂ ਕਾਰਨ ਅਜੇ ਹਾਲਾਤ ਇੰਨੇ ਖਰਾਬ ਨਹੀਂ ਹਨ। ਉਂਜ, ਜਿਸ ਢੰਗ ਨਾਲ ਸਰਕਾਰਾਂ ਸਿੱਖਿਆ, ਸਿਹਤ ਅਤੇ ਹੋਰ ਪਬਲਿਕ ਸੇਵਾਵਾਂ ‘ਤੇ ਕੱਟ ਲਾ ਰਹੀਆਂ ਹਨ, ਜੇ ਲੋਕ ਆਪਣੇ ਹੱਕਾਂ ਲਈ ਸੁਚੇਤ ਨਾ ਹੋਏ ਤਾਂ ਅਸੀਂ ਵੀ ਉਧਰ ਹੀ ਜਾ ਰਹੇ ਹਾਂ।
ਅਮਰੀਕੀ ਸੰਸਥਾ ‘ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ’ ਦੀ 2015 ਵਿਚ ਛਪੀ ਰਿਪੋਰਟ ਅਨੁਸਾਰ ਅਮਰੀਕਾ ਵਿਚ ਕਰੀਬ 50 ਮਿਲੀਅਨ (ਭਾਵ ਹਰ ਪੰਜਵਾਂ ਅਮਰੀਕਨ) ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਮਾਨਸਿਕ ਰੋਗ ਨਾਲ ਜੂਝ ਰਿਹਾ ਹੈ। ਮਾਨਸਿਕ ਰੋਗਾਂ ਵਿਚ ਡਿਪਰੈਸ਼ਨ, ਸਟਰੈਸ, ਡਰ, ਚਿੰਤਾ, ਗੁੱਸਾ, ਪੈਨਿਕ ਹੋਣਾ, ਹਿੰਸਕ ਹੋਣਾ, ਦਿਮਾਗੀ ਤਵਾਜ਼ਨ ਵਿਗੜਨਾ, ਫੋਬੀਆ, ਔਟਿਜ਼ਮ, ਨਸ਼ਿਆਂ ਜਾਂ ਗਲਤ ਖਾਣ ਪੀਣ ਦੀਆਂ ਆਦਤਾਂ ਦਾ ਸ਼ਿਕਾਰ ਆਦਿ ਸ਼ਾਮਿਲ ਹਨ। ਇਨ੍ਹਾਂ ਵਿਚੋਂ 10 ਮਿਲੀਅਨ ਤੋਂ ਵੱਧ ਲੋਕ ਗੰਭੀਰ ਮਾਨਸਿਕ ਰੋਗਾਂ ਦਾ ਸ਼ਿਕਾਰ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਉਨ੍ਹਾਂ ਫੌਜੀਆਂ ਦੀ ਹੈ, ਜੋ ਅਮਰੀਕੀ ਫੌਜਾਂ ਨਾਲ ਵੱਖ-ਵੱਖ ਦੇਸ਼ਾਂ ਵਿਚ ਲੜਦੇ ਰਹੇ ਹਨ। ਇਸ ਵੇਲੇ 13-18 ਸਾਲ ਦੀ ਉਮਰ ਦੇ 22% ਨੌਜਵਾਨ ਮਾਨਸਿਕ ਰੋਗਾਂ ਦਾ ਸ਼ਿਕਾਰ ਹਨ। ਅਮਰੀਕਾ ਵਿਚ ਸਿਹਤ ਸਿਸਟਮ ਪ੍ਰਾਈਵੇਟ ਹੋਣ ਕਰ ਕੇ ਸਿਰਫ 40% ਲੋਕ ਹੀ ਇਲਾਜ ਕਰਵਾ ਸਕਦੇ ਹਨ; ਬਾਕੀ 60% ਬਿਨਾ ਇਲਾਜ ਤੋਂ ਹੀ ਇਨ੍ਹਾਂ ਬਿਮਾਰੀਆਂ ਨਾਲ ਜੂਝਦੇ ਪਾਗਲਪਨ ਦੀ ਹਾਲਤ ਵਿਚ ਹਨ। ਅੰਦਾਜ਼ਾ ਲਾਓ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਕਿਸ ਤਰ੍ਹਾਂ ਦੇ ਸਮਾਜ ਵੱਲ ਵਧ ਰਹੇ ਹਾਂ।
‘ਅਮਰੀਕਨ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ’ ਦੀ 2017 ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ਾਂ ਵਿਚੋਂ ਇੱਕ, ਇਸ ਦੇਸ਼ ਵਿਚ ਕਰੀਬ 6 ਲੱਖ ਵਿਅਕਤੀ ਬੇਘਰੇ ਹਨ। ਇਨ੍ਹਾਂ ਲੋਕਾਂ ਦੀ ਮਦਦ ਲਈ ਬਣੀ ਸੰਸਥਾ ‘ਰੇਜ਼ਿੰਗ ਦਾ ਰੂਫ’ ਦੀ ਰਿਪੋਰਟ ਅਨੁਸਾਰ ਕੈਨੇਡਾ ਵਿਚ ਇਸ ਵਕਤ ਕਰੀਬ ਢਾਈ ਲੱਖ ਲੋਕ ਬੇਘਰੇ ਹਨ, ਜਿਨ੍ਹਾਂ ਵਿਚੋਂ ਕਰੀਬ ਡੇਢ ਲੱਖ ਲੋਕ ਸ਼ੈਲਟਰ ਹੋਮਾਂ ਵਿਚ ਰਾਤਾਂ ਕੱਟਦੇ ਹਨ। ਇਸ ਰਿਪੋਰਟ ਅਨੁਸਾਰ 50 ਹਜ਼ਾਰ ਤੋਂ ਵੱਧ ਅਜਿਹੇ ਛੁਪੇ ਹੋਏ (ਭਾਵ ਜੋ ਦੱਸਦੇ ਨਹੀਂ ਕਿ ਅਸੀਂ ਬੇਘਰੇ ਹਾਂ) ਬੇਘਰੇ ਹਨ, ਜੋ ਰਾਤਾਂ ਕਾਰ, ਸੋਫੇ, ਕਿਸੇ ਪਬਲਿਕ ਥਾਂ ‘ਤੇ ਸੌਂ ਕੇ ਗੁਜ਼ਾਰਦੇ ਹਨ।
‘ਅਮਰੀਕਨ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ’ ਦੀ 2016 ਦੀ ਰਿਪੋਰਟ ਅਨੁਸਾਰ ਕਰੀਬ 50 ਹਜ਼ਾਰ ਲੋਕ ਹਰ ਸਾਲ ਖੁਦਕੁਸ਼ੀ ਕਰਦੇ ਹਨ। ਇਸ ਰਿਪੋਰਟ ਅਨੁਸਾਰ 1999-2014 ਦੇ 15 ਸਾਲਾਂ ਵਿਚ ਖੁਦਕੁਸ਼ੀਆਂ ਦੀ ਦਰ 24% ਵਧੀ ਹੈ। ਖੁਦਕੁਸ਼ੀ ਕਰ ਕੇ ਮਰਨ ਵਾਲੇ ਵਿਅਕਤੀਆਂ ਵਿਚੋਂ ਅੱਧੇ ਤੋਂ ਵੱਧ ਗਿਣਤੀ 30 ਤੋਂ 50 ਸਾਲ ਉਮਰ ਵਾਲਿਆਂ ਦੀ ਹੁੰਦੀ ਹੈ। ਲੈਸਬੀਅਨ, ਗੇਅ, ਬਾਇਸੈਕਸੂਅਲ, ਟਰਾਂਸਜੈਂਡਰ (.ਘਭਠ) ਲੋਕਾਂ ਵਿਚ ਖੁਦਕੁਸ਼ੀ ਦਾ ਰੁਝਾਨ ਆਮ ਵਿਅਕਤੀਆਂ ਨਾਲੋਂ 3 ਗੁਣਾਂ ਵੱਧ ਹੈ। ਇਸ ਦਾ ਵੱਡਾ ਕਾਰਨ ਉਨ੍ਹਾਂ ਨਾਲ ਸਮਾਜ ਵਿਚ ਹੁੰਦਾ ਵਿਤਕਰਾ ਹੈ।
‘ਸਟੈਟਿਸਟਿਕਸ ਕੈਨੇਡਾ’ ਅਨੁਸਾਰ ਕੈਨੇਡਾ ਵਿਚ ਕਰੀਬ 5 ਹਜ਼ਾਰ ਵਿਅਕਤੀ ਹਰ ਸਾਲ ਖੁਦਕੁਸ਼ੀ ਕਰਦੇ ਹਨ। ਅਮਰੀਕਾ ਦੀ ‘ਸੂਸਾਈਡ ਪ੍ਰੀਵੈਨਸ਼ਨ ਰਿਸੋਰਸ ਸੈਂਟਰ’ ਦੀ ਤਾਜ਼ਾ ਰਿਪੋਰਟ ਅਨੁਸਾਰ ਹਰ ਸਾਲ ਉਨ੍ਹਾਂ ਦੇ 165 ਕਾਲ ਸੈਂਟਰਾਂ ਵਿਚ ਖੁਦਕੁਸ਼ੀ ਨਾਲ ਸਬੰਧਤ 15 ਲੱਖ ਕਾਲਾਂ ਆਉਂਦੀਆਂ ਹਨ। ਇਨ੍ਹਾਂ ਕਾਲਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿਛਲੇ 10 ਸਾਲਾਂ ਵਿਚ 98 ਲੱਖ ਲੋਕਾਂ ਨੇ ਜੀਵਨ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਬਾਰੇ ਸੋਚ ਲਿਆ ਸੀ। 28 ਲੱਖ ਲੋਕਾਂ ਨੇ ਖੁਦਕੁਸ਼ੀ ਦਾ ਪਲਾਨ ਬਣਾਇਆ ਸੀ ਅਤੇ 13 ਲੱਖ ਨੇ ਖੁਦਕੁਸ਼ੀ ਕਰਨ ਦੀ ਇੱਕ ਤੋਂ ਵੱਧ ਵਾਰ ਕੋਸ਼ਿਸ਼ ਕੀਤੀ ਸੀ। ‘ਯੁਨਾਈਟਡ ਨੇਸ਼ਨ’ ਦੀ ਸੰਸਥਾ ‘ਵਰਲਡ ਹੈਲਥ ਆਰਗੇਨਾਈਜ਼ੇਸ਼ਨ’ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ ਹਰ ਸਾਲ 8 ਲੱਖ ਬੰਦਾ ਖੁਦਕੁਸ਼ੀ ਕਰਦਾ ਹੈ, ਭਾਵ ਹਰ 40 ਸੈਕਿੰਡ ਬਾਅਦ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਦੁਨੀਆਂ ਨੇ ਬੜੀ ਤਰੱਕੀ ਕਰ ਲਈ ਹੈ, ਪਰ ਹਰ ਸਾਲ 8 ਲੱਖ ਬੰਦਾ ਜੀਵਨ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ ਤੇ ਕਦੇ ਕਿਸੇ ਦੇਸ਼ ਦੀ ਸਰਕਾਰ ਨੇ ਇਸ ਨੂੰ ਆਪਣਾ ਮੁੱਦਾ ਨਹੀਂ ਬਣਾਇਆ।
ਅਮਰੀਕਾ ਵਿਚ ਹਰ ਸਾਲ ਕਰੀਬ ਸਮੂਹਿਕ ਕਤਲ ਦੀ ਰੋਜ਼ਾਨਾ ਇੱਕ ਘਟਨਾ (ਮਾਸ ਸ਼ੂਟਿੰਗ) ਹੁੰਦੀ ਹੈ ਅਤੇ ਕਰੀਬ 1000 ਤੋਂ ਵੱਧ ਵਿਅਕਤੀ ਇਨ੍ਹਾਂ ਘਟਨਾਵਾਂ ਵਿਚ ਹਰ ਸਾਲ ਮਾਰੇ ਜਾਂਦੇ ਹਨ। ਮਾਸ ਸ਼ੂਟਿੰਗ ਉਸ ਵਾਰਦਾਤ ਨੂੰ ਕਹਿੰਦੇ ਹਨ, ਜਿਥੇ 4 ਤੋਂ ਵੱਧ ਵਿਅਕਤੀ ਗੋਲੀ ਲੱਗਣ ਨਾਲ ਮਰਨ ਜਾਂ ਫੱਟੜ ਹੋਣ ਅਤੇ ਜਿਸ ਵਿਚ ਕਾਤਲ ਦਾ ਕਤਲਾਂ ਲਈ ਕੋਈ ਮੰਤਵ ਨਾ ਹੋਵੇ ਤੇ ਨਾ ਹੀ ਮਰਨ ਵਾਲਿਆਂ ਨਾਲ ਕੋਈ ਸਿੱਧਾ ਸਬੰਧ ਹੋਵੇ। ਆਮ ਤੌਰ ‘ਤੇ ਅਜਿਹੀਆਂ ਘਟਨਾਵਾਂ ਵਿਚ ਕਾਤਲ ਖੁਦਕੁਸ਼ੀ ਕਰ ਲੈਂਦਾ ਹੈ ਜਾਂ ਪੁਲਿਸ ਦੀ ਗੋਲੀ ਨਾਲ ਮਾਰਿਆ ਜਾਂਦਾ ਹੈ। ਪਿਛਲੇ ਸਾਲ ਇਨ੍ਹਾਂ ਘਟਨਾਵਾਂ ਵਿਚ 1358 ਵਿਅਕਤੀ ਮਰੇ ਸਨ। ਹੁਣ ਅਜਿਹੀਆਂ ਘਟਨਾਵਾਂ ਕੈਨੇਡਾ ਵਿਚ ਹੋਣੀਆਂ ਸ਼ੁਰੂ ਹੋ ਗਈਆਂ ਹਨ। ਆਮ ਤੌਰ ‘ਤੇ ਇਨ੍ਹਾਂ ਘਟਨਾਵਾਂ ਪਿਛੇ ਮਾਨਸਿਕ ਰੋਗੀਆਂ ਦਾ ਹੱਥ ਹੁੰਦਾ ਹੈ।
ਅਮਰੀਕਾ ਵਿਚ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸੰਸਥਾ ‘ਰੇਪ ਐਬਿਊਜ਼ ਇਨਸੈਸਟ ਨੈਸ਼ਨਲ ਨੈਟਵਰਕ’ (੍ਰAੀਂਂ) ਦੀ ਰਿਪੋਰਟ ਅਨੁਸਾਰ ਕਰੀਬ ਸਵਾ ਤਿੰਨ ਲੱਖ (3,21,000) ਜਬਰ ਜਨਾਹ ਜਾਂ ਜਿਨਸੀ ਹਮਲੇ ਨਾਲ ਸਬੰਧਤ ਕੇਸ ਅਮਰੀਕਾ ਵਿਚ ਦਰਜ ਕੀਤੇ ਜਾਂਦੇ ਹਨ। ਭਾਵ ਹਰ 98 ਸੈਕਿੰਡ ਬਾਅਦ ਅਮਰੀਕਾ ਵਿਚ ਜਬਰ ਜਨਾਹ ਦਾ ਇੱਕ ਕੇਸ ਦਾਇਰ ਹੁੰਦਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਬਰ ਜਨਾਹ ਕੇਸ ਦਰਜ ਵੀ ਨਹੀਂ ਹੁੰਦੇ, ਕਿਉਂਕਿ ਸਾਰੀਆਂ ਲੜਕੀਆਂ ਪੁਲਿਸ ਅਤੇ ਕੋਰਟ ਦੇ ਚੱਕਰ ਵਿਚ ਨਹੀਂ ਪੈਣਾ ਚਾਹੁੰਦੀਆਂ; ਇੱਕ ਹੋਰ ਕਾਰਨ ਇਹ ਹੈ ਕਿ ਔਰਤ ਨੂੰ ਜਬਰ ਜਨਾਹ ਸਾਬਤ ਕਰਨ ਲਈ ‘ਰੇਪ ਕਿੱਟ’ (ਆਪਣਾ ਮੈਡੀਕਲ ਕਰਨ ਲਈ) ਲੈਣੀ ਪੈਂਦੀ ਹੈ, ਜਿਸ ਦਾ ਖਰਚਾ 500-1500 ਅਮਰੀਕਨ ਡਾਲਰ ਹੈ। ਜੇ ਤੁਹਾਡੇ ਕੋਲ ਪ੍ਰਾਈਵੇਟ ਮੈਡੀਕਲ ਇੰਸ਼ੋਰੈਂਸ ਨਾ ਹੋਵੇ ਤਾਂ ਬਹੁਤ ਲੜਕੀਆਂ ਇੰਨੀ ਮਹਿੰਗੀ ਕਿੱਟ ਖਰੀਦਣ ਤੋਂ ਅਸਮਰਥ ਹੋਣ ਕਾਰਨ ਕੇਸ ਦਾਇਰ ਨਹੀਂ ਕਰਦੀਆਂ।
ਇਸੇ ਰਿਪੋਰਟ ਅਨੁਸਾਰ 1998 ਤੋਂ 2018 ਤੱਕ 20 ਸਾਲਾਂ ਵਿਚ 20 ਮਿਲੀਅਨ ਤੋਂ ਵੱਧ ਰੇਪ ਕੇਸ ਦਰਜ ਹੋਏ ਹਨ। ਇਨ੍ਹਾਂ ਵਿਚ 21% ਪੀੜਤ, ਗੇਅ ਤੇ ਲੈਸਬੀਅਨ ਲੋਕ ਸਨ। 38% ਔਰਤਾਂ ਨਾਲ ਰੇਪ ਸਕੂਲ, ਕਾਲਜ, ਕੰਮ ਦੀਆਂ ਥਾਂਵਾਂ ‘ਤੇ ਹੁੰਦੇ ਹਨ। ਹਰ ਸਾਲ ਅਮਰੀਕਨ ਜੇਲ੍ਹਾਂ ਵਿਚ 80 ਹਜ਼ਾਰ ਤੋਂ ਵੱਧ ਕੈਦੀਆਂ ਵਲੋਂ ਰੇਪ ਦੇ ਕੇਸ ਦਰਜ ਕਰਵਾਏ ਜਾਂਦੇ ਹਨ। ਹਰ ਸਾਲ 20 ਹਜ਼ਾਰ ਤੋਂ ਵੱਧ ਰੇਪ ਕੇਸ ਫੌਜੀਆਂ ਖਿਲਾਫ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ‘ਸਟੈਟਿਸਟਿਕਸ ਕੈਨੇਡਾ’ ਦੀ ਦੰਗ ਕਰਨ ਵਾਲੀ ਰਿਪੋਰਟ ਅਨੁਸਾਰ ਕੈਨੇਡਾ ਵਿਚ ਰੇਪ ਜਾਂ ਜਿਨਸੀ ਛੇੜਛਾੜ ਦੀਆਂ ਪੀੜਤ ਔਰਤਾਂ ਵਿਚੋਂ ਸਿਰਫ 6% ਹੀ ਪੁਲਿਸ ਕੋਲ ਰਿਪੋਰਟ ਕਰਦੀਆਂ ਹਨ। ਇਸ ਰਿਪੋਰਟ ਅਨੁਸਾਰ 4 ਵਿਚੋਂ ਇਕ ਕੈਨੇਡੀਅਨ ਔਰਤ ਨਾਲ ਜੀਵਨ ਵਿਚ ਘੱਟੋ-ਘੱਟ ਇੱਕ ਰੇਪ ਜ਼ਰੂਰ ਹੁੰਦਾ ਹੈ। ਇਸੇ ਰਿਪੋਰਟ ਵਿਚ ਦਰਜ ਹੈ ਕਿ 2004 ਤੋਂ 2014 ਦੇ ਦਹਾਕੇ ਦੌਰਾਨ ਕੈਨੇਡਾ ਵਿਚ 6 ਲੱਖ 36 ਹਜ਼ਾਰ ਰੇਪ ਕੇਸ ਦਰਜ ਹੋਏ।
‘ਯੂ. ਐਸ਼ ਬਿਊਰੋ ਆਫ ਜਸਟਿਸ’ ਅਨੁਸਾਰ ਇਸ ਵੇਲੇ ਅਮਰੀਕਾ ਵਿਚ 3000 ਤੋਂ ਵੱਧ ਜੇਲ੍ਹਾਂ ਹਨ, ਜਿਨ੍ਹਾਂ ਵਿਚ 25 ਲੱਖ ਤੋਂ ਵੱਧ ਵਿਅਕਤੀ ਨਜ਼ਰਬੰਦ ਹਨ ਅਤੇ 45 ਲੱਖ ਵਿਅਕਤੀ ਜ਼ਮਾਨਤ ‘ਤੇ ਬਾਹਰ ਹਨ, ਜਿਨ੍ਹਾਂ ਉਤੇ ਕਿਸੇ ਨਾ ਕਿਸੇ ਜੁਰਮ ਦੇ ਮੁਕੱਦਮੇ ਚੱਲ ਰਹੇ ਹਨ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ 55 ਹਜ਼ਾਰ ਬੱਚੇ ਜੇਲ੍ਹਾਂ ਵਿਚ ਹਨ। ‘ਵਰਲਡ ਪਰਿਜ਼ਨ ਬਿਊਰੋ’ ਅਨੁਸਾਰ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਗਿਣਤੀ ਅਮਰੀਕਾ ਵਿਚ ਸਾਰੀ ਦੁਨੀਆਂ ਵਿਚ ਵੱਧ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਮਰੀਕਨ ਜੇਲ੍ਹਾਂ ਪ੍ਰਾਈਵੇਟ ਹੋਣ ਕਰ ਕੇ ਕੰਪਨੀਆਂ ਲਈ ਜੇਲ੍ਹਾਂ ਵਿਚ ਕੈਦੀਆਂ ਰੂਪੀ ਸਸਤੀ ਲੇਬਰ ਮਿਲੀ ਹੋਈ ਹੈ ਤੇ ਉਨ੍ਹਾਂ ਨੇ ਇਸ ਨੂੰ ਮੁਨਾਫੇ ਦਾ ਸਾਧਨ ਬਣਾ ਲਿਆ ਹੈ। ਪਿਛਲੇ 20 ਸਾਲਾਂ ਵਿਚ ਅਮਰੀਕਾ ਵਿਚ 2600 ਤੋਂ ਵੱਧ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਅਧੀਨ ਫਾਹੇ ਲਾਇਆ ਗਿਆ ਹੈ। ਕੈਨੇਡਾ ਵਿਚ ਇਸ ਵੇਲੇ 40 ਹਜ਼ਾਰ ਤੋਂ ਵੱਧ ਵਿਅਕਤੀ ਜੇਲ੍ਹਾਂ ਵਿਚ ਬੰਦ ਹਨ। ਅਮਰੀਕਾ ਵਿਚ ਹਰ ਸਾਲ ਕਰੀਬ 25 ਲੱਖ ਤੋਂ ਵੱਧ ਕ੍ਰਿਮੀਨਲ ਕੇਸ ਦਰਜ ਹੁੰਦੇ ਹਨ ਅਤੇ ਕਰੀਬ 20 ਹਜ਼ਾਰ ਵਿਅਕਤੀ ਕਤਲ ਹੁੰਦੇ ਹਨ।
ਅਮਰੀਕਾ ਦੀ ‘ਨੈਸ਼ਨਲ ਸੇਫਟੀ ਕੌਂਸਲ’ ਦੀ 2017 ਦੀ ਰਿਪੋਰਟ ਅਨੁਸਾਰ ਹਰ ਸਾਲ ਹੁੰਦੇ ਕਰੀਬ 54 ਲੱਖ ਸੜਕ ਹਾਦਸਿਆਂ ਵਿਚ 40 ਹਜ਼ਾਰ ਤੋਂ ਵੱਧ ਵਿਅਕਤੀ ਮਾਰੇ ਜਾਂਦੇ ਹਨ ਅਤੇ 22 ਲੱਖ ਤੋਂ ਵੱਧ ਲੋਕ ਇਨ੍ਹਾਂ ਹਾਦਸਿਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਜ਼ਖਮੀ ਹੁੰਦੇ ਹਨ। ਅਸੀਂ ਆਮ ਤੌਰ ‘ਤੇ ਇੰਡੀਆ ਵਿਚ ਹੁੰਦੇ ਸੜਕ ਹਾਦਸਿਆਂ ਬਾਰੇ ਗੱਲ ਕਰਦੇ ਹਾਂ ਕਿ ਉਥੇ ਰੋਡ ਚੰਗੇ ਨਹੀਂ ਜਾਂ ਰੂਲ ਰੈਗੂਲੇਸ਼ਨ ਨਹੀਂ ਹੈ, ਪਰ ਅਮਰੀਕਾ ਜਿਹੇ ਵਿਕਸਿਤ ਦੇਸ਼ ਵਿਚ ਇੰਨੇ ਹਾਦਸੇ ਹੋਣ ਪਿਛੇ ਵੱਡਾ ਕਾਰਨ ਮਾਨਸਿਕ ਰੋਗ ਹਨ ਅਤੇ 28% ਐਕਸੀਡੈਂਟ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਅਧੀਨ ਹੁੰਦੇ ਹਨ।
ਅਮਰੀਕਾ ਦੀ ‘ਡੋਮੈਸਟਿਕ ਵਾਇਲੈਂਸ ਤੇ ਹੋਮਲੈਸਨੈਸ’ ਦੀ 2015 ਦੀ ਰਿਪੋਰਟ ਅਨੁਸਾਰ ਇੱਕ ਦਿਨ ਵਿਚ ਘਰੇਲੂ ਹਿੰਸਾ ਕਾਰਨ 31,500 ਬੱਚੇ ਤੇ ਔਰਤਾਂ ਨੂੰ ਸ਼ੈਲਟਰ ਹੋਮ ਜਾਣਾ ਪਿਆ ਤੇ ਉਸੇ ਦਿਨ 12,197 ਕਾਲਰਾਂ ਨੂੰ ਅਟੈਂਡ ਨਹੀਂ ਕੀਤਾ ਜਾ ਸਕਿਆ। ਅਮਰੀਕਾ ਵਿਚ ਇਸ ਵੇਲੇ 3000 ਤੋਂ ਵੱਧ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਲਈ ਸ਼ੈਲਟਰ ਹੋਮ ਹਨ, ਪਰ ਘਰੇਲੂ ਹਿੰਸਾ ਨਾਲ ਪੀੜਤ ਔਰਤਾਂ ਦੀ ਗਿਣਤੀ ਇੰਨੀ ਵੱਧ ਹੈ ਕਿ ਉਨ੍ਹਾਂ ਵਿਚੋਂ ਕੁਝ ਪ੍ਰਤੀਸ਼ਤ ਨੂੰ ਹੀ ਜਗ੍ਹਾ ਮਿਲਦੀ ਹੈ। ਇਸੇ ਰਿਪੋਰਟ ਅਨੁਸਾਰ ਅਮਰੀਕਾ ਦੀਆਂ 3 ਵਿਚੋਂ ਇਕ ਔਰਤ ਨੂੰ ਆਪਣੇ ਜੀਵਨ ਵਿਚ ਕਿਸੇ ਮਰਦ ਵਲੋਂ ਘੱਟੋ-ਘੱਟ ਇੱਕ ਵਾਰ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਸ਼ੈਲਟਰ ਹੋਮ ਵਿਚ ਔਰਤਾਂ ਔਸਤ 5-7 ਵਾਰ ਮਰਦਾਂ ਤੋਂ ਕੁੱਟ-ਮਾਰ ਪਿਛੋਂ ਹੀ ਸ਼ੈਲਟਰ ਵਿਚ ਜਾਂਦੀਆਂ ਹਨ।
‘ਸ਼ੈਲਟਰਜ਼ ਫਾਰ ਅਬਿਊਜ਼ਡ ਵੁਮਨ ਕੈਨੇਡਾ’ ਅਨੁਸਾਰ ਕੈਨੇਡਾ ਵਿਚ ਇਸ ਵਕਤ ਵੱਖ-ਵੱਖ ਵੁਮਨ ਸ਼ੈਲਟਰ ਘਰਾਂ ਵਿਚ ਕਰੀਬ 12,000 ਬੈੱਡ ਹਨ, ਪਰ ਹਰ ਵਕਤ 60 ਹਜ਼ਾਰ ਤੋਂ ਵੱਧ ਔਰਤਾਂ ਸ਼ੈਲਟਰ ਹੋਮ ਦੀ ਸ਼ਰਨ ਵਿਚ ਹੁੰਦੀਆਂ ਹਨ। ‘ਨੈਸ਼ਨਲ ਇੰਸਟੀਚਿਊਟ ਆਫ ਅਲਕੋਹਲ ਅਬਿਊਜ਼’ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ 86% ਲੋਕ ਸ਼ਰਾਬ ਜਾਂ ਕਿਸੇ ਨਾ ਕਿਸੇ ਤਰ੍ਹਾਂ ਨਸ਼ਾ ਪੀਣ ਦੇ ਆਦੀ ਹਨ। ਇਨ੍ਹਾਂ ਵਿਚੋਂ 10% ਅਜਿਹੇ ਹਨ, ਜੋ ਹਫਤੇ ਵਿਚ 70 ਤੋਂ ਵੱਧ ਡਰਿੰਕ (ਪੈੱਗ) ਲਾਉਂਦੇ ਹਨ ਅਤੇ ਰੋਜ਼ਾਨਾ 6 ਵਿਅਕਤੀ ਸ਼ਰਾਬ ਕਾਰਨ ਮਰਦੇ ਹਨ। ‘ਵਰਲਡ ਹੈਲਥ ਆਰਗੇਨਾਈਜ਼ੇਸ਼ਨ’ ਦੀ 200 ਦੇਸ਼ਾਂ ਦੇ ਆਧਾਰਿਤ ਤਾਜ਼ਾ ਰਿਪੋਰਟ ਅਨੁਸਾਰ ਆਬਾਦੀ ਦੇ ਹਿਸਾਬ ਨਾਲ ਕੈਨੇਡਾ ਦੇ ਲੋਕ ਦੁਨੀਆਂ ਵਿਚੋਂ ਸਭ ਤੋਂ ਵੱਧ ਸ਼ਰਾਬ ਪੀਂਦੇ ਹਨ ਅਤੇ ਔਸਤਨ ਇੱਕ ਕੈਨੇਡੀਅਨ ਸਾਲ ਵਿਚ 10 ਲਿਟਰ ਸ਼ਰਾਬ ਪੀ ਲੈਂਦਾ ਹੈ। ਅਲਬਰਟਾ ਸੂਬਾ ਸਾਰੇ ਕੈਨੇਡਾ ਵਿਚੋਂ ਪਹਿਲੇ ਨੰਬਰ ‘ਤੇ ਹੈ।
‘ਸਬਸਟਾਂਸ ਅਬਿਊਜ਼ ਤੇ ਮੈਂਟਲ ਹੈਲਥ ਸਰਵਿਸਿਜ਼’ ਦੀ ਤਾਜ਼ਾ ਰਿਪੋਰਟ ਅਨੁਸਾਰ ਅਮਰੀਕਾ ਵਿਚ 70 ਮਿਲੀਅਨ ਲੋਕਾਂ ਨੂੰ ਚੈਨ ਨਾਲ ਸੌਣ ਲਈ ਨੀਂਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਹਨ। ਨਾਰਥ ਅਮਰੀਕਾ ਵਿਚ ਦੁਨੀਆਂ ਵਿਚੋਂ ਸਭ ਤੋਂ ਵੱਧ ਨੀਂਦ ਨਾ ਆਉਣ ਦੀ ਸਮੱਸਿਆ ਹੈ। ਕੈਨੇਡਾ-ਅਮਰੀਕਾ ਵਿਚ ਤਲਾਕ ਦਰ 40-50% ਹੈ ਤੇ ਔਸਤਨ ਵਿਆਹ 10 ਕੁ ਸਾਲ ਚਲਦਾ ਹੈ। ਅੰਕੜਿਆਂ ਅਨੁਸਾਰ ਬੇਸ਼ਕ ਪਿਛਲੇ 2 ਦਹਾਕਿਆਂ ਵਿਚ ਤਲਾਕ ਦੀ ਦਰ ਘਟੀ ਹੈ, ਪਰ ਉਸ ਦਾ ਵੱਡਾ ਕਾਰਨ ਲੋਕਾਂ ਵਲੋਂ ਵਿਆਹ ਦੀ ਥਾਂ ਕਾਮਨ ਲਾਅ ਵਿਚ ਰਹਿਣਾ ਜਾਂ ਵਿਆਹ ਨਾ ਕਰਾਉਣਾ ਜਾਂ ਵਿਆਹ ਤੋਂ ਬਿਨਾ ਰਹਿਣਾ ਹੈ। ਨਵੀਂ ਪੀੜ੍ਹੀ ਲਈ ਵਿਆਹ ਕਰਾ ਕੇ ਇਕੱਠੇ ਰਹਿਣਾ ਤੇ ਬੱਚੇ ਪੈਦਾ ਕਰ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਇੰਨਾ ਮਹਿੰਗਾ ਹੋ ਰਿਹਾ ਹੈ ਕਿ ਉਨ੍ਹਾਂ ਕੋਲ ਬਿਨਾ ਵਿਆਹ ਜਾਂ ਬਿਨਾ ਬੱਚਿਆਂ ਤੋਂ ਰਹਿਣਾ ਹੀ ਇੱਕ ਸਾਧਨ ਰਹਿ ਗਿਆ ਹੈ।
ਇਹ ਸਾਰੀਆਂ ਰਿਪੋਰਟਾਂ ਸਾਬਿਤ ਕਰ ਰਹੀਆਂ ਹਨ ਕਿ ਬੇਸ਼ਕ ਪਿਛਲੇ 200 ਸਾਲਾਂ ਵਿਚ ਤਕਨਾਲੋਜੀ ਦੀ ਤਰੱਕੀ ਨੇ ਸਰਮਾਇਆ ਵਧਾਇਆ ਹੈ, ਪਰ ਇਹ ਸਰਮਾਇਆ ਮੁੱਠੀ ਭਰ ਲੋਕਾਂ ਦੀਆਂ ਤਿਜੋਰੀਆਂ ਭਰਨ ਦੇ ਕੰਮ ਹੀ ਆਇਆ ਹੈ। ਅੱਜ ਹਰ ਵੱਡਾ ਸਰਮਾਏਦਾਰ ਆਪਣੇ ਮੁਨਾਫੇ ਦਾ ਵੱਡਾ ਹਿੱਸਾ ਤਕਨਾਲੋਜੀ ਨੂੰ ਵਧਾਉਣ ਤੇ ਹੋਰ ਵਧੀਆ ਕਰਨ ਵਿਚ ਲੱਗਾ ਰਿਹਾ ਹੈ ਤਾਂ ਕਿ ਮਨੁੱਖ ਦੀ ਲੋੜ ਜਿੰਨੀ ਹੋ ਸਕੇ, ਘਟਾਈ ਜਾ ਸਕੇ ਤੇ ਮੁਨਾਫਾ ਹੋਰ ਵਧਾਇਆ ਜਾਵੇ। ਸਰਮਾਏਦਾਰਾਂ ਤੇ ਸਰਕਾਰਾਂ ਦੇ ਏਜੰਡੇ ਤੋਂ ਮਨੁੱਖ ਮਨਫੀ ਹੋ ਚੁਕਾ ਹੈ, ਸਰਮਾਏਦਾਰ ਇਸ ਦੌੜ ਵਿਚ ਹੈ ਕਿ ਕਿਵੇਂ ਵੱਧ ਮੁਨਾਫਾ ਕਮਾਇਆ ਜਾਵੇ ਅਤੇ ਸਰਕਾਰਾਂ ਇਸ ਦੌੜ ਵਿਚ ਹਨ, ਕਿਵੇਂ ਵੱਧ ਤੋਂ ਵੱਧ ਟੈਕਸ ਇਕੱਠਾ ਕਰ ਕੇ ਲੋਕਾਂ ਦੀ ਲੁੱਟ ਕੀਤੀ ਜਾਵੇ। ਸਰਕਾਰਾਂ ਲਈ ਮਨੁੱਖ ਦੀ ਲੋੜ ਸਿਰਫ ਵੋਟਾਂ ਵਾਲੇ ਦਿਨ ਤੋਂ ਬਾਅਦ ਕਦੇ ਨਹੀਂ ਹੁੰਦੀ। ਸਰਮਾਏਦਾਰੀ ਦਾ ਮੁਨਾਫੇ ਤੇ ਕੰਪੀਟੀਸ਼ਨ ਆਧਾਰਿਤ ਬਾਹਰੋਂ ਦਿਸਦਾ ਸਿਸਟਮ ਬੜਾ ਲੁਭਾਵਣਾ ਲਗਦਾ ਹੈ, ਪਰ ਇਹ ਕੰਪੀਟੀਸ਼ਨ ਛੋਟੇ ਲੈਵਲ ‘ਤੇ ਹੀ ਹੈ, ਵੱਡੇ ਲੈਵਲ ‘ਤੇ ਕੋਈ ਬਹੁਤਾ ਕੰਪੀਟੀਸ਼ਨ ਨਹੀਂ ਹੈ।
ਅਸਲ ਵਿਚ ਕੁਝ ਲੋਕਾਂ ਦੇ ਹੱਥਾਂ ਵਿਚ ਹੀ ਸਾਰਾ ਕੰਟਰੋਲ ਹੈ। ਉਨ੍ਹਾਂ ਨੇ ਹੀ ਵੱਖ-ਵੱਖ ਨਾਂਵਾਂ ‘ਤੇ ਵੱਖ-ਵੱਖ ਕਾਰਪੋਰੇਸ਼ਨਾਂ ਬਣਾਈਆਂ ਹੋਈਆਂ ਹਨ ਤੇ ਸਭ ਪਾਸੇ ਇਜਾਰੇਦਾਰੀ ਕੁਝ ਲੋਕਾਂ ਦੀ ਹੀ ਹੈ। ਇਨ੍ਹਾਂ ਲੋਕਾਂ ਵਲੋਂ ਹੀ ਲੁੱਟੇ ਹੋਏ ਮਾਲ ਨੂੰ ਸਫਲ ਕਰਨ ਲਈ ਤੇ ਟੈਕਸ ਚੋਰੀ ਲਈ ਚੈਰਿਟੀ ਸੰਸਥਾਵਾਂ ਬਣਾਈਆਂ ਹੋਈਆਂ ਹਨ। ਅਜਿਹੇ ਲੋਕਾਂ ਦੀ ਗਿਣਤੀ ਦੁਨੀਆਂ ਭਰ ਵਿਚ 1-2% ਤੋਂ ਵੱਧ ਨਹੀਂ ਹੈ, ਪਰ ਇਨ੍ਹਾਂ ਨੇ ਸਾਰੀ ਦੁਨੀਆਂ ਵਿਚ ਹਰ ਖੇਤਰ ਵਿਚ ਕੰਪੀਟੀਸ਼ਨ ਦੀ ਅਜਿਹੀ ਦੌੜ ਵਿਚ ਮਨੁੱਖ ਜਾਤੀ ਨੂੰ ਪਾ ਦਿੱਤਾ ਹੈ ਕਿ ਮਨੁੱਖ ਰੋਟੀ, ਕੱਪੜਾ, ਮਕਾਨ ਦੀਆਂ ਬੁਨਿਆਦੀ ਲੋੜਾਂ ਦੇ ਨਾਲ-ਨਾਲ ਬਾਹਰੀ ਸੁੱਖ ਸਹੂਲਤਾਂ ਦੀ ਅਮੁੱਕ ਦੌੜ ਵਿਚ ਅਜਿਹਾ ਫਸਦਾ ਜਾ ਰਿਹਾ ਹੈ ਕਿ ਉਸ ਨੂੰ ਜਿਉਣਾ ਭੁੱਲ ਹੀ ਗਿਆ ਹੈ। ਸਰਮਾਏਦਾਰੀ ਨੇ ਮੀਡੀਆ ਅਤੇ ਮਨੋਰੰਜਨ ਦੇ ਅਜਿਹੇ ਸਾਧਨ ਬਣਾ ਲਏ ਹਨ ਕਿ ਮਨੁੱਖ ਕੁਝ ਰਿਲੈਕਸ ਹੋਣ ਲਈ ਉਥੇ ਬੈਠਦਾ ਹੈ ਤਾਂ ਅਜਿਹੇ ਢੰਗ ਨਾਲ ਬ੍ਰੇਨਵਾਸ਼ਿੰਗ ਕੀਤੀ ਜਾਂਦੀ ਹੈ ਕਿ ਮਨੁੱਖ ਜਾਤੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਵੇਂ ਸਰਮਾਏਦਾਰ ਤੇ ਲੁਟੇਰਾ ਹਾਕਮਾਂ ਦਾ ਗੱਠਜੜ ਉਨ੍ਹਾਂ ਦਾ ਸਭ ਕੁਝ ਲੁੱਟ ਕੇ ਲਈ ਜਾ ਰਿਹਾ ਹੈ।
ਵਿੱਦਿਆ ਦਾ ਕੰਪੀਟੀਸ਼ਨ ਆਧਾਰਿਤ ਸਿਸਟਮ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਮਨੁੱਖ ਸਰਮਾਏਦਾਰੀ ਲਈ ਮਸ਼ੀਨ ਬਣ ਕੇ ਨਿਕਲਦਾ ਹੈ, ਜਿਸ ਦਾ ਬੌਧਿਕ ਪੱਧਰ ਇੰਨਾ ਨੀਵਾਂ ਹੁੰਦਾ ਹੈ ਕਿ ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਲੋਕ ਵੀ ਇਸ ਮਨੁੱਖਤਾ ਵਿਰੋਧੀ ਨਿਜ਼ਾਮ ਨੂੰ ਸਮਝਣ ਤੋਂ ਅਸਮਰਥ ਹੁੰਦੇ ਹਨ। ਇਸ ਸਿਸਟਮ ਵਿਚ ਔਰਤ ਮਰਦ ਦੇ ਭੋਗਣ ਤੇ ਵੇਚਣਯੋਗ ਵਸਤੂ ਤੋਂ ਵੱਧ ਕੁਝ ਅਹਿਮੀਅਤ ਨਹੀਂ ਰੱਖਦੀ, ਭਾਵੇਂ ਉਸ ਨੂੰ ਭਰਮ ਪਾ ਦਿੱਤਾ ਗਿਆ ਹੈ ਕਿ ਉਹ ਆਜ਼ਾਦ ਤੇ ਆਤਮ ਨਿਰਭਰ ਹੈ, ਪਰ ਘਰੇਲੂ ਹਿੰਸਾ, ਨਸ਼ੇ, ਰੇਪ, ਤਲਾਕ ਆਦਿ ਦੇ ਅੰਕੜੇ ਉਸ ਦੀ ਅਸਲੀਅਤ ਸਪਸ਼ਟ ਦਿਖਾ ਰਹੇ ਹਨ। ਇੱਕ ਪਾਸੇ ਸਰਮਾਏਦਾਰ ਨਵੀਨ ਤਕਨਾਲੋਜੀ ਰਾਹੀਂ ਮਨੁੱਖ ‘ਤੇ ਨਿਰਭਰਤਾ ਘਟਾ ਕੇ ਆਮ ਲੋਕਾਂ ਉਤੇ ਘੱਟ ਤਨਖਾਹ ‘ਤੇ ਕੰਮ ਕਰਨ ਲਈ ਦਬਾਅ ਵਧਾ ਰਹੇ ਹਨ ਅਤੇ ਦੂਜੇ ਪਾਸੇ ਸਰਕਾਰਾਂ ਟੈਕਸ ਰੇਟ ਵਧਾਈ ਤੁਰੀਆਂ ਜਾ ਰਹੀਆਂ ਹਨ ਤੇ ਪਬਲਿਕ ਸੇਵਾਵਾਂ (ਸਿੱਖਿਆ, ਸਿਹਤ, ਟਰਾਂਸਪੋਰਟੇਸ਼ਨ, ਬੁਨਿਆਦੀ ਢਾਂਚਾ ਆਦਿ) ‘ਤੇ ਕੱਟ ਲਾਈ ਜਾ ਰਹੀਆਂ ਹਨ। ਇਸ ਕਾਰਨ ਇਨ੍ਹਾਂ ਵੱਡੇ ਸਰਮਾਏਦਾਰ ਦੇਸ਼ਾਂ ਵਿਚ ਵੀ ਲੋਕਾਂ ਦਾ ਜੀਣਾ ਔਖਾ ਹੋ ਰਿਹਾ ਹੈ। ਇਸੇ ਕਾਰਨ ਇੰਨੀ ਵੱਡੀ ਪੱਧਰ ‘ਤੇ ਮਾਨਸਿਕ ਅਤੇ ਸਰੀਰਕ ਰੋਗ ਵਧ ਰਹੇ ਹਨ, ਲੋਕ ਨਸ਼ਿਆਂ ਵੱਲ ਧੱਕੇ ਜਾ ਰਹੇ ਹਨ, ਜੁਰਮ ਦਿਨੋ ਦਿਨ ਵੱਧ ਰਿਹਾ ਹੈ, ਘਰੇਲੂ ਹਿੰਸਾ ਸਿਖਰਾਂ ਛੂਹ ਰਹੀ ਹੈ, ਕਾਮ ਭੜਕਾਊ ਮਨੋਰੰਜਨ (ਗੀਤ, ਫਿਲਮਾਂ, ਪੱਬ, ਕਲੱਬ, ਨਸ਼ੇ) ਨਾਲ ਮਨੁੱਖ ਵਹਿਸ਼ੀ ਬਣਦਾ ਜਾ ਰਿਹਾ ਹੈ, ਗੇਅ-ਲੈਸਬੀਅਨ ਦੀ ਵਧਦੀ ਗਿਣਤੀ ਸੈਕਸ ਤਵਾਜ਼ਨ ਦੇ ਵਿਗੜਨ ਦੀ ਨਿਸ਼ਾਨੀ ਹੈ। ਇਸੇ ਕਾਰਨ ਦੁਨੀਆਂ ਭਰ ਵਿਚ ਰੇਪ, ਹਿੰਸਾ ਸਮੇਤ ਔਰਤਾਂ ਤੇ ਜੁਰਮ ਦਿਨੋ-ਦਿਨ ਵਧ ਰਹੇ ਹਨ।
ਸੋਸ਼ਲ ਮੀਡੀਆ ਨੇ ਮਨੁੱਖ ਨੂੰ ਮਾਨਸਿਕ ਗੁਲਾਮੀ ਤੇ ਬੌਧਿਕ ਦਿਵਾਲੀਏਪਨ ਵੱਲ ਹੋਰ ਧੱਕਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਕੋਲ ਆਪਣੇ ਆਪ ਨਾਲ, ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਬੈਠਣ ਲਈ ਸਮਾਂ ਨਹੀਂ ਹੈ, ਕੁਝ ਚੰਗਾ ਪੜ੍ਹਨ-ਸੁਣਨ ਲਈ ਸਮਾਂ ਨਹੀਂ ਹੈ, ਜਿਸ ਨਾਲ ਸਮਾਜ ਵਿਕਾਸ ਦੀ ਥਾਂ ਨਿਘਾਰ ਵੱਲ ਜਾ ਰਿਹਾ ਹੈ। ਸਮਾਜ ਦੇ ਅਗਾਂਹਵਧੂ, ਸੂਝਵਾਨ ਬੁੱਧੀਜੀਵੀਆਂ, ਸਮਾਜਕ ਸਰੋਕਾਰਾਂ ਨੂੰ ਸਮਰਪਿਤ ਲੋਕਾਂ ਨੂੰ ਜਾਗਰੂਕ ਕਰਨ, ਇਸ ਲੁਟੇਰਾ ਨਿਜ਼ਾਮ ਨੂੰ ਸਮਝਣ-ਸਮਝਾਉਣ ਲਈ ਜ਼ੋਰਦਾਰ ਯਤਨ ਕਰਨ ਦੀ ਲੋੜ ਹੈ ਤਾਂ ਕਿ ਲੋਕ ਆਪਣੀ ਸਰੀਰਕ, ਮਾਨਸਿਕ ਲੁੱਟ ਪ੍ਰਤੀ ਸੁਚੇਤ ਹੋ ਕੇ ਕੁਝ ਕਰਨ ਲਈ ਤਿਆਰ ਹੋਣ।