‘ਚੁੱਪ ਦੇ ਬਹਾਨੇ’ ਚੁੱਪ ਵਿਚ ਉਤਰਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ
ਚੁੱਪ ਸਾਡੇ ਆਲੇ ਦੁਆਲੇ ਪਸਰੀ। ਕਦੇ ਬੋਲਾਂ ਰਾਹੀਂ ਸੰਵਾਦ ਰਚਾਉਂਦੀ, ਕਦੇ ਮੂਕ। ਕਦੇ ਸਾਨੂੰ ਚੁੱਪ ਕਰਾਉਂਦੀ, ਕਦੇ ਸਾਡੇ ਹੋਠਾਂ ‘ਤੇ ਬੋਲ ਉਗਾਉਂਦੀ। ਕਦੇ ਵਰਕਿਆਂ ‘ਤੇ ਸੁੰਨ ਧਰਦੀ ਅਤੇ ਕਦੇ ਵਰਕਿਆਂ ‘ਤੇ ਉਕਰੇ ਹਰਫਾਂ ਰਾਹੀਂ ਆਪਣੀ ਹੋਂਦ ਤੇ ਹਾਸਲ ਨੂੰ ਨਵੀਂ ਅਵਾਜ਼ ਤੇ ਅੰਦਾਜ਼ ਦਿੰਦੀ। ਇਸ ਚੁੱਪ ਨੂੰ ਸੁਣਨਾ, ਅੰਤਰੀਵ ਵਿਚ ਉਤਾਰਨਾ ਅਤੇ ਇਸ ਦੀਆਂ ਪਰਤਾਂ ਫਰੋਲਣਾ, ਬਹੁਤ ਹੀ ਸੂਖਮ, ਸੰਵੇਦਨਸ਼ੀਲ ਅਤੇ ਸੰਜੀਦਾ ਕਾਰਜ। ਖਾਸ ਕਰਕੇ ਜਦੋਂ ਇਸ ਵਿਚੋਂ ਉਨ੍ਹਾਂ ਅਰਥਾਂ ਦੀ ਲੋਅ ਨੂੰ ਉਜਗਾਗਰ ਕਰਨਾ ਹੁੰਦਾ, ਜਿਨ੍ਹਾਂ ਨੇ ਜੀਵਨ ਦੀ ਤੰਗ ਗਲੀਆਂ ਨੂੰ ਵਿਸਥਾਰਨਾ ਅਤੇ ਜ਼ਿੰਦਗੀ ਦੀਆਂ ਕਾਲ-ਕੋਠੜੀਆਂ ਵਿਚ ਚਾਨਣ ਦੀ ਕਾਤਰ ਧਰਨੀ ਹੁੰਦੀ।

ਮਲਵਿੰਦਰ ਸੰਜੀਦਾ ਤੇ ਸਮਰੱਥ ਸ਼ਾਇਰ ਹੈ, ਜਿਸ ਨੇ ਚੁੱਪ ਦੀਆਂ ਪਰਤਾਂ ਨੂੰ ਫਰੋਲਣ ਲਈ ਚੁੱਪ ਵਿਚ ਉਤਰਨ ਅਤੇ ਇਸ ਨਾਲ ਸ਼ਬਦ-ਸੰਵਾਦ ਰਾਹੀਂ ਸੰਚਾਰ ਪੈਦਾ ਕਰ, ਇਸ ਨੂੰ ਹਮਰੁੱਬਾ ਬਣਾਉਣ ਦਾ ਹੀਆ ਕੀਤਾ ਹੈ।
ਇਕ ਨੁਕਤੇ ਨੂੰ ਲੰਮੇਰੀ ਕਵਿਤਾ ਦਾ ਵਿਸਥਾਰ ਦੇਣਾ ਅਤੇ ਇਸ ਵਿਚੋਂ ਸੁਹਜ, ਸਹਿਜਤਾ ਅਤੇ ਸਾਰਥਕਤਾ ਨੂੰ ਅਲੋਪ ਹੋਣ ਤੋਂ ਬਚਾਈ ਰੱਖਣਾ ਬਹੁਤ ਕਠਿਨ ਕਾਰਜ ਹੁੰਦਾ, ਪਰ ਇਸ ਦੀ ਪੂਰਨਤਾ ਲਈ ਮਲਵਿੰਦਰ ਵਧਾਈ ਦਾ ਪਾਤਰ ਹੈ। 2012 ਵਿਚ ਪੰਜਾਬੀ ਕਵਿਤਾ ਬਾਰੇ ਸਾਲਾਨਾ ਵਿਸ਼ਲੇਸ਼ਣ ਵਿਚ ਮੇਰੀ ਲੰਬੀ ਕਵਿਤਾ ‘ਜ਼ਿੰਦਗੀ’ ਬਾਰੇ ਆਲੋਚਕ ਡਾ. ਉਮਿੰਦਰ ਜੌਹਲ ਦਾ ਕਹਿਣਾ ਸੀ ਕਿ ਅਕਸਰ ਲੰਮੇਰੀ ਕਵਿਤਾ ਕਿਸੇ ਮਿਥਿਹਾਸਕ ਜਾਂ ਇਤਿਹਾਸਕ ਪਾਤਰਾਂ ਰਾਹੀਂ ਸਿਰਜੀ ਜਾਂਦੀ ਹੈ, ਪਰ ਜ਼ਿੰਦਗੀ ਨੂੰ ਲੈ ਕੇ ਲਿਖੀ ਗਈ ਇਹ ਕਵਿਤਾ ਵਿਲੱਖਣ, ਨਿਵੇਕਲਾ ਤੇ ਨਰੋਇਆ ਸ਼ੁਭ-ਅਰੰਭ ਹੈ, ਪੰਜਾਬੀ ਦੇ ਕਾਵਿ-ਮੁਹਾਵਰੇ ਦਾ। ਕੁਝ ਐਸਾ ਹੀ ਮਲਵਿੰਦਰ ਨੇ ‘ਚੁੱਪ ਦੇ ਬਹਾਨੇ’ ਚੁੱਪ ਦੀਆਂ ਬਾਰੀਕੀਆਂ, ਬੰਦਿਸ਼ਾਂ ਅਤੇ ਬਹੁਪ੍ਰਤੀਤੀਆਂ ਨੂੰ ਆਪਣੇ ਸ਼ਬਦਾਂ ਦੇ ਆਗੋਸ਼ ਵਿਚ ਲੈ ਕੇ ਇਸ ‘ਚੋਂ ਨਰੋਏ ਅਰਥਾਂ ਦੀ ਸਿਰਜਣਾ ਕੀਤੀ ਹੈ। ਉਹ ਜਦ ਲਿਖਦਾ ਕਿ
‘ਚੁੱਪ
ਧੁੱਪ ਦੀ ਕਾਤਰ ਨੂੰ ਤਰਸਦੇ
ਕਮਰੇ ਅੰਦਰਲੇ ਹਨੇਰੇ ਦੀ
ਸਦੀਵੀ ਉਡੀਕ ਹੁੰਦੀ’
ਤਾਂ ਕਮਰਿਆਂ ਦੀ ਸੁੰਨ ਨੂੰ ਮੁਖਾਤਬ ਹੋਣਾ ਬਹੁਤ ਔਖਾ ਹੁੰਦਾ। ਇਹ ਸੁੰਨ, ਇਕੱਲ ਅਤੇ ਹਨੇਰ ਜਦ ਅੰਦਰ ਉਤਰਦਾ ਤਾਂ ਅੰਤਰੀਵ ਵਿਚ ਫੈਲੇ ਹਨੇਰੇ ਦੀ ਬੰਦ-ਖਲਾਸੀ ਲਈ ਚੁੱਪ ਇਕ ਹੂਕ ਦਾ ਰੂਪ ਧਾਰਦੀ।
ਰੁਤਬਿਆਂ, ਸਨਮਾਨਾਂ ਜਾਂ ਮੈਡਲਾਂ ਦਾ ਮਾਣ ਬਣ ਕੇ ਕਾਵਿਤਾ ਦੇ ਰਚੈਤੇ ਜਦ ਕਵਿਤਾ ਤੋਂ ਹੀ ਮੁੱਨਕਰ ਹੋ ਜਾਂਦੇ ਤਾਂ ਮਲਵਿੰਦਰ ਦੀ ਖਾਮੋਸ਼ੀ ਨੂੰ ਚੁੱਪ ਦਾ ਆਸਰਾ ਲੈਣਾ ਪੈਂਦਾ, ਜਿਸ ਕਾਰਨ ਉਸ ਦੇ ਹਰਫ ਕੂਕਦੇ,
ਸਨਮਾਨਿਤ ਕਵੀਆਂ ਦੀ
ਮਰ ਰਹੀ ਕਵਿਤਾ ਦਾ ਵਿਰਲਾਪ ਹੁੰਦੀ ਚੁੱਪ।
ਪਰ ਜਦ ਇਹ ਚੁੱਪ ਗੈਰ-ਹਾਜ਼ਰ ਕਵੀ ਨੂੰ ਆਪਣੇ ਕਲਾਵੇ ਵਿਚ ਲੈਂਦੀ ਤਾਂ ਕਵਿਤਾ ਪੁੰਗਰਦੀ ਅਤੇ ਇਸ ਚੁੱਪ ਨੂੰ ਅਦਬ ਤੇ ਅੰਦਾਜ਼ ਮਿਲਦਾ; ਪਰ ਤੇ ਪਰਵਾਜ਼ ਵੀ ਬਣਦੀ ਇਹ ਚੁੱਪ।
ਇਹ ਗੈਰਹਾਜ਼ਰ ਕਵੀ ਕੋਲ
ਕਵਿਤਾ ਦੇ ਨਕਸ਼ ਹੁੰਦੇ।
ਬੰਦੇ ਲਈ ਸਭ ਤੋਂ ਔਖਾ ਹੁੰਦਾ ਏ ਕਬਰਾਂ ‘ਤੇ ਹਟਕੋਰੇ ਭਰਦੇ ਦੀਵੇ ਦਾ ਦਰਦ। ਜਦ ਇਹ ਦੀਦਿਆਂ ਵਿਚ ਉਤਰਦਾ ਤਾਂ ਚੁੱਪ ਚੀਖ ਚੀਖ ਕੇ ਕਬਰਾਂ ਵੀ ਬੋਲਣ ਲਾਉਂਦੀ। ਚੁੱਪ ਸ਼ਬਦਾਂ ਦਾ ਲਿਬਾਸ ਪਾਉਂਦੀ, “ਕਬਰਾਂ ਦੇ ਦੀਵੇ ਕੋਲ ਹੁੰਦੀ ਚੁੱਪ।” ਇਹ ਸ਼ਬਦ ਚੁੱਪ ਦੇ ਅਰਥਾਂ ਨੂੰ ਵਸੀਹਤਾ ਪ੍ਰਧਾਨ ਕਰਦੇ।
ਚੁੱਪ ਵਿਅਕਤੀ ਦੇ ਅੰਦਰ ਵੱਸਦੀ, ਜਦ ਉਸ ਨੂੰ ਆਪਣੀ ਇਕੱਲ ਨਾਲ ਯੁੱਧ ਕਰਨਾ ਪੈਂਦਾ ਅਤੇ ਇਸ ਇਕੱਲ ਵਿਚੋਂ ਉਦਾਸ ਰੁੱਤ ਦਾ ਅੰਦਰ ਉਤਰਨਾ ਅਤੇ ਅੰਤਰੀਵ ਦਾ ਰੁਆਂਸੇ ਜਾਣਾ ਵੀ ਚੁੱਪ ਵਿਚ ਪਰਗਟਦਾ ਕਿਉਂਕਿ, “ਸੱਖਣੀ ਦੇਹ ਕੋਲ ਹੁੰਦੀ ਚੁੱਪ।”
ਜਿਸ ਨੂੰ ਸਿਖਰ ਦੁਪਹਿਰੇ ਜਾਂ ਢਲਦੀ ਸ਼ਾਮ ਵੇਲੇ ਬਿਆਨ ਕਰਨਾ ਅਤਿ ਕਠਨ ਅਤੇ ਮਰਨਹਾਰਾ ਹੁੰਦਾ।
ਬੋਲ ਜਦ ਡੁੱਸਕਣ ਲੱਗ ਪੈਣ, ਗੱਲਬਾਤ ਜਦ ਖਾਮੋਸ਼ੀ ਧਾਰ ਲਵੇ ਅਤੇ ਆਪਸੀ ਸੰਵਾਦ ਤੇ ਸੰਵੇਦਨਾ ਮੜੀਆਂ ਵੱਲ ਨੂੰ ਤੁਰ ਪਵੇ ਤਾਂ ਬਹੁਤ ਕੁਝ ਇਨਸਾਨ ਦੇ ਅੰਦਰ ਮਰ ਜਾਂਦਾ। ਇਸ ਨਾਲ ਅੰਦਰ ਤਾਰੀ ਹੁੰਦੀ ਏ ਇਕ ਅਜਿਹੀ ਚੁੱਪ, ਜਿਸ ਨੂੰ ਵਿਸਥਾਰ ਦਿੰਦਿਆਂ ਬੰਦਾ ਸਿਵਿਆਂ ਵੱਲ ਨੂੰ ਹੀ ਪੁਲਾਂਘ ਪੁੱਟਦਾ ਏ, ਤਾਂ ਹੀ ਕਵੀ ਕਹਿੰਦਾ ਏ,
ਔਰਤ-ਮਰਦ ਦੇ ਸੰਵਾਦ ਦੀ
ਖੜੋਤ ਵਿਚ ਹੁੰਦੀ ਚੁੱਪ।
ਘਰ ਜਦ ਗੁੰਮਸ਼ੁਦੀ ਹੰਢਾਉਂਦਾ, ਘਰ ਵਾਲੇ ਘਰ ਨੂੰ ਬੇਗਾਨਗੀ ਹੰਢਾਉਣ ਲਈ ਮਜਬੂਰ ਕਰਦੇ ਤਾਂ ਇਕ ਚੁੱਪ ਘਰ ਦੇ ਦਰਾਂ ‘ਤੇ ਚਿੱਪਕੀ ਰਹਿੰਦੀ। ਇਸ ਚੁੱਪ ਨੂੰ ਉਲਥਾਉਣਾ ਲਈ ਦਸਤਕ ਦੇਣੀ ਹੁੰਦੀ ਕਿਉਂਕਿ ਦਸਤਕ ਰਾਹੀਂ ਦਰਾਂ ਨੂੰ ਖੋਲ੍ਹਣ ਤੋਂ ਪਹਿਲਾਂ ਦਰਾਂ ਵਿਚ ਦੁੱਬਕੀ ਬੈਠੀ ਚੁੱਪ ਨੂੰ ਵਰਾਉਣ ਦੀ ਲੋੜ ਹੁੰਦੀ। ਮਲਵਿੰਦਰ ਲਿਖਦਾ ਏ,
ਬੂਹੇ ‘ਤੇ ਟੰਗੀ ਨੇਮ-ਪਲੇਟ ‘ਚ
ਛੁੱਪੀ ਪਹਿਚਾਣ ਹੁੰਦੀ ਚੁੱਪ।
ਚੁੱਪ ਉਸ ਸਮੇਂ ਸੰਘਣੀ ਧੁੰਦ ਦਾ ਰੂਪ ਧਾਰਦੀ, ਜਦ ਉਦਾਸ ਸਮਿਆਂ ਵਿਚ ਆਪਣੇ ਆਪ ਤੋਂ ਵੀ ਨਮੋਸ਼ੀ ਆਉਣ ਲੱਗ ਪਵੇ। ਕਿਰਦਾਰ ਦੇ ਨਕਸ਼ ਹੋਣ, ਤਦ ਤਿੜਕਦੇ ਭਰਮ ਵਿਚੋਂ ਇਕ ਚੀਸ ਪੈਦਾ ਹੁੰਦੀ, ਜਿਸ ਨੂੰ ਚੁੱਪ ਦਾ ਨਾਮ ਦਿੰਦਿਆਂ ਕਵੀ ਕਹਿੰਦਾ ਏ, “ਚੁੱਪ ਉਦਾਸ ਸਮਿਆਂ ਅੰਦਰ।”
ਇਨ੍ਹਾਂ ਉਦਾਸ ਅਤੇ ਕਾਲਖੀ ਸਮਿਆਂ ਵਿਚ ਚੁੱਪ ਨੂੰ ਮਹਿਸੂਸ ਕਰਨ ਅਤੇ ਇਸ ਦੀਆਂ ਅਸੀਮ ਪਰਤਾਂ ਵਿਚੋਂ ਚਾਨਣ ਦੀ ਝੀਤ ਨੂੰ ਵਿਸਥਾਰਨ ਤੇ ਵਿਚਾਰਨ ਲਈ ਨਾਨਕ-ਸੋਚ ਦੀ ਲੋਚਾ ਮਨ ਵਿਚ ਪਾਲਦਾ ਕਵੀ ਗੁਰ-ਸ਼ਬਦ ਵਿਚੋਂ ਹੀ ਮਨੁੱਖੀ ਸੋਚ, ਸਹਿਜ, ਸੁੰਦਰਤਾ ਅਤੇ ਸਦੀਵਤਾ ਨੂੰ ਪਛਾਣਦਾ। ਇਸ ਦੀ ਪਾਕੀਜ਼ਗੀ ਵਿਚੋਂ ਪਰਮ-ਮਨੁੱਖ ਬਣਨ ਵੰਨੀਂ ਕਦਮ ਉਠਾਉਣ ਲਈ ਅਹੁਲਦਾ, ਮਲਵਿੰਦਰ ਪਾਠਕ ਨੂੰ ਚਾਨਣ ਦੇ ਲੜ ਲਾਉਂਦਿਆ ਕਹਿੰਦਾ ਹੈ,
ਚੁੱਪ
ਸਿਰ ‘ਤੇ ਮਹਿਸੂਸ ਕੀਤਾ
ਨਾਨਕ ਦਾ ਹੱਥ ਹੁੰਦੀ
ਜਾਂ
ਚੁੱਪ ਇਕ ਰਹਿਮਤ ਹੁੰਦੀ
ਜਿਸ ਦੀ ਪ੍ਰਾਪਤੀ ਲਈ ਬੁੱਧ ਬਣਨਾ ਪੈਂਦਾ।
ਇਸ ਰਹਿਮਤ ਅਤੇ ਬਰਕਤ ਲਈ ਬੁੱਧ ਬਣਨਾ ਬਹੁਤ ਜਰੂਰੀ। ਬੋਧ-ਬਾਣੀ ਵਿਚੋਂ ਮਨੁੱਖੀ ਵਿਚਾਰ, ਅਚਾਰ, ਵਿਹਾਰ ਤੇ ਸਦਾਚਾਰ ਨੂੰ ਸੁਚਾਰੂ ਅਤੇ ਉਸਾਰੂ ਸੇਧ ਦੇਣ ਤੇ ਸੁਪਨਾ ਵਣਜਣ ਵੰਨੀਂ ਤੋਰਨਾ ਲਾਜ਼ਮੀ ਹੁੰਦਾ। ਲੋੜ ਹੈ ਕਿ ‘ਚੁੱਪ ਦੇ ਬਹਾਨੇ’ ਨਾਲ ਆਪਣੀ ਚੁੱਪ ਦੇ ਰੂਬਰੂ ਹੋ, ਇਸ ਦੀਆਂ ਸੁਰਖ ਤੇ ਸੰਜੀਦਾ ਪਰਤਾਂ ਰਾਹੀਂ ਚਿੰਤਾ ਨੂੰ ਚਿੰਤਨ ਤੇ ਫਿਕਰ ਵਿਚੋਂ ਫੱਕਰਤਾ ਨੂੰ ਅੰਤਰੀਵ ਦੇ ਨਾਮ ਕਰੀਏ। ਇਸ ਨਾਲ ਜੀਵਨ-ਪੈੜਾਂ ਵਿਚ ਚਾਨਣ ਦੀਆਂ ਕਣੀਆਂ ਬਰਸਣਗੀਆਂ, ਜਿਸ ਮਾਲ ਜ਼ਿੰਦਗੀ ਨੂੰ ਉਚੀ ਅਤੇ ਸੁੱਚੀ ਤਸ਼ਬੀਹ ਦਿੱਤੀ ਜਾ ਸਕਦੀ ਹੈ।
ਇਹ ਕਵਿਤਾ ਚੁੱਪ ਤੋਂ ਚੁੱਪ ਤੀਕ ਦੇ ਸਫਰ ਦਾ ਸ਼ਬਦ-ਯੋਗ ਹੈ।
ਮਲਵਿੰਦਰ ਨੂੰ ‘ਚੁੱਪ ਦੇ ਬਹਾਨੇ’ ਜਿਹੀ ਕਾਵਿਕ ਰਚਨਾ ਲਈ ਢੇਰ ਸਾਰੀਆਂ ਮੁਬਾਰਕਾਂ!