ਖੇਡ ਦੀ ਖੇਡ

ਅਵਤਾਰ ਗੋਂਦਾਰਾ
“ਨੱਪ ਕੇ ਰੱਖੀਂ…ਮਸਲ ਦੇ ਏਨੂੰ…ਬਾਹਲਾ ਤਿੜਿਆ ਸੀ”, ਇੱਕ ਜਾਫੀ ਛੁਟਣ ਲਈ ਤਰਲੋ ਮੱਛੀ ਹੋਈ ਜਾ ਰਹੇ ਰੇਡਰ ਨੂੰ ਢਾਹੀ ਬੈਠਾ ਹੈ ਅਤੇ ਉਸ ਦੇ ਹਮਾਇਤੀ ਹੱਲਾਸ਼ੇਰੀ ਦੇ ਰਹੇ ਹਨ। ਦਾਇਰੇ ਤੋਂ ਬਾਹਰ ਖੜੇ ਦਰਸ਼ਕਾਂ ਦਾ ਪੂਰਾ ਜੋਰ ਲੱਗ ਰਿਹਾ ਹੈ। ਕਬੱਡੀ ਦਾ ਮੈਚ ਹੈ, ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਗਰਾਊਂਡ ਵਿਚ ਪੰਜਾਬੀ ਮੁੰਡੇ, ਗੱਭਰੂ, ਬਜੁਰਗ ਪੱਬਾਂ ਭਾਰ ਖੜੇ ਦੇਖ ਰਹੇ ਹਨ। ਪ੍ਰਬੰਧਕਾਂ ਦੇ ਲਾਏ ਛੋਲੇ-ਭਠੂਰਿਆਂ ਦੇ ਲੰਗਰ ‘ਚ ਵੀ ਚਹਿਲ-ਪਹਿਲ ਹੈ ਅਤੇ ਕੁਲਫੀਆਂ ਵਾਲੇ ਨੇ ਵੀ ਮਾਹੌਲ ਵਿਚ ਮਿਠਾਸ ਘੋਲੀ ਹੋਈ ਹੈ। ਕਈ ਪਾਸੇ ਖੜੇ ਢਾਣੀਆਂ ਬਣਾ ਕੇ ਤਬਸਰਾ ਕਰ ਰਹੇ ਹਨ, ਕਿਤੇ ਕਿਤੇ ਕਬੱਡੀ ਦੇ ਮੈਦਾਨ ਵਿਚ ਪੈਂਦਾ ਰੌਲਾ ਉਨ੍ਹਾਂ ਦਾ ਧਿਆਨ ਖਿਚਦਾ ਹੈ। ਇਹ ਟੂਰਨਾਮੈਂਟ ਘੱਟ, ਮੇਲਾ ਵੱਧ ਲੱਗਦਾ ਹੈ। ਗਰਾਂਈ, ਰਿਸ਼ਤੇਦਾਰ, ਪੁਰਾਣੇ ਯਾਰ ਬੇਲੀ, ਜਮਾਤੀ ਅਤੇ ਹਮ ਖਿਆਲ ਦਾ ਮੇਲ-ਜੋਲ ਹੋ ਰਿਹਾ ਹੈ। ਅੱਖ ਬਚਾਉਂਦਿਆਂ, ਪਾਰਕਿੰਗ ਵਿਚ ਜਾ ਕੇ, ਕਈ ਨਿੱਕਾ ਨਿੱਕਾ ਹਾੜਾ ਵੀ ਲਾ ਰਹੇ ਹਨ। ਬੇਸ਼ੱਕ ਇਸ ਥਾਂ ਪੀਣ ‘ਤੇ ਪਾਬੰਦੀ ਹੈ।

ਪ੍ਰਬੰਧਕਾਂ ਨੇ ਨਾਂ ਵੀ ਠੀਕ ਹੀ ਰੱਖਿਆ ਹੈ, ਕਬੱਡੀ-ਮੇਲਾ। ਮੇਰਾ ਦੋਸਤ ਅਤੇ ਜਮਾਤੀ ਸੰਤੋਖ ਮਿਨਹਾਸ ਕਹਿੰਦਾ, “ਹੁਣ ਖੇਡਾਂ ਖੇਡਾਂ ਨਹੀਂ ਰਹੀਆਂ, ਇਹ ਵਪਾਰ ਬਣ ਗਈਆਂ ਹਨ, ਇੱਕ ਪੇਸ਼ਾ। ਖਿਡਾਰੀ ਖੇਡਣ ਲਈ ਪੈਸੇ ਲੈਂਦੇ ਹਨ ਅਤੇ ਇਨਾਮ ਵਿਚ ਮਿਲਣ ਵਾਲੀ ਸ਼ੀਲਡ ਜਾਂ ਕੱਪ ਨਾਲੋਂ ਅੱਖ ਮਿਲਣ ਵਾਲੀ ਰਾਸ਼ੀ ‘ਤੇ ਹੁੰਦੀ ਹੈ।” ਕੋਲ ਖੜਾ ਗੀਤਕਾਰ ਹਰਜਿੰਦਰ ਕੰਗ ਹਮੇਸ਼ਾ ਵਾਂਗ ਟੋਟਕਾ ਸੁਣਾ ਕੇ ਉਸ ਦੀ ਪੁਸ਼ਟੀ ਕਰਦਾ ਹੈ। ਕੰਗ ਕਹਿੰਦਾ, “ਇੱਕ ਵਾਰ ਕਬੱਡੀ ਦੇ ਮੈਚ ਵਿਚ, ਇੱਕੋ ਖਿਡਾਰੀ ਆ ਖੜਾ ਹੋਇਆ। ਵਿਰੋਧੀ ਟੀਮ ਕਹਿੰਦੀ, ‘ਬਾਕੀ ਖਿਡਾਰੀ ਲਿਆ।’ ਉਹ ਕਹਿੰਦਾ, ‘ਲਿਆਉਣ ਦੀ ਲੋੜ ਨਹੀਂ, ਥੋਡੇ ‘ਚੋਂ ਹੀ ਲੈ ਲੈਣੇ ਹਨ।’ ਵਿਰੋਧੀਆਂ ਨੇ ਇਤਰਾਜ ਕੀਤਾ ਕਿ ਇਹ ਕਿਵੇਂ ਹੋ ਸਕਦਾ ਹੈ! ਜਦੋਂ ਬੋਲੀ ਸ਼ੁਰੂ ਹੋਈ, ਇੱਕ ਇੱਕ ਕਰਕੇ ਸਾਰੇ ਖਿਡਾਰੀ ਵਿਕ ਗਏ। ‘ਕੱਲਾ ਤਿਕੜਮਬਾਜ, ਖੜੇ ਪੈਰ ਟੀਮ ਬਣਾ ਕੇ ਪਹਿਲਵਾਨੀ ਗੇੜੇ ਕੱਢਣ ਲੱਗਾ। ਹੁਣ ਖਿਡਾਰੀ ਪਿੰਡ, ਸ਼ਹਿਰ, ਇਲਾਕੇ ਜਾਂ ਮੁਲਕ ਦਾ ਨਾਂ ਉਚਾ ਕਰਨ ਲਈ ਨਹੀਂ ਖੇਡਦੇ, ਪੈਸਾ ਕਮਾਉਣ ਲਈ ਖੇਡਦੇ ਹਨ। ਖੇਡ ਕੋਈ ਹੋਵੇ, ਖਿਡਾਰੀਆਂ ਵਲੋਂ ਪੈਸੇ ਲੈ ਕੇ ਖੇਡਣ ਦੀ ਕੋਈ ਗੱਲ ਲੁਕੀ ਛੁਪੀ ਹੋਈ ਨਹੀਂ ਹੈ। ਇਸ ਮਾਮਲੇ ‘ਚ ਕ੍ਰਿਕਟ ਦਾ ਨਾਂ ਸੱਰੇ-ਫਰਿਸਤ ਹੈ।”
‘ਕੈਲੀਫੋਰਨੀਆ ਕਬੱਡੀ ਫੈਡਰੇਸ਼ਨ’ ਵੱਲੋਂ ਕਰਵਾਏ ਗਏ ਟੂਰਨਾਮੈਂਟ ਦਾ ਆਖਰੀ ਮੈਚ ਘੁਸਮੁਸੇ ਵਿਚ ਖੇਡਿਆ ਗਿਆ। ਹਮਾਇਤੀਆਂ ਦੇ ਵਾਰ ਵਾਰ ਦਖਲ ਦੇਣ ਨਾਲ ਰੌਲਾ ਪੈ ਰਿਹਾ ਸੀ। ਅਫਰਾ-ਤਫਰੀ ਸੀ। ਪ੍ਰਬੰਧਕ ਅਤੇ ਖਿਡਾਰੀ ਪਾਲੇ ਵਿਚ ਇੰਜ ਫਿਰ ਰਹੇ ਸਨ, ਜਿਵੇਂ ਵਿਆਹ ਵਿਚ ਨਾਨਕਾ ਮੇਲ ਫਿਰਦਾ ਹੋਵੇ। ਸਟੇਕ ਵੱਡਾ ਸੀ, ਜਿੱਤਣ ਵਾਲੀ ਟੀਮ ਨੂੰ ਤੇਰਾਂ ਅਤੇ ਹਾਰਨ ਵਾਲੀ ਟੀਮ ਨੂੰ ਗਿਆਰਾਂ ਹਜਾਰ ਡਾਲਰ ਮਿਲਣੇ ਸਨ।
ਇਨ੍ਹਾਂ ਕਬੱਡੀ ਮੇਲਿਆਂ ਵਿਚ ਅਕਸਰ ਰੈਫਰੀ ਅਤੇ ਕੁਮੈਂਟੇਟਰ ਵਜੋਂ ਹਾਜ਼ਰੀ ਲੁਆਉਂਦੇ ਆ ਰਹੇ ਗੁਰਮੇਲ ਦਿਓਲ ਨੇ ਦੱਸਿਆ ਕਿ ਕਬੱਡੀ ਟੀਮ ਨੂੰ ਤਿਆਰ ਕਰਨ ਲਈ ਤੀਹ ਤੋਂ ਚਾਲੀ ਹਜ਼ਾਰ ਡਾਲਰ ਖਰਚ ਹੋ ਜਾਂਦਾ ਹੈ। ਔਕਾਤ ਮੁਤਾਬਿਕ ਖਿਡਾਰੀ ਤਿੰਨ ਤੋਂ ਦਸ ਹਜਾਰ ਡਾਲਰ ਤੱਕ ਵਸੂਲ ਕਰਦਾ ਹੈ। ਇਹ ਖਿਡਾਰੀ ਘੱਟ ਤੇ ‘ਉਦਮੀ’ ਵੱਧ ਹੁੰਦੇ ਹਨ।
ਬਜੁਰਗਾਂ ਦੀ ਸੋਚ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਵਿਚ ਪਾਓ। ਹੁਣ ਤਾਂ ਉਲਟ ਹੋਇਆ ਪਿਆ ਹੈ, ਪਹਿਲਵਾਨ ਵੀ ਨਸ਼ਾ ਤਸ਼ਕਰੀ ਵਿਚ ਭਾਈਵਾਲ ਬਣੇ ਫਿਰਦੇ ਹਨ। ਖੇਡ ਭਾਵਨਾ ਗਾਇਬ ਹੈ। ਜੇ ਭਾਵਨਾ ਡਾਲਰ ਕਮਾਉਣਾ ਹੋਵੇ ਤਾਂ ਖੇਡ ਖੇਡ ਨਹੀਂ ਰਹਿੰਦੀ, ਵਪਾਰ ਬਣ ਜਾਂਦੀ ਹੈ। ਅਜਿਹੀ ਖੇਡ ਖੇਡਦਿਆਂ ਨਸ਼ੇ ਦੀ ਤਲਬ ਰਹਿੰਦੀ ਹੈ। ਖੇਡ ਆਪਣੇ ਆਪ ਵਿਚ ਨਸ਼ਿਆਉਂਦੀ ਨਹੀਂ। ਹੁਣ ਤਾਂ ਖੇਡਾਂ ਦੇ ਮੁਹਾਵਰਿਆਂ ‘ਚ ਵੀ ਵਿਗਾੜ ਆ ਗਿਆ ਹੈ। ਜੇ ਕਿਸੇ ਦੀ ਲਾਪ੍ਰਵਾਹੀ ‘ਤੇ ਕਿੰਤੂ ਪ੍ਰੰਤੂ ਕਰਨਾ ਹੋਵੇ ਤਾਂ ਆਖੀਦਾ ਹੈ, “ਖੇਡਾਂ ਨਾ ਖੇਡ, ਬੰਦਾ ਬਣ।” ਜੇ ਤੁਹਾਡੇ ਨਾਲ ਕੋਈ ਜਾਣੂ ਠੱਗੀ ਮਾਰ ਜਾਵੇ ਤਾਂ ਅਕਸਰ ਕਿਹਾ ਜਾਂਦਾ ਹੈ, “ਉਹ ਤਾਂ ਖੇਡ ਖੇਡ ਗਿਆ।” ਜੇ ਬੇਧਿਆਨੀ ਵਿਚ ਹੀ ਕੁਝ ਮਾੜਾ ਵਾਪਰ ਜਾਵੇ ਤਾਂ ਬੰਦਾ ਕਹਿੰਦਾ ਹੈ, “ਖੇਡ ਖੇਡ ਵਿਚ ਕੂੰਡਾ ਕਰਵਾ ਲਿਆ।”
ਇਹ ਹੋਈ ਹਮ੍ਹਾਤੜਾਂ ਦੀ ਗੱਲ। ਸਿਆਣੇ ਕੀ ਕਹਿੰਦੇ ਹਨ, ਉਨ੍ਹਾਂ ਦੀ ਵੀ ਸੁਣ ਲਈਏ। ਮਾਰਕ ਟਵੇਨ ਦਾ ਕਹਿਣਾ ਹੈ ਕਿ ਲੋੜ ਲਈ ਕੀਤਾ ਗਿਆ ਕਾਰਜ ‘ਕੰਮ’ ਹੈ, ਅਤੇ ਮੌਜ ਲਈ ਕੀਤਾ ਗਿਆ ‘ਖੇਡ’, ਭਾਵ ਮਨੋਰੰਜਨ ਜਾਂ ਦਿਲ-ਬਹਿਲਾਵੇ ਲਈ ਕੀਤੀ ਸਰਗਰਮੀ ਹੀ ਖੇਡ ਦੀ ਕੋਟੀ ਵਿਚ ਆਉਂਦੀ ਹੈ। ਇਸ ਵਿਚ ਆਪਮੁਹਾਰਤਾ ਹੁੰਦੀ ਹੈ। ਇਸ ਨੂੰ ਕਰਦਿਆਂ ਤਨ, ਮਨ ਖਿੜਦਾ ਹੈ। ਬੰਦੇ ਦੀ ਜ਼ਿੰਦਗੀ ਵਿਚ ਖੇਡ ਸ਼ਾਮਿਲ ਕਿਵੇਂ ਹੋਈ ਤੇ ਕਿਵੇਂ ਉਹ ਆਪਣਾ ਅਸਲ ਮਕਸਦ ਗਵਾ ਬੈਠੀ, ਇਹ ਕਹਾਣੀ ਵੀ ਬੜੀ ਦਿਲਚਸਪ ਹੈ।
ਸਪੈਂਸਰ ਨਾਂ ਦਾ ਵਿਦਵਾਨ ਕਹਿੰਦਾ ਹੈ ਕਿ ਖੇਡ ਦਾ ਮੁੱਖ ਲੱਛਣ ਇਹ ਹੈ ਕਿ ਇਸ ਦਾ ਰੋਟੀ ਰੋਜੀ ਨਾਲ ਕੋਈ ਵਾਸਤਾ ਨਹੀਂ ਹੈ। ਖੇਡਦਿਆਂ ਖਿਡਾਰੀ ਸਾਹਵੇਂ ਕੋਈ ਮਨੋਰਥ ਨਹੀਂ ਹੁੰਦਾ। ਇਹ ਗੱਲ ਠੀਕ ਹੈ ਕਿ ਖੇਡ ਖੇਡਦਿਆਂ ਖਿਡਾਰੀ ਦਾ ਜੁੱਸਾ ਤਕੜਾ ਹੁੰਦਾ ਹੈ ਅਤੇ ਉਸ ਦੀ ਨਸਲ ਨੂੰ ਵੀ ਫਾਇਦਾ ਹੁੰਦਾ ਹੈ। ਬਿੱਲੀ ਜਦੋਂ ਖੁਰਾਕ ਲਈ ਚੂਹੇ ਮਗਰ ਭੱਜਦੀ ਹੈ ਤਾਂ ਇਸ ਵਿਚ ਉਸ ਦਾ ਸੁਆਰਥ ਹੈ, ਪਰ ਇਹੀ ਬਿੱਲੀ ਜਦੋਂ ਖਿੱਦੋਂ ਮਗਰ ਦੌੜਦੀ ਹੈ ਤਾਂ ਖੇਡ ਬਣ ਜਾਂਦੀ ਹੈ। ਸਪੈਂਸਰ ਦਾ ਕਹਿਣਾ ਹੈ ਕਿ ਜੀਵਨ ਨਿਰਭਾਹ ਵਿਚ, ਜੀਵ ਦੀ ਸਾਰੀ ਊਰਜਾ ਖਤਮ ਨਹੀਂ ਹੁੰਦੀ। ਵਾਧੂ ਬਚੀ ਊਰਜਾ ਨੂੰ ਖਾਰਜ ਕਰਨ ਲਈ ਖੇਡ ਦਾ ਵਰਤਾਰਾ ਹੋਂਦ ਵਿਚ ਆਇਆ। ਸ਼ਿਕਾਰੀ ਜਾਨਵਾਰ, ਵਿਹਲੇ ਪਲਾਂ ਵਿਚ ਝੂਠ ਮੂਠ ਦੀ ‘ਲੜਾਈ’ ਤੇ ‘ਸ਼ਿਕਾਰ’ ਕਰਦੇ ਹਨ। ਇਹ ਉਨ੍ਹਾਂ ਦੀ ਖੇਡ ਹੈ।
ਸ਼ਬਦ ਕੋਸ਼ਾਂ ਵਿਚ ਖੇਡ ਦੇ ਪੰਜ ਗੁਣ ਦਰਜ ਹਨ-ਮਨੋਰੰਜਨ, ਲਾਲਚ ਦੀ ਅਣਹੋਂਦ, ਆਪਮੁਹਾਰਤਾ, ਪ੍ਰਤੀਬੱਧਤਾ ਅਤੇ ਦੋਸਤਾਨਾ ਵਿਰੋਧ। ਜੇ ਇਨ੍ਹਾਂ ਵਿਚੋਂ ਇੱਕ ਵੀ ਗੈਰਹਾਜ਼ਰ ਹੋਵੇ, ਤਾਂ ਸਰਗਰਮੀ ਖੇਡ ਦੇ ਘੇਰੇ ਤੋਂ ਬਾਹਰ ਚਲੀ ਜਾਂਦੀ, ਖੇਡ ਨਹੀਂ ਰਹਿੰਦੀ। ਮਨੋਵਿਗਿਆਨੀ ਕਹਿੰਦੇ ਹਨ, ਖੇਡ ਰਾਹੀਂ ਕਈ ਮੂਲ ਪ੍ਰਵਿਰਤੀਆਂ ਦੀ ਖਲਾਸੀ ਹੁੰਦੀ ਹੈ। ਸਾਡੀ ਕਿਲਰ ਇੰਸਟਿਕਟ ਦੀ ਖੇਡ ਰਾਹੀਂ ਕਾਇਆ ਕਲਪ ਹੋ ਜਾਂਦੀ ਹੈ। ਕ੍ਰੋਧ ਅਤੇ ਗੁੱਸੇ ਦੀ ਊਰਜਾ, ਖੇਡ ਵਿਚ ਸਦਗੁਣ ਹੋ ਨਿਬੜਦੀ ਹੈ। ਇਨ੍ਹਾਂ ਪ੍ਰਵਿਰਤੀਆਂ ਤੋਂ ਵਿਰਵੇ ਖਿਡਾਰੀ ਚੰਗੇ ਰੇਡਰ ਤੇ ਜਾਫੀ ਨਹੀਂ ਬਣ ਸਕਦੇ। ਦਰਸ਼ਕਾਂ ਦੇ ਮਨਾਂ ਵਿਚ ਦੱਬਿਆ ਹੋਇਆ ਗੁੱਸਾ ਅਤੇ ਕ੍ਰੋਧ, ਖਿਡਾਰੀਆਂ ਦੀਆਂ ਝੜਪਾਂ ਵੇਖ ਕੇ ਰਿਸ ਜਾਂਦਾ ਹੈ। ਉਹ ਨਿੱਸਲ ਹੋ ਜਾਂਦੇ ਹਨ। ਫਰੀਦਕੋਟ ਨੇੜਲੇ ਪਿੰਡ ਕੰਮੇਆਣਾ ਵਿਚ ਸੀਲ ਕੁੱਕੜਾਂ ਦੀ ਲੜਾਈ ਦੇਖਣ ਵਾਲੀ ਹੁੰਦੀ ਸੀ। ਕੁੱਕੜ ਤੜਾਂ ਮਾਰ ਰਹੇ ਹਨ। ਉਨ੍ਹਾਂ ਦੀਆਂ ਕਲਗੀਆਂ ਲਹੂ ਲੁਹਾਨ ਹਨ। ਘੇਰਾ ਬਣਾਈ ਬੈਠੇ, ਦਰਸ਼ਕ ਪੱਬਾਂ ਭਾਰ, ਸਪਰਿੰਗਾਂ ਵਾਂਗ ਬੁੜਕ ਰਹੇ ਹਨ। ਕੁੱਕੜਾਂ ਨਾਲੋਂ ਉਨ੍ਹਾਂ ਦਾ ਜੋਰ ਵੱਧ ਲੱਗ ਰਿਹਾ ਹੈ। ਇਸੇ ਪ੍ਰਵਿਰਤੀ ਦੇ ਧੱਕੇ ਅਸੀਂ ਸ਼ੱਤਰਿਆਂ ਦੇ ਹਿੰਸਕ ਭੇੜ ਨੂੰ ਖੇਡ ਬਣਾ ਲਿਆ ਹੈ।
ਖੇਡ ਮੇਲਿਆਂ ਵਿਚ ਸਾਡੀ ‘ਇੱਜੜ ਭੁੱਖ’ ਵੀ ਤੁਸ਼ਟ ਹੁੰਦੀ ਹੈ। ਮੇਲੇ ਇਕੱਲ ਦੀ ਕੰਧ ਢਾਹੁੰਦੇ ਹਨ। ਲੋਕਾਂ ਦੀ ਭੱਜ-ਦੌੜ ਬਾਰੇ, ਤਾਲਸਤਾਏ ਦੇ ਹਵਾਲੇ ਨਾਲ, ਇਸ ਮੇਲੇ ਵਿਚ ਆਏ ਪ੍ਰਿੰ. ਸਰਵਣ ਸਿੰਘ ਨੇ ਕਹਾਣੀ ਸੁਣਾਈ। ਉਹ ਬੋਲੇ, “ਕਾਲਜ ਪੜ੍ਹਦਿਆਂ ਤਾਲਸਤਾਏ ਦੀ ਕਹਾਣੀ ਪੜ੍ਹੀ, ‘੍ਹੋੱ ੁੰਚਹ .ਅਨਦ ਧੋਸe ਅ ੰਅਨ ਨeeਦ’, ਇੱਕ ਕਿਸਾਨ ਕੋਲ ਦਸ ਕਿੱਲੇ ਜਮੀਨ ਸੀ। ਸਾਰਾ ਟੱਬਰ ਕੰਮ ਕਰਦਾ। ਗੁਜਾਰਾ ਹੋਈ ਜਾਂਦਾ ਸੀ। ਹੌਲੀ ਹੌਲੀ ਨਾਲ ਲਗਦੀ ਜਮੀਨ ਖਰੀਦਣੀ ਸ਼ੁਰੂ ਕਰ ਦਿੱਤੀ। ਸੌ ਕਿਲਾ ਬਣਾ ਲਿਆ। ਨਾਲ ਸਾਧਾਂ ਦਾ ਡੇਰਾ ਸੀ। ਸਾਧ ਕਹਿੰਦੇ ਕਿੰਨੀ ਜਮੀਨ ਚਾਹੀਦੀ ਹੈ। ਕਿਸਾਨ ਕਹਿੰਦੇ ਜਿੰਨੀ ਮਰਜੀ ਦੇ ਦਿਓ। ਸਾਧ ਕਹਿੰਦੇ, “ਤੂੰ ਆਵਦੇ ਵਾਲੀ ਸਾਨੂੰ ਦੇ ਦੇ ਅਸੀਂ ਡੇਰਾ ਬਣਾ ਲੈਂਦੇ ਹਾਂ, ਤੇ ਡੇਰੇ ਵਾਲੀ ਜਮੀਨ ‘ਚੋਂ ਜਿੰਨੀ ਮਰਜੀ ਵਲ ਲਈਂ।” ਕਿਸਾਨ ਨੂੰ ਲੱਗਿਆ, ਸਾਧ ਕਮਲੇ ਆ। ਮੈਂ ਤਾਂ ਸ਼ਾਮ ਨੂੰ ਹਜਾਰਾਂ ਏਕੜ ਵਲ ਦੇਣੇ ਆ। ਉਨ੍ਹਾਂ ਨੇ ਇੱਕ ਸ਼ਰਤ ਲਾਈ ਕਿ ਦਿਨ ਚੜ੍ਹਦੇ ਤੋਂ ਲੈ ਕੇ ਛਿੱਪਣ ਤੱਕ ਜਿਥੋਂ ਤੁਰਿਆ ਸੀ, ਉਥੇ ਮੁੜ ਕੇ ਆਉਣਾ ਪਊ, ਨਹੀਂ ਤਾਂ ਤੇਰਾ ਸੌ ਕਿਲਾ ਸਾਡਾ। ਕਿਸਾਨ ਕਹਿੰਦਾ, ਠੀਕ ਹੈ। ਪਹਿਲਾਂ ਤਾਂ ਉਸ ਨੂੰ ਸਾਰੀ ਰਾਤ ਨੀਂਦ ਨਾ ਆਈ। ਮੂੰਹ ਹਨੇਰੇ ਹੀ ਉਠ ਕੇ ਬੈਠ ਗਿਆ। ਸ਼ੂਟ ਵਟ ਕੇ ਭੱਜਿਆ। ਸਾਧ ਕਹਿੰਦੇ, ਡੱਕਾ ਸਿੱਟਦਾ ਜਾਈਂ, ਵੱਟ ਪਾਉਣੀ ਸੁਖਾਲੀ ਰਹੂ। ਕਿਸਾਨ ਭੱਜਿਆ ਜਾਂਦੈ, ਜਮੀਨ ਚੰਗੀ ਆਉਂਦੀ ਗਈ, ਉਹਦੀ ਤਮਾ ਵਧਦੀ ਗਈ। ਭੁੱਖਾ, ਥੱਕਿਆ ਭੱਜਿਆ ਜਾ ਰਿਹਾ ਹੈ। ਦਿਨ ਢਲੇ ਉਹ ਡਿੱਗਦਾ ਡਹਿੰਦਾ ਸ਼ੁਰੂ ਵਾਲੇ ਥਾ ‘ਤੇ ਆ ਗਿਆ। ਸਾਧ ਕਹਿੰਦੇ, ਬਹੁਤ ਬਹੁਤ ਵਧਾਈ, ਇਹ ਜਮੀਨ ਤੇਰੀ ਹੋਈ। ਉਹ ਏਨਾ ਥੱਕ ਗਿਆ ਕਿ ਨਿਢਾਲ ਹੋ ਕੇ ਭੁੰਜੇ ਡਿੱਗ ਪਿਆ ਤੇ ਪ੍ਰਾਣ ਤਿਆਗ ਦਿੱਤੇ। ਉਸ ਲਈ ਕਬਰ ਪੁੱਟੀ ਗਈ। ਸੱਥਰ ‘ਤੇ ਬੈਠੇ ਸੋਗੀ ਗੱਲਾਂ ਕਰਦੇ ਆ ਕਿ ਉਸ ਨੂੰ ਜਮੀਨ ਤਾਂ ਏਨੀ ਕੁ ਚਾਹੀਦੀ ਸੀ, ਉਹ ਕਾਹਦੇ ਪਿੱਛੇ ਭੱਜਿਆ ਫਿਰਿਆ। ਸਾਡੇ ਪ੍ਰੋਫੈਸਰ ਨੇ ਕਹਾਣੀ ਦਾ ਸਿੱਟਾ ਕੱਢਿਆ ਕਿ ਬੰਦੇ ਦੀ ਲੋੜ ਸਿਰਫ ‘ਸਾਢੇ ਤਿੰਨ ਹੱਥ’ ਜਮੀਨ ਹੈ, ਜੋ ਕਬਰ ਲਈ ਚਾਹੀਦੀ ਹੈ।
ਕੁਝ ਚਿਰ ਬਾਅਦ ਗੋਰਕੀ ਦੀ ਟਿੱਪਣੀ ਪੜ੍ਹਨ ਦਾ ਮੌਕਾ ਮਿਲਿਆ, ਉਸ ਨੇ ਕਿਹਾ, ਕਹਾਣੀ ਇਹ ਸੁਨੇਹਾ ਨਹੀਂ ਦਿੰਦੀ। ਉਸ ਨੇ ਕਿਹਾ ਇਹ ਕਹਾਣੀ ਕਹਿੰਦੀ ਹੈ ਕਿ ਮਰੇ ਬੰਦੇ ਨੂੰ ‘ਸਾਢੇ ਤਿੰਨ ਹੱਥ’ ਤੇ ‘ਜਿਉਂਦੇ ਬੰਦੇ ਨੂੰ’ ਸਾਰੀ ਧਰਤੀ ਚਾਹੀਦੀ ਹੈ। ਫਿਰ ਇੱਕ ਹੋਰ ਵਿਦਵਾਨ ਦੀ ਲਿਖਤ ਮਿਲੀ, ਜਿਸ ਨੇ ਕਿਹਾ ਕਿ ਗੋਰਕੀ ਦੀ ਗੱਲ ਵੀ ਠੀਕ ਨਹੀਂ। ਕਹਾਣੀ ਚੱਜ ਨਾਲ ਪੜ੍ਹੋ। ਇਹ ਗੱਲ ਨਹੀਂ ਦੱਸਦੀ ਕਿ ਬੰਦੇ ਨੂੰ ‘ਸਾਢੇ ਤਿੰਨ ਹੱਥ ਜਮੀਨ’ ਚਾਹੀਦੀ ਹੈ, ਇਹ ਵੀ ਨਹੀਂ ਦੱਸਦੀ ਕਿ ਸਾਰੀ ਚਾਹੀਦੀ ਹੈ। ਉਹ ਕਹਿੰਦਾ, ਬੰਦੇ ਨੂੰ ਦੋਨੋਂ ਚੀਜਾਂ ਨਹੀਂ ਚਾਹੀਦੀਆਂ। ਪਹਿਲਾ ਪੈਰਾ ਪੜ੍ਹੋ। ਕਿਸਾਨ ਜਿੱਥੋਂ ਤੁਰਿਆ ਸੀ, ਉਸ ਨੇ ਉਥੇ ਪਹੁੰਚਣਾ ਹੈ। ਬੰਦੇ ਦੀ ਲੋਚਾ ਤੇ ਲੋੜਾਂ ਵਿਚ ਟਕਰਾ ਹੈ। ਬੰਦੇ ਦੀਆਂ ਲੋੜਾਂ ਸੀਮਿਤ ਤੇ ਇੱਛਾਵਾਂ ਅਸੀਮ ਹਨ, ਬੰਦੇ ਦਾ ਇਹੀ ਸੰਕਟ ਹੈ, ਜੋ ਕਹਾਣੀ ਦਸਦੀ ਹੈ।
ਉਧਰ ਕੁਮੈਂਟੇਟਰ ਦੀਆਂ ਅਵਾਜਾਂ ਆ ਰਹੀਆਂ ਸਨ ਕਿ ਗੱਭਰੂ ਰੇਡ ‘ਤੇ ਚੱਲਿਆ ਹੈ, ਇੱਕ ਪਾਸੇ ਤੇਰਾਂ ਹਜ਼ਾਰ ਡਾਲਰ ਤੇ ਦੂਜੇ ਪਾਸੇ ਗਿਆਰਾਂ ਹਜ਼ਾਰ ਦਾ ਸੁਆਲ ਹੈ, ਹੁਣ ਨਿੱਤਰੂ ਵੜੇਵੇਂ ਖਾਣੀ…ਕੁੰਢੀਆਂ ਦੇ ਸਿੰਗ ਫਸ ਗਏ…।
ਫਿਰ ਪੁਆਇੰਟ ਪਿਛੇ ਰੌਲਾ ਪੈ ਗਿਆ। ਹਨੇਰਾ ਵਧ ਰਿਹਾ ਸੀ। ਦਰਸ਼ਕ ਖਿੰਡਣੇ ਸ਼ੁਰੂ ਹੋ ਗਏ। ਤਾਲਸਤਾਏ ਦੀ ਕਹਾਣੀ ਦਾ ਥੀਮ ਖੇਡ ਦੇ ਰੌਲੇ ਵਿਚ ਗੁਆਚ ਗਿਆ।