ਚਾਚੇ ਚੀਮੇ ਦਾ ਚੁਬਾਰਾ

ਪਟਿਆਲਿਓਂ ਉਠ ਕੇ ਟੋਰਾਂਟੋ (ਕੈਨੇਡਾ) ਡੇਰਾ ਲਾਉਣ ਵਾਲੇ ਬਲਰਾਜ ਚੀਮਾ ਦੀ ਕੋਈ ਰੀਸ ਨਹੀਂ। ਉਹਦੀਆਂ ਗੱਲਾਂਬਾਤਾਂ ਹੀ ਨਹੀਂ ਸਗੋਂ ਹਰ ਸਰਗਰਮੀ ਨਿਆਰੀ ਅਤੇ ਨਿਵੇਕਲੀ ਹੈ। ਉਹਦੇ ਕਰ ਕੇ ਉਹਦਾ ਆਲਾ-ਦੁਆਲਾ ਕਿਵੇਂ ਧੜਕਦਾ ਹੈ, ਇਸ ਗੱਲ ਦਾ ਅੰਦਾਜ਼ਾ ਗੁਰਦੇਵ ਚੌਹਾਨ ਦੇ ਲਿਖੇ ਲੇਖ ‘ਚਾਚੇ ਚੀਮੇ ਦਾ ਚੁਬਾਰਾ’ ਤੋਂ ਲੱਗਦਾ ਹੈ।

-ਸੰਪਾਦਕ

ਗੁਰਦੇਵ ਚੌਹਾਨ

ਚਾਚਾ ਚੀਮਾ ਆਪਣੇ ਚੁਬਾਰੇ ਤੋਂ ਇਲਾਵਾ ਕੈਨੇਡਾ ਦੇ ਲੋਕਾਂ ਦੇ ਦਿਲਾਂ ਵਿਚ ਰਹਿੰਦਾ ਹੈ। ਉਸ ਦਾ ਨਾਂ ਭਾਵੇਂ ਬਲਰਾਜ ਤੋਂ ਸ਼ੁਰੂ ਹੋਵੇ ਪਰ ਇਹ ਪੂਰਾ ਚੀਮਾ ਨਾਲ ਹੁੰਦਾ ਹੈ। ਹੋਰ ਸਹੀ ਪੁੱਛੋ ਤਾਂ ਉਸ ਨੂੰ ਵੱਡੀ ਛੋਟੀ ਉਮਰ ਦੇ ਲੋਕ ਚਾਚਾ ਦੇ ਮੈਟਾਫਰੀ ਰਿਸ਼ਤੇ ਨਾਲ ਜਾਨਣਾ ਅਤੇ ਆਖਣਾ ਵੱਧ ਪਸੰਦ ਕਰਦੇ ਹਨ। ਜਿਹੜੇ ਉਸ ਨੂੰ ਹੋਰ ਵੱਧ ਜਾਣਦੇ ਹਨ, ਉਹ ਉਸ ਨੂੰ ਚੁਬਾਰੇ ਵਾਲਾ ਬਲਰਾਜ ਚੀਮਾ ਆਖਦੇ ਹਨ। ਸ਼ਬਦ ‘ਸਿੰਘ’ ਤਾਂ ਉਸ ਦੇ ਗੰਜ ਆਉਣ ਸਾਰ ਹੀ ਲਹਿ ਗਿਆ ਸੀ।
ਬਲਰਾਜ ਚੀਮਾ ਪਟਿਆਲੇ ਦਾ ਰਹਿਣ ਵਾਲਾ ਹੈ। ਉਸ ਦੀ ਪਟਿਆਲੇ ਸ਼ਹਿਰ ਦੀ ਵੱਖੀ ਵਿਚ ਢੇਰ ਸਾਰੀ ਜ਼ਮੀਨ ਹੈ। ਸ਼ਾਇਦ ਅਜੇ ਵੀ ਹੈ ਪਰ ਕਈ ਆਖਦੇ ਹਨ ਕਿ ਹੁਣ ਇਸ ਉਤੇ ਉਸ ਦਾ ਛੋਟਾ ਵੀਰ ਜਸਵੰਤ ਕਾਬਜ਼ ਹੋ ਗਿਆ ਹੈ ਪਰ ਬਲਰਾਜ ਇਸ ਬਾਰੇ ਚੁੱਪ ਰਹਿੰਦਾ ਹੈ। ਉਸ ਦਾ ਛੋਟਾ ਵੀਰ ਹੁਣ ਵੀ ਉਸ ਦਾ ਪਿਆਰਾ ਛੋਟਾ ਵੀਰ ਹੈ ਜਿਹੜਾ ਅਜੇ ਕੁਝ ਮਹੀਨੇ ਪਹਿਲਾਂ ਹੀ ਉਸ ਪਾਸ ਕਈ ਹਫਤੇ ਰਹਿ ਕੇ ਗਿਆ ਹੈ।
ਪੰਜਾਬ ਵਿਚ ਕਈ ਬਲਰਾਜ ਚੀਮੇ ਹੋਣਗੇ, ਬਹੁਤਿਆਂ ਪਾਸ ਚੁਬਾਰਾ ਵੀ ਹੋਵੇਗਾ ਪਰ ਪੰਜਾਬੀ ਸਾਹਿਤਕਾਰਾਂ ਵਿਚ ਬਲਰਾਜ ਚੀਮਾ ਇਕ ਹੀ ਹੈ ਜਿਸ ਪਾਸ ਚੁਬਾਰਾ ਹੈ ਅਤੇ ਹੈ ਵੀ ਧੁਰ ਕੈਨੇਡਾ ਵਿਚ, ਜਾਂ ਹੋਰ ਵੀ ਠੀਕ ਕਹਿਣਾ ਹੋਵੇ ਤਾਂ ਕੈਨੇਡਾ ਦੇ ਦਿਲ ਵਿਚ। ਇਕ ਤਰ੍ਹਾਂ ਨਾਲ ਪੰਜਾਬੀ ਰਵਾਇਤ ਵਾਲਾ ਛੱਜੂ ਦਾ ਚੁਬਾਰਾ ਤਾਂ ਕੇਵਲ ਉਸ ਦੇ ਹਿੱਸੇ ਹੀ ਆਇਆ ਹੈ, ਜਾਂ ਇਓਂ ਆਖੋ ਕਿ ਉਸ ਨਾਲੋਂ ਵੀ ਬਹੁਤਾ ਪੰਜਾਬੀ ਸਾਹਿਤਕਾਰਾਂ ਦੇ ਹਿੱਸੇ।
ਬੜੇ ਸਾਲ ਹੋਏ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਵਿਚ ਲੇਖ ਲਿਖਿਆ ਸੀ ਜਿਸ ਦਾ ਨਾਂ ਸੀ-‘ਜੋਗਾ ਸਿੰਘ ਦਾ ਚੁਬਾਰਾ’। ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੜ੍ਹਨ ਅਤੇ ਚੰਡੀਗੜ੍ਹ ਵਿਚ ਰਹਿਣ ਤੋਂ ਪਹਿਲਾਂ ਬਰਨਾਲੇ ਰਹਿੰਦਾ ਹੁੰਦਾ ਸੀ। ਅੰਮ੍ਰਿਤਾ ਇਕ ਵਾਰ ਪਟਿਆਲੇ ਭਾਸ਼ਾ ਵਿਭਾਗ ਦਾ ਇਨਾਮ ਲੈਣ ਗਈ ਸੀ ਅਤੇ ਜੋਗਾ ਸਿੰਘ ਦੇ ਚੁਬਾਰੇ ਜਾ ਪਹੁੰਚੀ ਸੀ ਜਿਸ ਦੇ ਹੇਠਾਂ ਗਾਈਆਂ ਮੱਝਾਂ ਬੰਨ੍ਹੀਆਂ ਹੋਈਆਂ ਸਨ। ਇਕ ਲੇਖ ਵਿਚ ਉਸ ਨੇ ਜੋਗਾ ਸਿੰਘ ਦੇ ਇਸ ਚੁਬਾਰੇ ਨੂੰ ਲੱਭਣ ਅਤੇ ਇਸ ਦਾ ਹੁਲੀਆ ਬਹੁਤ ਹੀ ਅਪਣੱਤ ਭਰੇ ਲਹਿਜੇ ਵਿਚ ਬਿਆਨ ਕੀਤਾ ਸੀ।
ਜਦ ਮੈਂ ਜੋਗਾ ਸਿੰਘ ਨੂੰ ਪਹਿਲੀ ਵਾਰ ਮਿਲਿਆ ਤਾਂ ਕਸ਼ਮੀਰ ਪੰਨੂ ਮੇਰੇ ਨਾਲ ਸੀ ਅਤੇ ਜੋਗਾ ਸਿਘ ਗਿਆਰਾਂ ਸੈਕਟਰ ਦੇ ਇਕ ਚੁਬਾਰੇ ਵਿਚ ਰਹਿੰਦਾ ਸੀ। ਬਾਅਦ ਵਿਚ ਉਸ ਨੂੰ ਮੈਂ ਜਦ ਵੀ ਮਿਲਿਆਂ ਤਾਂ ਮੈਂ ਉਸ ਨੂੰ ਵੱਡੀ ਕੋਠੀ ਵਿਚ ਹੀ ਵੇਖਿਆ, ਪਹਿਲਾਂ ਕਿਰਾਏ ਦੀ ਅਤੇ ਫਿਰ 33 ਸੈਕਟਰ ਵਿਚ ਹੀ ਕਨਾਲ ਦੀ ਉਸ ਦੀ ਆਪਣੀ ਬਣਾਈ ਕੋਠੀ ਵਿਚ ਜਿਸ ਦੀਆਂ ਖਿੜਕੀਆਂ ਇਮਰੋਜ਼ ਨੇ ਡਿਜ਼ਾਇਨ ਕੀਤੀਆਂ ਸਨ। ਇਸ ਕੋਠੀ ਦਾ ਵੀ ਸੁੱਖ ਨਾਲ ਚੁਬਾਰਾ ਸੀ ਪਰ ਇਸ ਵਿਚ ਦਲਜੀਤ ਸਰਾ ਰਹਿੰਦਾ ਹੁੰਦਾ ਸੀ ਜਿਹੜਾ ਉਦੋਂ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰਦਾ ਸੀ।
ਚੀਮਾ ਦੇ ਸਾਹਿਤਕਾਰੀ ਚੁਬਾਰੇ ਦੀ ਗੱਲ ਕਰਨ ਲੱਗਿਆਂ ਮੈਂ ਪੰਜਾਬ ਵਿਚ ਚਲਾ ਗਿਆ ਮਹਿਸੂਸ ਕਰਦਾ ਹਾਂ। ਉਥੇ ਅਸੀਂ ਇਸੇ ਤਰ੍ਹਾਂ ਕਦੇ ਸਮਰਾਲੇ ਸਰੋਦ ਸੁਦੀਪ ਦੇ ਚੁਬਾਰੇ ਵਿਚ ਮਹਿਫਲ ਲਗਾਉਂਦੇ ਹੁੰਦੇ ਸਾਂ ਜਿਸ ਵਿਚ ਅਕਸਰ ਪੋ. ਇੰਦੇ, ਲਾਲ ਸਿੰਘ ਦਿਲ, ਦੇਵ ਭਾਰਦਵਾਜ਼ ਅਤੇ ਗੁਲਜ਼ਾਰ ਮੁਹੰਮਦ ਗੋਰੀਆਂ ਵੀ ਆ ਜਾਂਦਾ ਸੀ, ਤੇ ਕਦੇ ਰਜਿੰਦਰ ਸੋਢੀ ਵੀ। ਪਟਿਆਲੇ ਦਾ ਪ੍ਰੋਫੈਸਰ ਲਾਲੀ ਤਾਂ ਸਾਹਿਤਕ ਮਹਿਫਲਾਂ ਦਾ ਬੇਤਾਜ ਬਾਦਸ਼ਾਹ ਹੈ। ਗੁਰਦਿਆਲ ਬੱਲ ਵੀ ਖੂਬ ਮਹਿਫਲੀ ਬੰਦਾ ਹੈ। ਉਸ ਦੇ ਘਰ ਦੇ ਦਰ ਹਮੇਸ਼ਾ ਖੁੱਲੇ ਰਹਿੰਦੇ ਹਨ। ਚੰਡੀਗੜ੍ਹ ਵਿਚ ਗੁਲ ਚੌਹਾਨ ਦਾ ਚੁਬਾਰਾ ਵੀ ਖਾਸ ਦੋਸਤਾਂ ਲਈ ਖੁੱਲ੍ਹਾ ਰਹਿੰਦਾ ਹੈ। ਕਦੇ ਮਲਕੀਤ ਆਰਟਿਸਟ ਦਾ 15 ਸੈਕਟਰ ਵਾਲਾ ਚੁਬਾਰਾ ਵੀ ਸਾਹਿਤਕ ਜਮਘਟੇ ਲਈ ਜਾਣਿਆ ਜਾਣ ਲੱਗ ਪਿਆ ਸੀ। ਖੈਰ, ਚੀਮਾ ਵਲ ਮੁੜਦੇ ਹਾਂ ਅਤੇ ਉਸ ਦੇ ਚੁਬਾਰੇ ਵਲ।
ਚੀਮਾ ਨੂੰ ਮੈਂ ਪਹਿਲੀ ਵੇਰ ਪਟਿਆਲੇ ਮਿਲਿਆਂ ਸਾਂ। ਅਸਲ ਵਿਚ ਮੈਂ ਨਹੀਂ, ਉਹ ਹੀ ਮੈਨੂੰ ਹਰਜੀਤ ਅਟਵਾਲ ਦੀ ਸਿਫਾਰਸ਼ ਉਤੇ ਸਾਡੇ ਘਰ ਮਿਲਣ ਆ ਗਿਆ ਸੀ। ਮੈਂ ਉਦੋਂ ਨਿਊ ਲਾਲ ਬਾਗ ਵਿਚ ਸਰਕਾਰੀ ਮਕਾਨ ਵਿਚ ਰਹਿੰਦਾ ਸਾਂ। ਜਦ ਮੈਂ 1997 ਵਿਚ ਪਹਿਲੀ ਵੇਰ ਟੋਰਾਂਟੋ ਆਇਆ ਤਾਂ ਮੇਰੇ ਕੋਲ ਸਾਹਿਤਕਾਰ ਵਜੋਂ ਸਿਰਫ ਉਸ ਦਾ ਹੀ ਐਡਰੈੱਸ ਸੀ। ਜਾਣਦਾ ਵੈਸੇ ਮੈਂ ਇਕਬਾਲ ਰਾਮੂਵਾਲੀਆ ਨੂੰ ਵੀ ਸਾਂ ਪਰ ਮੇਰੇ ਪਾਸ ਉਸ ਦਾ ਅਤਾ ਪਤਾ ਨਹੀਂ ਸੀ। ਸੁਣਿਆ ਮੈਂ ਸੁਖਿੰਦਰ ਬਾਰੇ ਵੀ ਬਹੁਤ ਸੀ ਅਤੇ ਉਸ ਦਾ ਪਤਾ ਵੀ ਮੇਰੇ ਪਾਸ ਸੀ ਪਰ ਉਹ ਕੋਸ਼ਿਸ਼ ਕਰਨ ‘ਤੇ ਵੀ ਨਹੀਂ ਮਿਲ ਸਕਿਆ ਸੀ। ਸੋ ਬਲਰਾਮ ਚੀਮਾ ਮੇਰੇ ਲਈ ਡੁੱਬਦੇ ਲਈ ਤਿਣਕੇ ਵਾਂਗ ਸੀ; ਤੇ ਇਸ ਤਰ੍ਹਾਂ ਉਹ ਬਹੁਤ ਸਾਰਿਆਂ ਨਵ-ਕੈਨੇਡੀਅਨਾਂ ਅਤੇ ਸੈਲਾਨੀਆਂ ਲਈ ਇਵੇਂ ਹੀ ਰਿਹਾ ਹੈ ਅਤੇ ਇਵੇਂ ਹੀ ਹੈ।
ਚੀਮਾ ਕਦੇ ਭਾਸ਼ਾ ਵਿਭਾਗ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਹੁੰਦਾ ਸੀ। ਜੇਕਰ ਉਹ ਕੈਨੇਡਾ ਨਾ ਆਉਂਦਾ ਤਾਂ ਮਦਨ ਲਾਲ ਹਸੀਜਾ ਦੀ ਥਾਂ ਉਸ ਪੰਜਾਬੀ ਭਾਸ਼ਾ ਵਿਭਾਗ ਦਾ ਡਾਇਰੈਕਟਰ ਹੋਣਾ ਸੀ। ਉਸ ਨੇ ਭਾਸ਼ਾ ਵਿਭਾਗ ਭਾਵੇਂ ਸੱਤਰਵਿਆਂ ਦੇ ਸ਼ੁਰੂ ਵਿਚ ਹੀ ਛੱਡ ਦਿੱਤਾ ਸੀ ਪਰ ਭਾਸ਼ਾ ਦਾ ਉਹ ਹਮੇਸ਼ਾ ਰਚੈਇਤਾ ਅਤੇ ਵਿਕਰੇਤਾ ਰਿਹਾ ਹੈ। ਉਸ ਨੇ ਭਾਸ਼ਾ ਸਿਰੋਂ ਆਪ ਰੋਟੀ ਖਾਧੀ ਵੀ ਹੈ ਅਤੇ ਚੁਬਾਰੇ ਪਧਾਰਨ ਵਾਲਿਆਂ ਨੂੰ ਰੋਟੀ ਬੋਤਲ ਵਿਚ ਬੰਦ ਕਰ ਕੇ ਪਿਆਈ ਵੀ ਹੈ। ਉਹ ਅਨੁਵਾਦਕ ਵੀ ਹੈ ਅਤੇ ਬਹੁਭਾਸ਼ੀਆ ਵੀ ਪਰ ਬਹੁਰੂਪੀਆ ਨਹੀਂ।
ਉਸ ਦੇ ਘਰ ਵਿਚ ਸਾਹਿਤਕਾਰਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇਹ ਲੇਖਕ ਉਰਦੂ ਦੇ ਵੀ ਹੋ ਸਕਦੇ ਹਨ ਅਤੇ ਪੰਜਾਬੀ ਦੇ ਵੀ। ਹਿੰਦੀ ਦੇ ਵੀ ਅਤੇ ਅੰਗਰੇਜ਼ੀ ਦੇ ਵੀ। ਉਸ ਨੂੰ ਮਾੜੀ ਮੋਟੀ ਫਰੈਂਚ ਵੀ ਆਉਂਦੀ ਹੈ। ਇਹ ਉਸ ਪੈਰਿਸ ਜਾਣ ਤੇ ਬੁੱਤਾ ਸਾਰਨ ਲਈ ਰੱਖੀ ਹੋਈ ਹੈ। ਪੰਜਾਬ ਵਿਚ ਉਹ ਕੈਨੇਡਾ ਨਾਲੋਂ ਵੀ ਵੱਧ ਜਾਣਿਆ ਜਾਂਦਾ ਹੈ, ਭਾਵੇਂ ਉਹ ਆਪ ਪੰਜਾਬ ਘੱਟ ਵੱਧ ਹੀ ਜਾਂਦਾ ਹੈ। ਉਸ ਦਾ ਮੇਲ ਮਿਲਾਪ ਜਲੰਧਰ ਦੀ ‘ਮਿਲਾਪ’ ਅਖਬਾਰ ਨਾਲੋਂ ਵੀ ਵੱਧ ਮਸ਼ਹੂਰ ਹੈ। ਉਹ ਲਿਖਦਾ ਘਟ ਹੈ ਪਰ ਸਾਹਿਤਕਾਰੀ ਵੱਧ ਜਿਊਂਦਾ ਹੈ। ਕਦੇ-ਕਦੇ ਉਸ ਨੂੰ ਖੁਦ ਵੀ ਹੈਰਾਨੀ ਹੁੰਦੀ ਹੈ ਕਿ ਉਹ ਕੀ ਹੈ? ਵਾਰਤਾਕਾਰ, ਕਵੀ, ਕਹਾਣੀਕਾਰ, ਪੱਤਰਕਾਰ ਜਾਂ ਕਲਮਾਂ ਦੇ ਕਾਫਲੇ ਦਾ ਕੋਆਰਡੀਨੇਟਰ। ਅਸਲ ਵਿਚ ਉਹ ਇਨ੍ਹਾਂ ਸਭਨਾਂ ਵਿਧਾਵਾਂ ਦਾ ਰਲਾ-ਮਿਲਾ ਹੈ। ਉਸ ਵਿਚ ਕੰਪਿਊਟਰ ਵੀ ਬੋਲਦਾ ਹੈ, ਮਾਰਕਸ ਵੀ ਅਤੇ ਆਲਟਰਨੇਟ ਮੀਡੀਆ ਵੀ। ਬਹੁਤਾ ਉਸ ਵਿਚ ਊਲ-ਜਲੂਲ ਬੋਲਦਾ ਹੈ ਜਿਸ ਦੀਆਂ ਜੜ੍ਹਾਂ ਕਦੇ ਜੈਕ ਕੈਰੂਆਕ ਦੀਆਂ ਯਾਤਰਾਵਾਂ ਵਿਚ ਜਾ ਲਗਦੀਆਂ ਹਨ ਅਤੇ ਕਦੇ ਸੈਮੂਅਲ ਬੈਕਟ ਦੇ ਐਬਸਰਡ ਨਾਟਕਾਂ ਵਿਚ। ਉਹ ਪੜ੍ਹਦਾ ਬਹੁਤ ਹੈ ਪਰ ਜਦ ਤੋਂ ਉਸ ਨੂੰ ਕੁਝ ਉਚਾ ਸੁਣਨ ਲੱਗਾ ਹੈ ਤਾਂ ਉਸ ਪੜ੍ਹਨਾ ਘੱਟ ਅਤੇ ਸੁਣਨਾ ਵੱਧ ਸ਼ੁਰੂ ਕਰ ਦਿੱਤਾ ਹੈ। ਉਹ ਰੇਡੀਓ ਸੁਣਦਾ-ਸੁਣਦਾ ਸੌਂ ਜਾਂਦਾ ਹੈ ਅਤੇ ਫਿਰ ਰੇਡੀਓ ਦੇ ਖੜਾਕ ਨਾਲ ਹੀ ਜਾਗ ਜਾਂਦਾ ਹੈ। ਉਹ ਰੇਡੀਓ ਬੰਦ ਨਹੀਂ ਕਰਦਾ, ਬੱਸ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ। ਕੰਨਾਂ ਨੂੰ ਬੰਦ ਕਰਨ ਦੀ ਅੱਜਕੱਲ੍ਹ ਉਸ ਨੂੰ ਲੋੜ ਮਹਿਸੂਸ ਨਹੀਂ ਹੁੰਦੀ।
ਕਈ ਸਾਲਾਂ ਤੋਂ ਉਹ ‘ਪੰਜਾਬੀ ਕਲਮਾਂ ਦਾ ਕਾਫਲਾ’ ਦਾ ਕੋਆਰਡੀਨੇਟਰ ਹੈ। ‘ਕਲਮਾਂ ਦਾ ਕਾਫਲਾ’ ਉਸ ਕਰ ਕੇ ਬਚਿਆ ਹੋਇਆ ਹੈ ਅਤੇ ਉਹ ‘ਕਾਫਲੇ’ ਕਰ ਕੇ। ਹਰ ਮਹੀਨੇ ਉਹ ਗੁਰਦੁਆਰੇ ਦੇ ਭਾਈ ਵਾਂਗ ਅੰਗਰੇਜ਼ੀ ਵਿਚ ਆਪਣਾ ਸੰਗਰਾਂਦੀ ਫਰਮਾਨ ਜਾਰੀ ਕਰਦਾ ਹੈ ਅਤੇ ਹਰ ਮਹੀਨੇ ਕੱਛ ਵਿਚ ਕਾਪੀ ਲਈ ਮਾਲਟਨ ਦੇ ਕਮਿਊਨਿਟੀ ਹਾਲ ਵਿਚ ਬਾਦਸਤੂਰ ਪਹੁੰਚ ਜਾਂਦਾ ਹੈ। ਉਹ ਆਪਣੀ ਕਾਰ ਵਿਚ ਹਮੇਸ਼ਾ ਕੋਈ ਨਾ ਕੋਈ ਮੇਰੇ ਵਰਗਾ ਬੇ-ਕਾਰ ਬੰਦਾ ਆਪਣੇ ਨਾਲ ਜ਼ਰੂਰ ਲਿਆਉਂਦਾ ਹੈ।
ਉਹ ਉਰਦੂ ਦੇ ਜ਼ਮਾਨੇ ਦਾ ਹੈ। ਕਦੇ ਉਰਦੂ ਵਿਚ ਸ਼ਿਅਰ ਕਹਿੰਦਾ ਵੀ ਰਿਹਾ ਹੈ। ਜਦ ਸੂਫ ਵਾਲੀ ਸਿਆਹੀ ਮੁੱਕ ਗਈ ਤਾਂ ਉਹ ਪੰਜਾਬੀ ਵਿਚ ਕਲਮ ਘਸੀਟਣ ਲੱਗ ਪਿਆ। ਹਰ ਪੰਜਾਬੀ ਵਾਂਗ ਉਹ ਕਵਿਤਾ ਤੋਂ ਹੀ ਕੁਝ ਹੋਰ ਲਿਖਣ ਜਾਂ ਨਾ ਲਿਖਣ ਵਲ ਗਿਆ ਹੈ। ਪਿੱਛੇ ਜਿਹੇ ਆਟਵਾ ਵਿਚ ਅਮਰਜੀਤ ਸਾਥੀ ਵਲੋਂ ਕਰਾਏ ਦੋਭਾਸ਼ੀ ਕਵੀ ਦਰਬਾਰ ਵਿਚ ਉਸ ਆਪਣੀ ਨਵੀਂ ਲਿਖੀ ਨਜ਼ਮ ਸੁਣਾਈ ਸੀ ਜਿਸ ਦਾ ਨਾਂ ਸੀ ‘ਇਕ ਅਸਫਲ ਕਵੀ ਦੀ ਕਵਿਤਾ’। ਅਸਲ ਵਿਚ ਇਹ ਕਵਿਤਾ ਆਧੁਨਿਕ ਜ਼ਿੰਦਗੀ ‘ਤੇ ਵਿਅੰਗ ਕੱਸਦੀ ਸੀ।
ਉਸ ਦੇ ਲੇਖ ‘ਪਰਵਾਸੀ’ ਅਤੇ ਕਦੇ-ਕਦੇ ਹੋਰਨਾਂ ਅਖਬਾਰਾਂ ਵਿਚ ਪੜ੍ਹੇ ਜਾ ਸਕਦੇ ਹਨ। ਅਕਸਰ ਉਹ ਅਮਰੀਕੀ ਰਾਜਨੀਤੀ ‘ਤੇ ਵਿਅੰਗ ਕੱਸਦਾ ਹੈ। ਉਸ ਨੂੰ ਅਮਰੀਕੀ ਏਕਾਧਿਕਾਰ ਪਸੰਦ ਨਹੀਂ। ਉਹ ਰਾਜਸੀ ਬਹੁ-ਧਰੁਵੀਕਰਨ ਦਾ ਹਮਾਇਤੀ ਹੈ ਅਤੇ ਗਲੋਬਲੀਕਰਨ ਦਾ ਵਿਰੋਧੀ। ਉਹ ਦਰਖਤਾਂ ਨਾਲ ਖਲੋਤਾ ਹੈ, ਦਰੱਖਤ ਕੱਟਣ ਵਾਲਿਆਂ ਨਾਲ ਨਹੀਂ। ਉਹ ਧੂੰਏਂ ਦਾ ਵਿਰੋਧੀ ਹੈ, ਧੁਆਂਖੀਆਂ ਅੱਖਾਂ ਦਾ ਨਹੀਂ। ਉਹ ਰੱਬ ਵੱਲ ਨਹੀਂ, ਬੰਦੇ ਵੱਲ ਹੈ ਅਤੇ ਉਸ ਦੀ ਰੱਬੀਅਤ ਵੱਲ। ਉਹ ਸੇਮ ਸੈਕਸ ਮੈਰਿਜ ਦੇ ਵਿਰੁਧ ਨਹੀਂ। ਉਹ ਉਨ੍ਹਾਂ ਨਵੀਆਂ ਰਵਾਇਤਾਂ ਦੇ ਹੱਕ ਵਿਚ ਹੈ ਜਿਹੜੀਆਂ ਪੁਰਾਣੀਆਂ ਜਰਜਰ ਰਵਾਇਤਾਂ ਦੀ ਥਾਂ ਲੈਂਦੀਆਂ ਹਨ। ਉਹ ਲਕੀਰ ਦਾ ਫਕੀਰਚੰਦ ਨਹੀਂ। ਉਹ ਭਾਸ਼ਾ ਦੀ ਸ਼ੁਧਤਾ ਲਈ ਸੰਘਰਸ਼ਸ਼ੀਲ ਹੈ। ਗੋਲਮੋਲ ਭਾਸ਼ਾ ਦਾ ਉਹ ਦੁਸ਼ਮਣ ਹੈ ਪਰ ਔਰਤੀ ਗੁਲਾਈਆਂ ਦਾ ਪੂਰਾ ਧੰਨਾ ਭਗਤ।
ਉਹ ਕਲਾ ਦਾ ਕਾਦਰ ਯਾਰ ਹੈ। ਉਹ ਆਪਣਾ ਬੁਢਾਪਾ ਭੁੱਲਣ ਲਈ ਸੁਰਜਨ ਜ਼ੀਰਵੀ ਵਰਗੇ ਜਵਾਨ ਮਿੱਤਰਾਂ ਦੀ ਸੰਗਤ ਵਿਚ ਰਹਿਣਾ ਪਸੰਦ ਕਰਦਾ ਹੈ। ਉਸ ਦੀ ਕਲਾਕਾਰਾਂ ਨਾਲ ਬਹੁਤ ਨਿਭਦੀ ਹੈ। ਯੰਗੋ ਵਰਮਾ ਤਾਂ ਉਸ ਦੀ ਸ਼ਾਮ ਦੀ ਸੈਰ ਦਾ ਸਾਥੀ ਬਣ ਗਿਆ ਹੈ। ਸੈਰ ਲਈ ਦੋਹਾਂ ਨੇ ਇਕੋ ਦੁਕਾਨ ਤੋਂ ਇਕੋ ਜਿਹੇ ਢਾਂਗੂ ਖਰੀਦ ਲਏ ਹਨ। ਚੀਮਾ ਢਾਂਗੂ ਆਪਣੀ ਕਾਰ ਵਿਚ ਰੱਖਦਾ ਹੈ ਅਤੇ ਯੰਗੋ ਚੀਮਾ ਦੀ ਕਾਰ ਵਿਚ, ਜਾਂ ਆਪਣੇ ਪੇਕੇ ਘਰ ਵਿਚ। ਦੋਵੇਂ ਸਟੋਰਾਂ ਵਿਚ ਜਾਂ ਘਰਾਂ ਦੀਆਂ ਸੜਕਾਂ ਦੁਆਲੇ ਹੌਂਕਦੇ ਹੋਏ ਨਿੱਕੇ-ਨਿੱਕੇ ਚੱਕਰ ਲਗਾਉਂਦੇ ਹਨ ਅਤੇ ਵੱਡੇ-ਵੱਡੇ ਦਮਗਜ਼ੇ ਮਾਰਦੇ ਹਨ। ਦੋਹਾਂ ਵਿਚ ਉਨ੍ਹਾਂ ਦੇ ਗੰਜੇ ਸਿਰਾਂ ਅਤੇ ਛੜੀ ਛਟਾਂਕ ਜ਼ਿੰਦਗੀ ਤੋਂ ਬਗੈਰ ਹੋਰ ਕੁਝ ਵੀ ਸਾਂਝਾ ਨਹੀਂ। ਦਾੜ੍ਹੀ ਪੱਖੋਂ ਤਾਂ ਯੰਗੋ ਬਲਰਾਜ ਲਗਦਾ ਹੈ ਅਤੇ ਚੀਮਾ ਯੰਗੋ। ਯੰਗੋ ਸਭਿਆ ਭਾਸ਼ਾ ਦੀ ਜਹੀ-ਤਹੀ ਫੇਰਦਾ ਹੈ ਅਤੇ ਚੀਮਾ ਖੁਦ ਸਭਿਅਤਾ ਦੀ। ਪਾਠ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਸ਼ਰਧਾ ਨਾਲ ਲੰਗਰ ਪਾਣੀ ਛਕਦੇ ਹਨ।
ਚਾਚੇ ਚੀਮੇ ਦੇ ਚੁਬਾਰੇ ਬਾਰੇ ਛੋਟੀ ਜਿਹੀ ਕਵਿਤਾ,
ਚਾਚੇ ਚੀਮੇ ਦਾ ਚੁਬਾਰਾ, ਸਾਰੇ ਜੱਗ ਤੋਂ ਨਿਆਰਾ।
ਬੇਘਰਿਆਂ ਦਾ ਸਹਾਰਾ, ਦਿੱਸੇ ਮਿਸੀਸਾਗਾ ਸਾਰਾ।
ਸਾਰਾ ਦਿਨ ਕਿਰਨੋ ਕਿਰਨੀ, ਸਾਰੀ ਰਾਤ ਤਾਰਾ ਤਾਰਾ।
ਚੀਮਾ ਆਪ ਛੜਾ ਛਾਂਟ, ਪਰ ਹੈ ਪੁੱਤ ਪੋਤਿਆਂ ਵਾਲਾ।
ਉਸ ਦਾ ਚੁਬਾਰਾ ਭਾਵੇਂ ਦੂਰ, ਉਸ ਦੀ ਕਾਰ ਬੜੀ ਨੇੜੇ।
22 ਮੰਜ਼ਲਾਂ ਇਹ ਉੱਚਾ ਲੱਗੇ ਚਾਨਣ ਮੁਨਾਰਾ।
ਇਹਦੀ ਪਹੁੰਚ ਸੁਵਰਗੀ, ਜਿਵੇਂ ਨਦੀ ਦਾ ਕਿਨਾਰਾ।
ਚਾਚੇ ਚੀਮੇ ਦਾ ਚੁਬਾਰਾ, ਨਿਰਾ ਛੱਜੂ ਦਾ ਚੁਬਾਰਾ।