ਮੁੰਦਾ ਸੰਤੋਖੁ ਸਰਮੁ ਪਤੁ ਝੋਲੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਸਿੱਧਾਂ ਤੇ ਨਾਥਾਂ ਦਾ ਬਹੁਤ ਜ਼ਿਕਰ ਕੀਤਾ ਹੈ। ਇਕ ਲੇਖੇ ਤਾਂ ਲਗਦਾ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨਾਥ ਮੱਤ ਨੂੰ ਹੀ ਠੱਲ ਪਾਉਣਾ ਸੀ। ਕਾਰਨ ਇਹ ਕਿ ਉਸ ਸਮੇਂ ਸਾਧਾਂ ਸੰਤਾਂ ਦਾ ਬਹੁਤ ਬੋਲ ਬਾਲਾ ਸੀ। ਉਨ੍ਹਾਂ ਦੇ ਕੰਮ ਨੂੰ ਸਮਾਜਕ ਮਾਨਤਾ ਮਿਲੀ ਹੋਈ ਸੀ ਤੇ ਵੱਡੀ ਗਿਣਤੀ ਲੋਕ ਉਨ੍ਹਾਂ ਦਾ ਮਾਨ ਸਨਮਾਨ ਕਰਦੇ ਸਨ। ਇਸੇ ਕਾਰਨ ਬਹੁਤ ਸਾਰੇ ਲੋਕ ਸਾਧਾਂ, ਨਾਥਾਂ ਤੇ ਜੋਗੀਆਂ ਦੇ ਦੁਆਰੇ ਜਾ ਕੇ ‘ਜੋਗ’ ਧਾਰਦੇ ਸਨ। ਡੇਰਿਆਂ ਵਲੋਂ ਦੇਖ ਪਰਖ ਕੇ ਉਨ੍ਹਾਂ ਨੂੰ ਸੰਤ ਪ੍ਰਥਾ ਵਿਚ ਸ਼ਾਮਲ ਕਰ ਲਿਆ ਜਾਂਦਾ ਸੀ ਤੇ ਸਾਧਾਂ ਸੰਤਾਂ ਵਾਲੀ ਵੇਸ਼-ਭੂਸ਼ਾ (ੁਟ-ਾਟਿ) ਦੇ ਦਿੱਤੀ ਜਾਂਦੀ ਸੀ। ਕੰਨਾਂ ਵਿਚ ਮੁੰਦਰਾਂ ਪਾਈਆਂ ਜਾਂਦੀਆਂ ਸਨ ਤਾਂ ਜੋ ਸਭ ਨੂੰ ਅਹਿਸਾਸ ਰਹੇ ਕਿ ਹੁਣ ਉਹ ਦੁਨੀਆਵੀ ਸਬੰਧ ਤੋੜ ਚੁਕੇ ਹਨ। ਇਹ ਸੰਕੇਤ ਦਿੱਤਾ ਜਾਂਦਾ ਸੀ ਕਿ ਹੁਣ ਉਹ ਲੋਭ, ਲਾਲਚ, ਹਿਰਸ, ਤਮੰਨਾ ਤੇ ਸੰਸਾਰਕ ਵਸਤਾਂ ਦੇ ਮੋਹ ਪਿਆਰ ਤੋਂ ਉਪਰ ਉਠ ਗਏ ਹਨ।

ਉਨ੍ਹਾਂ ਵਿਚ ਮੋਹ ਲਾਲਸਾ ਖਤਮ ਕਰਨ ਲਈ ਤਿਆਗ ਦਾ ਪਾਠ ਪੜ੍ਹਾਇਆ ਜਾਂਦਾ ਸੀ। ਦੁਨਿਆਵੀ ਖਾਹਿਸ਼ਾਂ ਤੋਂ ਮੂੰਹ ਮੋੜ ਕੇ ਸ਼ੁੰਨਯ ਵਿਚ ਰਹਿਣ ਦਾ ਅਭਿਆਸ ਕਰਵਾਇਆ ਜਾਂਦਾ ਸੀ ਤਾਂ ਜੋ ਉਨ੍ਹਾਂ ਦੇ ਧਿਆਨ ਤਪੱਸਿਆ ਵਿਚ ਵਿਘਨ ਨਾ ਪਵੇ। ਮਹਿਲ ਦੀ ਥਾਂ ਕੁਟੀਆ, ਮਿਹਨਤ ਦੀ ਕਮਾਈ ਰੋਟੀ ਦੀ ਥਾਂ ਭੀਖ, ਖਾਧ ਪਦਾਰਥਾਂ ਦੇ ਭੜੋਲਿਆਂ ਦੀ ਥਾਂ ਝੋਲੀ, ਸੋਨੇ-ਚਾਂਦੀ ਦੇ ਬਰਤਨਾਂ ਦੀ ਥਾਂ ਸਿੱਪੀ, ਨਿਵਾਰੀ ਪਲੰਘਾਂ ਦੀ ਥਾਂ ਘਾਹ ਦਾ ਵਿਛੋਣਾ, ਸੋਹਜ ਪੱਟੀਆਂ ਦੀ ਥਾਂ ਜਟਾਂ, ਅਤਰ-ਫਲੇਲ ਦੀ ਥਾਂ ਸਵਾਹ-ਵਿਭੂਤੀ, ਜੜਾਊ ਪੋਸ਼ਾਕ ਦੀ ਥਾਂ ਲੰਗੋਟੀ, ਤਿੱਲੇਦਾਰ ਜੁੱਤੀ ਦੀ ਥਾਂ ਲੱਕੜ ਦੀਆਂ ਖੜਾਵਾਂ ਤੇ ਪਰਿਵਾਰਕ ਸੁਖਾਂ ਦੀ ਥਾਂ ਡੇਰਾ-ਪ੍ਰਮੁਖ ਦੀ ਸੇਵਾ। ਪਿੱਛੇ ਛੱਡੇ ਘਰ ਬਾਰ ਦੀ ਯਾਦ ਆਵੇ ਤਾਂ ਜਗਦੀਸ਼ ਦੀ ਮਾਲਾ ਤੇ ਨਸ਼ਾ ਗਮਨੀ। ਇਹ ਦਿਨਾਚਾਰ (੍ਰeਗਮਿeਨ) ਸੀ, ਉਸ ਵੇਲੇ ਦੇ ਈਸ਼ਵਰ ਖੋਜੀਆਂ ਤੇ ਨਿਰੰਕਾਰ ਦੇ ਦਰਸ਼ਨ ਅਭਿਲਾਸ਼ੀਆਂ ਦਾ। ਫਿਰ ਗੁਰੂ ਨਾਨਕ ਜਿਹਾ ਤਾਰਕਿਕ ਤੇ ਯਥਾਰਥ-ਮੋਹੀ ਉਨ੍ਹਾਂ ਦੇ ਪੈਰ ਕਿਵੇਂ ਲੱਗਣ ਦਿੰਦਾ?
ਅਜਿਹੇ ਹਾਲਾਤ ਵਿਚ ਗੁਰੂ ਨਾਨਕ ਨੇ ‘ਮੁੰਦਾ ਸੰਤੋਖੁ’ ਵਾਲੀ ਪਉੜੀ ਲਿਖ ਕੇ ਨਾਥ-ਪੰਥੀਆਂ ਨੂੰ ਸੱਚ ਦਾ ਪਾਠ ਪੜ੍ਹਾਇਆ, ਪਰ ਸਿੱਧ-ਪੁਰਖਾਂ ਨੂੰ ਕਦੇ ਆਪਣੇ ਆਪ ਇਹ ਗਿਆਨ ਨਾ ਹੋਇਆ ਕਿ ਉਨ੍ਹਾਂ ਦਾ ਰਸਤਾ ਗਲਤ ਹੈ। ਕਾਰਨ ਇਹ ਸੀ ਕਿ ਖੂਹ ਵਿਚ ਰਹਿ ਕੇ ਦੁਨੀਆਂ ਨਹੀਂ ਦਿਸਦੀ ਭਾਵ ਕਿਸੇ ਪ੍ਰਣਾਲੀ ਦਾ ਅੰਗ ਬਣ ਕੇ ਉਸ ਵਿਚ ਰਹਿਣ ਨਾਲ ਸੱਚਾਈ ਦੇ ਦਰਸ਼ਨ ਨਹੀਂ ਹੁੰਦੇ। ਸੱਚਾਈ ਉਦੋਂ ਦਿਸਦੀ ਹੈ, ਜਦੋਂ ਅਲਗਾਵ ਭਾਵਨਾ ਨਾਲ ਨਿਰਪੱਖ ਤੇ ਨਿਰਲੇਪ ਰਹਿ ਕੇ ਸਰਬ-ਪੱਖੀ ਅਧਿਐਨ ਕੀਤਾ ਜਾਵੇ। ਜਦੋਂ ਤੀਕ ਕਿਸੇ ਪ੍ਰਣਾਲੀ ਦੀਆਂ ਸਭ ਸੰਭਾਵਨਾਵਾਂ ਸਰ ਨਾ ਹੋ ਜਾਣ, ਉਦੋਂ ਤੀਕ ਸੱਚਾਈ ਦੀ ਅਗਲੀ ਮੰਜ਼ਿਲ ਨਜ਼ਰ ਨਹੀਂ ਆਉਂਦੀ। ਪਹਾੜ ਦੀ ਇਕ ਚੋਟੀ ‘ਤੇ ਚੜ੍ਹਨ ਨਾਲ ਹੀ ਅਗਲੀ ਚੋਟੀ ਦਿੱਸਣ ਲਗਦੀ ਹੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਵੈਦਿਕ ਕਾਲ ਦਾ ਧਨੁਸ਼ਧਾਰੀ ਚਰਵਾਹਾ ਪ੍ਰਮਾਣੂੰਆਂ ਨਾਲ ਖੇਡਦਾ ਹੁੰਦਾ ਤੇ ਪਦ-ਭ੍ਰਮਣ ਕਰਨ ਦੀ ਥਾਂ ਰਾਕਟਾਂ ‘ਤੇ ਚੜ੍ਹਿਆ ਫਿਰਦਾ।
ਇਹ ਗੱਲ ਮੱਧ ਕਾਲ ਦੇ ਨਾਥ ਜੋਗੀਆਂ ‘ਤੇ ਹੀ ਨਹੀਂ ਢੁੱਕਦੀ, ਅੱਜ ਕੱਲ ਦੇ ਨਵ-ਡੇਰਾਵਾਦੀਆਂ ‘ਤੇ ਵੀ ਉਵੇਂ ਹੀ ਲਾਗੂ ਹੁੰਦੀ ਹੈ। ਕੋਈ ਇਹ ਸਮਝੇ ਕਿ ਗੁਰੂ ਸਾਹਿਬ ਦੇ ਸਬਰ ਸੰਤੋਖ ਵਾਲੇ ਪਾਠ ਨਾਲ ਅੱਗੋਂ ਸੰਤ ਪ੍ਰਣਾਲੀ ਖਤਮ ਹੋ ਗਈ ਹੈ, ਇਹ ਗਲਤ ਹੈ। ਇਹ ਉਵੇਂ ਹੀ ਚੱਲ ਰਹੀ ਹੈ, ਪਰ ਇਸ ਨੇ ਰੂਪ ਬਦਲ ਲਿਆ ਹੈ। ਚਿੱਟਾ ਚੋਲਾ, ਲੰਮਾ ਕਛਹਿਰਾ, ਗੋਲ ਦਸਤਾਰ, ਮਹਿੰਗੀ ਗੱਡੀ, ਨਗਦੀ ਭੇਟਾ, ਸੰਗਮਰਮਰੀ ਡੇਰਾ, ਸ਼ਰਧਾਲੂਆਂ ਦੀ ਭੀੜ, ਸਰਕਾਰੀ ਸੁਰੱਖਿਆ ਆਦਿ ਅਜੋਕੇ ਸੰਤਾਂ ਦੇ ਮੁੱਖ ਚਿੰਨ੍ਹ ਹਨ। ਕੀ ਸਿੱਖ ਪ੍ਰਣਾਲੀ ਦੇ ਇਨ੍ਹਾਂ ਸੰਤਾਂ ਨੇ ‘ਮੁੰਦਾ ਸੰਤੋਖੁ’ ਵਾਲੀ ਪਉੜੀ ਨਹੀਂ ਪੜ੍ਹੀ ਤੇ ਕੀ ਇਨ੍ਹਾਂ ਨੂੰ ਸਰਮੁ, ਪਤੁ ਤੇ ਝੋਲੀ ਦੇ ਅਰਥ ਨਹੀਂ ਪਤਾ? ਕੀ ਇਹ ਨਹੀਂ ਜਾਣਦੇ ਕਿ ਇਹ ਗੁਰੂ ਸਾਹਿਬ ਵਲੋਂ ਨਿਖੇਧੀਆਂ ਪ੍ਰਥਾਵਾਂ ਨੂੰ ਮੁੜ-ਸੁਰਜੀਤ ਕਰ ਰਹੇ ਹਨ? ਕੀ ਇਹ ਨਹੀਂ ਅਨੁਭਵ ਕਰਦੇ ਕਿ ਇਨ੍ਹਾਂ ਦੇ ਮਨ ਵਿਚੋਂ ਸੰਤੋਖ ਤੇ ਅਮਲ ਵਿਚੋਂ ਕਿਰਤ ਗਾਇਬ ਹੋ ਚੁਕੇ ਹਨ? ਜਾਣਦੇ ਤਾਂ ਉਹ ਹਨ, ਪਰ ਗੱਲ ਉਹੀ ਕਿ ਪਖੰਡ ਦੀ ਪ੍ਰਣਾਲੀ ਵਿਚ ਪੈ ਕੇ ਪਖੰਡ ਨਹੀਂ ਤਜਿਆ ਜਾ ਸਕਦਾ ਤੇ ਮਨ ਨੂੰ ਸਮਝਾਇਆਂ ਮਨ ਸਮਝਾਇਆ ਨਹੀਂ ਜਾ ਸਕਦਾ।
ਇਹੀ ਕਾਰਨ ਹੈ ਕਿ ਗੁਰੂ ਸਾਹਿਬ ਨੇ ਉਸ ਵੇਲੇ ਦੇ ਸਾਧਾਂ ਸੰਤਾਂ ਨੂੰ ਉਸ ਮਨਸੂਈ ਪ੍ਰਣਾਲੀ ਦੇ ਸਮੂਹ ਚਿੰਨ ਤਿਆਗ ਕੇ ਬਾਹਰ ਆਉਣ ਲਈ ਕਿਹਾ ਸੀ। ਉਨ੍ਹਾਂ ਨੇ ਇੱਕਲੀ ਸੋਚ ਜਾਂ ਇੱਕਲੇ ਅਮਲ ਨੂੰ ਬਦਲਣ ਦੀ ਥਾਂ ਪੂਰੀ ਪਰੰਪਰਾ ਨੂੰ ਬਦਲਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਸਮਾਜ ਦੇ ਤਿਆਗੀਆਂ ਨੂੰ ਇਕ ਨਵੀਂ ਜੁਗਤ ਦੇ ਕੇ ਇਕ ਨਵੇਂ ਸਦੀਵੀ ਤੇ ਸਿਰਜਣਾਤਮਕ ਕਰਤੇ ਨੂੰ ਲੱਭ ਕੇ ‘ਆਦੇਸੁ’ ਕਹਿਣ ਦਾ ਉਪਦੇਸ਼ ਦਿੱਤਾ ਸੀ। ਇਸ ਦਾ ਇਕ ਇਕ ਸੁਝਾਓ ਉਨ੍ਹਾਂ ਸੰਤਾਂ ਲਈ ਤੇ ਅਜੋਕੇ ਸੰਤਾਂ ਲਈ ਇਕੋ ਜਿਹੇ ਅਰਥ ਰੱਖਦਾ ਹੈ। ਇਹ ਪੂਰੀ ਪਉੜੀ ਤੇ ਇਸ ਦੀ ਵਿਆਖਿਆ ਹੇਠ ਦਿੱਤੀ ਗਈ ਹੈ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ
ਧਿਆਨ ਕੀ ਕਰਹਿ ਬਿਭੂਤਿ॥
ਖਿੰਥਾ ਕਾਲੁ ਕੁਆਰੀ ਕਾਇਆ
ਜੁਗਤਿ ਡੰਡਾ ਪਰਤੀਤਿ॥
ਆਈ ਪੰਥੀ ਸਗਲ ਜਮਾਤੀ
ਮਨਿ ਜੀਤੈ ਜਗੁ ਜੀਤੁ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ॥੨੮॥
ਇਸ ਪਉੜੀ ਵਿਚ ਗੁਰੂ ਸਾਹਿਬ ਨਾਥ ਜੋਗੀਆਂ ਤੇ ਸਿੱਧ ਪੁਰਖਾਂ ਨੂੰ ਸੰਬੋਧਨ ਕਰ ਕੇ ਕਹਿੰਦੇ ਹਨ ਕਿ ਜੇ ਤੁਸੀਂ ਸੰਤੋਖ ਦੇ ਪ੍ਰਤੀਕ ਵਜੋਂ ਕੰਨਾਂ ਵਿਚ ਪਾਈਆਂ ਮੁੰਦਰਾਂ ਦੀ ਥਾਂ ਮਨ ਵਿਚ ਸੱਚਾ ਸੰਤੋਖ ਜਾਂ ਸੰਤੁਸ਼ਟੀ ਪੈਦਾ ਕਰੋ; ਮੋਢਿਓਂ ਲਟਕਾਈ ਖੈਰਾਤ ਦੀ ਝੋਲੀ ਉਤਾਰ ਕੇ ਮਿਹਨਤ ਦੀ ਕਮਾਈ ਰੋਟੀ ਖਾਣਾ ਸ਼ੁਰੂ ਕਰੋ; ਜੇ ਰਾਖ ਦੀ ‘ਬਿਭੂਤਿ’ ਲਾਉਣ ਦੀ ਥਾਂ ਧਿਆਨ ਲਗਾਉ ਭਾਵ ਮਨ ਵਿਚ ਮਨਨ ਜਾਂ ਤਾਰਕਿਕ ਸੋਚ ਵਿਚਾਰ ਨਾਲ ਅਧਿਐਨ ਕਰੋ; ਜੇ ਜਨਮ-ਸਮੇਂ ਤੋਂ ਜਤ-ਸਤ ਨਾਲ ਸੰਭਾਲੀ ਦੇਹ ਨੂੰ ਉਸ ਖਸਤਾ ਗੋਦੜੀ ਵਾਂਗ ਵਰਤੋਂ ਜਿਸ ਨੂੰ ਪਹਿਨ ਪਹਿਨ ਕੇ ਘਸਾ ਰੱਖਿਆ ਹੈ, ਭਾਵ ਜਨਮ-ਕਾਲ ਤੋਂ ਸਾਂਭ ਕੇ ਰੱਖੇ ਹੱਟੇ ਕੱਟੇ ਸ਼ਰੀਰ ਨੂੰ ਗਫਲਤ ਦੀ ਪੁਰਾਣੀ ਰਜਾਈ ਵਿਚੋਂ ਕੱਢੋਂ ਤੇ ਇਸ ਨੂੰ ਮਿੱਟੀ ਨਾਲ ਮਿੱਟੀ ਕਰ ਕੇ ਹਥੀਂ ਕਿਰਤ ਲਈ ਵਰਤੋ; ਜੇ ਹੱਥ ਵਿਚ ਫੜੇ ਤਾਕਤ ਦੇ ਪ੍ਰਤੀਕ ਡੰਡੇ ਦੀ ਥਾਂ ਗਿਆਨ ਦੀ ਜੁਗਤ ਅਪਨਾਓ ਅਤੇ ਜੇ ਜੱਗ ਦੀਆਂ ਬਾਹਰਲੀਆਂ ਸ਼ਕਤੀਆਂ ਨੂੰ ਜਿੱਤਣ ਦੀ ਥਾਂ ਆਪਣੇ ਮਨ ਨੂੰ ਜਿੱਤੋਂ, ਤਾਂ ਤੁਹਾਨੂੰ ਸਭ ਨਾਥ ਜਮਾਤਾਂ ਭਾਵ ਸਾਰੇ ਡੇਰਿਆਂ ਦੀ ਪੰਥੀ ਅਰਥਾਤ ਸਿੱਖਿਆ ਆਪਣੇ ਆਪ ਆ ਜਾਵੇਗੀ। ਅਰਥਾਤ ਸਾਰੇ ਸਾਧੂ-ਸੰਤੀ ਫਿਰਕਿਆਂ ਤੇ ਸਿੱਧਾਂ-ਨਾਥਾਂ ਦੀਆਂ ਸਾਰੀਆਂ ਜਮਾਤਾਂ ਭਾਵ ਸ਼੍ਰੇਣੀਆਂ ਦੀ ਪੰਥੀ ਅਰਥਾਤ ਸਿਖਲਾਈ-ਪੜ੍ਹਾਈ ਦਾ ਸਾਰ ਆ ਜਾਵੇਗਾ। ਇਸ ਜੁਗਤ ਜਾਂ ਗੁਰ ਨੂੰ ਵਰਤ ਕੇ, ਸਿੱਧਾ ਉਸ ਪਰਮ-ਸਤਿ ਨੂੰ ਆਦੇਸ ਕਰੋ ਭਾਵ ਉਸ ਦੀ ਖੋਜ ਦਾ ਮਨਸੂਬਾ ਬਣਾਓ, ਜੋ ਇਸ ਕੁਦਰਤ ਵਿਚ ਸਦਾ ਤੋਂ ਇਕੋ ਰੰਗ ਰੂਪ ਤੇ ਇਕੋ ਵੇਸ ਵਿਚ ਵਸਿਆ ਹੋਇਆ ਹੈ। ਉਸ ਦੀ ਭਾਲ ਕਰੋ, ਜੋ ਵੱਖ ਵੱਖ ਮਾਯਾਵੀ ਪਿੰਡਾਂ ਤੇ ਸ਼ਕਤੀਆਂ ਪਿੱਛੇ ਇਕੋ ਨਿਰੋਲ ਤੇ ਸਦੀਵੀ ਅਵਸਥਾ ਵਿਚ ਨਿਰੰਤਰ ਵਿਚਰ ਰਿਹਾ ਹੈ।
ਇਹ ਪਉੜੀ ਜਪੁਜੀ ਦੀਆਂ ਪਿਛਲੀਆਂ ਪਉੜੀਆਂ ਨਾਲ ਘੱਟੋ ਘੱਟ ਦੋ ਮੁੱਖ ਪਹਿਲੂਆਂ ਤੋਂ ਜੁੜੀ ਹੋਈ ਹੈ। ਪਹਿਲਾ ਇਹ ਕਿ ਜਿਸ ਲੜੀ ਵਿਚ ਪਿਛਲੀਆਂ ਕੁਝ ਪਉੜੀਆਂ ਪਰੋਈਆਂ ਹੋਈਆਂ ਹਨ, ਇਹ ਉਨ੍ਹਾਂ ਦੀ ਹੀ ਅਗਲੀ ਕੜੀ ਹੈ। ਜੇ ਕੁਦਰਤ ਦਾ ਪਸਾਰਾ ਬੇਅੰਤ ਹੈ, ਉਸ ਦੇ ਅਮੁਲ ਭੰਡਾਰ ਹਨ ਤੇ ਉਹ ਹੁਣ ਤੀਕ ਦੀਆਂ ਸਭ ਕਲਪਿਤ ਤਾਕਤਾਂ ਤੋਂ ਉਪਰ ਹੈ, ਭਾਵ ਪਰ੍ਹੇ ਹੈ ਅਤੇ ਉਹ ਸਭ ਤਾਕਤਾਂ ਉਸ ਦਾ ਪਾਣੀ ਭਰਦੀਆਂ ਹਨ, ਤਾਂ ਉਸ ਨੂੰ ਖੋਜਣ ਜਾਂ ਲੱਭਣ ਦੀ ਕੋਈ ਵਿਉਂਤਬੰਦੀ ਕਰਨੀ ਹੋਵੇਗੀ। ਬੁੱਧੀਜੀਵੀਆਂ ਨੂੰ ਸਭ ਹੋਰ ਗੱਲਾਂ ਛੱਡ ਕੇ ਇਸ ਪਾਸੇ ਲੱਗਣਾ ਪਵੇਗਾ। ਇਹ ਪਉੜੀ ਉਸੇ ਯੋਜਨਾ ਦੀ ਇਕ ਛੋਟੀ ਜਿਹੀ ਝਲਕ ਹੈ। ਇਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਸੱਚ ਦੀ ਖੋਜ ਕਰਨ ਲਈ ਜੋਗੀ ਲੋਕ ਆਪਣੀ ਨਾਥ ਪ੍ਰਥਾ ਤੋਂ ਬਾਹਰ ਆਉਣ, ਕਿਉਂਕਿ ਕਿਸੇ ਪ੍ਰਥਾ ਵਿਚ ਰਹਿ ਕੇ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਾਰਜ ਲਈ ਉਹ ਆਪਣੀ ਪ੍ਰਥਾਵਾਂ ਦੇ ਚਿੰਨ੍ਹ ਤਿਆਗ ਕੇ ਖੋਜ-ਅਨੁਕੂਲ ਸੋਚ ਧਾਰਨ ਭਾਵ ਚਿੰਨ੍ਹਾਂ ਵਿਚ ਨਾ ਪੈ ਕੇ ਵਿਵੇਕੀ ਕਾਰਜ ਕਰਨ। ਮਨ ਦੇ ਵਿਕਾਰਾਂ ਭਾਵ ਤਿਲਕਾਊ (ਧਸਿਟਰਅਚਟਨਿਗ) ਰੁਚੀਆਂ ਤੇ ਸੰਜਮ ਰੱਖ ਕੇ ਉਸ ਸਦੀਵੀ ਕਰਤੇ ਦੇ ਗੁਣਾਂ ਦੀ ਭਾਲ ਵਿਚ ਜੁਟ ਜਾਣ, ਜੋ ਹਮੇਸ਼ਾ ਤੋਂ ਇਕੋ ਵੇਸ ਵਿਚ ਵਿਚਰ ਰਿਹਾ ਹੈ।
ਦੂਜੇ ਇਹ ਤਜਵੀਜ਼ ਉਨ੍ਹਾਂ ਦੀ ਪਹਿਲੀ ਪਉੜੀ ਦੇ ਮਨੋਰਥ ਨਾਲ ਜਾ ਜੁੜਦੀ ਹੈ, ਜਿਸ ਵਿਚ ਉਨ੍ਹਾਂ ਨੇ ਉਸ ਸਮੇਂ ਦੀਆਂ ਪ੍ਰਚਲਿਤ ਵਿਧੀਆਂ ਨੂੰ ਅਯੋਗ ਦੱਸਿਆ ਹੈ। ਉਸ ਪਉੜੀ ਵਿਚ ਉਨ੍ਹਾਂ ਨੇ ਫੋਕੇ ਸੋਚ-ਵਿਚਾਰਾਂ, ਮੌਨ ਵਰਤਾਂ, ਘੋਰ ਤਪਸਿਆਵਾਂ ਤੇ ਤਾਂਤਰਿਕ ਸਿਆਣਪਾਂ ਨੂੰ ਸੱਚ ਦੀ ਪ੍ਰਾਪਤੀ ਲਈ ਅਰਥਹੀਣ ਠਹਿਰਾਇਆ ਹੈ। ਹੁਣ ਉਹ ਉਨ੍ਹਾਂ ਵਿਧੀਆਂ ਨੂੰ ਅਪਨਾਉਣ ਵਾਲੇ ਸਿੱਧ ਪੁਰਖਾਂ ਤੇ ਨਾਥ ਜੋਗੀਆਂ ਨੂੰ ਆਪਣਾ ਰਾਹ ਤਿਆਗਣ ਲਈ ਜੋਰ ਦੇ ਰਹੇ ਹਨ ਤਾਂ ਜੋ ਉਹ ਸੱਚ ਦੇ ਰਸਤੇ ‘ਤੇ ਆ ਕੇ ਵਿਗਿਆਨਕ ਵਿਧੀ ਦਾ ਪ੍ਰਯੋਗ ਕਰ ਸਕਣ। ਪਹਿਲੀ ਪਉੜੀ ਵਿਚ ਉਨ੍ਹਾਂ ਨੇ ਸੰਖੇਪ ਰੂਪ ਵਿਚ ਪਰੰਪਰਾਗਤ ਵਿਧੀਆਂ ਨੂੰ ਨਿਰਾਰਥਕ ਦੱਸਿਆ ਸੀ ਤੇ ਇਸ ਪਉੜੀ ਵਿਚ ਉਨ੍ਹਾਂ ਵਿਧੀਆਂ ਦੇ ਇਕ ਇਕ ਪਹਿਲੂ ਦਾ ਪ੍ਰਗਤੀਸ਼ੀਲ ਵਿਕਲਪ ਦੇ ਕੇ ਇਨ੍ਹਾਂ ਦੇ ਮੰਨਣਹਾਰਿਆਂ ਨੂੰ ਅਗਿਆਨ ਤੋਂ ਗਿਆਨ ਵਲ ਵਧਣ ਲਈ ਪ੍ਰੇਰਿਆ ਹੈ। ਗੁਰੂ ਸਾਹਿਬ ਦੀ ਬਾਣੀ ਦੀ ਸੁੱਚਜਤਾ ਤੇ ਉਚਮਤਾ ਇਸੇ ਗੱਲ ਵਿਚ ਹੈ ਕਿ ਜੋ ਕੁਝ ਉਹ ਪਹਿਲਾਂ ਇਕ ਥਾਂ ਲਿਖ ਦਿੰਦੇ ਹਨ, ਪਿੱਛੋਂ ਦੇ ਸਭ ਉਪਦੇਸ਼ ਉਸੇ ਨਾਲ ਮੇਲ ਖਾਂਦੇ ਹੋਏ ਚਲਦੇ ਹਨ। ਅਰਥਾਤ ਉਹ ਬਾਦ ਵਿਚ ਕੁਝ ਅਜਿਹਾ ਨਹੀਂ ਲਿਖਦੇ, ਜੋ ਪੂਰਵ ਲਿਖੇ ਦੇ ਅਨੁਕੂਲ ਨਾ ਹੋਵੇ। ਇਸ ਦਾ ਪ੍ਰਸੰਗਤ ਅਰਥ ਇਹ ਹੋਇਆ ਕਿ ਜੋ ਕੁਝ ਵੀ ਮੂਲਮੰਤਰ ਦੇ ੴ ਤੋਂ ਬਾਅਦ ਆਇਆ ਹੈ, ਉਸ ਦਾ ਅਰਥ ੴ ਦੀ ਸੇਧ ਵਿਚ ਹੋਵੇ ਭਾਵ ਮੂਲਮੰਤਰ ਤੇ ਜਪੁਜੀ ਦੇ ਅਰਥਾਂ ਅਨੁਸਾਰ ਹੋਵੇ।
ਇਸ ਪਉੜੀ ਵਿਚ ਮੁੱਖ ਤੌਰ ‘ਤੇ ਛੋਟੀਆਂ ਗੱਲਾਂ ਵਿਚ ਨਾ ਪੈ ਕੇ ਵਿਗਿਆਨਕ ਵਿਧੀ ਅਖਤਿਆਰ ਕਰਨ ਦੀ ਗੱਲ ਕਹੀ ਗਈ ਹੈ। ਇਸ ਕਾਰਜ ਵਿਚ ਮੁੱਖ ਭੂਮਿਕਾ ਮਨੁੱਖੀ ਮਨ ਦੀ ਹੈ। ਜੇ ਮਨ ਛੋਟੀਆਂ ਗੱਲਾਂ ਤੋਂ ਉਪਰ ਉਠ ਕੇ ਸਾਪੇਖਿਕਤਾ ਨਾਲ ਕੰਮ ਕਰਨਾ ਸ਼ੁਰੂ ਕਰੇ ਤਾਂ ਸੱਚ ਦੀ ਸੇਧ ਮਿਲਦੀ ਹੈ। ਇਹ ਨਿੱਕੀਆਂ ਗੱਲਾਂ ਮਨੁੱਖ ਦੀ ਹੋਂਦ ਨਾਲ ਜੁੜੀਆਂ ਸਵਾਰਥੀ ਮਨੋਬਿਰਤੀਆਂ ਹਨ, ਜੋ ਕਾਸਾਵੇਂ ਢੰਗ ਨਾਲ ਪ੍ਰਵੇਸ਼ ਕਰ ਕੇ ਮਨ ਦੇ ਸਾਵੇਪਣ ਨੂੰ ਹਿਲਾਉਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਵਿਚੋਂ ਪੰਜਾਂ ਦਾ ਜ਼ਿਕਰ ਬਾਣੀ ਵਿਚ ਥਾਂ ਥਾਂ ਕੀਤਾ ਗਿਆ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੇ ਇਹ ਮਨੋਭਾਵ ਮਨੁੱਖੀ ਸੋਚ ਦੀ ਨਿਰਲੇਪਤਾ ਭੰਗ ਕਰਦੇ ਹਨ। ਇਸ ਲਈ ਖੋਜ ਕਾਰਜ ਵਿਚ ਲੱਗੇ ਮਨ ਨੂੰ ਇਨ੍ਹਾਂ ਦੇ ਪ੍ਰਭਾਵ ਤੋਂ ਦੂਰ ਰੱਖਣ ਦੀ ਲੋੜ ਹੈ।
ਬਹੁਤੇ ਲੋਕ, ਜਿਨ੍ਹਾਂ ਵਿਚ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਵੀ ਸ਼ਾਮਲ ਹਨ, ਇਹ ਸਮਝਦੇ ਹਨ ਕਿ ਇਹ ਪ੍ਰਵਿਰਤੀਆਂ ਮਨੁੱਖੀ ਵਿਕਾਰ ਹਨ। ਉਨ੍ਹਾਂ ਅਨੁਸਾਰ ਇਹ ਮਨੁੱਖ ਦੇ ਦੁਸ਼ਮਣ ਹਨ ਤੇ ਸੱਚੇ ਸਿੱਖ ਨੂੰ ਇਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ; ਪਰ ਅਜਿਹਾ ਸੋਚਣਾ ਗਲਤ ਹੈ। ਨਾ ਤਾਂ ਇਹ ਪ੍ਰਵਿਰਤੀਆਂ ਵਿਕਾਰ ਹਨ ਤੇ ਨਾ ਹੀ ਮਨੁੱਖ ਦੀਆਂ ਦੁਸ਼ਮਣ ਹਨ। ਇਹ ਲੜ ਕੇ ਜਾਂ ਕਿਸੇ ਹੋਰ ਸਾਧਨਾ ਨਾਲ ਮਨ ਵਿਚੋਂ ਕੱਢੀਆਂ ਨਹੀਂ ਜਾ ਸਕਦੀਆਂ। ਇਹ ਕੁਦਰਤ ਦੀ ਦੇਣ ਹਨ; ਮਨੁੱਖ ਦੇ ਨਾਲ ਬਣੀਆਂ ਹਨ, ਇਸ ਨਾਲ ਜੁੜੀਆਂ ਹਨ ਤੇ ਇਸ ਨਾਲ ਹੀ ਜਾਣਗੀਆਂ। ਸੱਚ ਤਾਂ ਇਹ ਹੈ ਕਿ ਇਹ ਸਭ ਪ੍ਰਵਿਰਤੀਆਂ ਮਨੁੱਖ ਦੀਆਂ ਹਿੱਤਕਾਰੀ ਹਨ। ਇਨ੍ਹਾਂ ਦੀ ਹੋਂਦ ਤੋਂ ਬਿਨਾ ਸੰਸਾਰ ਦੀ ਉਤਪਤੀ ਤੇ ਪ੍ਰਗਤੀ ਸੰਭਵ ਨਹੀਂ ਹੋ ਸਕਦੀ। ਕਾਮ ਉਤਪਤੀ, ਮੋਹ ਲਾਲਨ ਤੇ ਲੋਭ ਪਾਲਨ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਕ੍ਰੋਧ ਅਨੁਸ਼ਾਸਨ ਅਤੇ ਹੰਕਾਰ ਗਤੀ ਦਾ ਪ੍ਰਤੀਨਿਧੀ ਹੈ। ਕਾਮ, ਲੋਭ ਤੇ ਮੋਹ ਮੂਲ ਰੂਪ ਵਿਚ ਜੀਵਾਂ ਨੂੰ ਜੋੜ ਕੇ ਰੱਖਣ ਵਾਲੇ ਉਦਗਾਰ ਹਨ ਤੇ ਕ੍ਰੋਧ ਤੇ ਹੰਕਾਰ ਇਨ੍ਹਾਂ ਨੂੰ ਥਾਂ ਸਿਰ ਰੱਖ ਕੇ ਅੱਗੇ ਲੈ ਜਾਣ ਵਾਲੇ ਭਾਵ ਹਨ। ਪਹਿਲੀਆਂ ਤਿੰਨੇ ਅੰਦਰਮੁਖੀ (ਛeਨਟਰੁਗਅਲ) ਤੇ ਆਖਰੀ ਦੋ ਬਾਹਰਮੁਖੀ (ਛeਨਟਰਪਿeਟਅਲ) ਤਾਕਤਾਂ ਹਨ। ਇਹ ਸ਼ਕਤੀਆਂ ਸਰਬ ਵਿਆਪਕ ਹਨ ਅਰਥਾਤ ਇਕੱਲੇ ਮਨੁੱਖ ਵਿਚ ਨਹੀਂ ਸਗੋਂ ਜੀਵ, ਬਨਾਸਪਤੀ ਤੇ ਬੰਜਰ ਕੁਦਰਤੀ ਪਦਾਰਥਾਂ ਵਿਚ ਵੀ ਮਿਲਦੀਆਂ ਹਨ।
ਚੁੰਬਕ ਦੇ ਦੋ ਸਿਰੇ ਵੀ ਇਨ੍ਹਾਂ ਦੋ ਪੱਖਾਂ ਨੂੰ ਦਰਸਾਉਂਦੇ ਹਨ। ਇਕ ਪਾਸਾ ਦੂਜੇ ਚੁੰਬਕ ਨੂੰ ਨੇੜੇ ਲਿਆਉਂਦਾ ਹੈ ਤੇ ਦੂਜਾ ਦੂਰ ਧੱਕਦਾ ਹੈ। ਬਿਜਲੀ ਦੇ ਧਨਾਤਮਕ ਤੇ ਰਿਣਾਤਮਕ ਕਰੰਟ ਵੀ ਇਹੋ ਜਿਹਾ ਹੀ ਸੁਭਾਅ ਰੱਖਦੇ ਹਨ। ਐਟਮ ਦੇ ਅੰਦਰ ਇਲੈਕਟ੍ਰਾਨਾਂ ਤੇ ਪ੍ਰੋਟਾਨਾਂ ਵਿਚ ਇਹ ਗੁਣ ਪਾਏ ਜਾਂਦੇ ਹਨ। ਧਨ ਚਾਰਜ ਵਾਲੇ ਪ੍ਰੋਟਾਨ ਨਿਊਕਲੀਅਸ ਵਿਚ ਜੁੜੇ ਹੁੰਦੇ ਹਨ ਤੇ ਰਿਣ ਚਾਰਜ ਵਾਲੇ ਇਲੈਕਟ੍ਰਾਨ ਅਲੱਗ ਹੋ ਕੇ ਇਨ੍ਹਾਂ ਦੁਆਲੇ ਘੁੰਮਦੇ ਰਹਿੰਦੇ ਹਨ। ਜੇ ਸੰਸਾਰ ਦੇ ਸਾਰੇ ਐਟਮਾਂ ਦੇ ਇਲੈਕਟ੍ਰਾਨ ਆਪਣਾ ਘੁੰਮਣਾ ਛੱਡ ਕੇ ਨਿਊਕਲੀਅਰ ਵਿਚ ਜਾ ਡਿੱਗਣ ਤਾਂ ਦੁਨੀਆਂ ਇਕ ਵੱਡੇ ਅਗਨ-ਧਮਾਕੇ ਨਾਲ ਖਿਨ ਵਿਚ ਫਿਸ ਜਾਵੇਗੀ। ਇਸ ਧਨ ਤੇ ਰਿਣ ਸ਼ਕਤੀਆਂ ਦੇ ਕੌਤਕ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਮਾਦਿਕ ਸੰਸਾਰ ਜਾਂ ਕੁਦਰਤੀ ਪਸਾਰੇ ਨਾਲ ਜਿਵੇਂ ਜੁੜੀਆਂ ਹਨ, ਉਵੇਂ ਹੀ ਰਹਿਣਗੀਆਂ। ਉਵੇਂ ਹੀ ਇਹ ਮਨੁੱਖ ਵਿਚ ਰਹਿਣਗੀਆਂ। ਕੁਦਰਤ ਦੇ ਇਸ ਸੰਸਾਰ-ਪੱਧਰੀ ਅਸੂਲ ਨੂੰ ਪਿੱਛੋਂ ਆ ਕੇ ਹੀਗਲ ਨੇ ਆਪਣੇ ਸਿਧਾਂਤ ਵਿਚ ਪਰਸਪਰ ਵਿਰੋਧਤਾਈਆਂ ਦੀ ਏਕਤਾ ਤੇ ਸੰਘਰਸ਼ (ੂਨਟੇ ਅਨਦ ੰਟਰੁਗਗਲe ਾ ਟਹe ੌਪਪੋਸਟਿeਸ) ਦੇ ਨਿਯਮ ਵਜੋਂ ਮਾਨਤਾ ਦਿੱਤੀ ਹੈ। ਨਿਯਮੀ ਮਾਨਤਾ ਵਾਲੀਆਂ ਇਨ੍ਹਾਂ ਸ਼ਕਤੀਸ਼ਾਲੀ ਕੁਦਰਤੀ ਪ੍ਰਵਿਰਤੀਆਂ ਨੂੰ ਕੋਈ ਕਿਵੇਂ ਖਤਮ ਕਰ ਸਕਦਾ ਹੈ ਤੇ ਕਿਥੋਂ ਕਿਥੋਂ ਕੱਢ ਸਕਦਾ ਹੈ? ਇਸ ਲਈ ਇਨ੍ਹਾਂ ਨਾਲ ਲੜਨਾ ਵਿਅਰਥ ਹੈ। ਉਪਰੋਕਤ ਪਉੜੀ ਦਾ ਇਹ ਵੀ ਇਕ ਸਾਰ ਹੈ।
ਪਰ ਗੁਰੂ ਸਾਹਿਬ ਇਨ੍ਹਾਂ ਪ੍ਰਵਿਰਤੀਆਂ ਦੇ ਨਾਲ ਨਾਲ ਮਨ ਨੂੰ ਪ੍ਰਮੁਖ ਸਥਾਨ ਦਿੰਦੇ ਹਨ। ਮਨ ਵਿਚ ਚੀਜ਼ਾਂ ਨੂੰ ਲੜੀਬੱਧ ਜਾਂ ਨਿਯਮਬੱਧ ਕਰਨ ਦੀ ਸਮਰਥਾ ਹੈ, ਜੋ ਕੁਦਰਤ ਵਿਚ ਪਹਿਲਾਂ ਹੀ ਸਰਬਵਿਆਪਕ ਹੈ। ਇਸ ਨੂੰ ਸੰਜਮ ‘ਤੇ ਲਿਆਉਣ ਨਾਲ ਇਸ ਵਿਚ ਉਹ ਸਮਰੱਥਾ ਆ ਸਕਦੀ ਹੈ, ਜਿਸ ਨਾਲ ਉਹ ਵੱਖ ਵੱਖ ਭਾਵਨਾਵਾਂ ਵਿਚ ਤਾਲਮੇਲ ਰੱਖ ਸਕੇ ਤੇ ਉਨ੍ਹਾਂ ਨੂੰ ਆਪਹੁਦਰੀ ਹੱਦ ਤੀਕ ਵਧਣ ਤੋਂ ਰੋਕੇ। ਉਨ੍ਹਾਂ ਅਨੁਸਾਰ ਮਨੁੱਖੀ ਮਨ ਰਾਹੀਂ ਇਸ ਤਰ੍ਹਾਂ ਵਰਤਾਏ ਸੰਤੋਖ ਰਾਹੀਂ ਕੋਈ ਮਨੋਬਿਰਤੀ ਸਤਿ ਦੀ ਖੋਜ ਵਿਚ ਰੁਕਾਵਟ ਨਹੀਂ ਬਣੇਗੀ ਤੇ ਧਿਆਨ ਕਾਰਜ ਨਿਰਵਿਘਨ ਚਲੇਗਾ। ਇਸ ਲਈ ਕਾਮ, ਕ੍ਰੋਧ ਆਦਿ ਨੂੰ ਖਤਮ ਕਰਨ ਦੀ ਥਾਂ ਇਨ੍ਹਾਂ ਵਿਚ ਮਨ ਦੇ ਜ਼ਾਬਤੇ ਰਾਹੀਂ ਤਾਲਮੇਲ ਤੇ ਸੰਜਮ ਪੈਦਾ ਕਰਨ ਦੀ ਲੋੜ ਹੈ। ਗੁਰੂ ਸਾਹਿਬ ਅਨੁਸਾਰ ਮਨ ਨੂੰ ਇਨ੍ਹਾਂ ‘ਤੇ ਭਾਰੂ ਰੱਖਣਾ ਹੀ ਮਨੁੱਖ ਦੀ ਅਸਲ ਜੀਵਨ ਕਲਾ ਹੈ।
ਉਨ੍ਹਾਂ ਦੀ ਕਹੀ ਇਹ ਗੱਲ ਦਾਰਸ਼ਨਿਕ ਪੱਖ ਤੋਂ ਅਤਿ ਅਹਿਮ ਹੈ। ਪੁਰਾਤਨ ਯੂਨਾਨੀ ਫਿਲਾਸਫਰ ਪਲੈਟੋ ਨੇ ਵੀ ਇਸੇ ਤਰ੍ਹਾਂ ਦਾ ਸਿਧਾਂਤ ਦਿੱਤਾ ਸੀ, ਜਿਸ ਵਿਚ ਉਸ ਨੇ ਮਨੁੱਖੀ ਸੁਭਾਅ ਦੀਆਂ ਵਿਵੇਕ, ਬਲ ਤੇ ਤਮਾ ਦੀਆਂ ਪ੍ਰਵਿਰਤੀਆਂ ਨੂੰ ਸੰਜਮ (ਝੁਸਟਚਿe) ਦੇ ਬੰਧੇਜ ਵਿਚ ਰੱਖਣ ਦੀ ਸਿਫਾਰਿਸ਼ ਕੀਤੀ ਸੀ; ਪਰ ਪਲੈਟੋ ਦੇ ਸਿਧਾਂਤ ਦਾ ਉਦੇਸ਼ ਸਮਾਜਕ ਤਾਲਮੇਲ ਸਥਾਪਤ ਕਰਨਾ ਸੀ, ਜਦੋਂ ਕਿ ਗੁਰੂ ਸਾਹਿਬ ਦਾ ਉਦੇਸ਼ ਉਸ ਤੋਂ ਕਿਤੇ ਉਚਾ ਤੇ ਸਰਬਵਿਆਪੀ ਸੀ। ਉਨ੍ਹਾਂ ਦਾ ਉਦੇਸ਼ ਇਸ ਬੰਧੇਜ ਰਾਹੀਂ ਕੁਦਰਤ ਦੀ ਪੜਤਾਲ ਸੰਭਵ ਕਰਨਾ ਸੀ ਤਾਂ ਜੋ ਇਸ ਦੇ ਪਿਛੋਕੜ ਵਾਲੀ ਕਾਰਜਕਾਰੀ ਸ਼ਕਤੀ ਦੀ ਨਿਰਪੱਖ ਨਿਸ਼ਾਨਦੇਹੀ ਕੀਤੀ ਜਾ ਸਕੇ।
ਪਰ ਅਜੋਕੇ ਸਿੱਖ ਵਿਦਵਾਨ ਇਸ ਪਉੜੀ ਦੇ ਅਰਥ ਵੀ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਹੀ ਕਰਦੇ ਹਨ। ਸੰਤ ਤੇਜਾ ਸਿੰਘ ਅੰਗਰੇਜ਼ੀ ਵਿਚ ਲਿਖਦਿਆਂ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਨਾਥ ਜੋਗੀਆਂ ਦੇ ਯੋਗ ਢਾਂਚੇ ਵਿਚ ਆਪਣੇ ਵਿਚਾਰ ਪਾ ਕੇ ਇਸ ਦੀ ਨਵ-ਉਸਾਰੀ ਕੀਤੀ ਹੈ ਤਾਂ ਜੋ ਪ੍ਰੇਮ-ਭਗਤੀ ਰਾਹੀਂ ਪ੍ਰਭੂ ਨਾਲ ਮਿਲਾਪ ਕੀਤਾ ਹੋ ਸਕੇ। ਉਨ੍ਹਾਂ ਅਨੁਸਾਰ ਕੰਨਾਂ ਵਿਚ ਮੁੰਦਰਾਂ ਦੀ ਥਾਂ ਸੰਤੋਖ ਭਾਵ ਪ੍ਰਭੂ ਅੱਗੇ ਪੂਰਾ ਸਮਰਪਣ ਕੀਤਾ ਜਾਵੇ ਅਤੇ ਖੱਪਰ ਤੇ ਝੋਲੀ ਦੀ ਥਾਂ ਨਿਮਰਤਾ ਤੇ ਹਲੀਮੀ ਲਿਆਂਦੀ ਜਾਵੇ। ਸਰੀਰ ‘ਤੇ ਸਵਾਹ ਦੀ ਬਿਭੂਤੀ ਮਲਣ ਦੀ ਥਾਂ ਮਨ ਨੂੰ ਪ੍ਰਭੂ ਅਰਾਧਨਾ ਵਿਚ ਜੋੜਿਆ ਜਾਵੇ ਤੇ ਦੁਆਲੇ ਲੈਣ ਵਾਲੀ ਗੋਦੜੀ ਦੀ ਥਾਂ ਮਨ ਵਿਚ ਮੌਤ ਦਾ ਡਰ ਪੈਦਾ ਕੀਤਾ ਜਾਵੇ। ਸਾਫ ਸਵਾਸਥ ਦੇਹ ਨੂੰ ਬੁਰਾਈਆਂ ਤੇ ਵਿਕਾਰਾਂ ਤੋਂ ਉਤੇ ਰੱਖਣਾ ਰੱਬ ਨੂੰ ਮਿਲਣ ਦੀ ਸਹੀ ਜੁਗਤ ਹੈ। ਪ੍ਰਭੂ ਵਿਚ ਵਿਸ਼ਵਾਸ ਨੂੰ ਜੋਗੀਆਂ ਵਾਲਾ ਡੰਡਾ ਬਣਾਓ ਅਤੇ ਸੰਸਾਰ ਦੇ ਸਭ ਔਰਤਾਂ ਮਰਦਾਂ ਦੇ ਪਿਆਰ ਵਾਲੇ ਕੁਨਬੇ ਨੂੰ ਨਾਥ ਜੋਗੀਆਂ ਦੀ ਸਭ ਤੋ ਉਚੀ ਜਮਾਤ ‘ਆਈ ਪੰਥ’ ਵਾਂਗ ਬਣਾਓ। ਸਭ ਇੱਛਾਵਾਂ ਦਾ ਨਾਸ਼ ਕਰ ਕੇ ਇਕੋ ਚਿਰ-ਸਥਾਈ ਪ੍ਰਮੇਸ਼ਵਰ ਦੀ ਭਗਤੀ ਕਰੋ।
ਸੰਤ ਤੇਜਾ ਸਿੰਘ ਮੁੰਦਰਾਂ ਦਾ ਅਨੁਵਾਦ ‘ਅਕਾਲਪੁਰਖ ਅੱਗੇ ਸਮਰਪਣ’ ਕਰਦੇ ਹਨ ਤੇ ਸਰਮ ਦਾ ਅਰਥ ‘ਹਲੀਮੀ’, ਇਸੇ ਤਰ੍ਹਾਂ ਉਹ ਬਿਭੂਤੀ ਦੇ ਅਰਥ ਅਰਾਧਨਾ ਤੇ ਕਾਲ ਦੇ ਅਰਥ ਮੌਤ ਦਾ ਡਰ ਦੱਸਦੇ ਹਨ; ਪਰ ਨਾ ਇਹ ਇਨ੍ਹਾਂ ਸ਼ਬਦਾਂ ਦੇ ਅਰਥ ਹਨ ਤੇ ਨਾ ਹੀ ਕਿਸੇ ਤਰ੍ਹਾਂ ਬਣਾਏ ਜਾ ਸਕਦੇ ਹਨ। ਇਹ ਵਿਦਵਾਨ ਅਰਾਧਨਾ, ਭਗਤੀ, ਦੰਦਵਤ, ਸਮਰਪਣ, ਹਲੀਮੀ ਤੇ ਮੌਤ ਦੇ ਡਰ ਤੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਦੇ ਮੁੱਖ ਉਦੇਸ਼ ਨੂੰ ਨਹੀਂ ਵਿਚਾਰਦੇ। ਹੈਰਾਨੀ ਵਾਲੀ ਗੱਲ ਤਾਂ ਇਹ ਕਿ ਉਹ ‘ਆਈ ਪੰਥੀ ਸਗਲ ਜਮਾਤੀ’ ਜਿਹੇ ਆਮ ਬਿਆਨ ਨੂੰ ਵੀ ਨਾਥ ਜੋਗੀਆਂ ਦਾ ਇਕ ਫਿਰਕਾ ਮੰਨਦੇ ਹਨ। ਸਪਸ਼ਟ ਹੈ ਕਿ ਉਹ ਇਸ ਪਉੜੀ ਦੀ ਮਨ-ਭਾਉਂਦੀ ਵਿਆਖਿਆ ਕਰਕੇ ਇਸ ਨੂੰ ਇਸ ਦੇ ਸਹੀ ਅਰਥਾਂ ਤੋਂ ਦੂਰ ਲੈ ਗਏ ਹਨ।
ਪ੍ਰੋ. ਸਾਹਿਬ ਸਿੰਘ ਦੀ ਵਿਆਖਿਆ ਵੀ ਲਗਭਗ ਇਸੇ ਤਰ੍ਹਾਂ ਦੀ ਹੈ। ਉਹ ਲਿਖਦੇ ਹਨ, “(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇਂ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ‘ਤੇ ਮਲੇਂ), ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)। ਜੇ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ-ਮਿੱਤਰ ਸਮਝਦਾ ਹੈ (ਅਸਲ ਵਿਚ) ਉਹ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)। (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ।”
ਖੈਰ, ਅਕਾਲ ਪੁਰਖ ਤੇ ਵਾਹਿਗੁਰੂ ਦੇ ਜ਼ਿਕਰ ਤੋਂ ਬਿਨਾ ਤਾਂ ਇਸ ਵਿਦਵਾਨ ਦੀ ਵਿਆਖਿਆ ਚੱਲ ਹੀ ਨਹੀਂ ਸਕਦੀ, ਪਰ ਉਨ੍ਹਾਂ ਗੁਰੂ ਸਾਹਿਬ ਦੇ ਸੰਦੇਸ਼ ਨਾਲ ਇਨਸਾਫ ਨਹੀਂ ਕੀਤਾ। ਇਸ ਅਨੁਸਾਰ ਗੁਰੂ ਸਾਹਿਬ ਦਾ ਫੁਰਮਾਨ ਨਾਥ ਜੋਗੀਆਂ ਦੀ ਪ੍ਰਥਾ ਅਤੇ ਵਿਧੀ ਨਾਲ ਸਬੰਧਤ ਨਹੀਂ ਹੈ, ਸਗੋਂ ਉਨ੍ਹਾਂ ਦੇ ਸੰਕੇਤਾਂ ਤੇ ਸਰੋਕਾਰਾਂ ਨਾਲ ਹੈ। ਉਹ ਆਪਣਾ ਰਸਤਾ ਨਾ ਛੱਡਣ, ਪਰ ਮੁੰਦਰੀਆਂ, ਬਿਭੂਤੀ, ਝੋਲੀ, ਗੋਦੜੀ ਆਦਿ ਬਦਲ ਲੈਣ। ਇਸ ਤੋਂ ਉਲਟ ਗੁਰੂ ਸਾਹਿਬ ਉਨ੍ਹਾਂ ਦੇ ਸਮੁੱਚੇ ਪੰਥੀ ਢਾਂਚੇ ਤੇ ਵਿਧੀ ਵਿਧਾਨ ਨੂੰ ਤਿਆਗਣ ਦੀ ਗੱਲ ਕਹਿੰਦੇ ਹਨ। ਉਨ੍ਹਾਂ ਅਨੁਸਾਰ ਉਹ ਸਾਰੇ ਬਾਹਰੀ ਢਕਵੰਜ ਛੱਡ ਕੇ ਸੰਸਾਰੀ ਜੀਵ ਬਣਨ। ਫਿਰ ਗਿਆਨ ਧਿਆਨ ਸੰਤੋਖ ਤੇ ਵਿਗਿਆਨਕ ਵਿਧੀ ਦਾ ਰਸਤਾ ਚੁਣਨ, ਕਿਉਂਕਿ ਮਨ ਨੂੰ ਸਿਧਾਉਣਾ ਹੀ ਉਨ੍ਹਾਂ ਸਭ ਪੰਥੀਆਂ ਦਾ ਸਾਰ ਹੈ, ਜਿਨ੍ਹਾਂ ਲਈ ਉਹ ਸਾਧਾਂ ਦੇ ਡੇਰੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਇਕ ਮਾਯਾਵੀ ਸ਼ਕਤੀ ਨੂੰ ਸਾਧਣ ਦੀ ਥਾਂ ਸੰਪੂਰਨ ਪਰਮ-ਸਤਿ ਦੀ ਖੋਜ ਨੂੰ ਮਨੋਰਥ ਬਣਾਓ, ਜੋ ਆਦਿ ਕਾਲ ਤੋਂ ਹਰ ਵਰਤਾਰੇ ਵਿਚ ਕਾਰਜਸ਼ੀਲ ਹੈ। ਇਹ ਵਿਆਖਿਆਕਾਰ ਗੁਰੂ ਸਾਹਿਬ ਦੇ ਹਵਾਲੇ ਨਾਲ ਅੱਗੇ ਲਿਖਦਾ ਹੈ ਕਿ ਜੋਗ-ਸਿੱਧੀਆਂ ਵਾਲੇ ਸਾਧ ਆਪਣੇ ਸਰੀਰਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣ, ਪਰ ਇਹ ਵਿਕਲਪ ਤਾਂ ਹੋ ਹੀ ਨਹੀਂ ਸਕਦਾ। ਨਾਥ-ਪੰਥੀ ਤਾਂ ਪਹਿਲਾਂ ਹੀ ਜਤ-ਸਤ ਦੇ ਬੰਧੇਜ ਵਿਚ ਬੰਨ੍ਹ ਕੇ ਰਹਿੰਦੇ ਸਨ। ਉਨ੍ਹਾਂ ਦੇ ਸਰੀਰਾਂ ਨੂੰ ਵਿਕਾਰ-ਮੁਕਤ ਕਰਨ ਦਾ ਤਾਂ ਮੁੱਦਾ ਹੀ ਨਹੀਂ ਸੀ, ਗੱਲ ਤਾਂ ਮਾਨਸਿਕ ਸੇਧ ਦੀ ਸੀ। ਹੋਰ ਤਾਂ ਹੋਰ, ਇਹ ਵਿਦਵਾਨ ਵੀ ਮੌਤ ਦਾ ਡਰ ਪੈਦਾ ਕਰਨ ਦੀ ਗੱਲ ਕਰਦਾ ਹੈ, ਜੋ ਗੁਰੂ ਸਾਹਿਬ ਦੇ ਸਿਧਾਂਤ ਤੋਂ ਬਿਲਕੁਲ ਉਲਟ ਹੈ।
ਆਈ ਪੰਥੀ ਦਾ ਅਰਥ ਕਰਨ ਵੇਲੇ ਤਾਂ ਸਾਰੇ ਹੀ ਵਿਦਵਾਨ ਟਪਲਾ ਖਾਏ ਹੋਏ ਹਨ। ਉਨ੍ਹਾਂ ਅਨੁਸਾਰ ਇਹ ਜੋਗੀਆਂ ਦੇ ਕਿਸੇ ਵੱਡੇ ਫਿਰਕੇ ਦਾ ਨਾਂ ਸੀ। ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਛੋਟੇ-ਮੋਟੇ ਨਾਥਾਂ ਨੂੰ ਸਮਝਾਇਆ ਸੀ ਕਿ ਚੰਗੇ ਗੁਣ ਧਾਰਨ ਕਰਨ ਨਾਲ ਉਹ ਸਭ ਉਸ ਸਿਰਕੱਢ ਫਿਰਕੇ ਵਿਚ ਸ਼ਾਮਲ ਹੋ ਜਾਣਗੇ ਤੇ ਆਪਣੀ ਵੱਡੀ ਜਮਾਤ ਦੇ ਸਾਥੀਆਂ ਨਾਲ ਮਿਲਣ ਦਾ ਮਾਣ ਪ੍ਰਾਪਤ ਕਰ ਲੈਣਗੇ। ਇਕ ਵੀ ਗਿਆਨੀ ਇਸ ਦਾ ਇਹ ਬਣਦਾ ਅਰਥ ਨਹੀਂ ਕਰਦਾ ਕਿ “ਮਨ ‘ਤੇ ਕਾਬੂ ਪਾਉਣ ਨਾਲ ਹੀ ਜੋਗ ਦੇ ਸਾਰੇ ਫਿਰਕਿਆਂ ਦੀ ਪੰਥੀ (ਸਿਖਿਆ) ਪੱਲੇ ਪੈ ਜਾਂਦੀ ਹੈ।” ਇਹ ਇਨ੍ਹਾਂ ਵਿਦਵਾਨਾਂ ਦੀ ਉਸ ਉਪ-ਬੋਲੀ ਤੇ ਉਸ ਦੇ ਮੁਹਾਵਰੇ ਤੋਂ ਅਣਜਾਣਤਾ ਸਿੱਧ ਕਰਦਾ ਹੈ, ਜਿਸ ਵਿਚ ਜਪੁਜੀ ਰਚਿਆ ਹੋਇਆ ਹੈ। ਅਜਿਹੇ ਥਾਂਈਂ ਉਨ੍ਹਾਂ ਦੀ ‘ਗੁਰਬਾਣੀ ਵਿਆਕਰਣ’ ਵੀ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਉਂਦੀ!