ਪਹਿਲਵਾਨ ਦਾਰਾ ਸਿੰਘ ਦੀ ਆਤਮ ਕਥਾ

ਪ੍ਰਿੰ. ਸਰਵਣ ਸਿੰਘ
ਪਹਿਲਵਾਨ ਦਾਰਾ ਸਿੰਘ ਦੀ ਆਤਮ ਕਥਾ ਦਾ ਪੰਜਾਬੀ ਖੇਡ ਸਾਹਿਤ ਵਿਚ ਵਿਸ਼ੇਸ਼ ਮੁਕਾਮ ਹੈ। ਡੇਢ ਕੁ ਸਫੇ ਦੀ ਇਹ ਕਿਤਾਬ ਬੜੀ ਰੌਚਕ ਸ਼ੈਲੀ ਵਿਚ ਲਿਖੀ ਹੋਈ ਹੈ। ਦਾਰਾ ਫਰੀ ਸਟਾਈਲ ਕੁਸ਼ਤੀਆਂ ਦਾ ਰੁਸਤਮੇ ਹਿੰਦ, ਕਾਮਨਵੈੱਲਥ ਚੈਂਪੀਅਨ ਤੇ ਰੁਸਤਮੇ ਜ਼ਮਾਂ ਸੀ। ਫਿਲਮਾਂ ਵਿਚ ਕਦੇ ਉਹ ਸੈਮਸਨ, ਕਦੇ ਹਰਕੁਲੀਸ, ਜੱਗਾ ਡਾਕੂ, ਭੀਮ ਸੈਨ, ਧਿਆਨੂੰ ਭਗਤ, ਸੂਰਮਾ ਸਿੰਘ, ਸਰਪੰਚ, ਕਦੇ ਲੰਬੜ ਤੇ ਕਦੇ ਹਨੂੰਮਾਨ ਬਣਦਾ ਰਿਹਾ। ਉਸ ਨੇ 500 ਕੁਸ਼ਤੀਆਂ ਲੜੀਆਂ ਅਤੇ 144 ਫਿਲਮਾਂ ਵਿਚ ਕੰਮ ਕੀਤਾ। ਉਹ ਅਖਾੜਿਆਂ ਵਿਚ ਵੀ ਦਰਸ਼ਕਾਂ ਦੀਆਂ ਅੱਖਾਂ ਅੱਗੇ ਰਿਹਾ ਤੇ ਸਿਨੇਮਾਂ ਘਰਾਂ ਵਿਚ ਵੀ। 1947 ਵਿਚ ਸਿੰਘਾਪੁਰ ਜਾਣ ਤੋਂ ਲੈ ਕੇ 1983 ਤਕ ਉਹ ਕੁਸ਼ਤੀਆਂ ਲੜਦਾ ਤੇ 1952 ਤੋਂ 2007 ਤਕ ਫਿਲਮਾਂ ‘ਚ ਕੰਮ ਕਰਦਾ ਰਿਹਾ।

ਰਾਮਾਇਣ ਸੀਰੀਅਲ ਵਿਚ ਹਨੂੰਮਾਨ ਦਾ ਰੋਲ ਕਰਨ ਨਾਲ ਉਹਦੀਆਂ ਘਰ-ਘਰ ਗੱਲਾਂ ਹੋਈਆਂ। ਉਹ ਰਾਜ ਸਭਾ ਦਾ ਮੈਂਬਰ ਅਤੇ ਭਾਰਤੀ ਜੱਟ ਸਮਾਜ ਦਾ ਪ੍ਰਧਾਨ ਰਿਹਾ। ਜੰਮਣ ਵੇਲੇ ਉਹ ਕੱਖਪਤੀ ਸੀ, ਮਰਨ ਵੇਲੇ ਕਰੋੜਪਤੀ। ਕਰੋੜਾਂ ਲੋਕਾਂ ਨੇ ਉਹਦੀ ਮੌਤ ਦਾ ਸੋਗ ਮਨਾਇਆ।
ਕਿਹਾ ਜਾਂਦੈ ਕਿ ਪਹਿਲਵਾਨਾਂ ਦਾ ਬੁਢਾਪਾ ਹੱਡਾਂ, ਗੋਡਿਆਂ ਦੀ ਪੀੜ ਨਾਲ ਔਖਾ ਬੀਤਦੈ। ਪਟਿਆਲੇ ਦੇ ਪ੍ਰਸਿੱਧ ਪਹਿਲਵਾਨ ਗਾਮੇ ਦਾ ਬੁਢਾਪਾ ਲਾਹੌਰ ਵਿਚ ਬੜਾ ਔਖਾ ਬੀਤਿਆ ਸੀ। ਮੰਜੇ ‘ਤੇ ਪਿਆ ਹੱਡੀਆਂ ਦੀ ਮੁੱਠ ਰਹਿ ਗਿਆ ਸੀ। ਦਾਰਾ ਦੁਲਚੀਪੁਰੀਆ ਵੀ ਸੌਖਾ ਨਹੀਂ ਸੀ ਮਰਿਆ। ਕਹਿੰਦੇ ਕਹਾਉਂਦਿਆਂ ਨੂੰ ਚਿੱਤ ਕਰਨ ਵਾਲੇ ਕਈ ਗਾਮਿਆਂ ਮਾਝਿਆਂ ਤੋਂ ਅਖੀਰਲੇ ਵਰ੍ਹਿਆਂ ਵਿਚ ਮੂੰਹ ਤੋਂ ਮੱਖੀ ਨਹੀਂ ਸੀ ਉਡਦੀ। ਉਮਰ ਦੇ ਅਖੀਰਲੇ ਸਮੇਂ ਪਹਿਲਵਾਨ ਦਾਰਾ ਸਿੰਘ ਨੂੰ ਵੀ ਤੁਰਨ ਫਿਰਨ ਲਈ ਵਾਕਰ ਦੀ ਲੋੜ ਪੈ ਗਈ ਸੀ ਤੇ ਫੋਨ ਕਰਨ ਜਾਂ ਸੁਣਨ ਲਈ ਹੱਥ ਵੀ ਮਸੀਂ ਚੁੱਕਿਆ ਜਾਂਦਾ ਸੀ। ਇਹ ਉਹੋ ਹੱਥ ਸਨ, ਜਿਨ੍ਹਾਂ ਨੇ ਕਿੰਗਕਾਂਗ ਵਰਗੇ ਭਾਰੇ ਭਲਵਾਨਾਂ ਨੂੰ ਸਿਰ ਉਪਰੋਂ ਘੁਮਾ ਕੇ ਸੁੱਟਿਆ ਸੀ। ਇਹ ਉਹਦਾ ਖਾਸ ਦਾਅ ਸੀ, ਜਿਸ ਨਾਲ ਉਸ ਨੇ ਅਨੇਕਾਂ ਕੁਸ਼ਤੀਆਂ ਜਿੱਤੀਆਂ। ਉਸ ਦੀ ਜੀਵਨ ਕਹਾਣੀ ਦਸਦੀ ਹੈ ਕਿ ਕਿਵੇਂ ਇਕ ਆਮ ਕਿਸਾਨ ਪਰਿਵਾਰ ਦਾ ਇਕ ਆਮ ਜਿਹਾ ਬੱਚਾ ਤੰਗੀ ਤੁਰਸ਼ੀ ਦੀਆਂ ਹਾਲਤਾਂ ‘ਚੋਂ ਲੰਘਦਿਆਂ ਮਿਹਨਤ ਕਰ ਕੇ ਦੁਨੀਆਂ ਵਿਚ ਆਪਣਾ ਨਾਂ ਚਮਕਾ ਗਿਆ।
1990 ਵਿਚ ਛਪੀ ਉਹਦੀ ਆਤਮ ਕਥਾ ਵਿਚ ਉਸ ਨੇ ਆਪਣੀਆਂ ਪ੍ਰਾਪਤੀਆਂ ਵੀ ਦੱਸੀਆਂ ਅਤੇ ਕਮਜ਼ੋਰੀਆਂ ਵੀ। ਇਥੋਂ ਤਕ ਕਿ ਆਪਣੇ ਵਿਆਹ ਵੇਲੇ ਬਿਸਤਰੇ ਵਿਚ ਪਿਸ਼ਾਬ ਨਿਕਲ ਜਾਣ ਤਕ ਦਾ ਹਾਲ ਵੀ ਬਿਆਨ ਕਰ ਦਿੱਤਾ ਅਤੇ ਚੋਰੀ ਚਕਾਰੀ ਨਸ਼ਰ ਕਰਨੋਂ ਵੀ ਗੁਰੇਜ਼ ਨਹੀਂ ਕੀਤਾ। ਆਓ, ਪਹਿਲਾਂ ਦਾਰੇ ਦਾ ਸੁੱਤੇ ਪਿਆਂ ਪਿਸ਼ਾਬ ਨਿਕਲ ਜਾਣ ਦਾ ਕਿੱਸਾ ਪੜ੍ਹੀਏ। ਇਸ ਨਾਲ ਉਹਦੇ ਬਚਪਨ ਵਿਚ ਹੋਏ ਪਹਿਲੇ ਵਿਆਹ ਦਾ ਪਤਾ ਵੀ ਲੱਗ ਜਾਵੇਗਾ:
ਉਨ੍ਹੀਂ ਦਿਨੀਂ ਕਿਸਾਨਾਂ ਦੇ ਬੱਚਿਆਂ ਬਾਰੇ ਕਿਹਾ ਜਾਂਦਾ ਸੀ ਕਿ ਛੋਟੀ ਉਮਰ ਵਿਚ ਈ ਮੰਗੇ ਜਾਣ ਤਾਂ ਮੰਗੇ ਜਾਣ, ਨਹੀਂ ਤਾਂ ਵੱਡੇ ਹੋਏ ਵਿਆਹੇ ਨਹੀਂ ਸੀ ਜਾਂਦੇ ਤੇ ਛੜੇ ਰਹਿ ਜਾਂਦੇ ਸਨ। ਮੇਰਾ ਮੰਗਣਾ ਵੀ ਬਹੁਤ ਛੋਟੀ ਉਮਰ ਵਿਚ ਕਰ ਦਿੱਤਾ ਗਿਆ। ਮਾਂ ਕਹਿਣ ਲੱਗੀ, “ਪੁੱਤ, ਕੱਲ੍ਹ ਤੇਰਾ ਛੁਹਾਰਾ ਪੈਣਾ ਹੈ, ਕੁੜੀ ਵਾਲੇ ਸਵੇਰੇ ਆਉਣਗੇ ਤੇ ਦੁਪਹਿਰ ਪਿਛੋਂ ਛੁਹਾਰਾ ਪੈ ਜਾਵੇਗਾ। ਤੂੰ ਨ੍ਹਾ ਧੋ ਕੇ ਸੋਹਣੀ ਪੱਗ ਬੰਨ੍ਹੀਂ।”
ਦਾਰਾ ਸਿੰਘ ਲਿਖਦਾ ਹੈ, “ਮੈਨੂੰ ਸਜਾਇਆ ਗਿਆ, ਨਵੀਂ ਪੱਗ ਬੰਨ੍ਹੀ ਗਈ, ਪਰ ਮੈਨੂੰ ਸੰਗ ਜਿਹੀ ਲੱਗੀ ਜਾਂਦੀ ਸੀ ਕਿ ਛੁਹਾਰਾ ਪਤਾ ਨਹੀਂ ਕਿਸ ਤਰ੍ਹਾਂ ਪੈਣਾ ਹੈ? ਮੇਰੇ ਹੋਣ ਵਾਲੇ ਸਹੁਰੇ ਨੇ ਅਵਾਜ਼ ਮਾਰੀ, ‘ਆ ਕਾਕਾ ਮੇਰੇ ਕੋਲ ਆ ਜਾ।’ ਪਰ ਮੈਂ ਓਪਰੇ ਆਦਮੀ ਕੋਲ ਜਾਣ ਤੋਂ ਝਿਜਕਾਂ। ਫਿਰ ਬਾਪੂ ਨੇ ਕਿਹਾ, ‘ਆ ਸਾਡੇ ਕੋਲ ਬੈਠ।’ ਮੈਂ ਚੁੱਪ ਚਾਪ ਉਨ੍ਹਾਂ ਕੋਲ ਜਾ ਬੈਠਾ। ਮੇਰੇ ਸਹੁਰੇ ਨਾਲ ਆਏ ਬੰਦੇ ਨੇ ਮੈਥੋਂ ਕੁਝ ਪੁੱਛਿਆ ਤਾਂ ਮੈਂ ਕੋਈ ਜਵਾਬ ਨਾ ਦਿੱਤਾ। ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਮੁੰਡਾ ਕਿਧਰੇ ਗੁੰਗਾ ਤਾਂ ਨਹੀਂ! ਫਿਰ ਮਾਂ ਨੇ ਕਿਹਾ, ‘ਪੁੱਤ ਤੂੰ ਮੇਲੇ ਕਦੋਂ ਜਾਣਾ?’ ਮੈਂ ਝੱਟ ਬੋਲ ਪਿਆ, ‘ਮੈਨੂੰ ਪੈਸੇ ਦਿਓ, ਮੈਂ ਹੁਣੇ ਜਾਵਾਂ।’ ਸਾਰੇ ਖਿੜਖਿੜਾ ਕੇ ਹੱਸ ਪਏ, ਪਈ ਇਹ ਗੁੰਗਾ ਕਿਥੇ!
“ਮੇਰੇ ਸਹੁਰੇ ਨੇ ਚਾਂਦੀ ਦਾ ਇਕ ਰੁਪਿਆ ਮੇਰੇ ਹੱਥ ‘ਤੇ ਰੱਖਿਆ, ਮੇਰੇ ਮੂੰਹ ਵਿਚ ਛੁਹਾਰਾ ਪਾਇਆ ਤੇ ਬਾਕੀ ਰਸਮ ਉਨ੍ਹਾਂ ਲੋਕਾਂ ਬਾਅਦ ਵਿਚ ਪੂਰੀ ਕੀਤੀ ਹੋਣੀ ਹੈ। ਮੈਂ ਤਾਂ ਝੱਟ ਮਾਂ ਕੋਲ ਗਿਆ, ਚਾਰ ਆਨੇ ਜਿਹੜੇ ਮੇਲੇ ਜਾਣ ਲਈ ਲੈਣੇ ਸਨ ਲਏ ਤੇ ਦੌੜਿਆ ਬਾਹਰ ਨੂੰ। ਮਾਂ ਨੇ ਹਦਾਇਤ ਕੀਤੀ, ਇਹ ਸ਼ਗਨ ਦਾ ਰੁਪਿਆ ਕਿਤੇ ਗਵਾ ਨਾ ਆਵੀਂ। ਮੈਂ ਰੁਪਿਆ ਘੁੱਟ ਕੇ ਪੱਗ ਦੇ ਲੜ ਨਾਲ ਬੰਨ੍ਹ ਲਿਆ ਤੇ ਚਾਰ ਆਨੇ ਖੀਸੇ ਪਾ ਲਏ। ਮਚਿਆਣੇ ਪਹੁੰਚੇ ਤਾਂ ਪਿਛਲੇ ਸਾਲ ਨਾਲੋਂ ਮੇਲਾ ਵਧੇਰੇ ਚੰਗਾ ਲੱਗ ਰਿਹਾ ਸੀ। ਸ਼ਾਇਦ ਮੇਰੇ ਮਨ ‘ਤੇ ਮੇਰੀ ਮੰਗਣੀ ਦੀ ਖੁਸ਼ੀ ਦਾ ਅਸਰ ਸੀ। ਚਾਰ ਆਨੇ ਮੇਰੇ ਤੇ ਚਾਰ ਆਨੇ ਸੇਵੇ ਦੇ, ਅਸੀਂ ਜਲੇਬੀਆਂ ਤੇ ਫਿਰ ਪਕੌੜੇ ਖਾਧੇ, ਖੇਡਣ ਲਈ ਭੰਬੀਰੀਆਂ ਤੇ ਭੁਕਾਨੇ ਲਏ ਤੇ ਜਦੋਂ ਸਾਡੇ ਚਾਰ-ਚਾਰ ਆਨੇ ਮੁੱਕ ਗਏ ਤਾਂ ਸਾਡੇ ਭਾਅ ਦਾ ਮੇਲਾ ਵੀ ਮੁੱਕ ਗਿਆ।
“ਸੇਵੇ ਨੂੰ ਪਤਾ ਸੀ ਕਿ ਮੇਰੀ ਪੱਗ ਦੇ ਪੱਲੇ ਰੁਪਿਆ ਬੱਝਾ ਹੈ। ਕਹਿਣ ਲੱਗਾ, ‘ਇਹ ਰੁਪਿਆ ਤੁੜਾ ਲਈਏ।’ ਮੈਂ ਕਿਹਾ, ‘ਭਈ ਇਹ ਤਾਂ ਛੁਹਾਰੇ ਦਾ ਰੁਪਿਆ ਹੈ, ਇਹ ਨਹੀਂ ਤੁੜਾਉਣਾ।’ ਉਹ ਕਹਿਣ ਲੱਗਾ, ‘ਜਦੋਂ ਮੇਰਾ ਛੁਹਾਰਾ ਪਵੇਗਾ, ਮੈਂ ਤੈਨੂੰ ਰੁਪਿਆ ਦੇ ਦੇਵਾਂਗਾ।’ ਮੈਂ ਕਿਹਾ, ‘ਤੇਰਾ ਛੁਹਾਰਾ ਕਦੋਂ ਪਵੇਗਾ?’ ਉਸ ਵਿਚਾਰੇ ਨੂੰ ਪਤਾ ਹੀ ਨਹੀਂ ਸੀ ਕਿ ਉਸ ਦਾ ਛੁਹਾਰਾ ਕਦੋਂ ਪਵੇਗਾ, ਪਵੇਗਾ ਜਾਂ ਨਹੀਂ, ਕਿਉਂਕਿ ਉਸ ਜ਼ਮਾਨੇ ਵਿਚ ਕੁੜੀਆਂ ਦੀ ਬੜੀ ਥੋੜ੍ਹ ਹੁੰਦੀ ਸੀ। ਆਏ ਦਿਨ ਪਿੰਡ ਵਿਚ ਚਰਚਾ ਹੁੰਦੀ ਸੀ, ਫਲਾਣੇ ਨੇ ਕੁੜੀ ਜੰਮਦਿਆਂ ਮਾਰ ਦਿੱਤੀ ਤੇ ਨਾਂ ਲਾ ਦਿੱਤਾ ਕਿ ਮਰੀ ਜੰਮੀ ਹੈ!”
ਦਾਰੇ ਨੂੰ ਛੁਹਾਰਾ ਤਾਂ ਪੈ ਗਿਆ, ਪਰ ਮੰਗਣੀ ਪੱਕੀ ਨਾ ਰਹੀ। ਰਿਸ਼ਤਾ ਨਾਨਕਿਆਂ ਨੇ ਕਰਾਇਆ ਸੀ, ਜਿਨ੍ਹਾਂ ਦੀ ਬੜੀ ਬਦਨਾਮੀ ਹੋਣ ਲੱਗੀ। ਉਨ੍ਹਾਂ ਨੇ ਬਦਨਾਮੀ ਤੋਂ ਬਚਦਿਆਂ ਦਾਰੇ ਦਾ ਰਿਸ਼ਤਾ ਕਿਸੇ ਹੋਰ ਲੜਕੀ ਨਾਲ ਕਰਵਾ ਦਿੱਤਾ। ਕਾਹਲੀ ਵਿਚ ਇਹ ਵੀ ਨਾ ਵੇਖਿਆ ਕਿ ਮੁੰਡਾ ਅੱਠ-ਨੌਂ ਸਾਲਾਂ ਦਾ ਹੀ ਹੈ ਤੇ ਕੁੜੀ ਪੰਦਰਾਂ-ਸੌਲਾਂ ਸਾਲਾਂ ਦੀ। ਕਿੱਸਾ ਅੱਗੇ ਸੁਣੋ:
1937 ਵਿਚ ਬਾਪੂ ਜੀ ਸਿੰਘਾਪੁਰੋਂ ਮੁੜੇ ਤਾਂ 1938 ਵਿਚ ਮੇਰੇ ਚਾਚੇ ਮੱਖਣ ਸਿੰਘ, ਵੱਸਣ ਸਿੰਘ ਤੇ ਨਿਰੰਜਨ ਸਿੰਘ ਵੀ ਉਹਦੇ ਨਾਲ ਸਿੰਘਾਪੁਰ ਜਾਣ ਲਈ ਤਿਆਰ ਹੋ ਗਏ। ਮਾਮਾ ਰੂੜ ਸਿੰਘ ਇਕ ਦਿਨ ਪਿੰਡ ਆਇਆ ਤੇ ਕਹਿਣ ਲੱਗਾ, ਤੁਸੀਂ ਸਿੰਘਾਪੁਰੋਂ ਪਤਾ ਨਹੀਂ ਕਿੰਨੇ ਚਿਰ ਬਾਅਦ ਵਾਪਸ ਆਉਣਾ ਹੈ, ਇਸ ਤਰ੍ਹਾਂ ਕਰਦੇ ਹਾਂ ਕਿ ਦਾਰੀ ਦਾ ਵਿਆਹ ਕਰ ਦੇਈਏ। ਸਾਰਿਆਂ ਨੂੰ ਇਹ ਗੱਲ ਮਜ਼ਾਕ ਲੱਗੀ। ਬਾਪੂ ਜੀ ਕਹਿਣ ਲੱਗੇ, ਮੁੰਡੇ ਦਾ ਤਾਂ ਹਾਲੇ ਵੀ ਮੰਜੇ ‘ਤੇ ਹੀ ਮੂਤ ਨਿਕਲ ਜਾਂਦਾ ਹੈ, ਇਸ ਦਾ ਵਿਆਹ ਕਰ ਕੇ ਕੀ ਕਰਾਂਗੇ?
ਇਹ ਗੱਲ ਹੈ ਵੀ ਸੱਚੀ ਸੀ। ਮੈਂ ਰਾਤ ਨੂੰ ਸੁੱਤਾ ਪਿਆ ਬਿਸਤਰਾ ਗਿੱਲਾ ਕਰ ਦਿੰਦਾ ਸੀ। ਇਹ ਪਤਾ ਨਹੀਂ ਦੁੱਧ ਵਗੈਰਾ ਜ਼ਿਆਦਾ ਪੀਣ ਕਰ ਕੇ ਸੀ ਜਾਂ ਕੋਈ ਹੋਰ ਗੱਲ ਸੀ। ਮੂਤਰ ਤਾਂ ਮੇਰਾ ਹਜ਼ਾਰ ਕੋਸ਼ਿਸ਼ ਕਰਨ ‘ਤੇ ਵੀ ਨਹੀਂ ਸੀ ਰੁਕਦਾ। ਜਦੋਂ ਬਿਸਤਰਾ ਗਿੱਲਾ ਹੋ ਜਾਂਦਾ, ਉਦੋਂ ਹੀ ਪਤਾ ਲੱਗਦਾ ਸੀ। ਸਵੇਰੇ ਸ਼ਰਮ ਵੀ ਬੜੀ ਆਉਂਦੀ ਸੀ। ਪਹਿਲਾਂ ਤਾਂ ਨਿੱਤਨੇਮ ਹੀ ਹੁੰਦਾ ਹੋਣਾ, ਜੋ ਬੱਚਿਆਂ ਨੂੰ ਮਾਫ ਹੁੰਦਾ ਹੈ, ਪਰ ਮੇਰਾ ਤਾਂ ਦਸ ਸਾਲ ਦਾ ਹੋ ਕੇ ਵੀ ਮਹੀਨੇ ‘ਚ ਇਕ ਦੋ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਜਾਂਦਾ ਸੀ। ਹਾਸੇ ਹਾਸੇ ਵਿਚ ਇਹ ਗੱਲ ਮਾਮੇ ਨੂੰ ਵੀ ਦੱਸੀ ਗਈ, ਪਰ ਮਾਮੇ ਦੇ ਜ਼ੋਰ ਪਾਉਣ ‘ਤੇ ਇਕ ਦੋ ਮਹੀਨੇ ਦੇ ਰੌਲੇ ਰੱਪੇ ਪਿਛੋਂ ਮੇਰੇ ਵਿਆਹ ਦੀ ਤਰੀਕ ਪੱਕੀ ਹੋ ਗਈ।
ਘੋੜੀਆਂ ‘ਤੇ ਬੜੀ ਧੂਮ ਧਾਮ ਨਾਲ ਜੰਜ ਚੜ੍ਹੀ। ਮੈਥੋਂ ਘੋੜੀ ਮਸੀਂ ਸੰਭਾਲੀ ਜਾ ਰਹੀ ਸੀ, ਉਮਰ ਨਿਆਣੀ ਜੁ ਹੋਈ। ਰਾਤ ਨੂੰ ਜੰਜ ਰੋਟੀ ਖਾਣ ਲੱਗੀ ਤਾਂ ਕੋਠੇ ‘ਤੇ ਗੀਤ ਗਾਉਂਦੀਆਂ ਔਰਤਾਂ ਨੇ ਸਿੱਠਣੀਆਂ ਦਿੰਦਿਆਂ ਕਿਹਾ, ‘ਹੈਂ! ਨੀ ਮੁੰਡਾ ਤਾਂ ਉਮਰੋਂ ਬਹੁਤ ਈ ਛੋਟਾ ਐ।’ ਰੋਟੀ ਤੋਂ ਵਿਹਲੇ ਹੋ ਕੇ ਜੰਜ ਨੇ ਹਵੇਲੀ ਵਿਚ ਫਿਰ ਆ ਡੇਰੇ ਲਾਏ। ਮੈਂ ਤਾਂ ਸੌਂ ਹੀ ਗਿਆ ਸੀ, ਮੇਰੀ ਭੂਆ ਦੇ ਪੁੱਤ ਬਚਿੱਤਰ ਨੇ ਆ ਜਗਾਇਆ। ਵਰਤਾਵੇ ਦੁੱਧ ਦੀਆਂ ਵਲਟੋਹੀਆਂ ਭਰੀ, ਸਾਰਿਆਂ ਨੂੰ ਦੁੱਧ ਪਿਆ ਰਹੇ ਸਨ। ਮਾਂ ਦੀ ਹਦਾਇਤ ਸੀ ਕਿ ਰਾਤ ਨੂੰ ਦੁੱਧ ਨਾ ਪੀਵਾਂ। ਇਹੋ ਮੇਰਾ ਇਲਾਜ ਸੀ। ਮੂਤਰ ਨਿਕਲਣ ਦੇ ਡਰੋਂ ਮੈਂ ਕਿਹਾ, ਮੈਂ ਦੁੱਧ ਨਹੀਂ ਪੀਣਾ। ਮੇਰੇ ਸਹੁਰੇ ਜ਼ੋਰ ਪਾਉਣ ਕਿ ਪ੍ਰਾਹੁਣੇ ਨੂੰ ਦੁੱਧ ਜ਼ਰੂਰ ਪਿਆਉਣਾ। ਮੇਰੇ ਸਾਥੀਆਂ ਨੇ ਵੀ ਦੁੱਧ ਪਿਆਉਣ ਵਾਲਿਆਂ ਦਾ ਹੀ ਸਾਥ ਦਿੱਤਾ। ਕਹੀ ਜਾਣ, ‘ਪੀ ਲੈ, ਪੀ ਲੈ, ਕਿਤੇ ਨੀ ਕੁਝ ਹੁੰਦਾ।’ ਇਹ ‘ਕੁਝ ਨੀ ਹੁੰਦਾ’ ਤੋਂ ਦੁੱਧ ਪਿਆਉਣ ਵਾਲਿਆਂ ਨੂੰ ਵੀ ਹੈਰਾਨੀ ਹੋਈ, ਪਰ ਵਿਚਲੀ ਗੱਲ ਦੀ ਸਮਝ ਨਾ ਆਈ। ਬਚਿੱਤਰ ਨੇ ਦੁੱਧ ਦਾ ਭਰਿਆ ਕੰਗਣੀ ਵਾਲਾ ਗਲਾਸ ਮੇਰੇ ਮੂੰਹ ਨੂੰ ਲਾ ਦਿੱਤਾ ਤੇ ਮੈਂ ਸੁਆਦ ਸੁਆਦ ਵਿਚ ਪੀ ਗਿਆ। ਮਾਂ ਨੇ ਤਾਕੀਦ ਕੀਤੀ ਸੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰ ਲੈਣਾ। ਸੋ ਦੁੱਧ ਪੀਣ ਪਿਛੋਂ ਮਾਂ ਦੀ ਗੱਲ ਯਾਦ ਆ ਗਈ। ਜੇ ਕਿਧਰੇ ਅੱਜ ਬਿਸਤਰਾ ਗਿੱਲਾ ਹੋ ਗਿਆ ਤਾਂ ਨਮੋਸ਼ੀ ਹੱਦੋਂ ਵੱਧ ਹੋਵੇਗੀ, ਪਈ ਪ੍ਰਾਹੁਣੇ ਦਾ ਵਿਚੇ ਮੂਤ ਨਿਕਲ ਗਿਆ! ਘਰ ਦੀ ਗੱਲ ਤਾਂ ਘਰੇ ਸੀ, ਸਹੁਰੀਂ ਗਿਆਂ ਇਹ ਗੁੱਲ ਖਿੜ ਗਿਆ ਤਾਂ ਕੀ ਮੂੰਹ ਦਿਖਾਵਾਂਗਾ?
ਦੁੱਧ ਮੈਂ ਪੀ ਬੈਠਾ ਸਾਂ ਤੇ ਉਹ ਵੀ ਭਰਿਆ ਹੋਇਆ ਗਲਾਸ। ਹੁਣ ਇਹਨੂੰ ਕੱਢਾਂ ਕਿਵੇਂ? ਮੈਂ ਉਠਿਆ, ਬਚਿੱਤਰ ਨੂੰ ਨਾਲ ਲਿਆ ਤੇ ਬਾਹਰ ਜਾ ਕੇ ਪੂਰਾ ਜ਼ੋਰ ਲਾ ਕੇ ਪਿਸ਼ਾਬ ਕੀਤਾ। ਏਨੀ ਛੇਤੀ ਦੁੱਧ ਨੇ ਬਾਹਰ ਥੋੜ੍ਹੋ ਨਿਕਲ ਜਾਣਾ ਸੀ? ਖੈਰ ਮੈਂ ਸੌਂ ਗਿਆ, ਪਈ ਦੇਖੀ ਜਾਊ ਜੋ ਹੋਊ। ਉਹੀ ਹੋਇਆ ਜੀਹਦਾ ਡਰ ਸੀ। ਸੁੱਤੇ ਪਿਆਂ ਈ ਚੰਨ ਚੜ੍ਹ ਗਿਆ! ਮੂੰਹ ਹਨੇਰੇ ਮੈਂ ਬਚਿੱਤਰ ਨੂੰ ਜਗਾਇਆ ਤੇ ਕਿਹਾ, ਤੁਸੀਂ ਤਾਂ ਕਹਿੰਦੇ ਸੀ ਪਈ ਪੀ ਲੈ, ਪੀ ਲੈ, ਕੁਝ ਨੀ ਹੁੰਦਾ। ਲੈ ਹੋ ਗਿਆ ਉਹੀ ਕੁਝ। ਜ਼ਿਆਦਾ ਤਾਂ ਨਹੀਂ, ਤਲਾਈ ਦਾ ਥੋੜ੍ਹਾ ਜਿਹਾ ਹਿੱਸਾ ਹੀ ਗਿੱਲਾ ਹੋਇਆ ਸੀ। ਬਚਿੱਤਰ ਬੜਾ ਸਿਆਣਾ ਮੁੰਡਾ ਸੀ, ਕਹਿਣ ਲੱਗਾ, ਦੜ ਵੱਟ ਕੇ ਪਿਆ ਰਹੁ। ਸਵੇਰੇ ਮੈਂ ਕੋਈ ਬੰਦੋਬਸਤ ਕਰ ਦਿਆਂਗਾ। ਵਾਕਿਆ ਈ ਉਹਨੇ ਲਾੜੇ ਦੀ ਇੱਜਤ ਬਚਾ ਲਈ। ਜਾਂਜੀ ਜਦੋਂ ਸਵੇਰੇ ਉੱਠ ਕੇ ਜੰਗਲ ਪਾਣੀ ਗਏ, ਉਸ ਨੇ ਮੇਰੀ ਤਲਾਈ ਇਕ ਦੂਜੇ ਜਾਂਜੀ ਨਾਲ, ਜਿਸ ਨਾਲ ਇਕ ਬੱਚਾ ਵੀ ਸੀ, ਬਦਲ ਦਿੱਤੀ ਤੇ ਇਸ ਭੇਦ ਦਾ ਅੱਜ ਤਕ ਕਿਸੇ ਨੂੰ ਪਤਾ ਨਹੀਂ ਲੱਗਾ।
ਉਦੋਂ ਤਾਂ ਭੇਦ ਦਾ ਪਤਾ ਲੱਗਣੋਂ ਬਚਿੱਤਰ ਨੇ ਬਚਾ ਲਿਆ ਸੀ, ਪਰ ਦਾਰੇ ਤੋਂ ਇਹ ਭੇਦ ਆਪਣੀ ਆਤਮ ਕਥਾ ਵਿਚ ਖੁੱਲ੍ਹ ਗਿਆ, ਜਿਸ ਨਾਲ ਜੱਗ ਜਹਾਨ ਨੂੰ ਪਤਾ ਲੱਗ ਗਿਆ ਕਿ ਵੱਡੇ ਭਲਵਾਨ ਦਾ ਮੰਜੇ ‘ਤੇ ਹੀ ਮੂਤ ਨਿਕਲ ਜਾਂਦਾ ਸੀ!
ਇਸੇ ਤਰ੍ਹਾਂ ਦੀ ਇਕ ਹੋਰ ਗੱਲ ਸੁਣੋ: ਇਹ ਕਿੱਸਾ ਹੈ ਇੰਡੋਨੇਸ਼ੀਆ ਤੋਂ ਵਾਪਸੀ ਦਾ। ਪਾਣੀ ਵਾਲੇ ਜਹਾਜ ਵਿਚ ਅਸੀਂ ਫਸਟ ਕਲਾਸ ਵਿਚ ਸਫਰ ਕਰ ਰਹੇ ਸੀ। ਫਸਟ ਕਲਾਸ ਦੇ ਠਾਠ ਕੁਝ ਅਲੱਗ ਹੀ ਸਨ। ਹਾਲ ਵਿਚ ਬੈਠਿਆਂ ਮੈਨੂੰ ਬਾਥਰੂਮ ਜਾਣ ਦੀ ਲੋੜ ਮਹਿਸੂਸ ਹੋਈ। ਮੈਂ ਪੁੱਛ ਕੇ ਇਕ ਕਮਰੇ ਵਿਚ ਵੜ ਗਿਆ। ਹੱਥ ਧੋਣ ਦਾ ਪ੍ਰਬੰਧ ਸੀ ਤੇ ਇੰਗਲਿਸ਼ ਪੌਟੀ ਲਾਈ ਹੋਈ ਸੀ, ਜੋ ਮੈਂ ਪਹਿਲਾਂ ਕਦੇ ਨਹੀਂ ਸੀ ਵੇਖੀ। ਮੈਂ ਉਂਜ ਹੀ ਵਾਪਸ ਆ ਗਿਆ ਤਾਂ ਗੁਰੂ ਜੀ ਨੇ ਫਿਰ ਦੱਸਿਆ, ‘ਉਹੀ ਜਗ੍ਹਾ ਹੈ ਜੰਗਲ ਜਾਣ ਵਾਲੀ।’ ਮੈਂ ਕਿਹਾ, ‘ਉਥੇ ਤਾਂ ਬੈਠਣ ਵਾਲੀ ਥਾਂ ਹੈ ਹੀ ਨਹੀਂ।’ ਗੁਰੂ ਜੀ ਨੂੰ ਮਜ਼ਾਕ ਕਰਨ ਦੀ ਆਦਤ ਸੀ। ਕਹਿਣ ਲੱਗੇ, ‘ਜਾਹ, ਇਕ ਵਾਰ ਹੋਰ ਚੰਗੀ ਤਰ੍ਹਾਂ ਵੇਖ।’ ਮੈਂ ਗਿਆ ਤੇ ਵੇਖ ਕੇ ਫਿਰ ਵਾਪਸ ਆ ਗਿਆ। ਗੁਰੂ ਜੀ ਨੇ ਕਿਹਾ, ‘ਮੈਂ ਮਲਵਈਆਂ ਨੂੰ ਕਹਿੰਦਾ ਹੁੰਦਾ ਸੀ, ਅੱਜ ਤੂੰ ਵੀ ਉਹੀ ਗੱਲ ਕੀਤੀ।’ ਮੈਂ ਕਿਹਾ, ‘ਕਿਹੜੀ?’ ਕਹਿਣ ਲੱਗੇ, ‘ਇਹੀ ਕਿ ਇਨ੍ਹਾਂ ਧੂਤਿਆਂ ਨੇ ਕਿਹੜਾ ਜੱਗ ਵੇਖਿਆ, ਰੂੜੀਆਂ ਪਿਛਵਾੜੇ ਹੱਗ ਵੇਖਿਆ।’
ਮੈਂ ਕਿਹਾ, ਤੁਹਾਨੂੰ ਮਜ਼ਾਕ ਸੁੱਝ ਰਹੇ ਨੇ ਤੇ ਮੇਰੀ ਹਾਲਤ ਖਰਾਬ ਹੋ ਰਹੀ ਹੈ। ਤਾਂ ਗੁਰੂ ਜੀ ਮੇਰੇ ਨਾਲ ਗਏ ਤੇ ਜਾ ਕੇ ਸਮਝਾਇਆ ਕਿ ਇਹ ਹੈ ਟੱਟੀ ਫਿਰਨ ਵਾਲੀ ਥਾਂ। ਮੈਂ ਕਿਹਾ, ‘ਇਹ ਤਾਂ ਪਾਣੀ ਦੀ ਖੁਰਲੀ ਜਿਹੀ ਹੈ, ਇਥੇ ਬਹਿਣਾ ਕਿਸ ਤਰ੍ਹਾਂ ਹੈ?’ ਕਹਿਣ ਲੱਗੇ, ‘ਜਿਸ ਤਰ੍ਹਾਂ ਕੁਰਸੀ ‘ਤੇ ਬਹੀਦਾ ਹੈ।’ ਗੱਲ ਬੜੀ ਅਜੀਬ ਲੱਗੀ, ਪਰ ਮਰਦਾ ਕੀ ਨਹੀਂ ਕਰਦਾ। ਅੱਜ ਮੇਰੇ ਬੱਚੇ ਬੰਬਈ ਨਿਵਾਸੀ ਹਨ। ਪਿੰਡ ਜਾਣ ਤੋਂ ਇਸ ਲਈ ਕਤਰਾਉਂਦੇ ਹਨ ਕਿ ਉਥੇ ਟੱਟਿ-ਪਾਣੀ ਜਾਣ ਦਾ ਪ੍ਰਬੰਧ ਬੜਾ ਅਜੀਬ ਹੈ!
…ਬਚਪਨ ਦਾ ਵਿਆਹ ਕਰ ਕੇ ਦਾਰੇ ਦਾ ਬਾਪ ਤੇ ਚਾਚੇ ਸਿੰਘਾਪੁਰ ਚਲੇ ਗਏ। ਸਾਲ ਕੁ ਪਿਛੋਂ ਬਾਪ ਵਾਪਸ ਮੁੜਿਆ ਤਾਂ ਕੁੜੀ ਵਾਲਿਆਂ ਦੇ ਕਹਿਣ ‘ਤੇ ਮਾਮਾ ਜ਼ੋਰ ਪਾਉਣ ਲੱਗਾ, ਪਈ ਮੁਕਲਾਵਾ ਵੀ ਲੈ ਲਓ। ਤਦ ਤਕ ਦਾਰਾ ਸਾਈਕਲ ਦੀ ਕਾਠੀ ਨੀਵੀਂ ਕਰ ਕੇ, ਵੱਟ ਉਤੇ ਖੜ੍ਹ ਕੇ ਮਸੀਂ ਸਾਈਕਲ ‘ਤੇ ਚੜ੍ਹਨ ਜੋਗਾ ਹੋਇਆ ਸੀ। ਬਾਪ ਉਹਨੂੰ ਸਾਈਕਲ ‘ਤੇ ਬਿਠਾ ਕੇ ਉਹਦੇ ਸਹੁਰੀਂ ਲੈ ਗਿਆ। ਅਗਲੇ ਦਿਨ ਆਪ ਤਾਂ ਪੈਦਲ ਮੁੜ ਆਇਆ ਤੇ ਦਾਰੇ ਨੂੰ ਸਾਈਕਲ ਸੰਭਾਲ ਆਇਆ ਕਿ ਵਹੁਟੀ ਨੂੰ ਪਿੱਛੇ ਬਿਠਾ ਕੇ ਲੈ ਆਵੇ।
ਅੱਗੇ ਆਤਮ ਕਥਾ ਵਿਚੋਂ ਹੀ ਪੜ੍ਹੋ: ਸਾਈਕਲ ਦੀ ਕਾਠੀ ਤਾਂ ਬਾਪੂ ਜੀ ਨੀਵੀਂ ਕਰ ਗਏ ਸਨ। ਮੈਂ ਕਾਠੀ ‘ਤੇ ਬੈਠ ਗਿਆ ਤੇ ਵਹੁਟੀ ਨੂੰ ਪਿੱਛੇ ਕੈਰੀਅਰ ‘ਤੇ ਬਿਠਾ ਲਿਆ। ਮੈਂ ਇਕੱਲਾ ਸਾਈਕਲ ਚਲਾਉਣ ਵਿਚ ਤਾਂ ਉਸਤਾਦ ਹੋ ਗਿਆ ਸੀ, ਪਰ ਕਿਸੇ ਨੂੰ ਪਿੱਛੇ ਬਿਠਾ ਕੇ ਕਦੀ ਨਹੀਂ ਸੀ ਚਲਾਇਆ। ਜਦੋਂ ਮੈਂ ਵਹੁਟੀ ਨੂੰ ਬਿਠਾ ਕੇ ਪੈਡਲ ਮਾਰਿਆ ਤਾਂ ਇੰਜ ਲੱਗਾ ਕਿ ਸਾਈਕਲ ਗੱਡੇ ਜਿੰਨਾ ਭਾਰਾ ਹੈ। ਖੈਰ, ਉਥੇ ਲੋਕਾਂ ਦੇ ਸਾਹਮਣੇ ਤਾਂ ਮੇਰੀ ਇੱਜਤ ਰਹਿ ਗਈ, ਪਹਿਆ ਜੁ ਪੱਧਰਾ ਸੀ। ਡਿੱਕੋ ਡੋਲੇ ਖਾ ਕੇ ਸਾਈਕਲ ਸਿੱਧਾ ਹੋ ਤੁਰਿਆ, ਪਰ ਵੱਡੇ ਰਾਹ ‘ਤੇ ਆ ਕੇ ਮੋੜ ਸੀ। ਮੋੜ ਮੁੜਨ ਲੱਗਿਆਂ ਸਾਈਕਲ ਡਿੱਗ ਪਿਆ। ਛੇਤੀ-ਛੇਤੀ ਉਠੇ ਭਈ ਕੋਈ ਵੇਖ ਨਾ ਲਵੇ। ਫੇਰ ਬੈਠੇ, ਸਾਈਕਲ ਥੋੜ੍ਹੀ ਦੂਰ ਹੀ ਗਿਆ ਤੇ ਫੇਰ ਡਿੱਗ ਪਿਆ, ਕਿਉਂਕਿ ਵੱਡੇ ਰਸਤੇ ‘ਤੇ ਰੇਤਾ ਬਹੁਤ ਸੀ। ਦੋ-ਚਾਰ ਵਾਰ ਡਿੱਗਣ ਤੋਂ ਬਾਅਦ ਵਹੁਟੀ ਨੇ ਕਿਹਾ, ‘ਜੀ ਤੁਰ ਕੇ ਈ ਚਲਦੇ ਹਾਂ।’ ਇਕ ਛੋਟਾ ਜਿਹਾ ਸੂਟਕੇਸ ਵੀ ਸੀ ਵਿਚਾਰੀ ਦੇ ਹੱਥ ਵਿਚ ਤੇ ਡਿੱਗਣ ਡਿਗੌਣ ਨਾਲ ਕੱਪੜੇ ਵੀ ਖਰਾਬ ਹੋ ਗਏ ਸਨ…।
ਦਾਰੇ ਦੀਆਂ ਦੋ ਜਨਮ ਤਾਰੀਖਾਂ ਹਨ-ਇਕ ਪਿੰਡ ਦੇ ਚੌਕੀਦਾਰ ਦੀ ਲਿਖਵਾਈ ਹੋਈ ਤੇ ਦੂਜੀ ਪਾਂਧੇ ਦੀ ਪੱਤਰੀ ਵਾਲੀ। 1950ਵਿਆਂ ਵਿਚ ਬਣਵਾਏ ਪਾਸਪੋਰਟ ‘ਤੇ ਜਨਮ ਤਾਰੀਖ 19 ਨਵੰਬਰ 1928 ਲਿਖੀ ਹੈ। 19 ਨਵੰਬਰ ਹੋ ਸਕਦੈ ਇਸ ਕਰਕੇ ਲਿਖਾ ਦਿੱਤੀ ਕਿ ਉੱਦਣ ਹੀ ਇੰਦਰਾ ਗਾਂਧੀ ਦਾ ਜਨਮ ਦਿਵਸ ਸੀ। ਇਉਂ ਦਾਰੇ ਦਾ ਜਨਮ ਦਿਨ ਸਾਰੇ ਭਾਰਤੀਆਂ ਵੱਲੋਂ ਇੰਦਰਾ ਗਾਂਧੀ ਦੇ ਜਨਮ ਦਿਵਸ ਨਾਲ ਮੁਫਤ ਹੀ ਮਨਾ ਲਿਆ ਜਾਂਦੈ!
ਉਹ ਲਿਖਦੈ: ਅਸਲੀ ਜਨਮ ਤਾਰੀਖ ਦੀ ਗੱਲ ਛੱਡੋ, ਪੱਕੀ ਗੱਲ ਤਾਂ ਇਹ ਹੈ ਕਿ ਅਸੀਂ ਜੰਮੇ ਜ਼ਰੂਰ ਸੀ। ਮੇਰੇ ਨਾਨਕਿਆਂ ਨੇ ਮੇਰੇ ਕੰਨਾਂ ਵਿਚ ਨੱਤੀਆਂ ਪਾਈਆਂ, ਜਿਨ੍ਹਾਂ ਦੇ ਨਿਸ਼ਾਨ ਹਾਲਾਂ ਵੀ ਮੌਜੂਦ ਨੇ। ਮੇਰੀ ਮਾਂ ਦਾ ਕਹਿਣਾ ਹੈ ਕਿ ਨੱਤੀਆਂ ਪਾਉਣ ਨਾਲ ਮੇਰੇ ਕੰਨ ਸੁੱਜ ਕੇ ਭੜੋਲਾ ਹੋ ਗਏ ਤੇ ਮੈਂ ਰੋਣੋਂ ਹੀ ਚੁੱਪ ਨਾ ਕਰਾਂ। ਇਕ ਰਾਤ ਮੈਂ ਏਨਾ ਰੋਇਆ ਕਿ ਮੇਰੇ ਬਾਪੂ ਨੇ ਮੇਰੀ ਮਾਂ ਨੂੰ ਕਿਹਾ, “ਇਸ ਨੂੰ ਬਾਹਰਲੇ ਪਰਨਾਲੇ ਥੱਲੇ ਸੁੱਟ ਦੇ।”
ਬਾਹਰ ਮੀਂਹ ਵਰ੍ਹਨ ਦਾ ਸ਼ੋਰ ਤੇ ਅੰਦਰ ਮੇਰੇ ਰੋਣ ਦਾ, ਬਾਪੂ ਵਿਚਾਰਾ ਦੁਖੀ ਹੋ ਗਿਆ ਹੋਣੈ। ਬੜੇ ਦਿਨਾਂ ਬਾਅਦ, ਨਾਨਕਿਆਂ ਦੀ ਰਈ ਮਰਜ਼ੀ ਨਾਲ ਮੇਰੇ ਕੰਨਾਂ ਦੀਆਂ ਨੱਤੀਆਂ ਲਾਹੀਆਂ ਗਈਆਂ ਤਾਂ ਜਾ ਕੇ ਮੈਂ ਘਰਦਿਆਂ ਨੂੰ ਸੁਖ ਦੀ ਨੀਂਦੇ ਸੌਣ ਦਿੱਤਾ।
ਦਾਰੇ ਨੇ ਆਤਮ ਕਥਾ ਦੇ ਅਰੰਭ ਵਿਚ ਲਿਖਿਐ, “ਜਦੋਂ ਧਰਮੂ ਨੇ ਪਿੰਡ ਬੱਧਾ ਸੀ ਤਾਂ ਪਿੰਡ ਦੀ ਜ਼ਮੀਨ ਸੀ ਨੌਂ ਸੌ ਵਿਘੇ, ਤੇ ਜਦੋਂ ਸਾਡੇ ਪੜਦਾਦਿਆਂ ਦੀਆਂ ਔਲਾਦਾਂ ਨੇ ਜੰਮ ਕੇ ਇਸ ਰੰਗੀਲੀ ਦੁਨੀਆਂ ਨੂੰ ਚਾਰ ਚੰਨ ਲਾਏ ਤਾਂ ਜ਼ਮੀਨ ਘਟਦੀ-ਘਟਦੀ ਘਰ ਪ੍ਰਤੀ ਪੰਜ ਜਾਂ ਦਸ ਵਿਘੇ ਹੀ ਰਹਿ ਗਈ। ਫਿਰ ਵਿਚਾਰੇ ਧਰਮੂਚੱਕੀਏ ਪਿੰਡ ਛੱਡ-ਛੱਡ ਲੱਗੇ ਦੂਰ ਦੁਰਾਡੇ ਵੱਸਣ। ਜਿਸ ਤਰ੍ਹਾਂ ਇਕ ਕਹਾਵਤ ਹੈ, ਜ਼ਰੂਰਤ ਈਜ਼ਾਦ ਦੀ ਮਾਂ ਹੈ। ਇਸ ਤਰ੍ਹਾਂ ਸਭ ਨੇ ਆਪਣੇ ਸੁਖੀ ਜੀਵਨ ਲਈ ਕੋਈ ਨਾ ਕੋਈ ਸਾਧਨ ਲੱਭ ਹੀ ਲਿਆ ਤੇ ਮਨੀ ਆਰਡਰ ਧਰਮੂਚੱਕ ਆਉਣ ਲੱਗ ਪਏ।”
ਉਹ ਆਪਣੇ ਬਚਪਨ ਦੇ ਸ਼ੌਕ ਦੱਸਦੈ, “ਪੜ੍ਹਨ ਤੋਂ ਇਲਾਵਾ ਮੈਨੂੰ ਗੁੱਲੀ ਡੰਡਾ ਖੇਡਣ, ਲੁਕਣ ਮੀਚੀ, ਛਾਲਾਂ ਮਾਰਨ ਤੇ ਖਿੱਦੋ ਖੂੰਡੀ ਖੇਡਣ ਦੀ ਬੜੀ ਚਾਹ ਰਹਿੰਦੀ ਸੀ। ਪੜ੍ਹਨ ਪਿਛੋਂ ਪਸੂਆਂ ਨੂੰ ਚਾਰਨ ਲੈ ਜਾਣਾ ਤੇ ਪਸੂ ਚਾਰਦਿਆਂ ਕਦੇ ਕਦਾਈਂ ਹਾਣੀ ਮੁੰਡਿਆਂ ਨਾਲ ਇਟਖੜਿੱਕਾ ਵੀ ਹੋ ਜਾਂਦਾ ਸੀ। ਉਦੋਂ ਮੈਂ ਸੱਤ-ਅੱਠ ਸਾਲਾਂ ਦਾ ਸਾਂ। ਮੈਂ ਘਰਦਿਆਂ ਨੂੰ ਕਿਹਾ, ‘ਮੈਨੂੰ ਵੀ ਸੂਤਨਾ ਸਵਾ ਦਿਓ।’ ਮਾਂ ਨੇ ਕਿਹਾ, ‘ਤੂੰ ਸੂਤਨਾ ਕੀ ਕਰਨਾ ਹੈ?’ ਮੈਂ ਕਿਹਾ, ‘ਮੈਂ ਵੀ ਡੰਡ ਕੱਢਿਆ ਕਰੂੰਗਾ ਤੇ ਬੈਠਕਾਂ ਕਢੂੰਗਾ।’ ਮਾਂ ਨੇ ਮੇਰੀ ਰੀਝ ਪੂਰੀ ਕਰ ਦਿੱਤੀ ਤੇ ਮੈਂ ਆਪਣੇ ਸਕਿਆਂ ਵਿਚੋਂ ਚਾਚੇ ਸਵਰਨ ਸਿੰਘ ਕੋਲੋਂ ਬੈਠਕਾਂ ਕੱਢਣੀਆਂ ਸਿੱਖ ਲਈਆਂ। ਪੂਰੇ ਸਰੀਰ ਨੂੰ ਤੇਲ ਲਾ ਕੇ, ਜਿਸ ਤਰ੍ਹਾਂ ਉਹ ਡੰਡ ਬੈਠਕਾਂ ਕੱਢਦਾ ਸੀ, ਮੈਂ ਵੀ ਕੱਢਣ ਲੱਗ ਪਿਆ…।
ਦਾਰੇ ਦਾ ਬਚਪਨ ਬੜੀਆਂ ਕਠਿਨ ਹਾਲਤਾਂ ਵਿਚ ਬੀਤਿਆ। ਪਿਤਾ ਤੇ ਚਾਚਿਆਂ ਦੇ ਸਿੰਘਾਪੁਰ ਤੁਰ ਜਾਣ ਕਾਰਨ ਬਾਬੇ ਬੂੜ ਸਿੰਘ ਨੂੰ ‘ਕੱਲਿਆਂ ਖੇਤੀ ਕਰਨੀ ਔਖੀ ਸੀ। ਉਸ ਨੇ ਬਾਲਕ ਦਾਰੇ ਨੂੰ ਪ੍ਰਾਇਮਰੀ ਸਕੂਲ ਦਾ ਕਾਇਦਾ ਪੜ੍ਹਨ ਲੱਗੇ ਨੂੰ ਹੀ ਪੜ੍ਹਨੋਂ ਹਟਾ ਲਿਆ ਤੇ ਆਪਣੇ ਨਾਲ ਕੰਮ ਉਤੇ ਜੋੜ ਲਿਆ। ਉਹ ਦਾਰੇ ਦੀ ਮਾਂ ਨੂੰ ਕਹਿਣ ਲੱਗਾ, “ਭਈ ਮੁੰਡਾ ਛੇ-ਸੱਤ ਸਾਲਾਂ ਦਾ ਹੋ ਗਿਆ, ਇਸ ਨੂੰ ਘਰ ਦਾ ਕੰਮ ਕਾਜ ਕਰਨ ਦਿਓ, ਭੇਜ ਦਿੰਦੀ ਆ ਪਰੌਂਠੇ ਬੰਨ੍ਹ ਕੇ ਮਦਰੱਸੇ। ਡੰਗਰ ਖੁਰਲੀਆਂ ‘ਤੇ ਭੁੱਖੇ ਤਿਹਾਏ ਬੱਝੇ ਰਹਿੰਦੇ ਨੇ। ਮੱਝਾਂ ਨੂੰ ਬਾਹਰ ਨਾ ਛੱਡਿਆ ਜਾਵੇ ਤਾਂ ਦੁੱਧੋਂ ਸੁੱਕ ਜਾਂਦੀਆਂ ਨੇ। ਇਹਦੀ ਉਮਰ ਦੇ ਮੁੰਡੇ ਤਾਂ ਵੱਗ ਚਾਰਨ ਤੋਂ ਬਿਨਾ ਪੱਠਾ ਦੱਥਾ ਵੀ ਕਰਵਾਉਂਦੇ ਨੇ।”
ਮਾਂ ਨੇ ਦਿਲੋਂ ਤਾਂ ਨਹੀਂ, ਪਰ ਮਜਬੂਰੀ ‘ਚ ਕਹਿ ਦਿੱਤਾ, “ਪੁੱਤ ਹੁਣ ਤੂੰ ਪੜ੍ਹਨ ਨਹੀਂ ਜਾ ਸਕਦਾ।” ਦਾਰੇ ਨੇ ਰੌਲਾ ਪਾ ਦਿੱਤਾ ਕਿ ਮੈਂ ਜ਼ਰੂਰ ਪੜ੍ਹਨਾ ਹੈ। ਮਾਂ ਨੇ ਡਾਂਟ ਡਪਟ ਕੀਤੀ ਤਾਂ ਦਾਰੇ ਨੇ ਰੋਣਾ ਸ਼ੁਰੂ ਕਰ ਦਿੱਤਾ। ਮਾਂ ਬੇਵੱਸ ਸੀ। ਉਸ ਨੇ ਗੁੱਸੇ ਵਿਚ ਉਹਦਾ ਬਸਤਾ ਉੱਚੀ ਜਗ੍ਹਾ ਪਰਛੱਤੀ ‘ਤੇ ਵਗਾਹ ਮਾਰਿਆ ਤੇ ਆਪ ਵੀ ਰੋਣ ਲੱਗ ਪਈ। ਪੁੱਤ ਨੂੰ ਉਦੋਂ ਏਨੀ ਸਮਝ ਨਹੀਂ ਸੀ ਕਿ ਮਾਂ ਦਾ ਰੋਣ ਕਿਉਂ ਨਿਕਲਿਆ ਸੀ? ਫਿਰ ਦਾਰੇ ਨੇ ਗੁਰਮੁਖੀ ਦੇ ਅੱਖਰ ਸੰਤ ਬਾਬਾ ਸ਼ਾਮ ਸਿੰਘ ਪਾਸੋਂ ਸਿੱਖੇ। ਸੰਤਾਂ ਨੇ ਉਸ ਨੂੰ ਕਿਰਤ ਕਰਨ ਤੇ ਸੱਚ ਬੋਲਣ ਦੀ ਜੀਵਨ ਜਾਚ ਸਿਖਾਈ, ਜੋ ਸਾਰੀ ਉਮਰ ਉਸ ਦੇ ਕੰਮ ਆਈ। ਉਹ ਸਵੇਰੇ ਸੰਤਾਂ ਦੀ ਬਗੀਚੀ ਵਿਚ ਸੇਵਾ ਕਰਦਾ, ਅੱਖਰ ਸਿਖਦਾ ਤੇ ਘਰ ਮੁੜ ਕੇ ਡੰਗਰ ਚਾਰਨ ਚਲਾ ਜਾਂਦਾ। ਉਹ ਲਿਖਦਾ ਹੈ ਕਿ ਉਨ੍ਹਾਂ ਦੀ ਲਾਖੀ ਗਾਂ ਉਹਨੂੰ ਬੜਾ ਤੰਗ ਕਰਦੀ ਸੀ। ਉਹ ਐਨਾ ਭੱਜਦੀ ਕਿ ਮੋੜੇ ਲੁਆਉਂਦਿਆਂ ਬਾਲਕ ਦਾਰੇ ਨੂੰ ਹੰਭਾ ਕੇ ਇਕ-ਦੋ ਵਾਰ ਜ਼ਰੂਰ ਰੁਆਉਂਦੀ। ਹਾਂ, ਇਹ ਗਾਂ ਦੁੱਧ ਦੇਣ ਨੂੰ ਬੜੀ ਚੰਗੀ ਸੀ। ਦਾਰੇ ਹੋਰਾਂ ਦੀ ਦਾਦੀ ਇਸ ਦਾ ਘਿਓ ਵੀ ਜੋੜ ਲਿਆ ਕਰਦੀ ਸੀ ਤੇ ਇਸ ਦਾ ਵੱਛਾ ਲਾਖਾ ਬਲਦ ਬਣਿਆ ਬੜਾ ਵਗਦਾ ਸੀ। ਬੜੀ ਕਮਾਈ ਕੀਤੀ ਉਹਨੇ। ਜਿਸ ਸਾਲ ਉਹ ਮਰਿਆ, ਦਾਰੇ ਦਾ ਬਾਪ ਪਿੰਡ ਆਇਆ ਹੋਇਆ ਸੀ। ਬਲਦ ਮਰਨ ਦੇ ਗਮ ‘ਚ ਬਾਬੇ ਬੂੜ ਸਿੰਘ ਦੀਆਂ ਅੱਖਾਂ ਤਾਂ ਭਰਨੀਆਂ ਹੀ ਸਨ, ਦਾਰੇ ਤੇ ਉਹਦੇ ਬਾਪ ਦੀਆਂ ਅੱਖਾਂ ਵੀ ਭਰ ਆਈਆਂ ਸਨ! ਬਲਦ ਉਨ੍ਹਾਂ ਦੇ ਘਰ ਦਾ ਕਮਾਊ ਜੀਅ ਜੁ ਸੀ।
ਹੁਣ ਸੁਣੋਂ ਪਹਿਲੀ ਵਾਰ ਸਿੰਘਾਪੁਰ ਜਾਣ ਵੇਲੇ ਚੋਰੀ ਕਰਨ ਦਾ ਕਿੱਸਾ: ਉਨ੍ਹਾਂ ਦਿਨਾਂ ‘ਚ ਮੈਂ ਇਕ ਕਿੱਸਾ ਪੜ੍ਹਿਆ ਸੀ, ਜਾਨੀ ਚੋਰ ਦਾ। ਜਾਨੀ ਚੋਰ ਦਾ ਕਿੱਸਾ ਪੜ੍ਹ ਕੇ ਮੈਂ ਚੋਰਾਂ ਦੇ ਵੀ ਕੰਨ ਕੁਤਰਨ ਨੂੰ ਤਿਆਰ ਹੋ ਗਿਆ। ਸਾਡੇ ਲਾਗੇ ਇਕ ਪੰਜਾਬੀ ਸਰਦਾਰ ਸੌਂਦਾ ਹੁੰਦਾ ਸੀ। ਪਹਿਲੀ ਬੋਹਣੀ ਉਸ ਦੀ ਜੇਬ ਸਾਫ ਕਰਨ ਦਾ ਖਿਆਲ ਆਇਆ। ਪਿੰਡ ਖਰਬੂਜ਼ੇ, ਬੇਰ ਜਾਂ ਅਮਰੂਦ ਤੋੜਨ ਦੀਆਂ ਚੋਰੀਆਂ ਤਾਂ ਹਾਣੀਆਂ ਨਾਲ ਰਲ ਕੇ ਕੀਤੀਆਂ ਸਨ, ਪਰ ਕਿਸੇ ਦੀ ਜੇਬ ਵਿਚੋਂ ਪੈਸੇ ਕੱਢਣ ਦਾ ਇਹ ਪਹਿਲਾ ਮੌਕਾ ਸੀ। ਸੁੱਤੇ ਪਏ ਸਰਦਾਰ ਦੀ ਜੇਬ ਵਿਚੋਂ ਬਟੂਆ ਖਿਸਕਾ ਕੇ ਵੇਖਿਆ, ਪਰ ਬਟੂਆ ਖਾਲੀ ਸੀ। ਬੜੀ ਨਮੋਸ਼ੀ ਹੋਈ।
…ਇਕ ਰਾਤ ਜਹਾਜ ਦੇ ਡੈੱਕ ‘ਤੇ ਸੌਣ ਲੱਗਿਆਂ ਮੈਂ ਸੋਚਿਆ ਕਿ ਜਾਨੀ ਚੋਰ ਮੈਂ ਤਦ ਬਣ ਸਕਦਾ ਹਾਂ, ਜੇ ਲਾਗੇ ਸੁੱਤੀ ਪਈ ਜ਼ਨਾਨੀ ਦਾ ਹਾਰ ਉਸ ਦੇ ਗਲ ਤੋਂ ਲਾਹ ਲਵਾਂ। ਮੈਂ ਮੌਕਾ ਵੇਖ ਕੇ ਕੰਮ ਸ਼ੁਰੂ ਕੀਤਾ ਤਾਂ ਉਸ ਪਾਸਾ ਪਰਤ ਲਿਆ। ਦੂਜੇ ਪਾਸੇ ਕੋਸ਼ਿਸ਼ ਕੀਤੀ ਤਾਂ ਉਸ ਦੀ ਅੱਖ ਖੁੱਲ੍ਹ ਗਈ। ਉਸ ਨੇ ਚੋਰ ਚੋਰ ਦਾ ਰੌਲਾ ਪਾ ਦਿੱਤਾ। ਸਾਰੀਆਂ ਸਵਾਰੀਆਂ ਜਾਗ ਪਈਆਂ। ਕੋਈ ਕੁਛ ਕਹੇ, ਕੋਈ ਕੁਛ; ਤੇ ਮੈਂ ਆਪਣੇ ਆਪ ਨੂੰ ਐਨਾ ਫਿਟਕਾਰ ਰਿਹਾ ਸਾਂ ਕਿ ਜੀਣ ਨੂੰ ਦਿਲ ਨਹੀਂ ਸੀ ਕਰ ਰਿਹਾ। ਮੈਂ ਜਾਨੀ ਚੋਰ ਦੇ ਕਿੱਸੇ ਨੂੰ ਸੁੱਟਿਆ ਸਮੁੰਦਰ ਵਿਚ ਤੇ ਪ੍ਰਣ ਕੀਤਾ ਕਿ ਮੁੜ ਚੋਰੀ ਵਰਗੀ ਆਦਤ ਦਾ ਦਿਲ ਵਿਚ ਖਿਆਲ ਵੀ ਨਹੀਂ ਆਉਣ ਦੇਣਾ।
ਦਾਰੇ ਨੇ ਆਪਣੇ ਦੂਜੇ ਵਿਆਹ ਤੋਂ ਪੈਦਾ ਹੋਏ ਬੱਚਿਆਂ ਬਾਰੇ ਮਜਾਹੀਆ ਅੰਦਾਜ਼ ਵਿਚ ਲਿਖਿਆ, “ਚਾਰ ਸਾਲ ਤੇ ਚਾਰ ਮਹੀਨਿਆਂ ਵਿਚ ਤਿੰਨ ਬੱਚੇ, ਅਸੀਂ ਵਾਹਵਾ ਤਰੱਕੀ ਕਰ ਗਏ ਸਾਂ। ਇਨ੍ਹਾਂ ਦਿਨਾਂ ਵਿਚ ਘੱਟ ਬੱਚੇ ਪੈਦਾ ਕਰਨ ਦੀ ਖੁਸਰ ਫੁਸਰ ਲੋਕਾਂ ਵਿਚ ਸ਼ੁਰੂ ਹੋ ਗਈ ਸੀ। ਪਤਨੀ ਨੇ ਕਿਹਾ, ‘ਭਈ ਲੋਕਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਅੱਜ ਕੱਲ੍ਹ ਪੜ੍ਹੇ-ਲਿਖੇ ਲੋਕ ਦੋ ਜਾਂ ਤਿੰਨ ਸੰਤਾਨਾਂ ਤੋਂ ਵੱਧ ਪੈਦਾਇਸ਼ ਨਹੀਂ ਹੋਣ ਦਿੰਦੇ।’ ਮੈਂ ਕਿਹਾ, ‘ਆਪਾਂ ਨੂੰ ਹਰ ਗੱਲ ਵਿਚ ਚੈਂਪੀਅਨ ਬਣਨ ਦੀ ਆਦਤ ਹੈ, ਤੂੰ ਫਿਕਰ ਨਾ ਕਰ ਤੇ ਪੈਦਾ ਕਰੀ ਚੱਲ। ਇਨ੍ਹਾਂ ਨੂੰ ਚੰਗੇ ਸ਼ਹਿਰੀ ਬਣਾਉਣ ਦੀ ਜ਼ਿੰਮੇਵਾਰੀ ਮੇਰੇ ‘ਤੇ ਛੱਡ ਦੇਹ।’ ਪਰ ਸ੍ਰੀਮਤੀ ਨਹੀਂ ਮੰਨੀ ਤੇ ਵਿਚਾਰੀ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ, ਪਰ ਫਿਰ ਵੀ ਦੋ ਧੀਆਂ ਹੋਰ ਪੈਦਾ ਹੋ ਗਈਆਂ ਤੇ ਪੰਜਾਂ ਵਿਚ ਪਰਮੇਸ਼ਰ ਜਾਣ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ।”
ਦਾਰਾ ਸਿੰਘ ‘ਚ ਹਲੀਮੀ ਸੀ, ਮਿਠਾਸ ਸੀ ਤੇ ਗੱਲਾਂ ਬਾਤਾਂ ਵਿਚ ਰਸ ਸੀ। ਉਹ ਸੱਚਾ ਸੁੱਚਾ ਇਨਸਾਨ ਸੀ। ਆਪਣੀ ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਦੱਸਦਿਆਂ ਉਹ ਕਹਿੰਦਾ ਸੀ ਕਿ ਬੰਦੇ ਨੂੰ ਬੇਫਿਕਰ ਰਹਿਣਾ ਚਾਹੀਦੈ। ਬੇਫਿਕਰ ਰਹਿਣ ਲਈ ਬੰਦਾ ਸਦਾ ਸੱਚ ਬੋਲੇ, ਕਿਸੇ ਦੀ ਨਿੰਦਾ ਨਾ ਕਰੇ ਤੇ ਕੋਈ ਐਸਾ ਕੰਮ ਨਾ ਕਰੇ ਜਿਹਦੇ ਨਾਲ ਅੰਤਰ ਆਤਮਾ ਨੂੰ ਡਰ ਲੱਗੇ। ‘ਨੇਕੀ ਕਰ ਕੂੰਏਂ ਮੇਂ ਡਾਲ’ ਵਾਲੀ ਕਹਾਵਤ ‘ਤੇ ਅਮਲ ਕਰਨ ਵਾਲਾ ਇਨਸਾਨ ਕਦੇ ਦੁਖੀ ਨਹੀਂ ਹੁੰਦਾ। ਦਾਰਾ ਸਿੰਘ ਨੇ ਲਿਖਿਆ, “ਆਪਾਂ ਸਾਰੇ ਦੁਨੀਆਂ ਦਾ ਮੌਜ ਮੇਲਾ ਵੇਖਣ ਆਏ ਹਾਂ। ਸਾਡੇ ਬਜੁਰਗ ਇਸ ਦੁਨੀਆਂ ਨੂੰ ਸਾਡੇ ਵਾਸਤੇ ਸੁਹਾਵਣੀ ਬਣਾ ਕੇ ਗਏ ਹਨ। ਇਸ ਦਾ ਸਵਾਦ ਲਈਏ ਤੇ ਆਉਣ ਵਾਲਿਆਂ ਲਈ ਇਸ ਦੁਨੀਆਂ ਨੂੰ ਬਜੁਰਗਾਂ ਨਾਲੋਂ ਵੀ ਸੋਹਣੀ ਬਣਾ ਕੇ ਛੱਡ ਜਾਈਏ।”
ਅਖੀਰਲੀ ਉਮਰੇ ਦਾਰਾ ਸਿੰਘ ਨੂੰ ਦਿਲ ਦੇ ਦੌਰੇ ਨੇ ਨਿਢਾਲ ਕਰ ਦਿੱਤਾ ਸੀ, ਪਰ ਉਹ ਫਿਰ ਵੀ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਾ ਰਹਿੰਦਾ ਸੀ। ਰਹਿੰਦੀ ਹੋਸ਼ ਤਕ ਉਹ ਚੜ੍ਹਦੀ ਕਲਾ ਵਿਚ ਰਿਹਾ। 7 ਜੁਲਾਈ 2012 ਨੂੰ ਮੁੜ ਦਿਲ ਦਾ ਦੌਰਾ ਪਿਆ। ਘਰ ਦੇ ਉਸ ਨੂੰ ਹਸਪਤਾਲ ਲੈ ਗਏ। ਫਿਰ ਰਹਿੰਦੇ ਸਾਹ ਲੈਣ ਲਈ 10 ਜੁਲਾਈ ਨੂੰ ਵਾਪਸ ਘਰ ਲੈ ਆਏ। ਭਰੇ ਪਰਿਵਾਰ ਵਿਚ ਉਹ ਅੰਤਿਮ ਵਿਦਾਇਗੀ ਲੈਣ ਲਈ ਤਿਆਰ ਸੀ। ਜ਼ਿੰਦਗੀ ਉਸ ਨੇ ਰੱਜ ਕੇ ਮਾਣ ਲਈ ਸੀ। ਉਸ ਦੀ ਕੋਈ ਇੱਛਾ ਅਧੂਰੀ ਨਹੀਂ ਸੀ ਰਹੀ। ਆਖਰ 11 ਜੁਲਾਈ 2012 ਨੂੰ ਸਵੇਰੇ ਸਾਢੇ ਸੱਤ ਵਜੇ ਉਸ ਨੇ ਆਖਰੀ ਸਾਹ ਲਿਆ। ਤਾਕਤ ਦਾ ਉੱਚਾ ਬੁਰਜ ਦਾਰਾ ਸਿੰਘ, ਜਿਸ ਨੇ ਰੁਸਤਮ ਪਹਿਲਵਾਨਾਂ ਤੋਂ ਵੀ ਕੰਡ ਨਹੀਂ ਸੀ ਲਵਾਈ, ਆਖਰ ਮੌਤ ਨੇ ਢਾਹ ਲਿਆ। ਹੁਣ ਉਹ ਅੰਬਰਾਂ ‘ਚ ਤਾਰਾ ਬਣ ਕੇ ਲਿਸ਼ਕ ਰਿਹੈ!