ਕੈਨੇਡਾ ਵਿਚਲੇ ਗੈਰ-ਕਾਨੂੰਨੀ ਖੇਤੀ ਕਾਮਿਆਂ ਦੇ ਦੁੱਖਾਂ ਦੀ ਪੇਸ਼ਕਾਰੀ ‘ਜ਼ਰਖੇਜ਼’

ਗੁਰਮੀਤ ਕੜਿਆਲਵੀ
ਫੋਨ: 91-98726-40994
ਭਗਵੰਤ ਰਸੂਲਪੁਰੀ ਕਹਾਣੀਕਾਰ ਹੈ, ਜਿਸ ਨੇ ‘ਕਸੂਰਵਾਰ’, ‘ਆਦਿ ਡੰਕਾ’, ‘ਰਹਿਮਤ ਮਸੀਹ ਮੱਟੂ ਦੀ ਜੀਵਨੀ’ ਅਤੇ ‘ਰੰਗਾਂ ਦਾ ਸਮਾਜ ਵਿਗਿਆਨ’ ਸਮੇਤ ਬਹੁਤ ਸਾਰੀਆਂ ਜਾਨਦਾਰ ਕਹਾਣੀਆਂ ਲਿਖੀਆਂ ਹਨ। ਵਧੀਆ ਸੰਪਾਦਕ ਹੈ। ‘ਕਹਾਣੀਧਾਰਾ’ ਉਸ ਦੀ ਸੰਪਾਦਨ ਕਲਾ ਦਾ ਸ਼ਾਨਦਾਰ ਨਮੂਨਾ ਹੈ। ਉਸ ਨੇ ਬਹੁਤ ਸਾਰੀਆਂ ਅਹਿਮ ਰਚਨਾਵਾਂ ਵੀ ਦੂਜੀਆਂ ਭਾਸ਼ਾਵਾਂ ‘ਚੋਂ ਅਨੁਵਾਦ ਕਰਕੇ ਪੰਜਾਬੀ ‘ਚ ਲਿਆਂਦੀਆਂ ਹਨ।

‘ਜ਼ਰਖੇਜ਼’ ਉਸ ਦਾ ਪਲੇਠਾ ਨਾਵਲ ਹੈ। ਇਹ ਭਗਵੰਤ ਦੇ ਹੱਡੀਂ ਹੰਢਾਏ ਸੱਚ ਦਾ ਗਲਪੀਕਰਨ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕੁੜੀਆਂ-ਮੁੰਡੇ ਵਹੀਰਾਂ ਘੱਤ ਕੇ ਕੈਨੇਡਾ ‘ਚ ਪੜ੍ਹਨ ਦੇ ਬਹਾਨੇ ਸੈਟਲ ਹੋਣ ਵਾਸਤੇ ਪਰਵਾਸ ਕਰ ਰਹੇ ਹਨ। ਇਨ੍ਹਾਂ ਦੇ ਪਿੱਛੇ ਪਿੱਛੇ ਇਨ੍ਹਾਂ ਸਟੂਡੈਂਟਾਂ ਦੇ ਮਾਪੇ ਵੀ ਵਿਜ਼ਿਟਰ ਵਜੋਂ ਜਾ ਰਹੇ ਹਨ। ਬੱਚਿਆਂ ਦੀਆਂ ਫੀਸਾਂ ਕੱਢਣ ਲਈ ਤੇ ਆਪਣੇ ਜਾਣ-ਆਉਣ ‘ਤੇ ਹੋਣ ਵਾਲੇ ਖਰਚੇ ਨੂੰ ਕੱਢਣ ਲਈ ਇਹ ਮਾਪੇ ਗੈਰ-ਕਾਨੰਨੀ ਤੌਰ ‘ਤੇ ਫਾਰਮਾਂ, ਸਟੋਰਾਂ ਜਾਂ ਘਰਾਂ ‘ਚ ਕੰਮ ਕਰਦੇ ਹਨ। ਉਨ੍ਹਾਂ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ, ਕੈਸ਼ ‘ਤੇ ਕੰਮ ਕਰਨ ਵਾਲੇ ਵਿਜ਼ਿਟਰਾਂ, ਸਟੂਡੈਂਟਾਂ, ਵਰਕ ਪਰਮਿਟ ਵਾਲਿਆਂ ਜਾਂ ਸੁਪਰ ਵੀਜ਼ੇ ‘ਤੇ ਆਏ ਲੋਕਾਂ ਦਾ ਇੰਪਲਾਇਰਾਂ ਵਲੋਂ ਕਿਵੇ ਸ਼ੋਸ਼ਣ ਕੀਤਾ ਜਾਂਦਾ ਹੈ, ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਇਹ ਨਾਵਲ ਮੁਹੱਈਆ ਕਰਵਾਉਂਦਾ ਹੈ।
ਇਹ ਨਾਵਲ ‘ਮੈਂ’ ਪਾਤਰ ਦੀਆਂ ਚਾਰ ਕੈਨੇਡਾ ਫੇਰੀਆਂ ‘ਤੇ ਆਧਾਰਿਤ ਹੈ। ਇਨ੍ਹਾਂ ਚਾਰੇ ਫੇਰੀਆਂ ‘ਚ ਬਿਰਤਾਂਤਕ ਨੂੰ ਜੋ ਨਿਵੇਕਲੇ ਅਨੁਭਵ ਪ੍ਰਾਪਤ ਹੁੰਦੇ ਹਨ, ਉਸ ਨੇ ਨਾਵਲੀ ਰੂਪ ‘ਚ ਬਿਆਨ ਕੀਤੇ ਹਨ। ਪਹਿਲੀ ਫੇਰੀ ਐਪਲ ਫਾਰਮਾਂ ‘ਚ ਕੀਤੇ ਜਾਂਦੇ ਕੰਮ ਐਪਲ ਤੋੜਨ ਨਾਲ ਸਬੰਧਤ ਹੈ। ਇਸ ਫੇਰੀ ਵਾਲੇ ਹਿੱਸੇ ‘ਚ ਨਾਵਲਕਾਰ ਨੇ ਸੇਬਾਂ ਦੇ ਫਾਰਮਾਂ ਅਤੇ ਚੈਰੀ ਦੇ ਫਾਰਮਾਂ ਬਾਰੇ ਵਸੀਹ ਜਾਣਕਾਰੀ ਪਾਠਕਾਂ ਨੂੰ ਦਿੱਤੀ ਹੈ। ਨਾਵਲਕਾਰ ਨੇ ਫਾਰਮਾਂ ‘ਚ ਸੇਬ ਅਤੇ ਚੈਰੀ ਤੋੜਨ ਵਾਲੇ ਕਾਮਿਆਂ ਦੀ ਹੁੰਦੀ ਦੁਰਗਤੀ ਤੇ ਸ਼ੋਸ਼ਣ ਬਾਰੇ ਹੀ ਨਹੀਂ ਲਿਖਿਆ, ਨਾਲ ਦੀ ਨਾਲ ਵੱਡੇ ਵੱਡੇ ਫਾਰਮਰਾਂ ਵਲੋਂ ਕੋ-ਅੱਪ ਦੀ ਸ਼ਕਤੀ ਆਪਣੇ ਹੱਥਾਂ ‘ਚ ਕੇਂਦ੍ਰਿਤ ਕਰਕੇ ਛੋਟੇ ਫਾਰਮਰਾਂ ਨੂੰ ਦਬਾਉਣ ਦੀਆਂ ਚਾਲਾਂ ਵੀ ਬੇਪਰਦ ਕੀਤੀਆਂ ਹਨ।
ਕੈਨੇਡੀਅਨ ਸਰਕਾਰ ਵਲੋਂ ਫਰੂਟ ਦਾ ਉਤਪਾਦਨ ਕਰਨ ਵਾਲੇ ਫਾਰਮਰਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤੇ ਕਰਜ਼ੇ ਆਦਿ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ, ਪਰ ਉਹ ਫਰੂਟ ਨਹੀਂ ਖਰੀਦਦੀ। ਇਸ ਲਈ ਫਾਰਮਰ ਰਲ ਕੇ ਕੋਆਪ੍ਰੇਟਿਵ ਸੁਸਾਇਟੀਆਂ ਬਣਾ ਲੈਂਦੇ ਹਨ। ਪਾਠਕ ਜਾਣ ਕੇ ਹੈਰਾਨ ਰਹਿ ਜਾਂਦਾ ਹੈ ਕਿ ਭਾਰਤੀ ਵਿਵਸਥਾ ਵਾਂਗ ਕੈਨੇਡੀਅਨ ਕੋਅਪ੍ਰੇਟਿਵ ਸੁਸਾਇਟੀਆਂ ‘ਤੇ ਵੀ ਵੱਡੇ ਫਾਰਮਰ ਹੀ ਕਾਬਜ਼ ਹੋ ਜਾਂਦੇ ਹਨ। ਕੋਈ ਵੀ ਫਾਰਮਰ ਇਸ ਕੋ-ਅੱਪ ਤੋਂ ਬਾਹਰ ਫਰੂਟ ਨਹੀਂ ਵੇਚ ਸਕਦਾ। ਛੋਟੇ ਫਾਰਮਰਾਂ ਦਾ ਸ਼ੋਸ਼ਣ ਹੁੰਦਾ ਹੈ। ਪਾਠਕ ਨੂੰ ਹੋਰ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਆਪਣੇ ਦੇਸ਼ ਵਾਂਗ ਉੱਥੇ ਵੱਧ ਪੈਦਾਵਾਰ ਲੈਣ ਲਈ ਸਬਜ਼ੀਆਂ ਅਤੇ ਫਰੂਟਾਂ ‘ਤੇ ਸਪਰੇਆਂ ਦੇ ਰੂਪ ‘ਚ ਬਹੁਤ ਜ਼ਿਆਦਾ ਜ਼ਹਿਰਾਂ ਪਾਈਆਂ ਜਾਂਦੀਆਂ ਹਨ।
ਇਸ ਨਾਵਲ ‘ਚ ਇਕ ਪਾਤਰ ਦਾ ਕਹਿਣਾ ਦਰੁਸਤ ਹੈ, “ਮੈਂ ਤੈਨੂੰ ਦੱਸਾਂ ਇਹ ਭੋਇੰ ਵੇਖਣ ਨੂੰ ਭਾਵੇਂ ਪਥਰੀਲੀ ਏ, ਸਖਤ ਏ, ਪਰ ਹੈਗੀ ਜ਼ਰਖੇਜ਼ ਏ। ਦੁਨੀਆਂ ਦੇ ਹਰ ਕੋਨੇ ਤੋਂ ਬੇਰੁਜ਼ਗਾਰੀ ਨਾਲ ਝੰਬੇ ਬੰਦੇ ਦੀਆਂ ਏਸ ਭੋਇੰ ‘ਚ ਜੜ੍ਹਾਂ ਲੱਗਦੀਆਂ ਨੇ ਤਾਂ ਉਹਦੇ ਹੱਥਾਂ ਨੂੰ ਡਾਲਰ ਲੱਗਣ ਲੱਗ ਪੈਂਦੇ ਨੇ…। ਏਸ ਭੋਇੰ ਦੇ ਹਰ ਕੋਨੇ ‘ਤੇ ਭਾਂਤ-ਸੁਭਾਂਤੇ ਬੰਦਿਆਂ ਨੇ ਆਪਣੀਆਂ ਜੜ੍ਹਾਂ ਐਨੀਆਂ ਡੂੰਘੀਆਂ ਲਾ ਲਈਆਂ ਨੇ ਕਿ ਅਗਲੀਆਂ ਪੀੜ੍ਹੀਆਂ ਕੋਲੋਂ ਵੀ ਪੁੱਟਣੀਆਂ ਮੁਸ਼ਕਿਲ ਨੇ।”
ਏਜੰਟਾਂ ਦੀਆਂ ਠੱਗੀਆਂ, ਰਿਸ਼ਤਿਆਂ ਵਿਚ ਆਈ ਬੇਗਾਨਗੀ, ਵਕੀਲਾਂ ਵਲੋਂ ਸਟੂਡੈਂਟਸ ਦੀ ਕੀਤੀ ਜਾਂਦੀ ਲੁੱਟ, ਵਿਗੜੇ ਵਿਦਿਆਰਥੀਆਂ ਵਲੋਂ ਗੰਦ ਪਾ ਕੇ ਸਮੁੱਚੇ ਭਾਈਚਾਰੇ ਦੇ ਨਾਮ ਨੂੰ ਦਾਗੀ ਕਰਨ ਜਿਹੀਆਂ ਅਨੇਕਾਂ ਸਮੱਸਿਆਵਾਂ ਨੂੰ ਨਾਵਲ ਦਾ ਵਿਸ਼ਾ ਵਸਤੂ ਬਣਾਇਆ ਗਿਆ ਹੈ। ਕੈਨੇਡਾਂ ‘ਚ ਰਹਿੰਦੇ ਪੰਜਾਬੀਆਂ ਅੰਦਰਲੇ ਜਾਤੀ ਕੋਹੜ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਸਟੂਡੈਂਟਾਂ ਨੂੰ ਪੱਕੇ ਹੋਣ ਲਈ ਕਿਵੇਂ ਥਾਂ ਥਾਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਭਗਵੰਤ ਨੇ ਇਸ ਦੇ ਕੁਝ ਪੱਖ ਵੀ ਸਾਹਮਣੇ ਲਿਆਂਦੇ ਹਨ। ਇਸ ਦੇ ਬਾਵਜੂਦ ਲੇਖਕ ਇਹ ਵਿਚਾਰ ਸਥਾਪਿਤ ਕਰਦਾ ਹੈ ਕਿ ਕੈਨੇਡਾ ਦੀ ਧਰਤੀ ਬਹੁਤ ਸਾਰੇ ਲੋਕਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਬਹੁਤ ਹੀ ਜ਼ਰਖੇਜ਼ ਹੈ।
ਪਰਵਾਜ਼ ਪ੍ਰਕਾਸ਼ਨ, ਜਲੰਧਰ ਵਲੋਂ ਛਾਪੇ ਗਏ ਇਸ ਨਾਵਲ ਦਾ ਆਕਾਰ ਬਹੁਤਾ ਵੱਡਾ ਨਹੀਂ ਹੈ। ਲੇਖਕ ਨੇ ਕੇਵਲ 144 ਪੰਨਿਆਂ ਰਾਹੀਂ ਕੈਨੇਡੀਅਨ ਧਰਤੀ ‘ਤੇ ਸੰਤਾਪ ਭੋਗਦੇ ਗੈਰ-ਕਾਨੂੰਨੀ ਖੇਤੀ ਕਾਮਿਆਂ, ਵਰਕ ਪਰਮਿਟ ‘ਤੇ ਕੰਮ ਕਰਦੇ ਵਰਕਰਾਂ, ਵਿਦਿਆਰਥੀਆਂ, ਛੋਟੇ ਫਾਰਮਰਾਂ ਅਤੇ ਅਜਿਹੇ ਹੋਰ ਲੋਕਾਂ ਦੀ ਸਰੀਰਕ, ਆਰਥਕ ਤੇ ਮਾਨਸਿਕ ਪੀੜਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।