ਦਰਦ ਵਿਛੋੜੇ ਦਾ

ਕਰਮ ਸਿੰਘ ਮਾਨ
“ਜੇ ਮੈਂ ਤੇਰੇ ਨਾਲੋਂ ਪਹਿਲਾਂ ਮਰਿਆ, ਤੈਨੂੰ ਪੈਨਸ਼ਨ ਮਿਲੂਗੀ ਅਤੇ ਜੇ ਤੂੰ ਪਹਿਲਾਂ ਮਰੀ ਤਾਂ ਮੈਨੂੰ ਟੈਨਸ਼ਨ ਮਿਲੂਗੀ।” ਮੈਂ ਇਕ ਦਿਨ ਸੁਤੇ-ਸਿੱਧ ਗੱਲਾਂ ਕਰਦਿਆਂ ਆਪਣੀ ਪਤਨੀ ਨੂੰ ਕਿਹਾ ਸੀ। ਉਹ ਪੈਨਸ਼ਨ ਲੈਣ ਤੋਂ ਮੁਨਕਰ ਹੋ ਗਈ ਹੈ ਤੈ ਮੈਂ ਟੈਨਸ਼ਨ ਨੂੰ ਆਪਣੀ ਹੋਣੀ ਸਮਝ ਲਿਆ ਹੈ।

ਜਦੋਂ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ, ਉਸ ਦੇ ਗਲ ਵਿਚ ਤਬੀਤੀ ਸੀ, ਸੋਨੇ ਦੀ। ਇਹ ਤਬੀਤੀ ਕਿਵੇਂ ਤੇ ਕਦੋਂ ਉਸ ਦੇ ਗਲ ਦਾ ਸ਼ਿੰਗਾਰ ਬਣੀ, ਇਹ ਤਾਂ ਮੈਨੂੰ ਪਤਾ ਨਹੀਂ; ਉਸ ਦੇ ਗਲ ਵਿਚੋਂ ਤਬੀਤੀ ਗਈ ਤੇ ਕਿਰਪਾਨ ਪਈ, ਇਸ ਦਾ ਮੈਨੂੰ ਪਤਾ ਹੈ। ਇਹ ਕਿਰਪਾਨ ਮਰਦੇ ਦਮ ਤੱਕ ਉਸ ਦੇ ਨਾਲ ਸਾਥ ਨਿਭਾ ਗਈ, ਚਿਖਾ ‘ਚ ਉਸ ਨਾਲ ਪੈ ਕੇ। ਉਹ ਆਪ ਚਿੱਖਾ ‘ਚ ਮੱਚ ਗਈ। ਉਹ ਨੇ ਆਪਣੇ ਆਪ ਨੂੰ ਭੱਠੀ ‘ਚ ਢਾਲ ਲਿਆ ਤੇ ਸਤੀ ਹੋ ਕੇ ਜੀਵਨ ਦਾ ਸਾਥ ਨਿਭਾ ਦਿੱਤਾ।
ਉਹ ਮੇਰੀ ਸਾਥਣ ਕਿਵੇਂ ਮਿਲ ਗਈ? ਬੱਸ ਸਬੱਬ ਈ ਬਣ ਗਿਆ। ਮੈਂ ਦਸਵੀਂ ਪਾਸ ਕੀਤੀ ਅਤੇ ਜੇ. ਬੀ. ਟੀ. ਦੀ ਟ੍ਰੇਨਿੰਗ ਪਾਸ ਕਰਕੇ ਮਾਸਟਰ ਲੱਗ ਗਿਆ। ਮੈਂ ਪਹਿਲੀ ਕਵਿਤਾ ਲਿਖੀ ਅਤੇ ਉਹੀ ‘ਆਰਸੀ’ ਵਿਚ ਪ੍ਰਕਾਸ਼ਿਤ ਕਰਨ ਲਈ ਭੇਜ ਦਿੱਤੀ। ਉਹ ਤਾਂ ਕੀ ਛਪਣੀ ਸੀ? “ਕਵਿਤਾ ਛਪ ਨਹੀਂ ਸਕਦੀ, ਭੇਜਣ ਲਈ ਧੰਨਵਾਦ।” ਢਾਕ ‘ਚ ਆਏ ਕਾਰਡ ਦੀ ਇਬਾਰਤ ਸੀ। ਮੇਰੇ ਵੱਡੇ ਭਰਾ ਨੇ ਇਹ ਕਾਰਡ ਸੱਤਵੀਂ ‘ਚ ਮੇਰੇ ਨਾਲ ਪੜ੍ਹਦੇ ਗਿੰਦਰ ਤੋਂ ਪੜ੍ਹਾ ਲਿਆ ਸੀ। “ਇਹ ਕਿਸੇ ਕੁੜੀ ਦੀ ਚਿੱਠੀ ਹੈ” ਇਹ ਸ਼ਬਦ ਘਰ ਦਿਆਂ ਦੀ ਨਜ਼ਰ ਵਿਚ ਮੈਨੂੰ ਅਵਾਰਾਗਰਦ ਤੇ ਲਫੰਗਾ ਗਰਦਾਨਣ ਲਈ ਕਾਫੀ ਸੀ। ਖੈਰ! ਕਵਿਤਾ ਤਾਂ ਨਾ ਛਪੀ, ਪਰ ਉਸ ਅਣਛਪੀ ਕਵਿਤਾ ਦਾ ਮੈਨੂੰ ਅਣਕਿਆਸਿਆ ਮੁੱਲ ਮਿਲ ਗਿਆ, ਕਵਿਤਾ ਦੇ ਮੁੱਲ ‘ਚ ਇਹ ਮਿਲ ਗਈ, ਜਿਸ ਨੂੰ ਮੈਂ ਉਦੋਂ ਕਦੇ ਪਰਵਾਨ ਨਹੀਂ ਕੀਤਾ, ਪਰ ਅੱਜ ਉਹ ਮੇਰੇ ਚਲਦੇ ਹਰ ਸਾਹ ‘ਚ ਰਮ ਗਈ ਹੈ।
ਉਸ ਦਾ ਕਿਸੇ ਦਿਨ ਵੀ ਮੇਰੇ ਵਿਚੋਂ ਵਿਸ਼ਵਾਸ ਨਹੀਂ ਟੁੱਟਿਆ। ਜੇ ਕਿਸੇ ਹੋਰ ਲੰਡਰ ਜੋੜੇ ਦੀ ਉਸ ਕੋਲ ਗੱਲ ਕਰਨੀ ਤਾਂ ਉਹ ਆਖਦੀ, “ਕਿਸੇ ਦੀ ਗੱਲ ਕੀ ਕਰਨੀ, ਹਰ ਇੱਕ ਦਾ ਆਪੋ ਆਪਣਾ ਧਰਮ ਹੁੰਦਾ ਹੈ।” ਉਹ ਆਪਣੀ ਮਸਤ ਚਾਲ ਚਲਦੀ ਗਈ, ਬਿਨਾ ਕਿਸੇ ਸ਼ਿਕਵੇ-ਸ਼ਿਕਾਇਤ ਦੇ।
ਉਹ ਚਾਰ ਬੱਚਿਆਂ ਦੀ ਮਾਂ ਬਣੀ-ਤਿੰਨ ਲੜਕੇ ਤੇ ਇੱਕ ਲੜਕੀ। ਮਾਂ ਵਰਗੇ ਸੋਹਣੇ-ਸੁਨੱਖੇ ਤੇ ਰਿਸ਼ਟ-ਪੁਸ਼ਟ। ਉਸ ਨੇ ਬੜੀ ਰੀਝ ਨਾਲ ਪਾਲੇ-ਪੋਸੇ ਅਤੇ ਪੜ੍ਹਾਏ। ਮੈਂ ਤਾਂ ਯੂਨੀਅਨ ‘ਚ ਧੱਕੇ ਖਾਂਦਾ ਕਿੰਨੇ ਹੀ ਦਿਨ ਘਰੇ ਨਾ ਮੁੜਦਾ। ਬੱਸ ਪਰਿਵਾਰ ਦਾ ਉਸ ਨੂੰ ਹੀ ਸੀ ਸਾਰਾ ਫਿਕਰ ਰਹਿੰਦਾ।
ਸਾਰੀ ਉਮਰ ਉਹ ਮੇਰੇ ਪਿੱਛੇ ਲੱਗ ਕੇ ਤੁਰਦੀ ਰਹੀ। ਅੱਗੇ ਤਾਂ ਕੀ ਤੁਰਨਾ ਸੀ, ਉਸ ਨੇ ਬਰਾਬਰ ਹੋ ਕੇ ਵੀ ਤੁਰ ਕੇ ਨਾ ਵੇਖਿਆ। ਉਸ ਨੇ ਅਨੰਦ ਕਾਰਜ ਸਮੇਂ ਦੀ ਗੱਲ ਯਾਦ ਰੱਖੀ, ਪੱਲਾ ਫੜ੍ਹ ਕੇ ਪਿੱਛੇ ਤੁਰਨ ਦੀ, ਪਤੀ ਨੂੰ ਪਰਮੇਸ਼ਰ ਸਮਝਣ ਦੀ; ਪਰ ਅਮਰੀਕਾ ਜਾ ਕੇ ਅਜ਼ਾਦਾਨਾਂ ਸੋਚ ਜਾਗੀ, ਬੁਢੇਪੇ ‘ਚ ਉਸ ਵਿਚ ਮਰੀ ਤੇ ਦੱਬੀ ਰੀਝ ਕਿਵੇਂ ਜਾਗ ਪਈ? ਇਸ ਨੂੰ ਵੇਖ ਕੇ ਮੈਂ ਹਰਾਨ ਤਾਂ ਹੋਣਾ ਹੀ ਸੀ!
ਸਵੇਰ ਦੇ ਸੱਤ ਵਜੇ, ਆਪਣੇ ਸੁਭਾ ਦੇ ਉਲਟ ਉਹ ਮੇਰੇ ਨਾਲ ਸੈਰ ‘ਤੇ ਜਾਣ ਲੱਗ ਪਈ। ਇਕ ਦਿਨ ਉਹ ਸਵੇਰੇ ਸੈਰ ਕਰਨ ਸਮੇਂ ਮੇਰੇ ਹੱਥ ਵਿਚ ਹੱਥ ਫੜ ਕੇ ਮੇਰੇ ਨਾਲ ਬਰਾਬਰ ਤੁਰ ਪਈ। ਮੇਰੇ ਨਾਂਹ-ਨੁੱਕਰ ਕਰਨ ਦੇ ਬਾਵਜੂਦ ਤੁਰਦੀ ਰਹੀ। ਹੋਰ ਸੜਕ ਤੇ ਲੰਘਦੇ ਨੌਜਵਾਨ ਜੋੜਿਆਂ ਵੱਲ ਵੇਖ ਕੇ ਹਸਰਤ ਭਰੀ ਨਿਗ੍ਹਾ ਨਾਲ ਉਨ੍ਹਾਂ ਵੱਲ ਵੇਖਦੀ।
“ਬੁੱਢੇ ਵਾਰੇ ਇਹ ਠਰਕ ਭੋਗਣ ਦੀ ਤੈਨੂੰ ਕਿੱਥੋਂ ਸੁੱਝੀ?” ਮੈਂ ਪੁੱਛਿਆ।
ਮੇਰਾ ਸਵਾਲ ਸੁਣਨ ਤੋਂ ਪਹਿਲਾਂ ਹੀ ਬੋਲ ਉਠੀ, “ਜਵਾਨੀ ਵੇਲੇ ਤਾਂ ਤੂੰ ਮੈਨੂੰ ਕਿਤੇ ਬਾਹਰ ਲੈ ਕੇ ਨਹੀਂ ਗਿਆ। ਸਾਰੀ ਉਮਰ ਤੇਰੇ ਜੁਆਕਾਂ ਦੇ ਪੋਤੜੇ ਧੋਂਦੀ ਦੇ ਲੰਘ ਗਏ। ਹੋਰ ਸਾਰੇ ਕੰਮ ਮੇਰੇ ਜੁੰਮੇ।
ਉਹ ਸਵੇਰ ਦੇ ਤਿੰਨ ਵਜੇ ਉੱਠਦੀ। ਦਾਤਣ ਕਰਕੇ, ਪੇਟ ਸਾਫ ਕਰ ਕੇ ਨਹਾਉਂਦੀ। ਪੰਜ ਵਜੇ ਤੱਕ ਸੁਖਮਨੀ ਸਾਹਿਬ ਦਾ ਪਾਠ ਕਰਦੀ। ਪਹਿਲਾਂ ਮੱਝਾਂ ਲਈ ਪੱਠੇ ਪਾ ਕੇ ਉਸ ਤੋਂ ਪਿੱਛੋਂ ਚਾਹ ਬਣਾ ਕੇ ਨਾਸ਼ਤਾ ਤਿਆਰ ਕਰਦੀ। ਦਿਨ ਦੇ ਕੰਮਾਂ ਵਿਚ ਇਸ ਤਰ੍ਹਾਂ ਰੁੱਝ ਜਾਂਦੀ, ਉਸ ਨੂੰ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ। ਰਾਤ ਦੇ ਦਸ ਵਜੇ ਉਹ ਮੰਜੇ ‘ਤੇ ਡਿਗਦੀ। ਉਹ ਧੌਲਾ ਬਲਦ ਸੀ, ਜਿਸ ਦੇ ਮੋਢਿਆਂ ‘ਤੇ ਸਾਰੇ ਪਰਿਵਾਰ ਦਾ ਭਾਰ ਟਿਕਿਆ ਰਹਿੰਦਾ। ਨਿੱਕੀ ਤੋਂ ਵੱਡੀ ਗੱਲ ਦਾ ਖਿਆਲ ਉਸ ਨੂੰ ਰਹਿੰਦਾ। ਕਿਹੜੀ ਕਿਹੜੀ ਗੱਲ ਦੀ ਗੱਲ ਕਰੀਏ, ਉਸ ਬਾਰੇ ਨਿਗੁਣੀਆਂ ਗੱਲਾਂ ਵੀ ਹੁਣ ਮਨ ਖਰੋਚ ਦਿੰਦੀਆਂ ਹਨ।
ਗੱਲ ਉਨ੍ਹਾਂ ਦਿਨਾਂ ਦੀ ਹੈ, ਜਦ ਪੰਜਾਬ ਵਿਚ ਨਕਸਲੀ ਲਹਿਰ ਭਰ ਜੋਬਨ ‘ਤੇ ਸੀ। ਘਰੇ ਬਹੁਤ ਸਾਰਾ ਕੀਮਤੀ ਲਿਟਰੇਚਰ ਪਿਆ ਸੀ। ਮਾਰਕਸਵਾਦ ਬਾਰੇ ਛੇ-ਸੱਤ ਕਿਤਾਬਾਂ। ਇਨ੍ਹਾਂ ਵਿਚ ਚੀ ਗਵੇਰਾ ਦੀ ਲਾਲ ਪੁਸਤਕ ਤੇ ਹੋਰ ਰੂਸੀ ਸਾਹਿਤ। ਇੱਕ ਪਾਸੇ ਪੰਦਰਾਂ ਪੁਲੀਟੀਕਲ ਸਾਇੰਸ ਦੀਆਂ ਟੈਕਸਟ ਬੁੱਕਾਂ। ਇੱਕ ਸ਼ਾਮ ਸੱਤ ਕੁ ਵਜੇ ਆ ਕੇ ਵੇਖਿਆ, ਸਾਰੀਆਂ ਕਿਤਾਬਾਂ ਗਾਇਬ ਸਨ। ਮੈਂ ਸਮਝਿਆ ਸ਼ਾਇਦ ਕਿਸੇ ਪਾਸੇ ਘਰ ਵਿਚ ਰੱਖ ਦਿੱਤੀਆਂ ਹੋਣ। ਬੁੱਕ ਸ਼ੈਲਫ ਤਾਂ ਘਰੇ ਕੋਈ ਹੈ ਨਹੀਂ ਸੀ। ਉਸ ਤੋਂ ਅਗਲੇ ਦਿਨ ਮੈਂ ਚੰਡੀਗੜ੍ਹ ਚਲਾ ਗਿਆ। ਤੀਜੇ ਦਿਨ ਜਦੋਂ ਮੈਂ ਘਰ ਵਾਪਸ ਆਇਆ, ਕਿਤਾਬਾਂ ਬਾਰੇ ਪੁੱਛਿਆ, “ਕਿੱਥੇ ਰੱਖ ਦਿੱਤੀਆਂ ਕਿਤਾਬਾਂ?”
“ਕੋਈ ਨਾ, ਨਵੀਆਂ ਲੈ ਆਈ।” ਉਹ ਹੀਂ ਹੀਂ ਕਰਕੇ ਹੱਸ ਪਈ। ਉਹ ਕਿਸੇ ਗੁਨਾਹਗਾਰ ਵਾਂਗ ਮੇਰੇ ਨਾਲ ਅੱਖ ਨਹੀਂ ਲੜਾਉਂਦੀ। ਜਦੋਂ ਮੈਂ ਸਖਤੀ ਨਾਲ ਪੁੱਛਿਆ ਤਾਂ ਦੱਸਿਆ ਕਿ ਉਸ ਨੇ ਕਿਤਾਬਾਂ ਪਾੜ੍ਹ ਕੇ ਨਹਿਰ ਵਿਚ ਤਾਰ ਦਿੱਤੀਆਂ ਹਨ। ਹੁਣ ਖਫਾ ਹੋਣ ਦਾ ਕੋਈ ਲਾਭ ਨਹੀਂ ਸੀ।
ਹੁਣ ਉਹ ਹੋਰ ਤਰ੍ਹਾਂ ਹੀ ਸੋਚਦੀ ਸੀ। ਹੁਣ ਉਸ ਨੂੰ ਪੰਜਾਬੀ ਦੇ ਕਿਸੇ ਅਖਬਾਰ ਜਾਂ ਰਸਾਲੇ ਜਾਂ ਕਿਸੇ ਗੁਰਮਖੀ ਵਿਚ ਲਿਖਿਆ ਕੋਈ ਪਾਟਿਆਂ ਕਾਗਜ਼ ਮਿਲਦਾ, ਬੜੀ ਸ਼ਰਧਾ ਨਾਲ ਸਾਂਭਦੀ। ਪੁੱਛਣ ‘ਤੇ ਦੱਸਦੀ ਕਿ ਇਹ ਗੁਰੂਆਂ ਦੀ ਗੁਰਮੁਖੀ ਹੈ। ਇਹ ਮੇਰੀ ਬੋਲੀ ਹੈ। ਉਹ ਸਾਰੇ ਪਾਟੇ ਕਾਗਜ਼ ਚੁੱਕ ਕੇ ਅਗਨ ਭੇਟ ਕਰ ਦਿੰਦੀ।
ਚੜ੍ਹਦੀ ਜਵਾਨੀ ਦੀ ਗੱਲ ਹੈ, ਉਹ ਚੋਗੀਆਂ ਨਾਲ ਕਪਾਹ ਚੁਗਣ ਆਈ ਸੀ। ਉਸ ਦੇ ਨਾਲ ਉਸ ਦੀਆਂ ਦੋਵੇਂ ਭਰਜਾਈਆਂ ਤੇ ਪੰਜ ਹੋਰ ਚੋਗੀਆਂ ਆਈਆਂ ਸਨ। ਸਤੰਬਰ ਦਾ ਮਹੀਨਾ (ਦੇਸੀ ਮਹੀਨੇ ਭਾਦੋਂ ਦਾ ਪਿਛਲਾ ਪੱਖ ਸੀ), ਹਵਾ ‘ਚ ਪੂਰਾ ਹੁੰਮਸ। ਇੱਕ ਚੋਗੀ ਨੇ ਪਾਣੀ ਦੇ ਤੋੜੇ ਨੂੰ ਹੱਥ ਲਾ ਦਿੱਤਾ। ਫਿਰ ਕੀ? ਇਹਨੂੰ ਸੱਪ ਸੁੰਘ ਗਿਆ। ਸਾਰਾ ਦਿਨ ਤ੍ਰਿਹਾਈ ਕਪਾਹ ਚੁਗਦੀ ਰਹੀ। ਸ਼ਾਮ ਨੂੰ ਘਰੇ ਆ ਕੇ ਹੀ ਪਾਣੀ ਪੀਤਾ ਸੀ। ਉਸ ਦੀ ਛੂਤ-ਛਾਤ ਦੀ ਘਟੀਆ ਅਤੇ ਸੰਕੀਰਣ ਸੋਚ ਨੇ ਉਸ ਦਿਨ ਤੱਕ ਉਸ ਦਾ ਸਾਥ ਨਾ ਛੱਡਿਆ, ਜਿਸ ਦਿਨ ਉਸ ਦੇ ਵੱਡੇ ਮੁੰਡੇ ਦਲਬੀਰ ਨੇ ਇੱਕ ਦਿਨ ਖੇਤ ਮਜ਼ਦੂਰ ਦੇ ਮੁੰਡੇ ਨਾਲ ਇੱਕੋ ਗਲਾਸ ‘ਚ ਪਾਣੀ ਪੀ ਲਿਆ। ਇਹ ਵਾਦੜੀ-ਸੁਜਾਦੜੀ ਨਾਲ ਹੀ ਜਾਂਦੀ, ਜੇ ਉਸ ਦੀ ਮਮਤਾ ਅੱਗੇ ਗੋਡੇ ਨਾ ਟੇਕਦੀ।
ਉਸ ਦੀ ਅੱਧਖੜ੍ਹ ਉਮਰ ਤੱਕ ਅਸੀਂ ਸਾਂਝੇ ਪਰਿਵਾਰ ‘ਚ ਰਹਿੰਦੇ ਰਹੇ। ਉਸ ਦੇ ਵੱਖ ਹੋਣ ਦੀ ਬਾਗੀ ਸੁਰ ਨੇ ਕਦੇ ਹੀ ਬੁੱਲ੍ਹਾਂ ਤੋਂ ਪਾਰ ਕੀਤਾ ਹੋਵੇ। ਇਹ ਨਹੀਂ ਕਿ ਉਹ ਘਰ ਵਿਚ ਬਹੁਤ ਖੁਸ਼ ਸੀ, ਪਰ ਉਸ ਦਾ ਗਿਲਾ ਜਾਂ ਸ਼ਿਕਾਇਤ ਕਰਨ ਦਾ ਸੁਭਾਅ ਬਹੁਤ ਹੀ ਘੱਟ ਸੀ। ਲਗਦਾ ਹੈ, ਉਹ ਅੰਦਰ ਹੀ ਅੰਦਰ ਜ਼ਹਿਰ ਘੋਲਦੀ ਰਹਿੰਦੀ ਸੀ; ਸ਼ਾਇਦ ਇਸੇ ਕਾਰਨ ਉਸ ਦੀ ਸਿਹਤ ਬਹੁਤੀ ਤਕੜੀ ਨਹੀਂ ਸੀ ਰਹੀ।
ਉਹ ਘਰ ਦੇ ਸਾਰੇ ਜੀਆਂ ਨੂੰ ਬਹੁਤ ਪਿਆਰ ਕਰਦੀ ਸੀ। ਉਸ ਲਈ ਵੱਡੇ-ਛੋਟੇ ਤੇ ਅਮੀਰ-ਗਰੀਬ ਰਿਸ਼ਤੇਦਾਰਾਂ ਵਿਚ ਕੋਈ ਫਰਕ ਨਹੀਂ ਸੀ। ਉਹ ਮੇਰੀ ਛੋਟੀ ਭੈਣ ਨੂੰ ਬਹੁਤ ਹੀ ਪਿਆਰ ਕਰਦੀ ਰਹੀ ਸੀ, ਬਿਲਕੁਲ ਮਾਂਵਾਂ-ਧੀਆਂ ਵਾਂਗ। ਉਹ ਉਸ ਦੀ ਹਰ ਰੀਝ ਪੂਰੀ ਕਰਦੀ ਰਹੀ। ਉਸ ਦੀ ਇਸ ਰੀਝ ਕਰਕੇ ਤਾਂ ਕਈ ਵਾਰ ਉਸ ਨੇ ਝਿੜਕਾਂ ਖਾਧੀਆਂ। ਇਕ ਦਿਨ ਪਿੰਡ ਵਿਚ ਡੱਗੀ ਵਾਲਾ ਕੱਪੜੇ ਵੇਚਦਾ ਘਰੇ ਆ ਗਿਆ। ਉਸ ਦਿਨ ਨਣਦ-ਭਰਜਾਈ ਤੋਂ ਬਿਨਾ ਘਰੇ ਹੋਰ ਕੋਈ ਨਹੀਂ ਸੀ। ਉਨ੍ਹਾਂ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਡੱਗੀ ਵਾਲਾ ਬੋਲਿਆ, “ਨਾ ਵੇਖ ਤਾਂ ਲਓ, ਵੇਖਣ ਦਾ ਕਿਹੜਾ ਮੁੱਲ ਲਗਦਾ ਹੈ?” ਇਹ ਕਹਿੰਦਿਆਂ ਉਸ ਦੇ ਅੱਗੇ ਥਾਨ ਵਿਛਾ ਦਿੱਤਾ। ਮੇਰੀ ਭੈਣ ਦੇ ਇੱਕ ਸੂਟ ਪਸੰਦ ਆ ਗਿਆ। ਉਹ ਕਰੇ ਤਾਂ ਕੀ ਕਰੇ? ਸਾਡੇ ਕੋਲ ਕੋਈ ਨਕਦ ਪੈਸਾ ਵੀ ਨਹੀਂ ਸੀ। ਉਸ ਨੇ ਕਣਕ ਦੇ ਬੋਹਲ ‘ਚੋਂ ਕਣਕ ਦੇ ਦੋ ਬੱਠਲ ਭਰ ਕੇ ਪਿੰਡ ਦੀ ਹੱਟੀ ‘ਤੇ ਵੇਚ ਕੇ ਨਕਦ ਪੈਸੇ ਲਿਆਂਦੇ ਤੇ ਡੱਗੀ ਵਾਲੇ ਤੋਂ ਭੈਣ ਲਈ ਸੂਟ ਖਰੀਦ ਦਿੱਤਾ।
ਜਦ ਉਸ ਨੇ ਮੈਨੂੰ ਇਸ ਬਾਰੇ ਦੱਸਿਆ ਤਾਂ ਮੈਂ ਬਹੁਤ ਖਫਾ ਹੋਇਆ, “ਜੇ ਕੋਈ ਵੇਖ ਲੈਂਦਾ ਤਾਂ ਇਹੀ ਕਹਿਣਾ ਸੀ ਕਿ ਨੰਬਰਦਾਰਾਂ ਦੀ ਨੂੰਹ ਹੱਟੀ-ਭੱਠੀ ‘ਤੇ ਚੋਰੀਓਂ ਦਾਣੇ ਵੇਚਦੀ ਹੈ।” ਜਾਹਰ ਸੀ, ਉਸ ਨੇ ਸਭ ਦਾ ਗੁੱਸਾ ਝੱਲ ਲਿਆ ਸੀ, ਪਰ ਛੋਟੀ ਭੈਣ ਦੀ ਰੀਝ ਪੂਰੀ ਕਰ ਦਿੱਤੀ।

ਜੱਗ ਚਾਰ ਦਿਨਾਂ ਦਾ ਮੇਲਾ ਸੱਜਣਾ
ਤੁਰ ਗਏ ਨਾਲ ਨਾ ਕੋਈ ਤੁਰਦਾ
ਹੱਸਦੇ ਨਾਲ ਹਰ ਕੋਈ ਹੱਸੇ
ਰੋਂਦੇ ਨਾਲ ਕੋਈ ਨਾ ਰੋਵੇ
ਇਹੀ ਹੈ ਜੱਗ ਦੀ ਰੀਤ ਵੇ ਸੱਜਣਾ।