ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ

ਸੰਤੋਖ ਮਿਨਹਾਸ
ਫੋਨ: 559-283-6376
ਕਹਿੰਦੇ ਹਨ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਲਈ ਮਨੁੱਖ ਨੇ ਤਰ੍ਹਾਂ ਤਰ੍ਹਾਂ ਦੇ ਸ਼ੌਕ ਪਾਲੇ ਹੋਏ ਨੇ। ਮਹਿੰਗੇ ਤੋਂ ਮਹਿੰਗੇ, ਅਜੀਬ ਤੋਂ ਅਜੀਬ। ਬਹੁਤ ਸਾਰੇ ਲੋਕਾਂ ਨੂੰ ਆਪਣੇ ਵਿਲੱਖਣ ਸ਼ੌਕਾਂ ਕਰਕੇ ਵਿਸ਼ਵ ਪ੍ਰਸਿੱਧੀ ਵੀ ਮਿਲੀ ਹੈ ਅਤੇ ਕੁਝ ਦੇ ਸ਼ੌਕ ਨੇ ਰੋਜ਼ੀ ਰੋਟੀ ਦੇ ਨਾਲ ਨਾਲ ਚੰਗੇ ਪੈਸੇ ਵੀ ਕਮਾ ਕੇ ਦਿੱਤੇ ਹਨ। ਸ਼ੌਕ ਦੀ ਕੋਈ ਸਮਾਂ ਸੀਮਾ ਨਹੀਂ ਹੰਦੀ। ਆਦਿ ਮਨੁੱਖ ਤੋਂ ਲੈ ਕੇ ਅੱਜ ਦੇ ਮਨੁੱਖ ਤੱਕ ਸਮੇਂ ਦੇ ਨਾਲ ਨਾਲ ਬੰਦੇ ਦੇ ਸ਼ੌਕ ਵੀ ਬਦਲਦੇ ਰਹੇ ਹਨ।

ਸ਼ੌਕ ਸਕੂਨ ਵੀ ਬਣਦਾ ਹੈ ਅਤੇ ਹੌਸਲੇ ਦੀ ਧਰਵਾਸ ਵੀ। ਸ਼ੌਕ ਮਨੁੱਖ ਦਾ ਆਪਣਾ ਸਿਰਜਿਆ ਸੰਸਾਰ ਹੁੰਦਾ ਹੈ। ਇਹ ਸੰਸਾਰ ਲੋਕਾਂ ਲਈ ਭਾਵੇਂ ਭਰਮ ਦਾ ਝਉਲਾ ਪਾਉਂਦਾ ਹੋਵੇ, ਸਿਰਜਕ ਲਈ ਰਾਹ ਦਸੇਰਾ ਬਣਦਾ ਹੈ। ਸ਼ੌਕ ਅਰਦਾਸਾਂ ਕਰਕੇ ਮੰਗੀ ਬਰਕਤ ਨਹੀਂ ਹੁੰਦੀ, ਸਗੋਂ ਮਨ ਦੀ ਮੌਜ ਨੂੰ ਪੁਗਾਉਣ ਦਾ ਦਿਨ-ਦਿਹਾੜੇ ਲਿਆ ਸੁਪਨਾ ਹੁੰਦਾ ਹੈ। ਸ਼ੌਕ ਲਗਨ ਨਾਲ ਸੁੱਚੀ ਮੁਹੱਬਤ। ਸ਼ੌਕ ਆਪਣੇ ਅੰਦਰ ਸੁੱਤੀਆਂ ਕਲਾਂ ਨੂੰ ਜਗਾਉਣ ਦਾ ਅਦੁੱਤੀ ਕਾਰਨਾਮਾ। ਸ਼ੌਕ ਖੌਲਦੇ ਸਾਗਰਾਂ ‘ਚ ਕਿਸ਼ਤੀ ਠਿਲ੍ਹਣ ਦੀ ਝੱਲੀ ਲਿਲਕ। ਸ਼ੌਕ ਪ੍ਰਮਾਣ ਨਹੀਂ ਉਡੀਕਦੇ, ਆਪਣੀ ਧੁਨ ਪੁਗਾਉਂਦੇ ਹਨ। ਸ਼ੌਕ ਲਈ ਹੱਥ ਨਹੀਂ ਜੋੜਨੇ ਪੈਂਦੇ, ਸਗੋਂ ਹੱਥਾਂ ਦੀ ਕਰਾਮਾਤ ਨਵੀਆਂ ਦਿਸ਼ਾਵਾਂ ਦੀ ਪੈੜ ਸਿਰਜਦੀ ਹੈ। ਸ਼ੌਕ ਕੰਡਿਆਲੇ ਰਾਹਾਂ ‘ਤੇ ਤੁਰਨ ਦੀ ਹਿੰਮਤ ਹੁੰਦੀ ਹੈ, ਸ਼ੌਕ ਲੋੜਾਂ ਵਿਚੋਂ ਨਹੀਂ, ਸਗੋਂ ਮਨ ਦੀ ਤ੍ਰਿਪਤੀ ਦੇ ਸੋਮੇ ਵਿਚੋਂ ਉਪਜਿਆ ਚਾਅ ਹੁੰਦਾ ਹੈ। ਸ਼ੌਕ ਤ੍ਰਿਹਾਈਆਂ ਰੂਹਾਂ ਲਈ ਸਵਾਂਤੀ ਬੂੰਦ ਹੁੰਦੇ ਹਨ। ਸ਼ੌਕ ਅਮੀਰਾਂ ਦੇ ਨਹੀਂ ਹੁੰਦੇ, ਉਨ੍ਹਾਂ ਦੇ ਚੋਜ ਹੁੰਦੇ ਹਨ। ਕੁਝ ਸ਼ੌਕ, ਸ਼ੌਕ ਨਹੀਂ ਹੁੰਦੇ, ਸਗੋਂ ਰੀਸ ਹੁੰਦੀ ਹੈ। ਅੱਜ ਕੱਲ ਸ਼ੌਕ ਦੀ ਗੱਲ ਦੂਰ ਹੋ ਗਈ ਹੈ, ਰੀਸ ਅਤੇ ਵਿਖਾਵੇ ਦਾ ਜ਼ੋਰ ਹੈ।
ਕੁੱਤਾ ਬੰਦੇ ਦਾ ਵਫਾਦਾਰ ਸਾਥੀ ਮੰਨਿਆ ਗਿਆ ਹੈ। ਕਬੀਲਾ ਯੁੱਗ ਤੋਂ ਲੈ ਕੇ ਅੱਜ ਤੱਕ ਵੀ ਬਹੁਤੇ ਲੋਕ ਕੁੱਤੇ ਨੂੰ ਆਪਣੀ ਅਤੇ ਘਰ ਦੀ ਰਾਖੀ ਲਈ ਪਾਲਦੇ ਰਹੇ ਹਨ। ਸਾਡੇ ਪੇਂਡੂ ਘਰਾਂ ਵਿਚ ਕੁੱਤੇ ਆਮ ਹੀ ਰੱਖੇ ਜਾਂਦੇ ਸਨ, ਪਰ ਉਨ੍ਹਾਂ ਦੀ ਹਦੂਦ ਪਸੂਆਂ ਦੇ ਵਾੜੇ ਜਾਂ ਘਰ ਦੇ ਵਿਹੜੇ ਤੱਕ ਸੀ, ਉਨ੍ਹਾਂ ਨੂੰ ਕਮਰਿਆਂ ਵਿਚ ਵੜਨ ਨਹੀਂ ਸੀ ਦਿੱਤਾ ਜਾਂਦਾ, ਪਰ ਹੁਣ ਸਮਾਂ ਬਦਲ ਗਿਆ ਹੈ। ਬਾਜ਼ਾਰ ਨੇ ਆਪਣਾ ਘੇਰਾ ਵਿਸ਼ਾਲ ਕਰ ਲਿਆ ਹੈ। ਜੋ ਚੀਜ਼ ਦੀ ਕੱਲ ਲੋੜ ਸੀ, ਅੱਜ ਉਹ ਫੈਸ਼ਨ ਬਣ ਗਈ ਹੈ। ਮੰਡੀ ਵਿਚ ਹਰ ਸ਼ੈਅ ਦਾ ਮੁੱਲ ਪੈਣ ਲੱਗਾ ਹੈ। ਮਨੁੱਖ ਦੇ ਰਹਿਣ-ਸਹਿਣ ਅਤੇ ਖਾਣ-ਪੀਣ ‘ਤੇ ਮੰਡੀ ਨੇ ਬਹੁਤ ਅਸਰ ਪਾਇਆ ਹੈ। ਉਸ ਦੀ ਸੋਚ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਜੋ ਚੀਜ਼ ਪਹਿਲਾਂ ਕੌਡੀਆਂ ਦੇ ਭਾਅ ਮਿਲ ਜਾਂਦੀ ਸੀ, ਅੱਜ ਬਾਜ਼ਾਰ ਵਿਚ ਉਸ ਦੀ ਬੋਲੀ ਲੱਗਦੀ ਹੈ। ਕੁੱਤਾ ਵੀ ਹੁਣ ਬਾਜ਼ਾਰੂ ਵਸਤੂ ਬਣ ਗਿਆ ਹੈ। ਹੁਣ ਮਹਿੰਗੇ ਮੁੱਲ ਦਾ ਕੁੱਤਾ ਰੱਖਣਾ ਸਟੇਟਸ ਬਣ ਗਿਆ ਹੈ। ਹੁਣ ਲੋਕ ਘਰ ਦੀਆਂ ਹੋਰ ਦਿਖਾਵੇ ਦੀਆਂ ਮਹਿੰਗੀਆਂ ਵਸਤੂਆਂ ਦੇ ਨਾਲ ਨਾਲ ਆਪਣੇ ਕੁੱਤੇ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ। ਹੁਣ ਕਿਸੇ ਦੋਸਤ ਮਿੱਤਰ ਦੇ ਘਰ ਜਾਓ ਤਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਗੱਲ ਘੱਟ, ਆਪਣੇ ਕੁੱਤੇ ਦੀਆਂ ਆਦਤਾਂ ਤੇ ਸਿਫਤਾਂ ਦੀਆਂ ਗੱਲਾਂ ਵੱਧ ਕਰਦੇ ਹਨ। ਸ਼ਾਇਦ ਧੀਆਂ-ਪੁੱਤਰਾਂ ਦੀ ਕਾਰਗੁਜ਼ਾਰੀ ਦੀ ਥਾਂ ਕੁੱਤੇ ਦੀ ਵਡਿਆਈ ਨੇ ਹਾਸਲ ਕਰ ਲਈ ਹੈ। ਮਹਿਮਾਨ ਦੀ ਹਾਜ਼ਰੀ ਸਮੇਂ ਬੁਜਰਗਾਂ ਨੂੰ ਕਮਰੇ ‘ਚੋਂ ਬਾਹਰ ਆਉਣ ਦੀ ਮਨਾਹੀ ਹੁੰਦੀ ਹੈ, ਪਰ ਕੁੱਤੇ ਦੀ ਹਾਜ਼ਰੀ ਚਾਅ ਨਾਲ ਲਵਾਈ ਜਾਂਦੀ ਹੈ।
ਭਾਰਤ ਵਰਗੇ ਅਤੇ ਹੋਰ ਵਿਕਸਿਤ ਦੇਸ਼ਾਂ ਵਿਚ ਵੀ ਇਹ ਵਿਖਾਵੇ ਦੀ ਆਦਤ ਹੁਣ ਮੱਧ ਸ਼੍ਰੇਣੀ ਵਿਚ ਵੱਧ ਫੈਲ ਰਹੀ ਹੈ। ਇਸ ਕਰਕੇ ਕੁੱਤੇ ਦਾ ਅਤੇ ਕੁੱਤੇ ਨਾਲ ਸਬੰਧਤ ਵਸਤਾਂ ਦਾ ਬਹੁਤ ਵੱਡਾ ਬਾਜ਼ਾਰ ਪੈਦਾ ਹੋ ਗਿਆ ਹੈ। ਵੱਡੇ ਵੱਡੇ ਸਟੋਰਾਂ ਵਿਚ ਬੰਦਿਆਂ ਦੀਆਂ ਵਰਤੋਂ ਵਾਲੀਆਂ ਵਸਤੂਆਂ ਵਾਂਗ ਕੁੱਤਿਆਂ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਦੇ ਵੱਖਰੇ ਸੈਕਸ਼ਨ ਹਨ। ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਅਤੇ ਉਨ੍ਹਾਂ ਦੇ ਸੌਣ, ਬੈਠਣ ਤੇ ਅਰਾਮ ਵਾਸਤੇ ਵੱਖਰੇ ਸੋਫੇ ਅਤੇ ਬੈਡ ਤੇ ਹੋਰ ਸਬੰਧਤ ਚੀਜ਼ਾਂ ਲਈ ਥਾਂ ਰਾਖਵੀਂ ਹੁੰਦੀ ਹੈ।
ਹੁਣ ਇਸ਼ਤਿਹਾਰੀ ਯੁੱਗ ਹੈ। ਇਸ਼ਤਿਹਾਰ ਲੋਕਾਂ ਦੀ ਖਰੀਦ ਸ਼ਕਤੀ ਨੂੰ ਖਿੱਚਦਾ ਹੈ। ਪਹਿਲਾਂ ਹਰ ਵੱਡੀ ਕੰਪਨੀ ਆਪਣੀ ਚੀਜ਼ ਦੇ ਵਿਗਿਆਪਨ ਲਈ ਕਿਸੇ ਸੋਹਣੀ ਮਾਡਲ ਕੁੜੀ ਨੂੰ ਵਿਖਾਉਂਦੀ ਸੀ, ਹੁਣ ਉਸ ਥਾਂ ਬਹੁਤੇ ਥਾਂਈਂ ਕੁੱਤੇ ਨੇ ਲੈ ਲਈ ਹੈ। ਇੱਕ ਕਾਰ ਦੀ ਮਸ਼ਹੂਰੀ ਵਿਚ ਇੱਕ ਫੈਮਲੀ ਕਾਰ ਵੇਖ ਰਹੀ ਹੈ, ਕੁੱਤਾ ਭੱਜ ਕੇ ਕਾਰ ਵਿਚ ਚੜ੍ਹ ਜਾਂਦਾ ਹੈ ਅਤੇ ਡਰਾਈਵਰ ਦੇ ਨਾਲ ਦੀ ਸੀਟ ‘ਤੇ ਬੈਠ ਕੇ ਬਾਹਰ ਮੂੰਹ ਕੱਢਦਾ ਹੈ, ਪਰਿਵਾਰ ਖੁਸ਼ ਹੁੰਦਾ ਹੈ ਕਿ ਇਸ ਕਾਰ ਵਿਚ ਬੈਠ ਕੇ ਕੁੱਤਾ ਸੌਖ ਅਤੇ ਖੁਸ਼ੀ ਮਹਿਸੂਸ ਕਰਦਾ ਹੈ ਅਤੇ ਕਾਰ ਕੁੱਤੇ ਨੂੰ ਪਸੰਦ ਹੈ। ਹੁਣ ਕੁੱਤਾ ਹੀਰੋ ਤੇ ਮਾਡਲ ਸਹਾਇਕ ਬਣ ਗਿਆ ਹੈ। ਹੁਣ ਜੇ ਤੁਸੀਂ ਪਿਕਨਿਕ ‘ਤੇ ਜਾਣ ਲਈ ਸਾਮਾਨ ਖਰੀਦਣਾ ਹੈ ਤਾਂ ਵੀ ਕੁੱਤੇ ਦੀ ਐਡ ਮੂਹਰੇ ਹੁੰਦੀ ਹੈ, ਵਿਗਿਆਪਨ ਦੱਸਦਾ ਹੈ ਕਿ ਪਿਕਨਿਕ ‘ਤੇ ਮਾਣਨ ਵਾਲੀ ਮੌਜ ਮਸਤੀ ਕੁੱਤੇ ਬਿਨਾ ਅਧੂਰੀ ਹੈ। ਹੁਣ ਜੇ ਤੁਸੀਂ ਘਰ ਖਰੀਦਣਾ ਹੈ ਤਾਂ ਕੁੱਤੇ ਦੀ ਪਸੰਦ ਪਹਿਲੀ ਹੈ। ਹੁਣ ਕੁੱਤੇ ਦੀ ਪਸੰਦ, ਬੰਦੇ ਦੀ ਪਸੰਦ ਹੈ। ਹੁਣ ਬੰਦੇ ਦੀ ਪਸੰਦ ਕਿਸੇ ਹੋਰ ਦੇ ਹੱਥ ਚਲੀ ਗਈ ਹੈ।
ਅਮਰੀਕਾ ‘ਚ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਕੁੱਤੇ ਰੱਖਣਾ ਮਜਬੂਰੀ ਹੈ। ਇਥੇ ਬਹੁਤੇ ਲੋਕ ਆਪਣੇ ਬੱਚਿਆਂ ਤੋਂ ਅਲੱਗ ਇਕੱਲੇ ਰਹਿੰਦੇ ਹਨ। ਇਕੱਲ ਨੂੰ ਭਰਨ ਲਈ ਉਨ੍ਹਾਂ ਨੂੰ ਇੱਕ ਸਾਥੀ ਦੀ ਲੋੜ ਹੁੰਦੀ ਹੈ। ਸਿਆਣਾ ਤੇ ਵਫਾਦਾਰ ਹੋਣ ਕਾਰਨ ਪਹਿਲੀ ਤਰਜ਼ੀਹ ਕੁੱਤਾ ਰੱਖਣ ਦੀ ਹੁੰਦੀ ਹੈ। ਇਸ ਲਈ ਕੁੱਤੇ ਨੂੰ ਉਹ ਘਰ ਦੇ ਜੀਅ ਵਾਂਗ ਰੱਖਦੇ ਹਨ। ਉਸ ਦੀ ਸਾਫ-ਸਫਾਈ ਦਾ ਪੂਰਾ ਖਿਆਲ ਰੱਖਦੇ ਹਨ। ਮੈਂ ਸ਼ਾਮ-ਸਵੇਰੇ ਰੋਜ ਗੋਰੇ-ਗੋਰੀਆਂ ਨੂੰ ਕੁੱਤਿਆਂ ਨਾਲ ਸੈਰ ਕਰਦੇ ਦੇਖਦਾ ਹਾਂ, ਉਹ ਆਪਣੇ ਹੱਥ ਵਿਚ ਪਲਾਸਟਿਕ ਦਾ ਲਿਫਾਫਾ ਰੱਖਦੇ ਹਨ, ਜੇ ਕੁੱਤਾ ਜਰੂਰੀ ਕ੍ਰਿਆ ਬਾਹਰ ਕਰਦਾ ਹੈ ਤਾਂ ਉਹ ਚੁੱਕ ਕੇ ਲਿਫਾਫੇ ਵਿਚ ਪਾ ਲੈਂਦੇ ਹਨ; ਪਰ ਪੰਜਾਬੀ ਇਹ ਫਰਜ਼ ਨਹੀਂ ਨਿਭਾਉਂਦੇ, ਪਾਰਕਾਂ ਜਾਂ ਵਾਕਿੰਗ ਟਰੈਕ ‘ਤੇ ਗੰਦ ਪਾ ਕੇ ਤੁਰਦੇ ਬਣਦੇ ਹਨ। ਹੁਣ ਕਿਉਂਕਿ ਇੱਥੇ ਵੀ ਪੰਜਾਬੀਆਂ ਵਿਚ ਕੁੱਤੇ ਰੱਖਣ ਦਾ ਸ਼ੌਕ ਜਾਂ ਕਹਿ ਲਵੋ ਰੀਸ ਬਹੁਤ ਫੈਲ ਗਈ ਹੈ, ਖਾਸ ਕਰਕੇ ਜੋ ਥੋੜ੍ਹੇ ਜਿਹੇ ਆਰਥਕ ਪੱਖੋਂ ਸੌਖੇ ਹਨ, ਉਨ੍ਹਾਂ ਘਰਾਂ ਵਿਚ ਵੀ ਕੁੱਤਾ ਹੋਰ ਵਿਖਾਵੇ ਵਾਲੀਆਂ ਵਸਤਾਂ ਵਿਚ ਸ਼ਾਮਲ ਹੋ ਗਿਆ ਹੈ। ਕੁੱਤਾ ਰੱਖਣਾ ਮਹਿੰਗਾ ਕੰਮ ਹੈ, ਜਿਨ੍ਹਾਂ ਕੋਲ ਫਾਲਤੂ ਸਮਾਂ ਤੇ ਪੈਸਾ ਹੈ, ਉਨ੍ਹਾਂ ਲਈ ਕੁੱਤਾ ਰੱਖਣਾ ਸ਼ੌਕ ਹੋ ਗਿਆ ਹੈ, ਪਰ ਜਦੋਂ ਕਦੇ ਇਨ੍ਹਾਂ ਦੀ ਕਾਰ ਵਿਚ ਬੈਠਣ ਜਾਂ ਘਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਘਰ ਪਰਤਦੇ ਸਮੇਂ ਆਪਣੇ ਕੱਪੜਿਆਂ ਨੂੰ ਜਦੋਂ ਵੇਖੀਦਾ ਹੈ ਤਾਂ ਕੁੱਤੇ ਦੇ ਵਾਲਾਂ ਦਾ ਗਿਫਟ ਤੁਹਾਨੂੰ ਮੁਫਤ ਵਿਚ ਮਿਲਿਆ ਹੁੰਦਾ ਹੈ। ਕਈ ਵਾਰ ਤੁਹਾਡੀਆਂ ਜ਼ੁਰਾਬਾ ਨਾਲ ਇੰਨੇ ਵਾਲ ਹੁੰਦੇ ਹਨ ਕਿ ਤੁਹਾਨੂੰ ਆਪਣੀਆਂ ਜ਼ੁਰਾਬਾਂ ਟ੍ਰੈਸ਼ ਵਿਚ ਸੁੱਟਣੀਆਂ ਪੈਂਦੀਆਂ ਹਨ। ਇਹ ਘਟਨਾ ਮੇਰੇ ਨਾਲ ਕਈ ਵਾਰ ਵਾਪਰੀ ਹੈ।
ਬਹੁਤੇ ਪੰਜਾਬੀ ਘਰਾਂ ਵਿਚ ਕੁੱਤੇ ਦਾ ਕਰੇਜ਼ ਇੰਨਾ ਭਾਰੂ ਹੈ ਕਿ ਬਜੁਰਗਾਂ ਦੀ ਬੇਕਦਰੀ ਤੇ ਕੁੱਤੇ ਦੀ ਕਦਰ ਵਧ ਗਈ ਹੈ। ਕੈਨੇਡਾ ਵੱਸਦੇ ਮੇਰੇ ਇੱਕ ਲੇਖਕ ਦੋਸਤ ਨੇ ਆਪਣੇ ਬੱਚਿਆਂ ਦੇ ਕੁੱਤਾ ਰੱਖਣ ਦੀ ਬੜੀ ਦਿਲਚਸਪ ਘਟਨਾ ਸੁਣਾਈ। ਕਹਿੰਦਾ, ਮੇਰੇ ਬੇਟੇ ਨੇ ਆਨ ਲਾਈਨ ਕੁੱਤਾ ਕਿਸੇ ਦੂਜੇ ਦੇਸ਼ ਤੋਂ ਖਰੀਦਿਆ ਸੀ, ਜਿਸ ਦਿਨ ਕੁੱਤੇ ਨੇ ਜਹਾਜ ਰਾਹੀਂ ਏਅਰਪੋਰਟ ‘ਤੇ ਆਉਣਾ ਸੀ, ਉਸ ਤੋਂ ਕਈ ਦਿਨ ਪਹਿਲਾਂ ਹੀ ਉਸ ਦੀਆਂ ਸੁੱਖ ਸਹੂਲਤਾਂ ਲਈ ਘਰ ਵਿਚ ਤਿਆਰੀਆਂ ਕੀਤੀਆਂ ਗਈਆਂ। ਕੰਮ ਕਾਰ ਛੱਡ ਕੇ ਸਾਰਾ ਟੱਬਰ ਸਣੇ ਬੱਚੇ, ਕੁੱਤੇ ਨੂੰ ਲੈਣ ਏਅਰਪੋਰਟ ‘ਤੇ ਗਏ। ਖੁਸ਼ੀ ਇੰਨੀ ਜਿਵੇਂ ਕੋਈ ਘਰ ਦਾ ਗਵਾਚਿਆ ਜੀਅ ਲੱਭਿਆ ਹੋਵੇ, ਪਰ ਜਦੋਂ ਮੈਂ ਇੰਡੀਆ ਤੋਂ ਆਉਣਾ ਹੁੰਦਾ, ਕਹਿ ਦਿੰਦੇ ਐ, “ਪਾਪਾ ਅਸੀਂ ਬਹੁਤ ਬਿਜ਼ੀ ਆਂ, ਟੈਕਸੀ ਲੈ ਕੇ ਆ ਜਾ।” ਵਾਪਸੀ ਵੇਲੇ ਵੀ ਟੈਕਸੀ ਕਰਕੇ ਚੜ੍ਹਾ ਦਿੰਦੇ ਐ। ਹੁਣ ਮੈਂ ਜਦੋਂ ਕੁੱਤੇ ਵੱਲ ਵੇਖਦਾਂ ਤਾਂ ਖਿੱਝ ਚੜ੍ਹਦੀ ਐ, ਢਿੱਡ ਵਿਚ ਹੀ ਕਹਿ ਲੈਨਾ, “ਕੰਜਰਾ ਤੂੰ ਮੇਰੀ ਥਾਂ ਲੈ ਲਈ ਹੈ, ਡਰਦਾ ਉੱਚੀ ਵੀ ਨਹੀਂ ਬੋਲਦਾ, ਕਿਤੇ ਬੱਚੇ ਨਾਰਾਜ਼ ਨਾ ਹੋ ਜਾਣ।”
ਇਸੇ ਤਰ੍ਹਾਂ ਮੇਰੇ ਇੱਕ ਦੋਸਤ ਦੀ ਬੇਟੀ ਦੇ ਤਲਾਕ ਦਾ ਕਾਰਨ ਵੀ ਕੁੱਤਾ ਬਣਿਆ। ਕੁੜੀ ਵਿਆਹ ਪਿਛੋਂ ਆਪਣਾ ਕੁੱਤਾ ਸਹੁਰੇ ਘਰ ਲੈ ਗਈ। ਸਹੁਰੇ ਘਰ ਵਾਲੇ ਕੁੱਤਾ ਰੱਖਣਾ ਪਸੰਦ ਨਹੀਂ ਸਨ ਕਰਦੇ। ਕੁੜੀ ਨੁੰ ਬਥੇਰਾ ਸਮਝਾਇਆ, ਭਾਈ ਤੂੰ ਕੁੱਤਾ ਆਪਣੇ ਪੇਕੇ ਛੱਡ ਆ। ਕੁੜੀ ਆਪਣੀ ਜ਼ਿਦ ‘ਤੇ ਅੜੀ ਰਹੀ। ਆਖਰ ਕੁੱਤਾ ਛੱਡਣ ਦੀ ਥਾਂ ਪਤੀ ਛੱਡ ਦਿੱਤਾ। ਕੁੱਤਾ ਇੱਥੇ ਵੀ ਬੰਦੇ ‘ਤੇ ਬਾਜ਼ੀ ਮਾਰ ਗਿਆ।
ਇੱਕ ਘਟਨਾ ਹੋਰ ਤੁਹਾਡੇ ਨਾਲ ਸਾਂਝੀ ਕਰ ਲਵਾਂ, ਇੱਕ ਵਾਰ ਮੈਂ ਤੇ ਮੇਰੀ ਪਤਨੀ ਨੇੜਲੇ ਰਿਸ਼ਤੇਦਾਰ ਦੇ ਘਰ ਵਿਆਹ ‘ਤੇ ਗਏ। ਜਦੋਂ ਮੁੰਡਾ ਵਿਆਹ ਕੇ ਘਰ ਆਏ ਤਾਂ ਪਤਾ ਲੱਗਾ ਮਗਰੋਂ ਕੁੱਤਾ ਬੀਮਾਰ ਹੋ ਗਿਆ ਸੀ। ਵਿਆਹੁੰਦੜ ਮੁੰਡੇ ਦਾ ਪਿਉ ਤੇ ਮਾਂ ਤਾਂ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਕੁੱਤੇ ਨੂੰ ਲੈ ਕੇ ਹਸਪਤਾਲ ਗਏ ਹੋਏ ਸਨ, ਨਵੀਂ ਬਹੂ ਦੇ ਸਿਰ ਤੋਂ ਪਾਣੀ ਵਾਰਨ ਵਾਲਾ ਘਰੇ ਕੋਈ ਨਹੀਂ ਸੀ, ਆਖਰ ਮੇਰੀ ਘਰ ਵਾਲੀ ਨੇ ਪਾਣੀ ਵਾਰਿਆ। ਹੈਰਾਨੀ ਦੀ ਗੱਲ ਇਹ ਕਿ ਵਿਆਹੁੰਦੜ ਮੁੰਡਾ ਵੀ ਕਾਰ ਲੈ ਕੇ ਮਗਰ ਕੁੱਤੇ ਦਾ ਪਤਾ ਲੈਣ ਚਲਾ ਗਿਆ। ਘਰੇ ਵਿਆਹ ਵਾਲਾ ਮਾਹੌਲ ਘੱਟ, ਅਫਸੋਸ ਵਾਲਾ ਮਾਹੌਲ ਵੱਧ ਲੱਗਦਾ ਸੀ। ਇੱਥੇ ਵੀ ਕੁੱਤਾ ਨਵੀਂ ਬਹੂ ਨਾਲੋਂ ਬਾਜ਼ੀ ਲੈ ਗਿਆ ਸੀ।
ਉਪਰੋਕਤ ਘਟਨਾਵਾਂ ਦਾ ਜ਼ਿਕਰ ਕਰਨ ਤੋਂ ਮੇਰਾ ਇਹ ਭਾਵ ਨਹੀਂ ਹੈ ਕਿ ਮੈਂ ਕੁੱਤੇ ਦੇ ਵਿਰੁੱਧ ਹਾਂ। ਦੁੱਖ ਇਸ ਗੱਲ ਦਾ ਹੈ ਕਿ ਬੰਦਾ ਹਾਸ਼ੀਏ ‘ਤੇ ਚਲਾ ਗਿਆ ਹੈ। ਮਨੁੱਖੀ ਰਿਸ਼ਤਿਆਂ ਦਾ ਮੋਹ ਗਵਾਚਦਾ ਜਾ ਰਿਹਾ ਹੈ। ਬੰਦਾ, ਬੰਦੇ ‘ਚੋਂ ਪਿਆਰ ਲੱਭਣ ਦੀ ਥਾਂ ਜਾਨਵਰਾਂ ‘ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਮੇਰੇ ਸਟੋਰ ‘ਤੇ ਇੱਕ ਗੋਰਾ ਗਾਹਕ ਰੋਜ਼ ਆਉਂਦਾ ਹੈ, ਉਹ ਆਪਣੇ ਲਈ ਬੀਅਰ ਤੇ ਹੋਰ ਖਾਣ-ਪੀਣ ਦਾ ਸਾਮਾਨ ਅਤੇ ਆਪਣੇ ਕੁੱਤੇ ਤੇ ਬਿੱਲੀ ਲਈ ਵੀ ਕੁਝ ਨਾ ਕੁਝ ਜ਼ਰੂਰ ਖਰੀਦਦਾ ਹੈ। ਮੈਂ ਇੱਕ ਦਿਨ ਆਖਿਆ, “ਜੌਹਨ, ਤੂੰ ਆਪਣੇ ਪਰਿਵਾਰ ਲਈ ਕਦੇ ਕੁਝ ਨਹੀਂ ਖਰੀਦਿਆ।” ਕਹਿੰਦਾ, “ਮੇਰਾ ਪਰਿਵਾਰ ਮੇਰਾ ਕੁੱਤਾ ਜੈਕ ਅਤੇ ਨੈਸੀ ਬਿੱਲੀ ਹੈ। ਦੋਵੇਂ ਮੈਨੂੰ ਬਹੁਤ ਪਿਆਰ ਕਰਦੇ ਹਨ। ਮੇਰੇ ਬਹੁਤ ਆਖੇ ਲੱਗਦੇ ਹਨ। ਬੰਦਾ ਖੁਦਗਰਜ਼ ਹੁੰਦਾ ਹੈ। ਜਦੋਂ ਮੇਰੀ ਨੌਕਰੀ ਚਲੀ ਗਈ ਸੀ ਤਾਂ ਮੇਰੀ ਬੀਵੀ ਤੇ ਬੱਚੇ ਮੈਨੂੰ ਛੱਡ ਗਏ। ਹੁਣ ਮੈਂ ਸੌਖਾਂ, ਨਾ ਬੀਵੀ ਦੇ ਤਾਅਨੇ-ਮਿਹਣੇ, ਨਾ ਬੱਚਿਆਂ ਦੇ ਪਾਲਣ ਦਾ ਫਿਕਰ। ਹੁਣ ਜੈਕ ਤੇ ਨੈਸੀ ਹੀ ਮੇਰਾ ਪਰਿਵਾਰ ਹੈ।” ਜੌਹਨ ਵਰਗੇ ਪਤਾ ਨਹੀਂ ਕਿੰਨੇ ਹੋਰ ਲੋਕ ਬੰਦੇ ਦੇ ਪਿਆਰ ਤੋਂ ਊਣੇ ਜਾਨਵਰਾਂ ਦੇ ਪਿਆਰ ‘ਚੋਂ ਢਾਰਸ ਭਾਲ ਰਹੇ ਹਨ। ਅੱਜ ਦੇ ਮਨੁੱਖ ਦੀ ਕਿੰਨੀ ਤ੍ਰਾਸਦੀ ਹੈ ਕਿ ਗਲੋਬਲੀ ਸਾਂਝ ਤੇ ਪਿਆਰ ਦੀਆਂ ਗੱਲਾਂ ਕਰਨ ਵਾਲਾ ਬੰਦਾ ਆਪਣਿਆਂ ਤੋਂ ਕਿੰਨਾ ਦੂਰ ਹੈ।
ਵਾਹ ਬਾਬਾ ਬੁੱਲੇ ਸ਼ਾਹ! ਪਹਿਲਾਂ ਮੈਂ ਤੇਰੇ ਕਲਾਮ ਨੂੰ ਸਮਝ ਨਹੀਂ ਸਾਂ ਸਕਿਆ। ਅੱਜ ਸਮਝ ਦੀ ਸਾਣ ‘ਤੇ ਚੜ੍ਹਿਆ, “ਬਾਜ਼ੀ ਲੈ ਗਏ…।”